ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਦੋ ਲੇਖਾਂ ਵਿਚ ਇਸ ਗੱਲ ਦੀ ਸੰਖੇਪ ਚਰਚਾ ਕੀਤੀ ਗਈ ਹੈ ਕਿ ਗੁਰਮੁਖਿ ਜਾਂ ਗੁਰਸਿੱਖ ਵਿਚ ਸਿਧਾਂਤਕ ਤੌਰ ‘ਤੇ ਕੋਈ ਅੰਤਰ ਨਹੀਂ ਹੈ। ਇਹ ਚਰਚਾ ਗੁਰਮਤਿ ਅਤੇ ਸਿੱਖ ਧਰਮ ਦੇ ਸੰਦਰਭ ਵਿਚ ਹੀ ਕੀਤੀ ਗਈ ਹੈ ਤਾਂ ਕਿ ਅਸੀਂ ਇਸ ਸਿੱਟੇ ‘ਤੇ ਪਹੁੰਚ ਸਕੀਏ ਕਿ ਗੁਰੂਆਂ ਵੱਲੋਂ ਜਿਸ ਧਰਮ ਦੀ ਨੀਂਹ ਰੱਖੀ ਗਈ, ਉਹ ਬਾਣੀ ਵਿਚ ਗੁਰਮੁਖਿ ਜਾਂ ਗੁਰਸਿੱਖ ਦੇ ਇਸ ਸਿਧਾਂਤਕ ਵਿਅਕਤੀਤਵ ਦੀ ਘਾੜਤ ਲਈ,
ਉਸ ਨੂੰ ਅਮਲੀ ਰੂਪ ਦੇਣ ਲਈ, ਇੱਕ ਅਜਿਹੇ ਸਮਾਜ ਦੀ ਸਿਰਜਣਾ ਵੱਲ ਉਦਮ ਸੀ ਜਿਸ ਵਿਚ ਅਜਿਹਾ ਮੁਆਫਕ ਵਾਤਾਵਰਣ ਪੈਦਾ ਹੋ ਸਕੇ ਜਿੱਥੇ ਇਸ ਆਦਰਸ਼ ਨੂੰ ਅਮਲੀ ਰੂਪ ਦਿੱਤਾ ਜਾ ਸਕੇ ਜਿਸ ਦੀ ਵਿਆਖਿਆ ਗੁਰੂ ਰਾਮਦਾਸ ਦੇ ਬਚਨਾਂ ਅਨੁਸਾਰ ਇਸ ਤਰ੍ਹਾਂ ਕੀਤੀ ਗਈ ਹੈ,
ਜਨੁ ਨਾਨਕ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
ਗੁਰੂ ਨਾਨਕ ਵੱਲੋਂ ਸਥਾਪਤ ਕੀਤੇ ਮਾਰਗ ਜਾਂ ਪੰਥ ਦੀ ਵਿਲੱਖਣਤਾ ਪਹਿਲਾਂ ਪ੍ਰਾਪਤ ਮਾਰਗਾਂ ਜਾਂ ਮੱਤਾਂ ਨਾਲੋਂ ਇਹ ਹੈ ਕਿ ਇਹ ਏਕਾਂਤਵਾਸ ਹੋ ਕੇ ਵਿਅਕਤੀਗਤ ਮੁਕਤੀ ਲਈ ਕਿਸੇ ਤਪੱਸਿਆ ਜਾਂ ਭਗਤੀ ਦਾ ਮਾਰਗ ਨਹੀਂ ਹੈ, ਬਲਕਿ ਸਮਾਜ ਵਿਚ ਰਹਿ ਕੇ, ਕਠਿਨਾਈਆਂ ਨਾਲ ਜੂਝਦਿਆਂ ਗੁਰੂਆਂ ਵੱਲੋਂ ਦਰਸਾਏ ਗੁਰਸਿੱਖ ਜਾਂ ਗੁਰਮੁਖਿ ਦੇ ਵਿਅਕਤੀਤਵ ਦੀ ਘਾੜਤ ਦੇ ਨਾਲ ਨਾਲ ਅਜਿਹੇ ਸਮਾਜ ਦੀ ਘਾੜਤ ਘੜਨਾ ਵੀ ਹੈ ਜਿਸ ਵਿਚ ਉਹ ‘ਆਪਿ ਜਪੈ ਅਵਰਹ ਨਾਮੁ ਜਪਾਵੈ’ ਦੇ ਆਦਰਸ਼ ਨੂੰ ਪੂਰਾ ਕਰ ਸਕੇ। ਇਸ ਆਦਰਸ਼ਕ ਗੁਰਸਿੱਖ ਅਤੇ ਸਮਾਜ ਦੀ ਵਿਆਖਿਆ ਗੁਰੂ ਅਰਜਨ ਦੇਵ ਦੇ ਇਨ੍ਹਾਂ ਸ਼ਬਦਾਂ ਤੋਂ ਹੋ ਜਾਂਦੀ ਹੈ,
ਸੁਣਿ ਗਲਾ ਗੁਰ ਪਹਿ ਆਇਆ॥
ਨਾਮੁ ਦਾਨੁ ਇਸਨਾਨੁ ਦਿੜਾਇਆ॥
ਸਭੁ ਮੁਕਤੁ ਹੋਆ ਸੈਸਾਰੜਾ
ਨਾਨਕ ਸਚੀ ਬੇੜੀ ਚਾੜਿ ਜੀਉ॥
ਪੰਚਮ ਪਾਤਿਸ਼ਾਹ ਦੇ ਬਚਨਾਂ ਤੋਂ ਭਲੀ ਭਾਂਤ ਉਜਾਗਰ ਹੈ ਕਿ ਨਾਮ, ਦਾਨ ਤੇ ਇਸ਼ਨਾਨ ਦ੍ਰਿੜ ਗੁਰੂ ਦੀ ਸ਼ਰਨ ਆਇਆਂ ਹੋਣਾ ਹੈ ਅਤੇ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਆਪਣੇ ਆਲੇ ਦੁਆਲੇ ਦੇ ਸੰਸਾਰ/ਸਮਾਜ ਨੂੰ ਵੀ ਇਸ ਸੱਚ ਦੀ ਬੇੜੀ ‘ਤੇ ਚੜ੍ਹਨ ਦੀ ਪ੍ਰੇਰਨਾ ਕਰਨੀ ਹੈ ਅਤੇ ਕਿਸੇ ਇਕੱਲੇ ਨੇ ਨਹੀਂ ਬਲਕਿ ਸਮੁੱਚੇ ਸੰਸਾਰ ਨੇ ਮੁਕਤ ਹੋਣਾ ਹੈ। ਇਸ ਆਦਰਸ਼ ਦੀ ਪ੍ਰਾਪਤੀ ਲਈ ਉਦਮ ਕਰਨ ਦੇ ਉਪਰਾਲਿਆਂ ਵਿਚ ਹੀ ਸਿੱਖ ਸੰਸਥਾਵਾਂ ਦੀ ਸਥਾਪਨਾ ਸ਼ੁਰੂ ਹੋਈ ਅਤੇ ਇਨ੍ਹਾਂ ਦੀ ਨੀਂਹ ਬਾਨੀ ਗੁਰੂ ਨਾਨਕ ਨੇ ਰੱਖੀ ਜਿਸ ਨੂੰ ਪੂਰਨਤਾ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ। ਗੁਰੂ ਨਾਨਕ ਦੇ ਵਾਰਿਸ ਗੁਰੂਆਂ ਨੇ ਇਨ੍ਹਾਂ ਦੀ ਸਥਾਪਨਾ ਵਿਚ ਆਪਣੇ ਆਪਣੇ ਸਮੇਂ ਵਿਚ ਪੂਰਾ ਯੋਗਦਾਨ ਪਾਇਆ।
ਸਿੱਖ ਜਾਂ ਗੁਰਸਿੱਖ, ਗੁਰਮੁਖਿ ਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸ ਨੇ ਕਿਹੜੇ ਕਿਹੜੇ ਗੁਣ ਹਾਸਲ ਕਰਨੇ ਹਨ ਅਤੇ ਕਿਹੜੇ ਔਗੁਣਾਂ ਤੋਂ ਬਚਣਾ ਹੈ ਜਾਂ ਆਪਣੇ ਆਪ ਨੂੰ ਮੁਕਤਿ ਰੱਖਣਾ ਹੈ, ਇਸ ਸਭ ਦੀ ਚਰਚਾ ਗਾਹੇ-ਵਗਾਹੇ ‘ਪੰਜਾਬ ਟਾਈਮਜ਼’ ਦੇ ਪੰਨਿਆਂ ਵਿਚ ਵੱਖ ਵੱਖ ਲੇਖਾਂ ਰਾਹੀਂ ਹੁੰਦੀ ਰਹੀ ਹੈ। ਪਿਛਲੇ ਦੋ ਲੇਖਾਂ ਦਾ ਸਬੰਧ ਕਿਉਂਕਿ ਚੱਲ ਰਹੀ ਵਿਚਾਰ-ਚਰਚਾ ਨਾਲ ਹੈ, ਇਸ ਲਈ ਉਨ੍ਹਾਂ ਤੋਂ ਜੋ ਨੁਕਤੇ ਉਘੜ ਕੇ ਸੰਖੇਪ ਵਿਚ ਸਾਹਮਣੇ ਆਏ ਹਨ, ਉਸ ਅਨੁਸਾਰ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਹੈ, ਜਿਸ ਵਿਚ ਸੱਚ ਬੋਲਣਾ, ਨਿਵ ਕੇ ਚੱਲਣਾ, ਕਿਸੇ ਦੀ ਨਿੰਦਿਆ-ਚੁਗਲੀ ਨਹੀਂ ਕਰਨੀ, ਗੁਰੂ ਦੇ ਬਚਨਾਂ ਨੂੰ ਸੁਣਨਾ ਤੇ ਉਨ੍ਹਾਂ ‘ਤੇ ਅਮਲ ਕਰਨਾ, ਉਦਮ ਕਰਨਾ ਤੇ ਨਾਮ ਸਿਮਰਨ ਕਰਨਾ, ਕਿਰਤ ਕਰਨੀ, ਮਨ ਤੇ ਸਰੀਰ ਦੋਵੇਂ ਸਾਫ-ਪਵਿੱਤਰ ਰੱਖਣੇ, ਸਤਿਸੰਗਤਿ ਵਿਚ ਜਾਣਾ ਅਤੇ ਸੇਵਾ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿਚ ਸਤਿਸੰਗਤਿ ‘ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਸਿੱਖ ਧਰਮ ਏਕਾਂਤਕ ਧਰਮ ਨਹੀਂ ਹੈ, ਇਹ ਇੱਕ ਸਮਾਜਿਕ ਅਤੇ ਸੰਗਤੀ ਧਰਮ ਹੈ ਜਿਸ ਵਿਚ ਸਭ ਨੇ ਰਲ-ਮਿਲ ਕੇ ਆਦਰਸ਼ ਦੀ ਪ੍ਰਾਪਤੀ ਲਈ ਉਦਮ ਕਰਨਾ ਹੈ। ਗੁਰਮਤਿ ਚਿੰਤਨ ਦਾ ਸਮਾਜਿਕ ਸਰੋਕਾਰਾਂ ਨਾਲ ਬਹੁਤ ਗੂੜ੍ਹਾ ਸਬੰਧ ਹੈ ਅਤੇ ਇਨ੍ਹਾਂ ਸਰੋਕਾਰਾਂ ਦੀ ਵਜ੍ਹਾ ਕਰਕੇ ਹੀ ਗੁਰੂਆਂ ਨੇ ਏਕਾਂਤਕ ਭਗਤੀ ਨਾਲੋਂ ਸੰਗਤੀ ਮਾਡਲ ਦੇਣ ਨੂੰ ਤਰਜ਼ੀਹ ਦਿੱਤੀ। ਇਸ ਤਰ੍ਹਾਂ ਪਹਿਲੀ ਸੰਸਥਾ ਜੋ ਸਥਾਪਤ ਕੀਤੀ ਗਈ, ਉਹ ‘ਸੰਗਤਿ’ ਹੈ ਜਿਸ ਦੀ ਸੰਖੇਪ ਚਰਚਾ ਇਸ ਦੇ ਸਿਧਾਂਤਕ ਨਜ਼ਰੀਏ ਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅਸੀਂ ਜਨਮ ਸਾਖੀਆਂ ਵਿਚ ਪੜ੍ਹਦੇ ਆਏ ਹਾਂ ਕਿ ਗੁਰੂ ਨਾਨਕ ਜਿੱਥੇ ਵੀ ਗਏ, ਉਥੇ ਉਨ੍ਹਾਂ ਨੇ ਸੰਗਤਾਂ ਸਥਾਪਤ ਕੀਤੀਆਂ। ਇਹੀ ਵਜ੍ਹਾ ਹੈ ਕਿ ਸਾਨੂੰ ਹਿੰਦੋਸਤਾਨ ਤਾਂ ਕੀ ਹੋਰ ਦੂਰ-ਦੁਰਾਡੀਆਂ ਥਾਂਵਾਂ ‘ਤੇ ਵੀ ਨਾਨਕ ਨਾਮ-ਲੇਵਾ ਸਿੱਖ ਅੱਜ ਵੀ ਮਿਲ ਜਾਂਦੇ ਹਨ। ਭਾਰਤ ਦੇ ਵੱਖ ਵੱਖ ਪ੍ਰਾਂਤਾਂ ਦੇ ਪੱਛੜੇ ਇਲਾਕਿਆਂ ਵਿਚ ਸਿਕਲੀਗਰ ਅਤੇ ਵਣਜਾਰੇ ਸਿੱਖ ਸਾਡੀ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੇ ਪ੍ਰਚਾਰ ਦਾ ਸਿੱਟਾ ਨਹੀਂ ਹਨ, ਬਲਕਿ ਗੁਰੂ ਨਾਨਕ ਦੀਆਂ ਉਦਾਸੀਆਂ ਵੇਲੇ ਗੁਰੂ ਨਾਨਕ ਦੀ ਚਰਨ-ਛੋਹ ਪ੍ਰਾਪਤ ਸਥਾਪਤ ਕੀਤੀਆਂ ਸੰਗਤਾਂ ਦਾ ਸਿੱਟਾ ਹਨ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਤਾਂ ਸਿਰਫ ਨਾਮ ਦੀ ਧਰਮ ਪ੍ਰਚਾਰਕ ਹੈ। ਉਸ ਨੇ ਤਾਂ ਕਦੇ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਵੀ ਲੋਕਾਂ ਦੀ ਦਸ਼ਾ ਤੇ ਦਿਸ਼ਾ ਨੂੰ ਵਿਚਾਰਨ ਜਾਂ ਪ੍ਰਚਾਰਨ ਦੀ ਖੇਚਲ ਨਹੀਂ ਕੀਤੀ। ਖੈਰ! ਗੱਲ ਹੋਰ ਪਾਸੇ ਪੈ ਗਈ, ਇਸ ਦੀ ਚਰਚਾ ਵੀ ਕੀਤੀ ਜਾਵੇਗੀ।
ਅਸਲੀ ਗੱਲ ਸਤਿਸੰਗਤਿ ਦੀ ਹੈ ਜਿਸ ਦੀ ਨੀਂਹ ਗੁਰੂ ਨਾਨਕ ਨੇ ਰੱਖੀ। ਸਤਿਸੰਗਤਿ ਕਰਨੀ ਗੁਰਸਿੱਖ ਲਈ ਜਾਂ ਗੁਰਮੁਖਿ ਲਈ ਕਿਉਂ ਜ਼ਰੂਰੀ ਹੈ, ਇਸ ਦਾ ਖੁਲਾਸਾ ਗੁਰੂ ਨਾਨਕ ਦੇ ਇਸ ਸ਼ਬਦ ਤੋਂ ਹੋ ਜਾਂਦਾ ਹੈ ਜਿਸ ਵਿਚ ਉਹ ਸੁਝਾ ਦਿੰਦੇ ਹਨ ਕਿ ਮਨੁੱਖ ਅਕਾਲ ਪੁਰਖ ਦਾ ਨਾਮ ਸਿਮਰਨ ਕਰੇ ਅਤੇ ਇਹ ਨਾਮ ਸਿਮਰਨ ਗੁਰੂ ਦੀ ਮਤਿ ਉਤੇ ਚੱਲ ਕੇ ਹੋਣਾ ਹੈ। ਸਿਮਰਨ ਦੀ ਕਸਵੱਟੀ ਉਤੇ ਲਾਇਆ ਮਨ ਤੋਲ ਵਿਚ ਪੂਰਾ ਉਤਰਦਾ ਹੈ ਅਤੇ ਬੇਸ਼ਕੀਮਤੀ ਹੋ ਜਾਂਦਾ ਹੈ। ਅਕਾਲ ਪੁਰਖ ਦੇ ਇਸ ਨਾਮ ਦੀ ਪ੍ਰਾਪਤੀ ਗੁਰੂ ਪਾਸੋਂ ਹੋਣੀ ਹੈ ਅਤੇ ਗੁਰੂ ਮਨੁੱਖ ਨੂੰ ਸਾਧਸੰਗਤਿ ਵਿਚ ਮਿਲਦਾ ਹੈ। ਇਸ ਲਈ ਮਨੁੱਖ ਨੂੰ ਸਾਧ ਸੰਗਤਿ ਵਿਚ ਜਾ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਅਕਾਲ ਪੁਰਖ ਦੀ ਸਿਫਤਿ ਸਾਲਾਹ ਕਰਨ ਦੀ ਸਿੱਖਿਆ ਦਿੱਤੀ ਹੈ। ਸਤਿਸੰਗਤਿ ਅਰਥਾਤ ਗੁਰੂ ਦੀ ਸੰਗਤਿ ਵਿਚ ਮਨੁੱਖ ਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ ਜਿਸ ਵਿਚ ਗੁਰੂ ਦੀ ਮਿਹਰ ਸ਼ਾਮਲ ਹੈ। ਇਸ ਨਾਲ ਮਨੁੱਖ ਦੇ ਅੰਦਰ ਬਲ ਰਹੀ ਤ੍ਰਿਸ਼ਨਾ ਦੀ ਅੱਗ ਸ਼ਾਂਤ ਹੋ ਜਾਂਦੀ ਹੈ, ਮਨ ਵਿਚੋਂ ਮੌਤ ਦਾ ਭੈਅ ਮੁੱਕ ਜਾਂਦਾ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ, ਉਸ ਨੂੰ ਝੂਠ ਚੰਗਾ ਨਹੀਂ ਲੱਗਦਾ ਕਿਉਂਕਿ ਉਸ ਦਾ ਮਨ ਸੱਚੇ ਅਕਾਲ ਪੁਰਖ ਨਾਲ ਇਕਸੁਰ ਹੋ ਜਾਂਦਾ ਹੈ। ਮਾਇਆ ਵਿਚ ਖੱਚਤ ਮਨੁੱਖ ਨੂੰ ਸੱਚ ਚੰਗਾ ਨਹੀਂ ਲੱਗਦਾ, ਉਸ ਨੂੰ ਝੂਠ ਹੀ ਪਸੰਦ ਹੁੰਦਾ ਹੈ ਅਤੇ ਅਜਿਹੇ ਮਨੁੱਖਾਂ ਦੀ ਇੱਜਤ ਵੀ ਝੂਠੀ ਹੀ ਹੁੰਦੀ ਹੈ। ਗੁਰੂ ਨਾਨਕ ਇਥੇ ਸਾਰੇ ਮਨੁੱਖਾਂ ਦਾ ਬਰਾਬਰ ਹੋਣਾ ਵੀ ਸਪੱਸ਼ਟ ਕਰਦੇ ਹਨ ਕਿਉਂਕਿ ਸਭ ਅੰਦਰ ਉਹ ਅਕਾਲ ਪੁਰਖ ਆਪ ਵੱਸਦਾ ਹੈ ਅਤੇ ਮਨੁੱਖ ਨੇ ਸਤਿਸੰਗਤ ਵਿਚ ਜਾ ਕੇ ਗੁਰੂ ਰਾਹੀਂ ਇਸ ਅੰਦਰਲੀ ਪਰਮਾਤਮ-ਜੋਤਿ ਨੂੰ ਜਗਾਉਣਾ ਹੈ:
ਭਾਈ ਰੇ ਹਰਿ ਹੀਰਾ ਗੁਰ ਮਾਹਿ॥
ਸਤਸੰਗਤਿ ਸਤਗੁਰੁ ਪਾਈਐ
ਅਹਿਨਿਸਿ ਸਬਦਿ ਸਲਾਹਿ॥੧॥ਰਹਉ॥ (ਪੰਨਾ ੨੨)
ਗੁਰੂ ਨਾਨਕ ਸਤਿਸੰਗਤਿ ਵਿਚ ਜਾਣ ਦੀ ਮਹਿਜ ਸਿੱਖਿਆ ਹੀ ਨਹੀਂ ਦਿੰਦੇ ਬਲਕਿ ਇਹ ਵੀ ਸਪੱਸ਼ਟ ਕਰਦੇ ਹਨ ਕਿ ਸਤਿਸੰਗਤਿ ਕਹਿੰਦੇ ਕਿਸ ਨੂੰ ਹਨ ਅਤੇ ਮਨੁੱਖ ਲਈ ਕਿਹੜੀ ਸੰਗਤਿ ਕਰਨੀ ਲਾਹੇਵੰਦੀ ਹੈ। ਕੀ ਹਰ ਕਿਸਮ ਦੇ ਇਕੱਠ ਨੂੰ ਸਤਿਸੰਗਤਿ ਕਿਹਾ ਸਕਦਾ ਹੈ? ਕੀ ਜਿੱਥੇ ਗੁਰੂ ਦੀ ਹਜ਼ੂਰੀ ਵਿਚ ਇੱਕ ਦੂਸਰੇ ਨੂੰ ਗਾਲੀ-ਗਲੋਚ ਕੀਤਾ ਜਾਂਦਾ ਹੈ, ਦਸਤਾਰਾਂ ਉਤਾਰੀਆਂ ਜਾਂਦੀਆਂ ਹਨ, ਕੇਸ ਪੁੱਟੇ ਜਾਂਦੇ ਹਨ ਜਿਸ ਕਰਕੇ ਪੁਲਿਸ ਨੂੰ ਸਿਰਫ ਦਖਲ-ਅੰਦਾਜ਼ੀ ਹੀ ਨਹੀਂ ਕਰਨੀ ਪੈਂਦੀ ਬਲਕਿ ਪੁਲਿਸ ਜੁੱਤੀਆਂ ਸਣੇ ਗੁਰੂ-ਘਰਾਂ ਅੰਦਰ ਦਾਖਲ ਹੁੰਦੀ ਹੈ ਅਤੇ ਸਾਰੇ ਸਿੱਖ ਜਗਤ ਲਈ ਨਮੋਸ਼ੀ ਦੀ ਵਜ੍ਹਾ ਬਣ ਜਾਂਦੀ ਹੈ, ਨੂੰ ਸਤਿਸੰਗਤਿ ਕਿਹਾ ਜਾ ਸਕਦਾ ਹੈ? ਇਹੋ ਜਿਹੀਆਂ ਵੰਨਗੀਆਂ ਵਾਲਾ ਇਕੱਠ ਗੁਰੂ ਨਾਨਕ ਸਾਹਿਬ ਦੀ ਦਿੱਤੀ ਪਰਿਭਾਸ਼ਾ ‘ਤੇ ਪੂਰਾ ਉਤਰਦਾ ਨਜ਼ਰ ਨਹੀਂ ਆਉਂਦਾ ਅਤੇ ਜੋ ਇਕੱਠ ਇਸ ਕਸਵੱਟੀ ‘ਤੇ ਪੂਰਾ ਨਹੀਂ ਉਤਰਦਾ, ਉਸ ਨੂੰ ਸਤਿਸੰਗਤਿ ਨਹੀਂ ਕਿਹਾ ਜਾ ਸਕਦਾ।
ਗੁਰੂ ਨਾਨਕ ਕਹਿੰਦੇ ਹਨ ਕਿ ਇਸ ਦਿਸਦੇ ਜਗਤ ਪਸਾਰੇ ਵਿਚ ਅਕਾਲ ਪੁਰਖ ਵੱਸਦਾ ਹੈ ਅਤੇ ਉਹ ਵੱਸਦਾ ਦਿਸ ਵੀ ਰਿਹਾ ਹੈ। ਹਰ ਇੱਕ ਜੀਵ ਅੰਦਰ ਉਸ ਸਰਵਵਿਆਪਕ ਅਕਾਲ ਪੁਰਖ ਦੇ ਨਾਮ ਲਈ ਅਕਾਂਖਿਆ ਹੈ, ਤਾਂਘ ਹੈ ਪ੍ਰੰਤੂ ਇਹ ਤਾਂਘ ਗੁਰੂ ਨੂੰ ਮਿਲਣ ਤੋਂ ਬਿਨਾ ਪੂਰੀ ਨਹੀਂ ਹੁੰਦੀ ਕਿਉਂਕਿ ਗੁਰੂ ਪਾਸੋਂ ਹੀ ਅਕਾਲ ਪੁਰਖ ਦੇ ਨਾਮ ਦੀ ਦਾਤ ਮਿਲਣੀ ਹੈ, ਬਾਕੀ ਦੁਨੀਆਂ ਤਾਂ ਮਾਇਆ ਵਿਚ ਮਸਰੂਫ ਹੈ। ਅਕਾਲ ਪੁਰਖ ਦਾ ਨਾਮ, ਜਿਸ ਲਈ ਮਨੁੱਖਾਂ ਤੋਂ ਲੈ ਕੇ ਦੇਵਤਿਆਂ ਤੱਕ ਹਰ ਕੋਈ ਤਰਸਦਾ ਹੈ, ਉਹ ਸਿਰਫ ਗੁਰੂ ਪਾਸੋਂ ਮਿਲਦਾ ਹੈ। ਇਸ ਲਈ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਉਪਰਲੇ ਪਦੇ ਵਿਚ ਗੁਰੂ ਨਾਨਕ ਸਮਝਾਉਂਦੇ ਹਨ ਕਿ ਗੁਰੂ ਦੇ ਦਰਸ਼ਨ ਸਤਿਸੰਗਤਿ ਵਿਚ ਜਾ ਕੇ ਪ੍ਰਾਪਤ ਹੁੰਦੇ ਹਨ, ਇਥੇ ਉਹ ਸਪੱਸ਼ਟ ਕਰਦੇ ਹਨ ਕਿ ਸਤਿਸੰਗਤਿ ਜਿੱਥੇ ਗੁਰੂ ਦੇ ਦਰਸ਼ਨ ਹੋਣੇ ਹਨ, ਗੁਰੂ ਤੋਂ ਅਕਾਲ ਪੁਰਖ ਨਾਮ ਦੀ ਦਾਤ ਮਿਲਣੀ ਹੈ, ਉਹ ਕਿਹੋ ਜਿਹੀ ਹੁੰਦੀ ਹੈ? ਸਤਿਸੰਗਤਿ ਉਸ ਨੂੰ ਕਹਿੰਦੇ ਹਨ ਜਿੱਥੇ ਅਕਾਲ ਪੁਰਖ ਦੇ ਨਾਮ ਦੀ ਸਿਫਤਿ ਸਾਲਾਹ ਹੁੰਦੀ ਹੈ, ਜਿੱਥੇ ਉਸ ਪਰਵਰਦਗਾਰ ਦੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ। ਸਤਿਗੁਰੂ ਨੇ ਸਤਿਸੰਗਤਿ ਵਿਚ ਇਹ ਗੱਲ ਸਮਝਾ ਦਿੱਤੀ ਹੈ ਕਿ ਉਸ ਅਕਾਲ ਪੁਰਖ ਦਾ ਨਾਮ ਸਿਮਰਨਾ ਅਤੇ ਇਸ ਨਾਮ ਸਿਮਰਨ ਰਾਹੀਂ ਉਸ ਨਾਲ ਜੁੜੇ ਰਹਿਣਾ ਹੀ ਅਕਾਲ ਪੁਰਖ ਦਾ ਹੁਕਮ ਹੈ:
ਸਤਸੰਗਤਿ ਕੈਸੀ ਜਾਣੀਐ॥
ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ
ਸਤਿਗੁਰਿ ਦੀਆ ਬੁਝਾਇ ਜੀਉ॥੫॥ (ਪੰਨਾ ੭੧-੭੨)
ਗੁਰੂ ਅਮਰਦਾਸ ਦੀ ਬਾਣੀ ਇਸੇ ਤੱਥ ਦੀ ਪੁਸ਼ਟੀ ਕਰਦੀ ਹੈ ਕਿ ਸਤਿਸੰਗਤਿ ਤਾਂ ਉਹ ਹੈ ਜਿੱਥੇ ਗੁਰੂ ਮਿਲਦਾ ਹੈ। ਉਹ ਸਮਝਾਉਂਦੇ ਹਨ ਕਿ ਜਦੋਂ ਮਨੁੱਖ ਨੂੰ ਗੁਰੂ ਪ੍ਰੇਮ ਨਾਲ ਮਿਲਦਾ ਹੈ ਤਾਂ ਇਹ ਗੁਰੂ ਦੀ ਮਿਹਰ ਹੁੰਦੀ ਹੈ ਅਤੇ ਉਸ ਦੀ ਮਿਹਰ ਸਦਕਾ ਸਤਿਸੰਗਤਿ ਵਿਚ ਰਹਿ ਕੇ ਮਨੁੱਖ ਦੇ ਅੰਦਰ ਉਸ ਅਕਾਲ ਪੁਰਖ ਦਾ ਨਾਮ ਪ੍ਰਗਟ ਹੁੰਦਾ ਹੈ। ਗੁਰੂ ਅਮਰਦਾਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਮੈਂ ਆਪਣਾ ਮਨ-ਤਨ ਗੁਰੂ ਦੇ ਹਵਾਲੇ ਕਰ ਦਿਆਂ, ਗੁਰੂ ਦੀ ਸ਼ਰਨ ਜਾ ਕੇ ਆਪਣੇ ਅੰਦਰੋਂ ਹਰ ਤਰ੍ਹਾਂ ਦਾ ਆਪਾ-ਭਾਵ ਅਰਥਾਤ ਹਉਮੈ ਦਾ ਤਿਆਗ ਕਰ ਦੇਵਾਂ ਅਤੇ ਆਪਣਾ ਸਾਰਾ ਜੀਵਨ ਗੁਰੂ ਦੇ ਪ੍ਰੇਮ ਵਿਚ ਗੁਜ਼ਾਰਾਂ, ਸਤਿਗੁਰੂ ਦੇ ਭਾਣੇ ਵਿਚ ਚੱਲਾਂ। ਉਹ ਗੁਰੂ ਤੋਂ ਸਦਕੇ ਜਾਂਦੇ ਹਨ ਕਿਉਂਕਿ ਗੁਰੂ ਮਨੁੱਖੀ ਮਨ ਨੂੰ ਅਕਾਲ ਪੁਰਖ ਨਾਲ ਜੋੜਦਾ ਹੈ-ਇਹ ਹੈ ਸਤਿਸੰਗਤਿ ਜਿੱਥੇ ਜਾ ਕੇ ਮਨੁੱਖ ਗੁਰੂ ਦੀ ਮਿਹਰ ਪ੍ਰਾਪਤ ਕਰਦਾ ਹੈ, ਅਕਾਲ ਪੁਰਖ ਦੇ ਨਾਮ ਨਾਲ ਜੁੜਦਾ ਹੈ ਅਤੇ ਤਨੋ, ਮਨੋ ਖੁਦ ਨੂੰ ਗੁਰੂ ਦੇ ਸਮਰਪਣ ਕਰਦਾ ਹੈ, ਆਪਾ-ਭਾਵ ਦਾ ਤਿਆਗ ਕਰ ਦਿੰਦਾ ਹੈ:
ਸਤਸੰਗਤਿ ਮਹਿ ਨਾਮੁ ਹਰਿ ਉਪਜੈ
ਜਾ ਸਤਿਗੁਰੁ ਮਿਲੈ ਸੁਭਾਏ॥
ਮਨੁ ਤਨੁ ਅਰਪੀ ਆਪੁ ਗਵਾਈ
ਚਲਾ ਸਤਿਗੁਰ ਭਾਏ॥
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ
ਜਿ ਹਰਿ ਸੇਤੀ ਚਿਤੁ ਲਾਏ॥੭॥ (ਪੰਨਾ ੬੭)
ਸਤਿਸੰਗਤਿ ਦਾ ਗੁਰਮਤਿ ਚਿੰਤਨ ਵਿਚ ਕਿੰਨਾ ਅਹਿਮ ਸਥਾਨ ਹੈ, ਇਸ ਦੀ ਪੁਸ਼ਟੀ ਗੁਰੂ ਅਮਰਦਾਸ ਦੇ ਬਚਨਾਂ ਤੋਂ ਹੋਰ ਪ੍ਰਤੱਖ ਹੋ ਜਾਂਦੀ ਹੈ ਜਦੋਂ ਉਹ ਕਹਿੰਦੇ ਹਨ ਕਿ ਉਹ ਸਥਾਨ ਪਵਿੱਤਰ ਅਤੇ ਸੋਹਣਾ ਬਣ ਜਾਂਦਾ ਹੈ ਜਿੱਥੇ ਅਕਾਲ ਪੁਰਖ ਦਾ ਨਿਵਾਸ ਹੁੰਦਾ ਹੈ। ਉਹ ਮਨੁੱਖੀ ਮਨ ਵੀ ਸੁਹਣਾ ਹੋ ਜਾਂਦਾ ਹੈ ਜੋ ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ ਤੇ ਜਿਸ ਨਾਲ ਅਕਾਲ ਪੁਰਖ ਨੂੰ ਪ੍ਰੇਮ ਹੋ ਜਾਂਦਾ ਹੈ ਭਾਵ ਜੋ ਪਰਮਾਤਮ-ਜੋਤਿ ਨਾਲ ਇਕਸੁਰ ਹੋ ਜਾਂਦਾ ਹੈ।
ਮਨੁੱਖ ਦਾ ਮਨ ਕਦੋਂ ਸੋਹਣਾ ਹੁੰਦਾ ਹੈ? ਇਹ ਇੱਕ ਪ੍ਰਸ਼ਨ ਹੈ ਜਿਸ ਦਾ ਉਤਰ ਹੈ ਕਿ ਉਸ ਮਨੁੱਖ ਦਾ ਮਨ ਹਿਰਦਾ ਸੋਹਣਾ ਹੋ ਜਾਂਦਾ ਹੈ ਜੋ ਸਤਿਸੰਗਤਿ ਵਿਚ ਬੈਠ ਕੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦਾ ਹੈ, ਉਸ ਦੀ ਸਿਫਤਿ ਸਾਲਾਹ ਕਰਦਾ ਹੈ। ਅਜਿਹੇ ਸੁਹਣੇ ਮਨ ਵਾਲੇ ਮਨੁੱਖ ਨਿੱਤ ਦਿਹਾੜੇ ਉਸ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੇ ਗੁਣ ਗਾਉਂਦੇ ਹਨ, ਉਸ ਦੇ ਗੁਣਾਂ ਦਾ ਵਾਜਾ ਵਜਾਉਂਦੇ ਹਨ:
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ॥
ਸਤਸੰਗਤਿ ਬਹਿ ਹਰਿ ਗੁਣ ਗਾਇਆ॥
ਅਨਦਿਨੁ ਹਰਿ ਸਾਲਾਹਹਿ ਸਾਚਾ
ਨਿਰਮਲ ਨਾਦੁ ਵਜਾਵਣਿਆ॥੬॥ (ਪੰਨਾ ੧੧੫-੧੬)
ਗੁਰੂ ਰਾਮਦਾਸ ਸਤਿਸੰਗਤਿ ਨੂੰ ਸਭ ਤੋਂ ਉਤਮ, ਸ੍ਰੇਸ਼ਟ ਸਥਾਨ ਮੰਨਦੇ ਹਨ ਕਿਉਂਕਿ ਉਥੇ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ। ਗੁਰੂ ਰਾਮਦਾਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ‘ਤੇ ਵਾਹਿਗੁਰੂ ਮਿਹਰ ਕਰੇ ਅਤੇ ਸਾਧਸੰਗਤਿ ਵਿਚ ਮਿਲਾ ਦੇਵੇ ਜਿੱਥੇ ਜਾ ਕੇ ਉਹ ਅਕਾਲ ਪੁਰਖ ਦੇ ਭਗਤਾਂ ਦੇ ਚਰਨ ਧੋਣ, ਉਨ੍ਹਾਂ ਦੀ ਸੇਵਾ ਕਰਨ:
ਸਤਸੰਗਤਿ ਊਤਮ ਸਤਿਗੁਰ ਕੇਰੀ
ਗੁਨ ਗਾਵੈ ਹਰਿ ਪ੍ਰਭ ਕੇ॥
ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ
ਹਮ ਧੋਵਹੁ ਪਗ ਜਨ ਕੇ॥੨॥ (ਪੰਨਾ ੭੩੧)
ਇਸ ਤੋਂ ਵੀ ਅੱਗੇ ਗੁਰੂ ਰਾਮਦਾਸ ਹਰਿ-ਧਨਿ ਨੂੰ ਸਭ ਤੋਂ ਅਮੋਲਕ ਵਸਤੂ ਮੰਨਦੇ ਹਨ ਜਿਸ ਦੇ ਤੁਲ ਹੋਰ ਕੋਈ ਸ਼ੈ ਨਹੀਂ ਹੈ ਅਤੇ ਸਤਸੰਗਤਿ ਨੂੰ ਸਭ ਤੋਂ ਉਤਮ ਸਥਾਨ ਮੰਨਦੇ ਹਨ ਕਿਉਂਕਿ ਇਹ ਇੱਕ ਅਜਿਹਾ ਸਥਾਨ ਹੈ ਜਿੱਥੇ ਹਰਿ-ਧਨ ਮਿਲਦਾ ਹੈ। ਗੁਰੂ ਰਾਮਦਾਸ ਉਸ ਪਰਮਾਤਮ-ਧਨ ਨੂੰ ਇਕੱਠਾ ਕਰਨ ਦੀ ਸਲਾਹ ਦਿੰਦੇ ਹਨ ਜੋ ਹਰ ਥਾਂ ਮਨੁੱਖ ਦਾ ਸਹਾਈ ਹੁੰਦਾ ਹੈ, ਲੋਕ-ਪਰਲੋਕ ਵਿਚ ਉਸ ਦਾ ਮਿੱਤਰ ਬਣਦਾ ਹੈ। ਜਿਸ ਥਾਂ ਉਸ ਦੀ ਅਰਾਧਨਾ ਕੀਤੀ ਜਾਂਦੀ ਹੈ, ਉਹ ਉਥੇ ਹੀ ਆ ਕੇ ਮਨੁੱਖ ਦਾ ਮਦਦਗਾਰ ਬਣਦਾ ਹੈ ਅਤੇ ਉਹ ਗੁਰੂ ਦੀ ਮਿਹਰ ਨਾਲ ਮਨੁੱਖ ਦੇ ਮਨ ਵਿਚ ਨਿਵਾਸ ਕਰਦਾ ਹੈ। ਇਹ ਅਕਾਲ ਪੁਰਖ ਦਾ ਨਾਮ-ਧਨ ਸਤਿਸੰਗੀਆਂ ਨਾਲ ਮਿਲ ਕੇ ਪ੍ਰਾਪਤ ਹੁੰਦਾ ਹੈ, ਹੋਰ ਕਿਸੇ ਵੀ ਥਾਂ, ਕਿਸੇ ਵੀ ਯਤਨ ਨਾਲ ਨਹੀਂ ਮਿਲਦਾ। ਹੋਰ ਥਾਂਵਾਂ ‘ਤੇ ਸਿਰਫ ਦੁਨਿਆਵੀ ਪਦਾਰਥ ਮਿਲਦੇ ਹਨ, ਨਾਮ-ਧਨ ਨਹੀਂ ਮਿਲਦਾ:
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ
ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ॥
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ
ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨਾ ਜਾਈ॥ (ਪੰਨਾ ੭੩੪)
ਗੁਰੂ ਅਰਜਨ ਦੇਵ ਸਤਿਸੰਗਤਿ ਦੀ ਮਹਾਨਤਾ ਪ੍ਰਗਟਾਉਂਦੇ ਹਨ ਕਿ ਗੁਰੂ ਦੀ ਮਿਹਰ ਸਦਕਾ ਸਾਧ ਸੰਗਤਿ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਉਤੇ ਲੱਗ ਗਈ ਹੈ ਅਤੇ ਇਸ ਨਾਲ ਮੈਂ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਇਸ ਨਾਲ ਉਹ ਅਕਾਲ ਪੁਰਖ ਦੇ ਪ੍ਰੇਮ-ਰੰਗ ਵਿਚ ਗੂੜ੍ਹੇ ਰੰਗੇ ਗਏ ਹਨ। ਮਜੀਠ ਦੇ ਪੱਕੇ ਰੰਗ ਵਾਂਗ ਇਹ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਉਨ੍ਹਾਂ ਦੇ ਮਨ ਤੋਂ ਉਤਰਦਾ ਨਹੀਂ:
ਸਤਸੰਗਤਿ ਕੀ ਰੇਣੁ ਮੁਖਿ ਲਾਗੀ
ਕੀਏ ਸਗਲ ਤੀਰਥ ਮਜਨੀਠਾ॥
ਕਹੁ ਨਾਨਕ ਰੰਗਿ ਚਲੂਲ ਭਏ ਹੈ
ਹਰਿ ਰੰਗੁ ਨ ਲਹੈ ਮਜੀਠਾ॥ (ਪੰਨਾ ੧੨੧੨)