ਪਿਛਲੇ ਮਹੀਨੇ 22 ਜਨਵਰੀ ਨੂੰ ਮਾਰਕਸੀ ਵਿਦਵਾਨ ਪਰੇਮ ਸਿੰਘ ਇਸ ਦੁਨੀਆਂ ਨੂੰ ਸਬੂਤੀ ਅਲਵਿਦਾ ਆਖ ਗਏ। ਆਪਣੀ ਸਾਰੀ ਜ਼ਿੰਦਗੀ ਉਨ੍ਹਾਂ ਕਮਿਊਨਿਸਟ ਲਹਿਰ ਦੇ ਲੇਖੇ ਲਾ ਦਿੱਤੀ। ਪਹਿਲਾਂ ਕਮਿਊਨਿਸਟ ਪਾਰਟੀ ਵਿਚ ਕੁਲ-ਵਕਤੀ (ਹੋਲ-ਟਾਈਮਰ) ਰਹੇ ਅਤੇ ਫਿਰ ਦਿੱਲੀ ਵਿਚ ਰੂਸੀ ਸਫਾਰਤਖਾਨੇ ਦੇ ਸੂਚਨਾ ਵਿਭਾਗ ‘ਚ ਨੌਕਰੀ ਕੀਤੀ। ਉਥੋਂ ਵਿਹਲੇ ਹੋਏ ਤਾਂ ਚੰਡੀਗੜ੍ਹ ਤੋਂ ਸ਼ੁਰੂ ਹੋਏ ਰੋਜ਼ਾਨਾ ਅਖਬਾਰ ‘ਦੇਸ਼ ਸੇਵਕ’ ਦੇ ਅਸਿਸਟੈਂਟ ਐਡੀਟਰ ਅਤੇ ਫਿਰ ਐਡੀਟਰ ਬਣੇ। ਆਪਣੇ ਅੰਤਲੇ ਦਿਨਾਂ ‘ਚ ਉਹ ਦੇਸ਼ ਦੀ ਵੰਡ ਬਾਰੇ ਖੋਜ ਵਿਚ ਰੁੱਝੇ ਹੋਏ ਸਨ। ਇਥੇ ਅਸੀਂ ਦਰਸ਼ਨ ਸਿੰਘ ਦਾ ਲਿਖਿਆ ਸ਼ਰਧਾਂਜਲੀ ਲੇਖ ਛਾਪ ਰਹੇ ਹਾਂ। -ਸੰਪਾਦਕ
ਦਰਸ਼ਨ ਸਿੰਘ
ਪਰੇਮ ਸਿੰਘ ਨੂੰ ਮੈਂ ਪਹਿਲੀ ਵਾਰ ਸੰਨ 1969 ਦੇ ਅਖੀਰਲੇ ਦਿਨੀਂ ਮਿਲਿਆ। ਮੈਂ ਮਾਸਕੋ ਤੋਂ ਪ੍ਰਗਤੀ ਪ੍ਰਕਾਸ਼ਨ ‘ਚ ਆਪਣਾ ਅਨੁਵਾਦ ਦਾ ਕੰਮ ਮੁਕਾ ਕੇ ਦੇਸ਼ ਪਰਤਿਆ ਸਾਂ, ਤੇ ਆ ਕੇ ਫਿਰ ਰੂਸੀ ਦੂਤਾਵਾਸ ਦੇ ਸੂਚਨਾ ਵਿਭਾਗ ‘ਚ ਆਪਣੀ ਕੁਰਸੀ ‘ਤੇ ਬਹਿ ਗਿਆ ਸਾਂ। ਮੇਰੇ ਪਿੱਛੋਂ ਪਰੇਮ ਸਿੰਘ ਵੀ ਇਸੇ ਦਫ਼ਤਰ ‘ਚ ਆ ਲੱਗਾ ਸੀ ਤੇ ਰਿਸਰਚ ਸੈਕਸ਼ਨ ‘ਚ ਕੰਮ ਕਰ ਰਿਹਾ ਸੀ। ਇਸ ਹਿਸਾਬ ਉਹਦੇ ਨਾਲ ਮੇਰੀ ਛੋਹ ਤੇ ਸਾਥ ਕੋਈ ਚਾਰ ਦਹਾਕੇ ਰਿਹਾ।
