‘ਪੰਜਾਬ ਟਾਈਮਜ਼’ ਦੇ 27 ਮਈ ਦੇ ਅੰਕ ਵਿਚ ਸ਼ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ‘ਸਿੱਖ ਪੰਥ ਦੇ ਅੰਦਰੂਨੀ ਸੰਕਟ ਦਾ ਵਿਸ਼ਲੇਸ਼ਣ ਤੇ ਹੱਲ’ ਵਿਚ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਦਾ ਜ਼ਿਕਰ ਨਹੀਂ ਕੀਤਾ ਗਿਆ। ਮੇਰੇ ਖਿਆਲ ਵਿਚ ਸਿੱਖ ਪੰਥ ਦੇ ਅਜੋਕੇ ਹਾਲਾਤ ਦੀ ਜੜ੍ਹ ਇਸੇ ਝਗੜੇ ਵਿਚੋਂ ਨਿਕਲਦੀ ਹੈ।
ਮਸਲਾ ਇਹ ਹੈ ਕਿ ਦਸਮ ਗ੍ਰੰਥ ਦੇ ਉਪਾਸ਼ਕ ਉਸ ਨੂੰ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਦੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਉਸ ਨੂੰ ਗੁਰੂ ਸਾਹਿਬ ਦੀ ਰਚਨਾ ਨਹੀਂ ਮੰਨਦੇ। ਦਮਦਮੀ ਟਕਸਾਲ, ਹਜ਼ੂਰ ਸਾਹਿਬ, ਪਟਨਾ ਸਾਹਿਬ, ਕਈ ਡੇਰਿਆਂ ਅਤੇ ਸੰਸਥਾਵਾਂ ਵਿਚ ਦਸਮ ਗ੍ਰੰਥ ਦਾ ਬਾਕਾਇਦਾ ਪ੍ਰਕਾਸ਼ ਅਤੇ ਅਖੰਡ ਪਾਠ ਕੀਤਾ ਜਾਂਦਾ ਹੈ। ਸਿੱਖ ਪਰੰਪਰਾ ਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਦੀ ਸ਼ਰਧਾ ਭਾਵਨਾ ਇਸ ਗ੍ਰੰਥ ਨਾਲ ਜੁੜੀ ਹੋਈ ਹੈ ਅਤੇ ਉਨ੍ਹਾਂ ਸ਼ਰਧਾਲੂਆਂ ਵਿਚੋਂ ਕਈ ਜਿਸਮਾਨੀ-ਹਿੰਸਾ ਵਿਚ ਵਿਸ਼ਵਾਸ ਵੀ ਰਖਦੇ ਹਨ। ਉਨ੍ਹਾਂ ਦੇ ਸ਼ਾਬਦਿਕ ਵਿਰੋਧੀ, ਜਿਨ੍ਹਾਂ ਵਿਚ ਕਈ ਮਿਸ਼ਨਰੀ, ਜਾਗਰੂਕ ਪ੍ਰਚਾਰਕ ਅਤੇ ਹੋਰ ਲੋਕ ਸ਼ਾਮਲ ਹਨ, ਇਸ ਨੂੰ ਇੱਕ ਜਾਅਲੀ ਗ੍ਰੰਥ ਦੱਸਦੇ ਹਨ। ਉਨ੍ਹਾਂ ਦਾ ਤਰਕ ਹੈ ਕਿ:
1æ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਸਿੱਖ ਧਰਮ ਦਾ ਗੁਰੂ ਘੋਸ਼ਿਤ ਕੀਤਾ ਸੀ, ਹੋਰ ਕਿਸੇ ਗ੍ਰੰਥ ਜਾਂ ਬਾਣੀ ਨੂੰ ਨਹੀਂ। ਕਿਉਂਕਿ ਗੁਰੂ ਸਾਹਿਬ ਨੇ ਦਸਮ ਗ੍ਰੰਥ ਜਾਂ ਉਸ ਦੀ ਬਾਣੀ ਨੂੰ ਗੁਰੂ ਦੀ ਪਦਵੀ ਨਹੀਂ ਬਖਸ਼ੀ ਸੀ, ਉਸ ਨੂੰ ਦਸਮ ਗੁਰੂ ਗ੍ਰੰਥ ਆਖਣਾ ਅਤੇ ਉਸ ਦਾ ਪ੍ਰਕਾਸ਼ ਜਾਂ ਅਖੰਡ ਪਾਠ ਕਰਨਾ ਉਚਿਤ ਨਹੀਂ ਹੈ।
