ਲੰਡਨ: ਬਰਤਾਨੀਆ ਵਿਚ ਆਮ ਚੋਣਾਂ ਲਈ ਚੋਣ ਪ੍ਰਚਾਰ ਪੂਰੇ ਜ਼ੋਰਾਂ ਉਤੇ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹਰ ਤਬਕੇ ਦੇ ਲੋਕਾਂ ਦੀਆਂ ਮੰਗਾਂ ਜਾਨਣ ਲਈ ਲੋਕਾਂ ਨਾਲ ਖੁੱਲ੍ਹ ਕੇ ਮਿਲ ਰਹੇ ਹਨ। ਲੰਡਨ ਵਸਦੇ ਸਿੱਖ ਭਾਈਚਾਰੇ ਦੀ ਅਹਿਮ ਮੰਗ ਆਪਣੇ ਮੁਕੱਦਸ ਸਥਾਨ ਹਰਿਮੰਦਰ ਸਾਹਿਬ ਉਤੇ 1984 ਵਿਚ ਹੋਏ ਫੌਜੀ ਹਮਲੇ ਵਿਚ ਬਰਤਾਨੀਆ ਦੀ ਭੂਮਿਕਾ ਜਨਤਕ ਕੀਤੇ ਜਾਣ ਦੀ ਹੈ।
ਚੋਣ ਵਾਅਦਿਆਂ ਦਰਮਿਆਨ ਬਰਤਾਨੀਆ ਦੀ ਲੇਬਰ ਪਾਰਟੀ ਆਪਰੇਸ਼ਨ ਬਲੂ ਸਟਾਰ ਵਿਚ ਉਸ ਵੇਲੇ ਦੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਜਾਂਚ ਕਰਵਾਉਣ ਦਾ ਵਾਅਦਾ ਕਰ ਚੁੱਕੀ ਹੈ ਅਤੇ ਪਾਰਟੀ ਦੇ ਆਗੂ ਲਗਾਤਾਰ ਇਸ ਬਾਰੇ ਪ੍ਰਚਾਰ ਵੀ ਕਰ ਰਹੇ ਹਨ।
ਲੰਡਨ ਵਿਚ ਸਿੱਖ ਭਾਈਚਾਰਾ ਵੱਡੀ ਗਿਣਤੀ ਵਿਚ ਵਸਦਾ ਹੈ, ਇਸੇ ਕਰ ਕੇ ਕੋਈ ਵੀ ਪਾਰਟੀ ਸਿੱਖਾਂ ਦੇ ਮੁੱਦਿਆਂ ਨੂੰ ਅਣਦੇਖਿਆ ਨਹੀਂ ਕਰਨਾ ਚਾਹੁੰਦੀ। ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਜੈਰਮੀ ਕੌਰਬਿਨ ਨੇ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਣ ਪਿੱਛੋਂ ਕਿਹਾ ਕਿ ਸਿੱਖਾਂ ਨੂੰ ਬਲੂ ਸਟਾਰ ਓਪ੍ਰੇਸ਼ਨ ਦੀ ਸੱਚਾਈ ਜਾਣਨ ਦਾ ਪੂਰਾ ਹੱਕ ਹੈ। ਇਸ ਮੌਕੇ ਉਨ੍ਹਾਂ ਨਾਲ ਸਲੋਹ ਤੋਂ ਲੇਬਰ ਉਮੀਦਵਾਰ ਤਨਮਨਜੀਤ ਸਿੰਘ ਢੇਸੀ, ਲੇਬਰ ਉਮੀਦਵਾਰ ਰੌਕੀ ਗਿੱਲ, ਯੂਰਪੀਅਨ ਸੰਸਦ ਮੈਂਬਰ ਨੀਨਾ ਗਿੱਲ, ਲੰਡਨ ਅਸੈਂਬਲੀ ਮੈਂਬਰ ਡਾæ ਉਂਕਾਰ ਸਿੰਘ ਸਹੋਤਾ ਆਦਿ ਸਨ।
ਇਸ ਮੌਕੇ ਜੈਰਮੀ ਕੌਰਬਿਨ ਨੇ ਕਿਹਾ ਕਿ ਸਿੱਖ ਧਰਮ ਬਰਾਬਰੀ ਸਿਖਾਉਂਦਾ ਹੈ ਜਿਥੇ ਬਗੈਰ ਕਿਸੇ ਵਿਤਕਰੇ ਤੋਂ ਸਭ ਨੂੰ ਇਕ ਰਸੋਈ ਵਿਚੋਂ ਲੰਗਰ ਛਕਾਇਆ ਜਾਂਦਾ ਹੈ। ਸਿੱਖਾਂ ਨੂੰ ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਸੱਚ ਜਾਣਨ ਦਾ ਪੂਰਾ ਹੱਕ ਹੈ ਅਤੇ ਲੇਬਰ ਪਾਰਟੀ ਇਸ ਘਟਨਾ ਸਬੰਧੀ ਨਿਰਪੱਖ ਜਾਂਚ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਜੈਰਮੀ ਕੌਰਬਿਨ ਨੇ ਲੰਗਰ ਦੀ ਸੇਵਾ ਵੀ ਕੀਤੀ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨਾਲ ਕੁਝ ਸਮਾਂ ਬੰਦ ਕਮਰਾ ਮੀਟਿੰਗ ਵੀ ਕੀਤੀ। ਲੇਬਰ ਪਾਰਟੀ ਨੇ ਚੋਣਾਂ ਮੈਦਾਨ ਵਿਚ ਪਹਿਲੀ ਵਾਰ 6 ਸਿੱਖਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਅਤੇ ਪਾਰਟੀ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕ ਰਹੀ ਹੈ।
____________________________________
ਓਪਰੇਸ਼ਨ ਬਲੂ ਸਟਾਰ ਦਾ ਮੁੱਦਾ ਭਖਿਆ
ਲੰਡਨ: ਓਪਰੇਸ਼ਨ ਬਲੂ ਸਟਾਰ ਦਾ ਮੁੱਦਾ ਲੰਡਨ ਦੀਆਂ ਆਮ ਚੋਣਾਂ ਵਿਚ ਖਾਸ ਚੋਣ ਮੁੱਦਾ ਬਣ ਕੇ ਉਭਰਿਆ ਹੈ। ਇਸ ਮੁੱਦੇ ‘ਤੇ ਹੁਣ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਨੂੰ ਲੇਬਰ ਪਾਰਟੀ ਦੇ ਡਿਪਟੀ ਲੀਡਰ ਟੌਮ ਵਾਟਸਨ ਨੇ ਲਲਕਾਰਿਆ ਹੈ। ਲੇਬਰ ਪਾਰਟੀ ਦੇ ਡਿਪਟੀ ਲੀਡਰ ਟੌਮ ਵਾਟਸਨ ਨੇ ਰੇਡੀਓ ਇੰਟਰਵਿਊ ਦੌਰਾਨ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਦੇ ਉਸ ਬਿਆਨ ਨੂੰ ਚੁਣੌਤੀ ਦਿੱਤੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਵਿਚ ਬਰਤਾਨੀਆ ਦੀ ਭੂਮਿਕਾ ਸਬੰਧੀ ਹੋਰ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਹਨ। ਇਸ ਬਾਰੇ ਜਾਂਚ ਹੋ ਚੁੱਕੀ ਹੈ।”ਟੌਮ ਵਾਟਸਨ ਨੇ ਕਿਹਾ ਕਿ ਵਿਦੇਸ਼ ਮੰਤਰੀ ਬੌਰਿਸ ਜੌਹਨਸਨ ਇਕ ਹੋਰ ਗਲਤੀ ਕਰ ਰਹੇ ਹਨ ਜਾਂ ਉਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਦਿਨੀਂ ਬ੍ਰਿਸਟਲ ਗੁਰੂ ਘਰ ਵਿਚ ਸਿੱਖਾਂ ਵੱਲੋਂ ਸਾਕਾ ਨੀਲਾ ਤਾਰਾ ਸਬੰਧੀ ਨਿਰਪੱਖ ਜਾਂਚ ਸਬੰਧੀ ਸਵਾਲ ਉਠਾਏ ਸਨ। ਇਸ ਦਾ ਜਵਾਬ ਦਿੰਦਿਆਂ ਬੌਰਿਸ ਨੇ ਕਿਹਾ ਸੀ ਕਿ ਅਜਿਹਾ ਹੋਰ ਕੋਈ ਦਸਤਾਵੇਜ਼ ਨਹੀਂ ਤੇ ਜਾਂਚ ਪੂਰੀ ਹੋ ਚੁੱਕੀ ਹੈ। ਲੇਬਰ ਡਿਪਟੀ ਲੀਡਰ ਟੌਮ ਵਾਟਸਨ ਨੇ ਕਿਹਾ ਕਿ ਬੌਰਿਸ ਨੂੰ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਸੀ।