ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਪਣੇ ਦੋ ਮਹੀਨੇ ਪੂਰੇ ਕਰ ਚੁੱਕੀ ਹੈ, ‘ਹਰ ਘਰ ਵਿਚ ਇਕ ਨੌਕਰੀ’ ਅਤੇ ‘ਕਿਸਾਨਾਂ ਲਈ ਕਰਜ਼ਾ ਕੁਰਕੀ ਖਤਮ ਫਸਲ ਦੀ ਪੂਰੀ ਰਕਮ’ ਵਰਗੇ ਵਾਅਦਿਆਂ ਵੱਲ ਕੋਈ ਖਾਸ ਕਦਮ ਨਹੀਂ ਪੁੱਟ ਸਕੀ। ਅਜਿਹੇ ਵਾਅਦਿਆਂ ਦੀ ਸੂਚੀ ਕਾਫੀ ਲੰਮੀ ਹੈ।
ਸਰਕਾਰ ਨੇ ਤੈਅ ਸਮੇਂ ਵਿਚ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰ ਦੋ ਮਹੀਨਿਆਂ ਬਾਅਦ ਵੀ ਹਾਲਾਤ ਜਿਉਂ ਦੇ ਤਿਉਂ ਹੀ ਹਨ। ਸਰਕਾਰ ਨੇ ਨਸ਼ੇ ਰੋਕਣ ਲਈ ਏæਡੀæਜੀæਪੀæ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿਚ ਸਪੈਸ਼ਲ ਟਾਸਕ ਫੋਰਸ (ਐਸ਼ਟੀæਐਫ਼) ਬਣਾ ਦਿੱਤੀ ਹੈ, ਪਰ ਨਸ਼ੇ ਦੇ ਖਾਤਮੇ ਦੇ ਮਾਮਲੇ ਉਤੇ ਕੋਈ ਸਪਸ਼ਟ ਖਾਕਾ ਅਜੇ ਤਕ ਸਾਹਮਣੇ ਨਹੀਂ ਆਇਆ ਹੈ।
ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਬੰਧੀ ਖੇਤੀ ਲਾਗਤ ਤੇ ਕੀਮਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਟੀæਹੱਕ ਦੀ ਅਗਵਾਈ ਵਿਚ ਮਾਹਿਰਾਂ ਦੀ ਕਮੇਟੀ ਕਾਇਮ ਕਰ ਕੇ ਬਜਟ ਸੈਸ਼ਨ ਵਿਚ ਕੋਈ ਐਲਾਨ ਕਰਨ ਦਾ ਸੰਕੇਤ ਦਿੱਤਾ ਗਿਆ ਹੈ। ਦੋ ਮਹੀਨਿਆਂ ਤੋਂ ਪ੍ਰਸ਼ਾਸਨਿਕ ਅਤੇ ਪੁਲਿਸ ਤਬਾਦਲਿਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਾਂਗਰਸੀ ਕਾਰਕੁਨ ਖੁਦ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਲੋਕ, ਇਸ ਸਰਕਾਰ ਨੂੰ ਅਕਾਲੀ-ਭਾਜਪਾ ਹਕੂਮਤ ਦੇ ਤੀਜੇ ਕਾਰਜਕਾਲ ਦੇ ਰੂਪ ਵਿਚ ਹੀ ਦੇਖ ਰਹੇ ਹਨ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸੁਨੀਲ ਜਾਖੜ ਆਪਣੇ ਤਾਜਪੋਸ਼ੀ ਸਮਾਗਮ ਵਿਚ ਇਹ ਸੰਕੇਤ ਦੇ ਚੁੱਕੇ ਹਨ ਕਿ ਅਫਸਰਾਂ ਨੂੰ ਇਹ ਪਛਾਨਣ ਦੀ ਲੋੜ ਹੈ ਕਿ ਸਰਕਾਰ ਤਬਦੀਲ ਹੋ ਗਈ ਹੈ, ਪਰ ਅਫਸਰਾਂ ਨੇ ਤਾਂ ਹਾਕਮ ਪਾਰਟੀ ਦੇ ਹੀ ਹੁਕਮ ਵਜਾਉਣੇ ਹੁੰਦੇ ਹਨ। ਪਿਛਲੇ ਦਸ ਸਾਲਾਂ ਦੌਰਾਨ ਪਨਪੇ ਤੇ ਫਲੇ-ਫੁਲੇ ਹਰ ਤਰ੍ਹਾਂ ਦੇ ਮਾਫੀਆ ਤੋਂ ਲੋਕ ਛੁਟਕਾਰਾ ਚਾਹੁੰਦੇ ਹਨ, ਪਰ ਮਾਫੀਆ ਦੇ ਖਾਤਮੇ ਦੀ ਰਣਨੀਤੀ ਅਜੇ ਨਜ਼ਰ ਨਹੀਂ ਆ ਰਹੀ ਬਲਕਿ ਮਾਫੀਆ ਹੁਣ ਕਾਂਗਰਸੀ ਗੱਡੀਆਂ ‘ਤੇ ਚੜ੍ਹਿਆ ਫਿਰਦਾ ਹੈ।
