ਜ਼ਮੀਰ

ਪੰਜਾਬ ਦੇ ਪੁੱਤਰ ਬਲਰਾਜ ਸਾਹਨੀ (ਪਹਿਲੀ ਮਈ 1913-13 ਅਪਰੈਲ 1973) ਨੇ ਅਦਾਕਾਰੀ ਦੇ ਖੇਤਰ ਵਿਚ ਹੀ ਬੱਲੇ ਬੱਲੇ ਨਹੀਂ ਕਰਵਾਈ, ਕਲਮ ਨਾਲ ਵੀ ਲੋਕਾਂ ਨਾਲ ਖੂਬ ਸਾਂਝ ਪਾਈ। ਉਹਦੇ ਲਿਖੇ ਦੋ ਸਫਰਨਾਮੇ- ‘ਮੇਰਾ ਪਾਕਿਸਤਾਨੀ ਸਫਰਨਾਮਾ’ ਤੇ ‘ਮੇਰਾ ਰੂਸੀ ਸਫਰਨਾਮਾ’ ਅੱਜ ਵੀ ਪੜ੍ਹੇ ਜਾ ਰਹੇ ਹਨ। ਇਸ ਤੋਂ ਇਲਾਵਾ ਉਹਨੇ ਨਸਰ (ਵਾਰਤਕ) ਦੀਆਂ ਕਈ ਕਿਤਾਬਾਂ ਲਿਖੀਆਂ। ਇਨ੍ਹਾਂ ਲਿਖਤਾਂ ਦਾ ਰੰਗ ਦੇਖਣ ਹੀ ਵਾਲਾ ਹੈ।

ਇਨ੍ਹਾਂ ਅੰਦਰ ਭਰਪੂਰ ਜਾਣਕਾਰੀ ਤਾਂ ਉਛਾਲੇ ਮਾਰਦੀ ਹੀ ਹੈ, ਭਾਵਨਾਤਮਕ ਛੱਲਾਂ ਇਸ ਤੋਂ ਵੀ ਉਚੀਆਂ ਉਠਦੀਆਂ ਹਨ ਅਤੇ ਪਾਠਕ ਦੇ ਆਪੇ ਨੂੰ ਭਿਉਂ ਭਿਉਂ ਜਾਂਦੀਆਂ ਹਨ। ‘ਜ਼ਮੀਰ’ ਉਸ ਦੀ ਅਜਿਹੀ ਹੀ ਲਿਖਤ ਹੈ। -ਸੰਪਾਦਕ

ਬਲਰਾਜ ਸਾਹਨੀ ਦੀ ਕਲਮ ਤੋਂ

ਸਤਾਰਾ ਜ਼ਿਲ੍ਹੇ ਦੇ ਆਸ ਪਾਸ ਦਾ ਇਲਾਕਾ। ਸੰਨ 42 ਦੇ ‘ਭਾਰਤ ਛੋੜੋ’ ਅੰਦੋਲਨ ਵਿਚ ਇਥੇ ਕਿਸਾਨਾਂ ਨੇ ਬੜਾ ਨਾਮਣਾ ਖੱØਟਿਆ ਸੀ। ਕੋਈ ਵਕਤ ਸੀ ਜਦ ਭਾਸ਼ਨਾਂ ਵਿਚ ਇਸ ਇਲਾਕੇ ਦਾ ਬਹੁਤ ਜ਼ਿਕਰ ਸੁਣਿਆ ਕਰਦੇ ਸਾਂ। ਅੱਜ ਪਹਿਲੀ ਵਾਰ ਦੇਖ ਰਿਹਾ ਹਾਂ ਇਹ ਇਲਾਕਾ। ਬਹੁਤ ਕੁਝ ਮੇਰੇ ਪੋਠੋਹਾਰ ਨਾਲ ਮਿਲਦਾ ਜੁਲਦਾ ਹੈ। ਗੱਡੀ ਬੜੇ ਮਜ਼ੇ ਦੀ ਰਫ਼ਤਾਰ ਨਾਲ ਭੱਜੀ ਜਾ ਰਹੀ ਸੀ। ਮੈਂ ਡਾਈਨਿੰਗ ਕਾਰ ਦੀ ਖਿੜਕੀ ਦੇ ਪਾਸ ਬੈਠਾ ਸੂਰਜ ਅਸਤ ਹੋਣ ਦਾ ਨਜ਼ਾਰਾ ਵੇਖ ਰਿਹਾ ਹਾਂ। ਅਸਤ ਹੋ ਗਿਆ ਹੈ ਸੂਰਜ। ਪਹਾੜਾਂ ਤੇ ਘਾਟੀਆਂ ਨੇ ਕਾਵਿ ਮਈ ਰੂਪ ਧਾਰਣ ਕਰਨੇ ਸ਼ੁਰੂ ਕਰ ਦਿੱਤੇ ਹਨ। ਮੇਰੇ ਮਨ ਵਿਚ ਚੰਚਲਤਾ ਦੀ ਲਹਿਰ ਜਿਹੀ ਉਠਣ ਲਗ ਪਈ ਹੈ। ਕੁਝ ਫੁਟ ਪਏ ਮੇਰੇ ਅੰਦਰੋਂ ਜਿਸ ਨੂੰ ਮੈਂ ਲਿਖ ਲਵਾਂ। ਕੋਈ ਅਨੋਖੀ ਗੱਲ। ਮਨ ਵਿਚ ਅਮੋੜ ਉਮੰਗ ਹੈ ਪਰ ਕਾਗਜ਼, ਪੈਂਸਲ, ਕਿਤਾਬ; ਕੋਲ ਕੁਝ ਵੀ ਨਹੀਂ।
ਅਗਲੇ ਸਟੇਸ਼ਨ ‘ਤੇ ਉਤਰ ਕੇ ਆਪਣੇ ਕੰਪਾਰਟਮੈਂਟ ਵਲ ਚਲ ਪਿਆ, ਪਰ ਮਨ ਅਜੇ ਵੀ ਬਾਗੀ। ਕੀ ਕਰਾਂਗਾ ਉਸ ਏਅਰ ਕੰਡੀਸ਼ਨ ਪਿੰਜਰੇ ਵਿਚ ਬੰਦ ਹੋ ਕੇ? ਸਿਰਫ਼ ਇਕ ਹੀ ਪੱਥਰ ਜਿਹਾ ਬਣਿਆ ਹੋਇਆ ਸਾਥੀ ਸਟੈਨਲੇ ਗਰਡਨਰ ਦੇ ਉਪਨਿਆਸਾਂ ਵਿਚ ਡੁਬਿਆ ਹੋਇਆ। ਪੂਰਨ ਰੂਪ ਵਿਚ ਸੰਤੁਸ਼ਟ, ਪਜਾਮਾ ਸੂਟ ਵਿਚ, ਆਪਣੇ ਸਟੂਕੇਸ ‘ਤੇ ਲੱਗੇ ਵਿਦੇਸ਼ ਫੇਰੀ ਦੇ ਲੇਬਲਾਂ ਅਤੇ ਆਲੇ ਦੁਆਲੇ ਵੱਲੋਂ ਬੇਖਬਰ। ਚੇਤਨਾ ਸੁੰਨ ਹੋ ਜਾਵੇਗੀ ਉਸ ਕੰਪਾਰਟਮੈਂਟ ਵਿਚ ਜਾ ਕੇ। ਕਿਉਂ ਨਾ ਕਿਸੇ ਥਰਡ ਕਲਾਸ ਡੱਬੇ ਵਿਚ ਜਾ ਕੇ ਕੁਝ ਦੇਰ ਬੈਠਾਂ। ਦੇਖਾਂ ਕਿਸਾਨਾਂ ਦੀਆਂ ਮੋਟੀਆਂ ਮੋਟੀਆਂ ਪੱਕੇ ਰੰਗਾਂ ਦੀਆਂ ਪਗੜੀਆਂ ਜਿਨ੍ਹਾਂ ਨੂੰ ਕਦੇ ‘ਪਰਦੇਸੀ’ ਫਿਲਮ ਦੀ ਸ਼ੂਟਿੰਗ ਵੇਲੇ ਬੜੀ ਮਿਹਨਤ ਨਾਲ ਬੰਨ੍ਹਣਾ ਸਿੱਖਿਆ ਸੀ। ਇਕ ਘੜੀ ਲਈ ਤਾਂ ਅਸਲੀਅਤ ਦੀ ਛੋਹ ਮਿਲੇ!
ਡਾਈਨਿੰਗ ਕਾਰ ਵੱਲ ਡਿਨਰ ਖਾਣ ਵਾਲਿਆਂ ਦੀ ਲਾਈਨ ਠੱਲ੍ਹੀ ਆ ਰਹੀ ਸੀ। ਸ਼ਾਮ ਦੇ ਹਨ੍ਹੇਰੇ ਵਿਚ ਇਕ ਜਾਣੀ ਪਹਿਚਾਣੀ ਸ਼ਕਲ ਦਿਖਾਈ ਦਿੱਤੀ ਮਿਸਟਰ ਕਾਮਲੇ ਦੀ, ਜਿਸ ਨੇ ਚਾਰ ਸਾਲ ਪਹਿਲਾਂ ਆਪਣੀ ਪਹਿਲੀ ਹਿੰਦੀ ਫਿਲਮ ਦਾ ਮੇਰੇ ਨਾਲ ਕੰਟਰੈਕਟ ਕੀਤਾ ਸੀ। ਪਹਿਲੇ ਉਸ ਨੇ ਇਹ ਫਿਲਮ ਮਰਾਠੀ ਵਿਚ ਬਣਾਈ ਸੀ ਤੇ ਬਹੁਤ ਕਾਮਯਾਬ ਹੋਈ ਸੀ। ਹਿੰਦੀ ਫ਼ਿਲਮ ਦੀ ਛੇ ਸੱਤ ਦਿਨ ਸ਼ੂਟਿੰਗ ਹੋਈ। ਬੜਾ ਮਜ਼ਾ ਆਇਆ ਸੀ, ਇਕ ਅੱਛੇ ਡਾਇਰੈਕਟਰ ਨਾਲ ਕੰਮ ਕਰ ਕੇ। ਫਿਰ ਪਤਾ ਨਹੀਂ ਕੀ ਹੋਇਆ, ਸ਼ਾਇਦ ਡਿਸਟਰੀਬਿਊਟਰ ਨੇ ਖਰੀਦਣ ਦੀ ਹਾਮੀ ਨਹੀਂ ਭਰੀ, ਜਾਂ ਫੇਰ ਰੁਪਿਆ ਲਾਉਣ ਵਾਲੇ ਸੇਠ ਨੂੰ ਅਕਲ ਆ ਗਈ। ਰਾਸ਼ਟਰ ਭਾਸ਼ਾ ਦਾ ਦਰਜਾ ਦੇਣ ਤੋਂ ਬਾਅਦ ਅੱਛੀਆਂ ਫ਼ਿਲਮਾਂ ਬਣਾ ਕੇ ਹਿੰਦੀ ਆ ਅਪਮਾਨ ਨਹੀਂ ਕੀਤਾ ਜਾਂਦਾ, ਜਿਸ ਤਰ੍ਹਾਂ ‘ਪਦਮਸ੍ਰੀ’ ਦੀ ਪਦਵੀ ਪਾਉਣਾ ਐਕਟਰ ਦੇ ਰਿਟਾਇਰ ਹੋਣ ਦੀ ਸੂਚਨਾ ਹੁੰਦੀ ਹੈ। ਦੇਸ਼ ਭਗਤੀ ਦੀਆਂ ਨਵੀਆਂ ਕੀਮਤਾਂ ਅਨੁਸਾਰ, ਇਹ ਗੱਲ ਠੀਕ ਹੀ ਹੋਵੇਗੀ ਸ਼ਾਇਦ। ਫਿਰ ਸੁਣਿਆ, ਕਾਮਲੇ ਬੰਬਈ ਛੱਡ ਗਿਆ ਹੈ। ਪੂਨੇ ਰਹਿੰਦਾ ਹੈ ਅਤੇ ਛੋਟੀਆਂ ਛੋਟੀਆਂ ਡਾਕੂਮੈਂਟਰੀ ਫ਼ਿਲਮਾਂ ਬਣਾ ਕੇ ਵਿਦੇਸ਼ੀ ਖਰੀਦਾਰਾਂ ਕੋਲ ਵੇਚ ਦਿੰਦਾ ਹੈ। ਤਰਸ ਆਇਆ ਉਸ ਨੂੰ ਅਚਾਨਕ ਦੇਖ ਕੇ। ਪਤਾ ਨਹੀਂ ਕਿੰਨਾ ਘਾਟਾ ਖਾ ਚੁਕਾ ਹੋਵੇਗਾ, ਫਿਲਮ ਬੰਦ ਹੋਣ ਕਰ ਕੇ। ਮਿਲਾਂ ਜਾਂ ਮੂੰਹ ਫੇਰ ਲਵਾਂ?
ਪਰ ਉਸ ਨੇ ਮੈਨੂੰ ਦੇਖ ਲਿਆ। ਨਿਰਸੰਕੋਚ ਕੋਲ ਆ ਗਿਆ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਿਹਤਵੰਦ ਤੇ ਪ੍ਰਸ਼ਨ ਨਜ਼ਰ ਆ ਰਿਹਾ ਸੀ। ਮੇਰਾ ਪ੍ਰਭਾਵ ਉਸ ‘ਤੇ ਪੈਣ ਨਾਲੋਂ ਉਸ ਦੀ ਸ਼ਖਸੀਅਤ ਮੇਰੇ ‘ਤੇ ਹਾਵੀ ਹੋ ਰਹੀ ਸੀ।
“ਹੈਲੋ, ਮਿਸਟਰ ਸਾਹਨੀ, ਤੁਸੀਂ ਕਿਥੇ ਜਾ ਰਹੇ ਹੋ?”
“ਬੰਗਲੌਰ।æææ ਤੇ ਤੁਸੀਂ?”
ਉਹ ਉਮਰ ‘ਚ ਮੇਰੇ ਨਾਲੋਂ ਕਾਫ਼ੀ ਛੋਟਾ ਹੈ।
“ਗੋਆ। ਤੁਸੀਂ ਖਾਣਾ ਖਾ ਲਿਆ?
“ਨਹੀਂ ਯਾਰ, ਕੰਪਾਰਟਮੈਂਟ ਤੋਂ ਉਤਰ ਕੇ ਡਾਈਨਿੰਗ ਕਾਰ ਵਿਚ ਜਾ ਬੈਠਾ ਸਾਂ, ਹੁਣ ਇਥੋਂ ਕਿਵੇਂ ਜਾਵਾਂ, ਇਹੀ ਸੋਚ ਰਿਹਾ ਸਾਂ।”
“ਮੇਰੇ ਡੱਬੇ ਵਿਚ ਚਲੋ। ਥੋੜ੍ਹੀ ਰੰਮ ਹੈ ਮੇਰੇ ਪਾਸ, ਕੁਝ ਗੱਪ-ਸ਼ੱਪ (ਕਰ) ਲਾਵਾਂਗੇ। ਡਿਨਰ ਲਈ ਦੂਸਰੀ ਟੋਲੀ ਵੀ ਤਾਂ ਬੈਠਦੀ ਹੈ।”
“ਨਹੀਂ ਭਈ, ਰੰਮ ਵੰਮ ਨਹੀਂ। ਮੈਂ ਤਾਂ ਕਿਸੇ ਥਰਡ ਕਲਾਸ ਦੇ ਡੱਬੇ ਦੀ ਗੱਲ ਸੋਚ ਰਿਹਾ ਸਾਂ- ਸੰਨ ਬਤਾਲੀ ਦੇ ਮਰਦ ਮਰਾਠਿਆਂ ਦੇ ਦਰਸ਼ਨ ਕਰਨ ਲਈ।”
“ਵਾਹ ਵਾਹ, ਇਸ ਤੋਂ ਅੱਛੀ ਗੱਲ ਹੋਰ ਕੀ ਹੋ ਸਕਦੀ। ਮੈਂ ਵੀ ਤੁਹਾਡੇ ਨਾਲ ਹੀ ਚਲਦਾ ਹਾਂ।”
ਉਹ ਪੈੱਗ ਲਗਾ ਕੇ ਆਇਆ ਲੱਗਦਾ ਸੀ। ਪਤਾ ਨਹੀਂ ਕਿੰਨੀ ਕੁ ਪੀਤੀ ਹੋਵੇਗੀ?
“ਨਹੀਂæææ ਨਹੀਂ, ਤੁਸੀਂ ਬੇਸ਼ਕ ਖਾਣਾ ਖਾ ਲਵੋ, ਬਾਅਦ ਵਿਚæææ।”
“ਛਡੋ ਜੀ।”
ਗਾਰਡ ਸੀਟੀ ਦੇ ਚੁਕਿਆ ਸੀ, ਗੱਡੀ ਚੱਲਣ ਵਾਲੀ ਸੀ। ਕਾਮਲੇ ਨੇ ਮੈਨੂੰ ਬਾਹੋਂ ਪਕੜ ਲਿਆ, ਦੋਨੋਂ ਦੌੜੇ।
ਇਕ ਲੰਬੇ ਕੰਪਾਰਟਮੈਂਟ ਵਿਚ ਜਾ ਵੜੇ। ਵਿਚੋਂ ਦੀ ਚੱਲਣ ਦਾ ਰਸਤਾ। ਦੋਨੋਂ ਪਾਸੇ ਦੋ ਦੋ ਵਿਅਕਤੀਆਂ ਦੇ ਬੈਠਣ ਦੀਆਂ ਸੀਟਾਂ ਜਿਸ ਤਰ੍ਹਾਂ ਥੀਏਟਰ ਵਿਚ ਹੁੰਦੀਆਂ ਹਨ। ਮੱਧਮ ਬੱਤੀਆਂ ਅਤੇ ਬੀੜੀਆਂ ਦੇ ਧੂਏਂ ਕਰ ਕੇ ਹਨ੍ਹੇਰਾ ਜਿਹਾ ਸੀ। ਭੀੜ ਜ਼ਿਆਦਾ ਨਹੀਂ, ਪਰ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਅਨੁਮਾਨ ਲਗਾਇਆ ਸੀ। ਅਗਲੇ ਪ੍ਰਾਂਤ ਦੀ ਸੀਮਾ ਪਾਰ ਕਰਨ ਤੱਕ ਆਪਣੇ ਆਪ ਹੀ ਇਸ ਭੀੜ ਦਾ ਰੂਪ ਬਦਲ ਜਾਏਗਾ। ਜਦੋਂ ਸ਼ਾਂਤੀ ਨਿਕੇਤਨ ਵਿਚ ਪੜ੍ਹਾਉਂਦਾ ਸਾਂ, ਤਦ ਪਿੰਡੀ ਤੋਂ ਕਲਕੱਤੇ ਥਰਡ ਕਲਾਸ ਵਿਚ ਹੀ ਜਾਂਦਾ ਸਾਂ ਤੇ ਪ੍ਰਾਂਤ-ਪ੍ਰਾਂਤ ਹੋਣ ਵਾਲੇ ਪਰਿਵਰਤਨ ਦੇਖ ਕੇ ਬੜਾ ਮਜ਼ਾ ਆਉਂਦਾ ਸੀ। ਸਕੈਚ ਬਣਾਉਣ ਦਾ ਅੱਛਾ ਖਾਸਾ ਅਭਿਆਸ ਹੋ ਗਿਆ ਸੀ ਉਹਨੀਂ ਦਿਨੀਂ। ਇਕ ਖਾਲੀ ਬੈਂਚ ਚੁਣ ਕੇ ਬੈਠ ਗਏ ਦੋਨੋਂ। ਸਾਹਮਣੇ ਗੋਆ ਵੱਲ ਦਾ ਬੁੱਢਾ ਈਸਾਈ ਤੇ ਉਸ ਦੀ ਪਤਨੀ ਬੈਠੇ ਸਨ। ਸਕੈਚ ਬਣਾਉਣ ਲਈ ਉਨ੍ਹਾਂ ਦੇ ਚਿਹਰੇ ਲਾਜਵਾਬ ਸਨ, ਪਰ ਹੁਣ ਸਕੈਚ ਬਣਾਉਣ ਦੀ ਜਾਚ ਕਿਹਨੂੰ ਸੀ? ਫੇਰ ਵੀ ਇਥੇ ਆ ਕੇ ਖੁਲ੍ਹੇਪਣ ਦਾ ਇਹਸਾਸ ਹੋਇਆ।
“ਬੰਗਲੌਰ ਕਿਸੇ ਸ਼ੂਟਿੰਗ ‘ਤੇ ਜਾ ਰਹੇ ਹੋ ਜਾਂ ਕਿਸੇ ਹੋਰ ਕੰਮ ਲਈ?”
ਮੈਂ ਅੱਖਾਂ ਪਾੜ ਕੇ ਵਿਅੰਗ ਭਰੀ ਨਜ਼ਰ ਨਾਲ ਉਸ ਵਲ ਵੇਖਦਿਆਂ ਕਿਹਾæææ “ਇਕ ਸਭਿਆਚਾਰਕ ਸਮਾਰੋਹ ਦਾ ਉਦਘਾਟਨ ਕਰਨ।”
“ਮੈਂ ਸਮਝ ਗਿਆæææ ਅਤੇ ਉਹ ਜ਼ੋਰ ਨਾਲ ਹੱਸਿਆ। ਏਨੇ ਜ਼ੋਰ ਨਾਲ ਹੱਸਣਾ ਕੁਝ ਬੇਮੌਕਾ ਜਿਹਾ ਲੱਗਾ ਮੈਨੂੰ। ਵਿਅੰਗ ਨੂੰ ਸਮਝਣ ਦੀ ਮਹਾਂਰਾਸ਼ਟਰੀਆਂ ਦੀ ਸ਼ਕਤੀ ਅਸਾਧਾਰਣ ਹੁੰਦੀ ਹੈ, ਜਾਂ ਸ਼ਾਇਦ ਰੰਮ ਜ਼ਿਮੇਂਦਾਰ ਸੀ।
“ਤੇ ਤੁਸੀਂ ਗੋਆ ਕੀ ਕਰਨ ਜਾ ਰਹੇ ਹੋ?”
“ਮੈਂ ਵੀ ਭਾੜ-ਝੌਂਕਣ ਹੀ ਜਾ ਰਿਹਾ ਹਾਂæææ।” ਕਹਿ ਕੇ ਉਹ ਹੋਰ ਵੀ ਜ਼ੋਰ ਨਾਲ ਹੱਸਿਆ। ਏਨਾ ਕਿ ਕੁਝ ਮੁਸਾਫਰ ਚੌਂਕ ਪਏ।
“ਭਾੜ-ਝੌਂਕਣ ਦੀ ਦੁਨੀਆਂ ਤੋਂ ਹੁਣ ਤੁਸੀਂ ਬਾਹਰ ਜਾ ਚੁੱਕੇ ਹੋ। ਪਹਿਲੇ ਸੁਣਦਾ ਸਾਂ, ਪਰ ਅੱਜ ਮੈਨੂੰ ਦੇਖ ਕੇ ਯਕੀਨ ਹੀ ਹੋ ਗਿਆ ਹੈ।”
“ਤੁਸੀਂ ਵੀ ਤਾਂ ਉਸ ਦੁਨੀਆਂ ਵਿਚ ਖੁਸ਼ ਨਹੀਂ ਹੋ, ਕਿਉਂ ਨਹੀਂ ਫ਼ਿਲਮਾਂ ਤੋਂ ਬਾਹਰ ਆ ਜਾਂਦੇ? ਅਚਯੁਤ ਨਾਲ ਅਕਸਰ ਤੁਹਾਡਾ ਜ਼ਿਕਰ ਹੁੰਦਾ ਰਹਿੰਦਾ ਹੈ।”
ਮੇਰੇ ਬਹੁਤ ਨਜ਼ਦੀਕੀ ਮਿੱਤਰਾਂ ਵਿਚੋਂ ਪਹਿਲਾਂ ਅੰਮ੍ਰਿਤ ਲਾਲ ਨਾਗਰ ਭੱਜ ਗਿਆ ਸੀ ਫ਼ਿਲਮਾਂ ਨੂੰ ਲੰਮੀ ਸਲਾਮ ਕਰ ਕੇ। ਜਾ ਬੈਠਾ ਆਪਣੇ ਵਤਨ ਲਖਨਊ ਦੀਆਂ ਗਲੀਆਂ ਵਿਚ। ਇਕ ਤੋਂ ਬਾਅਦ ਇਕ ਕਿੰਨੇ ਹੀ ਅਨੂਪਮ ਉਪਨਿਆਸ ਲਿਖ ਮਾਰੇ। ਦੂਜਾ ਭੱਜਿਆ ਸੀ ਅਚਯੁਤ ਰਾਨਾਡੇ। ਦਸ ਸਾਲਾਂ ਤੋਂ ਜਰਵਾੜਾ ਜੇਲ੍ਹ ਦੇ ਕੈਦੀਆਂ ਨੂੰ ਮੁੜ ਵਸਾਉਣ ਦੀ ਸੇਵਾ ਕਰਦਾ ਹੈæææ ਬਿਨਾ ਕਿਸੇ ਤਨਖਾਹ ਦੇ। ਅਸਚਰਜਮਈ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਉਸ ਤੋਂ, ਜਦੋਂ ਵੀ ਉਹ ਮਿਲਦਾ ਹੈ। ਜਿਸ ਤਰ੍ਹਾਂ ਜ਼ਿੰਦਗੀ ਦੀ ਕੁੱਖ ਤੋਂ ਤਾਜ਼ਾ ਲਹੂ ਮਾਸ ਦੇ ਟੁਕੜੇ ਨਿਕਾਲ ਕੇ ਲਿਆਇਆ ਹੋਵੇ।
ਉਸ ਨੇ ਦੱਸਿਆ ਕਿ ਇਕ ਵਾਰੀ ਉਹ ਫਾਂਸੀ ਵਾਲੇ ਵਾਰਡ ਵਿਚੋਂ ਦੀ ਗੁਜ਼ਰ ਰਿਹਾ ਸੀ, ਇਕ ਕੈਦੀ ਨੇ ਉਸ ਨੂੰ ਬੁਲਾਇਆæææ “ਮੈਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ, ਮੇਰੀ ਦਸਤਾਂ ਸੁਣੋ! ਮੈਂ ਕੁਝ ਨਹੀਂ ਕੀਤਾ ਸੀ।”
ਜਦੋਂ ਉਹ ਕੈਦੀ ਸੋਲ੍ਹਾਂ ਵਰ੍ਹਿਆਂ ਦਾ ਸੀ, ਉਸ ਦੇ ਪਿੰਡ ਝਗੜਾ ਹੋਇਆ। ਪਿੰਡ ਕੋਲ੍ਹਾਪੁਰ ਇਲਾਕੇ ਵਿਚ ਸੀ। ਓਦੋਂ ਕੋਲ੍ਹਾਪੁਰ ਰਿਆਸਤ ਸੀ। ਦੋ ਦਲ ਲੜੇ। ਇਕ ਆਦਮੀ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ। ਬਾਅਦ ਵਿਚ ਮਰ ਗਿਆ। ਪੁਲਿਸ ਨੇ ਸ਼ੱਕ ਵਿਚ ਕਈ ਹੋਰ ਆਦਮੀਆਂ ਦੇ ਨਾਲ ਇਸ ਲੜਕੇ ਨੂੰ ਵੀ ਫੜ ਲਿਆ ਅਤੇ ਹਵਾਲਾਤ ਬੰਦ ਕਰ ਦਿੱਤਾ। ਜਿਸ ਕੋਠੜੀ ਵਿਚ ਇਹ ਬੰਦ ਸੀ, ਉਸ ਵਿਚ ਇਕ ਛਟਿਆ ਹੋਇਆ ਬਦਮਾਸ਼ ਵੀ ਸੀ। ਉਸ ਬਦਮਾਸ਼ ਨੇ ਰਾਤ ਸਮੇਂ ਹਵਾਲਾਤ ਤੋੜੀ ਅਤੇ ਇਸ ਨੂੰ ਵੀ ਨਾਲ ਹੀ ਭਜਾ ਕੇ ਬੰਬਈ ਲੈ ਗਿਆ। ਉਥੇ ਇਸ ਨੂੰ ਕਾਰਖਾਨੇ ਵਿਚ ਨੌਕਰੀ ਮਿਲ ਗਈ। ਪਿਛੋਂ ਮੁਕੱਦਮਾ ਚੱਲਿਆ। ਇਕ ਵਿਅਕਤੀ ਨੂੰ ਉਮਰ ਕੈਦ ਹੋ ਗਈ ਤੇ ਇਸ ਨੂੰ ਭਗੌੜਾ (ਮਫ਼ਰੂਰ) ਕਰਾਰ ਦੇ ਦਿਤਾ ਗਿਆ।
ਦੋ ਤਿੰਨ ਸਾਲ ਬੀਤ ਗਏ। ਇਕ ਦਿਨ ਇਸ ਨੂੰ ਆਪਣੇ ਪਿੰਡ ਦਾ ਇਕ ਆਦਮੀ ਮਿਲਿਆ। ਉਸ ਨੇ ਦੱਸਿਆ ਕਿ ਉਸ ਦੀ ਮਾਂ ਬਹੁਤ ਬੀਮਾਰ ਹੈ। ਰਹਿ ਨਾ ਸਕਿਆ। ਮਾਂ ਨੂੰ ਮਿਲਣ ਚਲਾ ਗਿਆ। ਪਿੰਡ ਵਾਲਿਆਂ ਨੇ ਤਰਸ ਖਾ ਕੇ ਉਸ ਨੂੰ ਲੁਕੋ ਲਿਆ। ਮਾਂ ਮਰ ਗਈ। ਉਸ ਦੇ ਬਾਅਦ ਤੇਰਾਂ ਸਾਲ ਉਸ ਨੇ ਘਰ ਨੂੰ ਸੰਭਾਲਿਆ। ਭੈਣਾਂ ਭਰਾਵਾਂ ਦੇ ਵਿਆਹ ਕੀਤੇ। ਜਦੋਂ ਕਦੇ ਪੁਲਿਸ ਉਸ ਪਾਸੇ ਚੱਕਰ ਮਾਰਦੀ, ਪਿੰਡ ਵਾਲੇ ਉਸ ਨੂੰ ਛੁਪਾ ਲੈਂਦੇ।
ਤੇਰਾਂ ਸਾਲ ਬਾਅਦ ਉਹ ਆਦਮੀ ਜਿਸ ਨੂੰ ਉਮਰਕੈਦ ਹੋਈ ਸੀ, ਮਿਆਦ ਪੂਰੀ ਕਰ ਕੇ ਆ ਗਿਆ। ਉਸ ਨੇ ਇਸ ਨੂੰ ਕਿਹਾ, “ਹੁਣ ਲੁਕਣ ਦੀ ਕੋਈ ਜ਼ਰੂਰਤ ਨਹੀਂ ਹੈ। ਸਜ਼ਾ ਭੁਗਤੀ ਜਾ ਚੁੱਕੀ ਹੈ।” ਇਸ ਨੇ ਥਾਣੇ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਕੱਦਮਾ ਚਲਿਆ। ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਜਿਸ ਜ਼ਮਾਨੇ ਵਿਚ ਖੂਨ ਹੋਇਆ ਸੀ, ਉਸ ਵੇਲੇ ਰਿਆਸਤੀ ਕਾਨੂੰਨ ਮੁਤਾਬਕ ਨਾਬਾਲਗ ਅਪਰਾਧੀ ਨੂੰ ਕੋਈ ਰਿਆਇਤ ਨਹੀਂ ਸੀ।
ਅਚਯੁਤ ਨੇ ਸੁਣੀ ਇਸ ਦੀ ਕਹਾਣੀ। ਸੱਚ ਲੱਗੀ! ਉਹ ਉਸ ਲਈ ਲੜਿਆ। ਕਿਸੇ ਤਰ੍ਹਾਂ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਾ ਦਿੱਤੀ।
