ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਅਮਨ-ਕਾਨੂੰਨ ਦੀ ਬਹਾਲੀ ਵੱਡਾ ਮਸਲਾ ਬਣ ਰਿਹਾ ਹੈ। ਗੈਂਗਸਟਰ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਪਿੱਛੋਂ ਗਰਮਖਿਆਲੀਆਂ ਦੀਆਂ ਸਰਗਰਮੀਆਂ ਨੇ ਵੀ ਦੋ ਮਹੀਨੇ ਪਹਿਲਾਂ ਬਣੀ ਕਾਂਗਰਸ ਸਰਕਾਰ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਪੰਜਾਬ ਪੁਲਿਸ ਅਤੇ ਬੀæਐਸ਼ਐਫ਼ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਨੇੜਿਉਂ ਗ੍ਰਿਫਤਾਰ ਦੋ ਨੌਜਵਾਨਾਂ ਵੱਲੋਂ ਕੀਤੇ ਖੁਲਾਸਿਆਂ ਨੇ ਪੰਜਾਬ ਪੁਲਿਸ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ।
ਦੋਵਾਂ ਨੌਜਵਾਨਾਂ ਨੇ ਮੰਨਿਆ ਹੈ ਕਿ ਉਹ ਕੈਨੇਡਾ ਵਿਚ ਬੈਠੇ ਖਾਲਿਸਤਾਨੀ ਗੁਰਜੀਵਨ ਸਿੰਘ ਦੇ ਸੰਪਰਕ ਵਿਚ ਸਨ ਤੇ ਉਨ੍ਹਾਂ ਦਾ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨਾਲ ਜੁੜੇ ਲੋਕ ਸਨ। ਉਹ ਸਰਹੱਦੀ ਇਲਾਕੇ ਵਿਚੋਂ ਹਥਿਆਰਾਂ ਦੀ ਖੇਪ ਲੈਣ ਲਈ ਆਏ ਸਨ, ਪਰ ਰਸਤਾ ਭਟਕ ਜਾਣ ਕਰ ਕੇ ਪੁਲਿਸ ਦੇ ਅੜਿੱਕੇ ਆ ਗਏ। ਪੁਲਿਸ ਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਦੀ ਗ੍ਰਿਫਤਾਰੀ ਪਿੱਛੋਂ ਨਿਸ਼ਾਨਦੇਹੀ ‘ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਨ੍ਹਾਂ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਵਿਚ ਖਾਲਿਸਤਾਨੀਆਂ ਨੇ ਨੈੱਟਵਰਕ ਬਣਾ ਲਿਆ ਹੈ। ਇਸ ਨੈੱਟਵਰਕ ਨੂੰ ਵਿਦੇਸ਼ਾਂ ਤੋਂ ਚਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਆਰæਐਸ਼ਐਸ਼ ਆਗੂ ਜਗਦੀਸ਼ ਗਗਨੇਜਾ ਸਮੇਤ ਅੱਧੀ ਦਰਜਨ ਵਾਰਦਾਤਾਂ ਦੇ ਤਾਰ ਵਿਦੇਸ਼ਾਂ ਨਾਲ ਹੀ ਜੁੜਦੇ ਰਹੇ ਹਨ। ਉਂਜ ਇਨ੍ਹਾਂ ਵਾਰਦਾਤਾਂ ਬਾਰੇ ਪੁਲਿਸ ਦੇ ਹੱਥ ਅਜੇ ਕੁਝ ਵੀ ਨਹੀਂ ਲੱਗਾ ਹੈ। ਯਾਦ ਰਹੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਫੇਰੀ ‘ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸ ਦੇ ਸਬੰਧ ਗਰਮਖਿਆਲੀਆਂ ਨਾਲ ਹਨ।
ਭਾਰਤ ਸਰਕਾਰ ਵੱਲੋਂ ਵੀ ਵਾਰ-ਵਾਰ ਦੋਸ਼ ਲਾਏ ਜਾ ਰਹੇ ਹਨ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਸਿੱਖਾਂ ਨੂੰ ਗੁੰਮਰਾਹ ਕਰ ਰਹੀ ਹੈ। ਹੁਣ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਨੌਜਵਾਨਾਂ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਖੁਲਾਸਾ ਕੀਤਾ ਹੈ ਕਿ ਕੈਨੇਡਾ ਦੇ ਓਂਟਾਰੀਓ ਆਧਾਰਤ ਗਰਮਖਿਆਲੀ ਸਿੱਖ ਗੁਰਜੀਵਨ ਸਿੰਘ ਦੀ ਯੋਜਨਾ ਤਹਿਤ ਗਿਰੋਹ ਬਣਾਇਆ ਗਿਆ ਹੈ। ਗੁਰਜੀਵਨ ਸਿੰਘ ਪਿਛਲੇ ਛੇ ਮਹੀਨਿਆਂ ਦੌਰਾਨ ਦੋ ਵਾਰ ਪੰਜਾਬ ਆਇਆ ਅਤੇ ਉਸ ਨੇ ਪਾਕਿਸਤਾਨ ਵਿਚ ਆਪਣੇ ਸੰਪਰਕਾਂ ਰਾਹੀਂ ਇਸ ਕਾਰਵਾਈ ਲਈ ਹਥਿਆਰਾਂ ਦਾ ਬੰਦੋਬਸਤ ਕੀਤਾ। ਗੁਰਜੀਵਨ ਸਿੰਘ ਨੇ ਪੰਜਾਬ ਦੇ ਪਿਛਲੇ ਦੋ ਦੌਰਿਆਂ ਦੌਰਾਨ ਉਨ੍ਹਾਂ ਨੂੰ ਏæਕੇæ-47 ਰਾਈਫਲਾਂ ਸਮੇਤ ਹੋਰ ਹਥਿਆਰ ਚਲਾਉਣ ਬਾਰੇ ਸਿਖਲਾਈ ਦਿੱਤੀ। ਯਾਦ ਰਹੇ ਕਿ ਦੋਵਾਂ ਨੌਜਵਾਨ ਨੂੰ ਹਥਿਆਰ ਦੱਬੇ ਹੋਣ ਵਾਲੀ ਥਾਂ ਲੱਭਣ ਦੀ ਕੋਸ਼ਿਸ਼ ਕਰਦਿਆਂ ਬੀæਐਸ਼ਐਫ਼ ਜਵਾਨਾਂ ਨੇ ਕਾਬੂ ਕੀਤਾ ਸੀ। ਇਨ੍ਹਾਂ ਦੀ ਨਿਸ਼ਾਨਦੇਹੀ ਉਤੇ ਬੀæਐਸ਼ਐਫ਼ ਤੇ ਪੁਲਿਸ ਨੇ ਇਕ ਥਾਂ ਲੁਕਾਏ 13 ਪਿਸਤੌਲ, 13 ਮੈਗਜ਼ੀਨ, 282 ਰੌਂਦ, ਇਕ ਬੰਦੂਕ, ਇਕ ਏæਕੇæ 47 ਰਾਈਫਲ, 5 ਹਥ ਗੋਲੇ ਤੇ ਮੋਬਾਈਲ ਸਿਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਦੱਸਣਯੋਗ ਹੈ ਕਿ ਮਾੜੀ ਕਾਨੂੰਨ ਵਿਵਸਥਾ ਕੈਪਟਨ ਸਰਕਾਰ ਲਈ ਵੱਡੀ ਵੰਗਾਰ ਬਣੀ ਹੋਈ ਹੈ। ਇਸੇ ਹਫਤੇ ਅਜਨਾਲਾ ਵਿਚ ਇਕ ਡਾਕਟਰ ਨੂੰ ਅਗਵਾ ਕਰਨ ਅਤੇ ਫਿਰ ਫਿਰੌਤੀ ਲੈ ਕੇ ਛੱਡ ਦੇਣ ਦੀ ਘਟਨਾ ਤੋਂ ਵੀ ਸੂਬੇ ਦੇ ਹਾਲਾਤ ਦਾ ਸਹਿਜੇ ਅਨੁਮਾਨ ਲਗਾਇਆ ਜਾ ਸਕਦਾ ਹੈ। ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਨਵੀਂ-ਨਵੀਂ ਕਿਸਮ ਦੇ ਅਪਰਾਧਾਂ ਅਤੇ ਉਨ੍ਹਾਂ ਨਾਲ ਜੁੜੇ ਗੈਂਗਸਟਰਾਂ ਦੀਆਂ ਵਧਦੀਆਂ ਸਰਗਰਮੀਆਂ ਨੇ ਹੈਰਾਨ ਕੀਤਾ ਹੋਇਆ ਹੈ। ਪੁਲਿਸ ਦੀ ਹਿਰਾਸਤ ਵਿਚ ਅਪਰਾਧੀਆਂ ਵੱਲੋਂ ਵਿਰੋਧੀ ਧਿਰ ਦੇ ਕੈਦੀ ਦੀ ਹੱਤਿਆ, ਗੈਂਗਸਟਰਾਂ ਦੀ ਆਪਸੀ ਖਹਿਬਾਜ਼ੀ, ਗੈਂਗਸਟਰਾਂ ਅਤੇ ਮਾਫੀਆ ਵੱਲੋਂ ਪੁਲਿਸ ਅਧਿਕਾਰੀਆਂ ਦੀ ਹੱਤਿਆ, ਪੁਲਿਸ ਕਰਮਚਾਰੀਆਂ ‘ਤੇ ਹਮਲੇ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਆਮ ਗੱਲ ਹੋ ਗਈ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੇ ਇਹ ਗੱਲ ਮੰਨੀ ਹੈ ਕਿ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਤੋਂ ਬਾਅਦ ਗੈਂਗਸਟਰਾਂ ਅਤੇ ਮਾਫੀਆ ਦੀਆਂ ਸਰਗਰਮੀਆਂ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਪੁਲਿਸ ਦੀਆਂ ਖੁਫੀਆ ਸੂਚਨਾਵਾਂ ਅਨੁਸਾਰ ਰਾਜ ਵਿਚ ਇਸ ਸਮੇਂ ਲਗਭਗ 35 ਛੋਟੇ-ਵੱਡੇ ਗੈਂਗਸਟਰ ਗਰੋਹ ਸਰਗਰਮ ਹਨ।
____________________________________
ਪੁਲਿਸ ਉਤੇ ਕੈਪਟਨ ਸਰਕਾਰ ਦੀ ਢਿੱਲੀ ਪਕੜ
ਚੰਡੀਗੜ੍ਹ: ਪੰਜਾਬ ਵਿਚ ਇਕ ਦਹਾਕੇ ਉਪਰੰਤ ਹੋਏ ਸੱਤਾ ਪਰਿਵਰਤਨ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਹਰ ਵਾਰੀ ਵਾਦ-ਵਿਵਾਦ ਦਾ ਮੁੱਦਾ ਬਣ ਰਹੇ ਹਨ। ਨਵੀਂ ਸਰਕਾਰ ਦੇ ਗਠਨ ਤੋਂ ਦੋ ਮਹੀਨੇ ਬਾਅਦ ਵੀ ਸੀਨੀਅਰ ਅਤੇ ਜੂਨੀਅਰ ਅਫਸਰਾਂ ਦੇ ਤਬਾਦਲਿਆਂ ਦਾ ਦੌਰ ਖਤਮ ਨਹੀਂ ਹੋਇਆ। ਇਸ ਤੋਂ ਸੰਕੇਤ ਹੈ ਕਿ ਕਾਂਗਰਸ ਸਰਕਾਰ ਦੀ ਪ੍ਰਸ਼ਾਸਨ ‘ਤੇ ਅਜੇ ਪੂਰੀ ਪਕੜ ਨਹੀਂ ਬਣੀ। ਜ਼ਿਲ੍ਹਾ ਪੁਲਿਸ ਮੁਖੀ, ਐਸ਼ਪੀæ ਅਤੇ ਡੀæਐਸ਼ਪੀæ ਪੱਧਰ ਦੇ ਅਫਸਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ‘ਤੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਈ ਅਧਿਕਾਰੀਆਂ ਦੇ ਇਕ ਤੋਂ ਵੱਧ ਵਾਰ ਤਬਾਦਲੇ ਵੀ ਕਰਨੇ ਪਏ। ਇਕ-ਅੱਧ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਵੀ ਦਖਲ ਦੇਣਾ ਪਿਆ। ਇਹ ਪ੍ਰਭਾਵ ਬਣ ਰਿਹਾ ਹੈ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਪੁਲਿਸ ਅਫਸਰਾਂ ਦੀ ਵੀ ਅਣਦੇਖੀ ਕੀਤੀ ਜਾਂਦੀ। ਕਾਂਗਰਸੀ ਵਿਧਾਇਕਾਂ ਵੱਲੋਂ ਵੀ ਧੜਾ-ਧੜਾ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਅਫਸਰਸ਼ਾਹੀ ਉਨ੍ਹਾਂ ਦੀ ਨਹੀਂ ਮੰਨਦੀ ਤੇ ਅਜੇ ਵੀ ਥਾਣਿਆਂ ਵਿਚ ਅਕਾਲੀ ਆਗੂਆਂ ਦੀ ਚਲਦੀ ਹੈ।