ਬੂਟਾ ਸਿੰਘ
ਫੋਨ: +91-94634-74342
ਸਾਬਕਾ ਪੁਲਿਸ ਮੁਖੀ ਕੇæਪੀæਐਸ਼ਗਿੱਲ ਦੀ ਮੌਤ ਦੀ ਖ਼ਬਰ ਆਉਣ ‘ਤੇ ਸੋਗ ਅਤੇ ਖੁਸ਼ੀ ਦਾ ਮਿਲਿਆ-ਜੁਲਿਆ ਪ੍ਰਤੀਕਰਮ ਦੇਖਣ ਵਿਚ ਆਇਆ। ਕੁਝ ਲਈ ਉਹ ‘ਸੁਪਰਕਾਪ’ ਸੀ ਅਤੇ ਕੁਝ ਲਈ ‘ਸੁਪਰ ਜਲਾਦ’। ‘ਸੁਪਰਕਾਪ’ ਵਾਲਿਆਂ ਨੂੰ ਉਸ ਦੇ ਮਰਨ ਦਾ ਦੁਖ ਹੋਇਆ ਜਿਨ੍ਹਾਂ ਵਿਚੋਂ ਇਕ ਕੈਪਟਨ ਅਮਰਿੰਦਰ ਸਿੰਘ ਵੀ ਹੈ ਜੋ ਪਿੱਛੇ ਜਿਹੇ ਉਚੇਚੇ ਤੌਰ ‘ਤੇ ਉਸ ਦੀ ਮਿਜਾਜ਼ਪੁਰਸ਼ੀ ਅਤੇ ਸ਼ੁਭ ਕਾਮਨਾਵਾਂ ਦੇਣ ਲਈ ਉਸ ਦੇ ਘਰ ਜਾ ਢੁੱਕਿਆ ਸੀ।
ਪੰਜਾਬ ਤੋਂ ਬਾਹਰ ‘ਮੁੱਖਧਾਰਾ’ ਮੀਡੀਆ ਨੇ ਕੇæਪੀæਐਸ਼ ਦੀ ਦਲੇਰੀ ਅਤੇ ਬਹਾਦਰੀ ਦਾ ਜੋ ਨਕਲੀ ਅਕਸ ਸਿਰਜਿਆ ਹੋਇਆ ਹੈ, ਉਸ ਕੂੜ ਪ੍ਰਚਾਰ ਦੇ ਪ੍ਰਭਾਵ ਹੇਠ ਪੰਜਾਬ ਤੋਂ ਬਾਹਰਲੇ ਲੋਕਾਂ ਦਾ ਉਸ ਦੀ ਮੌਤ ਉਪਰ ਦੁਖ ਜ਼ਾਹਿਰ ਕਰਨਾ ਸੁਭਾਵਿਕ ਹੈ, ਕਿਉਂਕਿ ਉਦੋਂ ਦੇ ਹਾਲਾਤ ਨੂੰ ਉਹ ਉਸੇ ਨਜ਼ਰੀਏ ਨਾਲ ਦੇਖਦੇ ਹਨ ਜੋ ਨਜ਼ਰੀਆ ਸੱਤਾਧਾਰੀ ਜਮਾਤ ਵਲੋਂ ਆਪਣੇ ਸੌੜੇ ਸਵਾਰਥੀ ਹਿਤਾਂ ਲਈ ਗੁੰਮਰਾਹਕੁਨ ਜਾਣਕਾਰੀ ਫੈਲਾ ਕੇ ਬਣਾਇਆ ਹੋਇਆ ਹੈ। ਜ਼ਿਆਦਾਤਰ ਲੋਕ ਐਸੇ ਸਵਾਲਾਂ ਬਾਰੇ ਹੁਕਮਰਾਨਾਂ ਵਲੋਂ ਪੇਸ਼ ਕੀਤੀ ਵਿਆਖਿਆ ਨੂੰ ਹੀ ਸੱਚ ਮੰਨੀ ਬੈਠੇ ਹਨ ਅਤੇ ਉਹ ‘ਮੁਲਕ ਦੀ ਏਕਤਾ-ਅਖੰਡਤਾ ਨੂੰ ਖ਼ਤਰਾ’, ‘ਦਹਿਸ਼ਤਵਾਦ ਅੰਦਰੂਨੀ ਸੁਰੱਖਿਆ ਲਈ ਖ਼ਤਰਾ’ ਦੇ ਸਰਕਾਰੀ ਦਾਇਰੇ ਤੋਂ ਬਾਹਰ ਜਾ ਕੇ ਇਨ੍ਹਾਂ ਸਵਾਲਾਂ ਨੂੰ ਸਮਝਣ ਦੀ ਜਹਿਮਤ ਕਦੇ ਨਹੀਂ ਉਠਾਉਂਦੇ। ਇਸ ਸੋਗ ਵਿਚ ਅਣਐਲਾਨੇ ਤੌਰ ‘ਤੇ ਉਹ ਕਮਿਊਨਿਸਟ ਵੀ ਸ਼ਾਮਲ ਹਨ ਜੋ ‘ਏਕਤਾ-ਅਖੰਡਤਾ’ ਦਾ ਰਾਗ ਹੁਕਮਰਾਨਾਂ ਤੋਂ ਵੀ ਵਧ ਜ਼ੋਰ ਨਾਲ ਅਲਾਪਦੇ ਰਹੇ ਹਨ ਅਤੇ ਪੰਜਾਬ ਵਿਚ ਰਾਜਕੀ ਦਹਿਸ਼ਤਵਾਦ ਜ਼ਰੀਏ ‘ਅਮਨ’ ਬਹਾਲ ਕਰਨ ਦੇ ਜੋਸ਼ੀਲੇ ਵਕੀਲ ਰਹੇ ਹਨ।
