ਅੱਗ ਦੀ ਨਦੀ ਦੇ ਤਾਰੂ

ਜੰਮੂ ਕਸ਼ਮੀਰ ਦੇ ਸਾਹਿਤਕਾਰ ਖਾਲਿਦ ਹੁਸੈਨ ਨੇ ਪੰਜਾਬੀ ਵਿਚ ਕਮਾਲ ਦੀਆਂ ਕਹਾਣੀਆਂ ਰਚੀਆਂ ਹਨ। ਉਹਦੀਆਂ ਕਹਾਣੀਆਂ ਵਾਂਗ ਉਸ ਦੀ ਸਵੈ-ਜੀਵਨੀ ‘ਮਾਟੀ ਕੁਦਮ ਕਰੇਂਦੀ ਯਾਰ’ ਵੀ ਸਰਲ ਅਤੇ ਸਹਿਜ ਹੋਣ ਦੇ ਨਾਲ ਨਾਲ ਅਸਾਧਾਰਨ ਵੀ ਹੈ। ਇਸ ਕਿਤਾਬ ਦਾ ਰੰਗ ਵੀ ਆਮ ਸਵੈ-ਜੀਵਨੀਆਂ ਨਾਲੋਂ ਵੱਖਰਾ ਹੈ। ‘ਅੱਗ ਦੀ ਨਦੀ ਦੇ ਤਾਰੂ’ ਵਾਲੀ ਕਥਾ ਉਸ ਨੇ ਆਪਣੀ ਭੈਣ ਦੇ ਮੂੰਹੋਂ ਸੁਣਾਈ ਹੈ।

-ਸੰਪਾਦਕ
ਖਾਲਿਦ ਹੁਸੈਨ
ਮਸ਼ਹੂਰ ਸਾਹਿਤਕਾਰ, ਕਹਾਣੀਕਾਰ, ਪੱਤਰਕਾਰ ਤੇ ਯਾਰਾਂ ਦਾ ਯਾਰ ਖਾਲਿਦ ਹੁਸੈਨ ਜਿਸ ਨੇ ਜੰਮੂ ਕਸ਼ਮੀਰ ਤੋਂ ਅੱਡ ਭਾਰਤ ਤੇ ਪਾਕਿਸਤਾਨ ਵਿਚ ਆਪਣੀਆਂ ਕਹਾਣੀਆਂ ਰਾਹੀਂ ਨਿਵੇਕਲਾ ਥਾਂ ਬਣਾਇਆ ਸੀ, ਉਹ ਕੱਲ੍ਹ ਸ਼ਾਮੀਂ ਫੌਤ ਹੋ ਗਿਆ। ਉਸ ਦੀ ਮੌਤ ਕਿੰਜ ਹੋਈ, ਇਸ ਬਾਰੇ ਡਾਕਟਰਾਂ ਵਲੋਂ ਕੋਈ ਉਚੇਚੀ ਰਿਪੋਰਟ ਨਹੀਂ ਆਈ, ਪਰ ਇਕ ਗੱਲ ਪੱਕੀ ਹੈ ਕਿ ਉਸ ਨੂੰ ਹਾਰਟ ਅਟੈਕ ਨਹੀਂ ਸੀ ਹੋਇਆ, ਕਿਉਂਕਿ ਉਸ ਦਾ ਹਾਰਟ ਤੇ ‘ਸਵੀਟ ਹਾਰਟ’ ਸੀ। ਪਿਆਰ ਸਮੁੰਦਰ ਉਸ ਦੇ ਅੰਦਰ ਠਾਠਾਂ ਮਾਰਦਾ ਸੀ। ਉਹ ਆਪ ਇਸ਼ਕ ਸੀ, ਆਸ਼ਿਕ ਸੀ ਤੇ ਮਸ਼ੂਕ ਵੀ। ਉਹ ਰੱਬ ਦੀ ਬਣਾਈ ਹੋਈ ਕਾਇਨਾਤ ਵਿਚ ਰਚਿਆ ਵਸਿਆ ਸੀ। ਉਹ ਸੱਚ ਤੇ ਹੱਕ ਦੇ ਧਰਮ ਦਾ ਆਸ਼ਿਕ ਸੀ ਤੇ ਕਰੜੇ ਮੁਲਾਵਾਂ ਤੇ ਜਨੂੰਨੀ ਤਿਲਕਧਾਰੀਆਂ ਕੋਲੋਂ ਦੁਖੀ ਸੀ। ਉਹ ਦੁਨੀਆਂ ਦੀ ਦੌਲਤ ਨੂੰ ਜੁੱਤੀ ਦੀ ਨੋਕ ਬਰਾਬਰ ਸਮਝਦਾ ਸੀ। ਇਸੇ ਲਈ ਸ਼ਾਹ ਖਰਚ ਸੀ। ਉਸ ਨੇ ਸਾਰੀ ਹਯਾਤੀ ਗਿਆਨ ਦੀ ਦੌਲਤ ਇਕੱਠਿਆਂ ਕਰਨ ਵਿਚ ਗੁਜ਼ਾਰੀ। ਉਹ ਆਪਣੇ ਦੋਸਤਾਂ ਨੂੰ ਪਿਆਰ ਸੌਗਾਤਾਂ ਵੰਡਦਾ ਰਹਿੰਦਾ। ਉਹਨੇ ਕਦੇ ਆਪਣੀ ਜ਼ਿੰਦਗੀ ਵਿਚ ਰਿਸ਼ਤੇ ਨਹੀਂ ਗੁਆਏ, ਸਗੋਂ ਰਿਸ਼ਤਿਆਂ ਨੂੰ ਬਣਾਇਆ ਤੇ ਪਾਲੀ ਰੱਖਿਆ। ਉਹਦੇ ਦਿਲ ਦੀ ਢੋਕ ਹਮੇਸ਼ਾ ਵਸਦੀ ਰਹੀ।
ਉਹਦੀ ਫੌਤਗੀ ਨਾਲ ਸਾਹਿਤਕ ਹਲਕਿਆਂ ਵਿਚ ਉਦਾਸੀ ਛਾ ਗਈ ਸੀ। ਗਵਰਨਰ, ਚੀਫ਼ ਮਨਿਸਟਰ, ਮੰਤਰੀਆਂ, ਸਮਾਜੀ ਸੰਸਥਾਵਾਂ ਤੇ ਸਾਹਿਤਕ ਅਦਾਰਿਆਂ ਦੀਆਂ ਸੋਗ ਸਭਾਵਾਂ ਵਿਚ ਮਾਤਮੀ ਕਰਾਰਦਾਦਾਂ ਪਾਸ ਕੀਤੀਆਂ ਗਈਆਂ ਅਤੇ ਖਾਲਿਦ ਹੁਸੈਨ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਉਸ ਦੀ ਸ਼ਖਸੀਅਤ ਤੇ ਸਾਹਿਤਕ ਪ੍ਰਾਪਤੀਆਂ ਤੇ ਕਾਮਯਾਬੀਆਂ ਅਤੇ ਲੋਕ ਸੇਵਾਵਾਂ ਨੂੰ ਸਲਾਹਿਆ ਗਿਆ। ਸਭਿਆਚਾਰਕ, ਸਾਹਿਤਕ ਤੇ ਸਮਾਜੀ ਸੰਗਠਨਾਂ ਨੇ ਵੀ ਬੜੇ ਦੁਖੀ ਦਿਲ ਨਾਲ ਸੋਗ ਮਨਾਇਆ। ਸਭਨਾਂ ਨੇ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣਾ ਕਰਨ ਨਾਲ ਸਾਹਿਤਕ ਜਗਤ ਵਿਚ ਖਲਾਅ ਪੈਦਾ ਹੋ ਗਿਆ ਹੈ, ਪਰ ਸੱਚੇ ਤੇ ਸੁੱਚੇ ਸਾਹਿਤਕਾਰਾਂ ਦਾ ਕਹਿਣਾ ਸੀ ਕਿ ਖਾਲਿਦ ਹੁਸੈਨ ਦੇ ਮਰਨ ਨਾਲ ਦੇਸ਼, ਸਮਾਜ ਤੇ ਸਾਹਿਤਕ ਜਗਤ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਲੋਕ ਮਰਦੇ ਰਹਿੰਦੇ ਨੇ ਅਤੇ ਦੂਜੇ ਲੋਕ ਉਨ੍ਹਾਂ ਦੀ ਥਾਂ ਲੈਂਦੇ ਰਹਿੰਦੇ ਹਨ; ਇਸ ਲਈ ਬਹੁਤਾ ਸੋਗ ਮਨਾਉਣ ਦੀ ਵੀ ਕੋਈ ਲੋੜ ਨਹੀਂ ਹੈ।
ਸਵਰਗਵਾਸੀ ਹੁਸੈਨ ਬੜੇ ਮਖੌਲੀਏ, ਜ਼ਿੰਦਾਦਿਲ, ਲਤੀਫੇਬਾਜ਼ ਤੇ ਕਬੂਤਰਬਾਜ਼ ਸਨ; ਉਹ ਗੱਲਾਂ ਕਰਦਿਆਂ ਦੋ ਚਾਰ ਲਤੀਫ਼ੇ ਸੁਣਾਉਣਾ ਅਤੇ ਠੇਠ ਅਖਾਣਾਂ ਭਰੀ ਭਾਸ਼ਾ ਦਾ ਇਸਤੇਮਾਲ ਕਰਨਾ ਆਪਣਾ ਫਰਜ਼ ਸਮਝਦੇ ਸਨ। ਉਨ੍ਹਾਂ ਦੇ ਅਖਾਣ ਤੇ ਮੁਹਾਵਰੇ ਸੁਣ ਕੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕਈ ਪ੍ਰੋਫੈਸਰ ਅਤੇ ਸਾਹਿਤਕਾਰ ਪ੍ਰੇਸ਼ਾਨ ਹੋ ਜਾਂਦੇ ਸਨ। ਸਭਨਾਂ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਨੂੰ ਸਵਰਗਾਂ ਵਿਚ ਨੇਕ ਹੂਰਾਂ ਦੇ ਹੱਥੋਂ ਪਾਕ ਸ਼ਰਾਬ ਪਿਲਾਉਣ ਲਈ ਤੇ ਮੌਜਾਂ ਮਾਰਨ ਲਈ ਰੱਬ ਸੱਚੇ ਅੱਗੇ ਅਰਦਾਸ ਕੀਤੀ, ਪਰ ਸਾਰਿਆਂ ਨੂੰ ਪਤਾ ਸੀ ਕਿ ਜਿਸ ਜੱਨਤ ਦੀ ਪੇਸ਼ੀਨਗੋਈ ਮੁਲਾਣੇ ਅਤੇ ਭਵਿਖਬਾਣੀ ਪੰਡਿਤ ਤੇ ਪੁਜਾਰੀ ਕਰਦੇ ਹਨ, ਉਹ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲਣੀ। ਫਿਰ ਵੀ ਦੁਆ ਮੰਗਣ ਵਿਚ ਭਲਾ ਕਿਸੇ ਦਾ ਕੀ ਜਾਂਦਾ ਸੀ ਤੇ ਇਸ ਵਿਚ ਹਰਜ ਵੀ ਕੀ ਸੀ!
ਮੈਂ ਖਾਲਿਦ ਹੁਸੈਨ ਦੀ ਵੱਡੀ ਭੈਣ ਜ਼ੁਬੇਦਾ ਹਾਂ, ਮੈਂ ਉਸ ਨੂੰ ਪਾਲਿਆ ਸੀ, ਤੇ ਉਹਨੂੰ ਪੜ੍ਹਾਇਆ ਵੀ। ਮੈਂ 1947 ਦੀ ਦੇਸ ਵੰਡ ਤੇ ਉਸ ਕਾਰਨ ਹੋਏ ਲੋਕਾਈ ਤੇ ਕਤਲ-ਓ-ਗਾਰਤ, ਬਲਾਤਕਾਰੀ, ਬਰਬਾਦੀ ਤੇ ਮੰਦਹਾਲੀ ਦੀ ਅੱਖੀਂ ਵੇਖੀ ਹਕੀਕਤ ਹਾਂ। ਇਸ ਲਈ ਮੈਂ ਖਾਲਿਦ ਹੁਸੈਨ ਦੀ ਬਚਪਨ ਤੇ ਉਸ ਨਾਲ ਜੁੜੀਆਂ ਦੂਜੀਆਂ ਗੱਲਾਂ ਦਾ ਵੇਰਵਾ ਦਿਆਂਗੀ।
ਸਾਡੇ ਵੱਡੇ-ਵਡੇਰੇ ਹਸਬੀ-ਨਸਬੀ ਕਸ਼ਮੀਰੀ ਪੰਡਿਤ ਸਨ ਤੇ ਕਸ਼ਮੀਰ ਦੀ ਸੋਹਣੀ ਧਰਤੀ ਦੇ ਵਸਨੀਕ। ਸਾਡਾ ਨੱਕੜ ਦਾਦਾ ਦਮੋਦਰ ਕੌਲ ਰਫ਼ਲ ਅਤੇ ਪਸ਼ਮੀਨੇ ਦੇ ਸ਼ਾਲ ਬਣਾਉਣ ਦਾ ਕਾਰੀਗਰ ਸੀ। ਉਹ ਲਾਹੌਰ ਤੋਂ ਆਏ ਕਿਸੇ ਸੂਫ਼ੀ ਫਕੀਰ ਦਾ ਮੁਰੀਦ (ਚੇਲਾ) ਬਣ ਗਿਆ ਤੇ ਉਹਦੇ ਨਾਲ ਰਹਿ ਕੇ ਉਸ ਦੀ ਸੇਵਾ ਕਰਨ ਲੱਗਾ। ਜਦੋਂ ਉਹ ਸੂਫ਼ੀ ਦਰਵੇਸ਼ ਮੁੜ ਲਾਹੌਰ ਵੱਲ ਜਾਣ ਲੱਗਾ ਤਾਂ ਨੱਕੜ ਦਾਦਾ ਵੀ ਉਸ ਨਾਲ ਲਾਹੌਰ ਚਲਾ ਗਿਆ। ਆਪਣੇ ਮੁਰਸ਼ਦ ਦੇ ਆਖੇ ਲੱਗ ਕੇ ਦਮੋਦਰ ਕੌਲ ਨੇ ਇਸਲਾਮ ਧਰਮ ਕਬੂਲ ਕਰ ਲਿਆ ਅਤੇ ਕਸ਼ਮੀਰੀ ਮੁਸਲਿਮ ਸ਼ਰਨਾਰਥੀ ਦੀ ਕੁੜੀ ਨਾਲ ਵਿਆਹ ਕਰ ਲਿਆ। ਉਸ ਦੀ ਸੰਤਾਨ ਵਿਚੋਂ ਇਕ ਪੁੱਤਰ ਜਦ ਜਵਾਨ ਹੋਇਆ ਤਾਂ ਲਾਹੌਰ ਛੱਡ ਕੇ ਜੰਮੂ ਆ ਗਿਆ। ਉਹ ਵੀ ਸ਼ਾਲ ਬਾਫ਼ੀ ਦੇ ਕੰਮ ਦਾ ਮਾਹਿਰ ਸੀ। ਉਸ ਨੂੰ ਰਾਮ ਨਗਰ ਦੇ ਰਾਜੇ ਨੇ ਆਪਣਾ ਮੁਲਾਜ਼ਮ ਰੱਖ ਲਿਆ ਤੇ ਇੰਜ ਉਹ ਪੱਕੇ ਪੈਰੀਂ ਰਾਮ ਨਗਰ ਜਾ ਵੱਸਿਆ, ਜਿਥੇ ਉਸ ਦਾ ਵਿਆਹ ਕਸ਼ਮੀਰੀ ਮੁਸਲਮਾਨ ਜੁਲਾਹਿਆਂ ਦੇ ਘਰ ਹੋਇਆ। ਉਹਨੇ ਉਥੇ ਆਪਣਾ ਕੱਚਾ ਕੋਠਾ ਉਸਾਰਿਆ ਤੇ ਰਾਜੇ ਦੀ ਚਾਕਰੀ ਕਰਨ ਦੇ ਨਾਲ ਨਾਲ ਸ਼ਾਲ ਬੁਣਨ ਦਾ ਕੰਮ ਵੀ ਕਰਦਾ ਰਿਹਾ। ਉਸ ਦੇ ਘਰ ਦੋ ਪੁੱਤਰ ਤੇ ਇਕ ਧੀ ਪੈਦਾ ਹੋਈ ਜਿਨ੍ਹਾਂ ਵਿਚ ਪੁੱਤਰ ਦਾ ਨਾਂ ਸ਼ੇਖ ਅਲੀ ਮੁਹੰਮਦ ਸੀ, ਜਿਸ ਨੂੰ ਲੋਕੀ ਅਲੀਆ ਸ਼ੇਖ ਸੱਦਦੇ ਸਨ ਤੇ ਇਹ ਅਲੀਆ ਸ਼ੇਖ ਸਾਡਾ ਪੜਦਾਦਾ ਸੀ, ਜਿਸ ਦਾ ਮਕਾਨ ਰਾਮ ਨਗਰ ਦੇ ਮੁਹੱਲੇ ਚਿਗਲੀ ਚੋਰੀ ਵਿਚ ਸੀ। ਸਾਡੇ ਦਾਦੇ ਦਾ ਨਾਂ ਸ਼ੇਖ ਹਬੀਬ ਉਲਾ ਸੀ, ਜਿਹੜਾ ਸ਼ਾਲ ਦੇ ਕੱਪੜਾ ਬੁਣਨ ਦੇ ਨਾਲ ਨਾਲ ਦਰਜ਼ੀਆਂ ਦਾ ਕੰਮ ਵੀ ਕਰਦਾ ਸੀ।
ਇਕ ਵਾਰੀ ਉਹ ਖਰੀਦਾਰੀ ਲਈ ਰਾਮ ਨਗਰ ਤੋਂ ਉਧਮਪੁਰ ਆਇਆ ਤਾਂ ਉਸ ਨੇ ਦਬੜ ਵਿਚ ਕਿਸੇ ਕਸ਼ਮੀਰੀ ਟੱਬਰ ਨੂੰ ਵੇਖਿਆ ਜਿਹੜਾ ਦੇਹਰਾਦੂਨ ਤੋਂ ਆਇਆ ਸੀ ਤੇ ਵਾਪਸ ਕਸ਼ਮੀਰ ਜਾ ਰਿਹਾ ਸੀ। ਉਸ ਪਰਿਵਾਰ ਦੇ ਮੁਖੀ ਦਾ ਨਾਂ ਜਾਫ਼ਰ ਅਲੀ ਸੀ। ਉਨ੍ਹਾਂ ਦਿਨਾਂ ਵਿਚ ਬਹੁਤਾ ਸਫ਼ਰ ਪੈਦਲ ਕਰਨਾ ਪੈਂਦਾ ਸੀ, ਇਸ ਲਈ ਉਹ ਕੁਝ ਦਿਨ ਉਧਮਪੁਰ ਰਹਿ ਕੇ ਵਿਸ਼ਰਾਮ ਕਰ ਕੇ ਕਸ਼ਮੀਰ ਵੱਲ ਜਾਣਾ ਚਾਹੁੰਦਾ ਸੀ। ਉਹ ਟੱਬਰ ਸ਼ੀਆ ਮਸਲਕ ਨਾਲ ਤਾਲੁਕ ਰੱਖਦਾ ਸੀ। ਪਰਿਵਾਰ ਵਿਚ ਕੁਲ ਚਾਰ ਜੀਅ ਸਨ। ਦੋ ਜੁਆਨ ਕੁੜੀਆਂ ਅਤੇ ਉਨ੍ਹਾਂ ਦੇ ਮਾਪੇ ਜਿਹੜੇ ਸ੍ਰੀਨਗਰ ਦੇ ਜ਼ੱਡੀਬਲ ਇਲਾਕੇ ਦੇ ਰਹਿਣ ਵਾਲੇ ਸਨ ਤੇ ਸਰਦੀਆਂ ਵਿਚ ਮਿਹਨਤ ਮਜ਼ਦੂਰੀ ਕਰਨ ਪੰਜਾਬ, ਦਿੱਲੀ ਜਾਂ ਉਤਰ ਪ੍ਰਦੇਸ਼ ਵੱਲ ਚਲੇ ਜਾਂਦੇ ਸਨ। ਜਾਫ਼ਰ ਅਲੀ ਦੀ ਸੁਆਣੀ ਦਾ ਨਾਂ ਜ਼ੈਨਬ ਸੀ ਤੇ ਕੁੜੀਆਂ ਦੇ ਨਾਂ ਤਾਜ ਬੇਗਮ ਤੇ ਰਾਜ ਬੇਗਮ ਸਨ। ਜਾਫ਼ਰ ਅਲੀ ਕਸਬੀ ਦਰਜ਼ੀ ਸੀ ਤੇ ਸਿਲਾਈ ਦਾ ਕੰਮ ਦਸਤੀ ਕਰਦਾ ਸੀ, ਕਿਉਂਕਿ ਉਨ੍ਹਾਂ ਦਿਨਾਂ ਵਿਚ ਸਿਲਾਈ ਮਸ਼ੀਨਾਂ ਨਹੀਂ ਸਨ ਹੁੰਦੀਆਂ ਤੇ ਦਰਜੀ ਹੱਥ ਨਾਲ ਸੀਣ ਪਰੋਣ ਦਾ ਕੰੰਮ ਕਰਦੇ ਸਨ। ਜਾਫ਼ਰ ਅਲੀ ਕੋਟ ਬਣਾਉਣ ਦਾ ਮਾਹਿਰ ਸੀ। ਜਦ ਇਸ ਗੱਲ ਦੀ ਸਾਰ ਉਧਮਪੁਰ ਦੇ ਤਹਿਸੀਲਦਾਰ ਨੂੰ ਲੱਗੀ ਤਾਂ ਉਸ ਨੇ ਜਾਫ਼ਰ ਅਲੀ ਨੂੰ ਕੋਟ ਬਣਾਉਣ ਲਈ ਕੱਪੜਾ ਦਿੱਤਾ। ਇਕ ਅਧ ਸੂਟ ਸੀਣ ਮਗਰੋਂ ਇਹ ਕਸ਼ਮੀਰੀ ਟੱਬਰ ਪੂਰੇ ਉਧਮਪੁਰ ਵਿਚ ਮਸ਼ਹੂਰ ਹੋ ਗਿਆ ਤੇ ਉਨ੍ਹਾਂ ਨੂੰ ਕੋਟ, ਵਾਸਕਟਾਂ ਤੇ ਹੋਰ ਕੱਪੜੇ ਸੀਣ ਦਾ ਕੰਮ ਮਿਲਦਾ ਗਿਆ। ਉਨ੍ਹਾਂ ਰਹਿਣ ਲਈ ਕਿਰਾਏ ‘ਤੇ ਮਕਾਨ ਲੈ ਲਿਆ ਤੇ ਕੱਪੜੇ ਸੀਣ ਦਾ ਕੰਮ ਕਰਨ ਲੱਗੇ। ਦੋਵੇਂ ਕੁੜੀਆਂ ਆਪਣੇ ਪਿਓ ਦਾ ਹੱਥ ਵਟਾਉਂਦੀਆਂ। ਸ਼ੇਖ ਹਬੀਬ ਉਲਾ ਅਤੇ ਡੁੱਡੂ ਪਿੰਡ ਦਾ ਸਾਹਬਦੀਨ ਭੱਟ ਵੀ ਉਨ੍ਹਾਂ ਕੋਲ ਆਉਣ-ਜਾਣ ਲੱਗੇ। ਨੇੜਤਾ ਵਧਦੀ ਗਈ ਤੇ ਦੋਵੇਂ ਆਖਿਰ ਜਾਫਰ ਅਲੀ ਦੇ ਜਵਾਈ ਬਣ ਗਏ। ਰਾਜ ਬੇਗਮ ਸਾਹਬਦੀਨ ਭੱਟ ਨੇ ਵਿਆਹੀ ਅਤੇ ਤਾਜ ਬੇਗਮ ਹਬੀਬ ਉਲਾ ਦੀ ਬੀਵੀ ਬਣ ਗਈ। ਜਾਫ਼ਰ ਅਲੀ ਤੇ ਜ਼ੈਨਬ ਸ੍ਰੀਨਗਰ ਆਪਣੇ ਘਰ ਜ਼ੱਡੀਬਲ ਚਲੇ ਗਏ ਅਤੇ ਉਨ੍ਹਾਂ ਦੀਆਂ ਧੀਆਂ ਡੁੱਡੂ ਬਸੰਤਗੜ੍ਹ ਅਤੇ ਰਾਮ ਨਗਰ।
ਹਬੀਬ ਉਲਾ ਸਾਡਾ ਦਾਦਾ ਸੀ ਤੇ ਤਾਜ ਬੇਗਮ ਜਾਂ ਤਾਜੋ ਸਾਡੀ ਦਾਦੀ, ਜਦਕਿ ਸਾਹਬਦੀਨ ਭੱਟ ਸਾਡਾ ਨਾਨਾ ਸੀ ਤੇ ਰਾਜ ਬੇਗਮ ਜਾਂ ਰਾਜੋ ਸਾਡੀ ਮਤਰੇਈ ਨਾਨੀ ਸੀ। ਹਬੀਬ ਉਲਾ ਤੇ ਤਾਜੋ ਦੇ ਤਿੰਨ ਪੁੱਤਰ ਤੇ ਇਕ ਧੀ ਸੀ। ਪੁੱਤਰਾਂ ਦੇ ਨਾਂ ਸ਼ੇਖ ਗੁਲਾਮ ਹੁਸੈਨ, ਸ਼ੇਖ ਅਬਦੁਲ ਕਰੀਮ ਤੇ ਸ਼ੇਖ ਅਬਦੁਲ ਕਯੂਮ ਸਨ ਅਤੇ ਧੀ ਦਾ ਨਾਂ ਗੁਲਾਮ ਫਾਤਮਾ। ਤਾਜ ਬੇਗਮ ਬੜੀ ਸਿਆਣੀ ਜਨਾਨੀ ਸੀ, ਉਸ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਆਪਣੇ ਖਾਵੰਦ ਨੂੰ ਮਜਬੂਰ ਕੀਤਾ ਕਿ ਉਹ ਰਾਮ ਨਗਰ ਵਾਲਾ ਘਰ ਵੇਚ ਕੇ ਉਧਮਪੁਰ ਵਿਚ ਘਰ ਬਣਾਏ ਤਾਂ ਜੋ ਬੱਚੇ ਪੜ੍ਹ ਸਕਣ। ਇੰਜ ਰਾਮ ਨਗਰ ਵਿਚ ਰਹਿਣ ਵਾਲਾ ਇਕ ਪਰਿਵਾਰ ਉਧਮਪੁਰ ਅਪੜਿਆ ਤੇ ਉਥੇ ਉਨ੍ਹਾਂ ‘ਸੈਲਾਂ ਦੇ ਤਲਾ’ ਕੋਲ ਬਾਜ਼ਾਰ ਦੀ ਆਖੀਰੀ ਨੁੱਕਰੇ ਆਪਣਾ ਘਰ ਉਸਾਰਿਆ। ਬੱਚਿਆਂ ਨੂੰ ਸਕੂਲੇ ਪਾਇਆ। ਤਾਜੋ ਬੜੀ ਸਰਫ਼ਾ ਕਰਨ ਵਾਲੀ ਸਵਾਣੀ ਸੀ ਤੇ ਆਪ ਵੀ ਸੀਣ ਪਰੋਣ ਦਾ ਕੰਮ ਕਰ ਕੇ ਚਾਰ ਪੈਸੇ ਕਮਾ ਲੈਂਦੀ ਸੀ। ਸਫ਼ੈਦ ਪੋਸ਼ੀ ਵਿਚ ਗ੍ਰਹਿਸਥੀ ਰਿੜ੍ਹਦੀ ਰਹੀ ਤੇ ਬੱਚੇ ਪੜ੍ਹਦੇ ਰਹੇ। ਤਿੰਨਾਂ ਪੁੱਤਰਾਂ ਚੌਦਾਂ-ਚੌਦਾਂ ਜਮਾਤਾਂ ਪਾਸ ਕਰ ਲਈਆਂ ਤੇ ਧੀ ਨੇ ਦਸਵੀਂ ਤੱਕ ਤਾਲੀਮ ਹਾਸਲ ਕਰ ਲਈ। ਗੁਲਾਮ ਹੁਸੈਨ, ਅਬਦੁਲ ਕਰੀਮ ਤੇ ਗੁਲਾਮ ਫਾਤਮਾ ਮਾਸਟਰ ਤੇ ਮਾਸਟਰਨੀ ਬਣ ਗਏ ਅਤੇ ਅਬਦੁਲ ਕਯੂਮ ਚੰਗੀ ਜਿਹੀ ਨੌਕਰੀ ਦੀ ਉਡੀਕ ਵਿਚ ਸੀ। ਤਾਜੋ ਨੇ ਆਪਣੇ ਕਮਾਊ ਪੁੱਤਰਾਂ ਦਾ ਵਿਆਹ ਕਰਵਾਇਆ। ਸ਼ੇਖ ਗੁਲਾਮ ਹੁਸੈਨ ਲਈ ਆਪਣੇ ਬਹਿਨੋਈ ਸਾਹਬਦੀਨ ਦੀ ਧੀ ਬਤੂਲ ਬੇਗਮ ਨੂੰ ਵਿਆਹ ਕੇ ਲਿਆਂਦਾ, ਜਦਕਿ ਅਬਦੁਲ ਕਰੀਮ ਦਾ ਵਿਆਹ ਉਧਮਪੁਰ ਵਿਚ ਹੀ ਲੁਹਾਰਾਂ ਦੇ ਘਰ ਕੀਤਾ ਤੇ ਗੁਲਾਮ ਫਾਤਮਾ ਦੀ ਸ਼ਾਦੀ ਰਾਮ ਨਗਰ ਦੇ ਮੁਹੰਮਦ ਦੀਨ ਨਾਲ ਕਰ ਦਿੱਤੀ। ਸਿਰਫ਼ ਅਬਦੁਲ ਕਯੂਮ ਕੁਆਰਾ ਸੀ। ਸਾਡੀ ਦਾਦੀ ਤਾਜੋ ਬੜੇ ਧਾਰਮਿਕ ਖਿਆਲਾਂ ਦੀ ਸੀ। ਸ਼ੀਆ ਮਸਲਕ ‘ਤੇ ਉਸ ਦਾ ਅੰਧ ਵਿਸ਼ਵਾਸ ਸੀ। ਉਹ ਮੁਹੱਰਮ ਦੇ ਦਿਨਾਂ ਵਿਚ ਕਿਸੇ ਨੂੰ ਨਵੇਂ ਲੀੜੇ ਨਹੀਂ ਸੀ ਪਾਉਣ ਦਿੰਦੀ। ਅਸ਼ੂਰੇ ਦੀਆਂ ਬੈਠਕਾਂ ਵਿਚ ਭਾਗ ਲੈਂਦੀ ਤੇ ਮਰਸੀਏ ਪੜ੍ਹਦੀ, ਪਰ ਦਾਦਾ ਸੁੰਨੀ ਮਸਲਕ ਦਾ ਸੀ ਤੇ ਉਹ ਪੁੱਤਰਾਂ ਨੂੰ ਛਾਤੀ ਪਿਟਣ ਨਹੀਂ ਸੀ ਦਿੰਦਾ।
ਸੈਲਾਂ ਦੇ ਤਲਾ ਕੋਲ ਰਹਿਣ ਵਾਲਾ ਇਹ ਪਰਿਵਾਰ ਸੁਖੀ ਜੀਵਨ ਗੁਜ਼ਾਰ ਰਿਹਾ ਸੀ ਕਿ ਦੇਸ ਵਿਚ ਆਜ਼ਾਦੀ ਦੀ ਲੜਾਈ ਜ਼ੋਰ ਫੜਨ ਲੱਗੀ। ਅੰਗਰੇਜ਼ਾਂ ਸਵਤੰਤਰਤਾ ਦੇ ਅੰਦੋਲਨ ਨੂੰ ਨਾਕਾਮ ਕਰਨ ਲਈ ਆਪਣੀ ਰਾਜਨੀਤੀ ਵਿਚ ਮਜ਼੍ਹਬੀ ਜਨੂੰਨ ਦਾ ਤੜਕਾ ਲਾਇਆ। ਹਿੰਦੂ ਸਿੱਖ ਨੂੰ ਮੁਸਲਮਾਨ ਨਾਲ ਤੇ ਮੁਸਲਮਾਨ ਨੂੰ ਹਿੰਦੂ ਸਿੱਖ ਨਾਲ ਲੜਾਇਆ। ਮਾਸੂਮ ਤੇ ਨਿਰਦੋਸ਼ ਲੋਕਾਂ ਦਾ ਕਤਲਿਆਮ ਹੋਇਆ। ਗਾਂਧੀ ਦੀ ਅਹਿੰਸਾਵਾਦੀ, ਬਰਬਾਦੀ ਦੀਆਂ ਹੱਦਾਂ ਛੂਹਣ ਲੱਗੀ। ਸਰਦਾਰ ਪਟੇਲ, ਨਹਿਰੂ ਤੇ ਜਿਨਹਾ ਨੂੰ ਦੇਸ ਵੰਡਣ ਦੀ ਬੜੀ ਕਾਹਲ ਸੀ ਤਾਂ ਜੋ ਉਨ੍ਹਾਂ ਦੇ ਬਖਤ ਨੂੰ ਤਖ਼ਤ ਛੇਤੀ ਤੋਂ ਛੇਤੀ ਨਸੀਬ ਹੋਏ। ਅੰਗੇਰਜ਼ ਭਾਰਤ ਦੀ ਧਰਤੀ ਉਤੇ ਅਜਿਹੀ ਲਕੀਰ ਖਿੱਚ ਗਿਆ ਜੋ ਫਿਰ ਮਿਟ ਨਾ ਸਕੀ। ਲੋਕਾਈ ਦੀ ਰੂਹ ਕੰਡਿਆਲੀ ਤਾਰ ਨੇ ਛਲਣੀ ਕਰ ਦਿੱਤੀ। ਬੰਗਾਲ ਵੰਡਿਆ ਗਿਆ, ਪਰ ਬੰਗਾਲੀ ਭਾਸ਼ਾ ਤੇ ਬੰਗਾਲੀ ਗੀਤ-ਸੰਗੀਤ ਤੇ ਬੰਗਾਲੀ ਸਾਹਿਤ ਨਹੀਂ ਵੰਡੇ ਜਾ ਸਕੇ। ਪੰਜਾਬ ਵੰਡਿਆ ਗਿਆ, ਪਰ ਪੰਜਾਬੀ ਭਾਸ਼ਾ, ਸਭਿਆਚਾਰ, ਰਹਿਤਲ, ਮਾਹੀਏ, ਟੱਪੇ, ਝੁਮਰ, ਗਿੱਧੇ ਤੇ ਭੰਗੜੇ ਨਹੀਂ ਵੰਡੇ ਜਾ ਸਕੇ। ਸੂਫ਼ੀ ਸੰਤਾਂ ਦੀ ਮਿੱਠੀ ਬਾਣੀ ਨਹੀਂ ਵੰਡੀ ਜਾ ਸਕੀ। ਨਾਨਕ, ਫਰੀਦ, ਸ਼ਾਹ ਹੁਸੈਨ, ਵਾਰਿਸ, ਹਾਸ਼ਮ, ਸੁਲਤਾਨ ਬਾਹੂ, ਮੀਆਂ ਮੁਹੰਮਦ ਬਖਸ਼ ਤੇ ਬੁੱਲ੍ਹੇ ਸ਼ਾਹ ਨਹੀਂ ਵੰਡੇ ਜਾ ਸਕੇ। ਸਿਆਸਤਦਾਨਾਂ ਤੇ ਧਰਮੀ ਜਨੂੰਨੀਆਂ ਪੰਜਾਂ ਪਾਣੀਆਂ ਨੂੰ ਲਹੂ ਨਾਲ ਰੰਗਿਆ। ਇਨਸਾਨ ਮਰਿਆ, ਇਨਸਾਨੀਅਤ ਸ਼ਰਮਿੰਦਾ ਹੋਈ। ਗ੍ਰੰਥ, ਕੁਰਾਨ ਸ਼ਰਮਸਾਰ ਹੋਏ, ਗੀਤਾ ਕੁਰਲਾਈ, ਮੁਟਿਆਰਾਂ ਵਾਰਸ ਸ਼ਾਹ ਨੂੰ ਹਾਕ ਲਗਾਈ, ਸ਼ਰਮਾਂ ਵਾਲੀਆਂ ਨੰਗੀਆਂ ਹੋਈਆਂ, ਲੱਖਾਂ ਮਰੇ ਤੇ ਕਰੋੜਾਂ ਸ਼ਰਨਾਰਥੀ ਬਣੇ। ਇਹ ਸੌਗਾਤਾਂ ਤਕਸੀਮ ਨੇ ਸਾਡੀ ਝੋਲੀ ਪਾਈਆਂ।
ਜੰਮੂ ਤੇ ਕਸ਼ਮੀਰ ਵੀ ਵੰਡਿਆ ਗਿਆ। ਕਸ਼ਮੀਰ ਕਾਹਦਾ ਤਕਸੀਮ ਹੋਇਆ, ਅਸਲ ਵਿਚ ਜੰਮੂ ਪ੍ਰਾਂਤ ਦੋ ਫਾੜ ਹੋ ਗਿਆ। ਇਕੋ ਬੋਲੀ ਤੇ ਇਕੋ ਸਭਿਆਚਾਰ ਦਾ ਚੀਰ-ਹਰਨ ਹੋ ਗਿਆ। ਪੰਜਾਬੀ ਤੇ ਪੋਠੋਹਾਰੀ ਬੋਲਣ ਵਾਲੇ ਇਲਾਕੇ ਵੰਡੇ ਗਏ। ਟੀਟਵਾਲ, ਕਰਨਾਹ, ਊੜੀ, ਪੁਣਛ ਤੇ ਰਜ਼ੌਰੀ ਤਕਸੀਮ ਹੋ ਗਏ। ਬਲਤੀ ਸਭਿਆਚਾਰ ਵੰਡਿਆ ਗਿਆ। ਕਾਰਗਿਲ ਤੇ ਲਦਾਖ ਇਧਰ ਰਹਿ ਗਏ ਜਦਕਿ ਅਸਕਰਦੂ ਤੇ ਗਿਲਗਿਤ ਉਧਰ ਚਲੇ ਗਏ। ਉਨ੍ਹਾਂ ਆਪਣੇ ਕਬਜ਼ੇ ਵਿਚ ਕੀਤੇ ਹੋਏ ਇਲਾਕੇ ਨੂੰ ਆਜ਼ਾਦ ਜੰਮੂ ਕਸ਼ਮੀਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਸਾਡੇ ਵਾਲੇ ਕਸ਼ਮੀਰ ਨੂੰ ਮਕਬੂਜ਼ਾ (ਕਬਜ਼ ਕੀਤਾ ਹੋਇਆ) ਕਸ਼ਮੀਰ। ਇੰਜ ਹੀ ਸਾਡੇ ਹਾਕਮਾਂ ਨੇ ਪਾਰਲੇ ਕਸ਼ਮੀਰ ਨੂੰ ਮਕਬੂਜ਼ਾ ਕਸ਼ਮੀਰ ਕਹਿਣਾ ਸ਼ੁਰੂ ਕੀਤਾ ਤੇ ਆਪਣੇ ਵਾਲੇ ਹਿੱਸੇ ਨੂੰ ਆਜ਼ਾਦ ਭਾਰਤ ਦਾ ‘ਅਟੂਟ ਅੰਗ’।