2æ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਨਾਨਕਬਾਣੀ ਹੈ। ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਵਖਰੀ ਸ਼ਖਸੀਅਤ ਦਾ ਪ੍ਰਗਟਾਵਾ ਨਹੀਂ ਕੀਤਾ ਹੈ। ਇਸ ਦੇ ਦੋ ਕਾਰਨ ਹਨ-ਇੱਕ ਤਾਂ ਗੁਰੂ ਸਾਹਿਬਾਨ ਗੁਰਬਾਣੀ ਨੂੰ ‘ਖਸਮ ਕੀ ਬਾਣੀ’ ਜਾਂ ‘ਧੁਰ ਕੀ ਬਾਣੀ’ ਮੰਨਦੇ ਹਨ। ਦੂਜਾ, ਉਹ ਬਾਣੀ ਰਚਣ ਸਮੇਂ ਆਪਣੇ ਆਪ ਨੂੰ ਨਾਨਕ ਜੋਤ ਵਿਚ ਅਭੇਦ ਸਮਝਦੇ ਹਨ ਜਿਸ ਨੂੰ ਗੁਰਬਾਣੀ ਵਿਚ ‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥’ (ਪੰਨਾ ੯੬੬) ਆਖਿਆ ਗਿਆ ਹੈ।
ਜੇ ਗੁਰੂ ਗੋਬਿੰਦ ਸਿੰਘ ਨੇ ਕੋਈ ਗੁਰਬਾਣੀ ਰਚੀ ਹੁੰਦੀ ਤਾਂ ਉਨ੍ਹਾਂ ਵੀ ਉਸ ਬਾਣੀ ਨੂੰ ਨਾਨਕਬਾਣੀ ਹੀ ਆਖਣਾ ਸੀ ਕਿਉਂਕਿ ਉਹ ਗੁਰੂ ਨਾਨਕ ਜੋਤ ਗੁਰੂ ਸਨ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚ ਸ਼ਾਮ ਜਾਂ ਹੋਰਨਾਂ ਦੇ ਨਾਂ ਤਾਂ ਆਉਂਦੇ ਹਨ ਪਰ ਨਾਨਕ ਪਦ ਦੀ ਕਿਤੇ ਵੀ ਵਰਤੋਂ ਕੀਤੀ ਨਹੀਂ ਮਿਲਦੀ।
3æ ਦਸਮ ਗ੍ਰੰਥ ਦਾ ਪਹਿਲਾ ਅਤੇ ਅਸਲੀ ਨਾਂ ‘ਬਚਿਤਰ ਨਾਟਕ’ ਹੈ, ਦਸਮ ਗ੍ਰੰਥ ਨਹੀਂ। ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਮੇਂ ਬਾਅਦ ਪ੍ਰਗਟ ਹੋਇਆ ਸੀ। ਇਸ ਦੇ ਪ੍ਰਗਟਾਵੇ ਅਤੇ ਨਾਂ ਵਿਚ ਬਦਲਾਵੇ ਨਾਲ ਕਾਫੀ ਦਿਲਚਸਪ ਰਹੱਸ ਜੁੜਿਆ ਹੋਇਆ ਹੈ। ਇਸ ਬਾਰੇ ਇਤਿਹਾਸਕਾਰ ਵਧੇਰੇ ਜਾਣਦੇ ਹਨ। ਪਰ ਇਤਿਹਾਸ ਦਾ ਵਿਸ਼ਾ ਹੋਣ ਦੇ ਬਾਵਜੂਦ ਉਹ ਇਸ ਬਾਰੇ ਆਪਣੀ ਰਾਏ ਦੇਣ ਤੋਂ ਝਿਜਕਦੇ ਹਨ ਕਿਉਂਕਿ ਡਾæ ਰਤਨ ਸਿੰਘ ਜੱਗੀ ਅਤੇ ਗਿਆਨੀ ਭਾਗ ਸਿੰਘ ਨੂੰ ਐਸਾ ਕਰਨ ਦਾ ਖਮਿਆਜ਼ਾ ਭੁਗਤਣਾ ਪੈ ਗਿਆ ਸੀ। ਕੁਝ ਇਤਿਹਾਸਕਾਰ ਇਸ ਗ੍ਰੰਥ ਦੀ ਲੱਭਤ ਦੀ ਕਹਾਣੀ ਨੂੰ ਮਿਥਿਹਾਸ ਮੰਨਦੇ ਹਨ।
4æ ਦਸਮ ਗ੍ਰੰਥ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਅੰਗਰੇਜ਼ ਨਾਨਕਬਾਣੀ ਦੇ ਮਾਨਵਵਾਦੀ ਉਪਦੇਸ਼ ਅਤੇ ਸਿੱਖਾਂ ਦੀ ਆਜ਼ਾਦ ਰੁਚੀ ਤੋਂ ਤੰਗ ਆਏ ਹੋਏ ਸਨ। ਇਸ ਲਈ ਸਿੱਖਾਂ ਵਿਚ ਫੁੱਟ ਪਾਉਣ ਅਤੇ ਗੁਰਬਾਣੀ ਉਪਦੇਸ਼ ਬਾਰੇ ਦੁਚਿੱਤੀ ਪੈਦਾ ਕਰਨ ਦੇ ਮਨੋਰਥ ਨਾਲ ਅੰਗਰੇਜ਼ਾਂ ਨੇ ਆਪਣੇ ਏਜੰਟਾਂ ਰਾਹੀਂ ਇਸ ਜਾਅਲੀ ਗ੍ਰੰਥ ਨੂੰ ਸਿੱਖਾਂ ਵਿਚ ਪ੍ਰਚਲਿਤ ਕੀਤਾ ਸੀ। ਭਾਰਤ ਦੀ ਆਜ਼ਾਦੀ ਮਗਰੋਂ ਸਰਕਾਰਾਂ ਇਸ ਗ੍ਰੰਥ ਨੂੰ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨਾਲੋਂ ਤੋੜਨ ਲਈ ਵਰਤਦੀਆਂ ਰਹੀਆਂ ਹਨ।
5æ ਇਸ ਗ੍ਰੰਥ ਵਿਚ ਅਸ਼ਲੀਲ ਕਵਿਤਾਵਾਂ ਦੀ ਭਰਮਾਰ ਹੈ ਜਿਨ੍ਹਾਂ ਵਿਚ ਔਰਤ ਜ਼ਾਤ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ। ਗੁਰਮਤਿ ਦੇ ਉਲਟ ਇਸ ਵਿਚ ਦੇਵੀ ਪੂਜਾ ਅਤੇ ਜੰਗਾਂ ਜੁੱਧਾਂ ਦਾ ਵਰਣਨ ਹੈ। ਜਾਪ ਸਾਹਿਬ ਨੂੰ ਛੱਡ ਕੇ ਇਸ ਗ੍ਰੰਥ ਦੀਆਂ ਹੋਰ ਸਾਰੀਆਂ ਰਚਨਾਵਾਂ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹਨ। ਕਈ ਵਿਦਵਾਨ ਇਸ ਗ੍ਰੰਥ ਦੀਆਂ ਅਸ਼ਲੀਲ ਰਚਨਾਵਾਂ ਨੂੰ ਵੀ ਗੁਰੂ ਸਾਹਿਬ ਦੀ ਸਿਖਿਆ ਆਖਦੇ ਹਨ।
ਦਸਮ ਗ੍ਰੰਥ ਦੀ ਅਸਲੀਅਤ ਜਾਣਨ ਲਈ ਦੋਵਾਂ ਧਿਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ਾਂਤੀ ਨਾਲ ਬੈਠ ਕੇ ਇੱਕ ਦੂਜੇ ਦੇ ਵਿਚਾਰ ਸੁਣਨ ਤੇ ਸਮਝਣ ਦੀ ਲੋੜ ਹੈ। ਸਿੱਖ ਜਗਤ ਦੇ ਵਿਦਵਾਨਾਂ ਦੀ ਕਮੇਟੀ ਵੀ ਇਸ ਸਮੱਸਿਆ ਦਾ ਹੱਲ ਲੱਭਣ ਵਿਚ ਸਹਾਇਕ ਹੋ ਸਕਦੀ ਹੈ। ਅਸਲ ਮਸਲਾ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਦਾ ਹੈ ਜੋ ਇਤਿਹਾਸਕ ਖੋਜ ਦਾ ਵਿਸ਼ਾ ਹੈ। ਇਸ ਲਈ ਉਘੇ ਇਤਿਹਾਸਕਾਰ ਇਸ ਗ੍ਰੰਥ ਦੀ ਰਚਨਾ ਅਤੇ ਪਿਛੋਕੜ ਬਾਰੇ ਖੋਜ ਕਰਕੇ ਸੱਚ ਜਾਣ ਸਕਦੇ ਹਨ ਅਤੇ ਉਸ ਦੇ ਆਧਾਰ ‘ਤੇ ਸ਼ਾਇਦ ਝਗੜਾ ਵੀ ਨਿਪਟਾਇਆ ਜਾ ਸਕਦਾ ਹੈ।
-ਹਾਕਮ ਸਿੰਘ