ਕੇ ਪੀ ਐਸ ਗਿੱਲ ਦੀ ਮੌਤ ਦਾ ਅਸਰ: ਦੋ ਕੌਮਾਂ ਦੇ ਦਿਲ ਤੇ ਵਿਚਾਰ ਇਕ-ਦੂਜੇ ਦੇ ਉਲਟ

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 91-99150-91063
ਭਾਰਤ ਦੀ ਬਹੁਗਿਣਤੀ ਦੇ ਕੁਹਾੜੇ ਦਾ ਦਸਤਾ ਬਣ ਕੇ ਸੈਂਕੜੇ ਨੌਜਵਾਨਾਂ ਦੇ ਕਤਲ ਦੇ ਦੋਸ਼ੀ ਸਾਬਕਾ ਡੀæਜੀæਪੀæ ਕੇæਪੀæਐਸ਼ ਗਿੱਲ ਦੀ ਮੌਤ ਦੀ ਖਬਰ ਨਾਲ ਮੋਟੇ ਤੌਰ ‘ਤੇ ਦੋ ਤਰ੍ਹਾਂ ਦੀ ਮਾਨਸਿਕਤਾ ਵੇਖਣ ਵਿਚ ਨਜ਼ਰ ਆ ਰਹੀ ਹੈ। ਇਕ ਮਾਨਸਿਕਤਾ ਦਾ ਰਿਸ਼ਤਾ ਖਾਲਸਾ ਪੰਥ ਦੇ ਜਾਗੇ ਹੋਏ ਹਿੱਸਿਆਂ ਨਾਲ ਹੈ, ਜਦ ਕਿ ਦੂਜੀ ਦਾ ਸਬੰਧ ਇਸ ਦੇਸ਼ ਵਿਚ ਵੱਸਦੀ ਬਹੁਗਿਣਤੀ ਹਿੰਦੂ ਵਸੋਂ ਨਾਲ। ਦਿਲਚਸਪ ਸੱਚਾਈ ਇਹ ਹੈ ਕਿ ਦੋਵਾਂ ਦੀ ਮਾਨਸਿਕਤਾ ਅੱਗੇ ਜਾ ਕੇ ਕਈ ਹਿੱਸਿਆਂ ਵਿਚ ਵੰਡੀ ਗਈ ਹੈ, ਜਿਸ ਦਾ ਸਰਬਪੱਖੀ ਤੇ ਮਨੋਵਿਗਿਆਨਕ ਵਿਸ਼ਲੇਸ਼ਣ ਕਰਨਾ ਜ਼ਰੂਰੀ ਬਣ ਗਿਆ ਹੈ।

ਜਿੱਥੋਂ ਤਕ ਖਾਲਸਾ ਪੰਥ ਦੀ ਜਾਗੀ ਹੋਈ ਮਾਨਸਿਕਤਾ ਦਾ ਸਬੰਧ ਹੈ, ਉਸ ਦੇ ਆਖਰੀ ਸਿਰੇ ਨਾਲ ਜੁੜੇ ਲੋਕਾਂ ਨੂੰ ਰੱਬ ‘ਤੇ ਵੱਡਾ ਗਿਲਾ ਹੈ ਕਿ ਕੇæਪੀæਐਸ਼ ਗਿੱਲ ਕੁਦਰਤੀ ਮੌਤ ਕਿਉਂ ਮਰਿਆ ਹੈ, ਕਿਉਂਕਿ ਉਹ ਉਸ ਨੂੰ ਗੈਰ-ਕੁਦਰਤੀ ਮੌਤ ਮਰਿਆ ਵੇਖਣਾ ਚਾਹੁੰਦੇ ਸਨ ਜਿਵੇਂ ਕਿ ਜੁਝਾਰੂ ਲਹਿਰ ਦੌਰਾਨ ਜੁਝਾਰੂ ਕਰਦੇ ਰਹੇ ਹਨ। ਅਜਿਹੇ ਵਿਚਾਰਾਂ ਦੀ ਸੋਸ਼ਲ ਮੀਡੀਏ ‘ਤੇ ਅੱਜ ਕੱਲ੍ਹ ਭਾਰੀ ਬਾਰਿਸ਼ ਹੋ ਰਹੀ ਹੈ। ਗਿੱਲ ਅਤੇ ਗਿੱਲ ਦੀ ਪੁਲਿਸ ਦੇ ਜ਼ੁਲਮਾਂ ਤੋਂ ਤੰਗ ਹੋਏ ਦੁਖੀ ਦਿਲਾਂ ਨੇ ਆਪਣਾ ਗੁੱਸਾ ਤੇ ਨਫਰਤ ਇਸ ਕਦਰ ਸਾਂਭ ਕੇ ਰੱਖੀ ਹੋਈ ਸੀ ਕਿ ਇਹੋ ਜਿਹੇ ਮੌਕੇ ‘ਤੇ ਵਰਤੀ ਜਾਣ ਵਾਲੀ ਸ਼ਬਦਾਵਲੀ ਵੀ ਸਲੀਕੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਹੈ। ਕੇæਪੀæਐਸ਼ ਗਿੱਲ ਲਈ ਸੋਸ਼ਲ ਮੀਡੀਏ ‘ਤੇ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਦਰਿੰਦਾ, ਬੁੱਚੜ, ਕਸਾਈ, ਜ਼ਾਲਮ, ਮੱਸਾ ਰੰਘੜ, ਇਨਸਾਨੀਅਤ ਦੇ ਮੂੰਹ ‘ਤੇ ਦਾਗ ਅਤੇ ਪੰਜਾਬੀ ਗੱਭਰੂਆਂ ਦਾ ਕਾਤਲ ਵਰਗੇ ਸ਼ਬਦ ਸ਼ਾਮਲ ਹਨ। ਜੇ ਹੋਰ ਅੱਗੇ ਜਾ ਕੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗੇਗਾ ਕਿ ਇਹੋ ਜਿਹੀ ਸ਼ਬਦਾਵਾਲੀ ਵਰਤਣ ਵਾਲੇ ਵਿਅਕਤੀ ਸ਼ਤ ਪ੍ਰਤੀਸ਼ਤ ਸਿੱਖ ਹੀ ਹਨ।
ਖੁਸ਼ੀ ਪਿੱਛੇ ਕੰਮ ਕਰਦੀ ਦਲੀਲ: ਸੋਸ਼ਲ ਮੀਡੀਏ ‘ਤੇ ਪੋਸਟਾਂ ਪਾਉਣ ਵਾਲੇ ਬੰਦੇ ਕਿਸੇ ਵੀ ਹਾਲਤ ਵਿਚ ਕੇæਪੀæਐਸ਼ ਗਿੱਲ ਨੂੰ ਪੰਜਾਬੀ ਦੇ ਉਸ ਮੁਹਾਵਰੇ ਨਾਲ ਜੋੜਨ ਤੇ ਸ਼ਾਮਲ ਕਰਨ ਲਈ ਤਿਆਰ ਨਹੀਂ ਹਨ ਕਿ ‘ਦੁਸ਼ਮਣ ਮਰੇ ‘ਤੇ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ।’ ਉਨ੍ਹਾਂ ਦੀ ਦਲੀਲ ਹੈ ਕਿ ਮੌਤ ਨਾਲ ਸਬੰਧਿਤ ਇਹ ਮੁਹਾਵਰਾ ਆਮ ਕਰਕੇ ਸ਼ਰੀਕਾਂ ਤੇ ਨਿਜੀ ਦੁਸ਼ਮਣੀਆਂ ਤੇ ਵਿਰੋਧਾਂ ਨੂੰ ਨਜ਼ਰਅੰਦਾਜ਼ ਕਰਕੇ ਵਰਤਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਕੇæਪੀæਐਸ਼ ਗਿੱਲ ਦਾ ਸਬੰਧ ਹੈ, ਉਹ ਇਕ ਪੂਰੀ ਕੌਮ ਦਾ ਦੁਸ਼ਮਣ ਸੀ, ਜਿਸ ਨੇ ਬਹੁਗਿਣਤੀ ਵਾਲੇ ਲੋਕਾਂ ਦੇ ਕੁਹਾੜੇ ਦਾ ਦਸਤਾ ਬਣ ਕੇ ਆਪਣੀ ਹੀ ਕੌਮ ਦੇ ਨੌਜਵਾਨਾਂ ਨੂੰ ਕਦੇ ਕੋਹ ਕੋਹ ਕੇ ਮਾਰਿਆ ਤੇ ਕਦੇ ਮਰਵਾਇਆ, ਕਦੇ ਝੂਠੇ ਮੁਕਾਬਲਿਆਂ ਵਿਚ ਮਾਰਿਆ ਅਤੇ ਕਦੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਖਤਮ ਕੀਤਾ। ਇਸ ਲਈ ਅਜਿਹੇ ਬੰਦੇ ਦੀ ਮੌਤ ‘ਤੇ ਖੁਸ਼ੀ ਮਨਾਉਣੀ ਇਖਲਾਕੀ ਤੌਰ ‘ਤੇ ਠੀਕ ਵੀ ਹੈ ਅਤੇ ਇਹ ਖੁਸ਼ੀ ਪੰਥ ਦੇ ਜਗਦੇ ਤੇ ਜਾਗਦੇ ਹੋਣ ਦਾ ਸਬੂਤ ਵੀ ਹੈ ਕਿ ਕੌਮ ਉਸ ਦੇ ਜ਼ੁਲਮਾਂ ਨੂੰ ਭੁੱਲੀ ਨਹੀਂ। ਆਪਣੀ ਦਲੀਲ ਨੂੰ ਹੋਰ ਜਾਇਜ਼ ਤੇ ਵਜ਼ਨਦਾਰ ਬਣਾਉਂਦਿਆਂ ਇਹ ਲੋਕ ਇਤਿਹਾਸ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਦਰਬਾਰ ਸਾਹਿਬ ਦੀ ਘੋਰ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦਾ ਸਿਰ ਕਲਮ ਕਰਕੇ ਜਦੋਂ ਦੋ ਸਿੰਘ-ਸੁੱਖਾ ਸਿੰਘ ਤੇ ਮਹਿਤਾਬ ਸਿੰਘ ਬੀਕਾਨੇਰ ਦੇ ਜੰਗਲਾਂ ਵਿਚ ਪਹੁੰਚੇ ਤਾਂ ਉਥੇ ਵੀ ਖੁਸ਼ੀ ਵਿਚ ਭੰਗੜੇ ਪਾਏ ਗਏ ਸਨ। ਇਸ ਤੋਂ ਬਿਨਾ ਰਾਵਣ ਦੀ ਮਿਸਾਲ ਦੇ ਕੇ ਸਵਾਲ ਕੀਤਾ ਜਾਂਦਾ ਹੈ ਕਿ ਜੇ ਹਿੰਦੂ 5 ਹਜ਼ਾਰ ਸਾਲ ਤੋਂ ਅਜੇ ਵੀ ਰਾਵਣ ਦੀ ਮੌਤ ‘ਤੇ ਹਰ ਸਾਲ ਦੁਸਹਿਰਾ ਮਨਾਉਂਦੇ ਹਨ ਅਤੇ ਖੁਸ਼ੀ ਵਿਚ ਆਤਿਸ਼ਬਾਜ਼ੀ ਚਲਾਉਂਦੇ ਹਨ ਤਾਂ ਫਿਰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਮਾਨਵਤਾ ਦੇ ਕਾਤਲ ਕੇæਪੀæਐਸ਼ ਗਿੱਲ ਦੀ ਮੌਤ ‘ਤੇ ਖੁਸ਼ੀ ਮਨਾਉਣ ਵਿਚ ਕਿਸੇ ਨੂੰ ਵੀ ਤਕਲੀਫ ਨਹੀਂ ਹੋਣੀ ਚਾਹੀਦੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਹਿੰਦੂ ਸਿੱਖ ਏਕਤਾ ਦਾ ਜੇ ਕੋਈ ਪੱਕਾ ਸਬੂਤ ਦੇਣਾ ਹੈ ਤਾਂ ਉਹ ਇਹੋ ਵੇਲਾ ਹੈ ਜਦੋਂ ਹਿੰਦੂ ਵੀਰਾਂ ਨੂੰ ਖੁਲ੍ਹ ਕੇ ਇਹ ਖੁਸ਼ੀ ਸਿੱਖ ਭਰਾਵਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ।