ਉਧਮਪੁਰ ਦੀ ਦੇਵਕ ਨਦੀ, ਜੰਮੂ ਦੀ ਤਵੀ, ਸਾਂਬੇ ਦੀ ਬਸੰਤਰ ਅਤੇ ਕਠੂਏ ਦੀ ਉਝ ਨਦੀਆਂ ਇਨਸਾਨ ਦੇ ਲਹੂ ਨਾਲ ਲਾਲ ਹੋਈਆਂ। ਉਧਮਪੁਰ ਵਿਚ ਕਤਲਿਆਮ ਹੋਇਆ; ਰਿਆਸੀ, ਜੰਮੂ, ਕਠੂਆ, ਮੀਰਪੁਰ, ਬਾਗ, ਕੋਟਲੀ, ਭਿੰਬਰ, ਮੁਜ਼ੱਫਰਾਬਾਦ, ਪਲੰਦਰੀ, ਪੁਣਛ ਤੇ ਹਵੇਲੀ ਨੇ ਲਹੂ ਦੇ ਪਿਆਲੇ ਪੀਤੇ।
ਰਾਜਨੀਤੀ ਤੇ ਧਰਮ ਦੇ ਨਾਂ ‘ਤੇ ਰਾਕਸ਼ਾਂ ਨੇ ਇਨਸਾਨ ਨੂੰ ਮਾਰਿਆ। ਦਹਿਸ਼ਤ, ਵਹਿਸ਼ਤ ਤੇ ਗਾਰਤ ਦਾ ਨੰਗਾ ਨਾਚ ਨੱਚਿਆ ਗਿਆ। ਸਾਡਾ ਦਾਦਾ ਮਾਸਟਰ ਹਬੀਬ ਉਲਾ, ਪਿਓ ਮਾਸਟਰ ਸ਼ੇਖ ਗੁਲਾਮ ਹੁਸੈਨ, ਚਾਚਾ ਅਬਦੁਲ ਕਰੀਮ ਤੇ ਉਹਦੀ ਵਹੁਟੀ ਤੇ ਬੱਚਾ, ਚਾਚਾ ਅਬਦੁਲ ਕਯੂਮ, ਫੁੱਫੜ ਮੁਹੰਮਦ ਦੀਨ ਤੇ ਦੋ ਭਰਾ ਫਿਰਕੂ ਰੌਲਿਆਂ ਦੀ ਭੇਟ ਚੜ੍ਹ ਗਏ। ਬਚਣ ਵਾਲਿਆਂ ਵਿਚੋਂ ਮਾਂ ਬਤੂਲ ਬੇਗਮ, ਭਰਾ ਮੁਹੰਮਦ ਇਸਹਾਕ, ਮੈਂ ਤੇ ਖਾਲਿਦ ਹੁਸੈਨ ਅਤੇ ਸਾਡੀ ਫੁੱਫੀ ਗੁਲਾਮ ਫਾਤਮਾ ਸੀ ਜਿਸ ਨੇ ਆਪਣੀਆਂ ਪੰਜ ਧੀਆਂ ਡੂਮ ਤੇ ਮੇਘ ਬਰਾਦਰੀ ਦੇ ਲੋਕਾਂ ਵਿਚ ਵੰਡ ਦਿੱਤੀਆਂ ਤੇ ਉਨ੍ਹਾਂ ਨਾਲ ਇਹ ਸਮਝੌਤਾ ਕੀਤਾ ਕਿ ਅਗਰ ਅਸੀਂ ਬਚ ਗਏ ਤੇ ਹਾਲਾਤ ਸੁਧਰ ਗਏ ਤਾਂ ਕੁੜੀਆਂ ਵਾਪਸ ਲੈ ਲਵਾਂਗੇ, ਨਹੀਂ ਤਾਂ ਇਹ ਬੱਚੀਆਂ ਤੁਹਾਡੀਆਂ ਹੋਈਆਂ ਤੇ ਤੁਸੀਂ ਇਨ੍ਹਾਂ ਦੇ ਪਾਲਣ ਪੋਸ਼ਣ ਤੇ ਵਿਆਹੁਣ ਦੇ ਜ਼ਿੰਮੇਵਾਰ ਹੋਵੋਗੇ। ਇੰਜ ਫੁੱਫੀ ਗੁਲਾਮ ਫਾਤਮਾ ਸਾਡੇ ਨਾਲ ਜੁੜ ਗਈ। ਸਾਡੇ ਗੁਆਂਢ ਵਿਚ ਲਾਲਾ ਅਮਰਨਾਥ ਵਕੀਲ ਦਾ ਘਰ ਸੀ ਤੇ ਉਹ ਸਾਡੇ ਬਾਪ ਦਾ ਯਾਰ ਬੇਲੀ ਤੇ ਹਮ ਜਮਾਤੀ ਸੀ। ਦੋਵਾਂ ਨੇ ਇਕੱਠਿਆਂ ਬੀæਏæ ਪਾਸ ਕੀਤੀ ਸੀ। ਲਾਲਾ ਅਮਰਨਾਥ ਨੇ ਮਗਰੋਂ ਪੰਜਾਬ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਕੇ ਵਕਾਲਤ ਸ਼ੁਰੂ ਕੀਤੀ, ਜਦਕਿ ਗੁਲਾਮ ਹੁਸੈਨ ਮਾਸਟਰ ਲੱਗ ਗਿਆ। ਖੈਰ! ਸਾਡੀ ਫੁੱਫੀ ਆਪਣੇ ਵੀਰ ਦੇ ਗੂੜ੍ਹੇ ਯਾਰ ਲਾਲਾ ਅਮਰਨਾਥ ਦੇ ਘਰ ਦਾ ਬੂਹਾ ਖੜਕਾਇਆ ਤਾਂ ਜੋ ਸਾਨੂੰ ਪਨਾਹ ਮਿਲ ਸਕੇ। ਲਾਲਾ ਅਮਰਨਾਥ ਸੰਘ ਦਾ ਮੁਕਾਮੀ ਸੰਚਾਲਕ ਸੀ, ਪਰ ਉਸ ਨੇ ਮਾਸਟਰ ਗੁਲਾਮ ਹੁਸੈਨ ਦੀ ਯਾਰੀ ਦਾ ਲਿਹਾਜ਼ ਕਰਦਿਆਂ ਦਿਨ ਤਾਂ ਸਾਡਾ ਆਪਣੇ ਘਰ ਟਪਾਇਆ, ਪਰ ਹਨੇਰਾ ਹੁੰਦਿਆਂ ਹੀ ਆਪਣੇ ਨਿੱਕੇ ਭਰਾ ਨਾਲ ਸਾਨੂੰ ਆਪਣੇ ਪਿੰਡ ਵਾਲੇ ਮਕਾਨ ਵਿਚ ਘੱਲ ਦਿੱਤਾ ਜਿਥੇ ਉਨ੍ਹਾਂ ਦੇ ਚੌਕੀਦਾਰ ਦਾ ਟੱਬਰ ਰਹਿੰਦਾ ਸੀ। ਚੌਕੀਦਾਰ ਜਾਤ ਦਾ ਬਰਵਾਲਾ ਸੀ ਤੇ ਉਸ ਨੇਕ ਆਦਮੀ ਨੇ ਸਾਨੂੰ ਖਾਣ ਲਈ ਰੋਟੀ ਦਿੱਤੀ। ਮੱਕੀ ਦੇ ਢੋਡੇ ਤੇ ਸਰੋਂ ਦਾ ਸਾਗ ਖੁਆਉਣ ਮਗਰੋਂ ਉਸ ਨੇ ਸਾਨੂੰ ਗਾਵਾਂ ਮੱਝਾਂ ਵਾਲੇ ਗੋੜ ਵਿਚ ਲੁਕਾ ਦਿੱਤਾ। ਸਾਡੀ ਮਾਂ ਨੂੰ ਬੱਚਾ ਹੋਣ ਵਾਲਾ ਸੀ ਅਤੇ ਗਿਆਰ੍ਹਵਾਂ ਮਹੀਨਾ ਲੱਗਿਆ ਹੋਇਆ ਸੀ। ਇਹ ਸ਼ਾਇਦ ਕੁਦਰਤ ਦਾ ਕਮਾਲ ਸੀ ਕਿ ਨੌਂ ਮਹੀਨੇ ਮੁੱਕਣ ਦੇ ਬਾਵਜੂਦ ਬੱਚਾ ਨਹੀਂ ਸੀ ਹੋਇਆ। ਖੈਰ! ਗਿਆਰ੍ਹਵੇਂ ਮਹੀਨੇ ਮਾਂ ਨੇ ਇਸੇ ਡੰਗਰਾਂ ਵਾਲੇ ਖੋਲੇ ਜਾਂ ਗਵਾਲ ਵਿਚ ਹੀ ਬੇਟੇ ਨੂੰ ਜਨਮ ਦਿੱਤਾ। ਇਹ ਬੱਚਾ ਅਸਲ ਵਿਚ ਸਾਡੀ ਜ਼ਿੰਦਗੀ ਦਾ ਪੈਗਾਮ ਲੈ ਕੇ ਆਇਆ ਸੀ, ਕਿਉਂਕਿ ਦੂਜੇ ਦਿਨ ਬਲਵਈਆਂ ਨੇ ਲਾਲਾ ਅਮਰਨਾਥ ਦੇ ਪਿੰਡ ਵਾਲੇ ਘਰ ਨੂੰ ਆ ਘੇਰਿਆ। ਸਾਡੀ ਮੁਖਬਰੀ ਹੋ ਚੁੱਕੀ ਸੀ। ਚੌਕੀਦਾਰ ਨੂੰ ਬਲਵਈਆਂ ਨੇ ਸਾਡੇ ਬਾਰੇ ਪੁੱਛਿਆ ਕਿ ਮੁਸਲਿਆਂ ਨੂੰ ਕਿਥੇ ਲੁਕਾ ਕੇ ਰੱਖਿਆ ਹੋਇਆ ਹੈ। ਜਦ ਉਸ ਨੇ ਸਾਡੇ ਹੋਣ ਬਾਰੇ ਸਾਫ਼ ਇਨਕਾਰ ਕੀਤਾ ਤਾਂ ਬਲਵਈਆਂ ਨੇ ਉਹਨੂੰ ਰੱਜ ਕੇ ਕੁੱਟਿਆ ਤੇ ਉਹ ਮਾਰ ਖਾਂਦਾ ਰਿਹਾ, ਪਰ ਮੂੰਹੋਂ ਕੁਝ ਨਾ ਬੋਲਿਆ। ਆਖਰ ਇਕ ਬਲਵਈ ਨੇ ਤਲਵਾਰ ਦਾ ਫੱਟ ਮਾਰ ਕੇ ਉਸ ਦੀ ਧੌਣ ਵੱਢ ਦਿਤੀ। ਉਪਰ ਦਾ ਸ਼ੋਰ ਸ਼ਰਾਬਾ ਸੁਣ ਕੇ ਅਸੀਂ ਸਾਰੇ ਰੋਣ ਲੱਗ ਪਏ। ਸਾਡਾ ਚੀਕ ਚਿਹਾੜਾ ਸੁਣ ਕੇ ਬਲਵਈਆਂ ਨੇ ਸਾਨੂੰ ਵੇਖ ਲਿਆ, ਪਰ ਜਦ ਉਨ੍ਹਾਂ ਉਥੇ ਸੂਤਕ ਵਾਲੀ ਜਨਾਨੀ ਵੇਖੀ ਜਿਸ ਨੇ ਇਕ ਰਾਤ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਸੀ ਤੇ ਚੱਲਣ ਫਿਰਨ ਦੇ ਕਾਬਲ ਨਹੀਂ ਸੀ, ਤਾਂ ਉਨ੍ਹਾਂ ਬਾਕੀ ਬੱਚਿਆਂ ਨੂੰ ਫੜ ਲਿਆ। ਸਾਡੀ ਮਾਂ ਬਤੂਲ ਬੇਗਮ ਸ਼ੇਰਨੀ ਵਾਂਗ ਗਰਜੀ ਤੇ ਬਲਵਈਆਂ ਸਾਹਮਣੇ ਖਲੋ ਗਈ ਤੇ ਕਹਿਣ ਲੱਗੀ, “ਮੈਂ ਆਪਣੇ ਬੱਚੇ ਨਹੀਂ ਲਿਜਾਣ ਦਿਆਂਗੀ। ਜੇ ਤੁਸਾਂ ਇਨ੍ਹਾਂ ਨੂੰ ਮਾਰਨਾ ਹੈ ਤਾਂ ਮੇਰੀਆਂ ਅੱਖਾਂ ਸਾਹਮਣੇ ਮਾਰੋ, ਸਾਨੂੰ ਸਾਰਿਆਂ ਨੂੰ ਇਥੇ ਹੀ ਖਤਮ ਕਰ ਦਿਓ, ਪਰ ਮੈਂ ਬੱਚੇ ਆਪਣੇ ਆਪ ਤੋਂ ਜੁਦਾ ਨਹੀਂ ਹੋਣ ਦਿਆਂਗੀ।”
ਬਲਵਈ ਘੁਸਰ-ਮੁਸਰ ਕਰਨ ਲੱਗੇ ਤੇ ਇਕ ਦੂਜੇ ਨੂੰ ਕਹਿਣ ਲੱਗੇ, “ਇਸ ਸੂਤਕ ਵਾਲੀ ਸੁਆਣੀ ਨੇ ਕਿਥੇ ਜਾਣਾ ਹੈ, ਇਸ ਲਈ ਅੱਜ ਇਨ੍ਹਾਂ ਨੂੰ ਛੱਡ ਦਿੰਦੇ ਹਾਂ ਤੇ ਕੁਝ ਦਿਨਾਂ ਮਗਰੋਂ ਆ ਕੇ ਇਨ੍ਹਾਂ ਦਾ ਸਫਾਇਆ ਕਰ ਦਿਆਂਗੇ।”
ਬਲਵਈਆਂ ਦੇ ਜਾਣ ਮਗਰੋਂ ਸਾਡੀ ਫੁੱਫੀ ਤੇ ਮਾਂ ਨੇ ਫੈਸਲਾ ਕੀਤਾ ਕਿ ਰਾਤ ਪੈਂਦਿਆਂ ਹੀ ਇਥੋਂ ਨਿਕਲ ਜਾਵਾਂਗੇ। ਉਨ੍ਹਾਂ ਆਪਣੇ ਮੱਥਿਆਂ ਉਤੇ ਬਿੰਦੀਆਂ ਲਾਈਆਂ। ਮੁਹੰਮਦ ਇਸਹਾਕ ਤੇ ਖਾਲਿਦ ਹੁਸੈਨ ਦੇ ਮੱਥੇ ਤਿਲਕ ਲਾਇਆ ਤਾਂ ਜੋ ਸਾਡੀ ਮੁਸਲਮ ਸ਼ਨਾਖਤ ਖਤਮ ਕੀਤੀ ਜਾ ਸਕੇ ਤੇ ਉਥੋਂ ਚਲ ਪਏ। ਸਵੇਰ ਵੇਲੇ ਅਸੀਂ ਦੂਜੇ ਪਿੰਡ ਅਪੜੇ, ਉਥੇ ਇਕ ਬੰਦੇ ਨੇ ਸਾਨੂੰ ਪਛਾਣ ਲਿਆ। ਪਿੰਡ ਵਾਲਿਆਂ ਸਾਨੂੰ ਮਾਰਨ ਲਈ ਤਲਵਾਰਾਂ ਫੜ ਲਈਆਂ। ਫੁੱਫੀ ਗੁਲਾਮ ਫਾਤਮਾ ਸਾਨੂੰ ਬਚਾਉਣ ਲਈ ਪਿੰਡ ਵਾਲਿਆਂ ਅੱਗੇ ਖਲੋ ਗਈ ਤੇ ਬਲਵਈਆਂ ਨੂੰ ਪੁੱਛਣ ਲੱਗੀ, “ਹਿੰਦੂ ਧਰਮ ਵਿਚ ਕਿਥੇ ਲਿਖਿਆ ਹੈ ਕਿ ਔਰਤਾਂ ਤੇ ਬੱਚਿਆਂ ਨੂੰ ਕਤਲ ਕਰੋ। ਦੁਨੀਆਂ ਦੇ ਕਿਸ ਧਰਮ ਵਿਚ ਤੀਵੀਆਂ ਤੇ ਬੱਚਿਆਂ ਨੂੰ ਮਾਰਨ ਦਾ ਹੁਕਮ ਹੈ? ਤੁਸਾਂ ਸਾਡੇ ਮਰਦ ਤਾਂ ਮਾਰ ਦਿੱਤੇ, ਹੁਣ ਸਾਡੇ ਕੋਲੋਂ ਤੁਹਾਨੂੰ ਕੀ ਖਤਰਾ ਹੈ? ਫੁੱਫੀ ਨੇ ਗੀਤਾ ਦੇ ਕੁਝ ਸਲੋਕ ਵੀ ਪੜ੍ਹ ਕੇ ਸੁਣਾਏ, ਰਮਾਇਣ ਤੇ ਗ੍ਰੰਥ ਸਾਹਿਬ ਵਿਚੋਂ ਹਵਾਲੇ ਦਿੱਤੇ। ਫੁੱਫੀ ਦੀਆਂ ਗੱਲਾਂ ਸੁਣ ਕੇ ਪਿੰਡ ਵਾਲੇ ਉਥੋਂ ਚਲੇ ਗਏ। ਇੰਜ ਦੋ ਬੇਵਾਵਾਂ ਤੇ ਬੱਚੇ ਪਿੰਡ ਤੋਂ ਬਚ ਕੇ ਨਿਕਲ ਗਏ।
ਸਾਡੀ ਘਰ ਗ੍ਰਹਿਸਥੀ ਢਹਿ ਢੇਰੀ ਹੋ ਚੁੱਕੀ ਸੀ। ਮਕਾਨ ਅੱਗ ਦੇ ਭਾਂਬੜਾਂ ਵਿਚ ਖੋਲੇ ਬਣ ਚੁੱਕੇ ਸਨ, ਕੋਈ ਸਹਾਰਾ ਨਹੀਂ ਸੀ। ਆਪਣਾ ਕੋਈ ਜ਼ਿੰਦਾ ਨਹੀਂ ਸੀ ਬਚਿਆ। ਇਸ ਲਈ ਸਾਡਾ ਨਿੱਕਾ ਜਿਹਾ ਕਾਫ਼ਲਾ ਰੱਖ ਗਜਾਨੂੰ ਅਤੇ ਬਾਰਤਾਂ ਦੇ ਜੰਗਲ ਵਿਚ ਜਾ ਕੇ ਲੁਕ ਗਿਆ। ਜੰਗਲੀ ਬੇਰ, ਗਰਨੇ, ਅਮਰੂਦ ਤੇ ਪੱਤਰ ਖਾ ਕੇ ਗੁਜ਼ਾਰਾ ਕਰਦੇ ਰਹੇ। ਦਸਾਂ ਦਿਨਾਂ ਮਗਰੋਂ ਅਮਨ ਕਾਇਮ ਕਰਨ ਵਾਲੀ ‘ਪੀਸ ਬ੍ਰਿਗੇਡ’ ਬਖਸ਼ੀ ਗੁਲਾਮ ਮੁਹੰਮਦ ਦੀ ਅਗਵਾਈ ਵਿਚ ਸਾਰੇ ਜੰਮੂ ਪ੍ਰਾਂਤ ਵਿਚ ਫੈਲ ਗਈ ਅਤੇ ਮੌਤ ਕੋਲੋਂ ਡਰਦੇ ਭੱਜਦੇ ਲੋਕਾਂ ਨੂੰ ਢੂੰਡਣ ਲੱਗੀ। ਸ਼ਖਸੀ ਰਾਜ ਖਤਮ ਹੋ ਚੁੱਕਾ ਸੀ ਤੇ ਸ਼ੇਖ ਮੁਹੰਮਦ ਅਬਦੁਲਾ ਨੇ ਜੰਮੂ ਕਸ਼ਮੀਰ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਸੀ। ਬਖਸ਼ੀ ਗੁਲਾਮ ਮੁਹੰਮਦ ਨੂੰ ਨਾਇਬ ਵਜ਼ੀਰ-ਏ-ਆਜ਼ਮ ਬਣਾਇਆ ਗਿਆ ਸੀ ਤੇ ਉਸ ਕੋਲ ਗ੍ਰਹਿ ਮੰਤਰਾਲਾ ਵੀ ਸੀ। ਸਾਨੂੰ ਸਾਰਿਆਂ ਨੂੰ ਜੰਮੂ ਰਿਫਿਊਜੀ ਕੈਂਪ ਵਿਚ ਲਿਆਂਦਾ ਗਿਆ ਅਤੇ ਦੋ ਚਾਰ ਮਹੀਨੇ ਮੁਹੱਲਾ ਉਸਤਾਦ ਗੌਸ ਮੁਹੰਮਦ ਖਾਨ ਦੇ ਅਹਾਤੇ ਵਿਚ ਰੱਖਣ ਮਗਰੋਂ ਪੰਦਰਾਂ ਸੌਲਾਂ ਹਜ਼ਾਰ ਪੰਜਾਬੀ, ਡੋਗਰੀ, ਪਹਾੜੀ ਤੇ ਗੋਜਰੀ ਬੋਲਣ ਵਾਲੇ ਸ਼ਰਨਾਰਥੀਆਂ ਨੂੰ ਕਸ਼ਮੀਰ ਘੱਲ ਦਿੱਤਾ ਗਿਆ ਜਿਥੇ ਅੱਜ ਦੇ ਸਿਵਲ ਸਕੱਤਰੇਤ ਕੋਲ ਨੀਲਮ ਥੀਏਟਰ ਲਾਗੇ ਸ਼ਰਨਾਰਥੀਆਂ ਨੂੰ ਸਿਨੇਮਾ ਹਾਲ ਅਤੇ ਮੈਦਾਨ ਵਿਚ ਲਾਏ ਤੰਬੂਆਂ ਵਿਚ ਰੱਖਿਆ ਗਿਆ। ਇੰਜ ਹੀ ਮੀਰਪੁਰ, ਬਾਗ, ਪਲੰਦਰੀ, ਕੋਟਲੀ ਤੇ ਮੁਜ਼ੱਫਰਾਬਾਦ ਦੇ ਸ਼ਰਨਾਰਥੀਆਂ ਨੂੰ ਜੰਮੂ, ਪੰਜਾਬ ਤੇ ਦਿੱਲੀ ਦੇ ਕੈਂਪਾਂ ਵਿਚ ਰੱਖਿਆ ਗਿਆ। ਸਰਕਾਰੀ ਮੁਲਾਜ਼ਮ ਹੋਣ ਕਾਰਨ ਸਾਡੀ ਫੁੱਫੀ ਨੂੰ ਕੈਂਪ ਕਮਾਂਡਰ ਬਣਾਇਆ ਗਿਆ। ਮੇਰੀ ਉਮਰ ਉਸ ਵੇਲੇ ਗਿਆਰਾਂ ਸਾਲ ਦੀ ਸੀ, ਭਰਾ ਮੁਹੰਮਦ ਇਸਹਾਕ ਦੀ ਸੱਤ ਸਾਲ ਅਤੇ ਖਾਲਿਦ ਹੁਸੈਨ ਦੀ ਢਾਈ ਸਾਲ।
ਸਾਡਾ ਬਚਪਨ ਸ੍ਰੀਨਗਰ ਵਿਚ ਗੁਜ਼ਰਿਆ। ਉਥੇ ਹੀ ਅਸੀਂ ਸਕੂਲਾਂ ਵਿਚ ਦਾਖ਼ਿਲ ਹੋਏ। ਬਾਪੂ ਦੀ ਫੈਮਲੀ ਪੈਨਸ਼ਨ, ਜੀæਪੀæ ਫੰਡ ਅਤੇ ਇੰਸ਼ੋਰੈਂਸ ਕਲੇਮ ਦੀ ਰਕਮ ਮਿਲਣ ਨਾਲ ਘਰ ਗ੍ਰਹਿਸਥੀ ਚੱਲਣ ਲੱਗੀ। ਮਾਂ ਸੀਣ ਪਰੋਣ ਦਾ ਕੰਮ ਜਾਣਦੀ ਸੀ, ਉਸ ਨੇ ਮਸ਼ੀਨ ਖਰੀਦ ਲਈ ਤੇ ਲੋਕਾਂ ਦੇ ਕੱਪੜੇ ਸੀਣ ਲੱਗੀ ਤੇ ਸਾਨੂੰ ਪਾਲਣ ਲੱਗੀ। ਫੁੱਫੀ ਨੇ ਆਪਣੀਆਂ ਸਾਰੀਆਂ ਬੱਚੀਆਂ ਵਾਪਸ ਬਰਾਮਦ ਕਰਵਾਈਆਂ ਤੇ ਕਸ਼ਮੀਰ ਵਿਚ ਹੀ ਇਕ ਸਰਕਾਰੀ ਮਕਾਨ ਵਿਚ ਰਹਿਣ ਲੱਗੀ। ਉਸ ਨੇ ਉਸੇ ਘਰ ਵਿਚੋਂ ਆਪਣੀ ਚਾਰ ਕੁੜੀਆਂ ਦਾ ਵਿਆਹ ਕਰਵਾਇਆ। ਮਗਰੋਂ ਸ੍ਰੀਨਗਰ ਦੀ ਨਵੀਂ ਬਸਤੀ ਜਵਾਹਰ ਨਗਰ ਵਿਚ ਸਰਕਾਰੀ ਪਲਾਟ ਲੈ ਕੇ ਮਕਾਨ ਬਣਾਇਆ ਤੇ ਪੰਜਵੀਂ ਧੀ ਵੀ ਵਿਆਹੀ। ਫੁੱਫੀ ਸਾਨੂੰ ਬੜਾ ਪਿਆਰ ਕਰਦੀ ਸੀ ਤੇ ਵਾਰ ਵਾਰ ਕਹਿੰਦੀ ਕਿ ਇਹ ਮੇਰੇ ਸ਼ਹੀਦ ਭਰਾ ਦੀਆਂ ਨਿਸ਼ਾਨੀਆਂ ਹਨ ਤੇ ਰੋਣ ਲੱਗਦੀ। ਉਹ ਆਖਰੀ ਦਮ ਤੱਕ ਆਪਣੇ ਭਰਾਵਾਂ ਨੂੰ ਯਾਦ ਕਰਦੀ ਤੇ ਸਾਡੇ ਗਲ ਲੱਗ ਕੇ ਰੋਂਦੀ।
