ਲੰਡਨ: ਪਹਿਲੀ ਮਈ, 2011 ਦੀ ਰਾਤ ਅਲਕਾਇਦਾ ਦਾ ਤਤਕਾਲੀ ਮੁਖੀ ਉਸਾਮਾ ਬਿਨ ਲਾਦਿਨ ਮਾਰਿਆ ਗਿਆ। ਉਸ ਰਾਤ ਦੀ ਕਹਾਣੀ ਕਈ ਵਾਰ ਦੱਸੀ ਜਾ ਚੁੱਕੀ ਹੈ, ਪਰ ਪਹਿਲੀ ਵਾਰ ਲਾਦਿਨ ਦੀ ਪਤਨੀ ਨੇ ਉਸ ਰਾਤ ਦੀ ਵਿਥਿਆ ਸੁਣਾਈ। ਲਾਦਿਨ ਦੀ ਚੌਥੀ ਪਤਨੀ ਅਮਾਲ ਨੇ ਇਹ ਕਹਾਣੀ ਸਕਾਰਟ ਕਲਾਰਕ ਤੇ ਐਡਿਨ ਲੇਵੀ ਨੂੰ ਉਨ੍ਹਾਂ ਦੀ ਕਿਤਾਬ ‘ਦ ਐਗਜ਼ਾਇਲ: ਦ ਫਲਾਈਟ ਆਫ ਉਸਾਮਾ ਬਿਨ ਲਾਦਿਨ ਅਬਾਊਟ ਦ ਲਾਸਟ ਫਿਊ ਮਿੰਟਸ ਆਫ 9/11 ਮਾਸਟਰਮਾਈਂਡ ਲਾਈਫ’ ਲਈ ਸੁਣਾਈ ਹੈ। ਅਮਾਲ ਮੁਤਾਬਕ ਰਾਤ ਦਾ ਖਾਣਾ ਖਾਣ ਤੇ ਪਲੇਟਾਂ ਸਾਫ ਕਰਨ ਤੋਂ ਬਾਅਦ ਲਾਦਿਨ ਪਰਿਵਾਰ ਨੇ ਨਮਾਜ਼ ਪੜ੍ਹੀ।
ਇਸ ਤੋਂ ਬਾਅਦ ਲਾਦਿਨ ਆਪਣੀ ਪਤਨੀ ਨਾਲ ਉਤਲੀ ਮੰਜ਼ਲ ਦੇ ਬੈੱਡਰੂਮ ਵਿਚ ਸੌਣ ਚਲਾ ਗਿਆ। 11 ਵਜੇ ਦੇ ਕਰੀਬ ਅਲਕਾਇਦਾ ਮੁਖੀ ਗਹਿਰੀ ਨੀਂਦ ਵਿਚ ਸੀ। ਫਿਰ ਉਸਾਮਾ ਦੇ ਘਰ ਅਚਾਨਕ ਬਿਜਲੀ ਚਲੀ ਗਈ। ਪੂਰਾ ਘਰ ਹਨੇਰੇ ਵਿਚ ਡੁੱਬ ਗਿਆ, ਪਰ ਪਾਕਿਸਤਾਨ ਵਿਚ ਬਿਜਲੀ ਦਾ ਜਾਣਾ ਆਮ ਸੀ। ਇਸ ਕਰ ਕੇ ਕਿਸੇ ਨੇ ਬਹੁਤਾ ਧਿਆਨ ਨਾ ਦਿੱਤਾ। ਅੱਧੀ ਰਾਤ ਨੂੰ ਅਚਾਨਕ ਅਮਾਲ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਕੁਝ ਸੁਣਿਆ। ਅਮਾਲ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਪੌੜੀਆਂ ਚੜ੍ਹ ਕੇ ਉਪਰ ਆ ਰਿਹਾ ਸੀ। ਫਿਰ ਉਸ ਨੂੰ ਖਿੜਕੀ ਵਿਚੋਂ ਕੋਈ ਪਰਛਾਵਾਂ ਦਿੱਸਿਆ।