ਇੰਜ ਹੀ, ਲਾਲ ਬੱਤੀ ਤਾਂ ਹਟਾ ਦਿੱਤੀ, ਪਰ ਮੰਤਰੀਆਂ ਤੋਂ ਕਿਤੇ ਜ਼ਿਆਦਾ ਮੰਤਰੀਆਂ ਦੇ ਰੁਤਬੇ ਵਾਲੇ ਸਲਾਹਕਾਰਾਂ ਦੀ ਫੌਜ ਲਾਲ ਬੱਤੀ ਕਲਚਰ ਦੀ ਪਿਛਲੇ ਦਰਵਾਜ਼ੇ ਰਾਹੀਂ ਵਾਪਸੀ ਦੀ ਹੀ ਸੂਚਕ ਹੈ। ਪਿਛਲੀ ਸਰਕਾਰ ਵੱਲੋਂ ਕੀਤੇ ਗਏ ਖਰਚ ਦੀ ਵਾਸਤਵਿਕ ਤਸਵੀਰ ਪੇਸ਼ ਕਰਨ ਲਈ ਵਿੱਤ ਮੰਤਰੀ ਵੱਲੋਂ ਇਕ ਵਾਈਟ ਪੇਪਰ ਜਾਰੀ ਕਰਨ ਦੀ ਸੰਭਾਵਨਾ ਹੈ।
ਇਸ ਦੇ ਸੀਨੀਅਰ ਮੰਤਰੀਆਂ ਵੱਲੋਂ ਇਹ ਵੀ ਬਿਆਨ ਦਿੱਤੇ ਜਾ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਲਈ ਦਿੱਤੀਆਂ ਗਈਆਂ ਵੱਡੀਆਂ ਰਕਮਾਂ ਨੂੰ ਉਨ੍ਹਾਂ ‘ਤੇ ਖਰਚ ਨਹੀਂ ਕੀਤਾ ਗਿਆ, ਸਗੋਂ ਇਨ੍ਹਾਂ ਰਕਮਾਂ ਦੀ ਵਰਤੋਂ ਹੋਰਾਂ ਕੰਮਾਂ ਲਈ ਕਰ ਲਈ ਗਈ ਹੈ।
________________________________________
ਕੈਪਟਨ ਵੱਲੋਂ ਕੇਂਦਰ ਸਰਕਾਰ ਨੂੰ ਭਰੋਸਾ
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਸਮੇਤ ਹੋਰ ਪ੍ਰੋਜੈਕਟਾਂ ਨੂੰ ਸੂਬੇ ਵਿਚ ਇਨ-ਬਿਨ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਗਰੀਬੀ ਹਟਾਉਣ ਅਤੇ ਮਕਾਨ ਉਸਾਰੀ ਦੇ ਸ਼ੁਰੂ ਹੋਏ ਪ੍ਰੋਜੈਕਟਾਂ ਨੂੰ ਲੀਹ ਉਤੇ ਲਿਆ ਕੇ ਛੇਤੀ ਕੰਮ ਸ਼ੁਰੂ ਕਰਵਾਇਆ ਜਾਏਗਾ। ਕੈਪਟਨ ਵੱਲੋਂ ਮਕਾਨ ਉਸਾਰੀ ਤੇ ਸ਼ਹਿਰੀ ਗਰੀਬੀ ਹਟਾਉਣ ਬਾਰੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਉਨ੍ਹਾਂ ਦੇ ਦੋ ਮਹੀਨਿਆਂ ਦੇ ਕਾਰਜਕਾਲ ਦੀ ਪ੍ਰਗਤੀ ਬਾਰੇ ਦੱਸਿਆ ਅਤੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕੇਂਦਰੀ ਸਕੀਮਾਂ ਅਤੇ ਪ੍ਰੋਜੈਕਟਾਂ ਨੂੰ ਅਮਲ ਵਿਚ ਲਿਆਉਣ ਲਈ ਬੀਤੇ ਸਮੇਂ ਵਿਚ ਜਾਰੀ ਹੋਏ ਫੰਡ ਯੋਗ ਲਾਭਪਾਤਰੀਆਂ ਤੱਕ ਨਾ ਪਹੁੰਚਣ ਦੀ ਜਾਣਕਾਰੀ ਵੀ ਦਿੱਤੀ। ਸ੍ਰੀ ਨਾਇਡੂ ਵੱਲੋਂ ਜੁਲਾਈ ਵਿਚ ਪੰਜਾਬ ਆ ਕੇ ਕੇਂਦਰੀ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ।