ਸਿੱਖ ਵਿਦਵਾਨ ਕਿੱਥੇ ਖੜ੍ਹੇ ਹਨ: ਸਿੱਖ ਮਾਨਸਿਕਤਾ ਦਾ ਉਹ ਹਿੱਸਾ ਜਿਸ ਨਾਲ ਸਿੱਖ ਵਿਦਵਾਨ ਜੁੜੇ ਹੋਏ ਹਨ, ਗਿੱਲ ਦੀ ਮੌਤ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰਤਾ ਸੰਕੋਚ ਕਰ ਰਿਹਾ ਹੈ ਜਾਂ ਫਿਰ ਦੱਬੀ ਜ਼ੁਬਾਨ ਵਿਚ ਇਸ ਮੌਤ ‘ਤੇ ਖੁਸ਼ੀ ਮਨਾਉਂਦਾ ਨਜ਼ਰ ਆ ਰਿਹਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਵਿਦਵਾਨਾਂ ਦਾ ਵੱਡਾ ਹਿੱਸਾ ਕੁਝ ਵੀ ਕਹਿਣ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ। ਸਿੱਖਾਂ ਵਿਚ ਅਜਿਹੇ ਲੋਕ ਵੀ ਮੌਜੂਦ ਹਨ, ਜੋ ਹੈਣ ਟਾਵੇਂ-ਟਾਵੇਂ ਹੀ, ਪਰ ਗਿੱਲ ਦੀ ਮੌਤ ‘ਤੇ ਸੰਜਮ ਵਿਚ ਰਹਿ ਕੇ ਸੋਗ ਪ੍ਰਗਟ ਕਰ ਰਹੇ ਹਨ। ਉਹ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ‘ਤੇ ਹੀ ਇਹ ਦਲੀਲ ਦਿੰਦੇ ਹਨ, “ਗਿੱਲ ਸਾਹਿਬ ਨੇ ਪੰਜਾਬ ਵਿਚ ਅਮਨ ਲਿਆਉਣ ਲਈ ਪੂਰਾ ਜ਼ੋਰ ਲਾਇਆ ਅਤੇ ਕਾਮਯਾਬ ਵੀ ਹੋਏ।”
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹਜ਼ਾਰਾਂ ਨੌਜਵਾਨਾਂ ਦੇ ਕਤਲਾਂ ਅਤੇ ਫਰਜ਼ੀ ਮੁਕਾਬਲਿਆਂ ਬਾਰੇ ਉਨ੍ਹਾਂ ਦੀ ਕੀ ਰਾਏ ਹੈ? ਤਾਂ ਉਹ ਕੋਈ ਵੀ ਟਿੱਪਣੀ ਕਰਨੋਂ ਗੁਰੇਜ਼ ਕਰਦੇ ਆਏ। ਜਿੱਥੋਂ ਤੱਕ ਸਿੱਖ ਸਿਆਸਤਦਾਨਾਂ ਦਾ ਸਬੰਧ ਹੈ, ਉਹ ਵੀ ਇਕ ਤਰ੍ਹਾਂ ਚੁੱਪ-ਗੜੁੱਪ ਅਤੇ ਡੁੰਨ-ਵੱਟਾ ਹੀ ਨਜ਼ਰ ਆਏ ਜਿਵੇਂ ਉਹ ਕਹਿਣਾ ਚਾਹੁੰਦੇ ਹੋਣ ਕਿ ਉਨ੍ਹਾਂ ਨੂੰ ਨਾ ਕੋਈ ਖੁਸ਼ੀ ਹੋਈ ਹੈ ਅਤੇ ਨਾ ਕੋਈ ਸੋਗ।
ਹਿੰਦੂ ਦੁਖ ਵਿਚ: ਦੂਜੇ ਪਾਸੇ ਬਹੁਗਿਣਤੀ ਨਾਲ ਸਬੰਧਤ ਹਿੰਦੂ ਭਰਾਵਾਂ ਨੂੰ ਜੇ ਉਨ੍ਹਾਂ ਦੇ ਧੁਰ ਹਿਰਦੇ ਤੱਕ ਫਰੋਲਣ ਦੀ ਕਿਸੇ ਕੋਲ ਜੁਗਤ ਹੋਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਉਨ੍ਹਾਂ ਨੂੰ ਦੁਖ ਹੋਇਆ ਹੈ। ਭਾਵੇਂ ਦੁਖ ਦੀ ਮਾਤਰਾ ਵੱਖੋ-ਵੱਖਰੀ ਹੈ। ਇਹ ਦੁਖ ਜਾਂ ਤਾਂ ਉਨ੍ਹਾਂ ਦੀ ਖਾਮੋਸ਼ੀ ਵਿਚੋਂ ਪੜ੍ਹਿਆ ਜਾ ਸਕਦਾ ਹੈ ਅਤੇ ਜਾਂ ਫਿਰ ਇਹੋ ਜਿਹੇ ਸ਼ਬਦਾਂ ਵਿਚੋਂ ਜੋ ਉਨ੍ਹਾਂ ਵੱਲੋਂ ਅਜਿਹੇ ਮੌਕੇ ਬਹੁਤ ਤੋਲ ਮਿਣ ਕੇ ਅਤੇ ਸੋਚ-ਸਮਝ ਕੇ ਆਖੇ ਜਾਂਦੇ ਹਨ। ਇੱਥੋਂ ਇਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਕੇæ ਪੀæ ਐਸ਼ ਗਿੱਲ ਨੂੰ ਗੁਪਤ ਜਾਂ ਪ੍ਰਗਟ ਰੂਪ ਵਿਚ ਆਪਣਾ ਨਾਇਕ ਮੰਨਦੇ ਹਨ। ਅਜਿਹੀ ਮਾਨਸਿਕਤਾ ਤੋਂ ਸੰਕੇਤ ਮਿਲਦਾ ਹੈ ਕਿ ਜਦੋਂ ਵੀ ਜੁਝਾਰੂ ਲਹਿਰ ਨੂੰ ਕੁਚਲਣ ਵਾਲੇ ਪੁਲਿਸ ਅਫਸਰਾਂ ਦਾ ਜ਼ਿਕਰ ਆਉਂਦਾ ਹੈ ਤਾਂ ਦੋਵੇਂ ਕੌਮਾਂ ਇਕ-ਦੂਜੇ ਦੇ ਉਲਟ ਖਲੋ ਜਾਂਦੀਆਂ ਹਨ। ਇਹ ਪਾੜਾ ਮੇਟਣ ਵਿਚ ਨਾ ਸਰਕਾਰ ਵੱਲੋਂ ਕਦੇ ਕੋਈ ਯਤਨ ਹੋਏ ਅਤੇ ਨਾ ਹੀ ਗੈਰ ਸਰਕਾਰੀ ਸੰਸਥਾਵਾਂ ਨੇ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਹੈ। ਇੰਜ ਪੰਜਾਬ ਦਾ ਅਮਨ ਉਪਰਲੀ ਸਤਾਹ ‘ਤੇ ਭਾਵੇਂ ਕਾਇਮ ਨਜ਼ਰ ਆਉਂਦਾ ਹੈ ਪਰ ਡੂੰਘੀ ਸਤਾਹ ‘ਤੇ ਡੂੰਘੀਆਂ ਤੇ ਵੱਡੀਆਂ ਤਰੇੜਾਂ ਅਜੇ ਵੀ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ।
ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਇਕ ਦਿਲਚਸਪ ਨਜ਼ਾਰੇ ਦੀ ਖਬਰ ਮਿਲੀ ਹੈ, ਜਦੋਂ ਵਿਦਿਆਰਥੀਆਂ ਦੀ ਇਕ ਟੋਲੀ ਮੌਤ ਦੀ ਖਬਰ ਸੁਣ ਕੇ ਖੁਸ਼ੀ ਮਨਾ ਰਹੀ ਸੀ ਤਾਂ ਥੋੜ੍ਹੀ ਹੀ ਵਿੱਥ ‘ਤੇ ਇਕ ਹਿੰਦੂ ਕੁੜੀ ਇਹ ਕਹਿ ਕੇ ਰੋ ਰਹੀ ਸੀ, ‘ਅੰਕਲ ਗਿੱਲ ਨਹੀਂ ਰਹੇ।’ ਖੁਸ਼ੀ ਮਨਾਉਣ ਵਾਲੀ ਟੋਲੀ ਨੇ ਝਟਪਟ ਆਪਣੀ ਖੁਸ਼ੀ ਨੂੰ ਕਾਬੂ ਵਿਚ ਕਰਦਿਆਂ ਕੁੜੀ ਨੂੰ ਦਿਲਾਸਾ ਦਿੱਤਾ। ਅਜਿਹਾ ਵਰਤਾਰਾ ਇਸ ਹਕੀਕਤ ਵੱਲ ਇਸ਼ਾਰਾ ਕਰਦਾ ਹੈ ਕਿ ਦੋ ਕੌਮਾਂ ਕਿਵੇਂ ਮਨਾਂ ਵਿਚ ਇਕ ਦੂਜੇ ਤੋਂ ਦੂਰੀ ‘ਤੇ ਖਲੋਤੀਆਂ ਹਨ। ਅਸਲ ਵਿਚ ਗਿੱਲ ਦੀ ਮੌਤ ਇਨ੍ਹਾਂ ਦੂਰੀਆਂ ਦੀ ਪੁਸ਼ਟੀ ਹੀ ਕਰ ਰਹੀ ਹੈ। ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਚ ਵਿਦਿਆਰਥੀਆਂ ਦਾ ਵੱਡਾ ਹਿੱਸਾ ਖੁਸ਼ ਨਜ਼ਰ ਆ ਰਿਹਾ ਸੀ, ਜਦ ਕਿ ਅਧਿਆਪਕਾਂ ਨੇ ਆਪਣੀ ਖੁਸ਼ੀ ਨੂੰ ਭੇਤ ਭਰੇ ਸੰਜਮ ਵਿਚ ਲੁਕੋ ਕੇ ਹੀ ਰੱਖਿਆ।
ਚੇਤਨ ਮਨ, ਅਵਚੇਤਨ ਮਨ: ਮਨੋਵਿਗਿਆਨ ਦੀ ਇਕ ਵਿਦਿਆਰਥਣ ਸੁਖਪ੍ਰੀਤ ਕੌਰ (ਅਸਲ ਨਾਂ ਨਹੀਂ), ਨੇ ਇਸ ਸਥਿਤੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ, “ਮੇਰਾ ਖਿਆਲ ਹੈ ਕਿ ਸਿੱਖਾਂ ਦਾ ਸਾਂਝਾ ਚੇਤਨ ਮਨ ਗਿੱਲ ਦੀ ਮੌਤ ‘ਤੇ ਖੁਸ਼ੀ ਮਨਾ ਰਿਹਾ ਹੈ ਜਦ ਕਿ ਹਿੰਦੂਆਂ ਦਾ ਸਾਂਝਾ ਅਵਚੇਤਨ ਮਨ ਡੂੰਘੇ ਸੋਗ ਵਿਚ ਡੁੱਬਿਆ ਹੋਇਆ ਹੈ। ਜਦੋਂ ਪੁੱਛਿਆ ਕਿ ਹਿੰਦੂਆਂ ਦਾ ਅਵਚੇਤਨ ਮਨ ਖੁੱਲ੍ਹ ਕੇ ਸਾਹਮਣੇ ਕਿਉਂ ਨਹੀਂ ਆ ਰਿਹਾ ਤਾਂ ਪੋਸਟ ਗਰੈਜੂਏਟ ਕਰ ਰਹੀ ਇਸ ਕੁੜੀ ਦਾ ਦੋ ਸ਼ਬਦਾਂ ਵਿਚ ਇਹੋ ਜਵਾਬ ਸੀ, ‘ਜੁਝਾਰੂ ਲਹਿਰ ਦਾ ਡਰ।’
