ਤਿੰਨ ਸਾਲਾਂ ਵਿਚ ਮੋਦੀ ਦੀਆਂ ਰਾਜਸੀ ਤਿਕੜਮਾਂ

-ਜਤਿੰਦਰ ਪਨੂੰ
ਚੰਗਾ ਲੱਗੇ ਜਾਂ ਮਾੜਾ, ਚੇਤਾ ਉਸ ਤਿੰਨ ਸਾਲ ਪਹਿਲਾਂ ਦੀ ਛੱਬੀ ਮਈ ਦਾ ਸਭ ਨੂੰ ਆਉਂਦਾ ਹੈ, ਜਦੋਂ ਭਾਰਤ ਦੀ ਜਨਤਾ ਦਾ ਬਹੁਤ ਵੱਡਾ ਫਤਵਾ ਪ੍ਰਾਪਤ ਕਰ ਕੇ ਨਰਿੰਦਰ ਦਮੋਦਰ ਦਾਸ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਕਮਾਨ ਸੰਭਾਲੀ ਸੀ। ਉਦੋਂ ਉਸ ਦੇ ਸਮਰਥਕਾਂ ਵਿਚ ਇੱਕ ਖਾਸ ਤਰ੍ਹਾਂ ਦਾ ਹੁਲਾਰਾ ਸੀ। ਉਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਅਜੇ ਵੀ ਸ਼ਾਇਦ ਉਸ ਹੁਲਾਰੇ ਦਾ ਅਹਿਸਾਸ ਹੋਵੇਗਾ, ਪਰ ਬਾਕੀ ਲੋਕ ਜਿੱਦਾਂ ਦੀ ਆਸ ਉਦੋਂ ਇਸ ਦੇਸ਼ ਦੇ ਨਵੇਂ ਆਗੂ ਤੋਂ ਲਾਈ ਫਿਰਦੇ ਸਨ, ਉਸ ਦੀ ਮੌਜੂਦਗੀ ਦਾ ਅਹਿਸਾਸ ਹੁਣ ਨਹੀਂ ਹੋ ਰਿਹਾ।

ਪਹਿਲੇ ਸੌ ਦਿਨ ਤਾਂ ਭਾਰਤ ਦੇ ਲੋਕ ਇਸ ਲੀਡਰ ਦੇ ‘ਅੱਛੇ ਦਿਨ ਆਨੇ ਵਾਲੇ ਹੈਂ’ ਦੇ ਨਾਅਰੇ ਨੂੰ ਅਮਲ ਵਿਚ ਆਉਂਦਾ ਵੇਖਣ ਲਈ ਤਾਂਘਦੇ ਰਹੇ। ਫਿਰ ਇਸ ਦੇ ਸਭ ਤੋਂ ਨੇੜਲੇ ਮਿੱਤਰ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਇਹ ਆਖ ਕੇ ਆਸ ਖਤਮ ਕਰ ਦਿੱਤੀ ਕਿ ‘ਅੱਛੇ ਦਿਨ’ ਦੇ ਨਾਅਰੇ ਨਾਲ ਜੁੜਿਆ ਹਰ ਕਿਸੇ ਨਾਗਰਿਕ ਦੇ ਖਾਤੇ ਵਿਚ ਤਿੰਨ-ਤਿੰਨ ਲੱਖ ਰੁਪਏ ਸਿੱਧੇ ਪਾਉਣ ਦਾ ਵਾਅਦਾ ਸਿਰਫ ਇੱਕ ‘ਚੋਣ ਜੁਮਲਾ’ ਸੀ। ਬੜੇ ਆਰਾਮ ਨਾਲ ਉਸ ਨੇ ਮੰਨ ਲਿਆ ਕਿ ਇਸ ਨਾਅਰੇ ਨਾਲ ਉਸ ਨੇ ਤੇ ਉਸ ਦੇ ‘ਸਾਹਿਬ’ ਨੇ ਇਸ ਦੇਸ਼ ਦੇ ਲੋਕਾਂ ਨੂੰ ਚਿੱਟੇ ਦਿਨ ਚੋਣ-ਧੋਖਾ ਦਿੱਤਾ ਸੀ। ਤਿੰਨ ਸਾਲ ਲੰਘਣ ਪਿੱਛੋਂ ਹੁਣ ਇਸ ਦੌਰ ਦੀ ਪੜਤਾਲ ਕਰਦੇ ਵਕਤ ਹਰ ਕਿਸੇ ਨੂੰ ਉਦੋਂ ਹੋਏ ਇਸ ਧੋਖੇ ਦਾ ਚੇਤਾ ਆਉਣਾ ਸੁਭਾਵਿਕ ਹੈ।
ਅੰਗਰੇਜ਼ੀ ਦਾ ਮੁਹਾਵਰਾ ਇਹ ਹੈ ਕਿ ‘ਵੈਲ ਬਿਗਨ ਇਜ਼ ਹਾਫ ਡੰਨ’ ਭਾਵ ਸ਼ੁਰੂਆਤ ਕੁਝ ਅੱਛੀ ਹੋਈ ਹੋਵੇ ਤਾਂ ਅੱਧਾ ਕੰਮ ਹੋ ਗਿਆ ਮੰਨਣਾ ਚਾਹੀਦਾ ਹੈ। ਨਰਿੰਦਰ ਮੋਦੀ ਨੇ ਸ਼ੁਰੂ ਹੀ ਚੋਣ ਜੁਮਲੇ ਨਾਲ ਲੋਕਾਂ ਨੂੰ ਚਿੱਟੇ ਦਿਨ ਬੇਵਕੂਫ ਬਣਾ ਕੇ ਕੀਤਾ ਸੀ, ਇਸ ਲਈ ‘ਹਾਫ ਡੰਨ’ ਦੀ ਬਜਾਏ ਲੋਕਾਂ ਦੇ ਮਨ ਵਿਚ ਉਸ ਵੱਲੋਂ ਕੀਤਾ ਬਾਅਦ ਦਾ ਹਰ ਕੰਮ ਵੀ ਇੱਕ ਪਿੱਛੋਂ ਦੂਸਰਾ ਸ਼ੱਕ ਪੈਦਾ ਕਰਨ ਦਾ ਕਾਰਨ ਹੀ ਬਣਦਾ ਰਿਹਾ।
ਇਹ ਗੱਲ ਬੜੇ ਜ਼ੋਰ ਨਾਲ ਪ੍ਰਚਾਰੀ ਜਾਂਦੀ ਹੈ ਕਿ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਤਰੱਕੀ ਦੇ ਪੜਾਅ ਪਾਰ ਕਰਦੀ ਜਾਂਦੀ ਹੈ। ਭਾਜਪਾ ਵੱਲੋਂ ਜਿੱਤੀਆਂ ਜਾਂਦੀਆਂ ਚੋਣਾਂ ਦਾ ਭਰਪੂਰ ਪ੍ਰਚਾਰ ਹੁੰਦਾ ਤੇ ਹਾਰ ਵਾਲੀ ਹਰ ਸੱਟ ਲੋਕਾਂ ਦੇ ਮਨਾਂ ਦੀ ਸਲੇਟ ਤੋਂ ਸਾਫ ਕਰਨ ਲਈ ਅਚਾਨਕ ਕੋਈ ਨਾ ਕੋਈ ਨਵਾਂ ਨਾਅਰਾ ਘੜਿਆ ਜਾਂਦਾ ਜਾਂ ਕੋਈ ਨਵਾਂ ਜੁਮਲਾ ਸੁਣਾ ਕੇ ਲੋਕਾਂ ਨੂੰ ਵਰਗਲਾਇਆ ਜਾਂਦਾ ਹੈ। ਫਿਰਕੂ ਚਾਲਾਂ ਨਾਲ ਆਮ ਲੋਕ ਉਕਸਾ ਕੇ ਸਭ ਤੋਂ ਵੱਡਾ ਰਾਜ ਉਤਰ ਪ੍ਰਦੇਸ਼ ਜਿੱਤ ਲੈਣ ਤੋਂ ਬਿਨਾ ਬਾਕੀ ਜਿਹੜੇ ਰਾਜਾਂ ਵਿਚ ਭਾਜਪਾ ਦੀ ਜਿੱਤ ਦੇ ਝੰਡੇ ਝੂਲਦੇ ਹਨ, ਦਲ-ਬਦਲੂਆਂ ਨੂੰ ਭਾਜਪਾ ਦਾ ਤਿਲਕ ਲਾ ਕੇ ਸਰਕਾਰਾਂ ਬਣਾਈਆਂ ਹਨ। ਆਸਾਮ ਵਰਗੇ ਰਾਜ ਵਿਚ ਸਰਕਾਰ ਦੀ ਕਮਾਨ ਵੀ ਕਾਂਗਰਸ ਵਿਚੋਂ ਨਵੇਂ-ਨਵੇਂ ਆਏ ਦਲ-ਬਦਲੂ ਦੇ ਹੱਥ ਦੇ ਦਿੱਤੀ ਗਈ ਤੇ ਜਿਨ੍ਹਾਂ ਲੋਕਾਂ ਨੇ ਮੋਦੀ ਦੇ ਕਹਿਣ ਉਤੇ ਏਸੇ ਝਾਕ ਵਿਚ ਇੱਕ ਸਾਲ ਪਹਿਲਾਂ ਕਾਂਗਰਸ ਛੱਡੀ ਸੀ, ਉਹ ਵੀ ਪਿੱਛੇ ਸੁੱਟ ਦਿੱਤੇ ਗਏ ਹਨ।
ਦੇਸ਼ ਦੀ ਸੁਰੱਖਿਆ ਤੇ ਗਵਾਂਢੀ ਦੇਸ਼ ਨਾਲ ਚਿਰਾਂ ਤੱਕ ਹੰਢਣ ਵਾਲੀ ਵਿਦੇਸ਼ ਨੀਤੀ ਦੇ ਪੱਖ ਤੋਂ ਪਹਿਲੀ ਵਾਰੀ ਭਾਰਤ ਦੇ ਲੋਕ ਏਨੇ ਅਵਾਜ਼ਾਰ ਹੋਏ ਹਨ ਕਿ ਉਨ੍ਹਾਂ ਦੀ ਤਸੱਲੀ ਕਰਾਉਣੀ ਔਖੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਜਿੰਨੀ ਵਾਰ ਮੋਦੀ ਨੇ ਹੱਥ ਮਿਲਾਇਆ, ਓਨੀ ਵਾਰੀ ਦਹਿਸ਼ਤਗਰਦੀ ਦੀ ਨਵੀਂ ਸੱਟ ਖਾਣੀ ਪਈ ਤੇ ਪਹਿਲਾਂ ਤੋਂ ਵੱਧ ਨੁਕਸਾਨ ਉਠਾਇਆ ਹੈ। ਨਵਾਜ਼ ਆਪਣੀ ਫੌਜ ਦੇ ਕਮਾਂਡਰਾਂ ਤੋਂ ਡਰਦਾ ਹੱਥ ਮਿਲਾਉਣ ਤੋਂ ਡਰੀ ਜਾਂਦਾ ਹੈ ਤੇ ਨਰਿੰਦਰ ਮੋਦੀ ਬਦੋ-ਬਦੀ ਵਾਲੀ ਸਕੀਰੀ ਪਾਉਣ ਤੁਰਿਆ ਰਹਿੰਦਾ ਹੈ। ਇਸ ਨਾਲ ਨੁਕਸਾਨ ਹੋਇਆ ਤੇ ਲੋਕਾਂ ਵਿਚ ਕੌੜ ਵਧੀ ਹੈ। ਅਜੇ ਵੀ ਨਰਿੰਦਰ ਮੋਦੀ ਇਸ ਨੀਤੀ ਵਿਚ ਕੋਈ ਨੁਕਸ ਮੰਨਣ ਨੂੰ ਤਿਆਰ ਨਹੀਂ।
