ਅਮਰੀਕਾ ਵਿਚ ਜੰਮੀ ਆਈਸਾਡੋਰਾ ਡੰਕਨ (27 ਮਈ 1877-14 ਸਤੰਬਰ 1927) 50 ਸਾਲ ਦੀ ਉਮਰ ਵਿਚ ਸੋਵੀਅਤ ਰੂਸ ਵਿਚ ਫੌਤ ਹੋ ਗਈ। ਉਹਦੀ ਨੱਚਣ ਦੀ ਕਲਾ ਮਿਸਾਲੀ ਸੀ। ਰੂਸ ਵਿਚ ਜਦ ਉਸ ਨੇ ਆਪਣੇ ਇਕ ਪ੍ਰੋਗਰਾਮ ਦੌਰਾਨ ਗੁਲਾਮੀ ਤੋਂ ਮੁਕਤੀ ਹਾਸਲ ਕਰ ਰਿਹਾ ਪਾਤਰ ਸਟੇਜ ‘ਤੇ ਪੇਸ਼ ਕੀਤਾ ਤਾਂ ਉਸ ਵੇਲੇ ਪ੍ਰੋਗਰਾਮ ਦੇਖ ਰਹੇ ਇਨਕਲਾਬੀ ਆਗੂ ਲੈਨਿਨ ਨੇ ਉਸ ਨੂੰ ਖੜ੍ਹੇ ਹੋ ਕੇ ਸਲਾਮੀ ਦਿੱਤੀ। ਪੰਜਾਬੀ ਸ਼ਾਇਰ ਹਰਭਜਨ ਸਿੰਘ ਹੁੰਦਲ ਵੱਲੋਂ ਲਿਖੀ ਆਈਸਾਡੋਰਾ ਡੰਕਨ ਦੀ ਅਣਛਪੀ ਜੀਵਨੀ ਦੇ ਕਈ ਚੈਪਟਰ ਅਸੀਂ ਆਪਣੇ ਪਾਠਕਾਂ ਨਾਲ ਪਹਿਲਾਂ ਹੀ ਸਾਂਝੇ ਕਰ ਚੁੱਕੇ ਹਾਂ। ਹੁਣ ਉਨ੍ਹਾਂ ਦੀ ਕਿਤਾਬ ‘ਲੋਕਾਂ ਦੀ ਨ੍ਰਿਤਕੀ: ਆਈਸਾਡੋਰਾ ਡੰਕਨ’ ਛਪ ਗਈ ਹੈ ਜਿਸ ਬਾਰੇ ਅਵਤਾਰ ਸਿੰਘ ਨੇ ਸਾਨੂੰ ਰੀਵੀਊ ਲੇਖ ਲਿਖ ਭੇਜਿਆ ਹੈ। ਅਸੀਂ ਇਕ ਵਾਰ ਫਿਰ ਲੋਕਾਂ ਨਾਲ ਜੁੜੀ ਇਸ ਮਿਸਾਲੀ ਨ੍ਰਿਤਕੀ ਨੂੰ ਸਲਾਮੀ ਦੇ ਰਹੇ ਹਾਂ। -ਸੰਪਾਦਕ
ਅਵਤਾਰ ਸਿੰਘ
ਫੋਨ: 91-97175-40022
ਔਰਤ ਦੀ ਆਜ਼ਾਦੀ ਹਮੇਸ਼ਾ ਵੱਡਾ ਸਵਾਲ ਰਹੀ ਹੈ। ਕੁਝ ਲੋਕ ਆਪਣੇ ਆਪ ਨੂੰ ਨਾਰੀਵਾਦੀ ਆਖਣ ਦੇ ਬਾਵਜੂਦ ਆਪਣੇ ਨਾਲ ਸਬੰਧਤ ਔਰਤਾਂ ਨੂੰ ਕਦੇ ਆਜ਼ਾਦੀ ਦੇਣ ਦਾ ਹੌਸਲਾ ਨਹੀਂ ਕਰ ਸਕੇ। ਕੁਝ ਔਰਤਾਂ ਪੜ੍ਹ ਲਿਖ ਜਾਣ ਦੇ ਬਾਵਜੂਦ ਨਾ ਤਾਂ ਆਜ਼ਾਦੀ ਮਾਣ ਸਕੀਆਂ ਅਤੇ ਨਾ ਹੀ ਆਜ਼ਾਦ ਫ਼ਿਜ਼ਾ ‘ਚ ਜੀਣ ਦਾ ਸਵਾਦ ਲੈ ਸਕੀਆਂ, ਪਰ ਅਮਰੀਕਾ ਦੀ ਧੀ ਆਈਸਾਡੋਰਾ ਡੰਕਨ ਨੇ ਜ਼ਿੰਦਗੀ ਨਾ ਸਿਰਫ ਆਪਣੀਆਂ ਸ਼ਰਤਾਂ ‘ਤੇ ਜੀਵੀ, ਸਗੋਂ ਸੰਪੂਰਨ ਆਜ਼ਾਦ ਔਰਤ ਦੀ ਮਿਸਾਲ ਵੀ ਪੇਸ਼ ਕੀਤੀ।
ਸੈਨ ਫਰਾਂਸਿਸਕੋ ਵਿਚ 27 ਮਈ 1877 ਨੂੰ ਜਨਮੀ ਲੋਕਾਂ ਦੀ ਇਹ ਨ੍ਰਿਤਕੀ ਸ਼ੁਰੂ ਤੋਂ ਹੀ ਬਗਾਵਤੀ ਸੀ। ਉਸ ਦਾ ਨਾਚ ਕੁਦਰਤ ਨਾਲ ਇੱਕ ਮਿੱਕ ਹੋਣ ਵਾਲਾ ਸੀ। ਡੰਕਨ ਰਵਾਇਤੀ ਰੂਸੀ ਨਾਚ ਬਾਰੇ ਕਹਿੰਦੀ ਸੀ ਕਿ ‘ਜਿਹੜਾ ਨਾਚ ਤੁਸੀਂ ਨੱਚ ਰਹੇ ਹੋ, ਇਹ ਤਾਂ ਗੁਲਾਮ ਲੋਕਾਂ ਦਾ ਨਾਚ ਹੈ। ਸਾਰੀਆਂ ਹੀ ਹਰਕਤਾਂ ਹੇਠਾਂ ਧਰਤੀ ਵੱਲ। ਤੁਹਾਨੂੰ ਸੁਤੰਤਰ ਲੋਕਾਂ ਦਾ ਨਾਚ ਨੱਚਣਾ ਸਿੱਖਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਿਰ ਉਚੇ ਚੁੱਕਣੇ ਚਾਹੀਦੇ ਹਨ ਤੇ ਬਾਹਾਂ ਫੈਲਾਉਣੀਆਂ ਚਾਹੀਦੀਆਂ ਹਨ; ਖੁੱਲ੍ਹੀਆਂ ਇੰਜ ਜਿਵੇਂ ਤੁਸੀਂ ਮਹਾਨ ਭਰਾਤਰੀ ਅੰਦਾਜ਼ ਵਿਚ ਸਾਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈ ਰਹੇ ਹੋਵੋ।’ (ਹਵਾਲਾ ਪੀਟਰ ਕੁਰਥ, ਪੰਨਾ-418)
