ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ।
ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਫੁੱਲਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਕਿਹਾ ਸੀ, ਮਨਾਂ ‘ਚ ਖੁਸ਼ੀ ਦੇ ਦੀਵੇ ਜਗਾਉਣ ਵਾਲਾ ਚਮਨ ਦਾ ਫੁੱਲ ਕਮਰੇ ‘ਚ ਜਾਂਦਿਆਂ ਹੀ ਮੁਰਝਾ ਜਾਂਦਾ ਏ। ਵਿਛੋੜੇ ਦੇ ਸੱਲ੍ਹ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਵਿਛੋੜਾ ਕੋਈ ਵੀ ਹੋਵੇ, ਵਿਛੋੜਾ ਹੀ ਹੁੰਦਾ ਏ। ‘ਕੱਲੀ ਕੂੰਜ ਵਿਛੜ ਗਈ ਡਾਰੋਂ’ ਦਾ ਦਰਦ। ਪਿਛਲੇ ਲੇਖ ਵਿਚ ਉਨ੍ਹਾਂ ਅਜੋਕੇ ਸਮਿਆਂ ਵਿਚ ਰਿਸ਼ਤਿਆਂ ਦੀ ਟੁੱਟ-ਭੱਜ ‘ਤੇ ਗਿਲ੍ਹਾ ਕੀਤਾ ਸੀ ਕਿ ਕੇਹੇ ਵਕਤ ਆ ਗਏ ਨੇ, ਅਸੀਂ ਖੁਸ਼ੀ ਦੇ ਪਲ ਸਾਂਝੇ ਕਰਨਾ ਵੀ ਮੁਨਾਸਬ ਨਹੀਂ ਸਮਝਦੇ ਜਦ ਕਿ ਖੁਸ਼ੀ ਵੰਡਿਆਂ ਦੂਣ ਸਵਾਈ ਹੁੰਦੀ ਏ। ਫਿਰ ਕੌਣ ਦੁੱਖ ਸਾਂਝੇ ਕਰਨ ਦਾ ਹੀਆ ਕਰੇਗਾ? ਹਥਲੇ ਲੇਖ ਵਿਚ ਡਾæ ਭੰਡਾਲ ਨੇ ਅਜੋਕੇ ਯੁਗ ਵਿਚ ਪੰਜਾਬ ਦੇ ਵਾਤਾਵਰਣ, ਸਮਾਜਕ ਕਦਰਾਂ-ਕੀਮਤਾਂ, ਮਨੁੱਖੀ ਰਿਸ਼ਤਿਆਂ ਤੇ ਜ਼ਿੰਦਗੀ ਦੇ ਹਰ ਮੁਰਾਤਬੇ ਵਿਚ ਆਈ ਮਲੀਨਤਾ ਦੀ ਗੱਲ ਕਰਦਿਆਂ ਕਈ ਸਵਾਲ ਖੜ੍ਹੇ ਕੀਤੇ ਹਨ ਕਿ ਦੁਨੀਆਂ ਨੂੰ ਤਹਿਜ਼ੀਬ ਦੇ ਅਰਥ ਸਮਝਾਉਣ ਵਾਲੀ ਸਭਿਅਤਾ ‘ਚੋਂ ਹੀ ਜਦੋਂ ਤਹਿਜ਼ੀਬ ਦਾ ਜਨਾਜ਼ਾ ਉਠ ਜਾਵੇ ਤਾਂ ਦੇਸ਼ ਦਾ ਰੱਬ ਰਾਖਾ। ਦੁਨੀਆਂ ਨੂੰ ਸੰਗੀਤ ਦੇਣ ਵਾਲੇ ਜਦੋਂ ਸ਼ੋਰ ‘ਚ ਡੁੱਬ ਜਾਣ ਤਾਂ ਅਸੀਂ ਕਿਹੜੇ ਦਮਗਜ਼ਿਆਂ ਦੇ ਵਾਰਸ ਕਹਿਲਾਉਣ ਦੀ ਹਾਮੀ ਭਰਾਂਗੇ? -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਚੌਰਾਹੇ ‘ਚ ਖੜਾ ਸੰਵੇਦਨਸ਼ੀਲ ਮਨੁੱਖ। ਰੈਡ ਲਾਈਟ ਕਾਰਨ ਵਾਹਨਾਂ ਦਾ ਜਮਘਟਾ। ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ‘ਚ ਆਪਸ ‘ਚ ਉਲਝੇ ਵਾਹਨ। ਕਿਸੇ ਕਿਸੇ ਸਕੂਟਰ ‘ਤੇ ਬੱਚਿਆਂ ਸਮੇਤ ਪੰਜ ਪੰਜ ਸਵਾਰੀਆਂ। ਹੈਲਮੈਟ ਪਹਿਨਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬੱਸਾਂ, ਟਰੱਕਾਂ ਤੇ ਟੈਂਪੂਆਂ ‘ਚੋਂ ਨਿਕਲ ਰਿਹਾ ਧੂੰਆਂ, ਲੋਕਾਂ ਲਈ ਖੰਘ, ਟੀæਬੀæ ਤੇ ਛਾਤੀ ਦੇ ਰੋਗ ਦਾ ਨਿਉਂਦਾ ਬਣ Ḕਪ੍ਰਦੂਸ਼ਣ ਚੈਕḔ ਦੇ ਸਟਿਕਰ ਨੂੰ ਚਿੜਾਉਂਦਾ। ਟਰੈਫਿਕ ਦੀ ਨਾ ਸਮਝੀ ਕਾਰਨ ਟਰੈਫਿਕ ਨਿਯਮਾਂ ਦੀਆਂ ਉਡ ਰਹੀਆਂ ਧੱਜੀਆਂ। ਇਕ ਦੂਜੇ ‘ਚ ਟਕਰਾਉਣ ਤੋਂ ਮਸਾਂ ਬਚਦੀਆਂ ਗੱਡੀਆਂ। ਹਰੀ ਬੱਤੀ ਦੀ ਉਡੀਕ ‘ਚ ਪੈਦਾ ਹੋਈ ਘਬਰਾਹਟ। ਸਿਸਟਮ ‘ਚ ਖਰਾਬੀ, ਸਮੇਂ ਤੇ ਸਿਹਤ ਦੀ ਬਰਬਾਦੀ। ਕੀ ਅਸੀਂ ਲਾਈਨ ਸਿਰ ਗੱਡੀਆਂ ਖੜੀਆਂ ਕਰ, ਵਾਰੀ ਸਿਰ ਲੰਘ ਮਾਨਸਿਕ ਘਬਰਾਹਟ ਤੋਂ ਨਿਜ਼ਾਤ ਨਹੀਂ ਪਾ ਸਕਦੇ? ਪੱਛਮੀ ਦੇਸ਼ਾਂ ‘ਚ ਬਿਨਾ ਪੁਲਿਸ ਦੇ ਸਿਪਾਹੀ ਹਰ ਗੱਡੀ ਲਾਈਟਾਂ ‘ਤੇ ਰੁਕ, ਵਾਰੀ ਸਿਰ ਲੰਘਦੀ ਏ, ਭਾਵੇਂ ਰਾਤ ਦੇ ਬਾਰਾਂ ਵਜੇ ਹੋਏ ਹੋਣ।
ਟਰੈਫਿਕ ‘ਚ ਫਸੇ ਲੋਕਾਂ ਦੀ ਦਿਲ ਦੀ ਗਤੀ ਤੇਜ਼ ਹੋ ਜਾਂਦੀ ਏ ਜੋ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣਦੀ ਏ। ਅਸੀਂ ਤਾਂ ਵਾਰੀ ਦੀ ਉਡੀਕ ਕਰਨਾ ਤੌਹੀਨ ਸਮਝਦੇ ਹਾਂ, ਭਾਵੇਂ ਉਹ ਸਰਕਾਰੀ ਦਫਤਰ, ਬੈਂਕ ਜਾਂ ਹੋਰ ਅਦਾਰੇ ਹੋਣ। ਅਸੀਂ ਨਿਜੀ ਸਾਂਝ ਨਾਲ ਕੰਮ ਕਰਵਾ ਕੇ ਤੁਰਦੇ ਬਣਦੇ ਹਾਂ ਜਦ ਕਿ ਵਾਰੀ ਵਾਲੇ ਉਡੀਕਦੇ ਰਹਿ ਜਾਂਦੇ ਨੇ ਅਤੇ Ḕਅਦਾਲਤ ‘ਚ ਬੰਦੇ ਬਿਰਖ ਹੋ ਗਏæææḔ ਦੀ ਨੌਬਤ ਆ ਜਾਂਦੀ ਏ।
ਜ਼ਿੰਦਗੀ ‘ਚੋਂ ਗੁੰਮਿਆਂ ਸਲੀਕਾ, ਕਾਹਲ ਭਰਪੂਰ ਵਰਤਾਰਿਆਂ ਨੂੰ ਜਦ ਸਾਡੀ ਤਲੀ ‘ਤੇ ਧਰੇਗਾ ਤਾਂ ਸਾਡੇ ਸਾਹਾਂ ਦਾ ਘੁੱਟ ਜਲਦੀ ਭਰਿਆ ਜਾਵੇਗਾ। ਅਸੀਂ ਜਿਉਣ ਲਈ ਉਡੀਕ ਬਣਨ ਦੀ ਬਜਾਏ, ਸਾਹਾਂ ਦੀ ਗਿਣਤੀ ਨਿਬੇੜਨ ਦੀ ਕਾਹਲ ‘ਚ ਹਾਂ।
ਕਹਿਰਵਾਨ ਵਕਤ ਦੀ ਮਾਰ, ਸਭਿਆਚਾਰਾਂ, ਸਭਿਆਤਾਵਾਂ ਤੇ ਕੌਮਾਂ ਨੂੰ ਹਜ਼ਮ ਕਰ ਜਾਂਦੀ ਏ। ਬਚਣ-ਬਚਾਉਣ ਦੀ ਕੋਈ ਸਬੀਲ ਨਾ ਬਣਾਉਣ ਵਾਲੇ ਲੋਕ ਵੀਰਾਨ ਰਾਹਾਂ ਦੀ ਧੂੜ ਹੁੰਦੇ ਨੇ।
ਸਰਕਾਰੀ ਹਸਪਤਾਲ ਦੇ ਖੁੱਲਣ ਦਾ ਵਕਤ ਸਵੇਰੇ 9 ਵਜੇ। ਦਸ ਵਜੇ ਦਾ ਵਕਤ। ਚਾਰੇ ਪਾਸੇ ਸੁੰਨ-ਸਾਨ। ਵਿਰਲਾ ਟਾਵਾਂ ਮਰੀਜ ਜਾਂ ਮਰੀਜ ਦੇ ਰਿਸ਼ਤੇਦਾਰ। ਕਾਫੀ ਦੇਰ ਬਾਅਦ ਨਜ਼ਰ ਪਏ ਇਕ ਕਰਮਚਾਰੀ ਨੂੰ ਮਰੀਜ ਨੇ ਪੁੱਛਿਆ, “ਅੱਜ ਹਸਪਤਾਲ ਖੁੱਲ੍ਹਾ ਏ।” “ਨਹੀਂ, ਅੱਜ ਛੁੱਟੀ ਏ।” ਕਸੂਤਾ ਜਿਹਾ ਜਵਾਬ ਸੁਣ, ਮਰੀਜ ਝੇਪ ਗਿਆ। ਸੋਚਣ ਲੱਗਾ, “ਸ਼ਾਇਦ ਛੁੱਟੀ ਹੀ ਹੋਵੇ ਕਿਉਂਕਿ ਕਿਹੜਾ ਪਤਾ ਲੱਗਦਾ ਹੈ ਛੁੱਟੀ ਦਾ। ਹੁਣ ਤਾਂ ਛੁੱਟੀਆਂ ਦੀ ਬਜਾਏ ਕੰਮ ਵਾਲੇ ਦਿਨਾਂ ਦਾ ਕੈਲੰਡਰ ਚਾਹੀਦਾ ਏ। ਛੁੱਟੀਆਂ ਕਾਰਨ ਸਰਕਾਰੀ ਮਹਿਕਮਿਆਂ ਦੀ ਕਾਰਜ-ਕੁਸ਼ਲਤਾ ਚਾਪਲੂਸੀ ਦੀਆਂ ਰੋਟੀਆਂ ਸੇਕਣ ਜੋਗੀ ਰਹਿ ਗਈ ਏ।”
ਫਿਰ ਥੋੜਾ ਜਿਹਾ ਜੇਰਾ ਕਰਕੇ ਮਰੀਜ ਨੇ ਦੁਬਾਰਾ ਪੁੱਛਿਆ, “ਕੀ ਅੱਜ ਛੁੱਟੀ ਏ?” ਤਾਂ ਜਵਾਬ ਮਿਲਿਆ, “ਤੈਨੂੰ ਦਿਸਦਾ ਨਹੀਂ, ਹਸਪਤਾਲ ਖੁੱਲ੍ਹਾ ਏ।” ਤਾਂ ਮਰੀਜ ਦੇ ਦਿਮਾਗ ‘ਚ ਘੁੰਮਣ ਲੱਗਾ, “ਕੀ ਚੰਗਾ ਬੋਲਣ ਦਾ ਵੀ ਮੁੱਲ ਲੱਗਦਾ ਏ?”
ਦੁਨੀਆਂ ਨੂੰ ਤਹਿਜ਼ੀਬ ਦੇ ਅਰਥ ਸਮਝਾਉਣ ਵਾਲੀ ਸਭਿਅਤਾ ‘ਚੋਂ ਹੀ ਜਦੋਂ ਤਹਿਜ਼ੀਬ ਦਾ ਜਨਾਜ਼ਾ ਉਠ ਜਾਵੇ ਤਾਂ ਦੇਸ਼ ਦਾ ਰੱਬ ਰਾਖਾ। ‘ਜੀ ਆਇਆਂ’, ‘ਆਉ ਜੀ’, ‘ਧੰਨਵਾਦ’ ਆਦਿ ਲਫਜ਼ ਸਾਡੀ ਬੋਲ ਬਾਣੀ ‘ਚ ਹੀ ਨਹੀਂ। ਸਾਨੂੰ ਭੁੱਲ ਗਈ ਏ ਨਿਮਰਤਾ, ਮਿਠਾਸ ਤੇ ਆਪਣਾ ਬਣ ਜਾਣ ਜਾਂ ਬਣਾਉਣ ਦੀ ਤਰਕੀਬ। ਕਿਉਂ ਨਹੀਂ ਅਸੀਂ ਸਵੈ-ਪੜਚੋਲ ‘ਚੋਂ ਇਸ ਦੇ ਕਾਰਨਾਂ, ਪਿਛੋਕੜਾਂ ਨੂੰ ਘੋਖਦੇ, ਅਲਾਮਤਾਂ ਨੂੰ ਸੁਧਾਰਨ ਦਾ ਤਹੱਈਆ ਕਰਦੇ!
ਅਦਬ ਜਦੋਂ ਵਾਸ਼ਪ ਹੋ ਜਾਏ, ਅਦੀਬ ਹੀ ਰਕੀਬ ਬਣ ਜਾਵੇ ਤਾਂ ਜਿਉਣ-ਜੁਗਤ ਨੂੰ ਦੁਬਾਰਾ ਵਿਉਂਤਣਾ ਪੈਂਦਾ ਏ। ਇਸ ਦੀਆਂ ਊਣਤਾਈਆਂ ਅਤੇ ਸਮੁੱਚੇ ਸਰੋਕਾਰਾਂ ਨੂੰ ਦੁਬਾਰਾ ਪਰਿਭਾਸ਼ਤ ਕਰਨ ਦੀ ਲੋੜ ਹੁੰਦੀ ਏ।
ਮਾਨਸਿਕ ਸੋਚ ‘ਚੋਂ ਗੁੰਮ ਹੋਈ ਸੰਵੇਦਨਾ ਸਾਡਾ ਸੰਤਾਪ ਬਣੀ ਸਮਾਜ, ਸਭਿਆਚਾਰ, ਸਹਿਚਾਰ ਤੇ ਸਾਂਝੀਵਾਲਤਾ ਨੂੰ ਸਿਉਂਕ ਰਹੀ ਏ। ਵੇਲੇ ਸਿਰ ਨਾ ਸੰਭਲੇ ਤਾਂ ਡਿੱਗੇ ਪਿੰਜਰ ਦਾ ਨਾਮੋ-ਨਿਸ਼ਾਨ ਵੀ ਨਹੀਂ ਥਿਆਉਣਾ।
ਮਲੂਕ ਜਿਹੀਆਂ ਚਿੜੀਆਂ ਤੇ ਹੋਰ ਪਰਿੰਦੇ ਮਨੁੱਖ ਦੀਆਂ ਕੁਦਰਤ-ਮਾਰੂ ਬਿਰਤੀਆਂ ਦੀ ਭੇਟਾ ਚੜ੍ਹ ਗਏ ਨੇ ਕਿਉਂਕਿ ਅਸੀਂ ਆਲ੍ਹਣਿਆਂ ਲਈ ਦਰਖਤ ਤੇ ਜੰਗਲ ਰਹਿਣ ਨਹੀਂ ਦਿੱਤੇ। ਕੀੜੇ-ਮਾਰ ਦਵਾਈਆਂ ਨਾਲ ਜ਼ਹਿਰੀਲਾ ਅਨਾਜ ਖਾ ਕੇ ਭਲਾ ਸੋਹਲ ਪਰਿੰਦੇ ਕਿਵੇਂ ਬਚਦੇ? ਕੁੜੀਆਂ ਅਸੀਂ ਕੁੱਖਾਂ ਵਿਚ ਹੀ ਮਾਰਨ ਲੱਗ ਪਏ ਹਾਂ। ਫਿਰ ਇਨਸਾਨ ਕਿਵੇਂ ਹੋਏ? ਕਿਸੇ ਦਾ ਜਿਉਣ ਹੱਕ ਖੋਹਣ ਵਾਲਾ ਵਿਅਕਤੀ ਜਿਉਣ ਦਾ ਹੱਕਦਾਰ ਕਿਵੇਂ ਹੋ ਸਕਦਾ ਏ? ਕੁਦਰਤੀ ਅਸਾਵੇਂਪਣ ਦੀ ਉਪਜ ਏ-ਵਧਿਆ ਤਾਪਮਾਨ, ਮੌਸਮ ਦੀ ਬੇਤਰਤੀਬੀ ਕਾਰਨ ਬਿਮਾਰੀਆਂ ਦਾ ਕਹਿਰ ਤੇ ਧਰਤੀ ਦੇ ਚੱਪੇ ਚੱਪੇ ‘ਤੇ ਫੈਲਿਆ ਜ਼ਹਿਰ। ਕਦੇ ਕੁਦਰਤ ਰਾਣੀ ਦਾ ਵਿਰਲਾਪ ਸੁਣੋ, ਉਸ ਦੀ ਵੇਦਨਾ, ਸੋਚ ਕਸਵੱਟੀ ‘ਤੇ ਚਾੜ੍ਹ ਕੋਈ ਹੱਲ ਤਲਾਸ਼ਣ ਦਾ ਹੀਆ ਤਾਂ ਕਰੋ, ਫਿਰ ਹੀ ਤੁਸੀਂ ਮਨੁੱਖੀ ਹੋਂਦ ਦੀ ਤਸਦੀਕ ਕਰ ਸਕਦੇ ਹੋ।
ਹਉਕੇ ਵਰਗੇ ਪਲ ਜ਼ਿੰਦਗੀ ਦੇ ਨਾਂਵੇਂ ਤਾਜ਼ਗੀ ਨਹੀਂ ਤ੍ਰੌਂਕਦੇ ਅਤੇ ਨਾ ਹੀ ਮਹਿਕਾਂ ਭਰੀ ਪੌਣ ਦੀ ਦਸਤਕ ਬਣਦੇ ਨੇ, ਸਗੋਂ ਘੁਟਣ ਭਰੀ ਹੁੰਮਕ ਹੀ ਚੌਗਿਰਦੇ ਦਾ ਨਸੀਬ ਬਣਦੀ ਏ। ਮਨੁੱਖ ਸਮਾਜੀ ਜੀਵ ਏ। ਰਿਸ਼ਤਿਆਂ ਦੀ ਪਾਕੀਜ਼ਗੀ ਦਾ ਪਹਿਰੇਦਾਰ। ਪਰ ਜਦੋਂ ਰਿਸ਼ਤਿਆਂ ‘ਚ ਪਾਪ ਪਨਪ ਜਾਵੇ, ਖੋਟ ਰਲ ਜਾਵੇ, ਨਿਜੀ ਮੁਫਾਦ ਦੀ ਧਰਾਤਲ ‘ਤੇ ਰਿਸ਼ਤਿਆਂ ਦੀ ਤਾਮੀਰਦਾਰੀ ਹੁੰਦੀ ਹੋਵੇ, ਸਾਂਝਾਂ ਦੇ ਪੁਲ ਲੋੜ ਦੇ ਥੰਮ ਟਿਕੇ ਹੋਣ, ਨਿਰ-ਸੁਆਰਥ ਸਬੰਧਾਂ ਦਾ ਸਿਵਾ ਸੇਕਿਆ ਜਾ ਰਿਹਾ ਹੋਵੇ ਤਾਂ ਸਮਾਜ ਦੀ ਨਿੱਗਰ ਹੋਂਦ ਨੂੰ ਸੰਭਾਲਣ ਲਈ, ਨਵੇਂ ਸੰਦਰਭਾਂ ਵਿਚ ਸੋਚਣ ਦੀ ਲੋੜ ਹੁੰਦੀ ਏ। ਸਮੇਂ ਦੇ ਬੀਤਣ ਨਾਲ, ਤਬਦੀਲੀ ਜ਼ਰੂਰ ਆਉਂਦੀ ਏ ਪਰ ਉਨ੍ਹਾਂ ਤਬਦੀਲੀਆਂ ਦੀਆਂ ਨੀਹਾਂ, ਸਾਡੇ ਅਮੀਰ ਵਿਰਸੇ ‘ਚੋਂ ਢੂੰਡਣ ਦੀ ਲੋੜ ਏ। ਬਿਗਾਨੀ ਸੋਚ ਦੀ ਫਸਲ, ਜੇ ਸਾਡੀ ਧਰਤ ‘ਤੇ ਪਨਪੀ ਤਾਂ ਵਿਨਾਸ਼ ਦਾ ਕਾਰਨ ਬਣੇਗੀ।