ਮੇਰੇ ਸੰਙ ਅਤੇ ਉਹਦੇ ਇਹਤਿਆਤ ਵਾਲੇ ਸੁਭਾਅ ਕਾਰਨ ਸਾਨੂੰ ਇਕ-ਦੂਜੇ ਦੇ ਨੇੜੇ ਹੁੰਦਿਆਂ ਕੁਝ ਸਮਾਂ ਲੱਗਾ ਪਰ ਫਿਰ ਸਾਡੀ ਚੰਗੀ ਗੂੜ੍ਹ ਹੋ ਗਈ। ਸੂਚਨਾ ਵਿਭਾਗ ‘ਚ ਜਿਹੜੇ ਦੋ-ਚਾਰ ਬੰਦਿਆਂ ਨਾਲ ਮੇਰਾ ਮੇਲ-ਜੋਲ ਸੀ, ਉਨ੍ਹਾਂ ‘ਚੋਂ ਇਕ ਪਰੇਮ ਸਿੰਘ ਵੀ ਸੀ।
ਦੁਪਹਿਰੇ ਖਾਣੇ ਦਾ ਵੇਲਾ ਸਾਡਾ ਇਕੱਠਿਆਂ ਬੀਤਦਾ। ਅਸੀਂ ਉਦੋਂ ਕੋਈ ਪੌਣਾ ਘੰਟਾ ਕਨਾਟ ਪਲੇਸ ਦੀ ਗਸ਼ਤ ਕਰਦੇ। ਸਾਡਾ ਦਫ਼ਤਰ ਉਥੇ ਹੀ ਬਾਰਾ ਖੰਬਾ ਰੋਡ ਦੇ ਸ਼ੁਰੂ ‘ਚ ਹੁੰਦਾ ਸੀ। ਮੀਂਹ ਵਰ੍ਹ ਰਿਹਾ ਹੁੰਦਾ ਜਾਂ ਲੂ ਚੱਲ ਰਹੀ ਹੁੰਦੀ, ਅਸੀਂ ਆਪਣੇ ਇਸ ਨੇਮ ਤੋਂ ਨਾ ਉਕਦੇ। ਉਸ ਸਮੇਂ ਅਸੀਂ ਦੁਨੀਆਂ ਭਰ ਦੇ ਮਸਲੇ ਹੰਗਾਲ ਛੱਡਦੇ। ਦਫਤਰ, ਪਾਰਟੀ ਸਿਆਸਤ ਵਿਚਾਰਧਾਰਾ, ਸਾਹਿਤ ਤੇ ਸਾਹਿਤਕਾਰ, ਜਾਤੀ, ਜ਼ਿੰਦਗੀ ਸਭ ਕੁਝ ਹੀ ਸਾਡੇ ਗੱਪ ਗਿਆਨ ਦੇ ਢਹੇ ਚੜ੍ਹਿਆ ਰਹਿੰਦਾ। ਇਸੇ ਸਦਕਾ ਸਾਨੂੰ ਇਕ-ਦੂਜੇ ਦੀ ਸੋਚਣੀ ਤੇ ਜ਼ਿੰਦਗੀ ਦੀ ਚੰਗੀ ਜਾਣਕਾਰੀ ਹੁੰਦੀ ਗਈ।
ਉਦੋਂ ਹੀ ਮੈਨੂੰ ਪਤਾ ਲੱਗਾ ਕਿ ਜੇ ਮੈਂ ਆਪਣੇ ਸਾਂਦਲ ਬਾਰ ਦੇ ਕਸਬੇ ਸਾਂਗਲਾ ਹਿੱਲ ਤੋਂ ਮੈਟ੍ਰਿਕ ਕਰ ਕੇ ਅੱਗੋਂ ਪੜ੍ਹਨ ਲਾਹੌਰ ਨਹੀਂ, ਲਾਇਲਪੁਰ ਜਾਂਦਾ ਤਾਂ ਉਥੋਂ ਦੇ ਖਾਲਸਾ ਕਾਲਜ ‘ਚ ਪਰੇਮ ਨਾਲ ਮੇਰਾ ਮੇਲ ਹੋ ਜਾਂਦਾ। ਉਹ ਵੀ ਸਾਡੇ ਇਲਾਕੇ ਦਾ ਹੀ ਸੀ, ਪਰ ਮੇਰੇ ਵਾਂਗ ਸ਼ਹਿਰੀ ਨਹੀਂ ਸੀ। ਕਿਸੇ ਲਾਗਲੇ ਪਿੰਡ ਦਾ ਚੀਮਾ ਜੱਟ ਸੀ। ਅੱਗਿਓਂ ਪੜ੍ਹਨ ਲਈ ਸਾਡੇ ਕੋਲ ਇਹ ਦੋ ਸ਼ਹਿਰ ਹੀ ਹੁੰਦੇ ਸਨ। ਲਾਹੌਰ ਦੂਰ ਪੈਂਦਾ ਸੀ, ਪਰ ਸੂਬੇ ਦੀ ਰਾਜਧਾਨੀ ਸੀ। ਐਫ਼ਏæ ਤੋਂ ਬਾਅਦ ਅਸੀਂ ਫਿਰ ਮਿਲਣੋਂ ਉਕ ਗਏ। ਪਰੇਮ ਲਾਹੌਰ ਆ ਗਿਆ ਤੇ ਮੇਰੇ ਵਾਲੇ ਸਿੱਖ ਨੈਸ਼ਨਲ ਕਾਲਜ ‘ਚ ਹੀ ਦਾਖ਼ਲ ਹੋਇਆ ਪਰ ਮੈਂ ਉਦੋਂ ਇਹ ਕਾਲਜ ਛੱਡ ਬੀ-ਕਾਮ ਕਰਨ ਹੇਲੀ ਕਾਲਜ ਚਲਾ ਗਿਆ ਸਾਂ। ਜੇ ਮੈਂ ਸਿੱਖ ਨੈਸ਼ਨਲ ਕਾਲਜ ਰਹਿ ਵੀ ਜਾਂਦਾ, ਤਾਂ ਵੀ ਸਾਡਾ ਆਪੋ ਵਿਚ ਭਿੱਜਣਾ ਮੁਸ਼ਕਿਲ ਹੁੰਦਾ। ਮੈਂ ਖੱਬੇ ਪੱਖ ਦਾ ਹੁੰਦਾ ਸਾਂ ਤੇ ਪਰੇਮ ਉਤੇ ਅਜੇ ਧਾਰਮਿਕਤਾ ਦਾ ਗੂੜ੍ਹਾ ਰੰਗ ਸੀ।
ਇਹ ਰੰਗ ਪਰੇਮ ਤੋਂ ਵੰਡਾਰਿਓਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ‘ਚ ਲੱਥਾ। ਉਹ ਹੱਕ ਦਾ ਮੁੱਦਈ ਸੀ ਤੇ ਜੁਝਾਰੂ ਸੁਭਾਅ ਵਾਲਾ ਸੀ। ਉਥੇ ਉਹ ਸਟੂਡੈਂਟਸ ਫੈਡਰੇਸ਼ਨ ਦੀ ਛੋਹ ‘ਚ ਆਇਆ ਤੇ ਕਾਲਜ ਦੇ ਪ੍ਰਬੰਧਕਾਂ ਦੀਆਂ ਬੇਨਿਯਮੀਆਂ ਵਿਰੁਧ ਘੋਲ ਘੁਲਦਾ ਰਸਟੀਕੇਟ ਹੋਇਆ ਤੇ ਕਮਿਊਨਿਸਟ ਬਣਿਆ। ਉਸ ਪਿੱਛੋਂ ਉਹਨੇ ਆਪਣੀ ਜ਼ਿੰਦਗੀ ਪਾਰਟੀ ਅਤੇ ਕਮਿਊਨਿਸਟ ਲਹਿਰ ਦੇ ਲੇਖੇ ਲਾ ਦਿੱਤੀ।
ਪਰੇਮ ਨੂੰ ਸਾਡਾ ਦਫ਼ਤਰ ਬੜਾ ਸੁਖਾਇਆ। ਚੰਗੀ ਫਿਜ਼ਾ ਸੀ। ਆਪਣੇ ਵਰਗੇ ਹੀ ਲੋਕ ਸਨ। ਪਿਆਰਾ ਸਿੰਘ ਸਹਿਰਾਈ, ਗੁਰਬਚਨ ਸਿੰਘ ਭੁੱਲਰ, ਤੇਰਾ ਸਿੰਘ ਚੰਨ ਤੇ ਹੋਰ ਕਈ ਸਾਹਿਤਕਾਰ ਤੇ ਪੱਤਰਕਾਰ ਵੀ ਉਥੇ ਕੰਮ ਕਰਦੇ ਸਨ। ਉਨ੍ਹਾਂ ਨਾਲ ਵੀ ਪਰੇਮ ਦੀ ਚੰਗੀ ਬਣਦੀ ਸੀ। ਪਾਰਟੀ ਛੱਡ ਕੇ ਆਉਣ ਦਾ ਉਦਰੇਵਾਂ ਵੀ ਬਹੁਤਾ ਨਹੀਂ ਸੀ ਹੁੰਦਾ। ਪਾਰਟੀ ਦੇ ਲੀਡਰ, ਕਾਰਕੁਨ ਤੇ ਪੁਰਾਣੇ ਸਾਥੀ ਦਿੱਲੀ ਆਉਂਦੇ ਰਹਿੰਦੇ ਸਨ ਤੇ ਦਫ਼ਤਰ ਦਾ ਚੱਕਰ ਵੀ ਲਾ ਜਾਂਦੇ ਸਨ। ਕਈ ਤਾਂ ਠਹਿਰਦੇ ਵੀ ਉਹਦੇ ਕੋਲ ਹੀ ਸਨ।