ਇਸੇ ਵੰਨਗੀ ਦਾ ਇਕ ਚੋਟੀ ਦਾ ਆਗੂ ਹਰਕਿਸ਼ਨ ਸਿੰਘ ਸੁਰਜੀਤ ਸੀ ਜਿਸ ਨੂੰ ਕੇæਪੀæਐਸ ਗਿੱਲ ਨੇ ਉਸ ਜਸ਼ਨ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਸੱਦਿਆ ਸੀ ਜੋ 1990ਵਿਆਂ ਦੇ ਸ਼ੁਰੂ ਵਿਚ ਮਾਝੇ ਦੇ ਮੰਡ ਇਲਾਕੇ ਨੂੰ ਅਤਿਵਾਦੀਆਂ ਤੋਂ ਮੁਕਤ ਕਰਾਉਣ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਉਥੇ ਕਰਵਾਇਆ ਗਿਆ ਸੀ; ਪਰ ਪੰਜਾਬ ਦੇ ਜ਼ਿਆਦਾਤਰ ਲੋਕਾਂ, ਖ਼ਾਸ ਕਰ ਕੇ ਜਿਨ੍ਹਾਂ ਦਹਿ-ਹਜ਼ਾਰਾਂ ਪਰਿਵਾਰਾਂ ਨੇ ਕੇæਪੀæਐਸ਼ ਦੀ ਅਗਵਾਈ ਹੇਠ ਰਾਜਕੀ ਦਹਿਸ਼ਤਗਰਦੀ ਦਾ ਸੰਤਾਪ ਝੱਲਿਆ, ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਆਪਣਾ ਗੁੱਭ-ਗੁਭਾਟ ਖੁੱਲ੍ਹ ਕੇ ਕੱਢਿਆ ਹੈ। ਜਿਨ੍ਹਾਂ ਜਮਹੂਰੀ ਤਾਕਤਾਂ ਦੀ ਸਟੇਟ ਦੇ ਤਾਨਾਸ਼ਾਹ ਸੁਭਾਅ ਬਾਰੇ ਸੋਚ ਸਪਸ਼ਟ ਹੈ, ਉਨ੍ਹਾਂ ਨੂੰ ਵੀ ਇਸ ਸ਼ਖਸ ਦੇ ਮਰਨ ਦਾ ਕੋਈ ਅਫ਼ਸੋਸ ਨਹੀਂ। ਇਸ ਦਰਮਿਆਨ ਸੋਸ਼ਲ ਮੀਡੀਆ ਵਿਚ ਕੁਝ ‘ਸੂਝਵਾਨ’ ਇਹ ਨੇਕ ਸਲਾਹਾਂ ਦਿੰਦੇ ਵੀ ਦੇਖੇ ਗਏ ਕਿ ਮਰਨ ਪਿੱਛੋਂ ਮ੍ਰਿਤਕ ਖਿਲਾਫ ਲਿਖਣਾ ਸਹੀ ਨਹੀਂ। ਇਸ ਤੋਂ ਉਨ੍ਹਾਂ ਦੀ ‘ਸਮਾਜਿਕ ਸੂਝ’ ਦਾ ਪਤਾ ਲੱਗਦਾ ਹੈ ਜਿਨ੍ਹਾਂ ਨੂੰ ਇਹ ਫ਼ਰਕ ਵੀ ਸਮਝ ਨਹੀਂ ਆਉਂਦਾ ਕਿ ਕੇæਪੀæਐਸ਼ ਦੇ ਕਾਰਿਆਂ ਨੂੰ ਆਮ ਬੰਦੇ ਵਲੋਂ ਆਪਣੀ ਜ਼ਿੰਦਗੀ ਵਿਚ ਕੀਤੀਆਂ ਗ਼ਲਤੀਆਂ ਦੇ ਬਰਾਬਰ ਰੱਖ ਕੇ ਨਹੀਂ ਦੇਖਿਆ ਜਾ ਸਕਦਾ।