ਪ੍ਰਧਾਨ ਮੰਤਰੀ ਦੀ ਪਦਵੀ ਸੰਭਾਲਦੇ ਸਾਰ ਨਰਿੰਦਰ ਮੋਦੀ ਨੇ ਇੱਕ ਪਿੱਛੋਂ ਦੂਸਰੇ ਦੇਸ਼ ਵਿਚ ਭਾਰਤੀ ਪਰਵਾਸੀ ਲੋਕਾਂ ਨਾਲ ਸਿੱਧੀ ਗੱਲ ਕਰਨ ਲਈ ਰੈਲੀਆਂ ਕੀਤੀਆਂ ਤੇ ਬੜੇ ਵਾਅਦੇ ਕੀਤੇ ਸਨ। ਪਾਰਲੀਮੈਂਟ ਚੋਣਾਂ ਦੌਰਾਨ ਚਲਾਏ ਗਏ ਚੋਣ ਜੁਮਲੇ ਵਾਂਗ ਪਰਵਾਸੀ ਭਾਰਤੀਆਂ ਨਾਲ ਕੀਤੇ ਵਾਅਦੇ ਵੀ ਫੋਕੇ ਜੁਮਲੇ ਹੋ ਗਏ। ਵੱਡੀ ਆਸ ਰੱਖ ਬੈਠੇ ਐਨ ਆਰ ਆਈ ਹੁਣ ਮੂੰਹ ਮੋਟਾ ਕਰੀ ਬੈਠੇ ਹਨ। ਮਨਾਂ ਵਿਚ ਕੌੜ ਵਧ ਗਈ ਹੈ। ਇਸ ਕੌੜ ਦੇ ਪਹਿਲੇ ਕਾਰਨ ਵੀ ਥੋੜ੍ਹੇ ਨਹੀਂ ਸੀ ਕਹੇ ਜਾ ਸਕਦੇ, ਪਰ ਨਰਿੰਦਰ ਮੋਦੀ ਸਰਕਾਰ ਦੀ ਨੋਟਬੰਦੀ ਨੇ ਉਨ੍ਹਾਂ ਨਾਲ ਜਿਹੜਾ ਵਿਹਾਰ ਕੀਤਾ ਹੈ, ਉਸ ਨੂੰ ਉਹ ਸਾਰੀ ਉਮਰ ਨਹੀਂ ਭੁਲਾ ਸਕਦੇ। ਪ੍ਰਚਾਰ ਇਹ ਕੀਤਾ ਕਿ ਪਰਵਾਸੀ ਭਾਰਤੀਆਂ ਲਈ ਬਾਕੀ ਲੋਕਾਂ ਨਾਲੋਂ ਵੱਧ ਸਮਾਂ ਹੱਦ ਰੱਖੀ ਹੈ, ਜਿਸ ਵਿਚ ਉਹ ਬੰਦ ਹੋਏ ਕਰੰਸੀ ਨੋਟ ਬਦਲ ਸਕਣਗੇ, ਪਰ ਜਦੋਂ ਏਥੇ ਆਏ ਤਾਂ ਬੰਦ ਕੀਤੇ ਹੋਏ ਨੋਟ ਬਦਲੇ ਨਹੀਂ ਗਏ ਤੇ ਡਾਲਰ ਖਰਚ ਕੇ ਮੁੜਨਾ ਪਿਆ। ਸਭ ਤੋਂ ਵੱਧ ਪਰਵਾਸੀ ਲੋਕ ਪੰਜਾਬ ਦੇ ਹਨ, ਦੂਸਰੇ ਨੰਬਰ ਉਤੇ ਗੁਜਰਾਤ ਤੇ ਤੀਸਰੇ ਉਤੇ ਕੇਰਲਾ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੂੰ ਬੰਦ ਕੀਤੇ ਹੋਏ ਨੋਟ ਬਦਲਣ ਦੀ ਸਹੂਲਤ ਦੇਣ ਲਈ ਜਿਹੜੇ ਕਾਊਂਟਰ ਖੋਲ੍ਹੇ ਗਏ, ਉਨ੍ਹਾਂ ਵਿਚੋਂ ਦੋ ਤਾਂ ਮਹਾਰਾਸ਼ਟਰ ਦੇ ਮੁੰਬਈ ਅਤੇ ਪੁਣੇ ਵਿਚ ਸਨ, ਤੀਸਰਾ ਤਾਮਿਲਨਾਡੂ ਦੇ ਚੇਨਈ ਸ਼ਹਿਰ ਵਿਚ, ਚੌਥਾ ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਪੰਜਵਾਂ ਨਵੀਂ ਦਿੱਲੀ ਵਿਚ ਖੋਲ੍ਹ ਦਿੱਤਾ ਗਿਆ। ਪੰਜਾਬ ਵਿਚ ਪਰਵਾਸੀ ਵੱਧ ਸਨ, ਉਨ੍ਹਾਂ ਲਈ ਏਥੇ ਕੋਈ ਕਾਊਂਟਰ ਨਹੀਂ ਖੋਲ੍ਹਿਆ ਗਿਆ, ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਵਿਚ ਵੀ ਨਹੀਂ। ਇਸ ਨਾਲ ਉਨ੍ਹਾਂ ਲੋਕਾਂ ਦੀ ਖੱਜਲ-ਖੁਆਰੀ ਲਈ ਮੁੱਢ ਆਪਣੇ ਆਪ ਬੰਨ੍ਹ ਦਿੱਤਾ ਗਿਆ ਤੇ ਪਰਵਾਸੀ ਭਾਰਤੀ ਲੋਕ ਖੱਜਲ ਹੋ ਕੇ ਆਪਣੇ ਦੇਸ਼ਾਂ ਵੱਲ ਮੁੜਦੇ ਰਹੇ ਸਨ।
ਨੋਟ-ਬੰਦੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਾਥੀ ਆਪਣੀ ਬਹੁਤ ਵੱਡੀ ਪ੍ਰਾਪਤੀ ਕਹਿ ਕੇ ਪੇਸ਼ ਕਰਦੇ ਹਨ, ਪਰ ਇਹ ਕਿੱਡੀ ਵੱਡੀ ਪ੍ਰਾਪਤੀ ਹੈ, ਇਹ ਵਿਆਖਿਆ ਪ੍ਰਸਿੱਧ ਪੱਤਰਕਾਰ ਵਿਨੋਦ ਦੂਆ ਵੱਲੋਂ ਬੋਲੇ ਗਏ ਚੰਦ ਸ਼ਬਦਾਂ ਜਿੰਨੀ ਸੌਖੀ ਕੋਈ ਨਹੀਂ ਕਰ ਸਕਦਾ। ਵਿਨੋਦ ਦੂਆ ਕਹਿੰਦੇ ਹਨ, “ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਕਿਹਾ ਸੀ ਕਿ ਦੁਨੀਆਂ ਦੇ ਵੱਡੇ-ਵੱਡੇ ਅਰਥ ਸ਼ਾਸਤਰੀ ਹਾਲੇ ਤੱਕ ਸਮਝ ਨਹੀਂ ਪਾਏ ਨੋਟਬੰਦੀ ਨੂੰ। ਮੈਂ ਪ੍ਰਧਾਨ ਮੰਤਰੀ ਜੀ ਨਾਲ ਸਹਿਮਤ ਹੋਣਾ ਚਾਹੁੰਦਾ ਹਾਂ। ਪ੍ਰਧਾਨ ਮੰਤਰੀ ਜੀ ਤੁਸੀਂ ਠੀਕ ਕਹਿੰਦੇ ਹੋ। ਦੁਨੀਆਂ ਦੇ ਵੱਡੇ-ਵੱਡੇ ਅਰਥ ਸ਼ਾਸਤਰੀ ਵਾਕਈ ਸਮਝ ਨਹੀਂ ਸਕੇ ਕਿ ਤੁਸੀਂ ਕੀਤਾ ਕੀ ਹੈ। ਉਹ ਇਕੱਲੇ ਨਹੀਂ ਹਨ, ਦਰਅਸਲ ਅਸੀਂ ਵੀ ਸਮਝ ਨਹੀਂ ਸਕੇ ਕਿ ਤੁਸਾਂ ਕੀਤਾ ਕੀ ਹੈ? ਕਦੇ-ਕਦੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਤੇ ਤੁਹਾਡੀ ਟੀਮ ਖੁਦ ਨਹੀਂ ਸਮਝ ਸਕੀ ਕਿ ਤੁਹਾਡੇ ਹੱਥੋਂ ਹੋ ਕੀ ਗਿਆ ਹੈ? ਪਹਿਲਾਂ ਜ਼ਿਕਰ ਹੋਇਆ ਕਿ ਬਲੈਕ ਮਨੀ ਖਤਮ ਕਰਨ ਲਈ ਨੋਟਬੰਦੀ ਕੀਤੀ ਹੈ। ਫਿਰ ਕਿਹਾ ਗਿਆ ਕਿ ਅਤਿਵਾਦੀਆਂ ਨੂੰ ਹੁੰਦੀ ਫੰਡਿੰਗ ਰੋਕਣ ਲਈ ਕੀਤਾ ਗਿਆ ਹੈ। ਫਿਰ ਕਿਹਾ ਗਿਆ ਕਿ ਜਿਹੜੀ ਨਕਲੀ ਕਰੰਸੀ ਬਣਦੀ ਹੈ, ਉਸ ਨੂੰ ਰੋਕਣ ਲਈ ਕੀਤਾ ਹੈ। ਫਿਰ ਕਿਹਾ ਗਿਆ ਕਿ ਕੈਸ਼-ਲੈਸ ਸੁਸਾਇਟੀ ਲਈ ਕੀਤਾ ਗਿਆ ਹੈ। ਫਿਰ ਕਿਹਾ ਗਿਆ ਕਿ ਲੈੱਸ ਕੈਸ਼ ਸੋਸਾਈਟੀ ਲਈ ਕੀਤਾ ਗਿਆ ਹੈ। ਅਜੇ ਹੁਣੇ ਜਿਹੇ ਤੁਹਾਡੇ ਇੱਕ ਸਲਾਹਕਾਰ ਨੇ ਕਿਹਾ ਹੈ ਕਿ ਰੀਅਲ ਅਸਟੇਟ ਦੀਆਂ ਕੀਮਤਾਂ ਵਿਚ ਕਮੀ ਲਿਆਉਣ ਲਈ ਕੀਤਾ ਗਿਆ ਹੈ। ਸਾਡੀ ਤੁਹਾਡੇ ਕੋਲ ਬੇਨਤੀ ਹੈ ਕਿ ਜਦੋਂ ਤੁਸੀਂ ਸਪੱਸ਼ਟ ਹੋ ਜਾਓਗੇ ਕਿ ਇਹ ਕਿਸ ਕੰਮ ਲਈ ਕੀਤਾ ਗਿਆ ਹੈ, ਸਾਨੂੰ ਵੀ ਦੱਸ ਦਿਓ।” ਵਿਨੋਦ ਦੂਆ ਦੀ ਇਹ ਲੰਮੀ ਟੂਕ ਅਸੀਂ ਇਸ ਲਈ ਪੇਸ਼ ਕੀਤੀ ਹੈ ਕਿ ਸਾਨੂੰ ਵੀ ਸਮਝ ਨਹੀਂ ਆਈ ਕਿ ਨਰਿੰਦਰ ਮੋਦੀ ਟੀਮ ਨੇ ਕੀਤਾ ਕੀ ਹੈ?