ਜਦੋਂ ਮੈਂ ਮੋੜਵਾਂ ਸਵਾਲ ਕੀਤਾ ਕਿ ਜੁਝਾਰੂ ਲਹਿਰ ਤਾਂ ਕਦੋਂ ਦੀ ਖਤਮ ਹੋ ਚੁਕੀ ਹੈ ਤਾਂ ਉਸ ਦਾ ਸੁਚੇਤ ਜਵਾਬ ਇਕ ਵਾਰ ਤਾਂ ਸਿਰ ਤੋਂ ਪੈਰਾਂ ਤੱਕ ਕੰਬਣੀ ਛੇੜ ਗਿਆ, “ਸਰ, ਲਹਿਰ ਭਾਵੇਂ ਖਤਮ ਹੋ ਗਈ ਹੋਵੇ ਪਰ ਉਸ ਦੀ ਗਰਜ ਤੇ ਦਹਾੜ ਹਵਾ ਵਿਚ ਅਜੇ ਵੀ ਗੂੰਜਦੀ ਹੈ।” ਸਾਹਿਤ ਅਤੇ ਮਨੋਵਿਗਿਆਨ ਦੇ ਰੰਗ ਵਿਚ ਦਿੱਤਾ ਇਹ ਜਵਾਬ ਸੁਣ ਕੇ ਜਦੋਂ ਮੈਂ ਹੋਰ ਫੋਲਾ-ਫਾਲੀ ਕੀਤੀ ਤਾਂ ਪਤਾ ਲੱਗਾ ਕਿ ਇਸ ਕੁੜੀ ਦਾ ਨਜ਼ਦੀਕੀ ਰਿਸ਼ਤੇਦਾਰ ਗਿੱਲ ਦੇ ਪੁਲਿਸ ਰਾਜ ਵਿਚ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋਇਆ ਸੀ। ਇਸ ਕੁੜੀ ਨਾਲ ਮੁਲਾਕਾਤ ਤੋਂ ਮੈਨੂੰ ਚੰਡੀਗੜ੍ਹ ਵਿਚ ਮਾਨਸਿਕ ਰੋਗੀਆਂ ਦੀ ਇਕ ਮਾਹਿਰ ਹਿੰਦੂ ਡਾਕਟਰ ਬੀਬੀ ਦੀ ਕਈ ਸਾਲ ਪਹਿਲਾਂ ਕੀਤੀ ਉਹ ਟਿੱਪਣੀ ਯਾਦ ਆ ਗਈ ਜਿਸ ਵਿਚ ਉਸ ਨੇ ਮੈਨੂੰ ਸਵਾਲ ਕੀਤਾ ਸੀ, “ਕੀ ਤੁਹਾਨੂੰ ਪਤਾ ਹੈ ਕਿ ਮੇਰੇ ਕੋਲ ਬਹੁਤ ਸਾਰੇ ਮਰੀਜ਼ ਇਹੋ ਜਿਹੇ ਵੀ ਆਉਂਦੇ ਹਨ, ਜੋ ਉਸ ਸਮੇਂ ਅਜੇ ਬਚਪਨ ਵਿਚ ਹੀ ਸਨ ਜਦੋਂ ਉਨ੍ਹਾਂ ਦੇ ਕਿਸੇ ਨੇੜਲੇ ਰਿਸ਼ਤੇਦਾਰ-ਪਿਓ, ਭਰਾ ਜਾਂ ਚਾਚੇ-ਤਾਏ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਪੁਲਿਸ ਫੜ ਕੇ ਲੈ ਗਈ, ਉਨ੍ਹਾਂ ਦੇ ਸਾਹਮਣੇ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਬੇਪਤ ਕੀਤਾ ਗਿਆ। ਹੁਣ ਉਹ ਬੱਚੇ ਵੱਡੇ ਹੋ ਗਏ ਹਨ ਪਰ ਬਚਪਨ ਵਿਚ ਦੇਖੇ ਉਹ ਦਰਦਨਾਕ ਦ੍ਰਿਸ਼ ਸਦਮੇ ਅਤੇ ਜ਼ਖਮ ਬਣ ਕੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਸੰਗੀ ਸਾਥੀ ਬਣੇ ਹੋਏ ਹਨ, ਜਿਸ ਨਾਲ ਉਹ ਹੁਣ ਮਾਨਸਿਕ ਤੌਰ ‘ਤੇ ਬਿਮਾਰ ਹੀ ਹਨ।”
ਇਸ ਡਾਕਟਰ ਨੇ ਇਹ ਵੀ ਦੱਸਿਆ ਕਿ ਜਦੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਤੁਹਾਡੀਆਂ ਅੱਖਾਂ ਸਾਹਮਣੇ ਇਸ ਤਰ੍ਹਾਂ ਮਰਦਾ ਹੈ ਤਾਂ ਉਸ ਦੇ ਨਾਲ ਦਰਜਨਾਂ ਦੂਰ ਨੇੜੇ ਦੇ ਰਿਸ਼ਤੇਦਾਰ ਤੇ ਦੋਸਤ ਵੀ ਉਸ ਮੌਤ ਤੋਂ ਪ੍ਰਭਾਵਿਤ ਹੁੰਦੇ ਹਨ। ਜੁਝਾਰੂ ਲਹਿਰ ਖਤਮ ਹੋਣ ਪਿੱਛੋਂ ਹਜ਼ਾਰਾਂ ਅਜਿਹੇ ਲੋਕ ਹਨ ਜਿਨ੍ਹਾਂ ਨੇ ਆਪਣੇ ਅੰਦਰ ਤਰ੍ਹਾਂ-ਤਰ੍ਹਾਂ ਦਾ ਗੁੱਸਾ, ਰੋਸ ਅਤੇ ਨਫਰਤ ਨੂੰ ਜਵਾਨ ਕੀਤਾ ਹੋਇਆ ਹੈ। ਮੈਨੂੰ ਉਸ ਸਮੇਂ ਮਹਿਸੂਸ ਹੋਇਆ ਕਿ ਇਹ ਵੱਡਾ ਕਾਫਲਾ ਆਪਣੇ ਆਪ ਵਿਚ ਇਕ ਖਾਮੋਸ਼ ਬਗਾਵਤ ਹੀ ਹੈ ਜਿਸ ਵਿਚੋਂ ਕਈ ਲੇਖਕ, ਪੱਤਰਕਾਰ ਅਤੇ ਇਨਕਲਾਬੀ ਜਨਮ ਲੈਣਗੇ।
ਚੇਤੇ ਰਹੇ, ਜੁਝਾਰੂ ਲਹਿਰ ਦੇ ਸ਼ਹੀਦਾਂ ਨਾਲ ਸਬੰਧਿਤ ਦੂਰ ਨੇੜੇ ਦੇ ਅਣਗਿਣਤ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਭਾਰਤ ਤੇ ਵਿਦੇਸ਼ਾਂ ‘ਚ ਉਚੀਆਂ ਪੜ੍ਹਾਈਆਂ ਕਰ ਰਹੇ ਹਨ। ਇਤਿਹਾਸ, ਸਾਹਿਤ, ਦਰਸ਼ਨ ਅਤੇ ਸਮਾਜ ਵਿਗਿਆਨ ਵਰਗੇ ਵਿਸ਼ੇ ਪੜ੍ਹ ਰਹੇ ਇਨ੍ਹਾਂ ਮੁੰਡੇ-ਕੁੜੀਆਂ ਦੀ ਜੁਝਾਰੂ ਲਹਿਰ ਨਾਲ ਆਪਣੀ ਹੀ ਕਿਸਮ ਦੀ ਇਕ ਹਮਦਰਦੀ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਕੋਲ ਅੱਗੇ ਵਧਣ ਲਈ ਕੋਈ ਸਾਰਥਕ ਦਿਸ਼ਾ ਨਹੀਂ।
ਕੇæਪੀæਐਸ਼ ਗਿੱਲ ਦੀ ਮੌਤ ਪਿੱਛੋਂ ਮੀਡੀਏ ਦਾ ਵੱਡਾ ਹਿੱਸਾ ਅਤੇ ਜੁਝਾਰੂ ਲਹਿਰ ਦੇ ਸਰਗਰਮ ਵਿਰੋਧੀ ਲੇਖਕ, ਪੱਤਰਕਾਰ ਤੇ ਅਖੌਤੀ ਵਿਦਵਾਨ ਜਦੋਂ ‘ਸੁਪਰ ਕਾਪ’ ਨੂੰ ਇਹ ਕਹਿ ਕੇ ਸ਼ਰਧਾਂਜਲੀ ਭੇਟ ਕਰਦੇ ਹਨ ਕਿ ਉਸ ਨੇ ਪੰਜਾਬ ਨੂੰ ਪੱਕੇ ਪੈਰਾਂ ‘ਤੇ ਖੜ੍ਹੇ ਕੀਤਾ ਅਤੇ ਜਦੋਂ ਉਸ ਨੂੰ ਅਮਨ ਦਾ ਦੇਵਤਾ ਕਹਿ ਕੇ ਵਡਿਆਉਂਦੇ ਹਨ ਤਾਂ ਲਹਿਰਾਂ ਬਾਰੇ ਉਨ੍ਹਾਂ ਦੇ ਗਿਆਨ, ਜਾਣਕਾਰੀ ਅਤੇ ਸਮਝ ‘ਤੇ ਹਾਸਾ ਆਉਂਦਾ ਹੈ ਕਿ ਇਹ ਕੈਸਾ ਅਮਨ ਹੈ ਜੋ ਖਾਲਸਾ ਪੰਥ ਦੇ ਚਮਨ ਨੂੰ ਉਜਾੜ ਕੇ ਲਿਆਂਦਾ ਗਿਆ ਹੈ? ਹੁਣ ਜਦੋਂ ਗਿੱਲ ਦੀ ਮੌਤ ਪਿੱਛੋਂ ਦੋ ਕੌਮਾਂ ਤਨ-ਮਨ-ਰੂਹ ਦੇ ਪੱਖ ਤੋਂ ਇਕ ਦੂਜੇ ਦੇ ਉਲਟ ਧੁਰਿਆਂ ‘ਤੇ ਖੜ੍ਹੀਆਂ ਹਨ ਤਾਂ ਕੀ ਅਜਿਹਾ ਅਮਨ ਸਥਾਈ ਹੋ ਸਕਦਾ ਹੈ? ਲਗਾਤਾਰ ਕਾਇਮ ਰਹਿ ਵੀ ਸਕੇਗਾ? ਪਰ ਅਜਿਹੀਆਂ ਵੱਡੀਆਂ ਗੱਲਾਂ ਸੋਚਣ ਦੀ ਵਿਹਲ ਹੁਣ ਕਿਸ ਨੂੰ ਹੈ? ਨਾ ਆਪਣਿਆਂ ਨੂੰ ਤੇ ਨਾ ਹੀ ਬਿਗਾਨਿਆਂ ਨੂੰ।

ਅੱਧਖਿੜੇ ਫੁੱਲਾਂ ਦਾ ਕਾਤਲ ਸੀ ਉਹæææ
ਪੰਜਾਬ ਦੇ ਸਾਬਕਾ ਡੀæਜੀæਪੀæ ਕੇæਪੀæਐਸ਼ ਗਿੱਲ ਦੀ ਮੌਤ ਤੋਂ ਪਿੱਛੋਂ ਇਕੱਠੇ ਕੀਤੇ ਜਾਣ ਵਾਲੇ ਪ੍ਰਤੀਕਰਮਾਂ ਵਿਚੋਂ ਇਕ ਪ੍ਰਤੀਕਰਮ ਪੰਜਾਬੀ ਯੂਨੀਵਰਸਿਟੀ ਵਿਚ ਪੀਐਚæਡੀæ ਕਰ ਰਹੇ ਇਕ ਵਿਦਿਆਰਥੀ ਦਾ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਅਤੇ ਨਿਵਕੇਲੀ ਕਿਸਮ ਦਾ ਸੀ ਜਿਸ ਨਾਲ ਮਹਿਸੂਸ ਹੋਇਆ ਜਿਵੇਂ ਇਹ ਪ੍ਰਤੀਕਰਮ ਸਾਹਿਤ, ਫਿਲਾਸਫੀ, ਧਰਮ ਅਤੇ ਸਭਿਆਚਾਰਾਂ ਦੇ ਉਦਾਸ ਰੰਗਾਂ ਦਾ ਇਕ ਗੁਲਦਸਤਾ ਹੈ। ਪਰ ਇਸ ਵਿਦਿਆਰਥੀ ਦੀ ਟਿਪਣੀ ਵਿਚ ਉਚੀ ਕਿਸਮ ਦੀ ਸੁਰਤ ਦਾ ਪਰਵਾਜ਼ ਵੀ ਹੈ ਅਤੇ ਡੂੰਘਾ ਰੋਸ ਵੀ।
ਆਰਟਸ ਨਾਲ ਸਬੰਧਤ ਇਕ ਵਿਸ਼ੇ ‘ਤੇ ਖੋਜ ਕਰ ਰਿਹਾ ਇਹ ਰਿਸਰਚ ਸਕਾਲਰ ਹਿਰਦੇਪਾਲ ਸਿੰਘ (ਅਸਲ ਨਾਂ ਨਹੀਂ) ਦਾ ਮੰਨਣਾ ਹੈ ਕਿ ਗਿੱਲ ਦੀ ਮੌਤ ਕੁਦਰਤੀ ਨਹੀਂ, ਸਗੋਂ ਉਸ ਨੂੰ ਉਨ੍ਹਾਂ ਲੋਕਾਂ ਦੀਆਂ ਰੂਹਾਂ ਨੇ ਮਾਰਿਆ ਹੈ ਜਿਨ੍ਹਾਂ ਨੂੰ ਗਿੱਲ ਤੇ ਉਸ ਦੀ ਪੁਲਿਸ ਨੇ ਸੈਂਕੜੇ ਅੱਧਖਿੜੇ ਫੁੱਲਾਂ ਨੂੰ ਕੁਚਲ ਦਿੱਤਾ ਤੇ ਹਜ਼ਾਰਾਂ ਲਾਸ਼ਾਂ ਨੂੰ ਅਣਪਛਾਤੀਆਂ ਕਰਾਰ ਦੇ ਕੇ ਨਹਿਰਾਂ ਅਤੇ ਦਰਿਆਵਾਂ ਦੇ ਡੂੰਘੇ ਪਾਣੀਆਂ ਵਿਚ ਖਪਾ ਦਿੱਤਾ।