ਉਂਜ, ਇਸ ਚਰਚਾ ਵਿਚ ਸਭ ਤੋਂ ਅਹਿਮ ਪੱਖ ਦੀ ਗੱਲ ਬਹੁਤ ਥੋੜ੍ਹੇ ਲੋਕਾਂ ਵਲੋਂ ਹੀ ਕੀਤੀ ਗਈ ਕਿ ਕੇæਪੀæਐਸ਼ ਤਾਂ ਮਹਿਜ਼ ਉਸ ਜਾਬਰ ਰਾਜ-ਮਸ਼ੀਨਰੀ ਦਾ ਪੁਰਜਾ ਸੀ ਜੋ ਅਵਾਮ ਨੂੰ ਦਬਾਉਣ ਅਤੇ ਦਰੜਨ ਲਈ ਹਿੰਦੁਸਤਾਨ ਦੀ ਸਰਜ਼ਮੀਨ ਉਪਰ ਲਗਾਤਾਰ ਹਰਕਤ ਵਿਚ ਹੈ। ਕੇæਪੀæਐਸ਼ ਦੇ ਤੁਰ ਜਾਣ ਨਾਲ ਜਾਬਰ ਸਟੇਟ ਨੂੰ ਕੋਈ ਫ਼ਰਕ ਨਹੀਂ ਪੈਂਦਾ, ਪੁਲਿਸ ਅਤੇ ਫ਼ੌਜ ਵਿਚ ਹੋਰ ਬਥੇਰੇ ਬੇਕਿਰਕ ਅਫ਼ਸਰ ਹਨ ਜੋ ਉਸੇ ਵਾਲੀ ਜ਼ਮੀਰਫ਼ਰੋਸ਼ ਭੂਮਿਕਾ ਨਿਭਾਉਣ ਲਈ ਨਾ ਕੇਵਲ ਤਿਆਰ ਹਨ, ਸਗੋਂ ਕਸ਼ਮੀਰ, ਮਾਓਵਾਦੀ ਲਹਿਰ ਦੇ ਜ਼ੋਰ ਵਾਲੇ ਇਲਾਕਿਆਂ ਅਤੇ ਉਤਰ-ਪੂਰਬ ਵਿਚ ਵਸੀਹ ਪੈਮਾਨੇ ‘ਤੇ ਕਤਲੇਆਮਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ, ਕਿਉਂਕਿ ਇਸ ਧੰਦੇ ਵਿਚਲੀ ਕਮਾਈ ਅਤੇ ਤਰੱਕੀਆਂ ਦੀ ਕੋਈ ਥਾਹ ਨਹੀਂ। ਹਿੰਦੁਸਤਾਨੀ ਸਟੇਟ ਨੇ ਅਫਸਪਾ, ਛੱਤੀਸਗੜ੍ਹ ਪਬਲਿਕ ਸਕਿਉਰਿਟੀ ਐਕਟ ਵਰਗੇ ਖ਼ਾਸ ਕਾਨੂੰਨਾਂ ਰਾਹੀਂ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਲਾਕਾਨੂੰਨੀਆਂ ਕਰਨ ਦੀ ਪੂਰੀ ਖੁੱਲ੍ਹ ਅਤੇ ਕਾਨੂੰਨੀ ਸੁਰੱਖਿਆ ਦਿੱਤੀ ਹੋਈ ਹੈ।
ਪੰਜਾਬ ਅੰਦਰ ਸੱਤਰਵਿਆਂ ਵਿਚ ਨਕਸਲੀ ਇਨਕਲਾਬੀਆਂ ਨੂੰ ਫਰਜ਼ੀ ਮੁਕਾਬਲਿਆਂ ਵਿਚ ਕਤਲ ਵਾਲੇ ਅਸ਼ਵਨੀ ਕੁਮਾਰ ਅਤੇ ਭਗਵਾਨ ਸਿੰਘ ਦਾਨੇਵਾਲੀਆ ਵਰਗੇ ਬਦਨਾਮ ਪੁਲਿਸ ਅਧਿਕਾਰੀਆਂ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ, ਕਿਉਂਕਿ ਉਨ੍ਹਾਂ ਦੇ ਸਿਰ ‘ਤੇ ਹੁਕਮਰਾਨ ਜਮਾਤ ਦਾ ਹੱਥ ਸੀ। ਪਿੱਛੇ ਜਿਹੇ ਛੱਤੀਸਗੜ੍ਹ ਵਿਚ ਆਦਿਵਾਸੀ ਕਾਰਕੁਨ ਸੋਨੀ ਸੋਰੀ ਨੂੰ ਪੁਲਿਸ ਹਿਰਾਸਤ ਵਿਚ ਜਿਨਸੀ ਤਸੀਹੇ ਦੇਣ ਵਾਲੇ ਐਸ਼ਪੀæ ਅੰਕਿਤ ਗਰਗ ਨੂੰ ਰਾਸ਼ਟਰਪਤੀ ਵਲੋਂ ਵਿਸ਼ੇਸ਼ ਬਹਾਦਰੀ ਮੈਡਲ ਨਾਲ ਸਨਮਾਨਿਆ ਗਿਆ। ਝੂਠੇ ਮੁਕਾਬਲਿਆਂ ਤੋਂ ਲੈ ਕੇ ਪੱਤਰਕਾਰਾਂ, ਵਕੀਲਾਂ, ਜਮਹੂਰੀ ਕਾਰਕੁਨਾਂ ਨੂੰ ਧਮਕੀਆਂ ਦੇਣ ਅਤੇ ਝੂਠੇ ਕੇਸਾਂ ਵਿਚ ਫਸਾਉਣ ਲਈ ਬਦਨਾਮ ਬਸਤਰ ਦਾ ਆਈæਜੀæ ਕਲੂਰੀ ਸਟੇਟ ਦਾ ਚਹੇਤਾ ਪੁਲਿਸ ਅਧਿਕਾਰੀ ਹੈ।
