ਲਿਖਣ ਦੇ ਸ਼ੌਕੀਨ ਬਹੁਤੇ ਪਰਵਾਸੀਆਂ ਵਾਂਗ ਮੈਂ ਵੀ ਮਾਤ ਭੂਮੀ ਦੇ ਹੇਰਵੇ ਕਾਰਨ ਅਕਸਰ ਆਪਣੀਆਂ ਲਿਖਤਾਂ ਵਿਚ ਬੜੀ ਰੀਝ ਨਾਲ ਪਿਛੋਕੇ ਦਾ ਜ਼ਿਕਰ ਕਰਦਾ ਰਹਿੰਦਾ ਹਾਂ। ਲਗਭਗ ਅੱਧੀ ਸਦੀ ਪੰਜਾਬ ਆਪਣੇ ਪਿੰਡ ਵਿਚ ਗੁਜ਼ਾਰੀ ਹੋਣ ਕਰ ਕੇ ਪੇਂਡੂ ਜਨ-ਜੀਵਨ ਨਾਲ ਸਬੰਧਤ ਹੋਈਆਂ-ਬੀਤੀਆਂ ਕੌੜੀਆਂ ਫਿੱਕੀਆਂ ਘਟਨਾਵਾਂ ਦੇ ਵੇਰਵੇ ਲਿਖਦਿਆਂ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ।
ਮੇਰੇ ਜਿਹੀ ਸੋਚ ਰੱਖਣ ਵਾਲੇ ਜਾਂ ਆਪਣੀ ਜੰਮਣ ਭੂਮੀ ਲਈ ਤੜਫ ਰੱਖਦੇ ਬਹੁਤ ਸਾਰੇ ਪਾਠਕ ਤਾਂ ਖੁਸ਼ ਹੋ ਜਾਂਦੇ ਹਨ, ਪਰ ਐਸੇ ਵੀ ਬਹੁਤ ਹੈਣ ਜਿਨ੍ਹਾਂ ਦੇ ਦਿਲ-ਦਿਮਾਗਾਂ ਵਿਚ ਅਮਰੀਕਾ-ਕੈਨੇਡਾ ਜਾਂ ਕੋਈ ਹੋਰ ਮੁਲਕ ਪੂਰੀ ਤਰ੍ਹਾਂ ਧਸ ਚੁੱਕਿਆ ਹੁੰਦਾ ਹੈ। ਉਹ ਮੇਰੀਆਂ ਲਿਖਤਾਂ ‘ਤੇ ਨੱਕ ਬੁੱਲ੍ਹ ਜਿਹਾ ਵੱਟਦੇ ਹੋਏ, ਆਪਣੇ ਵਤਨ ਦੀਆਂ ਬੁਰਿਆਈਆਂ ਗਿਣਾਉਣ ਲੱਗ ਜਾਂਦੇ ਹਨ। ਅੰਗਰੇਜ਼ੀ ਘੋਟਦਿਆਂ ਅਜਿਹੇ ਕਈ ਸੱਜਣ ਆਪਣੇ ਦੇਸ ਨੂੰ ‘ਡਰਟੀ ਇੰਡੀਆ’ ਦਾ ਖਿਤਾਬ ਵੀ ਝੱਟ ਦੇ ਦਿੰਦੇ ਹਨ।
