ਸਹਾਰਨਪੁਰ: ਉਤਰ ਪ੍ਰਦੇਸ਼ ਵਿਚ ਯੋਗੀ ਆਦਿਤਿਆਨਾਥ ਸਰਕਾਰ ਆਉਣ ਪਿੱਛੋਂ ਅਮਨ-ਕਾਨੂੰਨ ਦੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ। ਸਹਾਰਨਪੁਰ ਜ਼ਿਲ੍ਹੇ ਵਿਚ ਠਾਕੁਰਾਂ ਵੱਲੋਂ ਦਲਿਤ ਉਤੇ ਢਾਹੇ ਕਹਿਰ ਮਗਰੋਂ ਦੁਵੱਲੀ ਹਿੰਸਾ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਦੂਜੇ ਪਾਸੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਤੇ ਵਹਿਸ਼ੀਆਨਾ ਅਪਰਾਧਾਂ ਵਿਚ ਵੱਖਰੇ ਤੌਰ ‘ਤੇ ਵਾਧਾ ਹੋਇਆ ਹੈ। ਯਮੁਨਾ ਐਕਸਪ੍ਰੈਸਵੇਅ ਉਤੇ ਬੁਲੰਦ ਸ਼ਹਿਰ ਨੇੜੇ ਇਕ ਕਾਰ ਨੂੰ ਰੋਕ ਕੇ ਚਾਰ ਔਰਤਾਂ ਨਾਲ ਸਮੂਹਿਕ ਬਲਾਤਕਾਰ ਅਤੇ ਇਸ ਦਾ ਵਿਰੋਧ ਕਰਨ ਵਾਲੇ ਪੁਰਸ਼ ਦੀ ਹੱਤਿਆ ਵਾਲਾ ਹੈ।
ਯੋਗੀ ਆਦਿਤਿਆਨਾਥ ਨੇ ਸੱਤਾਸ਼ੀਲ ਹੁੰਦਿਆਂ ਹੀ ਲੜਕੀਆਂ ਦੀ ਛੇੜਛਾੜ ਰੋਕਣ ਲਈ ਐਂਟੀ-ਰੋਮੀਓ ਸਕੁਐਡ ਬਣਾਏ ਸਨ। ਇਹ ਸਕੁਐਡ ਹੀ ਪਹਿਲੇ ਹਫਤੇ ਆਮ ਜੋੜਿਆਂ ਨੂੰ ਪ੍ਰੇਸ਼ਾਨ ਕਰਨ ਦਾ ਵਸੀਲਾ ਬਣ ਗਏ। ਲਿਹਾਜ਼ਾ, ਇਨ੍ਹਾਂ ਦੀ ਸਰਗਰਮੀ ਘਟਾਉਣੀ ਪਈ। ਇਹ ਸਹੀ ਹੈ ਕਿ ਲੜਕੀਆਂ ਦੇ ਸਕੂਲਾਂ-ਕਾਲਜਾਂ ਨੇੜੇ ਆਵਾਰਾ ਨੌਜਵਾਨਾਂ ਦੇ ਟੋਲੇ ਹੁਣ ਪੁਲਿਸ ਦੀ ਸਖਤੀ ਕਾਰਨ ਪਹਿਲਾਂ ਵਾਂਗ ਨਜ਼ਰ ਨਹੀਂ ਆਉਂਦੇ, ਪਰ ਅਮਨ ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਨਾਲ ਹੋਰ ਵੀ ਬਹੁਤ ਸਾਰੇ ਪੱਖ ਜੁੜੇ ਹੋਏ ਹਨ। ਯੋਗੀ ਦੀ ਆਪਣੀ ਹਿੰਦੂ ਯੁਵਾ ਵਾਹਿਨੀ ਦੀਆਂ ਪੂਰਬੀ ਉਤਰ ਪ੍ਰਦੇਸ਼ ਵਿਚਲੀਆਂ ਸਰਗਰਮੀਆਂ ਬਦਅਮਨੀ ਪੈਦਾ ਕਰਨ ਵਾਲੀਆਂ ਹਨ ਜਦੋਂਕਿ ਪੱਛਮੀ ਉਤਰ ਪ੍ਰਦੇਸ਼ ਵਿਚ ਉਚ ਜਾਤੀਆਂ, ਖਾਸ ਕਰ ਕੇ ਠਾਕੁਰਾਂ ਤੇ ਦਲਿਤਾਂ ਦੀ ਕਲਹਿ ਮਹਿਜ਼ ਸਹਾਰਨਪੁਰ ਜ਼ਿਲ੍ਹੇ ਤੱਕ ਸੀਮਤ ਨਾ ਰਹਿ ਕੇ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਫੈਲਦੀ ਜਾ ਰਹੀ ਹੈ। ਪੁਲਿਸ ਨੂੰ ਅਜਿਹੀਆਂ ਕਾਰਵਾਈਆਂ ਰੋਕਣ ਵਿਚ ਰੁੱਝਿਆਂ ਦੇਖ ਕੇ ਅਪਰਾਧੀ ਤੇ ਗੁੰਡਾ ਅਨਸਰ ਸਥਿਤੀ ਦਾ ਪੂਰਾ ਲਾਭ ਲੈ ਰਹੇ ਹਨ।