ਅਮੀਰ ਏ ਸਾਡਾ ਵਿਰਸਾ, ਸਾਡੀ ਵਿਰਾਸਤ। ਪਰ ਜਦੋਂ ਇਸ ਨੂੰ ਨੰਗੇਜ ਜਾਂ ਬਨਾਵਟੀ ਪੁਣੇ ਦੇ ਸਹਾਰੇ ਦੀ ਲੋੜ ਪੈ ਜਾਵੇ ਤਾਂ ਸਮਝੋ ਇਸ ਦੀ ਅਰਥੀ ਦੀ ਤਿਆਰੀ ਏ। ਸੰਗੀਤ ਤੋਂ ਸ਼ੋਰ ਤੀਕ ਦਾ ਸਫਰ ਕਰਦਿਆਂ, ਪੈਸੇ ਦੀ ਹਵਸ ਦਾ ਸ਼ਿਕਾਰ ਹੋਇਆ ਹਰ ਕਲਾਕਾਰ ਆਪਣੇ ਅਮੀਰ ਵਿਰਸੇ ਦੀ ਬਾਤ ਪਾਉਂਦਾ ਏ। ਪਰ ਅਸ਼ਲੀਲਤਾ ਤੇ ਨੰਗੇਜਪੁਣੇ ‘ਚੋਂ ਆਪਣੀਆਂ ਰੋਟੀਆਂ ਸੇਕਣ ਤੋਂ ਗੁਰੇਜ਼ ਨਹੀਂ ਕਰਦਾ। ਕਿਥੇ ਗਿਆ ਸਾਡਾ ਸੁਹਜ, ਕੁਦਰਤੀ ਵਰਤਾਰਿਆਂ ‘ਚੋਂ ਸੰਗੀਤਕ ਲੈਅ ਮਾਣਨਾ ਤੇ ਸੰਗੀਤਕ ਭਾਵਾਂ ‘ਚੋਂ ਮਾਨਸਿਕ ਉਡਾਣਾਂ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਨੀਆਂ? ਦੁਨੀਆਂ ਨੂੰ ਸੰਗੀਤ ਦੇਣ ਵਾਲੇ ਜਦੋਂ ਸ਼ੋਰ ‘ਚ ਡੁੱਬ ਜਾਣ ਤਾਂ ਅਸੀਂ ਕਿਹੜੇ ਦਮਗਜ਼ਿਆਂ ਦੇ ਵਾਰਸ ਕਹਿਲਾਉਣ ਦੀ ਹਾਮੀ ਭਰਾਂਗੇ?
ਇਕ ਸਰਕਾਰੀ ਅਦਾਰੇ ਦੀ ਬਾਹਰੀ ਦਿੱਖ ਨੂੰ ਨਿਖਾਰਨ ਲਈ, ਅਦਾਰੇ ਦਾ ਮੁਖੀ ਆਪਣੇ ਚਹੇਤੇ ਨੂੰ ਠੇਕਾ ਦੇਣ ਲਈ ਬਜਿੱਦ। ਜਦੋਂ ਦਿੱਖ ਨਿਖਾਰਨ ਵਾਲੀ ਕਮੇਟੀ ਨੇ ਸਮੁੱਚਾ ਕੰਮ, ਮੁਖੀ ਵਲੋਂ ਅਨੁਮਾਨਤ ਲਾਗਤ ਨਾਲੋਂ ਵੀ ਡੇਢ ਕੁ ਲੱਖ ਰੁਪਏ ਘੱਟ ‘ਤੇ ਕਰਵਾ ਲਿਆ ਤਾਂ ਕਮੇਟੀ ਦੇ ਸਮੂਹ ਮੈਂਬਰਾਂ ਦੀ ਸਾਲਾਨਾ ਗੁਪਤ ਰਿਪੋਰਟ ‘ਕਾਰਜ ਕੁਸ਼ਲਤਾ ਨਹੀਂ’, ‘ਭਰੋਸੇਯੋਗ ਨਹੀਂ’, ‘ਵਿਅਕਤੀਤਵ ਪਾਰਦਰਸ਼ਕ ਨਹੀਂ’ ਆਦਿ ਵਿਸ਼ਲੇਸ਼ਣਾਂ ਨਾਲ ਵਿਗਾੜੀ ਗਈ ਜਦਕਿ ਰਲ-ਮਿਲ ਕੇ ਛਕਣ-ਛਕਾਉਣ ਵਾਲਿਆਂ ਦੀ ਗੁਪਤ ਰਿਪੋਰਟ Ḕਅਤਿ ਵਿਸ਼ਿਸ਼ਟ’ ਆਦਿ ਵਿਸ਼ਲੇਸ਼ਣਾਂ ਨਾਲ ਸ਼ਿੰਗਾਰੀ ਗਈ। ਕੀ ਕੋਈ ਦੁਬਾਰਾ ਆਪਣੀ ਸਮਰੱਥਾ, ਸਮਰਪਣ, ਇਮਾਨਦਾਰੀ ਅਤੇ ਪਾਰਦਰਸ਼ਤਾ ਦਿਖਾਉਣ ਦੀ ਜ਼ੁਰਅਤ ਕਰੇਗਾ? ਕਿਹੋ ਜਿਹਾ ਨਜ਼ਾਰਾ ਏ! ਕਲਪੁਰਜ਼ੇ ਬਣਨ ਲਈ ਆਮ ਮਨੁੱਖ ਨੂੰ ਮਜ਼ਬੂਰ ਕੀਤਾ ਜਾ ਰਿਹਾ ਏ? ਕੀ ਅਜਿਹੇ ਮੁਖੀਆਂ ਦੇ ਹੁੰਦਿਆਂ ਸੰਸਥਾਵਾਂ ਕਿਸੇ ਤਰ੍ਹਾਂ ਦੀ ਪਛਾਣ, ਨਰੋਈ ਦਿੱਖ ਜਾਂ ਨਵੇਂ ਦਿਸਹੱਦੇ ਸਿਰਜਣ ਦੇ ਸਮਰੱਥ ਹੋ ਸਕਦੀਆਂ ਨੇ?
ਜੇ ਜੀਵਨ ਦੇ ਹਰ ਪਲ ‘ਚੋਂ ਜਿਉਣ ਦਾ ਸਲੀਕਾ ਅਲੋਪ ਹੋ ਜਾਵੇ ਤਾਂ ਜਿਉਣਾ ਅਨਰਥ ਹੋ ਜਾਂਦਾ ਏ। ਅਸੀਂ ਸਿਰਫ, ਪੈਸਾ ਇਕੱਠਾ ਕਰਨ, ਮਸ਼ਨੂਈ ਸਾਂਝਾਂ ਪੈਦਾ ਕਰਨ, ਫੋਕੀ ਪਛਾਣ ਜਾਂ ਠਾਠ-ਬਾਠ ਪੈਦਾ ਕਰਨ ‘ਚ ਗਲਤਾਨ ਹਾਂ।
ਮਨਫੀ ਹੋ ਗਿਆ ਜਿਉਣਾ, ਕਰ ਰਿਹਾ ਏ ਸਾਹਾਂ ਦੀ ਸੰਜੀਦਗੀ ਨੂੰ ਊਣਾ, ਕੌਣ ਕਰ ਗਿਆ ਏ ਪਤਝੜ ਦਾ ਚਮਨ ‘ਚ ਟੂਣਾ ਅਤੇ ਪੈ ਰਿਹਾ ਏ ਆਂਦਰਾਂ ਨਾਲ ਜੀਵਨ ਲੰਗਾਰ ਨੂੰ ਸਿਊਣਾ।
ਦਰਿਆਵਾਂ ਤੇ ਨਲਕਿਆਂ ਦੀ ਹੋਂਦ ਤੇ ਉਕਰਿਆ ਸਵਾਲੀਆ ਚਿੰਨ੍ਹ। ਇਨ੍ਹਾਂ ਦੀ ਅੰਮ੍ਰਿਤ ਵਰਗੀ ਸੀਰਤ ‘ਚ ਰਲੇ ਹੋਏ ਜ਼ਹਿਰੀਲੇ ਤੱਤਾਂ ਦੀ ਮਾਤਰਾ ਪੰਜ-ਆਬਾਂ ਦੀ ਧਰਤੀ ਦਾ ਮਰਸੀਆ ਪੜ੍ਹਨ ਦੀ ਤਿਆਰੀ ‘ਚ ਏ। ਪਾਣੀ ਦੀ ਵਰਤੋਂ ਤੇ ਸ੍ਰੋਤਾਂ ਵਿਚਲੇ ਸੰਤੁਲਨ ਤੋਂ ਬਗੈਰ ਅਸੀਂ ਭਵਿੱਖੀ ਮਾਰੂਥਲ ਦੇ ਵਾਸੀ ਬਣਨ ਦੀਆਂ ਤਿਆਰੀਆਂ ‘ਚ ਹਾਂ। ਕਿੰਨਾ ਕੁ ਚਿਰ ਅਸੀਂ ਸਬਮਰਸੀਬਲ ਪੰਪਾਂ ਦੇ ਸਹਾਰੇ ਜੀਅ ਸਕਾਂਗੇ?
ਕਦੇ ਫੁੱਲ ਬੂਟਿਆਂ, ਸੁੰਦਰ ਘਾਟਾਂ ਤੇ ਪੰਜਾਬੀ ਵਿਰਸੇ ਨਾਲ ਓਤਪੋਤ ਕਾਲੀ ਬੇਈਂ ਦੇ ਅਜੋਕੇ ਰੂਪ ਨੂੰ ਨਿਹਾਰਿਓ ਅਤੇ ਪੁਰਾਣੀ ਬੇਈਂ ਦੇ ਗੰਦਗੀ ਭਰੇ ਮੁਹਾਂਦਰੇ ਨੂੰ ਚਿਤਾਰਿਓ, ਤੁਹਾਨੂੰ ‘ਸੜਕਾਂ ਵਾਲੇ ਬਾਬੇ’ ਤੋਂ ‘ਵਾਤਾਵਰਣੀ ਬਾਬਾ’ ਬਣੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਤੀਬੱਧਤਾ, ਸਮਰਪਣ, ਦ੍ਰਿੜਤਾ, ਵਿਸ਼ਵਾਸ, ਸਮਰੱਥਾ ਤੇ ਸੋਝੀ ‘ਤੇ ਫਖਰ ਮਹਿਸੂਸ ਹੋਵੇਗਾ ਅਤੇ ਸੰਤ-ਪੁਣੇ ਦੀ ਸਹੀ ਸਾਰਥਕਤਾ ਦਾ ਇਲਮ ਹੋਵੇਗਾ।
ਕੋਈ ਨਹੀਂ ਸਿੱਖਿਆ ਦਾ ਦਾਨੀ। ਸਿੱਖਿਆ ਵਿਕਦੀ ਏ। ਜਿੰਨੀ ਕੁ ਜਿਸ ਦੀ ਆਰਥਿਕ ਸਮਰੱਥਾ ਏ, ਉਨੀ ਕੁ ਸਿਖਿਆ ਲੈ ਲੈਂਦਾ ਏ। ਜਦੋਂ ਝੁੱਗੀ-ਝੌਂਪੜੀ ਵਾਲੇ ਜਾਂ ਨਿਮਨ ਵਰਗ ਦਾ ਸਿੱਖਿਆ ਵਿਹੂਣਾ ਲੜਕਾ ਕਤਲਾਂ-ਚੋਰੀਆਂ ‘ਚੋਂ ਪੱਥਰ ਯੁੱਗ ਦੀ ਪਛਾਣ ਸਿਰਜੇਗਾ ਤਾਂ ਅਸੀਂ ਆਪਣੇ ਅਕੀਦਿਆਂ ‘ਤੇ ਕਾਹਦਾ ਮਾਣ ਕਰਾਂਗੇ?