ਹਾਲ ਹੀ ਵਿਚ ਕਸ਼ਮੀਰੀ ਨੌਜਵਾਨ ਫ਼ਾਰੂਕ ਅਹਿਮਦ ਡਾਰ ਨੂੰ ਮਨੁੱਖੀ ਢਾਲ ਦੇ ਤੌਰ ‘ਤੇ ਫ਼ੌਜੀ ਵਾਹਨ ਅੱਗੇ ਬੰਨ੍ਹਣ ਵਾਲੇ ਫ਼ੌਜੀ ਮੇਜਰ ਲੀਤੁਲ ਗੋਗੋਈ ਨੂੰ ਫ਼ੌਜ ਮੁਖੀ ਵਲੋਂ ਉਚੇਚੇ ਤੌਰ ‘ਤੇ ਸਨਮਾਨਿਆ ਗਿਆ ਹੈ। ਗੁਜਰਾਤ ਵਿਚ ਡੀæਜੀæ ਵਨਜਾਰਾ ਵਰਗੇ ਐਨਕਾਊਂਟਰ ਸਪੈਸ਼ਲਿਸਟਾਂ ਬਾਰੇ ਹਰ ਕੋਈ ਜਾਣਦਾ ਹੈ ਕਿ ਕਿਵੇਂ ਉਨ੍ਹਾਂ ਫਰਜ਼ੀ ਮੁਕਾਬਲਿਆਂ ਦੇ ਮੁਕੱਦਮਿਆਂ ਵਿਚੋਂ ਬਰੀ ਕਰਵਾ ਕੇ ਤਰੱਕੀਆਂ ਨਾਲ ਨਿਵਾਜਿਆ ਗਿਆ। ਇਹ ਤਾਂ ਮਹਿਜ਼ ਸਟੇਟ ਦੀ ਤਾਨਾਸ਼ਾਹੀ ਨੂੰ ਲਾਗੂ ਕਰਨ ਵਾਲੇ ਕਾਰਿੰਦੇ ਹਨ, ਐਸੇ ਜਲਾਦ ਅਧਿਕਾਰੀਆਂ ਨੂੰ ਪਾਲਣ ਵਾਲੇ ਅਤੇ ਇਨ੍ਹਾਂ ਨੂੰ ਆਪਣੇ ਸੌੜੇ ਸਿਆਸੀ ਏਜੰਡਿਆਂ ਅਤੇ ਖ਼ਾਸ ਕੁਲੀਨ ਜਮਾਤ ਦੇ ਹਿਤ ਲਈ ਇਸਤੇਮਾਲ ਕਰਨ ਵਾਲੇ ਮੁਖ ਮੁਜਰਿਮ ਹਾਕਮ ਜਮਾਤੀ ਸਿਆਸਤਦਾਨ ਹਨ ਜੋ ਦਹਿ ਹਜ਼ਾਰਾਂ ਲੋਕਾਂ ਨੂੰ ਕਤਲ ਕਰਵਾ ਕੇ ਸੱਤਾ ਦੇ ਗਲਿਆਰਿਆਂ ਵਿਚ ਮਹਿਫ਼ੂਜ਼ ਬੈਠੇ ਹਨ। ਇਨ੍ਹਾਂ ਨੂੰ ਕਿਤੇ ਵੀ ਜਵਾਬਦੇਹ ਨਹੀਂ ਹੋਣਾ ਪੈਂਦਾ। ਇਹ ਮੁਲਕ ਦੀ ਬਦਕਿਸਮਤੀ ਹੈ ਕਿ ਇਨਸਾਫ਼ਪਸੰਦ ਤਾਕਤਾਂ ਮਨਮਾਨੀਆਂ ਕਰਨ ਵਾਲੇ ਐਸੇ ਅਧਿਕਾਰੀਆਂ ਨੂੰ ਜੇਲ੍ਹ ਭਿਜਵਾਉਣ ਵਿਚ ਅਸਫ਼ਲ ਰਹਿ ਹਨ। ਜਿਨ੍ਹਾਂ ਨੂੰ ਆਪਣੀਆਂ ਮਨਮਾਨੀਆਂ ਲਈ ਜੇਲ੍ਹਾਂ ਵਿਚ ਸੜ ਕੇ ਮਰਨਾ ਚਾਹੀਦਾ ਸੀ/ਹੈ, ਉਹ ਰਿਟਾਇਰਮੈਂਟ ਪਿੱਛੋਂ ਵੀ ਬੇਖੌਫ਼ ਆਪਣੇ ਕੁਕਰਮਾਂ ਨੂੰ ਮਾਣ ਨਾਲ ਸਹੀ ਠਹਿਰਾਉਂਦੇ ਹਨ। ਆਈæਏæਐਸ਼ ਅਧਿਕਾਰੀ ਰੂਪਨ ਦਿਓਲ ਬਜਾਜ ਦਾ ਮਾਮਲਾ ਇਸ ਦੀ ਉਘੜਵੀਂ ਮਿਸਾਲ ਹੈ ਕਿ ਸਟੇਟ ਦੇ ਚਹੇਤੇ ਐਸੇ ਅਫ਼ਸਰਾਂ ਖਿਲਾਫ ਮਾਮੂਲੀ ਕਾਨੂੰਨੀ ਕਾਰਵਾਈ ਕਰਵਾਉਣੀ ਵੀ ਕਿੰਨੀ ਮੁਸ਼ਕਲ ਹੈ ਜਿਸ ਨਾਲ ਕੇæਪੀæਐਸ਼ ਨੇ ਇਕ ਸਮਾਗਮ ਅੰਦਰ ਤਾਕਤ ਦੇ ਗ਼ਰੂਰ ਵਿਚ ਸ਼ਰੇਆਮ ਜਿਨਸੀ ਛੇੜਛਾੜ ਕੀਤੀ ਸੀ।
ਕੇæਪੀæਐਸ਼ ਦੀ ਖ਼ਾਸ ਖ਼ੂਬੀ ਇਹ ਸੀ ਕਿ ਉਹ ਸਟੇਟ ਦਾ ਗ਼ਲਬਾ ਬਣਾਈ ਰੱਖਣ ਲਈ ਬੇਕਿਰਕੀ ਨਾਲ ਕਤਲੇਆਮ ਕਰਨ ਦੇ ਮੱਤ ਵਿਚ ਅਡੋਲ ਵਿਸ਼ਵਾਸ ਰੱਖਦਾ ਸੀ। ਹੁਕਮਰਾਨ ਜਮਾਤ ਦੀਆਂ ਮਨਮਾਨੀਆਂ, ਧੱਕੇਸ਼ਾਹੀਆਂ ਅਤੇ ਬੇਇਨਸਾਫ਼ੀਆਂ ਤੋਂ ਨਾਬਰੀ ਨੂੰ ਕੁਚਲਣਾ ਹੀ ਉਸ ਲਈ ‘ਕਾਨੂੰਨ ਦਾ ਰਾਜ’ ਸੀ, ਚਾਹੇ ਇਹ ਨਾਬਰੀ ਜਾਇਜ਼ ਹੀ ਕਿਉਂ ਨਾ ਹੋਵੇ। ਇਹ ਪੰਜਾਬ ਸੀ ਜਾਂ ਛੱਤੀਸਗੜ੍ਹ ਜਾਂ ਗੁਜਰਾਤ, ਉਹ ਲਾਸ਼ਾਂ ਦੇ ਢੇਰ ਲਾ ਕੇ ‘ਸ਼ਾਂਤੀ’ ਬਹਾਲ ਕਰਨ ਦੀ ਮੂੰਹਫਟ ਵਕਾਲਤ ਕਰਦਾ ਸੀ। ਕਾਂਗਰਸ, ਸ਼ਿਵ ਸੈਨਾ ਅਤੇ ਭਾਜਪਾ ਵਲੋਂ ਦਿੱਲੀ, ਮੁੰਬਈ ਅਤੇ ਗੁਜਰਾਤ ਵਿਚ ਹਜ਼ਾਰਾਂ ਸਿੱਖਾਂ ਅਤੇ ਮੁਸਲਮਾਨਾਂ ਦੇ ਕਤਲੇਆਮ ਅਤੇ ਹਿੰਦੂਤਵੀ ਗਰੋਹਾਂ ਵਲੋਂ ਬੰਬ-ਧਮਾਕਿਆਂ ਦਾ ਸਿਲਸਿਲਾ ਉਸ ਲਈ ਦਹਿਸ਼ਤਗਰਦੀ ਨਹੀਂ ਸੀ। ਉਹ ਐਨਾ ਹੰਕਾਰੀ ਸੀ ਕਿ ਆਪਣੀ ਮਰਜ਼ੀ ਅਤੇ ਸਲਾਹ ਵਿਚ ਸੱਤਾਧਾਰੀਆਂ ਦਾ ਭੋਰਾ ਦਖ਼ਲ ਵੀ ਉਸ ਨੂੰ ਮਨਜ਼ੂਰ ਨਹੀਂ ਸੀ। ਛੱਤੀਸਗੜ੍ਹ ਸਰਕਾਰ ਦੇ ਸਲਾਹਕਾਰ ਦੇ ਤੌਰ ‘ਤੇ ਉਸ ਦਾ ਭਾਜਪਾ ਦੀ ਰਮਨ ਸਿੰਘ ਸਰਕਾਰ ਨਾਲ ਇਸੇ ਨੂੰ ਲੈ ਕੇ ਪੇਚਾ ਪੈ ਗਿਆ ਸੀ ਕਿ ਉਨ੍ਹਾਂ ਨੇ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਅਨੁਸਾਰ ‘ਸੁਪਰਕਾਪ’ ਦੇ ਨਕਸਲਵਾਦ ਨੂੰ ਖ਼ਤਮ ਕਰਨ ਦੇ ਮਸ਼ਵਰੇ ਹੂ-ਬ-ਹੂ ਲਾਗੂ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਹ ਕੇਵਲ ਸਲਾਹ ਲੈਣਾ ਚਾਹੁੰਦੇ ਸਨ ਅਤੇ ‘ਸੁਪਰਕਾਪ’ ਉਨ੍ਹਾਂ ਉਪਰ ਹੁਕਮ ਚਲਾਉਣਾ ਚਾਹੁੰਦਾ ਸੀ।