ਅਜਿਹੇ ਵਿਦੇਸ਼ੀ ਰੰਗ ਵਿਚ ਪੂਰੀ ਤਰ੍ਹਾਂ ਰੰਗੀ ਹੋਈ ਇਕ ਅਮਰੀਕਨ ਪੰਜਾਬੀ ਬੀਬੀ ਨੇ ਪਿਛੋਕੜ ਪ੍ਰਤੀ ਬਾਹਲੇ ਹੀ ਮੋਹ-ਮੁਹੱਬਤ ਵਾਲੀ ਮੇਰੀ ਕੋਈ ਰਚਨਾ ਪੜ੍ਹੀ ਤੇ ਫੋਨ ਉਤੇ ਲੱਗ ਪਈ ਦੇਸ ਖਿਲਾਫ ਭੰਡੀ ਪ੍ਰਚਾਰ ਕਰਨ। ਚੋਰ ਸਿਆਸਤਦਾਨਾਂ ਅਤੇ ਭ੍ਰਿਸ਼ਟ ਅਫਸਰਸ਼ਾਹੀ ਤੋਂ ਲੈ ਕੇ ਪਿੰਡਾਂ ਵਿਚਲੀ ਗੰਦਗੀ ਬਿਆਨ ਕਰਦਿਆਂ, ਉਹ ਥੋੜ੍ਹੀ ਤਲਖੀ ਵਿਚ ਆ ਗਈ, “ਕੀ ਭਾਅ ਜੀ ਤੁਸੀਂ ਪਿੰਡ ਪਿੰਡ ਦੇਸ ਦੇਸ ਦੀ ਰਟ ਲਾਉਂਦਿਆਂ ਪਿਛੋਕੇ ਨੂੰ ਹੀ ਝੂਰਦੇ ਰਹਿੰਦੇ ਹੋ?æææ ਸੁਆਹ ਰੱਖੀਓ ਐ ਪਿੰਡਾਂ ਵਿਚ ਹੁਣ?”
ਪੇਂਡੂ ਸਭਿਆਚਾਰ ਪ੍ਰਤੀ ਘਿਰਣਾ ਨਾਲ ਨੱਕੋ-ਨੱਕ ਭਰੇ ਉਸ ਦੇ ‘ਸੁਆਹ ਰੱਖੀਓ’ ਵਾਲੇ ਮਿਹਣੇ ਨੂੰ ‘ਖੁੰਢਾ’ ਕਰਨ ਲਈ ਮੈਂ ਦੋ ਕੁ ਦਲੀਲਾਂ ਦਿੱਤੀਆਂ ਕਿ ਆਪਣੀ ਜਨਮ ਭੂਮੀ ਨੂੰ ਨਿੰਦਣਾ ਨਹੀਂ ਚਾਹੀਦਾ। ਚੰਗੀ ਚਾਹੇ ਮਾੜੀ, ਉਹ ਸਾਡੇ ਪੁਰਖਿਆਂ ਦੀ ਧਰਤੀ ਹੈ। ਹਾਂ, ਉਥੋਂ ਦੇ ਸੁਧਾਰ ਲਈ ਕੋਈ ਹੀਲੇ-ਵਸੀਲੇ ਕੀਤੇ ਜਾ ਸਕਦੇ ਹਨ; ਪਰ ਉਹ ਵਿਦੇਸ਼ੀ ਸਹੂਲਤਾਂ ਦਾ ਗੁਣ-ਗਾਣ ਕਰਦਿਆਂ ਮੈਨੂੰ ਨਿਰਉਤਰ ਕਰ ਕੇ ਹੀ ਹਟੀ।
ਉਸ ਦੇ ਇਹ ਤਲਖ ਬੋਲ ਕਈ ਦਿਨ ਮੇਰੇ ਸੀਨੇ ਵਿਚ ਰੜਕਦੇ ਰਹੇ; ਖਾਸ ਕਰ ਕੇ ਸੁਆਹ ਵਾਲੀ ਮਾਰੀ ਹੋਈ ‘ਬੋਲੀ’ ਮੇਰੇ ਕੰਡੇ ਵਾਂਗ ਚੁਭਦੀ ਰਹੀ, ਪਰ ਹਫਤੇ ਦੇ ਵਿਚ ਵਿਚ ਹੀ ਪੰਜਾਬ ਦੇ ਘੁੱਗ ਵਸਦੇ ਇਕ ਪਿੰਡ ਦੇ ਇਕ ਵਾਸੀ ਤੋਂ ਐਸੀ ਅਜੀਬੋ-ਗਰੀਬ ਜਾਣਕਾਰੀ ਮਿਲੀ ਜਿਸ ਨੂੰ ਸੁਣ ਕੇ ਉਸ ਬੀਬੀ ਪ੍ਰਤੀ ਮੇਰਾ ਗੁੱਸਾ ਇਕ ਦਮ ਉਡ ਗਿਆ, ਸਗੋਂ ਉਹ ਬੀਬੀ ਮੈਨੂੰ ਸੱਚੀ ਜਾਪਣ ਲੱਗੀ।