1947 ਵਿਚ ਸਾਡੀ ਮਾਂ ਦੀ ਉਮਰ 32-34 ਸਾਲ ਸੀ। ਲੋਕਾਂ ਦੀ ਬੁਰੀ ਨਜ਼ਰ ਤੋਂ ਬਚਣ ਅਤੇ ਆਪਣੇ ਬੱਚਿਆਂ ਲਈ ਸਹਾਰਾ ਲੱਭਣ ਲਈ ਉਹਨੇ ਵਿਆਹ ਕਰਵਾ ਲਿਆ ਤੇ ਇਹ ਸੋਚਿਆ ਕਿ ਘਰ ਵਿਚ ਮਰਦ ਹੋਣ ਕਾਰਨ ਬੱਚਿਆਂ ਨੂੰ ਬਾਪ ਮਿਲ ਜਾਏਗਾ ਤੇ ਕੋਈ ਭੈੜੀ ਅੱਖ ਨਾਲ ਉਨ੍ਹਾਂ ਨੂੰ ਨਹੀਂ ਦੇਖੇਗਾ। ਸਾਡੇ ਮਤਰੇਏ ਪਿਓ ਦਾ ਨਾਂ ਸ਼ੁਕਰ ਉਲਾ ਖਾਨ ਸੀ ਉਸ ਦਾ ਖਾਨਦਾਨ ਲੰਮਾ ਚਿਰ ਪਹਿਲਾਂ ਮੀਰਪੁਰ ਤੋਂ ਸ੍ਰੀਨਗਰ ਆ ਕੇ ਆਬਾਦ ਹੋਇਆ ਸੀ। ਉਸ ਦਾ ਪਿਓ ਪੁਲਿਸ ਇੰਸਪੈਕਟਰ ਸੀ ਤੇ ਉਹ ਆਪ ਵੀ ਸਰਕਾਰੀ ਮੁਲਾਜ਼ਮ ਸੀ ਤੇ ਦਰਬਾਰ ਮੂਵ ਨਾਲ ਛੇ ਮਹੀਨੇ ਜੰਮੂ ਤੇ ਤੇ ਮਹੀਨੇ ਸ੍ਰੀਨਗਰ ਜਾਂਦਾ ਸੀ। ਇੰਜ ਅਸੀਂ ਸਰਦੀਆਂ ਵਿਚ ਜੰਮੂ ਰਹਿੰਦੇ ਸਾਂ ਜਿਥੇ ਸਾਨੂੰ ਕਸਟੋਡੀਅਨ ਦਾ ਨਿਕਾ ਜਿਹਾ ਮਕਾਨ ਆਲਾਟ ਹੋਇਆ ਸੀ। ਇਸ ਵਿਚ ਸਿਰਫ਼ ਦੋ ਕਮਰੇ ਤੇ ਰਸੋਈ ਸੀ; ਜਦਕਿ ਸ੍ਰੀਨਗਰ ਵਿਚ ਅਸੀਂ ਬਟਮਾਲੂ ਬਾਰਾਂ ਪੱਥਰ ਵਿਚ ਸ਼ੁਕਰ ਉਲਾ ਖਾਨ ਦੇ ਮਕਾਨ ਵਿਚ ਰਹਿੰਦੇ ਸਾਂ। ਸਾਡੇ ਮਕਾਨ ਦੇ ਬਿਲਕੁਲ ਸਾਹਮਣੇ ਬ੍ਰਿਗੇਡੀਅਰ ਖੁਦਾ ਬਖਸ਼ ਦਾ ਮਕਾਨ ਸੀ ਜਿਸ ਦਾ ਪੁੱਤਰ ਤਾਜ ਮਹੀਉ-ਦੀਨ, ਖਾਲਿਦ ਹੁਸੈਨ ਦਾ ਬਾਲੜੀ ਉਮਰ ਦਾ ਯਾਰ ਸੀ।
ਖਾਲਿਦ ਹੁਸੈਨ ਨੂੰ ਬਟਮਾਲੂ ਵਿਚ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਦਾਖ਼ਿਲ ਕੀਤਾ ਗਿਆ। ਉਸ ਨੇ ਉਥੋਂ ਹੀ ਪੰਜਵੀਂ ਜਮਾਤ ਤੱਕ ਪੜ੍ਹਾਈ ਕੀਤੀ। ਕਸ਼ਮੀਰ ਵਿਚ ਪੜ੍ਹਾਈ ਕਰਨ ਅਤੇ ਕਸ਼ਮੀਰੀ ਬੱਚਿਆਂ ਨਾਲ ਪੜ੍ਹਨ ਕਾਰਨ ਖਾਲਿਦ ਹੁਸੈਨ ਕਸ਼ਮੀਰੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ। ਜਦੋਂ ਮੈਂ ਦਸਵੀਂ ਜਮਾਤ ਪਾਸ ਕੀਤੀ, ਮੈਂ ਵੀ ਟੀਚਰ ਲੱਗ ਗਈ ਤੇ ਮੇਰੀ ਕਮਾਈ ਨਾਲ ਸਾਡਾ ਜੀਵਨ ਸੌਖਿਆਂ ਗੁਜ਼ਰਨ ਲੱਗਾ। ਸਾਡਾ ਮਤਰੇਆ ਪਿਓ ਮਾਂ ਦੀਆਂ ਉਮੀਦਾਂ ‘ਤੇ ਪੂਰਾ ਨਹੀਂ ਉਤਰਿਆ ਅਤੇ ਨਾ ਹੀ ਸਾਡੇ ਨਾਲ ਉਸ ਦਾ ਸਲੂਕ ਚੰਗਾ ਰਿਹਾ। ਗੱਲ ਗੱਲ ਪਿਛੇ ਉਸ ਦੀ ਮਤਰੇਈ ਰਗ ਫੜਕਣ ਲੱਗਦੀ। ਸਾਡੀ ਮਾਂ ਨੇ ਉਸ ਦੇ ਦੋ ਬੱਚਿਆਂ ਨੂੰ ਵੀ ਜਨਮ ਦਿੱਤਾ ਅਤੇ ਉਸ ਦੇ ਚਲਾਣਾ ਕਰਨ ਮਗਰੋਂ ਉਹ ਦੋ ਬੱਚੇ ਵੀ ਸਾਨੂੰ ਹੀ ਪਾਲਣੇ ਪਏ, ਕਿਉਂਕਿ ਉਹ ਸਾਡੇ ਮਾਂ ਜਾਏ ਸਨ।
ਖਾਲਿਦ ਹੁਸੈਨ ਬਚਪਨ ਵਿਚ ਬੜਾ ਸ਼ਰਾਰਤੀ ਸੀ, ਪਰ ਪੜ੍ਹਨ ਲਿਖਣ ਵਿਚ ਹੁਸ਼ਿਆਰ। ਦਸ ਜਮਾਤਾਂ ਮਗਰੋਂ ਉਸ ਨੂੰ ਵੀ ਕਲਰਕ ਦੀ ਸਰਕਾਰੀ ਨੌਕਰੀ ਮਿਲ ਗਈ। ਇੰਜ ਸਾਡੀ ਗ੍ਰਹਿਸਥੀ ਵਾਹ ਵਾਹ ਚੱਲਣ ਲੱਗੀ। ਅਸਾਂ ਸ੍ਰੀਨਗਰ ਵਿਚ ਆਪਣਾ ਮਕਾਨ ਬਣਾ ਲਿਆ। ਮੇਰੀ ਸ਼ਾਦੀ ਕਸ਼ਮੀਰੀ ਖਾਨਦਾਨ ਵਿਚ ਹੋਈ ਅਤੇ ਮੈਂ ਪੇਕੇ ਘਰ ਤੋਂ ਸਹੁਰੇ ਘਰ ਆ ਗਈ, ਤੇ ਖਾਲਿਦ ਹੁਸੈਨ ਅਪਣੀ ਕਮਾਈ ਨਾਲ ਮਾਂ, ਵੱਡੇ ਭਰਾ ਮੁਹੰਮਦ ਇਸਹਾਕ ਜਿਹੜਾ ਇਕ ਹਿਸਾਬ ਨਾਲ ਵਿਕਲਾਂਗ ਸੀ ਤੇ ਮਤਰੇਏ ਭੈਣ ਭਰਾ ਨੂੰ ਪਾਲਣ ਲੱਗਾ।