ਆਈਸਾਡੋਰਾ ਡੰਕਨ ਨੂੰ ਸ਼ਾਇਦ ਐਨੀ ਡੂੰਘਾਈ ਨਾਲ ਜਾਣਨ ਦਾ ਮੌਕਾ ਨਾ ਮਿਲਦਾ ਜੇ ਪੰਜਾਬੀ ਸ਼ਾਇਰ ਹਰਭਜਨ ਸਿੰਘ ਹੁੰਦਲ ਲੋਕਾਂ ਦੀ ਇਸ ਨ੍ਰਿਤਕੀ ਦੀ ਜੀਵਨੀ ਪੰਜਾਬੀ ਵਿਚ ਨਾ ਲਿਖਦੇ। ਹਾਲਾਂਕਿ ਉਨ੍ਹਾਂ ਇਹ ਜੀਵਨੀ ਕਾਫੀ ਸਮਾਂ ਪਾ ਕੇ ਗੁਰਦਿਆਲ ਬੱਲ ਦੇ ਵਾਰ-ਵਾਰ ਕਹਿਣ ‘ਤੇ ਲਿਖੀ ਹੈ, ਪਰ ਇਨ੍ਹਾਂ ਦੋਹਾਂ ਨੇ ਪੰਜਾਬੀ ਭਾਸ਼ਾ ਨੂੰ ਇਹ ਵੱਡਾ ਤੋਹਫਾ ਦਿੱਤਾ ਹੈ। ਆਈਸਾਡੋਰਾ ਡੰਕਨ ਦੀ ਜੀਵਨੀ ਹਰਭਜਨ ਸਿੰਘ ਹੁੰਦਲ ਨੇ ਸਿਰਫ 179 ਸਫਿਆਂ ਵਿਚ ਬਿਆਨ ਕਰ ਦਿੱਤੀ ਹੈ। ਕਿਤਾਬ ਵਿਚ ਇਸ ਨ੍ਰਿਤਕੀ ਦੀਆਂ ਪ੍ਰਾਪਤੀਆਂ, ਉਤੇਜਨਾ, ਦਲੇਰੀ ਅਤੇ ਜੀਵਨ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ।
ਡੰਕਨ ਲੋਕਾਂ ਦੀ ਕਲਾਕਾਰ ਸੀ ਜਿਸ ਨੇ ਗੋਲਮੋਲ ਗੱਲਾਂ ਕਰਨ ਦੀ ਥਾਂ ਆਪਣੇ ਆਪ ਨੂੰ ‘ਬੈਲੇ-ਨਾਚ ਦੀ ਦੁਸ਼ਮਣ’ ਐਲਾਨਿਆ। ਉਸ ਨੇ ਬੰਦਸ਼ਾਂ ਵਾਲੀ ਪੁਸ਼ਾਕ ਅਤੇ ਸਟੇਜ ਨ੍ਰਿਤਕੀ ਦੀਆਂ ਹੋਰ ਜੁਗਤਾਂ ਨੂੰ ਘਿਰਣਾ ਕੀਤੀ ਅਤੇ ਸੁਤੰਤਰ ਤੇ ਕੁਦਰਤੀ ਹਰਕਤਾਂ ਵਿਕਸਿਤ ਕੀਤੀਆਂ। ਉਸ ਦੀ ਸਾਦਗੀ ਆਪਣੀ ਡੂੰਘਾਈ ਵਿਚ ਸਮੁੰਦਰ ਵਰਗੀ ਸੀ। ਬੋਧ ਦੀਆਂ ਪ੍ਰਾਚੀਨ ਵਿਧੀਆਂ ਜਾਦੂ ਅਤੇ ਬ੍ਰਹਿਮੰਡ ਵਿਗਿਆਨ ਨਾਲ ਜੋੜ ਕੇ, ਆਈਸਾਡੋਰਾ ਨੇ ਐਸੀ ਕਾਢ ਕੱਢੀ ਜਿਸ ਨੂੰ ਪਿਛੋਂ ਜਾ ਕੇ ‘ਆਧੁਨਿਕ ਨ੍ਰਿਤ’ ਦਾ ਨਾਂ ਦਿੱਤਾ ਗਿਆ। ਉਸ ਨੇ ਨ੍ਰਿਤ ਕਲਾ ਵਿਚ ਕ੍ਰਾਂਤੀ ਲਿਆਂਦੀ, ਹਾਲਾਂਕਿ ਉਸ ਨੇ ਨ੍ਰਿਤ ਕਲਾ ਕਿਸੇ ਵੀ ਰਸਮੀ ਗੁਰੂ ਕੋਲੋ ਪ੍ਰਾਪਤ ਨਹੀਂ ਕੀਤੀ। ਡੰਕਨ ਦੇ ਨਾਚ ਦਾ ਕੋਈ ਰਿਕਾਰਡ ਨਹੀਂ, ਪਰ ਜਿਨ੍ਹਾਂ ਲੋਕਾਂ ਨੇ ਉਸ ਨੂੰ ਨੱਚਦੀ ਦੇਖਿਆ ਹੈ, ਬੱਸ ਉਹ ਉਸ ਦੇ ਕਾਇਲ ਹੋ ਕੇ ਰਹਿ ਗਏ।
ਲੇਖਕ ਹਰਭਜਨ ਸਿੰਘ ਹੁੰਦਲ ਨੇ ਉਸ ਦੇ ਜੀਵਨ ਦੇ ਇੱਕ-ਇੱਕ ਪਲ ਨੂੰ ਮੋਤੀਆਂ ਵਾਂਗ ਪਰੋਇਆ ਹੈ। ਉਨ੍ਹਾਂ ਡੰਕਨ ਦੇ ਗੁਰਬਤ ਭਰੇ ਜੀਵਨ ਅਤੇ ਉਸ ਦੀ ਚੜ੍ਹਤ ਦੇ ਦਿਨਾਂ ਨੂੰ ਪੇਸ਼ ਕਰਦਿਆਂ ਕਿਤੇ ਵੀ ਹਵਾਈ ਗੱਲਾਂ ਨਹੀਂ ਕੀਤੀਆਂ। ‘ਡੰਕਨ ਦਾ ਪਰਿਵਾਰ ਨਾਸਤਿਕ ਤਾਂ ਭਾਵੇਂ ਨਹੀਂ ਸੀ, ਪਰ ਸੰਦੇਹਵਾਦੀ ਤੇ ਤਰਕਸ਼ੀਲ ਜ਼ਰੂਰ ਸੀ। 1880 ਵਿਚ ਓਕਲੈਂਡ ਦੇ ਐਲੀਮੈਂਟਰੀ ਸਕੂਲ ਵਿਚ ਪੜ੍ਹਦੀ ਡੰਕਨ ਨੇ ਉਦੋਂ ਹੰਗਾਮਾ ਪੈਦਾ ਕਰ ਦਿੱਤਾ, ਜਦੋਂ ਕ੍ਰਿਸਮਸ ਦੇ ਤਿਉਹਾਰ ਮੌਕੇ ਉਸ ਦੀ ਅਧਿਆਪਕਾ ਨੇ ਕੈਂਡੀਆਂ ਵੰਡਦਿਆਂ ਕਿਹਾ, “ਵੇਖੋ ਬੱਚਿਓ! ਸੈਂਟਾ ਕਲਾਜ ਨੇ ਤੁਹਾਡੇ ਲਈ ਕੀ ਭੇਜਿਆ ਹੈ।” ਆਈਸਾਡੋਰਾ ਨੇ ਤੁਰੰਤ ਕਿਹਾ, “ਮੈਂ ਨਹੀਂ ਮੰਨਦੀ। ਸੈਂਟਾ ਕਲਾਜ ਨਾਂ ਦਾ ਕੋਈ ਬੰਦਾ ਨਹੀਂ ਹੈ।” ਡੰਕਨ ਲਗਭਗ ਸਾਰੀ ਉਮਰ ਨਾਸਤਿਕਾਂ ਵਾਂਗ ਰਹੀ, ਪਰ ਜੀਵਨ ਦੇ ਆਖਰੀ ਦਿਨਾਂ ਵਿਚ ਉਸ ਨੇ ਜੋਤਿਸ਼ੀਆਂ ਕੋਲ ਵੀ ਜਾਣਾ ਸ਼ੁਰੂ ਕਰ ਦਿੱਤਾ ਸੀ।
ਪੂਰਾ ਡੰਕਨ ਪਰਿਵਾਰ ਹੀ ਘੁੰਮਣ ਫਿਰਨ ਅਤੇ ਕਲਾ ਦਾ ਪ੍ਰੇਮੀ ਸੀ। ਜਦੋਂ ਡੰਕਨ ਨੇ ਲੰਡਨ ਜਾ ਕੇ ਆਪਣਾ ਨ੍ਰਿਤ ਪੇਸ਼ ਕਰਨ ਦੀ ਠਾਣ ਲਈ ਤਾਂ ਉਸ ਦੇ ਪਰਿਵਾਰ ਨੇ ਭਾਵੇਂ ਉਸ ਦਾ ਪੂਰਾ ਸਾਥ ਦਿੱਤਾ ਪਰ ਸਾਰੇ ਇੰਤਜ਼ਾਮ ਅਤੇ ਫੈਸਲੇ ਡੰਕਨ ਦੇ ਹੀ ਹੁੰਦੇ ਸਨ ਕਿਉਂਕਿ ਉਹ ਹੀ ਕਮਾਉਣ ਵਾਲੀ ਅਤੇ ਪਰਿਵਾਰ ਨੂੰ ਕਮਾਂਡ ਦੇਣ ਵਾਲੀ ਸੀ। ਸੋ, ਲੰਡਨ ਜਾਣ ਲਈ ਜਦੋਂ ਸਮੁੰਦਰੀ ਜਹਾਜ਼ ਦਾ ਕਿਰਾਇਆ ਇਕੱਠਾ ਨਾ ਹੋ ਸਕਿਆ ਤਾਂ ਉਹ ਡੰਗਰਾਂ ਨੂੰ ਲਿਜਾਣ ਵਾਲੇ ਛੋਟੇ ਜਹਾਜ਼ ਵਿਚ ਹੀ ਯੂæਕੇæ ਲਈ ਰਵਾਨਾ ਹੋ ਗਏ। ‘ਡੰਗਰਾਂ ਦਾ ਚੱਤੇ-ਪਹਿਰ ਦਾ ਅੜਾਟ, ਇੱਕ ਦੂਜੇ ਨੂੰ ਸਿੰਗਾਂ ਨਾਲ ਮਾਰਨਾ ਤੇ ਅੜਿੰਗਣਾ ਵੇਖ ਸਾਰਾ ਪਰਿਵਾਰ ਹਫ਼ਤੇ ਦਸਾਂ ਦਿਨਾਂ ਲਈ ਨਰਕੀ ਜੀਵਨ ਭੋਗਣ ਲਈ ਮਜਬੂਰ ਸੀ।’ (ਸਫਾ 43)
ਡੰਕਨ ਨੇ ਲੰਡਨ ਤੋਂ ਬਾਅਦ ਫਰਾਂਸ ਦਾ ਰੁਖ ਕੀਤਾ ਅਤੇ ਪੈਰਿਸ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਯੂਨਾਨ ਗਈ ਅਤੇ ਫੇਰ ਰੂਸ ਦੀ ਫੇਰੀ ਕੱਢੀ। ਰੂਸ ਵਿਚ ਹੋਟਲ ਨੂੰ ਜਾਂਦਿਆਂ ਰਾਹ ਵਿਚ ਡੰਕਨ ਨੇ ਬੜਾ ਭਿਆਨਕ ਦ੍ਰਿਸ਼ ਵੇਖਿਆ। ਰਾਤ ਦਾ ਪਿਛਲਾ ਪਹਿਰ ਸੀ। ਸੈਂਕੜਿਆਂ ਦੀ ਗਿਣਤੀ ਵਿਚ 1905 ਦੇ ਖੂਨੀ ਐਤਵਾਰ ਨੂੰ ਜ਼ਾਰ ਦੇ ਸਰਦ ਮਹੱਲ ਦੇ ਸਾਹਮਣੇ ਹੋਏ ਮਜ਼ਦੂਰਾਂ ਦੇ ਕਤਲੇਆਮ ਵਿਚ ਮਾਰੇ ਗਏ ਬੇਗੁਨਾਹ ਮਜ਼ਦੂਰਾਂ ਦੇ ਤਾਬੂਤ ਕਬਰਸਤਾਨ ਵਿਚ ਦਫਨ ਕਰਨ ਲਈ ਲਿਜਾਏ ਜਾ ਰਹੇ ਸਨ। (ਸਫਾ 70) ਡੰਕਨ ਇਸ ਦਰਦਨਾਕ ਦ੍ਰਿਸ਼ ਨੂੰ ਵੇਖ ਕੇ ਭੈ-ਭੀਤ ਹੋ ਗਈ। ਉਹ ਆਪਣੀ ਸਵੈ-ਜੀਵਨੀ ਵਿਚ ਲਿਖਦੀ ਹੈ, “ਮੈਂ ਕੋਚਵਾਨ ਨੂੰ ਰੁਕਣ ਲਈ ਆਖਿਆ। ਮੇਰੇ ਹੰਝੂ ਵਹਿ ਤੁਰੇ ਤੇ ਗੱਲਾਂ ਤੋਂ ਹੇਠਾਂ ਵਗਣ ਲੱਗੇæææਮੈਂ ਲਤਾੜੇ ਲੋਕਾਂ ਦੀ ਸੇਵਾ ਲਈ ਆਪਾ ਵਾਰਨ ਦੀ ਸਹੁੰ ਖਾਧੀ। ਆਹ! ਮੈਨੂੰ ਆਪਣੀਆਂ ਪਿਆਰ-ਤਾਂਘਾ ਤੇ ਦੁੱਖ ਕਿੰਨੇ ਨਿਗੂਣੇ ਲੱਗਣ ਲੱਗੇ। ਮੇਰੀ ਕਲਾ ਕਿਸ ਕੰਮ ਦੀ ਸੀ, ਜੇ ਇਹ ਕਿਸੇ ਦੀ ਸਹਾਇਤਾ ਨਾ ਕਰ ਸਕੇ।” (ਪੰਨਾ-162, ਅੰਗਰੇਜ਼ੀ ਐਡੀਸਨ, ਇਸ ਕਿਤਾਬ ‘ਚ ਸਫਾ 71)
ਆਈਸਾਡੋਰਾ ਡੰਕਨ ਦੇ ਪਿਤਾ ਨੇ ਉਸ ਦੀ ਮਾਂ ਨੂੰ ਧੋਖਾ ਦਿੱਤਾ ਸੀ, ਇਸ ਲਈ ਉਸ ਦੀ ਮਾਂ ਸਾਰੀ ਉਮਰ ਉਸ ਨੂੰ ਕਹਿੰਦੀ ਰਹੀ ਕਿ ਕਦੇ ਵੀ ਮਰਦਾਂ ‘ਤੇ ਭਰੋਸਾ ਨਾ ਕਰੀਂ ਅਤੇ ਵਿਆਹ ਨਾ ਕਰਵਾਈਂ। ਡੰਕਨ ਨੇ ਬਿਨਾਂ ਵਿਆਹ ਤੋਂ ਹੀ ਆਪਣੇ ਪਿਆਰ ਸਬੰਧਾਂ ਦੇ ਚੱਲਦਿਆਂ ਦੋ ਬੱਚਿਆਂ ਨੂੰ ਜਨਮ ਦਿੱਤਾ ਪਰ ਉਸ ਦੇ ਦੋਵੇਂ ਬੱਚੇ ਹੀ ਇੱਕ ਦੁਰਘਟਨਾ ਵਿਚ ਮਾਰੇ ਗਏ।
ਡੰਕਨ ਨੇ ਬੱਚਿਆਂ ਨੂੰ ਨ੍ਰਿਤ ਦੀ ਸਿੱਖਿਆ ਦੇਣ ਲਈ ਆਪਣਾ ਸਕੂਲ ਖੋਲ੍ਹਿਆ ਸੀ ਜਿਸ ਦਾ ਖਰਚਾ ਚਲਾਉਣ ਲਈ ਉਸ ਨੂੰ ਬਹੁਤ ਸਾਰੀਆਂ ਤੰਗੀਆਂ ਅਤੇ ਸਮਝੌਤਿਆਂ ਦਾ ਸਾਹਮਣਾ ਕਰਨ ਪਿਆ। ਆਖਿਰ ਸੋਵੀਅਤ ਰੂਸ ਵਿਚ ਇਨਕਲਾਬ ਤੋਂ ਬਾਅਦ ਡੰਕਨ ਨੂੰ ਮਾਸਕੋ ਵਿਚ ਸਰਕਾਰ ਨੇ ਸਕੂਲ ਖੋਲ੍ਹ ਕੇ ਦਿੱਤਾ ਜਿੱਥੇ ਮਜ਼ਦੂਰਾਂ ਦੇ ਬੱਚਿਆਂ ਨੂੰ ਉਹ ਨ੍ਰਿਤ ਸਿਖਾਉਣ ਲੱਗੀ। ਅਕਤੂਬਰ ਇਨਕਲਾਬ ਦੀ ਚੌਥੀ ਵਰ੍ਹੇਗੰਢ ਮੌਕੇ ਥੋੜ੍ਹੇ ਹੀ ਦਿਨਾਂ ਦੀ ਤਿਆਰੀ ਤੋਂ ਬਾਅਦ ਡੰਕਨ ਦੇ ਵਿਦਿਆਰਥੀਆਂ ਨੇ ‘ਗੁਲਾਮਾਂ ਦੀ ਮੁਕਤੀ’ ਬਾਰੇ ਪ੍ਰੋਗਰਾਮ ਪੇਸ਼ ਕੀਤਾ। ਡੰਕਨ ਨੇ ਗੁਲਾਮ ਪਾਤਰ ਦਿਖਾਉਣਾ ਸੀ, ਝੁਕਿਆ ਹੋਇਆ, ਲਤਾੜਿਆਂ ਤੇ ਭਾਰ ਨਾਲ ਲੱਦਿਆ ਪਾਤਰ ਜੋ ਹੁਣੇ ਹੀ ਗ਼ੁਲਾਮੀ ਤੋਂ ਮੁਕਤ ਹੋ ਕੇ ਸਿੱਧਾ ਉਠ ਖੜ੍ਹਾ ਹੋਇਆ ਸੀ। ਇਹ ਦ੍ਰਿਸ਼ ਦੇਖਦਿਆਂ ਹੀ ਲੈਨਿਨ ਭੋਰਾ ਕੁ ਅੱਗੇ ਵੱਲ ਝੁਕਿਆ, ਜੰਗਲੇ ਨੂੰ ਹੱਥ ਪਾਇਆ ਤੇ ਉਠ ਖੜ੍ਹਾ ਹੋਇਆ। ਸਭ ਲੋਕ ਮੰਤਰ-ਮੁਗਧ ਹੋਏ ਹੋਏ ਸਨ। ਲੈਨਿਨ ਪੂਰੀ ਉਚੀ ਅਵਾਜ਼ ਵਿਚ ਬੋਲਿਆ, “ਸ਼ਾਬਾਸ਼! ਕੁੜੇ ਡੰਕਨ, ਸ਼ਾਬਾਸ਼!!” ਜੇ ਲੈਨਿਨ ਖ਼ੁਸ਼ ਸੀ ਤਾਂ ਸਾਰਾ ਰੂਸ ਖੁਸ਼ ਸੀ-ਲੰਮੀਆਂ ਤਾੜੀਆਂ ਵੱਜੀਆਂ। ਸਾਰੇ ਹਾਲ ਨੂੰ ਪੇਸ਼ ਕੀਤੇ ਪ੍ਰਤੀਕ ਦੀ ਸਮਝ ਪੈ ਗਈ ਸੀ। (ਸਫਾ-120)
ਡੰਕਨ ਨੇ ਬਾਅਦ ਵਿਚ ਵਿਆਹ ਵੀ ਕਰਵਾਇਆ ਜੋ ਸਫਲ ਨਾ ਹੋ ਸਕਿਆ। ਰੂਸ ਨਾਲ ਚੰਗੇ ਸਬੰਧਾਂ ਦੇ ਚੱਲਦਿਆਂ ਡੰਕਨ ਨੂੰ ਅਮਰੀਕਾ ਦੇ ਗੁੱਸੇ ਤੇ ਸੰਕੀਰਨਤਾ ਦਾ ਸ਼ਿਕਾਰ ਵੀ ਹੋਣਾ ਪਿਆ। 1927 ਵਿਚ ਲੋਕਾਂ ਦੀ ਇਹ ਨ੍ਰਿਤਕੀ ਇੱਕ ਹਾਦਸੇ ਵਿਚ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਛੱਡ ਕੇ ਚਲੀ ਗਈ। ਉਹ ਅਕਸਰ ਕਹਿੰਦੀ ਸੀ, “ਮੈਂ ਇਸ ਗੱਲ ਦਾ ਕਿਉਂ ਫਿਕਰ ਕਰਾਂ ਕਿ ਮੇਰੇ ਜਿਸਮ ਦਾ ਕਿਹੜਾ ਹਿੱਸਾ ਦਿਖਾਉਣਾ ਹੈæææਆਪਣੇ ਜਿਸਮ ਦਾ ਕੋਈ ਵੀ ਭਾਗ ਦਿਖਾਉਣਾ ਕਲਾ ਹੈ, ਲੁਕਾਉਣਾ ਬਕਵਾਸ ਤੇ ਗੰਵਾਰੂ ਹੈ। ਮੈਂ ਮਨੁੱਖ ਜਾਤੀ ਦੇ ਘਟੀਆ ਜਜ਼ਬਿਆਂ ਨੂੰ ਅਪੀਲ ਨਹੀਂ ਕਰਦੀ, ਜਿਵੇਂ ਤੁਹਾਡੀਆਂ ਅਰਧ-ਨੰਗੀਆਂ ਗਾਉਣ ਵਾਲੀਆਂ ਛੋਕਰੀਆਂ ਕਰਦੀਆਂ ਹਨ। ਮੇਰਾ ਜਿਸਮ ਮੇਰੀ ਕਲਾ ਦਾ ਮੰਦਰ ਹੈ।” (ਸਫਾ 134)
ਆਈਸਾਡੋਰਾ ਡੰਕਨ ਦੀ ਇਹ ਜੀਵਨੀ ਟੁੱਟੇ ਤਾਂ ਕੀ, ਵੱਢੇ ਪਏ ਬੰਦੇ ਨੂੰ ਵੀ ਖੜ੍ਹਾ ਕਰਨ ਦੀ ਸਮਰੱਥਾ ਰੱਖਦੀ ਹੈ। ਇੱਕ ਤਾਂ ਆਈਸਾਡੋਰਾ ਡੰਕਨ ਦਾ ਪੂਰਾ ਜੀਵਨ ਹੀ ਐਨਾ ਸੰਘਰਸ਼ ਭਰਿਆ ਸੀ ਕਿ ਕੋਈ ਵੀ ਉਸ ਦੀ ਜੁਅਰਤ, ਹੌਸਲੇ ਅਤੇ ਦਲੇਰੀ ਦਾ ਕਾਇਲ ਹੋ ਜਾਵੇ; ਦੂਜਾ ਹਰਭਜਨ ਸਿੰਘ ਹੁੰਦਲ ਵੱਲੋਂ ਵਰਤੇ ਗਏ ਹਵਾਲੇ ਅਤੇ ਪੰਜਾਬੀ ਭਾਸ਼ਾ ਦੀ ਸਮਰਥਾ ਨੇ ਇਸ ਨੂੰ ਹੋਰ ਵੀ ਦਿਲ ਖਿੱਚਵਾਂ ਬਣਾ ਦਿੱਤਾ ਹੈ।
Leave a Reply