ਮੁਹਾਲੀ: ਅਦਾਲਤ ਨੇ ਸਾਬਕਾ ਡੀæਜੀæਪੀæ ਸਰਬਦੀਪ ਸਿੰਘ ਵਿਰਕ ਵਿਰੁੱਧ ਦਰਜ ਭ੍ਰਿਸ਼ਟਾਚਾਰ ਦਾ ਕੇਸ ਖਤਮ ਕਰ ਦਿੱਤਾ ਹੈ। ਵਿਜੀਲੈਂਸ ਨੇ ਵਿਰਕ ਵਿਰੁਧ ਕੇਸ ਖਤਮ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਤੋਂ ਪਹਿਲਾਂ ਖੁਦ ਵਿਜੀਲੈਂਸ ਵੱਲੋਂ ਸ੍ਰੀ ਵਿਰਕ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿਚ ਵਿਜੀਲੈਂਸ ਪਹਿਲਾਂ ਕਈ ਸਪਲੀਮੈਂਟਰੀ ਚਲਾਨ ਵੀ ਪੇਸ਼ ਕਰ ਚੁੱਕੀ ਹੈ ਪਰ ਹੁਣ ਤੱਕ ਦੀ ਜਾਂਚ ਪੜਤਾਲ ਦੌਰਾਨ ਵਿਜੀਲੈਂਸ ਸਾਬਕਾ ਪੁਲਿਸ ਮੁਖੀ ਖਿਲਾਫ਼ ਕੋਈ ਠੋਸ ਸਬੂਤ ਇਕੱਠੇ ਨਹੀਂ ਕਰ ਸਕੀ। ਵਿਜੀਲੈਂਸ ਦੀ ਨਾਕਾਮੀ ‘ਤੇ ਵੱਡੇ ਸਵਾਲ ਉਠ ਰਹੇ ਹਨ।
ਜ਼ਿਲ੍ਹਾ ਅਦਾਲਤ ਵੱਲੋਂ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵਿਜੀਲੈਂਸ ਦੀ ਮਿਹਰਬਾਨੀ ਸਦਕਾ ਦੋਸ਼ ਮੁਕਤ ਕਰਾਰ ਦਿੱਤਾ ਗਿਆ ਸੀ। ਵਿਜੀਲੈਂਸ ਬਾਦਲ ਪਰਿਵਾਰ ਖਿਲਾਫ਼ ਅਦਾਲਤ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੀ। ਹਾਲ ਹੀ ਵਿਚ ਵਿਜੀਲੈਂਸ ਨੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਵਿਰੁੱਧ ਕੇਸ ਖਤਮ ਕਰਨ ਦੀ ਅਰਜ਼ੀ ਦਿੱਤੀ ਸੀ ਪਰ ਮੁਹਾਲੀ ਅਦਾਲਤ ਨੇ ਇਹ ਅਰਜ਼ੀ ਰੱਦ ਕਰ ਦਿੱਤੀ। ਤੋਤਾ ਸਿੰਘ ਖਿਲਾਫ਼ ਸਿੱਖਿਆ ਬੋਰਡ ਵਿਚ 164 ਕਲਰਕ ਅਤੇ ਹੈਲਪਰ ਭਰਤੀ ਘੁਟਾਲੇ ਦਾ ਕੇਸ ਚਲ ਰਿਹਾ ਹੈ। ਇਸ ਮਾਮਲੇ ਵਿਚ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸਕੱਤਰ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਕਈ ਅਧਿਕਾਰੀ ਹੁਣ ਸੇਵਾ ਮੁਕਤ ਹੋ ਚੁੱਕੇ ਹਨ।
_______________________
ਕੈਪਟਨ ਦੀ ਨੌਕਰੀ ਵਾਲੀ ਮੁਹਿੰਮ ਰਸੂਖਵਾਨਾਂ ਦੇ ਘਰੋਂ ਸ਼ੁਰੂ
ਚੰਡੀਗੜ੍ਹ: ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਭਰਮਾਉਣ ਲਈ ‘ਹਰ ਘਰ ਇਕ ਨੌਕਰੀ’ ਦਾ ਨਾਅਰਾ ਦਿੱਤਾ ਸੀ। ਇਸ ਨਾਅਰੇ ਉਤੇ ਭਾਵੇਂ ਰਾਜਸੀ ਤੌਰ ‘ਤੇ ਅਮਲ ਅਜੇ ਸ਼ੁਰੂ ਨਹੀਂ ਹੋਇਆ, ਪਰ ਪ੍ਰਸ਼ਾਸਕੀ ਹਲਕਿਆਂ ਵਿਚ ਚਰਚਾ ਹੈ ਕਿ ਇਸ ਵਾਅਦੇ ਨੂੰ ਨਿਭਾਉਣ ਦਾ ਮੁੱਢ ਰਸੂਖਵਾਨ ਪਰਿਵਾਰਾਂ ਤੋਂ ਬੰਨ੍ਹਿਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕੱਸ ਲਈ ਹੈ। ਮਰਹੂਮ ਮੁੱਖ ਮੰਤਰੀ ਦੇ ਪੋਤਰੇ ਗੁਰਇਕਬਾਲ ਸਿੰਘ, ਜੋ ਕਿ ਸੁਖਵੰਤ ਸਿੰਘ ਕੋਟਲੀ ਦਾ ਪੁੱਤਰ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਛੋਟਾ ਭਰਾ ਹੈ, ਨੂੰ ਪੰਜਾਬ ਪੁਲਿਸ ਵਿਚ ਡੀæਐਸ਼ਪੀæ ਦੀ ਨੌਕਰੀ ਮਿਲੇਗੀ।
ਗ੍ਰਹਿ ਵਿਭਾਗ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਡੀæਜੀæਪੀæ ਵੱਲੋਂ ਨਿਯੁਕਤੀ ਸਬੰਧੀ ਤਜਵੀਜ਼ ਭੇਜ ਦਿੱਤੀ ਗਈ ਹੈ। ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਦਾ ਦੱਸਣਾ ਹੈ ਕਿ ਮਰਹੂਮ ਮੁੱਖ ਮੰਤਰੀ ਦੇ ਪੋਤਰੇ ਨੂੰ ਬਿਨਾਂ ਪ੍ਰੀਖਿਆ ਤੇ ਹੋਰ ਸ਼ਰਤਾਂ ਦੀ ਛੋਟ ਦੇ ਕੇ ਹੀ ਡੀæਐਸ਼ਪੀæ ਦੀਆਂ ਫੀਤੀਆਂ ਨਹੀਂ ਲਾਈਆਂ ਜਾ ਰਹੀਆਂ, ਸਗੋਂ ਉਮਰ ਵਿਚ ਵੀ ਛੋਟ ਦਿੱਤੀ ਜਾਵੇਗੀ। ਨੌਕਰੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਇਹ ਮਾਮਲਾ ਜਲਦੀ ਹੀ ਮੰਤਰੀ ਮੰਡਲ ਨੂੰ ਭੇਜਿਆ ਜਾਵੇਗਾ।