ਭਾਰਤੀ ਸਿਆਸਤ ਅਤੇ ਨਕਸਲਬਾੜੀ ਦੇ 50 ਵਰ੍ਹੇ-2
ਬੂਟਾ ਸਿੰਘ
ਫੋਨ: +91- 94634-74342
ਹੁਕਮਰਾਨ ਜਮਾਤ ਵਲੋਂ ਭਾਵੇਂ ਇਕਜੁਟ ਹੋ ਕੇ ਕੀਤੇ ਕਤਲੇਆਮ ਅਤੇ ਲੀਡਰਸ਼ਿਪ ਦੀਆਂ ਆਪਣੀਆਂ ਸਿਧਾਂਤਕ-ਸਿਆਸੀ ਗ਼ਲਤੀਆਂ ਤੇ ਕਮੀਆਂ ਕਾਰਨ 1970 ਦਾ ਇਨਕਲਾਬੀ ਉਭਾਰ ਵਕਤੀ ਤੌਰ ‘ਤੇ ਦਬਾ ਦਿੱਤਾ ਗਿਆ, ਪਰ ਇਸ ਨੇ ਦੱਬੇਕੁਚਲੇ ਅਵਾਮ ਵਿਚ ਹਥਿਆਰਬੰਦ ਇਨਕਲਾਬ ਰਾਹੀਂ ਸੱਚੀ ਮੁਕਤੀ ਦੀ ਨਵੀਂ ਉਮੀਦ ਜਗਾ ਦਿੱਤੀ। ਨਕਸਲਬਾੜੀ ਦੀ ਵਿਸ਼ੇਸ਼ ਖ਼ੂਬੀ ਹੈ। ਜਦੋਂ ਇਸ ਲਹਿਰ ਨੂੰ ਇਕ ਇਲਾਕੇ ਵਿਚ ਦਬਾ ਦਿੱਤਾ ਜਾਂਦਾ ਹੈ ਤਾਂ ਕਿਸੇ ਹੋਰ ਇਲਾਕੇ ਵਿਚ ਉਠ ਖੜ੍ਹਦੀ ਹੈ; ਕਈ ਵਾਰ ਤਾਂ ਐਸੇ ਇਲਾਕੇ ਵਿਚ ਜਿਥੇ ਹੁਕਮਰਾਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।
ਇਸ ਦਾ ਆਧਾਰ ਮੁਲਕ ਦੇ ਰਾਜਕੀ ਢਾਂਚੇ ਦੀ ਵਜੂਦ-ਸਮੋਈ ਨਾਬਰਾਬਰੀ ਤੇ ਅਨਿਆਂ ਹੈ ਅਤੇ ਇਨਕਲਾਬੀ ਗਤੀਸ਼ੀਲਤਾ ਨਕਸਲਬਾੜੀ ਸਿਆਸਤ ਦਾ ਧੁਰਾ ਹੈ। ਇਹ ਗਤੀਸ਼ੀਲਤਾ ਹੀ ਇਸ ਨੂੰ ਜਿਉਂਦਾ ਰੱਖ ਰਹੀ ਹੈ। ਚਾਰੂ ਮਜੂਮਦਾਰ ਦੀ ਪੇਸ਼ੀਨਗੋਈ ਵਾਰ-ਵਾਰ ਸਹੀ ਸਾਬਤ ਹੋਈ ਹੈ। ਉਸ ਨੇ ਲਹਿਰ ਨੂੰ ਪੈ ਰਹੀਆਂ ਪਛਾੜਾਂ ਨੂੰ ਦੇਖਦਿਆਂ ਦਾਅਵੇ ਨਾਲ ਕਿਹਾ ਸੀ ਕਿ ਨਕਸਲਬਾੜੀ ਜ਼ਿੰਦਾ ਹੈ ਅਤੇ ਜ਼ਿੰਦਾ ਰਹੇਗੀ, ਕਿਉਂਕਿ ਇਹ ਅਜਿੱਤ ਮਾਰਕਸਵਾਦ ‘ਤੇ ਆਧਾਰਤ ਹੈ।
ਸੌ ਕਰੋੜ ਦੇ ਕਰੀਬ ਦੱਬੇ-ਕੁਚਲੇ ਅਤੇ ਮਿਹਨਤਕਸ਼ ਅਵਾਮ ਅਖੌਤੀ ‘ਮੁੱਖਧਾਰਾ’ ਸਿਆਸਤ ਦੇ ਮਕੜਜਾਲ ਵਿਚ ਘਿਰੇ ਹੋਏ ਹਨ ਜਿਨ੍ਹਾਂ ਨੂੰ ਬਿਹਤਰ ਭਵਿਖ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ, ਪਰ ਆਦਿਵਾਸੀ ਵਸੋਂ ਵਾਲੇ 10 ਸੂਬਿਆਂ ਅੰਦਰ ਡੇਢ ਦਹਾਕੇ ਤੋਂ ਚੱਲ ਰਹੀ ਗਹਿਗਚ ਲੜਾਈ ਵਿਚ ਉਮੀਦ ਦਾ ਸੂਰਜ ਮਘਦਾ ਅੱਜ ਵੀ ਦੇਖਿਆ ਜਾ ਸਕਦਾ ਹੈ। ਸਟੇਟ ਦਾ ਜਬਰ ਕਿੰਨਾ ਵੀ ਵਹਿਸ਼ੀ ਹੋਵੇ, ਇਹ ਅਵਾਮ ਦੀ ਬਿਹਤਰ ਜ਼ਿੰਦਗੀ ਦੀ ਤਾਂਘ ਅਤੇ ਸੱਚੀ ਜਮਹੂਰੀਅਤ ਦੇ ਸੁਪਨੇ ਨੂੰ ਕਤਲ ਨਹੀਂ ਕਰ ਸਕਦਾ। ਲੜਾਈ ਦੇ ਲੇਖੇ-ਜੋਖੇ ਅਤੇ ਸਵੈ-ਪੜਚੋਲ ਦੇ ਆਧਾਰ ‘ਤੇ ਬਿਖਰੀ ਹੋਈ ਤਾਕਤ ਨੂੰ ਮੁੜ ਜਥੇਬੰਦ ਕਰਨ ਦੇ ਗੰਭੀਰ ਯਤਨਾਂ ਨਾਲ ਸਮਾਂ ਪਾ ਕੇ ਇਹ ਲਹਿਰ ਹਿੰਦੁਸਤਾਨੀ ਸਟੇਟ ਲਈ ਪਹਿਲਾਂ ਤੋਂ ਵੀ ਵੱਡੀ ਇਨਕਲਾਬੀ ਚੁਣੌਤੀ ਅਤੇ ਹਥਿਆਰਬੰਦ ਸਿਆਸੀ ਤਾਕਤ ਬਣ ਕੇ ਉਭਰ ਆਈ। ਆਂਧਰਾ ਪ੍ਰਦੇਸ਼ ਅਤੇ ਬਿਹਾਰ ਮੁੜ ਜਥੇਬੰਦ ਹੋਈ ਲਹਿਰ ਦੇ ਮੁੱਖ ਕੇਂਦਰ ਬਣ ਕੇ ਉਭਰੇ ਜਿਥੇ ਸਦੀਵੀ ਲੁੱਟ, ਜਗੀਰੂ ਧੌਂਸ ਅਤੇ ਉਚਜਾਤੀ ਦਾਬੇ ਨੂੰ ਚੁਣੌਤੀ ਦਿੰਦਿਆਂ ਬੇਵਸ ਗ਼ਰੀਬਾਂ ਦੀ ਇਨਕਲਾਬੀ ਤਾਕਤ ਉਸਾਰੀ ਗਈ। ਫਿਰ ਇਸ ਦਾ ਵਿਸਤਾਰ ਉਨ੍ਹਾਂ ਸਾਰੇ ਇਲਾਕਿਆਂ ਵਿਚ ਹੋ ਗਿਆ ਜਿਨ੍ਹਾਂ ਨੂੰ ਹੁਣ ਮੁਲਕ ਦੇ ਹੁਕਮਰਾਨ ‘ਲਾਲ ਲਾਂਘਾ’ ਕਹਿੰਦੇ ਹਨ। ਇਸ ਨੂੰ ਜਬਰ ਨਾਲ ਦਬਾਉਣਾ ਹੁਣ ਸੁਖਾਲਾ ਨਹੀਂ, ਕਿਉਂਕਿ ਇਹ ਹੁਣ ਮਜ਼ਬੂਤ ਲੋਕ ਆਧਾਰ ਵਾਲੀ ਪ੍ਰਪੱਕ ਸਿਆਸੀ ਲਹਿਰ ਬਣ ਚੁੱਕੀ ਹੈ। ਇਸ ਕੋਲ ਨਾ ਕੇਵਲ ਮੁਲਕ ਦੇ ਸਮਾਜੀ ਢਾਂਚੇ ਦੀ ਕਾਇਆਪਲਟੀ ਦਾ ਠੋਸ ਮੁਤਵਾਜ਼ੀ ਪ੍ਰੋਗਰਾਮ ਹੈ, ਸਗੋਂ ਐਸੇ ਆਦਰਸ਼ਕ ਸਮਾਜ ਨੂੰ ਹੋਂਦ ਵਿਚ ਲਿਆਉਣ ਦੇ ਕਾਜ ਨੂੰ ਪ੍ਰਨਾਏ ਹਜ਼ਾਰਾਂ ਗੱਭਰੂ-ਮੁਟਿਆਰਾਂ ਦੀ ਆਪਾਵਾਰੂ ਤਾਕਤ ਹੈ ਜਿਨ੍ਹਾਂ ਨੇ ਆਪਣੀ ਨਿੱਜੀ ਤਰੱਕੀ ਤੇ ਸੁਖ-ਸਹੂਲਤਾਂ ਵਾਲੀ ਜ਼ਿੰਦਗੀ ਦੀ ਸੋਚ ਤਿਆਗ ਕੇ ਮਨੁੱਖੀ ਜ਼ਿੰਦਗੀ ਦੀਆਂ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ ਜੰਗਲੀ-ਪਹਾੜਾਂ ਇਲਾਕਿਆਂ ਵਿਚ ਦਹਾਕੇ ਗੁਜ਼ਾਰ ਕੇ ਗ਼ਰੀਬਾਂ ਵਿਚੋਂ ਸਭ ਤੋਂ ਗ਼ਰੀਬ ਅਤੇ ਵਾਂਝੇ ਹਿੱਸਿਆਂ ਦੇ ਦਿਲ ਜਿੱਤ ਲਏ ਹਨ।
ਮੋਟੇ ਅੰਦਾਜ਼ੇ ਅਨੁਸਾਰ, 1970 ਤੋਂ ਲੈ ਕੇ ਹੁਣ ਤਕ ਵੀਹ ਹਜ਼ਾਰ ਤੋਂ ਵੱਧ ਨਕਸਲੀ ਮਾਰੇ ਜਾ ਚੁੱਕੇ ਹਨ, ਫਿਰ ਵੀ ਲਹਿਰ ਦੀ ਲੜਾਕੂ ਸਮਰੱਥਾ ‘ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਹੈ ਜਿਸ ਦਾ ਚੰਦ ਮਹੀਨਿਆਂ ਦੇ ਅੰਦਰ ਹੀ ਮੁਕੰਮਲ ਸਫ਼ਾਇਆ ਕਰ ਦੇਣ ਦੇ ਦਾਅਵੇ ਹੁਕਮਰਾਨਾਂ ਨੂੰ ਹਰ ਛੇ ਮਹੀਨੇ ਜਾਂ ਸਾਲ ਬਾਅਦ ਵਾਰ-ਵਾਰ ਦੁਹਰਾਉਣੇ ਪੈਂਦੇ ਹਨ, ਪਰ ਇਸ ਮੂੰਹ ਜ਼ੋਰ ਹਕੀਕਤ ਨੂੰ ਲੁਕੋਣਾ ਸਰਕਾਰਾਂ ਲਈ ਸੰਭਵ ਨਹੀਂ ਕਿ ਇਹ ਮਾਓਵਾਦੀ ਇਨਕਲਾਬੀ ਹੀ ਹਨ ਜਿਨ੍ਹਾਂ ਨੇ ਅਖੌਤੀ ਮੁਖਧਾਰਾ ਹਿੰਦੁਸਤਾਨ ਤੋਂ ਪੂਰੀ ਤਰ੍ਹਾਂ ਅਟੰਕ ਜੰਗਲਾਂ-ਪਹਾੜਾਂ ਦੇ ਆਦਿਵਾਸੀਆਂ ਦੀ ਜ਼ਿੰਦਗੀ ਵਿਚ ਗੌਲਣਯੋਗ ਆਰਥਿਕ, ਸਮਾਜੀ, ਸਭਿਆਚਾਰਕ ਅਤੇ ਸਿਆਸੀ ਤਬਦੀਲੀ ਲਿਆਂਦੀ ਹੈ। ਮਾਓਵਾਦੀ ਇਨਕਲਾਬੀਆਂ ਨੇ ਲੋਕ ਸਭਿਆਚਾਰ ਨੂੰ ਇਨਕਲਾਬੀ ਰੰਗ ਵਿਚ ਰੰਗ ਕੇ ਜੰਗਲਾਂ ਦਾ ਮਾਹੌਲ ਹੀ ਬਦਲ ਦਿੱਤਾ ਹੈ। ਆਦਿਵਾਸੀ ਸਮਾਜ ਅੰਦਰ ਸਥਾਈ ਖੇਤੀ ਦੀ ਸ਼ੁਰੂਆਤ, ਆਦਿਵਾਸੀ ਜ਼ੁਬਾਨ ਗੌਂਡੀ ਦੀ ਲਿਪੀ ਤਿਆਰ ਕਰ ਕੇ ਮਾਂ-ਬੋਲੀ ਵਿਚ ਆਦਿਵਾਸੀਆਂ ਨੂੰ ਮੁੱਢਲੀ ਪੜ੍ਹਾਈ ਤੇ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ, ਆਦਿਵਾਸੀ ਔਰਤਾਂ ਨੂੰ ਰਵਾਇਤੀ ਮੁਖੀਆਂ ਦੇ ਦਾਬੇ ਤੇ ਜੰਗਲਾਤ ਅਧਿਕਾਰੀਆਂ ਤੇ ਗ਼ੈਰ-ਆਦਿਵਾਸੀਆਂ ਵਲੋਂ ਕੀਤੇ ਜਾ ਰਹੇ ਜਿਨਸੀ ਸ਼ੋਸ਼ਣ ਤੋਂ ਮੁਕਤ ਕਰਾ ਕੇ ਉਨ੍ਹਾਂ ਨੂੰ ਆਪਣੀ ਗੁਰੀਲਾ ਤਾਕਤ ਦੇ 60 ਫ਼ੀਸਦੀ ਹਿੱਸੇ ਤਕ ਵਿਕਸਤ ਕਰਨਾ ‘ਮੁੱਖਧਾਰਾ’ ਹਿੰਦੁਸਤਾਨ ਦੀ ਸੱਤ ਦਹਾਕੇ ਦੀ ਨਾਕਾਮੀ ਨਾਲ ਮੁਕਾਬਲਾ ਕਰ ਕੇ ਦੇਖਿਆਂ ਛੋਟੀਆਂ ਪ੍ਰਾਪਤੀਆਂ ਨਹੀਂ। ਦਿੱਲੀ ਵਰਗੀ ਮਹਾਂਨਗਰੀ ‘ਤਹਿਜ਼ੀਬ’ ਅੰਦਰ ਔਰਤਾਂ ਦੇ ਅਗਵਾ ਅਤੇ ਸਮੂਹਿਕ ਜਬਰ-ਜਨਾਹ ਆਮ ਹੋ ਰਹੇ ਹਨ, ਪਰ ਜੰਗਲਾਂ ਵਿਚ ਜਦੋਂ ਤਕ ਸਰਕਾਰੀ ਲਸ਼ਕਰ ਅਤੇ ਸਟੇਟ ਦੀ ਸਰਪ੍ਰਸਤੀ ਵਾਲੇ ਗ਼ੈਰਕਾਨੂੰਨੀ ਗਰੋਹ ਆਦਿਵਾਸੀ ਰਿਹਾਇਸ਼ਾਂ ਉਪਰ ਹਮਲੇ ਨਹੀਂ ਕਰਦੇ, ਉਥੇ ਔਰਤਾਂ ਆਜ਼ਾਦੀ ਨਾਲ ਦਿਨ-ਰਾਤ ਘੁੰਮਦੀਆਂ ਹਨ। ਜ਼ਿਆਦਾਤਰ ਪੜ੍ਹੇ-ਲਿਖੇ ਲੋਕਾਂ ਨੂੰ ਸਮਾਜ ਨੂੰ ਬਿਹਤਰ ਬਣਾਉਣ ਦੀ ਹਥਿਆਰਬੰਦ ਨਕਸਲੀ ਸਿਆਸਤ ਪਸੰਦ ਨਹੀਂ, ਉਹ ਜਮਹੂਰੀਅਤ ਨੂੰ ਹਕੀਕੀ ਰੋਜ਼ਮਰਾ ਜ਼ਿੰਦਗੀ ਦੇ ਅੰਦਰ ਨਹੀਂ ਮਹਿਜ਼ ਚੋਣਾਂ ਦੀ ਰੁੱਤੇ ਵੋਟ ਪਰਚੀ ਪਾਉਣ ਦੇ ਰੂਪ ਵਿਚ ਹੀ ਦੇਖਦੇ ਹਨ, ਪਰ ਇਹ ਸਚਾਈ ਹੈ ਕਿ ਮਹਾਂ ਖ਼ੁਦਗਰਜ਼, ਸੱਤਾ ਦੀ ਲਾਲਚੀ, ਜ਼ਮੀਰਫ਼ਰੋਸ਼ ਅਤੇ ਕੁਨਬਾਪ੍ਰਸਤ ਹੁਕਮਰਾਨ ਜਮਾਤ ਇਨਕਲਾਬੀ ਆਦਰਸ਼ ਦੀ ਉਸ ਪਰਵਾਜ਼ ਦਾ ਸੁਪਨਾ ਵੀ ਨਹੀਂ ਲੈ ਸਕਦੀ ਜਿਸ ਲਈ ਮਾਓਵਾਦੀ ਇਨਕਲਾਬੀ ਆਪਣੀਆਂ ਜ਼ਿੰਦਗੀਆਂ ਦਾਅ ਉਤੇ ਲਾ ਕੇ ਸਮੁੱਚੀ ਮਨੁੱਖਤਾ ਦਾ ਭਵਿਖ ਰੌਸ਼ਨ ਬਣਾਉਣ ਅਤੇ ਆਮ ਇਨਸਾਨ ਦੀ ਜ਼ਿੰਦਗੀ ਵਿਚ ਸੱਚੀਮੁੱਚੀਂ ਦੀ ਜਮਹੂਰੀਅਤ ਲਈ ਲੜ ਰਹੇ ਹਨ; ਜਦਕਿ ਸੱਤਾਧਾਰੀ ਠੱਗਾਂ ਦੀ ਖ਼ੁਦ ਦੀ ਪੂਰੀ ਜ਼ਿੰਦਗੀ ਹੀ ਘੁਟਾਲਿਆਂ, ਵਾਅਦਾਖ਼ਿਲਾਫ਼ੀਆਂ, ਬੇਈਮਾਨੀਆਂ ਦੀ ਸੜਿਆਂਦ ਨੂੰ ਬਚਾਉਣ ਅਤੇ ਜਮਹੂਰੀਅਤ ਦਾ ਝੂਠਾ ਰਾਗ ਅਲਾਪਦੇ ਰਹਿਣ ਦੇ ਲੇਖੇ ਲੱਗਦੀ ਹੈ।
50ਵੀਂ ਵਰ੍ਹੇਗੰਢ ਮਨਾਉਣਾ ਕੇਵਲ ਨਕਸਲਬਾੜੀ ਦੀ ਵਿਰਾਸਤ ਨੂੰ ਮੁੜ ਚੇਤੇ ਕਰਨ ਦਾ ਸਵਾਲ ਨਹੀਂ ਹੈ, ਇਸ ਦੇ ਮੁੱਖ ਸਿਧਾਂਤਕ ਅਤੇ ਸਿਆਸੀ ਨਿਰਣੇ ਵੀ ਚਰਚਾ ਦੀ ਮੰਗ ਕਰਦੇ ਹਨ। ਨਕਸਲਬਾੜੀ ਦੀ ਇਨਕਲਾਬੀ ਧਾਰਾ ਨੇ 1960ਵਿਆਂ ਦੇ ਸੋਵੀਅਤ ਯੂਨੀਅਨ ਨੂੰ ਸਮਾਜਵਾਦੀ ਸਟੇਟ ਮੰਨਣਾ ਬੰਦ ਕਰ ਦਿੱਤਾ ਸੀ ਅਤੇ ਇਸ ਨੂੰ ਸਮਾਜਵਾਦ ਦੇ ਮਖੌਟੇ ਵਾਲਾ ਸਾਮਰਾਜਵਾਦ ਅਤੇ ਦੁਨੀਆ ਦੇ ਲੋਕਾਂ ਦਾ ਦੁਸ਼ਮਣ ਸਟੇਟ ਕਰਾਰ ਦਿੱਤਾ ਸੀ। ਦੋ ਦਹਾਕੇ ਬਾਅਦ ਸੋਵੀਅਤ ਯੂਨੀਅਨ ਵਿਚ ਵਿਕਸਤ ਹੋ ਚੁੱਕੇ ਨਕਲੀ ਸਮਾਜਵਾਦ ਦੇ ਪਤਨ ਨੇ ਉਨ੍ਹਾਂ ਦੀ ਪੇਸ਼ੀਨਗੋਈ ਸਹੀ ਸਾਬਤ ਕਰ ਦਿੱਤੀ। ਇਨਕਲਾਬੀ ਧਾਰਾ ਦਾ ਵਿਸ਼ਲੇਸ਼ਣ ਸੀ ਕਿ ਹਿੰਦੁਸਤਾਨ ਵਿਚ ਸਮਾਜੀ ਪ੍ਰਬੰਧ ਦੇ ਜਮਹੂਰੀਕਰਨ ਦਾ ਬੁਨਿਆਦੀ ਅਮਲ ਅਧੂਰਾ ਹੈ, ਇਸ ਲਈ ਪਹਿਲਾਂ ਜਮਹੂਰੀ ਇਨਕਲਾਬ ਨੂੰ ਪੂਰਾ ਕਰਨਾ ਹੋਵੇਗਾ। ਉਨ੍ਹਾਂ ਨੇ ਸਥਾਪਤ ਕਮਿਊਨਿਸਟ ਲੀਡਰਸ਼ਿਪ ਵਲੋਂ ਅਖ਼ਤਿਆਰ ਕੀਤੀ ਚੋਣਾਂ ਰਾਹੀਂ ਸਰਕਾਰਾਂ ਬਣਾਉਣ ਦੀ ਸਿਆਸੀ ਲਾਈਨ ਨੂੰ ਰੱਦ ਕਰ ਕੇ ਮਾਰਕਸਵਾਦ ਦੀ ਇਨਕਲਾਬੀ ਭਾਵਨਾ ਨੂੰ ਬਹਾਲ ਕੀਤਾ ਸੀ ਕਿ ਇਨਕਲਾਬੀ ਤਬਦੀਲੀ ਕੇਵਲ ਸੱਤਾ ਖਿਲਾਫ ਹਥਿਆਰਬੰਦ ਲੋਕ ਯੁੱਧ ਨਾਲ ਹੀ ਲਿਆਂਦਾ ਜਾ ਸਕਦਾ ਹੈ। ਨਕਸਲਬਾੜੀ ਨੇ ਸੱਤਾ ਲਈ ਸੰਘਰਸ਼ ਵਿਚ ਇਨਕਲਾਬੀ ਜ਼ਰੱਈ ਸੁਧਾਰਾਂ ਦੀ ਅਹਿਮੀਅਤ ਨੂੰ ਸਾਹਮਣੇ ਲਿਆਂਦਾ। ਪੰਜ ਦਹਾਕਿਆਂ ਵਿਚ ਹੁਕਮਰਾਨਾਂ ਵਲੋਂ ਬੇਸ਼ਕ ਆਪਣੇ ਹਿੱਤ ਲਈ ਜ਼ਰੱਈ ਖੇਤਰ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਗਈਆਂ ਹਨ, ਪਰ ਬੇਜ਼ਮੀਨੇ ਗ਼ਰੀਬ ਲੋਕਾਂ ਲਈ ਜ਼ਮੀਨ ਦੀ ਮੁੜ ਵੰਡ ਦੇ ਮੁੱਦੇ ਦੀ ਅਹਿਮੀਅਤ ਅਜੇ ਵੀ ਬਣੀ ਹੋਈ ਹੈ। ਘੋਰ ਸੰਕਟ ਵਿਚ ਫਸੀ ਛੋਟੀ ਕਿਸਾਨੀ ਦੇ ਹਾਲਾਤ ਜ਼ਰੱਈ ਸੁਧਾਰਾਂ ਦੀ ਅਣਸਰਦੀ ਜ਼ਰੂਰਤ ਦੀ ਮੰਗ ਕਰਦੇ ਹਨ ਜਿਨ੍ਹਾਂ ਦੇ ਆਧਾਰ ‘ਤੇ ਖੇਤੀ ਨੂੰ ਗੁਜ਼ਾਰੇ ਯੋਗ ਬਣਾ ਕੇ ਅਤੇ ਖੇਤੀ ਆਧਾਰਤ ਸਨਅਤਾਂ ਦਾ ਪ੍ਰੋਗਰਾਮ ਲੈ ਕੇ ਬਹੁਤ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਅਤੇ ਵਿਸ਼ਾਲ ਅਵਾਮ ਦੀ ਖ਼ਰੀਦ ਸ਼ਕਤੀ ਵਧਾ ਕੇ ਵਿਕਾਸਮੁਖੀ ਸਨਅਤੀਕਰਨ ਨੂੰ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਸੀæਪੀæਆਈæ(ਐਮæਐਲ਼) ਨੇ 1960ਵਿਆਂ ਦੇ ਅਖ਼ੀਰ ਵਿਚ ਨਿਰਣਾ ਪੇਸ਼ ਕੀਤਾ ਸੀ ਕਿ ਹਿੰਦੁਸਤਾਨ ਦੀ ਸਰਮਾਏਦਾਰੀ ਆਜ਼ਾਦ ਸਰਮਾਏਦਾਰੀ ਨਹੀਂ, ਸਗੋਂ ਸਾਮਰਾਜਵਾਦ ਨਾਲ ਸਮਝੌਤਾ ਕਰ ਕੇ ਚੱਲਣ ਵਾਲੀ ਦਲਾਲ ਸਰਮਾਏਦਾਰੀ ਹੈ। ਪਿਛਲੇ ਦੋ ਦਹਾਕਿਆਂ ਵਿਚ ਜਿਵੇਂ ‘ਕੌਮੀ ਹਿਤਾਂ’ ਨੂੰ ਤਿਲਾਂਜਲੀ ਦੇ ਕੇ ਹਾਕਮ ਜਮਾਤਾਂ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਆਲਮੀ ਕਾਰਪੋਰੇਟ ਸਰਮਾਏਦਾਰੀ ਦੀ ਚਾਕਰੀ ਕਰਦਿਆਂ ਮੁਲਕ ਦੇ ਵਸੀਲੇ ਧੜਾਧੜ ਉਨ੍ਹਾਂ ਦੇ ਹਵਾਲੇ ਕੀਤੇ ਜਾ ਰਹੇ ਹਨ, ਤੇ ਮੁਲਕ ਦੀ ਰਸਮੀ ਪ੍ਰਭੂਸਤਾ ਖ਼ਤਮ ਕਰ ਕੇ ਹਿੰਦੁਸਤਾਨ ਦੀਆਂ ਨੀਤੀਆਂ ਨੂੰ ਅਮਰੀਕਾ ਦੀ ਅਗਵਾਈ ਵਾਲੇ ਪਿਛਾਖੜੀ ਧੁਰੇ ਦੀਆਂ ਪਿਛਲਗ ਬਣਾ ਦਿੱਤਾ ਹੈ, ਉਸ ਨੇ ਸਾਮਰਾਜਵਾਦੀ ਗ਼ਲਬੇ ਤੋਂ ਸੱਚੀ ਸੁਤੰਤਰਤਾ ਦੇ ਸਵਾਲ ਨੂੰ ਹੋਰ ਅਹਿਮ ਬਣਾ ਦਿੱਤਾ ਹੈ। ਲਹਿਰ ਦੀ ਬੁਨਿਆਦੀ ਸਿਧਾਂਤਕ-ਸਿਆਸੀ ਸੇਧ ਦੀ ਇਹ ਸੰਖੇਪ ਜਾਣ-ਪਛਾਣ ਉਸ ਬੇਮਿਸਾਲ ਦੇਣ ਦੀ ਅਹਿਮੀਅਤ ਨੂੰ ਉਜਾਗਰ ਕਰਦੀ ਹੈ ਜੋ ਦੇਣ ਇਸ ਨੇ ਕਮਿਊਨਿਸਟ ਲਹਿਰ ਦੀ ਸਮਝੌਤਾਵਾਦੀ ਲੀਡਰਸ਼ਿਪ ਨੂੰ ਬੇਨਕਾਬ ਕਰਨ ਵਿਚ ਦਿੱਤੀ। ਇਸ ਲਈ ਲਹਿਰ ਦੇ ਸਿਆਸੀ ਢੰਗ-ਤਰੀਕਿਆਂ ਵਿਚਲੀਆਂ ਗ਼ਲਤੀਆਂ ਅਤੇ ਕਾਰਵਾਈਆਂ ਵਿਚਲੀਆਂ ਘਾਟਾਂ-ਉਕਾਈਆਂ ਨੂੰ ਆਧਾਰ ਬਣਾ ਕੇ ਇਸ ਦੀ ਸਿਆਸੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਨਕਸਲੀ ਸਿਆਸਤ ਦਾ ਮੁਲਕ ਦੀ ਸਿਆਸਤ, ਸਭਿਆਚਾਰ ਅਤੇ ਸਾਹਿਤ ਉਪਰ ਅਮਿੱਟ ਪ੍ਰਭਾਵ ਹੈ। ਇਹ ਪ੍ਰਭਾਵ ਅੱਜ ਵੀ ਦੇਖਿਆ ਜਾ ਸਕਦਾ ਹੈ।
ਅੱਜ ਇਸ ਲਹਿਰ ਦੀ ਮੁੱਖ ਨੁਮਾਇੰਦਾ ਤਾਕਤ ਮਾਓਵਾਦੀ ਲਹਿਰ ਹੈ ਜਿਸ ਨੂੰ ਦਰਕਿਨਾਰ ਕਰ ਕੇ 50 ਸਾਲਾ ਜਸ਼ਨ ਕੋਈ ਮਾਇਨੇ ਨਹੀਂ ਰੱਖਦੇ। ‘ਆਜ਼ਾਦੀ’ ਤੋਂ ਪਿੱਛੋਂ ਦੇ ਸੱਤ ਦਹਾਕਿਆਂ ਦੌਰਾਨ ਆਜ਼ਾਦੀ ਦੇ ਸੁਪਨਿਆਂ ਨਾਲ ਹੁਕਮਰਾਨ ਜਮਾਤ ਦੀ ਗ਼ਦਾਰੀ ਅਕੱਟ ਸਚਾਈ ਹੈ। ਇਸ ਲਹਿਰ ਦੀ ਬੁਨਿਆਦੀ ਅਹਿਮੀਅਤ ਆਜ਼ਾਦੀ ਦੇ ਉਸ ਸੁਪਨੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਆਮ ਲੋਕਾਂ ਦੇ ਸੰਘਰਸ਼ ਦੀ ਆਗੂ ਟੁਕੜੀ ਬਣਨ ਅਤੇ ਇਸ ਦੀ ਆਗੂ ਭੂਮਿਕਾ ਅਖ਼ਤਿਆਰ ਕਰਨ ਵਿਚ ਹੈ। ਜਦੋਂ ਮੁਲਕ ਵਿਚ ਨਾਬਰਾਬਰੀ, ਅਨਿਆਂ ਅਤੇ ਦਾਬੇ ਤੋਂ ਮੁਕਤੀ ਦੀ ਜ਼ਰੂਰਤ ਹੁਣ ਆਮ ਲੋਕਾਂ ਵਲੋਂ ਪਹਿਲਾਂ ਤੋਂ ਵਧੇਰੇ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਨਕਸਲਬਾੜੀ ਸਿਆਸੀ ਧਾਰਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਮੌਜੂਦਾ ਰਾਜਕੀ ਢਾਂਚੇ ਨੂੰ ਚਕਨਾਚੂਰ ਕਰ ਕੇ ਸੱਚੀ ਤਬਦੀਲੀ ਲਿਆਉਣ ਵਾਲੇ ਤਾਜ਼ਾ ਦਮ ਅਤੇ ਨਰੋਏ ਸੰਘਰਸ਼ ਦੀ ਨੁਮਾਇੰਦਗੀ ਕਰਦੀ ਹੈ ਜੋ ਅਨਿਆਂ ਅਤੇ ਦਾਬੇ ਦਾ ਸਾਧਨ ਹੋਣ ਕਾਰਨ ਇਸ ਦੇ ਅੰਦਰ ਅਵਾਮ ਲਈ ਜਮਹੂਰੀਅਤ ਤੇ ਤਰੱਕੀ ਦੇ ਮੌਕੇ ਸੰਭਵ ਨਹੀਂ। ਇਹ ਰਾਜਕੀ ਢਾਂਚਾ ਅਤੇ ਇਸ ਦੀ ਬੁਨਿਆਦ ਸਮਾਜੀ ਪ੍ਰਬੰਧ ਆਪਣੇ ਹੀ ਨਜ਼ਰਅੰਦਾਜ਼ ਕੀਤੇ ਅਤੇ ਸਦੀਆਂ ਤੋਂ ਦਬਾਏ ਬਹੁਗਿਣਤੀ ਅਵਾਮ ਦੀ ਤਰਜਮਾਨੀ ਨਹੀਂ ਕਰ ਸਕਦੇ। ਇਨਕਲਾਬੀ ਸਿਆਸਤ ਦੀ ਜਾਗ ਲੱਗਣ ‘ਤੇ ਭੁੱਖੇ-ਨੰਗੇ, ਸਾਧਨਾਂ ਤੋਂ ਵਾਂਝੇ, ਦਬਾਏ ਹੋਏ ਨਿਤਾਣੇ ਲੋਕ ਦੁਨੀਆ ਦੇ ਤਾਕਤਵਰ ਸਟੇਟ ਖਿਲਾਫ ਮੈਦਾਨੇ-ਜੰਗ ਵਿਚ ਆ ਨਿੱਤਰਦੇ ਹਨ ਜੋ ਦੁਨੀਆ ਦੀ ਆਧੁਨਿਕ ਫ਼ੌਜੀ ਸਾਜ਼ੋ-ਸਮਾਨ ਵਾਲੀ ਤਾਕਤਵਰ ਫ਼ੌਜ ਨਾਲ ਲੈਸ ਹੈ। ਇਹੀ ਵਜ੍ਹਾ ਹੈ ਕਿ ਹੁਕਮਰਾਨਾਂ ਦੇ ਕੂੜ ਪ੍ਰਚਾਰ ਦੇ ਉਲਟ ਮਾਓਵਾਦੀ ਲਹਿਰ ਹਿੰਦੁਸਤਾਨ ਦੇ ਵਿਸ਼ਾਲ ਦੱਬੇ-ਕੁਚਲੇ ਅਵਾਮ ਦੇ ਹਿਤਾਂ ਦੀ ਤਰਜਮਾਨੀ ਕਰਦੀ ਹੈ ਜਿਨ੍ਹਾਂ ਦੀ ਹੋਂਦ ਹੀ ਖ਼ਤਰੇ ਮੂੰਹ ਆ ਗਈ ਹੈ। ਹੁਕਮਰਾਨ ਜਮਾਤ ਆਮ ਲੋਕਾਂ ਦੇ ਜੀਵਨ-ਗੁਜ਼ਾਰੇ ਦੇ ਨਿਗੂਣੇ ਸਾਧਨ ਜਲ, ਜੰਗਲ ਤੇ ਜ਼ਮੀਨ ਹਥਿਆ ਕੇ ਸਾਮਰਾਜਵਾਦ ਅਤੇ ਸਥਾਨਕ ਕਾਰਪੋਰੇਟ ਸਰਮਾਏਦਾਰੀ ਦੇ ਹਵਾਲੇ ਕਰਨ ਦੀ ਧਾੜਵੀ ਨੀਤੀ ‘ਤੇ ਚੱਲ ਰਹੀ ਹੈ। ਇਸ ਲੁਕਵੇਂ ਮਨੋਰਥ ਨਾਲ ਡੇਢ ਦਹਾਕੇ ਤੋਂ ਹਿੰਦੁਸਤਾਨੀ ਸਟੇਟ ‘ਅੰਦਰੂਨੀ ਸੁਰੱਖਿਆ ਨੂੰ ਖ਼ਤਰਾ’ ਦੇ ਨਾਂ ਹੇਠ ਆਪਣੇ ਹੀ ਨਾਗਰਿਕਾਂ ਖਿਲਾਫ ਜੰਗ ਲੜ ਰਿਹਾ ਹੈ। ਇਸ ਦੀ ਮਾਰ ਹੇਠ ਸਿਰਫ਼ ਜੰਗਲਾਂ ਦੇ ਆਦਿਵਾਸੀ ਹੀ ਨਹੀਂ, ਸਗੋਂ ਸ਼ਹਿਰਾਂ ਵਿਚਲੇ ਜਮਹੂਰੀ ਕਾਰਕੁਨਾਂ ਅਤੇ ਉਨ੍ਹਾਂ ਬੁੱਧੀਜੀਵੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਆਦਿਵਾਸੀ ਕਤਲੇਆਮ ਦੇ ਆਲੋਚਕ ਹਨ। ਮੋਦੀ ਦੀ ਅਗਵਾਈ ਵਿਚ ਭਗਵੇਂ ਬ੍ਰਿਗੇਡ ਦੇ ਸੱਤਾਧਾਰੀ ਬਣਨ ਨਾਲ ਕਾਰਪੋਰੇਟ ਨੀਤੀਆਂ ਅਤੇ ਹਿੰਦੂਤਵ ਦੇ ਜੁੜਵੇਂ ਹਮਲੇ ਨੇ ਦੱਬੇ-ਕੁਚਲੇ ਅਤੇ ਹਾਸ਼ੀਆਗ੍ਰਸਤ ਲੋਕਾਂ ਦਾ ਜਿਉਣਾ ਹੋਰ ਵੀ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਲਈ ਆਪਣੇ ਜਮਹੂਰੀ ਹੱਕਾਂ ਅਤੇ ਜ਼ਿੰਦਗੀ ਦੀ ਰਾਖੀ ਲਈ ਜੁਝਾਰੂ ਸੰਘਰਸ਼ ਦੀ ਅਹਿਮੀਅਤ ਹੋਰ ਵਧ ਗਈ ਹੈ। ਪਾਰਲੀਮੈਂਟਰੀ ਕਮਿਊਨਿਸਟਾਂ ਦੀ ਸਮਝੌਤਾਵਾਦੀ ਸਿਆਸਤ ਸਿਆਸੀ ਤੌਰ ‘ਤੇ ਗ਼ੈਰ-ਪ੍ਰਸੰਗਕ ਹੋ ਚੁੱਕੀ ਹੈ।