ਹੋਇਆ ਇੰਜ ਕਿ ਖੇਤੀਬਾੜੀ ਕਰਦੇ ਇਕ ਜਾਣੂ ਦੀ ਰਾਜ਼ੀ ਖੁਸ਼ੀ ਪੁੱਛਣ ਲਈ ਮੈਂ ਪਿੰਡ ਫੋਨ ਕੀਤਾ। ਉਹ ਆਪਣੇ ਖੇਤਾਂ ਵਿਚ ਹੀ ਘੁੰਮ ਫਿਰ ਰਿਹਾ ਸੀ। ‘ਕੀ ਕਰ ਰਹੇ ਓ ਅੱਜ ਕੱਲ੍ਹ?’ ਦੇ ਜਵਾਬ ‘ਚ ਉਹ ਕਹਿਣ ਲੱਗਾ ਕਿ ਮੈਂ ਕਈ ਵਾਰ ਭਿੰਡੀਆਂ ਅਤੇ ਕੱਦੂ ਕਰੇਲਿਆਂ ਦੇ ਬੀਜ ਬੀਜੇ ਹਨ, ਪਰ ਜਦ ਵੀ ਦੋ ਦੋ ਚਾਰ ਚਾਰ ਪੱਤੇ ਨਿਕਲਦੇ ਐ, ਕੋਈ ਭੂੰਡੀ ਜਾਂ ਤੇਲਾ ਪੱਤੇ ਖਾ ਜਾਂਦਾ। ਮੈਂ ਉਸ ਨੂੰ ਆਮ ਪੇਂਡੂ ਸਲਾਹ ਦਿੱਤੀ ਕਿ ਜਦੋਂ ਬੀਜ ਉਗ ਪੈਣ, ਦੋ ਚਾਰ ਦਿਨ ਤੜਕੇ ਤ੍ਰੇਲ ਪਈ ਤੋਂ ਇਨ੍ਹਾਂ ‘ਤੇ ਸੁਆਹ ਧੂੜ ਦੇਣੀ ਚਾਹੀਦੀ ਹੈ, ਇਉਂ ਨਵੇਂ ਪੁੰਗਰੇ ਵੇਲ-ਬੂਟਿਆਂ ਦਾ ਬਚਾਅ ਹੋ ਜਾਂਦਾ ਹੈ। ਮੇਰੇ ਮੂੰਹੋਂ ‘ਨੁਸਖਾ’ ਸੁਣ ਕੇ ਉਹ ਹੱਸਦਾ ਕਹਿੰਦਾ, “ਸੁਆਹ? ਹੁਣ ਪਿੰਡਾਂ ‘ਚ ਸੁਆਹ ਕਿਥੇ ਆ? ਘਰ ਘਰ ਤਾਂ ਸਲੰਡਰ ਬਲਦੇ ਐ। ਕੱਲ੍ਹ ਨੂੰ ਬੱਠਲ ਚੁੱਕ ਕੇ ਪਿੰਡ ‘ਚ ਗੇੜੀ ਲਾਊਂ! ਸ਼ਾਇਦ ਕਿਸੇ ਦੇ ਘਰੋਂ ਸੁਆਹ ਦੀ ‘ਪੂਰੀ’ ਪੈ ਹੀ ਜਾਵੇ!”
-ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268