ਹੱਥੀਂ ਕਿਰਤ ਕਰਨ ਅਤੇ ਵੰਡ ਛਕਣ ਦੀ ਸੋਚ ਕਾਫੂਰ ਹੋ ਗਈ ਏ। ਵਿਹਲੇ ਰਹਿੰਦਿਆਂ, ਦੂਸਰੇ ਦੀ ਕਮਾਈ ਨੂੰ ਹੜੱਪਣਾ, ਦੌਲਤ ਜਾਂ ਸੁੱਖ-ਸੁਵਿਧਾਵਾਂ ‘ਤੇ ਆਪਣੀ ਅਜਾਰੇਦਾਰੀ ਕਾਇਮ ਕਰਨਾ, ਸਾਡੀ ਮਾਨਸਿਕਤਾ ਬਣ ਗਈ ਏ। ਅਸੀਂ ਦੂਸਰਿਆਂ ਦੇ ਦੁੱਖ ‘ਚੋਂ ਆਪਣੇ ਸੁੱਖ ਤਲਾਸ਼ਦੇ ਹਾਂ। ਕਿਸੇ ਦੇ ਗਮ ‘ਚੋਂ ਆਪਣੀਆਂ ਖੁਸ਼ੀਆਂ ਦਾ ਸੰਧਾਰਾ ਭਾਲਦੇ ਹਾਂ। ਕਿਸੇ ਦੇ ਹੱਕ ਖੋਹਣਾ, ਸਾਡੇ ਲਈ ਫਖਰ ਏ। ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਾਂ। ਕਿਸੇ ਦੇ ਹਉਕੇ ‘ਚੋਂ ਆਪਣੀ ਹੋਂਦ ਭਾਲਦੇ ਹਾਂ।
ਆਖਰ ਕਿੰਨਾ ਕੁ ਚਿਰ ਚੱਲੇਗਾ ਅਜਿਹਾ ਵਰਤਾਰਾ। ਸਾਡੀ ਮਾਨਸਿਕਤਾ ਵਿਚਲੀ ਨੀਚਤਾ ਸਾਡੀਆਂ ਹੋਣੀਆਂ ਦਾ ਸਿਰਨਾਵਾਂ ਏ। ਸਾਡੀਆਂ ਅਮੀਰ ਪਰੰਪਰਾਵਾਂ ਤੇ ਵਿਰਾਸਤ ਦਾ ਨਿਘਾਰ ਏ। ਸਾਡੀਆਂ ਸੰਭਾਵਨਾਵਾਂ ਦੀ ਸਿਸਕਦੀ ਤਕਦੀਰ ਏ।
ਜਦੋਂ ਮਨੁੱਖ ਵਿਕਦਾ ਏ, ਮਨੁੱਖੀ ਅੰਗਾਂ ਦੀ ਤਸਕਰੀ ਹੁੰਦੀ ਏ। ਮਨੁੱਖੀ ਲਾਸ਼ਾਂ ਨੀਲਾਮ ਹੁੰਦੀਆਂ ਨੇ। ਮਨੁੱਖੀ ਕਫਨਾਂ ‘ਚੋਂ ਵੀ ਦਲਾਲੀ ਲਈ ਜਾਂਦੀ ਏ। ਦੁਖਦੀ ਲੋਕਾਈ ਦਾ ਦਰਦ ਵੰਡਾਉਣ ਲਈ ਰਾਹਤ-ਫੰਡ ਵਿਚ ਘਪਲੇ ਹੁੰਦੇ ਨੇ। ਵਖਤ ਦੇ ਮਾਰਿਆਂ ਲਈ ਭੇਜੀ ਸਮੱਗਰੀ ‘ਚੋਂ ਚੰਗੀਆਂ ਵਸਤਾਂ ਰਸਤੇ ‘ਚ ਹੀ ਅਲੋਪ ਹੋ ਜਾਂਦੀਆਂ ਨੇ ਤਾਂ ਸੋਚਣ ਦੀ ਲੋੜ ਏ ਕਿ ਅਸੀਂ ਕਿਸ ਤਰ੍ਹਾਂ ਦੀ ਮਾਨਵੀ ਬਿਰਤੀ ਦਾ ਸ਼ਿਕਾਰ ਹੋ ਰਹੇ ਹਾਂ? ਕੀ ਅਸੀਂ ਆਪਣੇ ਆਪ ਨੂੰ ਦੁਖੀ ਮਾਨਵਤਾ ਦੀ ਥਾਂ ਖੜ ਕੇ ਕਦੇ ਵੇਖਿਆ ਏ? ਕੀ ਮਾਨਵੀ ਸਰੋਕਾਰਾਂ ਤੋਂ ਬਗੈਰ ਮਾਨਵਤਾ ਜ਼ਿੰਦਾ ਰਹਿ ਸਕੇਗੀ? ਕੀ ਅਸੀਂ ਜਿਉਣ ਦਾ ਸਲੀਕਾ ਭੁੱਲ ਕੇ ਜਿਉਣ ਦੀ ਅਰਦਾਸ ‘ਚੋਂ ਸੰਪੂਰਨਤਾ ਭਾਲ ਲਵਾਂਗੇ?