ਐਸੀਆਂ ਅਨੇਕ ਕਹਾਣੀਆਂ ਉਹ ਸੁਣਾਉਂਦਾ ਹੈ। ਫਿਲਮਾਂ ਅਤੇ ਮਾਸਕ ਪੱਤਰਾਂ ਦੀਆਂ ਢੇਰ ਸਾਰੀਆਂ ਕਹਾਣੀਆਂ ਉਹਨਾਂ ਉਪਰੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ।
“ਕੀ ਹਾਲ ਹੈ ਅਚਯੁਤ ਦਾ? ਪਿਛਲੀ ਦਿਨੀਂ ਸੁਣਿਆ ਕੁਝ ਬੀਮਾਰ ਸੀ।”
“ਬਲੱਡ ਪ੍ਰੈਸ਼ਰ ਹੋ ਗਿਆ ਸੀ। ਹੁਣ ਠੀਕ ਹੈ, ਬਲਕਿ ਅੱਜ ਹੀ ਸਟੇਸ਼ਨ ਆਉਂਦਿਆਂ ਹੋਇਆਂ ਉਸ ਨਾਲ ਮੁਲਾਕਾਤ ਹੋਈ ਸੀ। ਬੜਾ ਦੁਖੀ ਨਜ਼ਰ ਆ ਰਿਹਾ ਸੀ ਵਿਚਾਰਾ। ਇਕ ਕੈਦੀ ਨੂੰ ਕੱਲ੍ਹ ਸਵੇਰੇ ਫਾਂਸੀ ਲਗਣ ਵਾਲੀ ਹੈ। ਕਈ ਦਿਨਾਂ ਤੋਂ ਅਚਯੁਤ ਉਸ ਦੇ ਪਿਛੇ ਲਗਿਆ ਹੋਇਆ ਸੀ ਕਿ ਰਾਸ਼ਟਰਪਤੀ ਨੂੰ ਭੇਜੀ ਜਾਣ ਵਾਲੀ ਰਹਿਮ ਦੀ ਅਪੀਲ ‘ਤੇ ਦਸਤਖ਼ਤ ਕਰ ਦੇਵੇ। ਇਸ ਤਰ੍ਹਾਂ ਘੱਟ ਤੋਂ ਘੱਟ ਇਕ ਸਾਲ ਲਈ ਉਸ ਨੂੰ ਫਾਂਸੀ ਲੱਗਣ ਤੋਂ ਬਚਾਇਆ ਜਾ ਸਕਦਾ ਸੀ। ਹਾਈਕੋਰਟ, ਸੁਪਰੀਮ ਕੋਰਟ ਸਭ ਜਗ੍ਹਾ ਅਪੀਲਾਂ ਖਾਰਜ ਹੋ ਚੁੱਕੀਆਂ ਸਨ, ਪਰ ਉਹ ਦਸਤਖ਼ਤ ਕਰਨ ਲਈ ਤਿਆਰ ਨਹੀਂ ਹੋਇਆ। ਇਹੀ ਕਹਿੰਦਾ ਰਿਹਾ ਕਿ ਅਜਿਹਾ ਕਰਨ ਨਾਲ ਜੁਰਮ ਦਾ ਇਕਬਾਲ ਹੋ ਜਾਵੇਗਾ। ਇਹ ਗੱਲ ਉਸ ਦੇ ਦਿਮਾਗ ਵਿਚ ਆਉਂਦੀ ਹੀ ਨਹੀਂ ਸੀ ਕਿ ਦਸਤਖ਼ਤ ਨਾ ਕਰਨ ਕਰ ਕੇ ਕੁਝ ਦਿਨਾਂ ਦੇ ਅੰਦਰ ਹੀ ਉਸ ਨੂੰ ਫਾਂਸੀ ਹੋ ਜਾਵੇਗੀ। ਉਸ ਨੂੰ ਯਕੀਨ ਸੀ ਕਿ ਉਸ ਨੂੰ ਫਸਾਉਣ ਵਾਲੀ ਕੋਈ ਚਾਲ ਖੇਡੀ ਜਾ ਰਹੀ ਹੈ। ਅੱਜ ਤੱਕ ਕਿਸੇ ਕੈਦੀ ਨੇ ਅਚਯੁਤ ‘ਤੇ ਅਜਿਹਾ ਸ਼ੱਕ ਨਹੀਂ ਕੀਤਾ ਸੀ। ਅੱਜ ਅਖੀਰੀ ਦਿਨ ਸੀ। ਅੱਜ ਵੀ ਨਹੀਂ ਮੰਨਿਆ ਉਹ ਮੂਰਖ। ਕੱਲ੍ਹ ਸਵੇਰੇ ਜ਼ਰੂਰ ਉਸ ਨੂੰ ਅਚਯੁਤ ਦੀ ਗੱਲ ਸਮਝ ਵਿਚ ਆਏਗੀ, ਪਰ ਓਦੋਂ ਤੱਕ ਫਾਂਸੀ ਦਾ ਰੱਸਾ ਉਸ ਦੇ ਗਲ ਵਿਚ ਪੈ ਚੁੱਕਿਆ ਹੋਵੇਗਾ।”
“ਕੀ ਪਤਾ ਉਹ ਨਿਰਦੋਸ਼ ਹੀ ਹੋਵੇ।”
“ਮੈਂ ਵੀ ਅਚਯੁਤ ਨੂੰ ਇਹ ਹੀ ਕਿਹਾ ਸੀ, ਪਰ ਉਹ ਕਹਿੰਦਾ ਸੀ, ਇਹ ਗੱਲ ਨਹੀਂ ਹੈ। ਖੂਨ ਤਾਂ ਉਸ ਨੇ ਕੀਤਾ ਹੈ ਅਤੇ ਬੜਾ ਭਿਆਨਕ ਖੂਨ।”
ਸਾਹਮਣੇ ਵਾਲੀ ਸੀਟ ‘ਤੇ ਬੈਠੇ ਈਸਾਈ ਬਜ਼ੁਰਗ ਨੇ ਇਕ ਲੰਮਾ ਸਾਹ ਭਰਿਆ ਅਤੇ ਸੱਜੇ ਹੱਥ ਨਾਲ ਆਪਣੇ ਮੋਢਿਆਂ ਤੇ ਮੱਥੇ ਨੂੰ ਛੋਹ ਕੇ ਸਲੀਬੀ ਨਿਸ਼ਾਨ ਬਣਾਇਆ। ਸਪਸ਼ਟ ਸੀ ਕਿ ਇਸ ਉਮਰ ਵਿਚ ਵੀ ਉਸ ਦੀ ਸੁਣਨ ਦੀ ਸ਼ਕਤੀ ਕਾਫ਼ੀ ਤੇਜ਼ ਸੀ। ਕਤਲ-ਖੂਨ ਦੀ ਦਾਸਤਾਂ ਸੁਣਨ ਲਈ ਹੋਰ ਤੇਜ਼ ਹੋ ਗਈ ਹੋਵੇਗੀ। ਫੇਰ ਵੀ ਫਾਂਸੀ ਲਗਣ ਵਾਲੇ ਲਈ ਉਸ ਦਾ ਹਮਦਰਦੀ ਦਿਖਾਉਣਾ ਸੀ, ਮੈਨੂੰ ਚੰਗਾ ਲਗਾ।
ਕਾਮਲੇ ਕਹਿ ਰਿਹਾ ਸੀ- “ਅਚਯੁਤ ਕਹਿੰਦਾ ਸੀ, ਅਗਰ ਕੈਦੀ ਦੇ ਆਪਣੇ ਦੇਸ਼ ਦਾ ਕੋਈ ਆਦਮੀ ਨਾਲ ਹੁੰਦਾ ਤਾਂ ਸ਼ਾਇਦ ਉਸ ਨੂੰ ਠੀਕ ਰਸਤੇ ‘ਤੇ ਲਿਆਂਦਾ ਜਾ ਸਕਦਾ ਸੀ, ਪਰ ਉਸ ਦਾ ਕੋਈ ਵੀ ਸਾਕ ਸਬੰਧੀ ਉਸ ਨੂੰ ਮਿਲਣ ਨਹੀਂ ਆਇਆ। ਗੜ੍ਹਵਾਲ ਦੇ ਪਾਸੇ ਦਾ ਅਨਪੜ੍ਹ ਜਿਹਾ ਆਦਮੀ ਹੈ।”
ਮੇਰਾ ਧਿਆਨ ਖਿੜਕੀ ਤੋਂ ਬਾਹਰ ਚਲਾ ਗਿਆ। ਧਰਤੀ ‘ਤੇ ਖਿੜਕੀਆਂ ਵਿਚੋਂ ਡਲ੍ਹਕ ਰਹੀ ਰੋਸ਼ਨੀ ਸੁਨਹਿਰੀ ਜ਼ੰਜੀਰੀ ਦੀ ਤਰ੍ਹਾਂ ਗੱਡੀ ਦੇ ਨਾਲ ਨਾਲ ਦੌੜੀ ਜਾ ਰਹੀ ਸੀ, ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਆਪਣੇ ਬਚਪਨ ਵਿਚ ਪੋਠੋਹਾਰ ਦੀ ਧਰਤੀ ‘ਤੇ ਦੇਖਦਾ ਹੁੰਦਾ ਸਾਂ। ਕਦੇ ਉਹ ਜ਼ੰਜੀਰੀ ਟਿੱਲਿਆਂ ਤੋਂ ਦੀ ਛਲਾਂਗ ਮਾਰ ਕੇ ਗੱਡੀ ਦੇ ਬਰਾਬਰ ਆ ਜਾਂਦੀ ਸੀ, ਕਦੀ ਘੜੀ ਪਲ ਲਈ ਘੜੰਮ ਕਰ ਕੇ ਕਿਸੇ ਨਾਲੇ ਦੀ ਛਾਤੀ ‘ਤੇ ਗਿਰ ਪੈਂਦੀ ਸੀ, ਕਦੇ ਕਿਸੇ ਸੁਰੰਗ ਦੀ ਦੀਵਾਰ ਨੂੰ ਪੁਸਤਕ ਦੇ ਛਾਪੇ ਦੀ ਤਰ੍ਹਾਂ ਚਿਤਰ ਜਾਂਦੀ ਸੀ। ਅਤੇ ਗੱਡੀ ਇਨ੍ਹਾਂ ਪਰਛਾਵਿਆਂ ਦੀ ਦੌੜ ਤੋਂ ਬੇਖਬਰ, ਜਿਸ ਤਰ੍ਹਾਂ ਆਪਣੇ ਵੱਛੇ ਦੀ ਉਛਲ ਕੁੱਦ ਤੋਂ ਮਾਂ ਬੇਖ਼ਬਰ ਹੁੰਦੀ ਹੈ, ਸਾਫ ਬਰਾਬਰ ਰਫ਼ਤਾਰ ਨਾਲ ਤੁਰੀ ਜਾ ਰਹੀ ਸੀ। ਐਵੇਂ ਹੀ ਮੈਨੂੰ ਖਿਆਲ ਆਇਆ ਕਿ ਜੇ ਅਚਯੁਤ ਉਸ ਕੈਦੀ ਨੂੰ ਕਹਿੰਦਾ ਕਿ ‘ਰਹਿਮ ਵਾਲੀ’ ਅਪੀਲ ਕੇਵਲ ਉਸ ਨੂੰ ਪੂਨਾ ਦੀ ਬਜਾਏ ਉਸ ਦੇ ਆਪਣੇ ਵਤਨ ਗੜ੍ਹਵਾਲ ਲੈ ਜਾ ਕੇ ਫਾਂਸੀ ਦੇਣ ਲਈ ਕੀਤੀ ਜਾ ਰਹੀ ਹੈ ਤਾਂ ਉਹ ਦਸਤਖ਼ਤ ਕਰਨ ਲਈ ਜ਼ਰੂਰ ਮੰਨ ਜਾਂਦਾ।
ਕਾਮਲੇ ਨੇ ਕਿਹਾ- “ਮੈਂ ਜੇਲ੍ਹ ਦੇ ਬਾਰੇ ਵੀ ਇਕ ਡਾਕੂਮੈਂਟਰੀ ਬਣਾਈ ਹੈ। ਬਹੁਤ ਮੌਕਾ ਮਿਲਿਆ ਕੈਦੀਆਂ ਦੀ ਜ਼ਿੰਦਗੀ ਨੂੰ ਸਟੱਡੀ ਕਰਨ ਦਾ। ਮੇਰਾ ਅਨੁਮਾਨ ਹੈ ਕਿ ਦੋ ਚਾਰ ਮਹੀਨੇ ਫਾਂਸੀ ਦੀ ਕੋਠੜੀ ਵਿਚ ਰਹਿਣ ਬਾਅਦ ਕੈਦੀ ਨੀਮ ਪਾਗਲ ਜਿਹਾ ਹੋ ਜਾਂਦਾ ਹੈ। ਵਹਿਮ ਦੀ ਦੁਨੀਆਂ ਹੀ ਉਸ ਲਈ ਅਸਲੀ ਦੁਨੀਆਂ ਬਣ ਜਾਂਦੀ ਹੈ।
“ਠੀਕ ਗੱਲ ਹੈ। ਚਾਰ ਪੰਜ ਮਹੀਨੇ ਮੈਂ ਵੀ ਜੇਲ੍ਹ ਕੱਟ ਚੁੱਕਿਆ ਹਾਂ, ਬਲਕਿ ਕੁਛ ਲੋਕ ਤਾਂ ਕਹਿੰਦੇ ਹਨ ਕਿ ਮੇਰੇ ਚਿਹਰੇ ਦਾ ਐਕਸਪ੍ਰੈਸ਼ਨ ਅਜੇ ਵੀ ਜੇਲ੍ਹ ਦੇ ਕੈਦੀਆਂ ਵਰਗਾ ਹੈ।”
ਕਾਮਲੇ ਠਹਾਕਾ ਮਾਰ ਕੇ ਹੱਸ ਪਿਆ, “ਹੋ ਸਕਦਾ ਹੈ। ਮੈਂ ਗੌਰ ਨਹੀਂ ਕੀਤਾ।”
“ਪਰ ਮੈਂ ਖੁਦ ਸਹਿਮਤ ਨਹੀਂ ਹਾਂ।” ਮੈਂ ਕਿਹਾ- “ਪੰਦਰਾਂ ਸਾਲ ਫ਼ਿਲਮਾਂ ਵਿਚ ਕੰਮ ਕਰਨ ਬਾਅਦ ਮੇਰੇ ਚਿਹਰੇ ਦਾ ਐਕਸਪ੍ਰੈਸ਼ਨ ਕਿਸੇ ਵੇਸਵਾ ਜਾਂ ਜੁਆਰੀ ਵਰਗਾ ਹੋਣਾ ਜ਼ਿਆਦਾ ਸੁਭਾਵਿਕ ਹੈ।”
ਕਾਮਲੇ ਹੋਰ ਵੀ ਜ਼ਿਆਦਾ ਜ਼ੋਰ ਨਾਲ਼ ਹੱਸਿਆ। ਮੁਸਾਫਰ ਫੇਰ ਮੁੜ ਮੁੜ ਕੇ ਦੇਖਣ ਲੱਗੇ।
“ਅਚਯੁਤ ਦੀ ਤਰ੍ਹਾਂ ਤੁਸੀਂ ਵੀ ਹੁਣ ਜੀਵਨ ਤੋਂ ਜ਼ਿਆਦਾ ਸੰਤੁਸ਼ਟ ਲਗਦੇ ਹੋ। ਕਿਉਂ, ਠੀਕ ਹੈ ਨਾ?” ਮੈਂ ਕਿਹਾ।
“ਬਿਲਕੁਲ, ਸਾਹਨੀ ਸਾਹਿਬ। ਇਕ ਤਾਂ ਪੂਨੇ ਮੇਰਾ ਆਪਣਾ ਘਰ ਹੈ। ਬੰਬਈ ਵਿਚ ਮੋਟਰ ਬਿਨਾਂ ਸੜਕ ‘ਤੇ ਆਉਂਦਿਆਂ ਮੈਨੂੰ ਝਿਜਕ ਮਹਿਸੂਸ ਹੁੰਦੀ ਸੀ। ਇਥੋਂ ਮਜ਼ੇ ਨਾਲ ਸਾਈਕਲ ‘ਤੇ ਘੁੰਮਦਾ ਹਾਂ, ਜਿਸ ਤਰ੍ਹਾਂ ਕਾਲਜ ਦੇ ਜ਼ਮਾਨੇ ਕਰਿਆ ਕਰਦਾ ਸਾਂ। ਦੋਸਤਾਂ ਦੇ ਘਰ ਜਾਣਾ ਹੋਵੇ ਤਾਂ ਪਹਿਲਾਂ ਟੈਲੀਫੋਨ ਕਰ ਕੇ ਅਪਾਇੰਟਮੈਂਟ ਨਹੀਂ ਲੈਣੀ ਪੈਂਦੀ। ਜਦੋਂ ਵੀ ਚਾਹੋ ਕਿਸੇ ਦੋਸਤ ਨਾਲ ਘੰਟਿਆਂ ਬੱਧੀ ਬੈਠਿਆ ਜਾ ਸਕਦਾ ਹੈ। ਦਿਮਾਗ਼ ਤਾਜ਼ਾ ਹੁੰਦਾ ਹੈ, ਨਵੀਆਂ ਗੱਲਾਂ ਸੁਝਦੀਆਂ ਹਨ, ਮਾਲੂਮ ਹੁੰਦਾ ਹੈ, ਜੀ ਰਹੇ ਹਾਂ। ਬੰਬਈ ਵਿਚ ਤਾਂ ਆਦਮੀ ਦਿਨ ਕੱਟਦਾ ਹੈ। ਖਾਸ ਤੌਰ ‘ਤੇ ਫਿਲਮਾਂ ਵਾਲਿਆਂ ਨੇ ਤਾਂ ਆਰਟਫੀਸ਼ੈਲਿਟੀ ਦੀ ਹੱਦ ਕਰ ਰੱਖੀ ਹੈ।”
“ਭਈ, ਕਿਸਮਤ ਵਾਲੇ ਹੋ। ਬੰਬਈ ਵੀ ਤੁਹਾਡਾ, ਪੂਨਾ ਵੀ ਤੁਹਾਡਾ। ਅਸੀਂ ਲੋਕ ਛੱਡ ਕੇ ਜਾਈਏ ਵੀ ਤਾਂ ਕਿਥੇ? ਸਾਡਾ ਤਾਂ ਵਤਨ ਵੀ ਸਾਥੋਂ ਖੋਹਿਆ ਜਾ ਚੁੱਕਾ ਹੈ।”
“ਤੁਸੀਂ ਮੈਥੋਂ ਹਮਦਰਦੀ ਮੰਗ ਰਹੇ ਹੋ?”
“ਥੋੜ੍ਹੀ ਬਹੁਤ।”
“ਇਹ ਤਾਂ ਤੁਹਾਡੀ ਸ਼ਾਨ ਵਿਚ ਗੁਸਤਾਖੀ ਹੋਵੇਗੀ।”
“ਰਹਿਣ ਦਿਓ ਫੇਰ।”
“ਤੁਸੀਂ ਕਹੋਗੇ, ਛੋਟਾ ਮੂੰਹ ਤੇ ਵੱਡੀ ਗੱਲ, ਪਰ ਸਾਹਨੀ ਸਾਹਿਬ, ਮੈਂ ਤੁਹਾਨੂੰ ਸੱਚ ਦੱਸਾਂ, ਅਸੀਂ ਲੋਕ ਜ਼ਿੰਦਗੀ ਤੋਂ ਖਾਹ-ਮਖਾਹ ਡਰਦੇ-ਦਬਦੇ ਰਹਿੰਦੇ ਹਾਂ। ਆਪਣੀ ਡਾਕੂਮੈਂਟਰੀ ਦੇ ਸਿਲਸਿਲੇ ਵਿਚ ਮੈਂ ਦੇਸ਼ ਭਰ ਵਿਚ ਘੁੰਮਿਆ ਹਾਂ। ਕਈ ਜਗ੍ਹਾ ਸ਼ਹਿਰ ਤੋਂ ਸੈਂਕੜੇ ਮੀਲ ਦੂਰ ਭਿਆਨਕ ਜੰਗਲਾਂ ਵਿਚ, ਏਨੇ ਸੰਘਣੇ ਜੰਗਲ ਕਿ ਮੋਟਰ ਤਾਂ ਕੀ, ਬੈਲ ਗੱਡੀ ਵੀ ਉਥੋਂ ਦੀ ਨਾ ਲੰਘ ਸਕੇ, ਆਦਿ ਵਾਸੀਆਂ ਦੀ ਕਿਸੇ ਛੋਟੀ ਜਿਹੀ ਬਸਤੀ ਵਿਚ ਕਿਸੇ ਯੂਰਪੀਅਨ ਜਾਂ ਅਮਰੀਕਨ ਪਾਦਰੀ ਨੂੰ ਬੈਠੇ ਹੋਏ ਦੇਖਿਆ ਹੈ। ਬੁੱਢਾ ਹੋ ਗਿਆ ਹੈ ਉਹ, ਸਾਰੀ ਉਮਰ ਉਨ੍ਹਾਂ ਲੋਕਾਂ ਵਿਚ ਰਹਿੰਦੇ ਰਹਿੰਦੇ; ਆਪਣੇ ਦ੍ਰਿਸ਼ਟੀਕੋਣ ਅਨੁਸਾਰ ਉਨ੍ਹਾਂ ਦੀ ਸੇਵਾ ਕਰਦੇ ਕਰਦੇ, ਪਰ ਉਹ ਖੁਸ਼ ਹੈ। ਬੇਹੱਦ ਖੁਸ਼। ਪੈਸੇ ਦਾ ਲਾਲਚ ਇਨਸਾਨ ਨੂੰ ਕਾਇਰ ਬਣਾ ਦਿੰਦਾ ਹੈ ਸਾਹਨੀ ਸਾਹਿਬ। ਵਰਨਾ ਇਨਸਾਨ ਕਿਧਰੇ ਵੀ ਸੰਤੁਸ਼ਟ ਹੋ ਸਕਦਾ ਹੈ। ਸ਼ਰਤ ਇਹ ਕਿ ਜੀਵਨ ਵਿਚ ਕੋਈ ਲਗਨ ਹੋਵੇ। ਕੰਮ ਆਪਣੀ ਪਸੰਦ ਦਾ ਹੋਵੇ ਅਤੇ ਫੇਰ ਸਾਡਾ ਦੇਸ਼ ਏਨਾ ਵਿਸ਼ਾਲ ਹੁੰਦਾ ਹੋਏ ਵੀ ਇਸ ਵਿਚ ਸਭਿਆਚਾਰਕ ਏਕਤਾ ਇਸ ਹੱਦ ਤੱਕ ਹੈ। ਸਾਡੇ ਨੇਤਾ ਕਹਿੰਦੇ ਹਨ ਕਿ ‘ਸਾਨੂੰ ਭਾਵਾਤਮਕ ਏਕਤਾ ਪੈਦਾ ਕਰਨੀ ਚਾਹੀਦੀ ਹੈ, ਪਰ ਭਾਵਾਤਮਕ ਏਕਤਾ ਤਾਂ ਪਹਿਲੇ ਹੀ ਮੌਜੂਦ ਹੈ। ਜ਼ਰੂਰਤ ਹੈ ਸਿਰਫ਼ ਪੁਰਾਣੇ ਪਿੱਟੇ ਹੋਏ ਰਸਤਿਆਂ ਨੂੰ ਛੱਡ ਕੇ ਨਵੇਂ ਰਸਤਿਆਂ ਨੂੰ ਫੜਨ ਦੀ। ਆਪਣੇ ਦੇਸ਼ ਨੂੰ ਦੇਖਣ ਅਤੇ ਪਛਾਣਨ ਦੀæææ।”
ਮੈਨੂੰ ਉਸ ਦੀਆਂ ਗੱਲਾਂ ਦਾ ਸੁਆਦ ਆਉਣ ਲੱਗਾ ਅਤੇ ਹੁਣ ਉਸ ਨੇ ਵੀ ਆਪਣੀ ਯਾਦ ਅਨੁਸਾਰ ਅਸਚਰਜ ਜਨਕ ਆਪਬੀਤੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿਨੋਭਾ ਭਾਵੇ ਨਾਲ ਪਦ ਯਾਤਰਾ ਦਾ ਹਾਲ। ਕੋਇਲੇ ਦੀਆਂ ਖਾਨਾਂ ਵਿਚ ਮਜ਼ਦੂਰਾਂ ਨਾਲ ਕੀ ਕੀ ਹੁੰਦਾ ਹੈ। ਜੇ ਜ਼ਿੰਦਾ ਹੀ ਦੱਬੇ ਜਾਣ ਤਾਂ ਇਹ ਦੱਸਣ ਲਈ, ਕਿ ਉਸ ਦਿਨ ਉਹ ਕੰਮ ‘ਤੇ ਹੀ ਨਹੀਂ ਆਏ, ਹਾਜ਼ਰੀ ਦੇ ਦੋਹਰੇ ਰਜਿਸਟਰ ਰੱਖੇ ਜਾਂਦੇ ਹਨ। ਦੱਬੇ ਹੋਏ ਮਜ਼ਦੂਰਾਂ ਨੂੰ ਕੱਢਣ ਲਈ ਕੌਣ ਪੈਸਾ ਤੇ ਸਮਾਂ ਬਰਬਾਦ ਕਰਦਾ ਫਿਰੇ! ਕਿਸ ਤਰ੍ਹਾਂ ਖਾਨ ਦੇ ਇੰਸਪੈਕਟਰ ਦੀ ਮੁੱਠੀ ਗਰਮ ਕਰ ਕੇ ਥੱਲੇ ਸਾਫ਼ ਹਵਾ ਲੈ ਜਾਣ ਲਈ ਖੁਲ੍ਹੇ ਪਾਈਪ ਲਗਾਉਣ ਦੀ ਬਜਾਏ ਤੰਗ ਪਾਈਪ ਲਗਾ ਦਿੱਤੇ ਜਾਂਦੇ ਹਨ। ਕਿਸ ਤਰ੍ਹਾਂ ਸਾਹ ਘੁਟਣ ਨਾਲ ਵਾਰ ਵਾਰ ਬੇਹੋਸ਼ ਹੋ ਜਾਂਦੇ ਹਨ ਮਜ਼ਦੂਰ। ਕਿਸ ਤਰ੍ਹਾਂ ਦੇਸ਼ ਦੇ ਕੋਨੇ ਕੋਨੇ ਵਿਚ ਉਦਯੋਗਕ ਕ੍ਰਾਂਤੀ ਆ ਰਹੀ ਹੈ ਜਿਸ ਨੂੰ ਅੱਖੀਂ ਦੇਖਣ ਤੋਂ ਬਿਨਾਂ ਮਨੁੱਖ ਕਲਪਨਾ ਵੀ ਨਹੀਂ ਕਰ ਸਕਦਾ। ਕਿਸ ਤਰ੍ਹਾਂ ਪੰਚਾਇਤੀ ਈਲੈਕਸ਼ਨਾਂ ਵਿਚ ਡਾਕੂਆਂ ਤੇ ਗੁੰਡਿਆਂ ਨੂੰ ਵੋਟਾਂ ਦਿਵਾਈਆਂ ਜਾਂਦੀਆਂ ਹਨ। ਕਿਸ ਕਿਸ ਤਰ੍ਹਾਂ ਦੇ ਲੋਕ ਕਿਸ ਕਿਸ ਤਰ੍ਹਾਂ ਦੇ ਪਾਤਰ। ਕਦੀ ਵੀ ਖਤਮ ਨਾ ਹੋਣ ਵਾਲਾ ਸਿਲਸਿਲਾ ਕਹਾਣੀਆਂ ਦਾ।
ਉਸ ਨੇ ਦੱਸਿਆ, ਇਕ ਵਾਰੀ ਮਛੇਰਿਆ ਨਾਲ ਘੁੱਪ ਹਨ੍ਹੇਰੀ ਰਾਤ ਵਿਚ ਡੂੰਘੇ ਸਮੁੰਦਰ ਵਿਚ ਮਛਲੀਆਂ ਪਕੜਨ ਦੇ ਦ੍ਰਿਸ਼ ਦੀ ਸ਼ੂਟਿੰਗ ਕਰ ਰਿਹਾ ਸੀ। ਤੇਜ਼ ਰੋਸ਼ਨੀਆਂ ਲਈ ਲਾਂਚ ਵਿਚ ਜੈਨਰੇਟਰ ਲਗਾਇਆ ਹੋਇਆ ਸੀ। ਇਕ ਉਧੇੜ ਉਮਰ ਦੇ ਮਛੇਰੇ ਦਾ ਪੈਰ ਬਿਜਲੀ ਦੀ ਨੰਗੀ ਤਾਰ ‘ਤੇ ਰੱਖਿਆ ਗਿਆ ਅਤੇ ਸ਼ਾਕ ਲਗਦੇ ਹੀ ਉਹ ਸਮੁੰਦਰ ਵਿਚæææ!
ਅਚਾਨਕ ਮੈਂ ਦੇਖਿਆ, ਸਾਹਮਣੇ ਬੈਠੇ ਬੁੱਢੇ ਈਸਾਈ ਦਾ ਚਿਹਰਾ ਬੇਚੈਨ ਹੋ ਰਿਹਾ ਸੀ। ਜਿਸ ਤਰ੍ਹਾਂ ਸਾਡੀਆਂ ਗੱਲਾਂ ਸੁਣਨਾ ਉਸ ਲਈ ਅਸਹਿ ਹੋ ਰਿਹਾ ਹੋਵੇ। ਉਸ ਦੀਆਂ ਅੱਖਾਂ ਬਾਹਰ ਦੇਖ ਰਹੀਆਂ ਸਨ। ਚਿਹਰਾ ਤਮਤਮਾ ਰਿਹਾ ਸੀ। ਉਹ ਇਸ ਤਰ੍ਹਾਂ ਸਾਹ ਲੈ ਰਿਹਾ ਸੀ ਜਿਸ ਤਰ੍ਹਾਂ ਪੌੜੀਆਂ ਚੜ੍ਹ ਰਿਹਾ ਹੋਵੇ। ਉਸ ਦੀ ਪਤਨੀ ਵੀ ਚੌਕੰਨੀ ਹੋ ਕੇ ਬੈਠ ਗਈ ਸੀ। ਬੁੱਢੇ ਦੀ ਹਾਲਤ ਦੇਖ ਕੇ ਕਾਮਲੇ ਵੀ ਚੁੱਪ ਹੋ ਗਿਆ।
ਬੁੱਢੀ ਨੇ ਬੁੱਢੇ ਦੀ ਬਾਂਹ ਪਕੜੀ ਅਤੇ ਉਸ ਨੂੰ ਪਲੋਸਣ ਲੱਗੀ। ਕਿਤੇ ਉਸ ਨੂੰ ਕੋਈ ਦੌਰਾ ਤਾਂ ਨਹੀਂ ਸੀ ਪੈ ਰਿਹਾ? ਏਨੇ ਵਿਚ ਗੱਡੀ ਇਕ ਪੁਲ ਤੋਂ ਦੀ ਲੰਘਦੀ ਘੜ ਘੜ ਕਰਨ ਲੱਗੀ। ਬੁੱਢੇ ਨੇ ਫੇਰ ਇਕ ਵਾਰੀ ਮੋਢੇ ਅਤੇ ਮੱਥੇ ਨੂੰ ਛੋਹ ਕੇ ਸਲੀਬ ਦਾ ਨਿਸ਼ਾਨ ਬਣਾਇਆ। ਉਸ ਦੀ ਦੇਖਾ ਦੇਖੀ ਬੁੱਢੀ ਨੇ ਵੀ ਉਸ ਤਰ੍ਹਾਂ ਹੀ ਕੀਤਾ। ਕੋਈ ਬੜਾ ਵੱਡਾ ਪੁਲ ਸੀ। ਪੁਲ ਦਾ ਜੰਗਲਾ ਨਹੀਂ ਸੀ। ਦੂਰ ਥੱਲੇ ਥੋੜ੍ਹਾ ਜਿਹਾ ਪਾਣੀ ਅਤੇ ਚੱਟਾਨਾਂ ਦੇ ਆਕਾਰ ਦਿਖਾਈ ਦੇ ਰਹੇ ਸਨ।
ਪੁਲ ਗੁਜ਼ਰ ਜਾਣ ਤੋਂ ਬਾਅਦ ਬੁੱਢੇ ਦੀ ਤਬੀਅਤ ਕੁਝ ਠੀਕ ਹੋਣ ਲੱਗੀ। ਅਸੀਂ ਦੋਨੋਂ ਕਾਫ਼ੀ ਹੈਰਾਨ ਸਾਂ। ਕਾਮਲੇ ਨੇ ਅੰਗਰੇਜ਼ੀ ਵਿਚ ਕਿਹਾ- “ਆਰ ਯੂ ਫੀਲਿੰਗ ਆਲ ਰਾਈਟ, ਸਰ? ਆਈ ਹੋਪ, ਦਿਅਰ ਇਜ਼ ਨਥਿੰਗ ਰਾਂਗ?”
“ਆਈ ਐਮ ਆਲ ਰਾਈਟ।” ਬੁੱਢੇ ਨੇ ਜਵਾਬ ਦਿੱਤਾ। ਪਲ ਭਰ ਤੋਂ ਬਾਅਦ ਕਾਮਲੇ ਵਲ ਵਕੀਲਾਂ ਦੀ ਤਰ੍ਹਾਂ ਉਂਗਲ ਉਠਾ ਕੇ ਕਹਿਣ ਲੱਗ, “ਆਈ ਐਮ ਆਲਸੋ ਏ ਮਰਡਰਰ।”
“ਇਹ ਤੁਸੀਂ ਕੀ ਕਹਿ ਰਹੇ ਹੋ?” ਕਾਮਲੇ ਨੇ ਕਿਹਾ।
ਬੁੱਢਾ ਗ਼ਲਤ ਕਿਸਮ ਦੀ ਅੰਗਰੇਜ਼ੀ ਤੇਜ਼ੀ ਨਾਲ ਬੋਲਣ ਲੱਗਾ, ਜਿਸ ਤਰ੍ਹਾਂ ਰੁਕੇ ਹੋਏ ਪਾਣੀ ਦਾ ਬੰਨ੍ਹ ਖੋਲ੍ਹ ਦਿੱਤਾ ਜਾਵੇ। ਸਿਗਾਰ ਪੀ ਕੇ ਉਸ ਨੇ ਆਵਾਜ਼ ਕਾਫੀ ਖਰਾਬ ਕਰ ਲਈ ਸੀ। ਦੰਦ ਨਾ ਹੋਣ ਕਰ ਕੇ ਸ਼ਬਦ ਵੀ ਮੂੰਹ ਵਿਚੋਂ ਇਸ ਤਰ੍ਹਾਂ ਨਿਕਲਦੇ ਸਨ ਜਿਸ ਤਰ੍ਹਾਂ ਕੋਈ ਚਿੱਕੜ ਵਿਚ ਸਲੀਪਰ ਪਾ ਕੇ ਚਲ ਰਿਹਾ ਹੋਵੇ।
“ਇਹ ਜਿਹੜਾ ਪੁਲ ਸੀ ਨਾ”, ਉਹ ਕਹਿ ਰਿਹਾ ਸੀ- “ਇਥੇ ਮੈਂ ਇਕ ਆਦਮੀ ਦੀ ਹੱਤਿਆ ਕੀਤੀ ਸੀ। ਖੂਨ ਦਾ ਬੋਝ ਸਾਰੀ ਉਮਰ ਛਾਤੀ ‘ਤੇ ਰੱਖਣ ਨਾਲੋਂ ਇਕ ਵਾਰੀ ਫਾਂਸੀ ਲੱਗ ਜਾਣਾ ਅੱਛਾ ਹੁੰਦਾ ਹੈ। ਮੈਂ ਰੇਲਵੇ ਡਰਾਈਵਰ ਸੀ। ਬਹੁਤ ਪੁਰਾਣੀ ਗੱਲ ਹੈ ਇਹæææ 1910 ਦੀ, 18 ਮਈ 1910 ਦੀ। ਬੜੇ ਜਾਹਿਲ ਹੁੰਦੇ ਸੀ ਲੋਕ ਇਸ ਇਲਾਕੇ ਦੇ ਉਦੋਂ। ਬਿਲਕੁਲ ਜਾਨਵਰæææ।”
ਉਸ ਨੇ ਗੁੱਸੇ ਵਿਚ ਚਾਰ ਪੰਜ ਗੰਦੀਆਂ ਗਾਲੀਆਂ ਵੀ ਕੱਢ ਦਿੱਤੀਆਂ, ਮਾਨੋਂ ਉਨ੍ਹਾਂ ਦਿਨਾਂ ਦੇ ਲੋਕ ਉਸ ਦੇ ਸਾਹਮਣੇ ਖੜ੍ਹੇ ਹੋਣ, ਜਿਸ ਤਰ੍ਹਾਂ ਅਜੇ ਤੱਕ ਉਨ੍ਹਾਂ ਨੂੰ ਮੁਆਫ ਨਾ ਕਰ ਸਕਿਆ ਹੋਵੇ।
“ਜਦੋਂ ਵੀ ਉਨ੍ਹਾਂ ਗੰਵਾਰ ਲੋਕਾਂ ਨੇ ਕਿਸੇ ਸਟੇਸ਼ਨ ‘ਤੇ ਚੜ੍ਹਨਾ ਉਤਰਨਾ ਹੁੰਦਾ, ਇਕ ਦਮ ਘਬਰਾ ਕੇ ਭੱਜ ਦੌੜ ਮਚਾ ਦਿੰਦੇ। ਬਿਲਕੁਲ ਹੀ ਆਪਣਾ ਖਿਆਲ ਨਹੀਂ ਸੀ ਰਹਿੰਦਾ ਉਨ੍ਹਾਂ ਨੂੰ। ਰਾਤ ਨੂੰ ਕਿਸੇ ਉਜਾੜ ਇਲਾਕੇ ਵਿਚ ਗੱਡੀ ਊਂ ਹੀ ਖੜ੍ਹੀ ਹੋ ਜਾਵੇ ਤਾਂ ਉਹ ਸਮਝਦੇ ਕਿ ਸਟੇਸ਼ਨ ਆ ਗਿਆ ਹੈ ਅਤੇ ਬਿਨਾਂ ਦੇਖੇ ਹੇਠਾਂ ਉਤਰ ਜਾਂਦੇ।æææ ਉਨ੍ਹਾਂ ਦਾ ਖਿਆਲ ਸੀ ਕਿ ਗੱਡੀ ਬਿਨਾਂ ਸਟੇਸ਼ਨ ਕਿਸੇ ਹੋਰ ਜਗ੍ਹਾ ਖੜ੍ਹੀ ਹੀ ਨਹੀਂ ਹੋ ਸਕਦੀ। ਜੇ ਗੱਡੀ ਕਦੇ ਕਿਸੇ ਪੁਲ ‘ਤੇ ਖੜ੍ਹੀ ਹੋ ਜਾਂਦੀ, ਕਿੰਨੇ ਹੀ ਥੱਲੇ ਨਦੀ ਵਿਚ ਡਿੱਗ ਪੈਂਦੇ, ਖਾਸ ਕਰ ਕੇ ਰਾਤ ਦੇ ਸਮੇਂ। ਸੈਂਕੜੇ ਜਾਨਾਂ ਇਸ ਤਰ੍ਹਾਂ ਬਰਬਾਦ ਹੋ ਚੁੱਕੀਆਂ ਸਨ। ਸਾਨੂੰ ਹੁਕਮ ਮਿਲਿਆ, ਚਾਹੇ ਕੁਝ ਵੀ ਕਿਉਂ ਨਾ ਹੋ ਜਾਵੇ, ਰਾਤ ਦੇ ਸਮੇਂ ਗੱਡੀ ਪੁਲ ‘ਤੇ ਨਾ ਰੋਕੀ ਜਾਵੇæææ ਇਹੀ ਪੁਲ ਜਿਹੜਾ ਹੁਣੇ ਲੰਘਿਆ ਹੈæææ (ਕਿਸੇ ਨੰਬਰ ਦੀ ਅੱਪ ਗੱਡੀ ਦਾ ਨਾਮ ਲਿਆ ਉਸ ਨੇ) ਅਚਾਨਕ ਇਕ ਰਾਤ ਦੂਰ ਤੋਂ ਇੰਜਨ ਦੀ ਸਰਚ-ਲਾਈਟ ਨਾਲ ਮੈਂ ਇਕ ਆਦਮੀ ਨੂੰ ਇਸ ਪੁਲ ‘ਤੇ ਖੜ੍ਹੇ ਦੇਖਿਆ, ਇਸੇ ਤਰ੍ਹਾਂ ਜਿਵੇਂ ਤੇਜ਼ ਰੌਸ਼ਨੀ ਵਿਚ ਗਾਂ ਜਾਂ ਮੱਝ ਸੁੰਨ ਹੋ ਜਾਂਦੀ ਹੈ। ਮੈਂ ਝਟ ਬ੍ਰੇਕ ਲਗਾਏ ਤੇ ਸੀਟੀਆਂ ਦੇਣੀਆਂ ਸ਼ੁਰੂ ਕੀਤੀਆਂ, ਪਰ ਉਹ ਮੂਰਖ ਪੁਲ ਪਾਰ ਕਰਨ ਦੀ ਬਜਾਏ ਲਾਈਨ ਦੇ ਏਧਰ ਓਧਰ ਭੱਜਣ ਲੱਗਾ। ਏਧਰੋਂ ਓਧਰ, ਓਧਰੋਂ ਏਧਰ। ਕਦੇ ਥੱਲੇ ਨਦੀ ਵਲ ਝਾਕੇ। ਮੇਰੀ ਸਪੀਡ ਅੱਛੀ ਸੀ, ਪਰ ਏਨੀ ਨਹੀਂ ਕਿ ਗੱਡੀ ਰੋਕ ਨਾ ਸਕਦਾ, ਪਰ ਜਦ ਪੁਲ ਪਹੁੰਚਾ ਤਾਂ ਮੈਨੂੰ ਯਾਦ ਆਇਆ ਕਿ ਗੱਡੀ ਰੋਕਣ ਦੀ ਮੈਨੂੰ ਇਜਾਜ਼ਤ ਨਹੀਂ ਸੀ। ਸਪੀਡ ਰਹਿ ਗਈ ਹੋਵੇਗੀ ਉਸ ਵੇਲੇ ਕੋਈ ਦਸ ਮੀਲ ਦੀ। ਹੁਣ ਕੀ ਕਰਾਂ? ਮੈਂ ਫੇਰ ਜ਼ੋਰ ਦੀ ਸੀਟੀ ਮਾਰੀ, ਪਰ ਉਹ ਡਰ ਨਾਲ ਹੋਰ ਵੀ ਪਾਗਲ ਹੋ ਰਿਹਾ ਸੀ। ਹੁਣ ਉਹ ਲਾਈਨ ਦੇ ਐਨ ਵਿਚਕਾਰ ਆ ਕੇ ਖੜ੍ਹਾ ਹੋ ਗਿਆ, ਹੱਥ ਖੜ੍ਹੇ ਕਰ ਕੇ। ਜਦ ਗੱਡੀ ਫੇਰ ਵੀ ਨਾ ਰੁਕੀ ਅਤੇ ਬਿਲਕੁਲ ਉਸ ਦੇ ਪਾਸ ਆ ਗਈ ਤਾਂ ਜਾ ਕੇ ਕਿਤੇ ਉਸ ਨੂੰ ਭੱਜਣ ਦਾ ਖਿਆਲ ਆਇਆ। ਭੱਜਿਆ ਅੱਗੇ ਅੱਗੇ। ਭੱਜਦਾ ਜਾਏ ਤੇ ਮੁੜ ਮੁੜ ਕੇ ਪਿਛੇ ਦੇਖਦਾ ਜਾਏ। ਹੱਥ ਜੋੜੇ ਮੇਰੇ ਵੱਲ। ਕੀ ਕੀ ਨਾ ਕਹੇæææ ‘ਮਾਲਾ ਨਕੋ ਮਾਰੇਲਾæææ ਮਾਲਾ ਨਕੋ ਮਾਰੇਲਾ’æææ ਹੜਬੜਾ ਕੇ ਚੀਕਦਾ ਜਾਵੇ ਨਾਲ ਨਾਲ। ਪਗੜੀ ਡਿੱਗ ਕੇ ਉਸ ਦੇ ਪੈਰਾਂ ਵਿਚ ਫਸ ਰਹੀ ਸੀ। ਬੇਵਕੂਫ਼! ਏਨਾ ਵੀ ਨਹੀਂ ਕਿ ਲਾਈਨ ਤੋਂ ਇਕ ਪਾਸੇ ਹਟ ਕੇ ਖੜ੍ਹਾ ਹੋ ਜਾਵੇ। ਬਹੁਤ ਚੀਖਿਆ ਮੈਂ ਵੀ। ਪਤਾ ਨਹੀਂ ਕੀ ਕੀ ਕਿਹਾ ਉਸ ਨੂੰ। ‘ਲੌਕਰ, ਲੌਕਰæææ ਲੌਕਰ’ ਪਰ ਉਹ ਕਹੀ ਜਾਵੇæææ ‘ਮਾਲਾ ਨਕੋ ਮਾਰੇਲਾ’æææ ਮੇਰੀ ਹੀ ਉਮਰ ਦਾ ਬੜਾ ਸੁੰਦਰ ਨੌਜਵਾਨ ਸੀ। ਹੱਥ ਦੇ ਝਟਕੇ ਨਾਲ ਮੈਂ ਗੱਡੀ ਰੋਕ ਸਕਦਾ ਸਾਂ, ਪਰ ਪਤਾ ਨਹੀਂ, ਮੇਰੇ ‘ਤੇ ਹੁਕਮ ਪਾਲਣ ਦਾ ਕਿਹੋ ਜਿਹਾ ਭੂਤ ਸੁਆਰ ਸੀ। ਮੈਂ ਗੱਡੀ ਹੌਲੀ ਕਰ ਸਕਦਾ ਸਾਂ, ਪਰ ਨਹੀਂ। ਤਦ ਮੇਰੇ ਆਪਣੇ ਹੋਸ਼ ਵੀ ਸ਼ਾਇਦ ਗੁੰਮ ਹੋ ਗਏ ਸਨ। ਇਸ ਤਰ੍ਹਾਂ ਜਿਸ ਤਰਾਂ੍ਹ ਚੁਟਕੀ ਵਜਾਈ ਜਾਂਦੀ ਹੈ, ਉਸ ਦਾ ਪੈਰ ਡਗਮਗਾਇਆ, ਉਪਰ ਦਾ ਧੜ ਕਟ ਕੇ ਨਦੀ ਦੀ ਡੂੰਘੀ ਖੱਡ ਵਿਚ ਰੁੜ੍ਹ ਪਿਆ, ਇਸ ਸਫ਼ਾਈ ਨਾਲ਼ææ। ਮੈਂ ਪਿਛੇ ਮੁੜ ਕੇ ਵੇਖਿਆ, ਮੇਰਾ ਫਾਇਰਮੈਨ ਸੀਟ ਦੇ ਨਾਲ ਸਹਿਮਿਆ ਖੜ੍ਹਾ ਮੇਰੀ ਵੱਲ ਇਸ ਤਰ੍ਹਾਂ ਦੇਖ ਰਿਹਾ ਸੀ ਕਿ ਕਿਤੇ ਮੈਂ ਉਸ ਦਾ ਖੂਨ ਵੀ ਨਾ ਕਰ ਦੇਵਾਂæææ ਚਾਰ ਮੀਲ ਅੱਗੇ ਜਾ ਕੇ ਮੈਂ ਸਟੇਸ਼ਨ ‘ਤੇ ਗੱਡੀ ਰੋਕੀ ਅਤੇ ਉਤਰ ਗਿਆ। ਫੇਰ ਮੈਥੋਂ ਗੱਡੀ ਨਹੀਂ ਚਲਾਈ ਗਈ। ਦੂਸਰਾ ਡਰਾਈਵਰ ਪੂਨਾ ਤੋਂ ਬੁਲਾਇਆ ਗਿਆ। ਮੈਂ ਬੜੀ ਕੋਸ਼ਿਸ਼ ਕੀਤੀ, ਪਰ ਫੇਰ ਕੰਮ ‘ਤੇ ਨਹੀਂ ਜਾ ਸਕਿਆ। ਅਖੀਰ ਵਿਚ ਮੇਰੀ ਬਦਲੀ ਸਟੇਸ਼ਨ ਸਟਾਫ ਵਿਚ ਕਰ ਦਿੱਤੀ ਗਈ। ਸਟੇਸ਼ਨ ਮਾਸਟਰ ਰੀਟਾਇਰ ਹੋਇਆ, ਮਾਮੂਲੀ ਜਿਹਾ। ਸਾਰਾ ਕੈਰੀਅਰ ਹੀ ਖਰਾਬ ਕਰ ਦਿੱਤਾ ਮੇਰਾ ਉਸ ਮੂਜ਼ੀ ਨੇ।”
“ਲੇਕਿਨ ਸਰ, ਤੁਸੀਂ ਖਾਹਮਖਾਹ ਆਪਣੇ ਆਪ ਨੂੰ ਦੋਸ਼ ਦੇ ਰਹੇ ਹੋ। ਸਿਪਾਹੀ ਨੂੰ ਬਿਨਾਂ ਸਵਾਲ ਜਵਾਬ ਕੀਤੇ ਹੁਕਮ ਮੰਨਣਾ ਪੈਂਦਾ ਹੈ ਅਤੇ ਉਹ ਹੁਕਮ ਵੀ ਤਾਂ ਠੀਕ ਸੀ। ਜੇ ਤੁਸੀਂ ਗੱਡੀ ਖੜ੍ਹੀ ਕਰ ਲੈਂਦੇ ਤਾਂ ਕੀ ਪਤਾ, ਹੋਰ ਕਿੰਨੀਆਂ ਜਾਨਾਂ ਬਰਬਾਦ ਹੋ ਸਕਦੀਆਂ ਸਨ।”
“ਮੈਂ ਸਭ ਤਸੱਲੀਆਂ ਦੇ ਚੁੱਕਾ ਹਾਂ ਅਤੇ ਆਪ ਨੂੰ”, ਉਸ ਨੇ ਅੰਗਰੇਜ਼ੀ ਵਿਚ ਹੀ ਜਵਾਬ ਦਿੱਤਾ- “ਇਨਸਾਨ ਨੂੰ ਪਰਮਾਤਮਾ ਨੇ ਸਭ ਤੋਂ ਪਵਿੱਤਰ ਚੀਜ਼ ਦਿੱਤੀ ਹੈ। ਉਸ ਦੀ ਜ਼ਮੀਰ, ਆਤਮਾ ਅਤੇ ਮੇਰੀ ਜ਼ਮੀਰ ਨੇ ਹਮੇਸ਼ਾ ਮੈਨੂੰ ਖੂਨੀ ਠਹਿਰਾਇਆ ਹੈ। ਪਵਿੱਤਰ ਅੰਜ਼ੀਲ ਦਾ ਹੁਕਮ ਹੈ- ‘ਦਾਊ ਸ਼ੈੱਲ ਨਾੱਟ ਕਿੱਲ (ਹਿੰਸਾ ਨਾ ਕਰ) ਆਈ ਬਿਲਟ ਦੈਟ ਮੈਨæææ।’ ਖੈਰ ਹੁਣ ਬਹੁਤ ਦੇਰ ਨਹੀਂ ਰਹਿ ਗਈ। ਜਲਦੀ ਹੀ ਉਸ ਜਹਾਨ ਵਿਚ ਮੇਰੇ ਕੇਸ ਦਾ ਫੈਸਲਾ ਹੋ ਜਾਏਗਾ। ਪਤਾ ਨਹੀਂ ਨੇਕ ਪਰਮਾਤਮਾ ਕੀ ਇਨਸਾਫ਼ ਕਰੇਗਾ ਮੇਰੇ ਨਾਲ।”
ਗੱਲ ਮੁਕਾ ਕੇ ਉਸ ਨੇ ਬੁਝੇ ਹੋਏ ਸਿਗਾਰ ਨੂੰ ਫੇਰ ਇਸ ਤਰ੍ਹਾਂ ਜਲਾਇਆ ਜਿਸ ਤਰ੍ਹਾਂ ਸਾਰਾ ਗੁੱਸਾ ਉਸ ‘ਤੇ ਉਤਾਰ ਰਿਹਾ ਹੋਵੇ। ਫੇਰ ਸਰੀਰ ਸਿੱਧਾ ਕਰ ਕੇ ਕਿਹਾ, “ਲਾਰਡ, ਫਾਰਗਿਵ ਮੀ।” ਅਤੇ ਇਕ ਵਾਰੀ ਫੇਰ ਉਸ ਨੇ ਆਪਣੇ ਆਪ ਨੂੰ ‘ਕ੍ਰਾਸ’ ਕੀਤਾ। ਇਸ ਦੌਰਾਨ ਬੁੱਢੀ ਸਾਰਾ ਸਮਾਂ ਸਾਡੇ ਵੱਲ ਇਸ ਤਰ੍ਹਾਂ ਦੇਖਦੀ ਰਹੀ ਜਿਵੇਂ ਕਹਿ ਰਹੀ ਹੋਵੇ- ‘ਭਲਾ ਇਸ ਵਿਚ ਮੇਰਾ ਕੀ ਕਸੂਰ?’
ਅਗਲੇ ਸਟੇਸ਼ਨ ‘ਤੇ ਅਸੀਂ ਕੰਪਾਰਟਮੈਂਟ ਵਿਚੋਂ ਨਿਕਲ ਕੇ ਬਾਹਰ ਆ ਗਏ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਕਿਸੇ ਥੀਏਟਰ ਵਿਚੋਂ ਨਿਕਲ ਰਿਹਾ ਹੋਵਾਂ, ਨਾਟਕ ਦੇਖ ਕੇ ਅਤੇ ਟਿਕਟ ‘ਤੇ ਖਰਚ ਕੀਤੇ ਪੈਸੇ ਵਿਅਰਥ ਨਾ ਗਏ ਹੋਣ। ਓਹੀ ਸਟੇਸ਼ਨ ਸੀ ਇਹ ਜਿਸ ਦੇ ਇਰਦ ਗਿਰਦ ਬੁੱਢੇ ਦੇ ਸੰਪੂਰਣ ਜੀਵਨ ਦਾ ਇਤਿਹਾਸ ਘੁੰਮ ਰਿਹਾ ਸੀ।