ਹਿਰਦੇਪਾਲ ਸਿੰਘ ਨੇ ਕੇæਪੀæਐਸ਼ ਗਿੱਲ ਨੂੰ ਸ਼ੇਕਸਪੀਅਰ ਦੇ ਮਸ਼ਹੂਰ ਨਾਟਕ ‘ਮੈਕਬੈਥ’ ਨਾਲ ਤੁਲਨਾ ਦਿੱਤੀ ਜਿਸ ਵਿਚ ਮੈਕਬੈਥ ਨੇ ਨੀਂਦ ਵਿਚ ਸੁੱਤੇ ਬਾਦਸ਼ਾਹ ਡੰਕਨ ਦਾ ਕਤਲ ਕਰਕੇ ਇਹ ਟਿੱਪਣੀ ਕੀਤੀ ਕਿ ਉਸ ਨੇ ਡੰਕਨ ਦੀਆਂ ਨੀਂਦਰਾਂ ਦਾ ਕਤਲ ਕਰ ਦਿੱਤਾ ਹੈ ਪਰ ਨਾਲ ਹੀ ਉਸ ਦੀਆਂ ਆਪਣੀਆਂ ਨੀਂਦਰਾਂ ਵੀ ਗਵਾਚ ਗਈਆਂ ਹਨ। ਇਸ ਰਿਸਰਚ ਸਕਾਲਰ ਦਾ ਕਹਿਣਾ ਸੀ ਕਿ ਗਿੱਲ ਦੇ ਅੰਦਰ ਤੂਤ ਦੀ ਛਟੀ ਵਰਗੇ ਨੌਜਵਾਨਾਂ ਦਾ ਖੂਨ ਪੀ ਕੇ ਰਤਾ ਵੀ ਪਛਤਾਵਾ ਨਹੀਂ ਆਇਆ ਅਤੇ ਉਹ ਆਪਣੇ ਗੁਨਾਹ ਨੂੰ ਛੁਪਾਉਣ ਅਤੇ ਭੁਲਾਉਣ ਲਈ ਹੋਰ-ਹੋਰ ਕਤਲ ਕਰਦਾ ਚਲਿਆ ਗਿਆ। ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਨੂੰ ਆਪਣਾ ਘਰ ਵੀ ਨਸੀਬ ਨਾ ਹੋਇਆ, ਜਿੱਥੇ ਉਨ੍ਹਾਂ ਦੇ ਵਾਰਿਸ ਆਪਣੇ ਪਿਆਰਿਆਂ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋ ਸਕਣ। ਇਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਖੋਜ ਕਰਨ ਵਾਲੇ ਸ਼ਹੀਦ ਸ਼ ਜਸਵੰਤ ਸਿੰਘ ਖਾਲੜਾ ਗਵਾਹ ਸਨ, ਜਿਨ੍ਹਾਂ ਨੂੰ ਗਿੱਲ ਦੀ ਪੁਲਿਸ ਨੇ ਇਸ ਤਰ੍ਹਾਂ ਖਪਾਇਆ ਕਿ ਉਨ੍ਹਾਂ ਦਾ ਅੱਜ ਤੱਕ ਪਤਾ ਨਹੀਂ ਲੱਗਿਆ।
ਸੰਜਮ ਤੇ ਧੀਰਜ ਵਿਚ ਭਿੱਜੀ ਭਾਵੁਕਤਾ ਦੇ ਰੰਗ ਵਿਚ ਬੋਲਦਿਆਂ ਹਿਰਦੇਪਾਲ ਸਿੰਘ ਨੇ ਸਵਾਲ ਕੀਤਾ, “ਕੀ ਕਿਸੇ ਨੇ ਉਸ ਤਿੰਨ ਸਾਲ ਦੇ ਮਰੇ ਬੱਚੇ ਦੀਆਂ ਅੱਖਾਂ ਵੱਲ ਵੇਖਿਆ ਸੀ, ਜਿਸ ਨੂੰ ਗਿੱਲ ਦੀ ਪੁਲਿਸ ਨੇ ਤੜਫਾ-ਤੜਫਾ ਕੇ ਮਾਰਿਆ? ਉਹ ਮਾਸੂਮ ਤੇ ਨਿਰਦੋਸ਼ ਅੱਖਾਂ ਕੁਝ ਕਹਿੰਦੀਆਂ ਸਨ, ਕੁਝ ਸਵਾਲ ਕਰਦੀਆਂ ਸਨ।
ਭਾਰਤੀ ਸਟੇਟ ਦੀ ਸਿੱਖਾਂ ਪ੍ਰਤੀ ਕੁਟਿਲ ਨੀਤੀ ‘ਤੇ ਟਿੱਪਣੀ ਕਰਦਿਆਂ ਹਿਰਦੇਪਾਲ ਸਿੰਘ ਨੇ ਕਿਹਾ ਕਿ ਭਾਰਤੀ ਸਟੇਟ ਨੂੰ ਸਭ ਤੋਂ ਵੱਡਾ ਦੁਖ ਹੀ ਇਸ ਗੱਲ ਦਾ ਹੈ ਕਿ ਸਿੱਖ ਕੌਮ ‘ਤੇ ਜ਼ੁਲਮ ਦੇ ਸਾਰੇ ਹਥਿਆਰ ਵਰਤ ਕੇ ਵੀ ਉਨ੍ਹਾਂ ਦਾ ਨਿਆਰਾਪਣ ਅਜੇ ਵੀ ਕਿਉਂ ਨਹੀਂ ਮਰਿਆ? ਉਨ੍ਹਾਂ ਕਿਹਾ ਕਿ ਭਾਵੇਂ ਅੱਜ ਸਾਡੀ ਕੌਮ ਇਤਿਹਾਸ ਦੇ ਸਭ ਤੋਂ ਵੱਡੇ ਨਿਘਾਰ ਦੇ ਆਲਮ ਵਿਚ ਵਿਚਰ ਰਹੀ ਹੈ ਪਰ ਤਾਂ ਵੀ ਅਜੇ ਕੁਝ ਲੋਕ ਮੌਜੂਦ ਹਨ, ਜੋ ਰੂਹਾਨੀ ਬੁਲੰਦੀਆਂ ਦੇ ਪ੍ਰਤੀਕ ਹਨ। ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਭਾਰਤੀ ਸਟੇਟ ਸਾਰੀਆਂ ਸ਼ਰਮਾਂ ਲਾਹ ਕੇ ਉਸ ਬੰਦੇ ਨੂੰ ਦੇਵਤਾ ਬਣਾ ਰਹੀ ਹੈ ਜਿਸ ਦੀਆਂ ਮਾੜੀਆਂ ਤੇ ਇਖਲਾਕਹੀਣ ਆਦਤਾਂ ਜੱਗ ਜ਼ਾਹਰ ਹਨ ਅਤੇ ਜੋ ਮਨੁੱਖੀ ਕਦਰਾਂ-ਕੀਮਤਾਂ ਦਾ ਸਭ ਤੋਂ ਵੱਡਾ ਮੁਜਰਿਮ ਹੋ ਨਿੱਬੜਿਆ ਹੈ।