ਮੋਦੀ ਟੀਮ ਨੂੰ ਇਸ ਦੀ ਪ੍ਰਵਾਹ ਨਹੀਂ। ਉਹ ਯੂæਪੀæ ਵਿਚ ਚੋਣਾਂ ਦੀ ਜਿੱਤ ਨੂੰ ਨੋਟਬੰਦੀ ਦੇ ਫੈਸਲੇ ਉਤੇ ਮੋਹਰ ਆਖਦੇ ਰਹੇ, ਪਰ ਉਸੇ ਦਿਨ ਜਦੋਂ ਪੰਜਾਬ ਵਿਚ ਹਾਰ ਦੇ ਨਾਲ ਆਸਾਮ ਤੇ ਗੋਆ ਵਿਚ ਪਛੜ ਜਾਣ ਬਾਰੇ ਪੁੱਛਿਆ ਗਿਆ ਤਾਂ ਨੋਟਬੰਦੀ ਦਾ ਜ਼ਿਕਰ ਕਰਨ ਦੀ ਥਾਂ ਨੋਟਾਂ ਦੀ ਚਮਕ ਨਾਲ ਦਲ-ਬਦਲੀ ਕਰਵਾ ਕੇ ਬਣਾਈਆਂ ਸਰਕਾਰਾਂ ਨੂੰ ਨਰਿੰਦਰ ਮੋਦੀ ਦੀ ਰਾਜਨੀਤਕ ਕਲਾਕਾਰੀ ਦੀ ਕਮਾਲ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਸ਼ਾਇਦ ਇਹ ਗੱਲ ਵੱਧ ਠੀਕ ਹੈ। ਪਿਛਲੇ ਤਿੰਨ ਸਾਲਾਂ ਵਿਚ ਕੋਈ ਵੀ ਗੱਲ ਇਹੋ ਜਿਹੀ ਨਹੀਂ, ਜਿਸ ਵਿਚੋਂ ਕਮਾਲ ਦਿੱਸਦੀ ਹੋਵੇ। ਰਾਜਨੀਤਕ ਤਿਕੜਮਬਾਜ਼ੀ ਦਾ ਇੱਕੋ-ਇੱਕ ਇਮਤਿਹਾਨ ਹੈ, ਜਿਹੜਾ ਨਰਿੰਦਰ ਮੋਦੀ ਨੇ ਏਨੀ ਕਮਾਲ ਨਾਲ ਪਾਸ ਕਰ ਲਿਆ ਕਿ ਨਿਕੰਮੀ ਜਿਹੀ ਵਿਰੋਧੀ ਧਿਰ ਦੇ ਹੁੰਦਿਆਂ ਹਰ ਪਾਸੇ ਮੋਦੀ-ਮੋਦੀ ਹੋ ਰਹੀ ਹੈ। ਸਿਰਫ ਵਿਰੋਧੀ ਧਿਰ ਨਹੀਂ, ਆਪਣੀ ਪਾਰਟੀ ਦੇ ਅੰਦਰ ਵੀ ਜਦੋਂ ਨਰਿੰਦਰ ਮੋਦੀ ਦਾ ਕੋਈ ਬਦਲ ਨਹੀਂ ਲੱਭਦਾ, ਕਿਸੇ ਦੀ ਅੱਖ ਚੁੱਕ ਕੇ ਗੱਲ ਕਹਿਣ ਦੀ ਹਿੰਮਤ ਨਹੀਂ ਪੈਂਦੀ, ਉਸ ਦੌਰ ਵਿਚ ਤਿੰਨ ਸਾਲ ਲਗਾਤਾਰ ਸਰਕਾਰ ਚਲਾਈ ਜਾਣਾ ਵੀ ਆਪਣੇ ਆਪ ਵਿਚ ਪ੍ਰਾਪਤੀ ਮੰਨੀ ਜਾ ਸਕਦੀ ਹੈ। ਏਡੀ ਵੱਡੀ ‘ਪ੍ਰਾਪਤੀ’ ਦੇ ਹੁੰਦਿਆਂ ਨਰਿੰਦਰ ਮੋਦੀ ਨੂੰ ਹੋਰ ਕਾਸੇ ਦੀ ਲੋੜ ਵੀ ਕੀ ਹੈ?