______________________________________
ਡਾæ ਗਾਂਧੀ ਵੱਲੋਂ ਸਰਕਾਰ ਦੇ ਕੰਮਕਾਜ ‘ਤੇ ਸਵਾਲ
ਪਟਿਆਲਾ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਦੋ ਮਹੀਨਿਆਂ ਦੇ ਕੰਮਕਾਜ ਉਤੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਧੀ ਨੇ ਸਵਾਲ ਚੁੱਕੇ ਹਨ। ਉਨ੍ਹਾਂ ਆਖਿਆ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਸਰਕਾਰ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਸਰਕਾਰ ਦੀ ਮਾੜੀ ਨੀਤੀਆਂ ਕਾਰਨ ਅਫੀਮ ਤੇ ਭੁੱਕੀ ਦੇ ਭਾਅ ਅਸਮਾਨ ਨੂੰ ਛੂਹਣ ਲੱਗੇ ਹਨ। ਇਸ ਕਾਰਨ ਇਨ੍ਹਾਂ ਨਸ਼ਿਆਂ ਦੇ ਆਦੀ ਨੌਜਵਾਨ ਸਮੈਕ ਤੇ ਮੈਡੀਕਲ ਨਸ਼ੇ ਵੱਲ ਤੁਰ ਪਏ ਹਨ।
_____________________________________
ਸਸਤੇ ਰੇਤ ਵਾਲੇ ਦਾਅਵੇ ਹਵਾ ਹੋਣ ਲੱਗੇ
ਚੰਡੀਗੜ੍ਹ: ਰੇਤਾ ਤੇ ਬਜਰੀ ਦੀਆਂ 89 ਖੱਡਾਂ ਦੀ ਬੋਲੀ ਤੋ ਪੰਜਾਬ ਸਰਕਾਰ ਨੇ ਰਿਕਾਰਡ 1026 ਕਰੋੜ ਰੁਪਏ ਕਮਾਏ ਹਨ। ਭਾਵੇਂ ਕੈਪਟਨ ਸਰਕਾਰ ਰੇਤਾ ਬਜਰੀ ਦੇ ਅਸਮਾਨੀ ਚੜ੍ਹੇ ਭਾਅ ਹੇਠਾਂ ਲਿਆਉਣ ਦੇ ਰੌਂਅ ‘ਚ ਹੈ ਪਰ ਖੱਡਾਂ ਦੀ ਤਾਜ਼ਾ ਹੋਈ ਰਿਕਾਰਡ ਬੋਲੀ ਤੋਂ ਅਜਿਹਾ ਅਮਲ ‘ਚ ਲਿਆਉਣਾ ਔਖਾ ਜਾਪ ਰਿਹਾ ਹੈ। ਪਿਛਲੇ ਵਰ੍ਹੇ ਨਾਲੋਂ ਇਸ ਸਾਲ ਖੱਡਾਂ ਦੀ ਬੋਲੀ 20 ਗੁਣਾ ਵਧ ਚੜ੍ਹੀ ਹੈ। ਸਰਕਾਰ ਵੱਲੋਂ 102 ਖੱਡਾਂ ਦੀ ਕਰਾਈ ਈ-ਨਿਲਾਮੀ ਵਿਚ 1000 ਬੋਲੀਕਾਰਾਂ ਨੇ ਹਿੱਸਾ ਲਿਆ। ਕੁੱਲ 102 ਖੱਡਾਂ ਦੀ ਬੋਲੀ ਦੌਰਾਨ 94 ਖੱਡਾਂ ਲਈ ਪੇਸ਼ਗੀ ਰਕਮ ਹਾਸਲ ਹੋਈ ਤੇ ਇਨ੍ਹਾਂ ਵਿਚੋਂ 89 ਖੱਡਾਂ ਦੀ ਨਿਲਾਮੀ ਦਾ ਕੰਮ ਸਿਰੇ ਚੜ੍ਹ ਗਿਆ ਹੈ। ਇਕ ਅੰਦਾਜ਼ੇ ਅਨੁਸਾਰ ਜਿਹੜੀਆਂ ਨਵੀਆਂ ਖੱਡਾਂ ਦੀ ਬੋਲੀ ਹੋਈ ਹੈ, ਉਨ੍ਹਾਂ ਦੀ ਸਮਰੱਥਾ 1æ30 ਕਰੋੜ ਟਨ ਹੈ।