ਪਰੇਮ ਪਾਰਟੀ ਦਾ ਕੁੱਲ-ਵਕਤੀ ਰਹਿ ਚੁੱਕਾ ਸੀ। ਪਾਰਟੀ ਦੇ ਹਰ ਫਰੰਟ ‘ਤੇ ਕੰਮ ਕਰ ਚੁੱਕਾ ਸੀ। ਉਹਨੇ ਅੰਤਰ-ਪਾਰਟੀ ਘੋਲ ਅਤੇ ਗੁੱਟਬੰਦੀ ਦੇ ਸੱਲ ਵੀ ਸਹੇ ਹੋਏ ਸਨ। ਗੁੱਠੇ ਵੀ ਲੱਗਾ ਸੀ। ਸਾਡਾ ਦਫ਼ਤਰ ਇਹੋ ਜਿਹੇ ਹਾਰੇ ਹੁੱਟੇ ਲੋਕਾਂ ਦੀ ਠਾਹਰ ਵੀ ਹੁੰਦਾ ਸੀ ਪਰ ਪਰੇਮ ਦਿੱਲੀ ਬਹੁਤਾ ਇਸ ਕਰ ਕੇ ਆਇਆ ਸੀ ਕਿ ਉਹਦੀ ਜੀਵਨ ਸਾਥਣ ਅਤੇ ਉਹਦੇ ਵਾਂਗ ਹੀ ਪਾਰਟੀ ਤੇ ਲੋਕ ਲਹਿਰ ਨੂੰ ਸਮਰਪਤ, ਬਾਬਾ ਗੁਰਮੁਖ ਸਿੰਘ ਦੀ ਧੀਆਂ ਵਰਗੀ ਭਤੀਜੀ, ਦਿਲਬੀਰ ਦਿੱਲੀ ਦੇ ਇੰਦਰਪ੍ਰਸਥ ਕਾਲਜ ‘ਚ ਪੜ੍ਹਾਉਣ ਲੱਗ ਪਈ ਸੀ। ਸਾਡੇ ਦਫ਼ਤਰ ਲੱਗਣ ਤੋਂ ਪਹਿਲਾਂ ਕੁਝ ਸਮਾਂ ਪਰੇਮ ਨੇ ਨਿਖਲ ਚੱਕਰਵਰਤੀ ਦੀ ਸਮਾਚਾਰ ਤੇ ਫੀਚਰ ਸੰਸਥਾ ਇੰਡੀਆ ਪ੍ਰੈਸ ਏਜੰਸੀ ‘ਚ ਗੁਜ਼ਾਰਿਆ। ਫਿਰ ਕੋਈ ਥਾਂ ਖਾਲੀ ਨਾ ਹੋਣ ‘ਤੇ ਉਹ ਸਾਡੇ ਦਫ਼ਤਰ ਆ ਗਿਆ।
ਕੁਝ ਸਾਲਾਂ ਬਾਅਦ ਉਹਨੂੰ ਕੰਮ ਕਰਦਿਆਂ ਹੀ ਡਾਕਟਰੀ ਕਰਨ ਦਾ ਮੌਕਾ ਵੀ ਮਿਲ ਗਿਆ। ਦਫ਼ਤਰ ਨੇ ਹੀ ਉਹਦਾ ਮਾਸਕੋ ਦੇ ਇੰਸਟੀਚਿਊਟ ਆਫ਼ ਓਰੀਐਂਟਲ ਸਟੱਡੀਜ਼ ‘ਚ ਦਾਖਲਾ ਕਰਾ ਦਿੱਤਾ। ਉਹਨੂੰ ਅਜਿਹਾ ਸੁਯੋਗ ਗਾਈਡ ਵੀ ਲੱਭ ਦਿੱਤਾ ਜਿਹੜਾ ਦਿੱਲੀ ਆਉਂਦਾ ਰਹਿੰਦਾ ਸੀ ਤੇ ਪਰੇਮ ਨੂੰ ਚਾਹੀਦੇ, ਨਾ ਚਾਹੀਦੇ ਪੂਰਨੇ ਪਾ ਕੇ ਦੇ ਜਾਂਦਾ ਸੀ। ਉਹਦਾ ਵਿਸ਼ਾ ਆਜ਼ਾਦੀ ਤੋਂ ਪਹਿਲਾਂ ਦੀ ਇਨਕਲਾਬੀ ਲਹਿਰ ਸੀ। ਵਕਤ ਪੈਣ ‘ਤੇ ਉਹਨੇ ਮਾਸਕੋ ਜਾ ਕੇ ਆਪਣਾ ਥੀਸਸ ਵੀ ਡੀਫੈਂਡ ਕਰ ਲਿਆ ਤੇ ਡਾਕਟਰ ਬਣ ਗਿਆ, ਪਰ ਆਪਣੀ ਡਾਕਟਰੀ ਦੀ ਚਮਕ ਉਹਨੇ ਕੁਝ ਨਿੰਮੀ ਹੀ ਰੱਖੀ ਤੇ ਉਹਨੂੰ ਨਾਂ ਦੇ ਸ਼ੁਰੂ ‘ਚ ਨਹੀਂ, ਅਖੀਰ ‘ਚ ਰੱਖਿਆ। ਉਹ ਡਾæ ਪਰੇਮ ਸਿੰਘ ਨਹੀਂ, ਪਰੇਮ ਸਿੰਘ ਡਾæ ਰਿਹਾ।
ਸਾਡਾ ਇਹ ਦਫ਼ਤਰੀ ਸਾਥ ਸੰਨ 1993 ‘ਚ ਖ਼ਤਮ ਹੋਇਆ। ਸੋਵੀਅਤ ਯੂਨੀਅਨ ਖੇਰੂੰ-ਖੇਰੂੰ ਹੋ ਰਿਹਾ ਸੀ। ਨਵੇਂ ਹਾਕਮ ਭਾਰਤ ਵੱਲੋਂ ਅੱਖਾਂ ਮੀਟ ਰਹੇ ਸਨ ਤੇ ਅਮਰੀਕਾ ਤੇ ਯੂਰਪ ਵੱਲ ਝਾਕ ਰਹੇ ਸਨ। ਇਥੋਂ ਦੇ ਸਾਰੇ ਪ੍ਰੋਗਰਾਮ ਤੇ ਪ੍ਰੋਜੈਕਟ ਠੱਪ ਹੋਣ ਲੱਗੇ। ਸਟਾਫ਼ ਨੂੰ ਛੁੱਟੀ ਮਿਲਣ ਲੱਗੀ। ਜਿਹੜੇ ਦੋ-ਚਾਰ ਬੰਦੇ ਐਨ ਅਖੀਰ ਵੇਲੇ ਰੁਖਸਤ ਹੋਏ, ਉਨ੍ਹਾਂ ‘ਚ ਮੈਂ ਤੇ ਪਰੇਮ ਸਿੰਘ ਵੀ ਸਾਂ, ਪਰ ਅਸੀਂ ਦਫ਼ਤਰ ਛੱਡ ਕੇ ਆਪਣਾ ਸਾਥ ਕਾਇਮ ਰੱਖਿਆ।
ਜਦੋਂ ਸੰਨ 1964 ‘ਚ ਕਮਿਊਨਿਸਟ ਪਾਰਟੀ ਦੋਫ਼ਾੜ ਹੋਈ, ਪਰੇਮ ਸੀæਪੀæਆਈæ ਨਾਲ ਰਿਹਾ ਪਰ ਮਾਰਕਸੀ ਪਾਰਟੀ ਦੇ ਸਿਰਕੱਢ ਆਗੂ ਕਾਮਰੇਡ ਸੁਰਜੀਤ ਨਾਲ ਉਹਨੇ ਮਾੜੀ-ਮੋਟੀ ਛੋਹ ਬਣਾਈ ਰੱਖੀ। ਉਹ ਉਹਦੀ ਸਿਆਸੀ ਸੂਝ-ਸਿਆਣਪ, ਅਸਰ-ਰਸੂਖ, ਖਚਰ-ਵਿੱਦਿਆ ਤੇ ਸਾਧਨ ਜੁਟਾ ਸਕਣ ਦੀ ਸਮਰੱਥਾ ਦਾ ਕਾਇਲ ਸੀ। ਸਾਡੇ ਦਫ਼ਤਰ ਕੰਮ ਕਰਦਿਆਂ ਉਹ ਕਦੀ-ਕਦੀ ਉਹਨੂੰ ਜਾ ਕੇ ਮਿਲ ਆਉਂਦਾ। ਪਰੇਮ ਨੂੰ ਇਹ ਓਪਰਾ ਨਾ ਲੱਗਦਾ, ਕਿਉਂ ਜੋ ਉਹ ਹਮੇਸ਼ਾ ਇਹ ਚਾਹੁੰਦਾ ਰਿਹਾ ਕਿ ਕਮਿਊਨਿਸਟ ਲਹਿਰ ਇਕਜੁੱਟ ਹੋਵੇ। ਜਦੋਂ ਸੁਰਜੀਤ ਨੂੰ ਚੰਡੀਗੜ੍ਹੋਂ ਮਾਰਕਸੀ ਪਾਰਟੀ ਦਾ ਰੋਜ਼ਾਨਾ ‘ਦੇਸ਼ ਸੇਵਕ’ ਕੱਢਣ ਦੀ ਸੁੱਝੀ, ਉਹਨੂੰ ਦਫ਼ਤਰੋਂ ਵਿਹਲੇ ਹੋਏ ਪਰੇਮ ਦਾ ਚੇਤਾ ਆਇਆ। ਉਹਨੇ ਸੰਪਾਦਕ ਤਾਂ ਮੇਰੇ ਇਕ ਹੋਰ ਮਿੱਤਰ ਗੁਲਜ਼ਾਰ ਸਿੰਘ ਸੰਧੂ ਨੂੰ ਥਾਪਿਆ ਪਰ ਉਹਦਾ ਸੰਪਾਦਕੀ ਪਹਿਰੇਦਾਰ ਪਰੇਮ ਸਿੰਘ ਨੂੰ ਬਣਾਇਆ, ਇਕ ਤਰ੍ਹਾਂ ਦੇ ਸਹਿ-ਸੰਪਾਦਕ ਦੀ ਸ਼ਕਲ ‘ਚ। ਦਿਲਬੀਰ ਆਪਣੇ ਕਾਲਜ ਤੋਂ ਰਿਟਾਇਰ ਹੋ ਚੁੱਕੀ ਸੀ। ਇਸ ਲਈ ਪਰੇਮ ਨੂੰ ਚੰਡੀਗੜ੍ਹ ਜਾਣ ‘ਚ ਕੋਈ ਮੁਸ਼ਕਿਲ ਨਾ ਹੋਈ। ਜਦੋਂ ਗੁਲਜ਼ਾਰ ਅਖ਼ਬਾਰ ਛੱਡ ਗਿਆ, ਪਰੇਮ ਨੂੰ ਪਰਚੇ ਦਾ ਸੰਪਾਦਕ ਲਾ ਦਿੱਤਾ ਗਿਆ।
ਕੁਝ ਵਰ੍ਹੇ ਉਹ ਉਸ ਕੁਰਸੀ ‘ਤੇ ਬੈਠਾ ਰਿਹਾ ਤੇ ਜੂਝਦਾ ਰਿਹਾ ਪਰ ਕੁਰਸੀ ਡਾਵਾਂਡੋਲ ਰਹੀ। ਅਜੀਬ ਗੱਲ ਸੀ ਕਿ ਦਹਾਕਿਆਂ ਬੱਧੀ ਇਕੋ ਅਹੁਦੇ ‘ਤੇ ਲੱਗੇ ਰਹਿਣ ਦੀ ਯੋਗਤਾ ਵਾਲੇ ਮਾਰਕਸੀ ਲੀਡਰ ਕਿਸੇ ਵੀ ਸੰਪਾਦਕ ਨੂੰ ਦੋ-ਚਾਰ ਸਾਲ ਵੀ ਟਿਕਾ ਕੇ ਨਾ ਰੱਖ ਸਕੇ। ਅਖ਼ੀਰ ਪਰੇਮ ਨੂੰ ਵੀ ਉਥੋਂ ਉਠਣਾ ਪਿਆ। ਉਸ ਪਿੱਛੋਂ ਉਹਨੇ ਕੋਈ ਹੋਰ ਬਕਾਇਦਾ ਕੰਮ ਨਾ ਸਹੇੜਿਆ, ਆਪਣੀ ਖੋਜ ‘ਚ ਲੱਗਾ ਰਿਹਾ। ਇਨਕਲਾਬੀ ਲਹਿਰਾਂ ਅਤੇ ਦੇਸ਼ ਦੇ ਵੰਡਾਰੇ ਦੇ ਵਿਸ਼ੇ ‘ਚ ਉਹ ਨੂੰ ਉਚੇਚੀ ਦਿਲਚਸਪੀ ਸੀ। ਉਹਨੇ ਬੜਾ ਕੁਝ ਅਰੰਭਿਆ ਹੋਇਆ ਸੀ ਜਿਹੜਾ ਨੇਪਰੇ ਨਹੀਂ ਚੜ੍ਹ ਸਕਿਆ। ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ‘ਤੇ ਉਹ ਨੇ ਪੰਜਾਬੀ ਅਤੇ ਅੰਗਰੇਜ਼ੀ ‘ਚ ਕਿਤਾਬ ਲਿਖੀ ਜਿਹੜੀ ਬਹੁਤ ਪੜ੍ਹੀ ਤੇ ਪਰਖੀ ਗਈ।
ਇਹ ਸਾਰਾ ਸਮਾਂ ਸਾਡੀ ਛੋਹ ਕਾਇਮ ਰਹੀ। ਮੈਂ ‘ਬੁੱਢੇਵਾਰ’ ਨਾਵਲ ਲਿਖਣ ਲੱਗ ਪਿਆ ਸਾਂ ਤੇ ਉਹਦੀ ਮਾਰਕਸੀ ਵਿਚਾਰਵਾਨ ਹੋਣ ਦੀ ਮਸ਼ਹੂਰੀ ਹੋਣ ਲੱਗ ਪਈ ਸੀ। ਸਾਡੇ ਕੋਲ ਕਹਿਣ-ਸੁਣਨ ਨੂੰ ਹੋਰ ਬਹੁਤ ਕੁਝ ਹੋ ਗਿਆ। ਮੋਬਾਇਲ ਦੀ ਮਦਦ ਨਾਲ ਅਸੀਂ ਦਿੱਲੀ ਕਨਾਟ ਪਲੇਸ ਦੇ ਦੁਪਹਿਰੀ ਗਸ਼ਤ ਵਾਲੀ ਅਵਸਥਾ ਉਪਜਾ ਲਈ। ਦੂਜੇ-ਤੀਜੇ ਦਿਨ ਅਸੀਂ ਲੰਮੀਆਂ ਗੱਲਾਂ ਕਰਨ ਲੱਗ ਪਏ। ਅਸੀਂ ਫਿਰ ਆਪਣੇ ਤੇ ਦੁਨੀਆਂ ਜਹਾਨ ਦੇ ਮਸਲਿਆਂ ਨੂੰ ਰਿੜਕਣ ਤੇ ਪੁਣਨ ਲੱਗ ਪਏ। ਮੈਂ ਜੋ ਲਿਖ ਰਿਹਾ ਹੁੰਦਾ, ਉਹ ਪਰੇਮ ਨੂੰ ਦੱਸਦਾ ਤੇ ਉਹ ਮੈਨੂੰ ਦੱਸਦਾ, ਕਿਵੇਂ ਉਹਦੇ ਖੋਜ ਦੇ ਕਿਸੇ ਵਿਸ਼ੇ ਦਾ ਕੋਈ ਨਵਾਂ ਪੱਖ ਉਘੜ ਪਿਆ ਸੀ। ਜਦੋਂ ਵੀ ਮੇਰੇ ਕਿਸੇ ਨਾਵਲ ਦਾ ਖਰੜਾ ਤਿਆਰ ਹੁੰਦਾ, ਮੈਂ ਉਹਨੂੰ ਪੜ੍ਹਨ ਤੇ ਪਰਖਣ ਲਈ ਘੱਲਦਾ। ਉਹਦੀ ਰਾਇ ਵੱਲ ਧਿਆਨ ਦਿੰਦਾ। ਆਪਣਾ ਨਾਵਲ ‘ਭਾਊ’ ਮੈਂ ਉਹਨੂੰ ਤੇ ਦਿਲਬੀਰ ਨੂੰ ਸਮਰਪਿਆ।
ਸਾਨੂੰ ਇਸ ਫਾਸਲਿਆਂ ਤੋਂ ਪਾਰ, ਬੇ-ਤਾਰ ਗੱਲਬਾਤ ਦੀ ਆਦਤ ਪਈ ਹੋਈ ਸੀ। ਜੇ ਦੋ-ਚਾਰ ਦਿਨ ਇਕ-ਦੂਜੇ ਦੀ ਆਵਾਜ਼ ਨਾ ਸੁਣਦੇ ਤਾਂ ਓਦਰ ਜਾਂਦੇ। ਪਰੇਮ ਦਾ ਮੋਬਾਇਲ ਬਹੁਤਾ ਠੀਕ ਕੰਮ ਨਹੀਂ ਸੀ ਕਰਦਾ। ਮੈਂ ਉਹਨੂੰ ਕਹਿੰਦਾ, ਇਹਨੂੰ ਬਦਲ। ਉਹ ਉਹਦੇ ਨਾਲ ਹੀ ਕੰਮ ਚਲਾਉਂਦਾ ਰਿਹਾ। ਉਹਦੇ ਪੂਰੇ ਹੋਣ ਤੋਂ ਤਿੰਨ ਦਿਨ ਪਹਿਲਾਂ ਹੀ ਮੇਰੀ ਉਹਦੇ ਨਾਲ ਚੰਗੀ ਲੰਮੀ ਗੱਲ ਹੋਈ। ਮੈਂ ਹੁਣੇ-ਹੁਣੇ ਸਿਆਸਤ ‘ਚ ਮੌਕਾਪ੍ਰਸਤੀ ਦੇ ਵਿਸ਼ੇ ‘ਤੇ ਆਪਣਾ ਨਾਵਲ ਪੂਰਾ ਕੀਤਾ ਏ। ਮੈਂ ਉਹਨੂੰ ਦੱਸਿਆ ਤੇ ਕਿਹਾ ਕਿ ਮਹੀਨੇ ਕੁ ਬਾਅਦ ਉਹਦਾ ਖਰੜਾ ਤੈਨੂੰ ਨਜ਼ਰ ਮਾਰਨ ਲਈ ਘੱਲਾਂਗਾ। ਉਹਨੇ ਦੱਸਿਆ, ਜੀਵਨ-ਜਾਂਚ ‘ਤੇ ਲਿਖੀ ਇਕ ਕਿਤਾਬ ਦਾ ਉਹਨੇ ਰੀਵਿਊ ਲਿਖਿਆ ਏ। ਮੈਂ ਉਹ ਰੀਵਿਊ ‘ਨਵਾਂ ਜ਼ਮਾਨਾ’ ਵਿਚ ਪੜ੍ਹ ਚੁੱਕਾ ਸਾਂ। ਮੈਂ ਉਹਨੂੰ ਪਾਕਿਸਤਾਨੀ ਫ਼ਿਲਮ ‘ਖੁਦਾ ਕੇ ਲੀਏ’ ਦੀ ਡੀæਵੀæਡੀæ ਘੱਲੀ ਸੀ। ਕਹਿਣ ਲੱਗਾ, ਅਜੇ ਅਸੀਂ ਨਹੀਂ ਵੇਖ ਸਕੇ। ਪਰੇਮ ਪੂਰੇ ਮਜ਼ੇ ‘ਚ ਸੀ। ਹੱਸ-ਹੱਸ ਕੇ ਬੋਲ ਰਿਹਾ ਸੀ। ਇਹ ਉਕਾ ਮਹਿਸੂਸ ਨਹੀਂ ਸੀ ਹੁੰਦਾ ਕਿ ਉਹਨੇ ਕੁਝ ਹੀ ਦਿਨਾਂ ‘ਚ ਚਲੇ ਜਾਣ ਦੀ ਧਾਰ ਰੱਖੀ ਸੀ। ਜੇ ਮੈਨੂੰ ਉਦੋਂ ਇਹ ਮਹਿਸੂਸ ਹੋ ਪੈਂਦਾ ਤਾਂ ਮੈਂ ਉਹ ਨੂੰ ਜ਼ਰੂਰ ਕਹਿੰਦਾ, “ਯਾਰ, ਏਨੀ ਛੇਤੀ ਨਾ ਕਰ, ਪਹਿਲੋਂ ਆਪਣਾ ਵੰਡਾਰੇ ਵਾਲਾ ਥੀਸਸ ਮੁਕਾ ਲੈ। ਮੇਰਾ ਖਰੜਾ ਵੀ ਪੜ੍ਹ ਲੈ। ਉਹ ਪਾਕਿਸਤਾਨੀ ਫਿਲਮ ਵੀ ਵੇਖ ਲੈ, ਬੜੀ ਚੰਗੀ ਆ।” ਪਰ ਪਤਾ ਨਹੀਂ ਕਿਉਂ, ਮੈਂ ਇਹ ਮਹਿਸੂਸ ਕਰਨੋਂ ਤੇ ਉਹਨੂੰ ਵਰਜਣੋਂ ਉਕ ਗਿਆ। ਜੇ ਵਰਜ ਦਿੰਦਾ ਤਾਂ ਸ਼ਾਇਦ ਉਹ ਮੰਨ ਜਾਂਦਾ। ਕਦੀ-ਕਦੀ ਉਹ ਮੇਰਾ ਕਿਹਾ ਮੰਨ ਵੀ ਲੈਂਦਾ ਸੀ।
Leave a Reply