ਗੜਗੜਾਹਟ ਦੀ ਆਵਾਜ਼ ਸੁਣੀ। ਆਵਾਜ਼ ਅਚਾਨਕ ਵਧ ਗਈ। ਖਿੜਕੀ ਵਿਚੋਂ ਹਵਾ ਅੰਦਰ ਆ ਰਹੀ ਸੀ। ਲਾਦਿਨ ਅਚਾਨਕ ਉਠ ਕੇ ਬੈੱਡ ‘ਤੇ ਬੈਠ ਗਿਆ। ਉਸ ਦੇ ਚਿਹਰੇ ‘ਤੇ ਡਰ ਸਾਫ ਦਿਖਾਈ ਦੇ ਰਿਹਾ ਸੀ। ਲਾਦਿਨ ਨੇ ਆਪਣੀ ਪਤਨੀ ਅਮਾਲ ਨੂੰ ਫੜ ਲਿਆ। ਅਮਾਲ ਨੇ ਕਿਹਾ ਕਿ ਉਸ ਨੂੰ ਲੱਗਾ ਉਤੇ ਕੋਈ ਹਿੰਸਕ ਚੀਜ਼ ਘੁੰਮਦੀ ਦਿਖਾਈ ਦੇ ਰਹੀ ਹੈ। ਫਿਰ ਦੋਵੇਂ ਉਛਲ ਕੇ ਦੌੜੇ, ਘਰ ਦੀਆਂ ਕੰਧਾਂ ਥਰਥਰਾ ਉਠੀਆਂ। ਉਹ ਹਨੇਰੇ ਨੂੰ ਚੀਰਦੇ ਬਾਲਕੋਨੀ ਵਿਚੋਂ ਅੰਦਰ ਆ ਰਹੇ ਸਨ। ਅਮਰੀਕਾ ਦਾ ਇਕ ਬਲੈਕ ਹੌਕ ਹੈਲੀਕਾਪਟਰ ਘਰ ਨੇੜੇ ਦਿੱਸ ਰਿਹਾ ਸੀ।
ਕੁਝ ਦੇਰ ਬਾਅਦ ਇਕ ਹੋਰ ਹੈਲੀਕਾਪਟਰ ਆਇਆ। ਜਦੋਂ ਹੈਲੀਕਾਪਟਰ ਆਇਆ ਤਾਂ ਇਕ ਜ਼ੋਰਦਾਰ ਆਵਾਜ਼ ਨਾਲ ਘਰ ਬੁਰੀ ਤਰ੍ਹਾਂ ਹਿੱਲ ਗਿਆ ਸੀ। ਉਹ ਦੋਵੇਂ ਇਕ-ਦੂਜੇ ਨੂੰ ਫੜ ਕੇ ਬਾਲਕੋਨੀ ਵਿਚ ਲੁਕ ਗਏ। ਅਮਰੀਕੀ ਸੈਨਾ ਦੀ ਸਪੈਸ਼ਲ ਟੀਮ ਤੇ ਪਹਿਲੋਂ ਮੌਜੂਦ ਫੋਰਸ ਇਕੱਠੀਆਂ ਹੋ ਗਈਆਂ। ਇਹ ਸਾਰੇ ਦੂਜੇ ਫਲੋਰ ਦੇ ਬੈੱਡਰੂਮ ਵਿਚ ਪਹੁੰਚ ਚੁੱਕੇ ਸਨ। ਉਸਾਮਾ ਨੇ ਆਪਣੀਆਂ ਪਤਨੀਆਂ ਨੂੰ ਬੱਚਿਆਂ ਸਮੇਤ ਥੱਲੇ ਜਾਣ ਲਈ ਕਿਹਾ। ਲਾਦਿਨ ਨੇ ਭਰੋਸਾ ਦਿਵਾਇਆ ਕਿ ਉਹ ਲੋਕ ਮੈਨੂੰ ਮਾਰਨਾ ਚਾਹੁੰਦੇ ਹਨ, ਤੁਹਾਨੂੰ ਨਹੀਂ। ਹਾਲਾਂਕਿ ਅਮਾਨ ਨੇ ਆਪਣੇ ਪੁੱਤਰ ਹੁਸੈਨ ਨੂੰ ਉਸਾਮਾ ਕੋਲ ਹੀ ਰਹਿਣ ਲਈ ਕਿਹਾ ਸੀ। ਉਹ ਰਾਤ ਬਿਨਾਂ ਚੰਦ ਵਾਲੀ ਸੀ। ਕੁਝ ਵਿਖਾਈ ਨਹੀਂ ਦੇ ਰਿਹਾ ਸੀ। ਅਮਰੀਕੀ ਸੈਨਿਕ ਘਰ ਵਿਚ ਪਹੁੰਚ ਚੁੱਕੇ ਸਨ। ਕਿਸੇ ਨੇ ਸੈਨਿਕਾਂ ਨੂੰ ਘਰ ਬਾਰੇ ਸਭ ਦੱਸਿਆ ਸੀ। ਇਹ ਸਾਫ ਹੈ ਕਿ ਕਿਸੇ ਨੇ ਧੋਖਾ ਕੀਤਾ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹਮਲੇ ਦੀ ਬਿਲਕੁਲ ਭਿਣਕ ਨਹੀਂ ਸੀ ਤੇ ਨਾ ਹੀ ਕੋਈ ਖਦਸ਼ਾ ਸੀ। ਅਮਰੀਕੀ ਸੈਨਿਕ ਉਪਰਲੀ ਮੰਜ਼ਲ ‘ਤੇ ਪਹੁੰਚ ਚੁੱਕੇ ਸਨ। ਬੱਸ, ਉਸ ਤੋਂ ਬਾਅਦ ਸਭ ਖਤਮ ਹੁੰਦੇ ਦੇਰ ਨਹੀਂ ਲੱਗੀ। ਉਸਾਮਾ ਦੀ ਪਤਨੀ ਅਮਾਲ ਨੇ ਇਹ ਸਾਰੀ ਕਹਾਣੀ ਕਿਤਾਬ ਲਈ ਇੰਟਰਵਿਊ ਦੌਰਾਨ ਦੱਸੀ ਹੈ।
_______________________________________
ਮੁਕਾਬਲੇ ਲਈ 13 ਸਾਲਾ ਪੁੱਤ ਨੂੰ ਮਾਰੀ ਹਾਕ
ਜਦ ਲਾਦਿਨ ਕੋਲ ਕੋਈ ਚਾਰਾ ਨਾ ਰਿਹਾ ਤਾਂ ਉਸ ਨੇ ਆਪਣੇ ਪੁੱਤਰ ਖਾਲਿਦ ਨੂੰ ਬੁਲਾਇਆ। ਉਸ ਨੇ ਏæਕੇæ-47 ਚੁੱਕ ਲਈ; ਹਾਲਾਂਕਿ ਉਸ ਨੂੰ ਪਤਾ ਸੀ ਕਿ ਉਹ ਸਿਰਫ 13 ਸਾਲ ਦਾ ਹੈ ਤੇ ਏæਕੇæ-47 ਚਲਾ ਨਹੀਂ ਸਕਦਾ। ਬੱਚੇ ਰੋ ਰਹੇ ਸਨ ਤੇ ਉਸ ਦੀ ਪਤਨੀ ਉਨ੍ਹਾਂ ਨੂੰ ਦਿਲਾਸਾ ਦੇ ਰਹੀ ਸੀ। ਅਮਰੀਕੀ ਸੈਨਿਕ ਉਪਰਲੀ ਮੰਜ਼ਲ ‘ਤੇ ਪਹੁੰਚ ਚੁੱਕੇ ਸਨ, ਬਿਨਾਂ ਜ਼ਿਆਦਾ ਵਿਰੋਧ ਤੋਂ ਉਨ੍ਹਾਂ ਨੇ ਲਾਦਿਨ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ।