ਕਬੱਡੀ ਅਨੁਸਾਸ਼ਨ ਨਾਲ ਹੀ ਅੱਗੇ ਵਧੇਗੀ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਕਬੱਡੀ ਕੱਖਾਂ ਤੋਂ ਲੱਖਾਂ ਦੀ ਹੁੰਦੀ ਹੋਈ ਕਰੋੜਾਂ ਦੀ ਖੇਡ ਬਣ ਗਈ ਹੈ ਪਰ ਅਜੇ ਇਹ ਅਨੁਸਾਸ਼ਨਬੱਧ ਨਹੀਂ ਹੋਈ। ਦੂਜੀਆਂ ਖੇਡਾਂ ਦੇ ਮੁਕਾਬਲੇ ਇਸ ਵਿਚ ਜ਼ਾਬਤੇ ਦੀ ਬੜੀ ਘਾਟ ਹੈ।ਰੌਲੇ-ਗੌਲੇ ਬਹੁਤ ਪੈਂਦੇ ਹਨ। ਇਹ ਕਹਿ ਲਓ ਕਿ ਕਬੱਡੀ ਵਿਚ ਹਰ ਕੋਈ ਲੰਬੜ ਹੈ ਤੇ ਦੂਜੇ ਨੂੰ ਟਿੱਚ ਸਮਝ ਰਿਹੈ। ਕਹਿਣ ਨੂੰ ਕਬੱਡੀ ਦੇ ਵਰਲਡ ਕੱਪ ਹੋਈ ਜਾਂਦੇ ਨੇ ਪਰ ਇਹ ਖੇਡ ਹਾਲੇ ਹੋਰਨਾਂ ਮੁਲਕਾਂ ਦੀ ਗੱਲ ਛੱਡੋ, ਭਾਰਤੀ ਓਲੰਪਿਕ ਐਸੋਸੀਏਸ਼ਨ ਲਈ ਵੀ ਮਾਨਤਾ ਪ੍ਰਾਪਤ ਖੇਡ ਨਹੀਂ ਬਣ ਸਕੀ। ਕਹਿਣ ਨੂੰ ਇਹ ਤੀਹ ਮੁਲਕਾਂ ਵਿਚ ਖੇਡੀ ਜਾਣ ਲੱਗੀ ਹੈ ਪਰ ਮੁਲਕੀ ਪੱਧਰ ਉਤੇ ਕਿਤੇ ਵੀ ਨੈਸ਼ਨਲ ਕਬੱਡੀ ਫੈਡਰੇਸ਼ਨਾਂ ਨਹੀਂ ਬਣੀਆਂ। ਜੇ ਕਿਤੇ ਹਨ ਤਾਂ ਕੇਵਲ ਕਾਗਜ਼ੀ ਹਨ। ਕਬੱਡੀ ਬਾਰੇ ਪੰਜਾਬੀਆਂ ਵਿਚ ਹੋਸ਼ ਨਾਲੋਂ ਜੋਸ਼ ਵੱਧ ਹੈ। ਕਬੱਡੀ ਦੇ ਨਾਂ ‘ਤੇ ਬੱਲੇ-ਬੱਲੇ ਕਰਾਈ ਤੇ ਡੰਡੀ ਪਏ!
5 ਫਰਵਰੀ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਕਬੱਡੀ ਬਾਰੇ ਕੁਝ ਖਰੀਆਂ-ਖਰੀਆਂ ਸੁਣਨ ਦਾ ਸਬੱਬ ਬਣਿਆ। ਮੌਕਾ ਸੀ, ਤੀਜੇ ਕਬੱਡੀ ਵਿਸ਼ਵ ਕੱਪ ਦੇ ਜੇਤੂਆਂ ਨੂੰ ਢਾਈ ਕਰੋੜ ਦੇ ਇਨਾਮ ਦੇਣ ਦਾ। ਮਰਦਾਂ ਦੀ ਟੀਮ ਦੇ ਹਰ ਖਿਡਾਰੀ ਨੂੰ 13 ਲੱਖ 57 ਹਜ਼ਾਰ 142 ਰੁਪਏ ਅਤੇ ਔਰਤਾਂ ਦੀ ਟੀਮ ਦੀ ਹਰ ਖਿਡਾਰਨ ਨੂੰ 3 ਲੱਖ 46 ਹਜ਼ਾਰ 71 ਰੁਪਏ ਦੇ ਚੈਕ, ਨਾਲ ਨੌਕਰੀਆਂ ਦੀ ਪੇਸ਼ਕਸ਼। ਟੀਮਾਂ ਦੇ ਕੋਚਾਂ ਤੇ ਮੈਨੇਜਰਾਂ ਨੂੰ ਵੀ ਲੱਖਾਂ ਦੇ ਇਨਾਮ। ਪੰਜਾਬ ਦੇ ਖੇਡ ਵਿਭਾਗ ਨੇ ਪੁਰਸ਼ਾਂ ਤੇ ਔਰਤਾਂ ਦੀਆਂ ਕਬੱਡੀ ਟੀਮਾਂ ਨੂੰ ਇਨਾਮ ਦੇਣ ਲਈ ਵਿਸ਼ੇਸ਼ ਸਮਾਗਮ ਰੱਖਿਆ ਸੀ। ਪਰਗਟ ਸਿੰਘ, ਸ਼ਿਵਦੇਵ ਸਿੰਘ, ਬਲਵਿੰਦਰ ਸਿੰਘ ਫਿੱਡਾ, ਜਗਦੀਸ਼ਵਰ ਯਾਦਵ, ਗੁਰਦੀਪ ਸਿੰਘ ਮੱਲ੍ਹੀ ਤੇ ਮੈਨੂੰ ਵਿਸ਼ਵ ਕਬੱਡੀ ਕੱਪ ਦੀ ਤਕਨੀਕੀ ਕਮੇਟੀ ਦੇ ਮੈਂਬਰ ਵਜੋਂ ਸੱਦੇ ਮਿਲੇ ਸਨ। ਅਸੀਂ ਤਾਂ ਸਮੇਂ ਸਿਰ ਪਹੁੰਚ ਗਏ ਪਰ ਕਈ ਖਿਡਾਰੀ ਮਿਥੇ ਸਮੇਂ ਉਤੇ ਨਹੀਂ ਪੁੱਜੇ। ਉਹ ਉਵੇਂ ਹੀ ਪੁੱਜੇ ਜਿਵੇਂ ਪਿੰਡਾਂ ਦੇ ਕਬੱਡੀ ਟੂਰਨਾਮੈਂਟਾਂ ਵਿਚ ਪਛੜ ਕੇ ਪੁੱਜਦੇ ਹਨ ਤੇ ਲਾਊਡ ਸਪੀਕਰਾਂ ਤੋਂ ਵਾਰ-ਵਾਰ ਆਵਾਜ਼ਾਂ ਮਰਵਾ ਕੇ ਮੈਚ ਖੇਡਦੇ ਹਨ। ਹਾਲਾਂਕਿ ਉਦਣ ਉਨ੍ਹਾਂ ਨੂੰ ਖਿਡਾਉਣਾ ਨਹੀਂ ਸੀ ਬਲਕਿ ਏਡੇ ਵੱਡੇ ਇਨਾਮਾਂ ਨਾਲ ਸਨਮਾਨਣਾ ਸੀ ਜਿਨ੍ਹਾਂ ਦਾ ਭਾਰਤ ਦੇ ਪੁਰਾਣੇ ਉਲੰਪਿਕ ਚੈਂਪੀਅਨਾਂ ਨੇ ਵੀ ਸੁਫ਼ਨਾ ਨਹੀਂ ਸੀ ਲਿਆ! ਬਲਬੀਰ ਸਿੰਘ ਤੇ ਊਧਮ ਸਿੰਘ ਹੋਰਾਂ ਤੋਂ ਲੈ ਕੇ ਸੁਰਜੀਤ ਸਿੰਘ ਤੇ ਪਰਗਟ ਸਿੰਘ ਹੋਰਾਂ ਤਕ ਹਾਕੀ ਦੇ ਬਥੇਰੇ ਖਿਡਾਰੀ ਹਨ ਜਿਨ੍ਹਾਂ ਨੂੰ ਲੱਖਾਂ ਰੁਪਏ ਤਾਂ ਕੀ ਹਜ਼ਾਰਾਂ ਰੁਪਏ ਦੇ ਇਨਾਮ ਵੀ ਨਹੀਂ ਸਨ ਮਿਲੇ। ਭਾਰਤੀ ਟੀਮ ਦਾ ਕਪਤਾਨ ਸੁਖਬੀਰ ਸਰਾਵਾਂ, ਬੈਸਟ ਧਾਵੀ ਗੱਗੀ ਖੀਰਾਂਵਾਲੀ, ਬੈਸਟ ਜਾਫੀ ਏਕਮ ਹਠੂਰ, ਬਿੱਟੂ ਦੁਗਾਲ ਤੇ ਕੁਝ ਹੋਰ ਖਿਡਾਰੀ ਤਾਂ ਇਨਾਮ ਵੰਡ ਸਮਾਗਮ ਵਿਚ ਹੀ ਗ਼ੈਰਹਾਜ਼ਰ ਰਹੇ।
ਪਛੜ ਕੇ ਸ਼ੁਰੂ ਹੋਏ ਸਮਾਗਮ ਵਿਚ ਖੇਡ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਸਭ ਨੂੰ ਰਸਮੀ ਜੀ ਆਇਆਂ ਕਿਹਾ ਤੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਫਿਰ ਵਿਧਾਇਕ ਪਰਗਟ ਸਿੰਘ ਨੂੰ ਮਾਈਕ ਦਿੱਤਾ ਗਿਆ। ਪਰਗਟ ਸਿੰਘ ਦੇ ਖੇਡ ਡਾਇਰੈਕਟਰ ਹੋਣ ਸਮੇਂ ਹੀ 2010 ਵਿਚ ਪਹਿਲਾ ਤੇ 2011 ਵਿਚ ਦੂਜਾ ਕਬੱਡੀ ਵਰਲਡ ਕੱਪ ਹੋਇਆ ਸੀ। ਉਹ ਕਬੱਡੀ ਦੀ ਰਗ-ਰਗ ਤੋਂ ਜਾਣੂੰ ਹੈ। ਉਸ ਨੇ ਕਬੱਡੀ ਬਾਰੇ ਖਰੀਆਂ-ਖਰੀਆਂ ਗੱਲਾਂ ਕਰਦਿਆਂ ਕਿਹਾ ਕਿ ਕਬੱਡੀ ਦੇ ਬੇਸ਼ੱਕ ਵਰਲਡ ਕੱਪ ਹੋਣ ਲੱਗ ਪਏ ਨੇ ਤੇ ਇਨਾਮ ਵੀ ਬਹੁਤ ਆ ਗਏ ਨੇ ਪਰ ਇਸ ਦੇ ਖਿਡਾਰੀਆਂ ਵਿਚ ਅਨੁਸਾਸ਼ਨ ਨਹੀਂ ਆਇਆ। ਜਿਸ ਖੇਡ ਵਿਚ ਅਨੁਸਾਸ਼ਨ ਨਾ ਹੋਵੇ ਉਹ ਖੇਡ ਬਹੁਤੀ ਅੱਗੇ ਨਹੀਂ ਵਧ ਸਕਦੀ। ਇਹ ਹੁਣ ਕਬੱਡੀ ਦੇ ਖਿਡਾਰੀਆਂ ਤੇ ਪ੍ਰਮੋਟਰਾਂ ‘ਤੇ ਨਿਰਭਰ ਕਰਦੈ ਕਿ ਉਹ ਕਬੱਡੀ ਨੂੰ ਕਿੰਨਾ ਅੱਗੇ ਲਿਜਾ ਸਕਦੇ ਨੇ?
ਕਬੱਡੀ ਵਿਚ ਡੋਪਿੰਗ ਬਹੁਤ ਜ਼ਿਆਦਾ ਹੈ। ਦੂਜੇ ਕਬੱਡੀ ਵਿਸ਼ਵ ਕੱਪ ਸਮੇਂ 20 ਖਿਡਾਰੀ ਟਰਾਇਲਾਂ ਵੇਲੇ ਤੇ 52 ਕੱਪ ਦੌਰਾਨ ਡੋਪੀ ਨਿਕਲੇ ਸਨ। ਉਨ੍ਹਾਂ ਦੇ ਖੇਡਣ ਉਤੇ ਬੰਦਸ਼ ਲੱਗਣੀ ਚਾਹੀਦੀ ਸੀ ਪਰ ਵਿਦੇਸ਼ਾਂ ਦੇ ਕਈ ਕਬੱਡੀ ਪ੍ਰਮੋਟਰ ਫਿਰ ਵੀ ਉਨ੍ਹਾਂ ਨੂੰ ਖਿਡਾਈ ਗਏ। ਇਹ ਕਬੱਡੀ ਨਾਲ ਵਿਸਾਹਘਾਤ ਹੈ। ਇਸ ਤਰ੍ਹਾਂ ਡਰੱਗੀ ਖਿਡਾਰੀਆਂ ਦਾ ਹੌਂਸਲਾ ਵਧਦੈ ਤੇ ਖਰੇ ਖਿਡਾਰੀ ਵੀ ਡੋਪੀ ਬਣਨ ਲੱਗਦੇ ਨੇ। ਹੁਣ ਤਾਂ ਇਹ ਬਿਮਾਰੀ ਕਬੱਡੀ ਖੇਡਣ ਵਾਲੇ ਬੱਚਿਆਂ ਵੱਲ ਵੀ ਵਧ ਰਹੀ ਹੈ। ਪਿੰਡਾਂ ਦੇ ਸਾਧਾਰਨ ਕਬੱਡੀ ਮੇਲਿਆਂ ਵਿਚ ਟੀਕੇ ਤੇ ਕੈਪਸੂਲ ਚੱਲਣ ਲੱਗ ਪਏ ਨੇ। ਇਹ ਬੇਹੱਦ ਚਿੰਤਾ ਦਾ ਮਾਮਲਾ ਹੈ। ਖੇਡਾਂ ਨਸ਼ੇ ਹਟਾਉਣ ਲਈ ਹਨ, ਨਾ ਕਿ ਨਸ਼ੇ ਲਾਉਣ ਲਈ।
ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਿੱਖਿਆ ਮੰਤਰੀ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ਼ ਸਿਕੰਦਰ ਸਿੰਘ ਮਲੂਕਾ ਨੇ ਵੀ ਮੰਨਿਆ ਕਿ ਕਬੱਡੀ ਖਿਡਾਰੀਆਂ ਵਿਚ ਜ਼ਾਬਤੇ ਦੀ ਘਾਟ ਹੈ। ਕਬੱਡੀ ਖੇਡਣ ਵਾਲੀਆਂ ਲੜਕੀਆਂ ਆਮ ਕਰ ਕੇ ਅਨੁਸਾਸ਼ਨ ਵਿਚ ਹਨ ਤੇ ਡੋਪਿੰਗ ਤੋਂ ਵੀ ਬਚੀਆਂ ਹੋਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਈ ਖਿਡਾਰੀ ਕੇਵਲ ਪੈਸੇ ਲਈ ਖੇਡਦੇ ਹਨ, ਨਾ ਕਿ ਦੇਸ਼ ਲਈ। ਇਹੋ ਕਾਰਨ ਹੈ ਕਿ ਕਈ ਚੋਟੀ ਦੇ ਖਿਡਾਰੀ ਨਾ ਇਰਾਨ ਵਿਚ ਖੇਡਣ ਗਏ ਤੇ ਨਾ ਲਾਹੌਰ ਦਾ ਏਸ਼ੀਆ ਕਬੱਡੀ ਕੱਪ ਖੇਡੇ। ਕਾਰਨ ਇਹੋ ਸੀ ਕਿ ਉਥੇ ਪੈਸੇ ਨਹੀਂ ਸਨ ਮਿਲਣੇ ਜਾਂ ਘੱਟ ਮਿਲਣੇ ਸਨ। ਨਤੀਜੇ ਵਜੋਂ ਲਾਹੌਰ ਵਿਚ ਭਾਰਤੀ ਕਬੱਡੀ ਟੀਮ ਨੂੰ ਹਾਰ ਦੀ ਨਮੋਸ਼ੀ ਝੱਲਣੀ ਪਈ। ਪਾਕਿਸਤਾਨੀ ਦਰਸ਼ਕਾਂ ਨੇ ਲੋੜ ਤੋਂ ਵੱਧ ਬੱਕਰੇ ਬੁਲਾਏ। ਤੀਜੇ ਵਰਲਡ ਕਬੱਡੀ ਕੱਪ ਲਈ ਭਾਰਤੀ ਟੀਮ ਦੀ ਚੋਣ ਦੇ ਟਰਾਇਲਾਂ ਵੇਲੇ ਵੀ ਕਈ ਖਿਡਾਰੀਆਂ ਨੇ ਜ਼ਾਬਤੇ ਦੀ ਘਾਟ ਵਿਖਾਈ ਜਿਸ ਕਰਕੇ ਟੀਮ ਦੀ ਚੋਣ ਅਖ਼ੀਰ ਤਕ ਲਟਕਦੀ ਰਹੀ। ਗੱਗੀ ਖੀਰਾਂਵਾਲੀ ਤੇ ਬਿੱਟੂ ਦੁਗਾਲ ਨੂੰ ਫਾਈਨਲ ਮੈਚ ਸਮੇਂ ਟੀਮ ਵਿਚ ਪਾਇਆ ਗਿਆ ਤੇ ਟੀਮ ਮੈਂਬਰਾਂ ਦੀ ਗਿਣਤੀ 14 ਤੋਂ 16 ਕੀਤੀ ਗਈ। ਇਥੇ ਸਵਾਲ ਹੈ ਕਿ ਜਿਹੜੇ ਖਿਡਾਰੀ ਖੇਡਾਂ ਦੇ ਅਨੁਸਾਸ਼ਨ ਦੀ ਉਲੰਘਣਾ ਕਰਦੇ ਹਨ ਉਨ੍ਹਾਂ ਨੂੰ ਸੁਧਾਰੇਗਾ ਕੌਣ?
ਆਮ ਵੇਖਿਆ ਜਾਂਦੈ ਕਿ ਵਿਸ਼ਵ ਕੱਪ ਵਿਚ ਖੇਡਣ ਵਾਲੀ ਭਾਰਤੀ ਟੀਮ ਦੇ ਖਿਡਾਰੀ ਵਿਦੇਸ਼ਾਂ ਵਿਚ ਹੋਰਨਾਂ ਟੀਮਾਂ ਵੱਲੋਂ ਖੇਡ ਕੇ ਭਾਰਤੀ ਟੀਮ ਨੂੰ ਹਰਾਉਂਦੇ ਹਨ। ਇਕ ਪਾਸੇ ਉਹ ਪੰਜਾਬ ਦੇ ਵਿਸ਼ਵ ਕੱਪਾਂ ਵਿਚ ਭਾਰਤ ਵੱਲੋਂ ਖੇਡ ਕੇ ਲੱਖਾਂ ਦੇ ਇਨਾਮ ਤੇ ਨੌਕਰੀਆਂ ਹਾਸਲ ਕਰਦੇ ਹਨ ਤੇ ਦੂਜੇ ਪਾਸੇ ਇੰਗਲੈਂਡ, ਅਮਰੀਕਾ ਤੇ ਕੈਨੇਡਾ ਵੱਲੋਂ ਖੇਡ ਕੇ ਪੌਂਡਾਂ ਤੇ ਡਾਲਰਾਂ ਦੇ ਲਾਲਚ ਵਿਚ ਆ ਕੇ ਭਾਰਤ ਦੇ ਨਾਂ ‘ਤੇ ਖੇਡ ਰਹੀ ਟੀਮ ਨੂੰ ਹਰਾਉਂਦੇ ਹਨ। ਨਾਲ ਵਿਦੇਸ਼ਾਂ ਦੇ ਜੰਮਪਲ ਖਿਡਾਰੀਆਂ ਦਾ ਅੱਗਾ ਮਾਰਦੇ ਹਨ। ਉਹ ਵਿਚਾਰੇ ਵੇਖਦੇ ਹੀ ਰਹਿ ਜਾਂਦੇ ਹਨ। ਵਿਦੇਸ਼ਾਂ ਵਿਚ ਕਬੱਡੀ ਦੀਆਂ ਜੜ੍ਹਾਂ ਇਸੇ ਕਰਕੇ ਨਹੀਂ ਲੱਗਦੀਆਂ।
ਟੋਰਾਂਟੋ ਦੇ ਕੈਨੇਡਾ ਕਬੱਡੀ ਕੱਪ ਵਿਚ ਭਾਰਤੀ ਕਬੱਡੀ ਟੀਮ ਅਕਸਰ ਹਾਰ ਜਾਂਦੀ ਹੈ ਜਿਸ ਉਤੇ ਦੇਸੀ ਬੰਦੇ ਤਿਲਮਿਲਾਉਂਦੇ ਹਨ। ਭਾਰਤ ਦੇ ਤਕੜੇ ਖਿਡਾਰੀ ਹੋਰਨਾਂ ਟੀਮਾਂ ਵਿਚ ਪਾ ਲਏ ਜਾਂਦੇ ਹਨ ਤੇ ਭਾਰਤ ਵਲੋਂ ਖੇਡਣ ਲਈ ਮਾਤਾ ਦਾ ਮਾਲ ਰਹਿ ਜਾਂਦੈ। 2012 ਦੇ ਕੈਨੇਡਾ ਕਬੱਡੀ ਕੱਪ ਵਿਚ ਪਹਿਲਾ ਤੇ ਦੂਜਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਬੁਰੀ ਤਰ੍ਹਾਂ ਹਾਰੀ ਪਰ ਉਹਦਾ ਕਿਸੇ ਨੇ ਨੋਟਿਸ ਹੀ ਨਹੀਂ ਲਿਆ। ਇਹਦੇ ਨਾਲੋਂ ਤਾਂ ਚੰਗਾ ਸੀ ਕਿ ਇੰਡੀਆ ਦੇ ਨਾਂ ‘ਤੇ ਟੀਮ ਖਿਡਾਈ ਹੀ ਨਾ ਜਾਂਦੀ। ਕਬੱਡੀ ਦੀ ਨਿਰੀ ਬੱਲੇ-ਬੱਲੇ ਕਰੀ ਜਾਣ ਨਾਲ ਨਹੀਂ ਸਰਨਾ, ਪਰਗਟ ਸਿੰਘ ਵਰਗਿਆਂ ਦੀਆਂ ਖਰੀਆਂ-ਖਰੀਆਂ ਦਾ ਵੀ ਨੋਟਿਸ ਲੈਣਾ ਬਣਦੈ। ਕਬੱਡੀ ਫੈਡਰੇਸ਼ਨਾਂ ਨੂੰ ਚਾਹੀਦੈ ਕਿ ਇਕਜੁੱਟ ਹੋ ਕੇ ਕਬੱਡੀ ਨੂੰ ਡੋਪਮੁਕਤ ਕਰਨ ਤੇ ਖੇਡ ਵਿਚ ਅਨੁਸਾਸ਼ਨ ਲਿਆਉਣ।

Be the first to comment

Leave a Reply

Your email address will not be published.