ਹਿਰਦੇਪਾਲ ਸਿੰਘ ਨੇ ਕੇæਪੀæਐਸ਼ ਗਿੱਲ ਦੀ ਮੌਤ ਦਾ ਹਵਾਲਾ ਦਿੰਦਿਆਂ ਕਾਮਰੇਡ ਮਾਨਸਿਕਤਾ ‘ਤੇ ਤਿੱਖੀ ਟਿੱਪਣੀ ਕੀਤੀ ਤੇ ਕਿਹਾ ਕਿ ਇਸ ਸਮੇਂ ਹਾਲਤ ਇਹ ਹੈ ਕਿ ਭਾਰਤੀ ਸਟੇਟ, ਪੰਜਾਬ ਦੀ ਕਾਮਰੇਡ ਮਾਨਸਿਕਤਾ ਤੇ ਭਾਰਤ ਦੀ ਬਹੁਗਿਣਤੀ ‘ਤੇ ਕਾਬਜ਼ ਹਾਕਮ ਜਮਾਤ ਨੂੰ ਗਿੱਲ ਦੀ ਮੌਤ ‘ਤੇ ਸਾਂਝਾ ਦੁਖ ਹੋਇਆ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੇ ਇਸ ਦੁਖ ਦਾ ਇਜ਼ਹਾਰ ਖੁੱਲ੍ਹੇਆਮ ਨਹੀਂ ਕੀਤਾ। ਫਿਰ ਵੀ ਉਨ੍ਹਾਂ ਦੇ ਚਿਹਰਿਆਂ ਦੀ ਜ਼ੁਬਾਨ ਨੂੰ ਪੜ੍ਹਨਾ ਔਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਮਰੇਡਾਂ ਦੇ ਗਿਆਨ ‘ਤੇ ਹਾਸਾ ਆਉਂਦਾ ਹੈ, ਜਿਨ੍ਹਾਂ ਨੂੰ ਕਸ਼ਮੀਰ ਦੀ ਜੱਦੋ-ਜਹਿਦ ਨਾਲ ਤਾਂ ਹਮਦਰਦੀ ਹੈ, ਪਰ ਆਪਣੇ ਘਰ ਵਿਚ ਜੋ ਕੁਝ ਹੋ ਰਿਹਾ ਹੈ, ਉਸ ਦੀ ਕੁਝ ਵੀ ਸਮਝ ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਤਾਂ ਮਾਰਕਸਵਾਦ ਦੀ ਰੂਹ ਨਾਲ ਵੀ ਕੋਈ ਸਾਂਝ ਨਹੀਂ ਅਤੇ ਇਕ ਤਰ੍ਹਾਂ ਨਾਲ ਨਾਮਧਰੀਕ ਮਾਰਕਸਵਾਦੀ ਹੀ ਹਨ।
ਹਿਰਦੇਪਾਲ ਸਿੰਘ ਨੇ ਕੇæਪੀæਐਸ਼ ਗਿੱਲ ਦੀ ਇਕ ਮੁਲਾਕਾਤ ਦਾ ਹਵਾਲਾ ਦਿੱਤਾ ਜਿਸ ਵਿਚ ਉਸ ਨੇ ਮੰਨਿਆ ਸੀ ਕਿ ਸਿੱਖ ਲਹਿਰ ਨੂੰ ਖਤਮ ਕਰਨ ਲਈ ਉਸ ਨੇ ਜਾਸੂਸਾਂ ਦੀ ਭਾਲ ਲਈ ਉਨ੍ਹਾਂ ਪਿੰਡਾਂ ਦੀ ਚੋਣ ਕੀਤੀ, ਜਿੱਥੇ ਵਧੇਰੇ ਕਰਕੇ ਕਮਿਊਨਿਸਟ ਜਾਂ ਖੱਬੇ ਪੱਖੀ ਰਹਿੰਦੇ ਹਨ। ਇਹ ਵੀ ਮੰਨਿਆ ਕਿ ਜੁਝਾਰੂ ਲਹਿਰ ਨੂੰ ਕੁਚਲਣ ਲਈ ਉਸ ਨੇ ਇਨ੍ਹਾਂ ਕਮਿਊਨਿਸਟਾਂ ਨੂੰ ਵਰਤਿਆ। ਫਿਰ ਵੀ ਹਿਰਦੇਪਾਲ ਸਿੰਘ ਨੇ ਇਹ ਗੱਲ ਮੰਨੀ ਕਿ ਪੀæਐਸ਼ਯੂæ ਵਿਚ ਕੁਝ ਧਿਰਾਂ ਜਾਂ ਨੁਮਾਇੰਦੇ ਅਜਿਹੇ ਵੀ ਹਨ ਜੋ ਜੁਝਾਰੂ ਲਹਿਰ ਨੂੰ ਇਤਿਹਾਸਕ ਪਰਿਪੇਖ ਵਿਚ ਰੱਖ ਕੇ ਸਮਝਦੇ ਹਨ। ਉਹ ਸਮਝਦੇ ਹਨ ਕਿ ਭਾਵੇਂ ਨਕਸਲੀ ਮਰੇ, ਭਾਵੇਂ ਕੋਈ ਜੁਝਾਰੂ ਮਰੇ, ਜ਼ੁਲਮ ਕਰਨ ਵਾਲੇ ਇਕੋ ਹੀ ਹਨ। ਹਿਰਦੇਪਾਲ ਸਿੰਘ ਨੇ ਕੁਝ ਲੇਖਕਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਗਿੱਲ ਦੀ ਮੌਤ ‘ਤੇ ਸੋਗ ਮਨਾਇਆ।