‘ਪੰਜਾਬ ਟਾਈਮਜ਼’ ਦੇ 9 ਫਰਵਰੀ ਵਾਲੇ ਅੰਕ ਵਿਚ ਡਾæ ਗੋਬਿੰਦਰ ਸਿੰਘ ਸਮਰਾਓ ਦੀ ਸਿੱਖ ਧਰਮ ਦੇ ਪ੍ਰਚਾਰਕਾਂ ਬਾਰੇ ਚਿੱਠੀ ਪੜ੍ਹੀ। ਡਾæ ਸਮਰਾਓ ਨੇ ਬੜਾ ਅਹਿਮ ਅਤੇ ਗੌਲਣ ਵਾਲਾ ਨੁਕਤਾ ਉਠਾਇਆ ਹੈ ਕਿ ਅੱਜ ਕੁਰਲਾ ਤਾਂ ਪੰਜਾਬ ਰਿਹਾ ਹੈ, ਪਰ ਪ੍ਰਚਾਰਕ ਧਰਮ ਦਾ ਪ੍ਰਚਾਰ ਅਮਰੀਕਾ ਵਰਗੇ ਦੇਸ਼ਾਂ ਵਿਚ ਆ ਕੇ ਕਰ ਰਹੇ ਹਨ। ਸਿੱਖ ਧਰਮ ਵਿਚ ਮਾਇਆ ਦੇ ਲੋਭ ਵਿਚ ਨਾ ਫਸਣ ਦੀ ਸਿੱਖਿਆ ਦਿੱਤੀ ਜਾਂਦੀ ਹੈ ਪਰ ਜਾਪਦਾ ਹੈ ਕਿ ਪ੍ਰਚਾਰਕਾਂ ਦੇ ਅਮਰੀਕਾ ਦੇ ਘੜੀ-ਮੁੜੀ ਦੇ ਗੇੜਿਆਂ ਦਾ ਇਕ ਕਾਰਨ ਮਾਇਆ ਵੀ ਜ਼ਰੂਰ ਹੀ ਹੋਵੇਗਾ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਅਮਰੀਕਾ ਵਰਗੇ ਦੇਸ਼ਾਂ ਵਿਚ ਪ੍ਰਚਾਰ ਦੀ ਲੋੜ ਨਹੀਂ ਹੈ, ਸਗੋਂ ਅਜਿਹੇ ਪ੍ਰਚਾਰ ਦੀ ਤਾਂ ਹਰ ਥਾਂ ਲੋੜ ਹੈ, ਪਰ ਇਸ ਵਿਚ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਵੱਧ ਲੋੜ ਪੰਜਾਬ ਵਿਚ ਹੀ ਹੈ। ਪੰਜਾਬ ਧਾਰਮਿਕ, ਸਮਾਜਕ, ਸਿਆਸੀ, ਆਰਥਿਕ-ਕਹਿਣ ਦਾ ਮਤਲਬ ਹਰ ਪਾਸਿਓਂ ਔਕੜਾਂ ਵਿਚ ਘਿਰ ਰਿਹਾ ਹੈ। ਇਸ ਲਈ ਵੱਧ ਤੋਂ ਵੱਧ ਬੰਦਿਆਂ ਦੀ ਕਰਮਭੂਮੀ ਪੰਜਾਬ ਹੀ ਬਣਨਾ ਚਾਹੀਦਾ ਹੈ। ਕੀ ਧਰਮ ਦੇ ਪ੍ਰਚਾਰਕ ਇਸ ਪਾਸੇ ਸੋਚਦੇ ਹਨ ਜਾਂ ਅਜਿਹਾ ਲੋਚਦੇ ਹਨ? ਘੱਟੋ-ਘੱਟ ਮੇਰੇ ਲਈ ਇਹ ਬਹੁਤ ਵੱਡਾ ਸਵਾਲ ਹੈ। ਜੇ ਤੜਫ ਰਹੇ ਮਰੀਜ਼ ਦੀ ਥਾਂ ਤੰਦਰੁਸਤ ਬੰਦੇ ਦੀਆਂ ਰੀਝਾਂ ਹੀ ਪੂਰੀਆਂ ਕਰੀ ਜਾਣੀਆਂ ਹਨ, ਤਾਂ ਅਜਿਹੇ ਪ੍ਰਚਾਰ ਦਾ ਕੀ ਲੇਖਾ? ਨਾਲੇ ਸਿੱਖ ਧਰਮ ਵਿਚ ਨਿਤਾਣਿਆਂ ਦੇ ਤਾਣ ਵਾਲੀ ਗੱਲ ਵੀ ਆਖੀ ਗਈ ਹੈ; ਕੀ ਇਹ ਪ੍ਰਚਾਰਕ ਨਿਤਾਣਿਆਂ ਵੱਲ ਬਣਦਾ ਧਿਆਨ ਦੇ ਰਹੇ ਹਨ ਜਾਂ ਕਿ ਪਹੁੰਚ ਵਾਲਿਆਂ ਨਾਲ ਘਿਉ-ਖਿਚੜੀ ਹੋ ਕੇ ਆਪੇ ਕਲਗੀਆਂ ਲੁਆਈ ਜਾਂਦੇ ਹਨ? ਬਾਕੀ ਪ੍ਰੋਫੈਸਰੀ ਬਾਰੇ ਚੱਲ ਰਹੇ ਵਿਵਾਦ ਬਾਰੇ ਮੈਂ ਕੁਝ ਨਹੀਂ ਕਹਿਣਾ। ਮੈਨੂੰ ਜਾਪਦਾ ਹੈ ਕਿ ਇਹ ਮਸਲਾ ਇਹ ‘ਕਲਗੀ’ ਵਰਤਣ ਜਾਂ ਨਾ ਵਰਤਣ ਵਾਲਿਆਂ ਉਤੇ ਹੀ ਛੱਡ ਦੇਣਾ ਚਾਹੀਦਾ ਹੈ। ਉਂਜ, ਮਨ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਸਿੱਖੀ, ਸਾਦਗੀ ਅਤੇ ਸਿਦਕ ਨਾਲ ਭਰੇ-ਭੁਕੰਨੇ ਕਿਸੇ ਜੀਉੜੇ ਨੂੰ ਅਜਿਹੀ ਕਲਗੀਆਂ ਲਾਉਣਾ ਕੀ ਥੋਥੀ ਜਿਹੀ ਕਾਰਵਾਈ ਨਹੀਂ ਹੈ? ਲੋਕਾਂ ਦੇ ਮਨਾਂ ਵਿਚ ਤੁਹਾਡੀ ਕਹੀ ਅਤੇ ਸਮਝਾਈ ਗੱਲ ਨੇ ਘਰ ਬਣਾਉਣਾ ਹੈ, ਅਜਿਹੀਆਂ ਡਿਗਰੀਆਂ ਤਾਂ ਧਰਮ ਦੇ ਪ੍ਰਚਾਰ ਲਈ ਤੁਛ ਜਿਹੀ ਚੀਜ਼ ਹਨ। ਸਿੱਖੀ ਦੇ ਪ੍ਰਚਾਰ ਨਾਲ ਸਾਦਗੀ ਜੁੜਨੀ ਚਾਹੀਦੀ ਹੈ, ਦੁਨਿਆਵੀ ਡਿਗਰੀਆਂ ਜਾਂ ਵਿਦਵਾਨ ਹੋਣ ਦੇ ਸਰਟੀਫਿਕੇਟ ਨਹੀਂ।
-ਜਸਵੰਤ ਸਿੰਘ ਸੇਖੋਂ
ਲਾਸ ਏਂਜਲਸ।
Leave a Reply