ਲੰਡਨ ਵਿਚ ਫਿਦਾਈਨ ਹਮਲਾ; 22 ਜਾਨਾਂ ਗਈਆਂ

ਲੰਡਨ: ਮਾਨਚੈਸਟਰ ਸ਼ਹਿਰ ਵਿਚ ਅਮਰੀਕੀ ਪੌਪ ਗਾਇਕਾ ਏਰੀਏਨਾ ਗਰੈਂਡ ਦੇ ਸੰਗੀਤਕ ਪ੍ਰੋਗਰਾਮ (ਕਨਸਰਟ) ‘ਚ ਫਿਦਾਈਨ ਵੱਲੋਂ ਕੀਤੇ ਸ਼ਕਤੀਸ਼ਾਲੀ ਦੇਸੀ ਬੰਬ ਧਮਾਕੇ ਵਿਚ 22 ਵਿਅਕਤੀ ਮਾਰੇ ਗਏ ਅਤੇ 59 ਹੋਰ ਜ਼ਖ਼ਮੀ ਹੋ ਗਏ। ਲੰਡਨ ‘ਚ 2005 ਦੇ ਧਮਾਕਿਆਂ ਮਗਰੋਂ ਬਰਤਾਨੀਆ ‘ਚ ਇਹ ਸਭ ਤੋਂ ਖਤਰਨਾਕ ਹਮਲਾ ਹੈ। ਜਹਾਦੀ ਧੜੇ ਇਸਲਾਮਿਕ ਸਟੇਟ ਨੇ ਧਮਾਕੇ ਦੀ ਜ਼ਿੰਮੇਵਾਰੀ ਲੈਂਦਿਆਂ ਹੋਰ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ।

ਧਮਾਕੇ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ 8 ਜੂਨ ਨੂੰ ਹੋਣ ਵਾਲੀਆਂ ਚੋਣਾਂ ਦਾ ਪ੍ਰਚਾਰ ਮੁਲਤਵੀ ਕਰ ਦਿੱਤਾ ਹੈ। ਧਮਾਕੇ ‘ਚ ਜ਼ਿਆਦਾਤਰ ਬੱਚੇ ਅਤੇ ਨਾਬਾਲਗ ਹਲਾਕ ਹੋਏ ਹਨ। ਪੁਲਿਸ ਨੇ ਦੱਖਣੀ ਮਾਨਚੈਸਟਰ ਦੇ ਚਾਰਲਟਨ ਤੋਂ 23 ਵਰ੍ਹਿਆਂ ਦੇ ਇਕ ਨੌਜਵਾਨ ਨੂੰ ਧਮਾਕੇ ਸਬੰਧੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਤਸਦੀਕ ਕੀਤੀ ਹੈ ਕਿ ਹਮਲਾਵਰ ਐਰਿਨਾ ‘ਚ ਹੀ ਮਾਰਿਆ ਗਿਆ। ਹਮਲੇ ਵਿਚ ਕਿਸੇ ਭਾਰਤੀ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ ਪਰ ਇਹਤਿਆਤ ਵਜੋਂ ਭਾਰਤੀ ਹਾਈ ਕਮਿਸ਼ਨ ਨੇ ਫੋਨ ਨੰਬਰ ਜਾਰੀ ਕੀਤੇ ਹਨ। ਪੌਪ ਗਾਇਕਾ ਸੁਰੱਖਿਅਤ ਹੈ ਅਤੇ ਉਸ ਨੇ ਹਮਲੇ ਦੀ ਨਿਖੇਧੀ ਕਰਦਿਆਂ ਆਪਣੇ ਟੂਰ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਪ੍ਰਤੱਖਦਰਸ਼ੀਆਂ ਮੁਤਾਬਕ 21 ਹਜ਼ਾਰ ਸਮਰੱਥਾ ਵਾਲੇ ਐਰਿਨਾ ‘ਚ ਇਕ ਧਮਾਕਾ ਉਸ ਸਮੇਂ ਸੁਣਿਆ ਗਿਆ ਜਦੋਂ ਪੌਪ ਗਾਇਕਾ ਦਾ ਸ਼ੋਅ ਖਤਮ ਹੋ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਧਮਾਕਾ ਇਕੋ ਆਤਮਘਾਤੀ ਬੰਬਾਰ ਨੇ ਕੀਤਾ ਜਿਸ ਦੀ ਸ਼ਨਾਖਤ ਨਹੀਂ ਹੋ ਸਕੀ। ਹਾਲਾਂਕਿ ਦਹਿਸ਼ਤੀ ਸੰਗਠਨ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬ੍ਰਿਟੇਨ ਵਿਚ ਇਸ ਤੋਂ ਪਹਿਲਾਂ ਵੱਡਾ ਦਹਿਸ਼ਤੀ ਹਮਲਾ ਜੁਲਾਈ 2005 ਵਿਚ ਹੋਇਆ ਸੀ। ਉਦੋਂ ਚਾਰ ਆਤਮਘਾਤੀ ਬੰਬਾਰਾਂ ਨੇ ਤਿੰਨ ਸਬਵੇਅ ਗੱਡੀਆਂ ਤੇ ਇਕ ਬੱਸ ਨੂੰ ਧਮਾਕਿਆਂ ਦਾ ਨਿਸ਼ਾਨਾ ਬਣਾਉਂਦਿਆਂ 52 ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਸਨ। ਉਸ ਤੋਂ ਬਾਅਦ ਇਸ ਮੁਲਕ ਉਤੇ ਹੋਰ ਕੋਈ ਵੱਡਾ ਹਮਲਾ ਨਹੀਂ ਹੋਇਆ। 2009 ਵਿਚ 2005 ਵਰਗੇ ਹਮਲੇ ਦੀ ਇਕ ਸਾਜ਼ਿਸ਼ ਨੂੰ ਲੰਡਨ ਪੁਲਿਸ ਨੇ ਐਨ ਆਖਰੀ ਮੌਕੇ ਨਾਕਾਮ ਕਰ ਦਿੱਤਾ ਸੀ। ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਹਮਲੇ ਲਈ ਜ਼ਿੰਮੇਵਾਰ ਸਾਜ਼ਿਸ਼ੀਆਂ ਦਾ ਖੁਰਾ ਨੱਪਣ ਤੇ ਉਨ੍ਹਾਂ ਨੂੰ ਕਾਨੂੰਨ ਦੀ ਗ੍ਰਿਫਤ ਵਿਚ ਲਿਆਉਣ ਦਾ ਵਾਅਦਾ ਕੀਤਾ ਹੈ।
__________________________________________
ਸਿੱਖ ਭਾਈਚਾਰਾ ਮਦਦ ਲਈ ਆਇਆ ਅੱਗੇ
ਮਾਨਚੈਸਟਰ: ਸਿੱਖ ਟੈਕਸੀ ਡਰਾਈਵਰ ਏæਜੇæ ਸਿੰਘ ਨੇ ਇਸ ਮੌਕੇ ਬਹਾਦਰੀ ਵਿਖਾਉਂਦਿਆਂ ਜਖ਼ਮੀਆਂ ਤੇ ਲੋੜਵੰਦਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦੇ ਯਤਨ ਕੀਤੇ। ਏæਜੇæ ਸਿੰਘ ਨੇ ਆਪਣੀ ਟੈਕਸੀ ‘ਤੇ ‘ਮੁਫਤ ਟੈਕਸੀ’ ਲਿਖ ਕੇ ਲੋੜਵੰਦਾਂ ਦੀ ਸੇਵਾ ਕੀਤੀ। ਚੈਨਲ 4 ਨਾਲ ਗੱਲਬਾਤ ਕਰਦਿਆਂ ਏæਜੇæ ਸਿੰਘ ਨੇ ਕਿਹਾ ਕਿ ਖੂਨ ਨਾਲ ਲਥਪਥ ਲੋਕਾਂ ਦਾ ਹਾਲ ਵੇਖ ਕੇ ਉਸ ਤੋਂ ਰਿਹਾ ਨਾ ਗਿਆ। ਇਸ ਦੇ ਨਾਲ ਹੀ ਸਥਾਨਕ ਗੁਰੂ ਘਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਐਜੂਕੇਸ਼ਨ ਐਂਡ ਕਲਚਰਲ ਸੈਂਟਰ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਦਸਮੇਸ਼ ਸਿੱਖ ਗੁਰਦੁਆਰਾ ਤੇ ਸੈਂਟਰਲ ਗੁਰਦੁਆਰਾ ਮਾਨਚੈਸਟਰ ਵੱਲੋਂ ਪੀੜਤਾਂ ਲਈ ਲੰਗਰ ਤੇ ਰਿਹਾਇਸ਼ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ। ਲੋੜਵੰਦਾਂ ਦੇ ਖਾਣ-ਪੀਣ ਲਈ ਤੁਰਤ ਪ੍ਰਬੰਧ ਕੀਤੇ ਗਏ।