ਮਨੁੱਖ ਇਕੱਲਾ ਨਹੀਂ ਜਿਊਂਦਾ ਰਹਿ ਸਕਦਾ। ਜੇ ਇਸ ਨੇ ਜਿਉਣਾ ਹੈ ਤਾਂ ਇਸ ਨੂੰ ਕੁਦਰਤੀ ਵਰਤਾਰਿਆਂ ਤੇ ਸਰੋਕਾਰਾਂ ਸੰਗ ਪੁਰ-ਸਕੂਨ ਸਬੰਧਾਂ ਦੀ ਨਿਸ਼ਾਨਦੇਹੀ ਕਰਨੀ ਪਵੇਗੀ।
ਜਿਉਣ ਲਈ, ਜਿਉਣ ਦਾ ਹੁਨਰ ਚਾਹੀਦਾ ਏ। ਸਾਡੇ ਸੰਸਕਾਰ, ਸਾਡੀ ਸਦੀਵਤਾ ਦਾ ਨਗਮਾ ਗੁਣਗੁਣਉਂਦੇ ਨੇ। ਸਾਡੀ ਸੋਚ ਦੀ ਪੁਖਤਗੀ, ਸਾਡੀਆਂ ਪ੍ਰਾਪਤੀਆਂ ਦਾ ਪ੍ਰਮਾਣ ਬਣਦੀ ਏ।
ਸੂਰਜ ਦੀ ਪਹਿਲੀ ਕਿਰਨ ਸਾਹਵੇਂ ਅਹਿਦ ਕਰੀਏ ਭਰਪੂਰ ਜ਼ਿੰਦਗੀ ਜਿਉਣ ਦਾ। ਜ਼ਿੰਦਗੀ, ਜਿਸ ਵਿਚ ਕੁਦਰਤੀ ਸੰਤੁਲਨ ਦਾ ਪੈਗਾਮ ਹੋਵੇ। ਪਿੱਤਰਾਂ ਦੀ ਰੂਹ ਵਰਗੇ ਪੌਣ, ਪਾਣੀ ਤੇ ਧਰਤੀ ਦੀ ਸਵੱਛਤਾ ਦਾ ਗੁਣਗਾਨ ਹੋਵੇ। ਨਰੋਈਆਂ ਕਦਰਾਂ ਕੀਮਤਾਂ ਦੀ ਪੁਨਰ-ਸੁਰਜੀਤੀ ਤੇ ਸਾਂਭ-ਸੰਭਾਲ ਦਾ ਐਲਾਨ ਹੋਵੇ। ਹੈਵਾਨ ਦਾ ਜਾਮਾ ਉਤਾਰ ਕੇ, ਮਨੁੱਖ ਸਹੀ ਅਰਥਾਂ ਵਿਚ ਇਨਸਾਨ ਹੋਵੇ। ਸਮੁੱਚੀ ਜੀਵ-ਪ੍ਰਣਾਲੀ ਦੀ ਸਦੀਵਤਾ ਲੋਚਣਾ, ਹਰ ਇਕ ਦਾ ਕਰਮ, ਧਰਮ ਤੇ ਈਮਾਨ ਹੋਵੇ। ਚੌਗਿਰਦੇ ਦੀ ਮਲੀਨਤਾ ਬਾਰੇ ਸੋਚਣਾ ਤੇ ਸੁੰਦਰਤਾ ਵਧਾਉਣਾ, ਫਰਜ਼ ਤੇ ਫੁਰਮਾਨ ਹੋਵੇ। ਰੁੱਖਾਂ ਤੇ ਪਰਿੰਦਿਆਂ ਨਾਲ ਸਾਂਝ ਵਧਾਉਂਦਾ ਇਨਸਾਨ ਹੋਵੇ। ਜਿਉਣ-ਜਾਚ ਦੀ ਆਭਾ ‘ਚੋਂ ਨਿਖਰੀ ਹਰ ਇਕ ਦੀ ਅਲਹਿਦਾ ਤੇ ਨਰੋਈ ਪਹਿਚਾਣ ਹੋਵੇ। ਬੋਲਾਂ ‘ਚ ਰਚੀ ਬਾਣੀ, ਗੀਤਾ, ਅੰਜੀਲ ਤੇ ਕੁਰਾਨ ਹੋਵੇ। ਸਰਬ ਸਾਂਝੀਵਾਲਤਾ ‘ਚੋਂ ਖੁਸ਼ੀ, ਖੁਸ਼ਹਾਲੀ ਤੇ ਖੈਰੀਅਤ ਲੋਚਦੀ ਜੁਬਾਨ ਹੋਵੇ। ਸੁਪਨਿਆਂ, ਸੋਚਾਂ, ਸਮਰੱਥਾ ਤੇ ਸੰਪੂਰਨਤਾ ਦੇ ਸੰਤੁਲਨ ‘ਚੋਂ ਉਪਜੀ ਮਨੁੱਖੀ ਉਡਾਣ ਹੋਵੇ। ਵਕਤ ‘ਤੇ ਉਕਰੇ ਸਿਰਨਾਵਿਆਂ ਦਾ, ਸਭਨਾਂ ਦੇ ਸਿਰਾਂ ‘ਤੇ ਚਮਕਦਾ ਅਸਮਾਨ ਹੋਵੇ। ਲੋਕਾਈ ਦਾ ਦਰਦ ਹਰਨ ਦਾ ਚਾਰੇ ਪਾਸੇ ਵਿਖਿਆਨ ਹੋਵੇ। ਸੋਚਾਂ, ਸਰਹੱਦਾਂ, ਸਬੀਲਾਂ, ਸੰਭਾਵਨਾਵਾਂ ਤੇ ਸਮਝੌਤਿਆਂ ਦਾ ਸਾਂਝਾ ਇਤਮੀਨਾਨ ਹੋਵੇ।