ਇਨ੍ਹਾਂ ਹਾਲਾਤ ਵਿਚ ਵੱਡੀ ਨੀਮ-ਫ਼ੌਜੀ ਘੇਰਾਬੰਦੀ ਦੇ ਬਾਵਜੂਦ ਇਹ ਨਕਸਲਬਾੜੀ ਦੀ ਇਨਕਲਾਬੀ ਸਪਿਰਿਟ ਹੀ ਹੈ ਜੋ ਆਦਿਵਾਸੀਆਂ, ਦਲਿਤਾਂ, ਔਰਤਾਂ, ਘੱਟ ਗਿਣਤੀਆਂ ਸਮੇਤ ਤਮਾਮ ਦੱਬੇ-ਕੁਚਲੇ ਅਤੇ ਮਿਹਨਤਕਸ਼ ਅਵਾਮ ਨੂੰ ਵੱਡੇ ਸੰਘਰਸ਼ਾਂ ਲਈ ਉਭਾਰ ਰਹੀ ਹੈ ਅਤੇ ਇਹ ਮੁਲਕ ਪੱਧਰ ਦਾ ਟਿਕਾਊ ਸਿਆਸੀ ਬਦਲ ਮੁਹੱਈਆ ਕਰਨ ਦਾ ਦਮ ਰੱਖਦੀ ਹੈ। ਜੰਗਲ ਦੀ ਮਜ਼ਬੂਤ ਲਹਿਰ ਨੂੰ ਸ਼ਹਿਰੀ ਅਤੇ ਮੈਦਾਨੀ ਇਲਾਕਿਆਂ ਵਿਚ ਫੈਲਾਉਣ ਲਈ ਢੁੱਕਵਾਂ ਪ੍ਰੋਗਰਾਮ ਘੜਨਾ ਮਾਓਵਾਦੀ ਲੀਡਰਸ਼ਿਪ ਅੱਗੇ ਸਭ ਤੋਂ ਵੱਡੀ ਚੁਣੌਤੀ ਹੈ। ਇਸ ਵਿਸਤਾਰ ਦੁਆਰਾ ਹੀ ਸਟੇਟ ਵਲੋਂ ਆਪਣੇ ਹੀ ਲੋਕਾਂ ਵਿਰੁੱਧ ਵਿੱਢੀ ਜੰਗ ਨੂੰ ਪਛਾੜਣਾ ਸੰਭਵ ਹੋਵੇਗਾ। ਗ਼ਰੀਬਾਂ ਵਿਚੋਂ ਸਭ ਤੋਂ ਗ਼ਰੀਬ ਨਾਗਰਿਕਾਂ ਨੂੰ ਦਬਾਉਣ ਲਈ ਉਨ੍ਹਾਂ ਖਿਲਾਫ ਨੀਮ-ਫ਼ੌਜੀ ਤਾਕਤਾਂ ਅਤੇ ਅਸਿਧੇ ਤੌਰ ‘ਤੇ ਫ਼ੌਜ ਦਾ ਇਸਤੇਮਾਲ ਹਾਕਮ ਜਮਾਤੀ ਸਿਆਸਤ ਦੇ ਦੀਵਾਲੀਏਪਣ ਅਤੇ ਨਕਸਲਬਾੜੀ ਸਿਆਸਤ ਦੀ ਮਜ਼ਬੂਤੀ ਦਾ ਸੂਚਕ ਹੈ। ਇਨ੍ਹਾਂ ਮਾਇਨਿਆਂ ਵਿਚ ਨਕਸਲਬਾੜੀ ਨੂੰ ਇਨਕਲਾਬੀ ਜਜ਼ਬੇ ਨਾਲ ਬੁਲੰਦ ਕਰਨਾ, ਮਾਓਵਾਦੀ ਇਲਾਕਿਆਂ ਵਿਚ ਬੁਨਿਆਦੀ ਪੱਧਰ ‘ਤੇ ਉਸਾਰੇ ਜਾ ਰਹੇ ਸੱਚੇ ਲੋਕਤੰਤਰ ਦੀ ਅਹਿਮੀਅਤ ਨੂੰ ਸਮਝਣਾ ਅਤੇ ਅਪਰੇਸ਼ਨ ਗਰੀਨ ਹੰਟ ਤੇ ਹੋਰ ਨਾਵਾਂ ਹੇਠ ਆਦਿਵਾਸੀਆਂ ਅਤੇ ਮਾਓਵਾਦੀ ਇਨਕਲਾਬੀਆਂ ਦੇ ਕਤਲੇਆਮ ਅਤੇ ਜਮਹੂਰੀ ਹੱਕਾਂ ਦੇ ਘਾਣ ਨੂੰ ਬੰਦ ਕਰਨ ਲਈ ਆਵਾਜ਼ ਉਠਾਉਣਾ ਹੀ ਉਨ੍ਹਾਂ ਦਹਿ ਹਜ਼ਾਰਾਂ ਕਮਿਊਨਿਸਟ ਇਨਕਲਾਬੀਆਂ ਦੀ ਸੂਰਮਗਤੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਇਨ੍ਹਾਂ ਪੰਜ ਦਹਾਕਿਆਂ ਵਿਚ ਸਾਡੇ ਲੋਕਾਂ ਨੂੰ ਹਰ ਤਰ੍ਹਾਂ ਦੀ ਲੁਟ-ਖਸੁਟ, ਦਾਬੇ ਅਤੇ ਜਬਰ ਤੋਂ ਮੁਕਤ ਕਰਾਉਣ ਲਈ ਆਪਣੀਆਂ ਜ਼ਿੰਦਗੀਆਂ ਵਾਰ ਦਿੱਤੀਆਂ।
(ਸਮਾਪਤ)