ਪੰਜਾਬ ਮਸਲੇ ਨੂੰ ਪੈਦਾ ਕਰਨ ਅਤੇ ਧੁਖਦਾ ਤੇ ਅਣਸੁਲਝਿਆ ਰੱਖਣ ਲਈ ਜ਼ਿੰਮੇਵਾਰ ਕੇਂਦਰ ਸਰਕਾਰਾਂ ਅਤੇ ਪੰਜਾਬ ਦੇ ਅਕਾਲੀ ਤੇ ਕਾਂਗਰਸੀ ਆਗੂਆਂ ਦੀ ਲੋਕ ਦੁਸ਼ਮਣ ਅਤੇ ਪੰਜਾਬ ਦੁਸ਼ਮਣ ਭੂਮਿਕਾ ਕੇæਪੀæਐਸ਼ ਲਈ ਕੋਈ ਮੁੱਦਾ ਨਹੀਂ ਸੀ। ਸੱਤਾਧਾਰੀਆਂ ਨਾਲ ਉਸ ਦਾ ਵਿਰੋਧ ਕੇਵਲ ਇਸ ਨੂੰ ਲੈ ਕੇ ਸੀ ਕਿ ਉਹ ਦਹਿਸ਼ਤਗਰਦਾਂ ਦਾ ਬੇਕਿਰਕੀ ਨਾਲ ਸਫ਼ਾਇਆ ਕਰਨ ਲਈ ਹਮੇਸ਼ਾ ਉਸ ਵਰਗੀ ਦ੍ਰਿੜਤਾ ਕਿਉਂ ਨਹੀਂ ਦਿਖਾਉਂਦੇ ਅਤੇ ਐਸਾ ਕਰਦਿਆਂ ਸਿਆਸੀ ਗਿਣਤੀਆਂ-ਮਿਣਤੀਆਂ ਵਿਚ ਕਿਉਂ ਪੈਂਦੇ ਹਨ। ਪੰਜਾਬ ਵਿਚ ਅਤਿਵਾਦ ਖਿਲਾਫ ਲੜਾਈ ਦੀ ਕਮਾਨ ਸੰਭਾਲ ਕੇ ਉਸ ਵਲੋਂ ਖ਼ਾਸ ਤੌਰ ‘ਤੇ ਜ਼ਾਲਮ ਪੁਲਸੀਆਂ ਅਤੇ ਲਾਲਚ ਖ਼ਾਤਰ ਮੁਖ਼ਬਰੀ ਕਰਨ ਲਈ ਤਿਆਰ ਅਨਸਰਾਂ ਦਾ ਵੱਡਾ ਲਸ਼ਕਰ ਤਿਆਰ ਕੀਤਾ ਗਿਆ ਜਿਸ ਵਿਚ ਬੇਰਹਿਮ ਮੁਜਰਿਮ ਬਿਰਤੀ ਵਾਲਿਆਂ ਨੂੰ ਲਿਆ ਗਿਆ। ਗ਼ੈਰਕਾਨੂੰਨੀ ਕਾਤਲ ਗਰੋਹ ਬਣਾ ਕੇ ਨੌਜਵਾਨਾਂ ਨੂੰ ਅਗਵਾ ਕਰ ਕੇ ਖ਼ਪਾ ਦੇਣ ਜਾਂ ਫਰਜ਼ੀ ਮੁਕਾਬਲਿਆਂ ਵਿਚ ਕਤਲ ਕਰਨ ਦੀ ਵਿਆਪਕ ਮੁਹਿੰਮ ਚਲਾਈ ਗਈ। ਪੁਲਿਸ ਹਿਰਾਸਤ ਵਿਚ ਬੇਸ਼ੁਮਾਰ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਅਤੇ ਲਾਸ਼ਾਂ ਗ਼ਾਇਬ ਕਰ ਦਿੱਤੀਆਂ ਗਈਆਂ। ਉਸ ਨੇ ਪੁਲਿਸ ਨੂੰ ਲੁੱਟਮਾਰ, ਡਰਾ-ਧਮਕਾ ਕੇ ਫਿਰੌਤੀਆਂ ਵਸੂਲਣ, ਕਤਲ ਅਤੇ ਔਰਤਾਂ ਨਾਲ ਬਲਾਤਕਾਰ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ। ਉਸ ਦੇ ਕਾਰਜਕਾਲ ਦੌਰਾਨ ਛਾਪੇਮਾਰੀ, ਸਰਚ ਅਪਰੇਸ਼ਨਾਂ ਅਤੇ ਪੁਲਿਸ ਹਿਰਾਸਤ ਵਿਚ ਸੈਂਕੜੇ ਔਰਤਾਂ ਨਾਲ ਬਲਾਤਕਾਰ ਹੋਏ। ਭਗੌੜੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਕਈ ਔਰਤਾਂ ਨੇ ਹਫ਼ਤਿਆਂ ਬੱਧੀ ਗ਼ੈਰਕਾਨੂੰਨੀ ਹਿਰਾਸਤ ਵਿਚ ਬਲਾਤਕਾਰਾਂ ਅਤੇ ਹੋਰ ਭਿਆਨਕ ਤਸੀਹਿਆਂ ਦਾ ਸੰਤਾਪ ਝੱਲਿਆ। ਉਸ ਦੇ ਹੁਕਮਾਂ ਤਹਿਤ ਜਸਵੰਤ ਸਿੰਘ ਖਾਲੜਾ, ਐਡਵੋਕੇਟ ਕੁਲਵੰਤ ਸਿੰਘ ਅਤੇ ਹੋਰ ਕਈ ਮਨੁੱਖੀ ਅਧਿਕਾਰ ਕਾਰਕੁਨ ਅਗਵਾ ਕਰ ਕੇ ਖ਼ਪਾ ਦਿੱਤੇ ਗਏ, ਕਿਉਂਕਿ ਉਹ ਮਨੁੱਖੀ ਹੱਕਾਂ ਦੇ ਘਾਣ ਦਾ ਮੁੱਦਾ ਉਠਾ ਕੇ ਉਸ ਦੇ ਮਿਸ਼ਨ ਦੀ ਪ੍ਰਾਪਤੀ ਵਿਚ ਅੜਿੱਕੇ ਖੜ੍ਹੇ ਕਰਦੇ ਸਨ। ਉਹ ਗ਼ੈਰਅਦਾਲਤੀ ਹੱਤਿਆਵਾਂ ਅਤੇ ਲਾਕਾਨੂੰਨੀਆਂ ਦਾ ਅੰਨ੍ਹਾ ਪੈਰੋਕਾਰ ਸੀ ਜਿਸ ਦੀਆਂ ਨਜ਼ਰਾਂ ਵਿਚ ਆਪਣੇ ‘ਮਿਸ਼ਨ’ ਦੀ ਪ੍ਰਾਪਤੀ ਲਈ ਹਰ ਸੰਵਿਧਾਨਕ ਕਾਇਦੇ-ਕਾਨੂੰਨ ਨੂੰ ਦਰੜ ਕੇ ਹੁਕਮਰਾਨਾਂ ਨੂੰ ਨਤੀਜੇ ਹਾਸਲ ਕਰ ਕੇ ਦੇਣਾ ਜਾਇਜ਼ ਸੀ।
ਹੁਕਮਰਾਨ ਜਮਾਤ ਦੇ ਪਾਪਾਂ ਉਪਰ ਪਰਦਾ ਪਾ ਕੇ ‘ਦਹਿਸ਼ਤਵਾਦ’ ਨੂੰ ਖ਼ਤਮ ਕਰਨ ਦੀ ਮੁਹਾਰਤ ਦੀਆਂ ਫੜ੍ਹਾਂ ਮਾਰਨੀਆਂ ਉਸ ਨੂੰ ਖ਼ਾਸ ਤੌਰ ‘ਤੇ ਪਸੰਦ ਸਨ। ਕਾਂਗਰਸ ਸਰਕਾਰ ਦੀਆਂ ਨੀਤੀਆਂ ਨੇ ਕਿਵੇਂ ਪੰਜਾਬ ਮਸਲਾ ਪੈਦਾ ਕੀਤਾ, ਆਪਣੀ ਪੰਜਾਬ ਵਿਰੋਧੀ ਪਹੁੰਚ ਤੇ ਸੌੜੇ ਸਿਆਸੀ ਸਵਾਰਥਾਂ ਵਿਚੋਂ ਮਸਲੇ ਦਾ ਸਿਆਸੀ ਹੱਲ ਨਾ ਕਰ ਕੇ ਕਿਵੇਂ ਪੰਜਾਬੀਆਂ ਨੂੰ ਤਬਾਹੀ ਦੇ ਮੂੰਹ ਵਿਚ ਧੱਕਿਆ, ਇਹ ਸਵਾਲ ਕਦੇ ਕਰਨੇ ਤਾਂ ਕੀ, ਉਹ ਸੁਣਨਾ ਵੀ ਪਸੰਦ ਨਹੀਂ ਕਰਦਾ ਸੀ। ਕਾਂਗਰਸ, ਭਾਜਪਾ ਤੋਂ ਲੈ ਕੇ ਤੇਲਗੂ ਦੇਸਮ ਪਾਰਟੀ ਅਤੇ ਤ੍ਰਿਣਾਮੂਲ ਕਾਂਗਰਸ ਤਕ ਹਰ ਹਾਕਮ ਜਮਾਤੀ ਪਾਰਟੀ ਨੂੰ ਆਪਣੇ ਰਾਜ ਵਿਚ ਨੰਗੀ-ਚਿੱਟੀ ਦਹਿਸ਼ਤਗਰਦੀ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ, ਪਰ ਕੇæਪੀæਐਸ਼ ਨੇ ਇਨ੍ਹਾਂ ਮੁਜਰਿਮ ਗਰੋਹਾਂ ਦੀ ਬੁਰਛਾਗਰਦੀ ਨੂੰ ਖ਼ਤਮ ਕਰਨ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਦੇ ਨਹੀਂ ਸੀ ਕੀਤੀ। ਮਸ਼ਹੂਰ ਪੱਤਰਕਾਰ ਗੁਰਪ੍ਰੀਤ ਸਿੰਘ ਕੈਨੇਡਾ ਨਾਲ ਵਾਰਤਾਲਾਪ ਵਿਚ ਉਸ ਨੇ ਸਪਸ਼ਟ ਕਿਹਾ ਸੀ ਕਿ ਦਹਿਸ਼ਤਵਾਦ ਵਿਰੋਧੀ ਕਾਨੂੰਨ ਅਤੇ ਨੀਤੀਆਂ ਸਾਧਵੀ ਪਰੱਗਿਆ ਸਿੰਘ, ਅਸੀਮਾਨੰਦ, ਕਰਨਲ ਪੁਰੋਹਿਤ ਵਰਗੇ ਹਿੰਦੂਤਵੀ ਦਹਿਸ਼ਤਗਰਦਾਂ ਉਪਰ ਲਾਗੂ ਨਹੀਂ ਕੀਤੇ ਜਾ ਸਕਦੇ, ਭਾਵੇਂ ਉਹ ਬੰਬ-ਧਮਾਕਿਆਂ ਰਾਹੀਂ ਸੈਂਕੜੇ ਲੋਕਾਂ ਦੇ ਕਤਲਾਂ ਲਈ ਜ਼ਿੰਮੇਵਾਰ ਹਨ।
ਇਸੇ ਕਰ ਕੇ ਇਸ ਰਾਜ ਪ੍ਰਬੰਧ ਦੇ ਕੁਲੀਨ ਵਰਗ ਲਈ ਉਹ ‘ਸੁਪਰਕਾਪ’ ਸੀ ਅਤੇ ਜਮਹੂਰੀ ਸੋਚ ਵਾਲੀਆਂ ਤਾਕਤਾਂ ਤੇ ਰਾਜਕੀ ਦਹਿਸ਼ਤਗਰਦੀ ਦਾ ਸ਼ਿਕਾਰ ਲੋਕਾਂ ਲਈ ਉਹ ਮਨੁੱਖਤਾ ਦਾ ਘਾਣ ਕਰਨ ਵਾਲਾ ਸ਼ਖਸ ਸੀ। ਸਮਾਜ ਵਿਰੋਧੀ ਅਤੇ ਮੁਲਕ ਵਿਰੋਧੀ ਹੁਕਮਰਾਨ ਜਮਾਤ ਦੇ ਹਿਤਾਂ ਦੀ ਪੂਰਤੀ ਅਤੇ ਉਨ੍ਹਾਂ ਦੀ ਸਲਾਮਤੀ ਲਈ ਜ਼ਮੀਰ ਮਾਰ ਕੇ ਸੇਵਾਵਾਂ ਦੇਣਾ ਐਸੇ ਸ਼ਖਸਾਂ ਦੀ ਨਿੱਜੀ ਸ਼ੁਹਰਤ ਅਤੇ ਆਪਣਾ ਕਰੀਅਰ ਬਣਾਉਣ ਦੀ ਆਪਣੀ ਲੋੜ ਹੁੰਦੀ ਹੈ। ਹੁਕਮਰਾਨਾਂ ਨੂੰ ਆਪਣੇ ਹਿੱਤ ਲਈ ਸੰਵਿਧਾਨਕ ਤੌਰ ‘ਤੇ ਮਾਨਤਾਪ੍ਰਾਪਤ ਐਸੇ ਜਲਾਦ ਹਮੇਸ਼ਾ ਚਾਹੀਦੇ ਹਨ ਜੋ ਸਟੇਟ ਤੋਂ ਅਵਾਮ ਦੀ ਨਾਬਰੀ ਨੂੰ ਕੁਚਲਣ ਅਤੇ ‘ਕਾਨੂੰਨ ਦਾ ਰਾਜ’ ਬਣਾਈ ਰੱਖਣ ਦੇ ਮਿਸਾਲੀ ਸੰਦਾਂ ਦੀ ਭੂਮਿਕਾ ਨਿਭਾ ਸਕਣ। ਇਨ੍ਹਾਂ ਦੁਵੱਲੇ ਹਿਤਾਂ ਅਤੇ ਸਵਾਰਥਾਂ ਵਿਚੋਂ ‘ਦਹਿਸ਼ਤਗਰਦੀ ਵਿਰੁਧ ਕੌਮੀ ਹਿਤ ਦੀ ਲੜਾਈ’ ਦਾ ਮਹਾਂ ਘੁਟਾਲਾ ਕਾਮਯਾਬੀ ਨਾਲ ਚਲਦਾ ਆ ਰਿਹਾ ਹੈ ਜਿਸ ਨਾਲ ਹੁਕਮਰਾਨ ਜਮਾਤ, ਪ੍ਰਸ਼ਾਸਨਿਕ ਨੌਕਰਸ਼ਾਹੀ, ਪੁਲਿਸ-ਫ਼ੌਜ ਦੇ ਅਧਿਕਾਰੀ ਅਤੇ ਮੀਡੀਆ ਸਮੇਤ ਕਈ ਤਰ੍ਹਾਂ ਦੇ ਹਿੱਸਿਆਂ ਦੇ ਹਿਤ ਡੂੰਘੇ ਤੌਰ ‘ਤੇ ਜੁੜੇ ਹੋਏ ਹਨ। ਕੇæਪੀæਐਸ਼ ਦੀ ਭੂਮਿਕਾ ਨੂੰ ਇਸ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ।