ਸਿਆਸੀ ਮਿੱਥਾਂ ਅਤੇ ਕਟੱਪਿਆਂ ਦੀ ਤ੍ਰਾਸਦੀ

ਇਹ ਕੋਈ ਇਤਫਾਕ ਨਹੀਂ ਕਿ ‘ਬਾਹੂਬਲੀ 2- ਦਿ ਕਨਕਲ਼ੂਜ਼ਨ’ ਅਤੇ ਇਸ ਤੋਂ ਪਹਿਲਾਂ ‘ਬਾਹੂਬਲੀ- ਦਿ ਬਿਗਨਿੰਗ’ ਫਿਲਮਾਂ ਉਸ ਵਕਤ ਆਈਆਂ ਹਨ ਜਦੋਂ ਮੁਲਕ ਅੰਦਰ ਹਿੰਦੂਤਵ ਸਿਆਸਤ ਦਾ ਰੱਥ ਤੇਜ਼ੀ ਨਾਲ ਗੇੜਿਆ ਜਾ ਰਿਹਾ ਹੈ। ਜ਼ਿੰਦਗੀ ਦੇ ਹਰ ਖੇਤਰ ਉਤੇ ਇਸ ਨੂੰ ਅਸਰਅੰਦਾਜ਼ ਕਰਨ ਦੇ ਹੀਲੇ ਕੀਤੇ ਜਾ ਰਹੇ ਹਨ। ਸਾਡੀ ਕਾਲਮਨਵੀਸ ਕੁਲਦੀਪ ਕੌਰ ਨੇ ਇਸ ਪੱਖ ਤੋਂ ਫਿਲਮ ‘ਬਾਹੂਬਲੀ 2- ਦਿ ਕਨਕਲ਼ੂਜ਼ਨ’ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

ਉਸ ਨੇ ਇਸ ਫਿਲਮ ਦੀ ਅਸਲ ਸਿਆਸਤ ਵੱਲ ਦਰਸ਼ਕਾਂ ਦਾ ਧਿਆਨ ਦਿਵਾਉਣ ਦਾ ਯਤਨ ਕੀਤਾ ਹੈ। -ਸੰਪਾਦਕ
ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਬਾਹੂਬਲੀ 2- ਦਿ ਕਨਕਲ਼ੂਜ਼ਨ’ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਉਘੀ ਇਤਿਹਾਸਕਾਰ ਰੋਮਿਲਾ ਥਾਪਰ ਨੇ ਸਮਕਾਲੀ ਸਿਆਸੀ ਸੱਤਾ ਦੁਆਰਾ ਮਿੱਥਾਂ ਅਤੇ ਧਾਰਨਾਵਾਂ ਨੂੰ ਇਤਿਹਾਸ ਦੇ ਤੌਰ ‘ਤੇ ਸਵੀਕਾਰ ਕਰਨ ਖਿਲਾਫ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਰਾਸ਼ਟਰ ਦਾ ਸਰਵ-ਪ੍ਰਮਾਣਿਤ ਸਾਹਿਤ ਵੀ ਇਤਿਹਾਸ ਨਹੀਂ ਹੁੰਦਾ, ਸਗੋਂ ਇਤਿਹਾਸ ਨੂੰ ਦੇਖਣ ਤੇ ਸਮਝਣ ਦਾ ਨਜ਼ਰੀਆ ਮਾਤਰ ਹੁੰਦਾ ਹੈ। ‘ਬਾਹੂਬਲੀ 2’ ਨੇ ਕਈ ਪੱਖਾਂ ਤੋਂ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਨਵਾਂ ਪੰਨਾ ਜੋੜਿਆ ਹੈ। ਫਿਲਮ ਨੇ ਆਧੁਨਿਕ ਤਕਨੀਕਾਂ ਅਤੇ ਗਰਾਫਿਕ ਡਿਜ਼ਾਈਨਿੰਗ ਦੀ ਸਹਾਇਤਾ ਨਾਲ ਜਿੰਨੇ ਵੱਡੇ ਪੱਧਰ ‘ਤੇ ਕਿਸੇ ਫੈਂਟਸੀ ਦੀ ਅਸਲੀਅਤ ਸਿਰਜੀ ਹੈ, ਉਹ ਬਾਕਮਾਲ ਹੈ। ਫਿਲਮ ਬਾਕਸ ਆਫਿਸ ‘ਤੇ ਸੁਪਰ-ਹਿੱਟ ਰਹੀ ਹੈ ਅਤੇ ਨਿਰਮਾਤਾ ਤੇ ਵਿਤਰਕਾਂ ਦੇ ਦੋਹਾਂ ਹੱਥਾਂ ਵਿਚ ਲੱਡੂ ਆ ਗਏ।
ਫਿਲਮ ਦਾ ਹਾਸਲ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਟੀਮ ਨੇ ਫਿਲਮ ਦੇ ਕੇਂਦਰੀ ਸਵਾਲ ‘ਕਟੱਪਾ ਨੇ ਬਾਹੂਬਲੀ ਕੋ ਕਿਉਂ ਮਾਰਾ?’ ਨੂੰ ਇੰਨੀ ਪਵਿੱਤਰਤਾ ਨਾਲ ਦਰਸ਼ਕਾਂ ਤੋਂ ਲਕੋ ਕੇ ਰੱਖਿਆ ਕਿ ਦਰਸ਼ਕਾਂ ਅੰਦਰ ਇਸ ਦਾ ਜਵਾਬ ਜਾਨਣ ਲਈ ਜਨੂੰਨ ਪੈਦਾ ਕਰ ਦਿੱਤਾ। ਇਥੇ ਇਹ ਨੁਕਤਾ ਅਹਿਮ ਨਹੀਂ ਰਿਹਾ ਕਿ ਇਸ ਸਵਾਲ ਦਾ ਅਸਲ ਜਵਾਬ ਕੀ ਹੈ, ਸਗੋਂ ਪੁੱਛਣ ਵਾਲਾ ਸਵਾਲ ਇਹ ਬਣ ਗਿਆ ਕਿ ਪਹਿਲੂ ਖਾਨ, ਰੋਹਿਤ ਵੇਮੁਲਾ, ਅਖਲਾਕ, ਨਰਿੰਦਰ ਦਾਭੋਲਕਰ, ਪ੍ਰੋਫੈਸਰ ਕੁਲਬਰਗੀ ਦੇ ਕਤਲਾਂ ਦਾ ਗਵਾਹ ਇਸ ਮੁਲਕ ਦਾ ਦਰਸ਼ਕ, ਸਾਮੰਤੀ ਸਿਆਸਤ ਦੀ ਕਹਾਣੀ ਦੇ ਫਿਲਮੀ ਕਿਰਦਾਰ ਦੇ ਕਤਲ ਬਾਰੇ ਇੰਨਾ ਜਾਗਰੂਕ ਕਿਵੇਂ ਹੋ ਜਾਂਦਾ ਹੈ? ਕੀ ਇਸ ਮੁਲਕ ਦੀ ਇਸ ‘ਸਮੂਹਿਕ ਪ੍ਰਤੀਕਿਰਿਆ’ ਦੀਆਂ ਕੜੀਆਂ ਸਮਕਾਲੀ ਸਿਆਸਤ ਦੀਆਂ ਪੇਚਦਗੀਆਂ ਨਾਲ ਜੁੜਦੀਆਂ ਹਨ, ਜਾਂ ਇਸ ਦਾ ਸਬੰਧ ਸੰਵੇਦਨਸ਼ੀਲ ਸ਼ਹਿਰੀ ਦੇ ਤੌਰ ‘ਤੇ ਸਾਡੀ ਇਤਿਹਾਸ ਪ੍ਰਤੀ ਖੁੰਢੀ ਮਾਨਸਿਕਤਾ ਨੂੰ ਦਰਸਾਉਂਦਾ ਹੈ?
ਫਿਲਮ ਦੇਖਦਿਆਂ ਵਾਰ ਵਾਰ ਮੁਲਕ ਦੀ ਸਰਕਾਰ ਵੱਲੋਂ ਜਲਾਵਤਨ ਕੀਤੇ ਮਹਰੂਮ ਚਿਤਰਕਾਰ ਐਮæਐਫ਼ ਹੁਸੈਨ ਦੀ ਯਾਦ ਆਉਂਦੀ ਰਹੀ। ਆਪਣੀ ਜਲਾਵਤਨੀ ਦੌਰਾਨ ਦਿੱਤੇ ਸਾਰੇ ਇੰਟਰਵਿਊਆਂ ਵਿਚ ਉਹਦੀ ਆਪਣੇ ਵਤਨ ਲਈ ਸਿੱਕ ਰੁਆ ਦੇਣ ਵਾਲੀ ਹੈ। ਆਪਣੇ ਆਖਰੀ ਸਾਲਾਂ ਵਿਚ ਉਹਨੇ ‘ਦਿ ਹਿੰਦੂ’ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਹੁਣ ਕਲਾ ਦੇ ਸਿਆਸੀ ਹੋ ਜਾਣ ਦਾ ਵਕਤ ਹੈ। ਹੁਸੈਨ ਨੂੰ ਭਾਰਤੀ ਇਤਿਹਾਸ ਅਤੇ ਮਿਥਿਹਾਸ ਦਾ ਬਿਹਰਤਰੀਨ ਚਿਤੇਰਾ ਮੰਨਿਆ ਗਿਆ ਹੈ। ਉਹਨੇ ‘ਮਹਾਂਭਾਰਤ’ ਅਤੇ ‘ਰਮਾਇਣ’ ਦੇ ਅਹਿਮ ਭਾਗਾਂ ਨੂੰ ਆਪਣੇ ਬੁਰਸ਼ ਦੀ ਛੋਹ ਨਾਲ ਅਮਰ ਕਰ ਦਿੱਤਾ। ਦੁਨੀਆਂ ਉਹਨੂੰ ‘ਭਾਰਤ ਦਾ ਪਿਕਾਸੋ’ ਕਹਿ ਕੇ ਮਾਣ ਦਿੰਦੀ ਹੈ। ਉਸ ਦਾ ਸਿਰਜਿਆ ‘ਮਹਾਂਭਾਰਤ’ ਤੇ ‘ਰਮਾਇਣ’ ਦਰਸ਼ਕ ਨੂੰ ਇਨ੍ਹਾਂ ਪੁਰਾਤਨ ਗ੍ਰੰਥਾਂ ਦੀ ਦਾਰਸ਼ਿਨਕਤਾ ਅਤੇ ਸਾਰਥਿਕਤਾ ਦੀ ਥਾਹ ਪੁਆਉਂਦਾ ਹੈ। ਉਹ ਇਨ੍ਹਾਂ ਨੂੰ ਭਾਰਤੀ ਲੋਕਾਂ ਦੀ ਸਾਂਝੀ ਹੋਂਦ ਅਤੇ ਭਾਰਤੀ ਖਿੱਤੇ ਦੇ ਜੀਵਨ-ਪ੍ਰਬੰਧ ਦੀਆਂ ਕਦਰਾਂ-ਕੀਮਤਾਂ ਦੇ ਸਤਰੰਗੇ ਪ੍ਰਿਜ਼ਮ ਵਜੋਂ ਬੁਣਦੇ ਹਨ। ਫਿਲਮ ‘ਬਾਹੂਬਲੀ 2’ ਇਸ ਪ੍ਰਿਜ਼ਮ ਵਿਚੋਂ ਬਹੁਤ ਬੇਦਰਦੀ ਨਾਲ ਕੁਝ ਖਾਸ ਰੰਗ ਚੁਣਦੀ ਹੈ ਅਤੇ ਬਾਕੀ ਰੰਗਾਂ ਨੂੰ ਬਦਰੰਗ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਇਕ ਖਾਸ ਜਾਤ ਦੇ ਸਰਬ-ਕਲਾ ਸੰਪੂਰਨ ਵਰਗ ਦੀ ਸ਼ਾਸਨ-ਕੁਸ਼ਲਤਾ ਅਤੇ ਬਾਕੀ ਜਾਤਾਂ ਦੇ ਗੀਦੀ ਹੋਣ ਦੀ ਇੰਨੀ ਜ਼ਬਰਦਸਤ ਦਲੀਲ ਘੜਦੀ ਹੈ ਕਿ ਸਿਨੇਮਾ ਦੀ ਇਹ ਕਹਾਣੀ, ਕਹਾਣੀ ਨਾ ਰਹਿ ਕੇ ਮੱਧ-ਯੁਗੀ ਵਰਤਾਰਿਆਂ ਦੀ ਅਸ਼ਟਾਮੀ ਮੋਹਰ ਬਣਦੀ ਨਜ਼ਰ ਆਉਂਦੀ ਹੈ।
‘ਬਾਹੂਬਲੀ 2’ ਦੇਖਦਿਆਂ ਰਾਹੀ ਮਾਸੂਮ ਰਜ਼ਾ ਦਾ ਲਿਖਿਆ ‘ਮਹਾਂਭਾਰਤ’ ਵੀ ਦਿਮਾਗ ਵਿਚ ਖੌਰੂ ਪਾਉਂਦਾ ਰਿਹਾ। ਕਿਸੇ ਸਿਆਸੀ ਪਰਿਵਾਰ ਦੇ ਆਪਸੀ ਕਲੇਸ਼ ‘ਤੇ ਆਧਾਰਿਤ ਇਸ ਮਹਾਂਗਾਥਾ ਵਿਚ ‘ਰਾਜ ਧਰਮ’, ‘ਪਰਜਾ ਤੇ ਰਾਜਾ ਦੇ ਸਬੰਧ’, ‘ਆਦਰਸ਼ ਰਾਜਾ’, ‘ਖਾਨਦਾਨੀ ਉਚਤਾ’ ਅਤੇ ‘ਔਰਤਾਂ ਉਰਫ ਏਜੰਸੀ’ ਬਾਰੇ ਬਹੁਤ ਸਾਰੇ ਪ੍ਰਸੰਗ ਸ਼ਾਮਿਲ ਹਨ। ਰਜ਼ਾ ਦਾ ਲਿਖਿਆ ‘ਮਹਾਂਭਾਰਤ’ ਸੌੜੀ ਸਿਆਸਤ ਦਾ ਸਮੇਂ ਅਤੇ ਇਤਿਹਾਸ ਨਾਲ ਸੰਵਾਦ ਰਚਾਉਂਦਾ ਹੈ। ਇਹ ਸਿਖਾਉਂਦਾ ਹੈ ਕਿ ਕੌਰਵ ਪੂਰੀ ਤਰਾਂ੍ਹ ਦਿਲਾਂ ਦੇ ਕਾਲੇ ਨਹੀਂ ਤੇ ਪਾਂਡੋਆਂ ਦਾ ‘ਸੱਚ’ ਵੀ ਮੌਕਾ ਆਉਣ ‘ਤੇ ਕਾਇਰਤਾ ਵਿਚ ਵਟਦੇ ਦੇਰ ਨਹੀਂ ਲਾਉਂਦਾ। ਫਿਲਮ ਇਸੇ ਤਰ੍ਹਾਂ ਦੀ ਕਹਾਣੀ ਨੂੰ ਜਾਂ ਤਾਂ ਪੂਰੀ ਤਰ੍ਹਾਂ ਚੰਗੇ ਜਾਂ ਫਿਰ ਮਾੜੇ ਕਿਰਦਾਰਾਂ ਦੀਆਂ ਇਕਿਹਰੀਆਂ ਪਰਤਾਂ ਵਿਚ ਪੇਸ਼ ਕਰਦੀ ਹੈ।
ਫਿਲਮ ਵਿਚਲੀ ਸਿਆਸਤ ਦੇ ਮੌਜੂਦਾ ਰਾਜਤੰਤਰ ਨਾਲ ਸਬੰਧਾਂ ਬਾਰੇ ਚਰਚਾ ਤੋਂ ਪਹਿਲਾਂ ਇਸ ਬਾਰੇ ਹੋਈ ਚਰਚਾ ਬਾਰੇ ਦੋ ਟਿੱਪਣੀਆਂ ਅਹਿਮ ਹਨ। ਪਹਿਲੀ, ਫਿਲਮ ਨੂੰ ‘ਹਿੰਦੂ ਫਿਲਮ’ ਕਿਹਾ ਜਾ ਰਿਹਾ ਹੈ ਅਤੇ ਇਸ ਨੂੰ ਭਾਰਤੀ ਸਿਨੇਮਾ ਵਿਚ ਹੁਣ ਤੱਕ ਹਿੰਦੂ ਧਰਮ ਦੇ ਪ੍ਰਤੀਕਾਂ, ਸੰਕੇਤਾਂ, ਚਿੰਨ੍ਹਾਂ ਅਤੇ ਮਰਿਆਦਾ ਬਾਰੇ ਸਿਰਜੀਆਂ ‘ਗੁੰਮਰਾਹਕੁਨ’ ਫਿਲ਼ਮਾਂ (ਜਿਨ੍ਹਾਂ ਵਿਚ ‘ਪੀæਕੇæ’ ਅਤੇ ਓæਐਮæਜੀæ ਆਦਿ ਫਿਲਮਾਂ ਸ਼ਾਮਿਲ ਹਨ ਜੋ ਮੂਲ ਰੂਪ ਵਿਚ ਧਰਮ ਦੀ ਗਲਤ ਵਿਆਖਿਆ ਕਰਨ ਵਾਲੇ ਮੱਠਾਂ ‘ਤੇ ਉਂਗਲ ਉਠਾਉਂਦੀਆਂ ਹਨ) ਦੇ ਢੁਕਵੇਂ ਤੋੜ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਦੂਜਾ, ਫਿਲਮ ਦੇ ਵਿਆਕਰਣ ਅਤੇ ਸਿਨੇਮਈ ਮੁਹਾਵਰੇ ‘ਤੇ ਵਿਚਾਰ ਪ੍ਰਗਟਾਉਣ ਵਾਲੇ ਕਾਲਮਨਵੀਸਾਂ ਅਤੇ ਲੇਖਕਾਂ ਨੂੰ ਭੰਡਣ, ਧਮਕਾਉਣ ਅਤੇ ਸਬਕ ਸਿਖਾਉਣ ਦੀਆਂ ਧਮਕੀਆਂ ਦਾ ਨਾ ਟੁੱਟਣ ਵਾਲਾ ਸਿਲਸਿਲਾ ਚੱਲਿਆ। ਮਸਲਨ, ਕਈ ਸਾਲਾਂ ਤੋਂ ਫਿਲਮਾਂ ਉਤੇ ਆਲੋਚਨਾਤਮਕ ਢੰਗ ਨਾਲ ਲਿਖਣ ਵਾਲੀ ‘ਇੰਡੀਅਨ ਐਕਸਪ੍ਰੈਸ’ ਦੀ ਕਾਲਮਨਵੀਸ ਸ਼ੁਭਰਾ ਗੁਪਤਾ ਨੂੰ ਆਨਲਾਈਨ ਪ੍ਰੇਸ਼ਾਨ ਕੀਤਾ ਗਿਆ ਅਤੇ ਉਸ ਦੇ ਭਾਰਤੀ ਹੋਣ ‘ਤੇ ਸਵਾਲ ਖੜ੍ਹੇ ਕੀਤੇ ਗਏ। ਐਨæਡੀæਟੀæਵੀæ ਦੇ ਫਿਲਮ ਪੱਤਰਕਾਰ ਸੈਬਲ ਬੈਨਰਜੀ ਨੂੰ ਸ਼ਰੇਆਮ ਟੀæਵੀæ ਦੀ ਵੈਬਸਾਈਟ ‘ਤੇ ਗਾਲਾਂ ਕੱਢੀਆਂ ਗਈਆਂ ਅਤੇ ਕਿਹਾ ਗਿਆ ਕਿ ਬੰਗਾਲੀ ਹੋਣ ਕਾਰਨ ਉਸ ਦੀ ਤੇਲਗੂ ਸਿਨੇਮਾ ਨਾਲ ਖੁੰਦਕ ਹੈ ਜਿਸ ਕਰ ਕੇ ਉਹ ਫਿਲਮ ਦੀ ਸਫਲਤਾ ਪਚਾ ਨਹੀਂ ਸਕਿਆ। ਉਸ ਨੂੰ ਨਕਸਲੀ ਕਿਹਾ ਗਿਆ। ਮੁਲਕ ਵਿਚ ਵਧ ਰਹੀ ਫਿਰਕੂ ਅਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦਿਆਂ ‘ਤੇ ਹੁਣੇ ਹੁਣੇ ਸਯੁੰਕਤ ਰਾਸ਼ਟਰ ਦੀ ਬੈਠਕ ਵਿਚ ਸੌ ਮੁਲਕਾਂ ਦੇ ਨੁਮਾਇੰਦਿਆਂ ਤੋਂ ਤਾੜਨਾ ਕਰਾ ਕੇ ਮੁੜੀ ਮੋਦੀ ਸਰਕਾਰ ਦਾ ਪ੍ਰਚਾਰ-ਤੰਤਰ ਜੋ ਮਰਜ਼ੀ ਕਹੇ, ਮੁਲਕ ਦੀਆਂ ਘੱਟ-ਗਿਣਤੀਆਂ, ਦਲਿਤਾਂ ਅਤੇ ਹਾਸ਼ੀਏ ‘ਤੇ ਪਏ ਵਰਗਾਂ ਨੂੰ ਇਸ ਸਰਕਾਰ ਨੇ ਭਾਰਤੀ ਸ਼ਹਿਰੀ ਦੀ ਪ੍ਰੀਭਾਸ਼ਾ ਵਿਚੋਂ ਬਾਹਰ ਧੱਕਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਫਿਲਮ ਦੇ ਬਹੁਤ ਸਾਰੇ ਫਰੇਮਾਂ ਵਿਚ ਕਤਾਰਾਂ ਬੰਨ੍ਹ ਕੇ ਖਲੋਤੇ ਅਜਿਹੇ ਬੇਨਾਮ ਤੇ ਬੇਪਛਾਣ ਚਿਹਰਿਆਂ ਦੀ ਭੀੜ ਹੈ ਜਿਨ੍ਹਾਂ ਦੀ ਹੋਂਦ ਰਾਜੇ ਦੀ ਮਰਜ਼ੀ ਦੀ ਡੋਰ ਦੇ ਹੱਥ ਹੈ। ਇਨ੍ਹਾਂ ਨੂੰ ਫਿਲਮ ਵਿਚ ਕੀੜੇ-ਮਕੌੜਿਆਂ ਵਾਂਗ ਮਰਦੇ ਦੇਖਿਆ ਜਾ ਸਕਦਾ ਹੈ, ਪਰ ਹੈਰਾਨੀ ਹੈ ਕਿ ਦਰਸ਼ਕ ਦਾ ਧਿਆਨ ਉਸ ਸਮੇਂ ਵੀ ਢਹਿ ਰਹੀਆਂ ਸ਼ਾਨਦਾਰ ਇਮਾਰਤਾਂ ਉਤੇ ਹੀ ਹੁੰਦਾ ਹੈ। ਬੰਦੇ ਦੇ ਮਰਨ ਨੂੰ ਸਾਧਾਰਨਤਾ ਦੀ ਪੁੱਠ ਚਾੜ੍ਹਦਾ ਇਹ ਆਧੁਨਿਕ ਸਿਨੇਮਾ ਕੀ ਸਿਰਜ ਰਿਹਾ ਹੈ, ਇਹ ਸਵਾਲ ਤਾਂ ਪੁੱਛਿਆ ਹੀ ਜਾਣਾ ਬਣਦਾ ਹੈ। ਇਹ ਸਾਰੇ ਦਾ ਸਾਰਾ ਸਿਰਫ ਇਤਫਾਕ ਨਹੀਂ ਹੋ ਸਕਦਾ!
ਫਿਲਮ ਦਾ ਸਭ ਤੋਂ ਮਹੱਤਵਪੂਰਨ ਸੰਵਾਦ ਹੈ: ਮੇਰਾ ਵਚਨ ਹੀ ਮੇਰਾ ਸ਼ਾਸਨ ਹੈ। ਕਿਸੇ ਵੀ ਮੁਲਕ ਦਾ ਗੈਰਤਮੰਦ ਸ਼ਹਿਰੀ ਜਿਹੜਾ ਜਮਹੂਰੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਕਰਦਾ ਹੈ, ਇਸ ਸੰਵਾਦ ‘ਤੇ ਸਵਾਲ ਖੜ੍ਹੇ ਕਰੇਗਾ। ਇਸ ਸੰਵਾਦ ਦੀ ਵਿਆਖਿਆ ਬਹੁ-ਪਰਤੀ ਹੈ। ਆਪਣੀ ਮਕਬੂਲ ਕਿਤਾਬ ‘ਦੀ ਰਿਪਬਲ਼ਿਕ’ ਵਿਚ ਸਿਆਸੀ ਚਿੰਤਕ ਪਲੂਟੋ ਲ਼ਿਖਦਾ ਹੈ: “ਆਦਰਸ਼ ਰਾਜ ਦੀ ਧਾਰਨਾ ਦਾ ਮੂਲ ਤੱਤ ਨਿਆਂ ਹੈ ਜਿਹੜਾ ਸੁਚੱਜੇ ਰਾਜ-ਤੰਤਰ ਦੀ ਭੂਮਿਕਾ ਬੰਨ੍ਹਦਾ ਹੈ। ਨਿਆਂ ਦਾ ਇਹ ਮਹੱਤਵਪੂਰਨ ਤੱਤ ਮੁਲਕ ਦੇ ਖਾਸ ਵਰਗ ਦਾ ਅਧਿਕਾਰ ਨਹੀਂ, ਸਗੋਂ ਸਿਆਸੀ ਪ੍ਰਬੰਧ ਦਾ ਸਿਧੇ-ਅਸਿਧੇ ਰੂਪ ਵਿਚ ਹਿੱਸਾ ਰਹੇ ਨਾਗਰਿਕਾਂ ਦੀ ਭਲਾਈ ਨਾਲ ਸਬੰਧਤ ਹੈ। ਇਸ ਨਾਲ ਨਾਗਰਿਕਾਂ ਵਿਚ ਇਕਜੁਟਤਾ ਦੀ ਭਾਵਨਾ ਆਉਂਦੀ ਹੈ, ਭਲਾਈ ਵੱਲ ਨੀਤੀਆਂ ਕੇਂਦਰਿਤ ਹੁੰਦੀਆਂ ਹਨ। ਅਨਿਆਂ ਤਾਂ ਖਾਨਜੰਗੀ, ਨਫਰਤ ਅਤੇ ਜੰਗਾਂ ਨੂੰ ਜਨਮ ਦਿੰਦਾ ਹੈ, ਜਦਕਿ ਨਿਆਂ ਨਾਲ ਸਹਿਹੋਂਦ ਅਤੇ ਦੋਸਤੀਆਂ ਦੀ ਨਵੀਂ ਫਸਲ ਪੈਦਾ ਹੁੰਦੀ ਹੈ।”
ਇਸ ਫਿਲਮ ਦਾ ਕੇਂਦਰੀ ਨੁਕਤਾ ਵੀ ‘ਨਿਆਂ’ ਹੀ ਹੈ, ਪਰ ਇਸ ‘ਨਿਆਂ’ ਦਾ ਫਿਲਮ ਵਿਚ ਦਿਖਾਏ ਸ਼ਹਿਰੀਆਂ ਨਾਲ ਕੋਈ ਲੈਣਾ-ਦੇਣਾ ਨਹੀਂ, ਸਗੋਂ ਸਾਰੀ ਫਿਲਮ ਦਾ ਆਧਾਰ ਸੱਤਾ ਲਈ ਛਿੜੀ ਮਨਹੂਸ ਜੰਗ ਹੈ। ਫਿਲਮ ਦੀ ਕਹਾਣੀ ਇਕ ਪਰਿਵਾਰ ਦੇ ਆਪਸੀ ਕਲੇਸ਼, ਬਦਲੇ, ਹਿੰਸਾ ਅਤੇ ਸੱਤਾ ਦੀ ਕਸ਼ਮਕਸ਼ ਦੀ ਲੜਾਈ ਹੈ। ਫਿਲਮ ਦੇਖਦਿਆਂ ਇਸ ਦੀ ਮਕਬੂਲੀਅਤ ਦੇ ਕਾਰਨਾਂ ਦੀ ਆਪਣੇ-ਆਪ ਹੀ ਸਮਝ ਆ ਜਾਂਦੀ ਹੈ। ਫਿਲਮ ਵਿਚ ਨਵੀਆਂ ਤਕਨੀਕਾਂ ਦਾ ਇੰਨੇ ਖੁੱਲ੍ਹੇ ਦਿਲ ਨਾਲ ਇਸਤੇਮਾਲ ਕੀਤਾ ਗਿਆ ਹੈ ਕਿ ਦਰਸ਼ਕ ਬਚਪਨ ਵਿਚ ਪੜੀ੍ਹਆਂ ਅਮਰ ਚਿੱਤਰ ਕਥਾਵਾਂ ਦੇ ਕਾਰਟੂਨੀ ਸੰਸਾਰ ਵਿਚ ਮੰਤਰ-ਮੁਗਧ ਹੋ ਜਾਂਦਾ ਹੈ। ਨਿਰਦੇਸ਼ਕ ਦਰਸ਼ਕਾਂ ਦੀ ਇਸ ਸਮਾਧੀ ਅਵਸਥਾ ਦੌਰਾਨ ਇਹ ਪਤਾ ਨਹੀ ਲੱਗਣ ਦਿੰਦਾ ਕਿ ‘ਨਿਆਂ’ ਦੀ ਇਸ ਜੰਗ ਵਿਚ ਉਹ ਤਾਨਾਸ਼ਾਹ ਦੇ ਹੱਕ ਵਿਚ ਭੁਗਤ ਰਹੇ ਹਨ।
ਫਿਲਮ ਦੀ ਖਾਸੀਅਤ ਨਾਇਕ ਦੀ ਸ਼ਖਸੀਅਤ ਵਿਚਲਾ ਦੇਵਤਾਪਣ ਹੈ। ਦਰਸ਼ਕ ਉਹਨੂੰ ਧਾਰਮਿਕ ਵਰਤਾਰੇ ਵਾਂਗ ਗ੍ਰਹਿਣ ਕਰਦੇ ਹਨ ਅਤੇ ਉਸ ਦੇ ਪ੍ਰਵਚਨਾਂ ‘ਤੇ ਰੱਜ ਕੇ ਤਾੜੀਆਂ ਮਾਰਦੇ ਹਨ। ਉਸ ਨੂੰ ਹਰ ਹਾਲ ‘ਨਿਆਂ’ ਦਿਵਾਉਣ ਲਈ ਲਗਾਤਾਰ ਚੱਲ ਰਹੀ ਜੰਗ ਵਿਚ ਨਾਗਰਿਕਾਂ ਨੂੰ ਜ਼ਿੰਦਾ ਜਲਾਉਣ, ਉਨ੍ਹਾਂ ਦੇ ਹੱਥ-ਪੈਰ-ਸਿਰ ਵੱਢਣ, ਅਪਾਹਜ ਕਰਨ, ਉਨ੍ਹਾਂ ਦੀਆਂ ਬਸਤੀਆਂ ਜਲਾਉਣ ਦੀ ਮੂਕ ਰਜ਼ਾਮੰਦੀ ਦਿੰਦੇ ਹਨ। ਇਸ ਵਿਚ ਸ਼ਾਹੀ ਖਾਨਦਾਨ ਦੀ ਦੁਸ਼ਮਣ ਦੂਜੀ ਧਿਰ ਕੌਣ ਹਨ? ਪੰਡੋਰੀਆਂ ਅਤੇ ਰਾਜ ਸੇਵਕਾਂ ਦੀ ਪਛਾਣ ਬਾਰੇ ਕੋਈ ਸਿੱਧਾ ਪ੍ਰਸੰਗ ਨਾ ਹੋਣ ਦੇ ਬਾਵਜੂਦ ਇਹ ਸਪਸ਼ਟ ਹੈ ਕਿ ਇਹ ਹਾਸ਼ੀਏ ‘ਤੇ ਪਏ ਉਹ ਲੋਕ ਹਨ ਜਿਨ੍ਹਾਂ ਵਰਗਿਆਂ ਨੂੰ ਅਮਰੀਕਾ ‘ਸਾਡੇ ਨਾਲ ਨਹੀਂ ਹੋ ਤਾਂ ਸਾਡੇ ਖਿਲਾਫ ਹੋ’ ਦੀਆਂ ਧਮਕੀਆਂ ਦਿੰਦਾ ਹੈ। ਫਿਲਮ ਵਿਚ ਕਟੱਪਾ ਦਾ ਕਿਰਦਾਰ ਸਭ ਤੋਂ ਗੁੰਝਲਦਾਰ ਅਤੇ ਅੰਤਰ-ਵਿਰੋਧਾਂ ਭਰਿਆ ਪਿਆ ਹੈ। ਉਸ ਦੀ ਕਸ਼ਮਕਸ਼ ਅਤੇ ਨੈਤਿਕ ਸੱਚਾਈ ਨੂੰ ਦੇਖਦਿਆਂ ਡਾਕਟਰ ਅੰਬੇਦਕਰ ਦੀ ਯਾਦ ਆਉਂਦੀ ਹੈ ਜਿਨ੍ਹਾਂ ਨੇ ਕਦੇ ਭਾਰਤੀ ਜਨਤਾ ਦੇ ਸਰਬ ਮੁਖੀ ਵਿਕਾਸ ਅਤੇ ਵਿਗਿਆਨਕ ਸੋਚ ਦੇ ਪਸਾਰ ਲਈ ਲੰਮੀ ਜੰਗ ਲੜੀ ਸੀ। ਸ਼ਾਇਦ ਇਹ ਫਿਲਮ ਭਾਰਤੀ ਸੰਵਿਧਾਨ ਦੀ ਮੌਜੂਦਾ ਦੌਰ ਵਿਚ ਸਾਰਥਿਕਤਾ ਤੇ ਨਵੇਂ ਸਿਰਿਉਂ ਝਾਤ ਮਾਰਨ ਦਾ ਬਹਾਨਾ ਬਣ ਜਾਵੇ!
ਪੋਸਟ ਸਕਰਿਪਟ: ਲਗਦਾ ਹੈ, ਆਪਣੀ ਪਹਿਲੀ ਫਿਲਮ ‘ਬਾਹੂਬਲੀ- ਦਿ ਬਿਗਨਿੰਗ’ ਬਾਰੇ ਲਿਖੇ ਲੇਖ ਫਿਲਮ ਦੇ ਨਿਰਦੇਸ਼ਕ ਨੇ ਬਹੁਤ ਧਿਆਨ ਨਾਲ ਪੜ੍ਹੇ ਹਨ ਅਤੇ ਫਿਲਮ ਵਿਚ ਕੈਮਰੇ ਨੂੰ ਅਵੰਤਿਕਾ ਵਾਂਗ ਦੇਵਸੇਨਾ ਨਾਲ ਬਲਾਤਕਾਰ ਕਰਨ ਤੋਂ ਬਚਾ ਲਿਆ। ਫਿਲਮ ਵਿਚ ‘ਉਦਾਰਵਾਦੀ’ ਦਰਸ਼ਕਾਂ ਲਈ ‘ਔਰਤ ਮਰਦ ਦੀ ਸਹਿਮਤੀ’ ਵਾਲਾ ਦ੍ਰਿਸ਼ ਵੀ ਪਾਇਆ ਗਿਆ ਹੈ। ਔਰਤ ਕਿਰਦਾਰਾਂ ਨੂੰ ਮਰਦਾਂ ਦੇ ਬਰਾਬਰ ਦਿਖਾਉਣ ਵਿਚ ਕੋਈ ਕਸਰ ਨਾ ਛੱਡਦਾ ਨਿਰਦੇਸ਼ਕ ਖਪਤਕਾਰੀ ਸਭਿਆਚਾਰ ਦੀ ਨਬਜ਼ ਜ਼ਰੂਰ ਪਛਾਣ ਗਿਆ ਹੈ।
_____________________________________
ਕੀ ਕਹਿੰਦੀ ਹੈ ਕਹਾਣੀæææ
ਕਟੱਪਾ (ਸੱਤਿਆਰਾਜ) ਆਪਣੇ ਹੱਥੀ ਫਿਲਮ ‘ਬਾਹੂਬਲੀ’ ਦੇ ਨਾਇਕ ਅਮਰਿੰਦਰ ਬਾਹੂਬਲੀ (ਪ੍ਰਭਾਸ) ਨੂੰ ਮਾਰਨ ਦੀ ਕਹਾਣੀ ਇਸ ਫਿਲਮ ਵਿਚ ਸੁਣਾਉਂਦਾ ਹੈ। ਕਾਲਕਿਆਂ ਦੀ ਨਸਲ ਖਤਮ ਕਰਨ ਤੋਂ ਬਾਅਦ ਅਮਰਿੰਦਰ ਬਾਹੂਬਲੀ ਨੂੰ ਮਹੇਸ਼ਮਤੀ ਦਾ ਸ਼ਾਸਕ ਥਾਪਿਆ ਜਾਂਦਾ ਹੈ ਅਤੇ ਉਸ ਦਾ ਮਤਰੇਆ ਭਰਾ ਭਲਾਲਾ ਦੇਵਾ (ਰਾਣਾ ਦੁੱਗਾਬੱਟੀ) ਨਵਾਂ ਸੈਨਾਪਤੀ ਬਣਦਾ ਹੈ। ਤਾਜਪੋਸ਼ੀ ਤੋਂ ਪਹਿਲਾਂ ਰਾਜਮਾਤਾ ਸ਼ਿਵਾਗਾਮੀ (ਰਮੱਈਆ ਕ੍ਰਿਸ਼ਨ) ਬਾਹੂਬਲੀ ਲਈ ਢੁਕਵੀਂ ਦੁਲਹਨ ਦੀ ਤਲਾਸ਼ ਸ਼ੁਰੂ ਕਰ ਦਿੰਦੀ ਹੈ। ਉਹ ਅਮਰਿੰਦਰ ਅਤੇ ਕਟੱਪਾ ਨੂੰ ਹੁਕਮ ਦਿੰਦੀ ਹੈ ਕਿ ਤਾਜਪੋਸ਼ੀ ਤੋਂ ਪਹਿਲਾਂ ਉਹ ਇਕ ਵਾਰ ਆਮ ਲੋਕਾਂ ਅਤੇ ਆਸ-ਪਾਸ ਦੇ ਰਾਜਾਂ ਵਿਚ ਜਾ ਕੇ ਸਾਧਾਰਨ ਜ਼ਿੰਦਗੀ ਬਾਰੇ ਆਪਣੀ ਸਮਝ ਪਕੇਰੀ ਕਰ ਲੈਣ।
ਅਮਰਿੰਦਰ ਤੇ ਕਟੱਪਾ ਆਪਣੇ ਗੁਆਂਢੀ ਰਾਜ ਕੁੰਤਲਾ ਦੀ ਯਾਤਰਾ ‘ਤੇ ਜਾਂਦੇ ਹਨ ਜਿਥੇ ਅਮਰਿੰਦਰ ਨੂੰ ਕੁੰਤਲਾ ਰਾਜਕੁਮਾਰੀ ਦੇਵਸੇਨਾ (ਅਨੁਸ਼ਕਾ ਸ਼ੈੱਟੀ) ਨਾਲ ਪਿਆਰ ਹੋ ਜਾਂਦਾ ਹੈ। ਦੇਵਸੇਨਾ ਆਹਲਾ ਦਰਜੇ ਦੀ ਯੋਧਾ ਅਤੇ ਬੌਧਿਕ ਬੁਲੰਦੀ ਵਾਲੀ ਕੁੜੀ ਹੈ ਜਿਸ ਲਈ ਮਾਣ-ਸਨਮਾਨ ਦੀ ਕੀਮਤ ਦੁਨੀਆਂ ਦੀ ਹਰ ਸ਼ੈਅ ਨਾਲੋਂ ਉਪਰ ਹੈ। ਉਧਰ ਜਦੋਂ ਭਲਾਲਾ ਦੇਵਾ ਨੂੰ ਪਤਾ ਲੱਗਦਾ ਹੈ ਤਾਂ ਉਹ ਸ਼ਾਜ਼ਿਸ਼ ਤਹਿਤ ਆਪਣੀ ਮਾਂ ਸ਼ਿਵਾਗਾਮੀ ਤੋਂ ਵਚਨ ਲੈ ਲੈਂਦਾ ਹੈ ਕਿ ਉਹ ਉਸ ਦਾ ਅਤੇ ਦੇਵਸੇਨਾ ਦਾ ਵਿਆਹ ਕਰਵਾਏਗੀ। ਜਦੋਂ ਵਿਆਹ ਦਾ ਸੱਦਾ ਪੱਤਰ ਦੇਵਸੇਨਾ ਨੂੰ ਮਿਲਦਾ ਹੈ ਤਾਂ ਉਹ ਇਸ ਨੂੰ ਆਪਣਾ ਅਪਮਾਨ ਸਮਝਦਿਆਂ ਰੱਦ ਕਰ ਦਿੰਦੀ ਹੈ ਜਿਸ ਤੋਂ ਭੜਕ ਕੇ ਸ਼ਿਵਗਾਮੀ ਅਮਰਿੰਦਰ ਨੂੰ ਹੁਕਮ ਦਿੰਦੀ ਹੈ ਕਿ ਉਹ ਦੇਵਸੇਨਾ ਨੂੰ ਬੰਦੀ ਬਣਾ ਕੇ ਦਰਬਾਰ ਵਿਚ ਪੇਸ਼ ਕਰੇ।
ਕੁੰਤਲਾ ਰਾਜ ਦੀ ਪੰਡੋਰੀਆਂ ਤੋਂ ਰੱਖਿਆ ਕਰਨ ਕਾਰਨ ਅਮਰਿੰਦਰ ਤੋਂ ਪ੍ਰਭਾਵਿਤ ਹੋਈ ਦੇਵਸੇਨਾ ਇਸ ਸ਼ਰਤ ‘ਤੇ ਉਸ ਨਾਲ ਮਹੇਸ਼ਮਤੀ ਆ ਜਾਂਦੀ ਹੈ ਕਿ ਅਮਰਿੰਦਰ ਉਸ ਦੇ ਮਾਣ-ਸਨਮਾਣ ਦੀ ਪੂਰੀ ਹਿਫਾਜ਼ਤ ਕਰੇਗਾ। ਇਥੇ ਅਮਰਿੰਦਰ ਆਪਣੀ ਰਾਜਮਾਤਾ ਨਾਲ ‘ਵਚਨ’ ਅਤੇ ‘ਧਰਮ’ ਦੇ ਮੁੱਦੇ ‘ਤੇ ਟਕਰਾਉ ਵਿਚ ਦੇਵਸੇਨਾ ਦਾ ਪੱਖ ਲੈਂਦਾ ਹੈ ਅਤੇ ਰਾਜ ਦਾ ਮੁਖੀ ਬਣਨ ਤੋਂ ਇਨਕਾਰ ਕਰ ਦਿੰਦਾ ਹੈ। ਇਸ ਤੋਂ ਖਿਝ ਕੇ ਸ਼ਿਵਾਗਾਮੀ ਅਮਰਿੰਦਰ ਨੂੰ ਰਾਜ ਭਵਨ ਦਾ ਤਿਆਗ ਕਰ ਕੇ ਸਾਧਾਰਨ ਲੋਕਾਂ ਵਿਚ ਰਹਿਣ ਦਾ ਹੁਕਮ ਦਿੰਦੀ ਹੈ ਅਤੇ ਭਲਾਲਾ ਦੇਵਾ ਨੂੰ ਨਵਾਂ ਸ਼ਾਸਕ ਥਾਪ ਦਿੰਦੀ ਹੈ।
ਭਲਾਲਾ ਦੇਵਾ ਨੂੰ ਇੰਨੇ ਨਾਲ ਵੀ ਸਬਰ ਨਹੀਂ ਆਉਂਦਾ ਅਤੇ ਉਹ ਆਪਣੇ ਅਪਾਹਿਜ ਪਿਤਾ ਬਜਾਕਾਲਾਲਾ (ਨਾਸਿਰ) ਦੀ ਮਦਦ ਨਾਲ ਸ਼ਿਵਾਗਾਮੀ ਨੂੰ ਇਹ ਯਕੀਨ ਦਿਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਕਿ ਅਮਰਿੰਦਰ ਉਸ ਨੂੰ ਮਾਰਨ ਲਈ ਸੁਪਾਰੀ ਦੇ ਚੁੱਕਾ ਹੈ। ਸ਼ਿਵਾਗਾਮੀ ਕਟੱਪਾ ਨੂੰ ਉਸ ਦੀ ‘ਖਾਨਦਾਨੀ ਵਫਾਦਾਰੀ’ ਦਾ ਵਾਸਤਾ ਦੇ ਕੇ ਅਮਰਿੰਦਰ ਨੂੰ ਚੁਪ-ਚੁਪੀਤੇ ਮਾਰਨ ਦਾ ਹੁਕਮ ਦੇ ਦਿੰਦੀ ਹੈ। ਅਮਰਿੰਦਰ ਨੂੰ ਮਾਰਨ ਤੋਂ ਬਾਅਦ ਜਦੋਂ ਕਟੱਪਾ ਅਤੇ ਸ਼ਿਵਾਗਾਮੀ ਨੂੰ ਇਸ ਸਾਜ਼ਿਸ਼ ਦਾ ਪਤਾ ਲੱਗਦਾ ਹੈ ਤਾਂ ਉਹ ਸੁੰਨ ਹੋ ਜਾਂਦੇ ਹਨ।
ਉਧਰੋਂ ਦੇਵਸੇਨਾ ਜਦੋਂ ਆਪਣੇ ਨਵੇਂ ਜਨਮੇ ਬੱਚੇ ਨੂੰ ਲੈ ਕੇ ਰਾਜ ਭਵਨ ਪਹੁੰਚਦੀ ਹੈ ਤਾਂ ਉਸ ਨੂੰ ਸਚਾਈ ਦਾ ਪਤਾ ਲੱਗਦਾ ਹੈ। ਭਲਾਲਾ ਦੇਵਾ ਇਸ ਬੱਚੇ ਦੇ ਖੂਨ ਦਾ ਪਿਆਸਾ ਹੋ ਜਾਂਦਾ ਹੈ ਤੇ ਮਾਰਨ ਦੌੜਦਾ ਹੈ। ਰਾਜਮਾਤਾ ਉਸ ਦੀ ਜਾਨ ਦੀ ਰੱਖਿਆ ਆਪਣੀ ਜਾਨ ‘ਤੇ ਖੇਡ ਕੇ ਕਰਦੀ ਹੈ। ਭਲਾਲਾ ਦੇਵਾ ਅਗਲੇ ਪੱਚੀ ਸਾਲਾਂ ਲਈ ਦੇਵਸੇਨਾ ਨੂੰ ਆਪਣੀ ਬੰਦੀ ਬਣਾ ਲੈਂਦਾ ਹੈ। ਉਹ ਕੁੰਤਲਾ ਸਾਮਰਾਜ ਨੂੰ ਤਬਾਹ ਕਰ ਦਿੰਦਾ ਹੈ ਜਿਹੜਾ ਬਾਅਦ ਵਿਚ ਅਮਰਿੰਦਰ ਦੇ ਪੁੱਤਰ ਮਹਿੰਦਰ ਨੂੰ ਪਾਲਦਾ ਹੈ ਅਤੇ ਉਸ ਨੂੰ ਉਸ ਦਾ ਸਾਮਰਾਜ ਵਾਪਸ ਦਿਵਾਉਂਣ ਵਿਚ ਮਦਦ ਕਰਦਾ ਹੈ। ਅੰਤ ਭਲਾਲਾ ਦੇਵਾ ਦੇਵਸੇਨਾ ਦੁਆਰਾ ਤਿਆਰ ਕੀਤੀ ਚਿਤਾ ਵਿਚ ਜਲ ਕੇ ਭਸਮ ਹੋ ਜਾਂਦਾ ਹੈ