ਪਿਛਲੇ ਇਕ ਸਾਲ ਦੌਰਾਨ ਇਸ ਐਕਸਪ੍ਰੈਸਵੇਅ ਉਪਰ ਇਸ ਕਿਸਮ ਦਾ ਇਹ ਤੀਜਾ ਕਾਰਾ ਹੈ। ਯਮੁਨਾ ਐਕਸਪ੍ਰੈਸਵੇਅ ਵਰਗੇ ਅਤਿਆਧੁਨਿਕ ਸ਼ਾਹਰਾਹਾਂ ਉਤੇ ਸੁਰੱਖਿਆ ਦੇ ਇੰਤਜ਼ਾਮ ਨਦਾਰਦ ਹੋਣਾ ਪੁਲਿਸ ਪ੍ਰਬੰਧਾਂ ਵਿਚ ਸਖਤ ਅਵੇਸਲੇਪਣ ਦੀ ਨਿਸ਼ਾਨੀ ਹੈ।
ਯਮੁਨਾ ਐਕਸਪ੍ਰੈਸਵੇਅ ‘ਤੇ ਹੀ ਨੋਇਡਾ ਨੇੜੇ ਪਿਛਲੇ ਸਾਲ ਅਗਸਤ ਮਹੀਨੇ ਹੋਏ ਮਾਂ-ਬੇਟੀ ਨੇ ਸਮੂਹਿਕ ਬਲਾਤਕਾਰ ਕਾਂਡ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 24 ਘੰਟੇ ਪੁਲਿਸ ਗਸ਼ਤ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ। ਇਹ ਵਾਅਦਾ ਸਿਰਫ ਪੰਦਰਾਂ ਦਿਨ ਹੀ ਨਿਭਿਆ। ਉਸ ਤੋਂ ਬਾਅਦ ਗਸ਼ਤ ਨਜ਼ਰ ਆਉਣੀ ਬੰਦ ਹੋ ਗਈ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਸਰਕਾਰ ਉਪਰ ਗੁੰਡਿਆਂ ਦੀ ਪੁਸ਼ਤਪਨਾਹੀ ਕਰਨ ਅਤੇ ਅਪਰਾਧਾਂ ਨੂੰ ਰੋਕਣ ਵਿਚ ਨਾਕਾਮ ਰਹਿਣ ਦੇ ਦੋਸ਼ ਲਾਇਆ ਸੀ। ਹੁਣ ਅਖਿਲੇਸ਼ ਨੂੰ ਯੋਗੀ ਆਦਿਤਿਆਨਾਥ ਸਰਕਾਰ ਉਪਰ ਅਜਿਹੇ ਹੀ ਦੋਸ਼ ਲਾਉਣ ਦਾ ਮੌਕਾ ਮਿਲ ਗਿਆ ਹੈ।
________________________________________
ਬਡੂੰਗਰ ਦੀ ਯੋਗੀ ਸਰਕਾਰ ਨੂੰ ਅਪੀਲ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਯੂæਪੀæ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਿਲਣ ਲਈ ਪਹੁੰਚੇ ਇਕ ਸਿੱਖ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਿਰਪਾਨ ਉਤਾਰਨ ਲਈ ਮਜਬੂਰ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਤੇਜਪਾਲ ਸਿੰਘ ਨੂੰ ਮੁੱਖ ਮੰਤਰੀ ਨਾਲ ਮਿਲਣ ਤੋਂ ਪਹਿਲਾਂ ਕਿਰਪਾਨ ਉਤਾਰਨ ਲਈ ਮਜਬੂਰ ਕਰਨ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਪੀਲ ਕੀਤੀ ਕਿ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਆਜ਼ਾਦੀ ਸਬੰਧੀ ਅਮਲੇ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।