ਸੱਤਾ ਦੇ ਆਖਰੀ ਵਰ੍ਹੇ ਖਜ਼ਾਨਾ ਨਿਚੋੜ ਗਈ ਸੀ ਅਕਾਲੀ ਸਰਕਾਰ

ਚੰਡੀਗੜ੍ਹ: ਪਿਛਲੇ 10 ਸਾਲ ਪੰਜਾਬ ਦੀ ਸੱਤਾ ਉਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਆਖਰੀ ਵਰ੍ਹੇ ਪੰਜਾਬ ਨੂੰ ਪੂਰੀ ਤਰ੍ਹਾਂ ਚੂਸ ਲਿਆ। ਚੋਣ ਵਰ੍ਹਾ ਹੋਣ ਕਰ ਕੇ ਸਰਕਾਰ ਨੇ ਖਰਚ ਤਾਂ ਖੁੱਲ੍ਹ ਕੇ ਕੀਤਾ ਪਰ ਰਿਆਇਤਾਂ ਦੀ ਝੜੀ ਲਾ ਕੇ ਮਾਲੀਆ ਬਿਲਕੁਲ ਘਟਾ ਦਿੱਤਾ।

ਅੰਕੜਿਆਂ ਮੁਤਾਬਕ 2016-17 ਵਿਚ ਕੁੱਲ ਮਾਲੀਆ 4770 ਕਰੋੜ ਰੁਪਏ ਤੱਕ ਡਿੱਗ ਗਿਆ। ਪਿਛਲੇ ਕੁਝ ਸਾਲਾਂ ਦੌਰਾਨ ਕਰਜ਼ਾ ਚੜ੍ਹ ਕੇ 1æ81 ਲੱਖ ਕਰੋੜ ਰੁਪਏ ਹੋ ਗਿਆ ਜਦਕਿ ਕਰਜ਼ਿਆਂ ਤੇ ਪੇਸ਼ਗੀਆਂ ਦੀ ਵਸੂਲੀ ਬਹੁਤ ਘੱਟ ਰਹੀ ਤੇ ਕਰਜ਼ਿਆਂ ਦੀ ਪੰਡ ਹੋਰ ਭਾਰੀ ਹੋ ਗਈ। ਚੋਣ ਵਰ੍ਹੇ ਦੌਰਾਨ ਪੰਜਾਬ ‘ਚ ਕਰਜ਼ਿਆਂ ਤੇ ਪੇਸ਼ਗੀਆਂ ਵਜੋਂ ਵਸੂਲੀ ਸਿਰਫ 99æ57 ਕਰੋੜ ਰੁਪਏ ਦਰਜ ਕੀਤੀ ਗਈ ਜਦਕਿ 2015-16 ਦੇ ਵਕਫੇ ਵਿਚ ਇਹ 5728æ06 ਕਰੋੜ ਰੁਪਏ ਸੀ। ਉਧਰ, 7181æ49 ਕਰੋੜ ਰੁਪਏ ਦੇ ਕਰਜ਼ੇ ਤੇ ਪੇਸ਼ਗੀਆਂ ਵੰਡੀਆਂ ਗਈਆਂ ਜਦਕਿ ਬਜਟ ਤਜਵੀਜ਼ਾਂ ‘ਚ ਸਿਰਫ 399æ70 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ।
ਸਾਲ 2016-17 ਦੇ ਵਕਫੇ ਦੌਰਾਨ ਕੇਂਦਰ ਸਰਕਾਰ ਤੋਂ ਮਿਲੀਆਂ ਗ੍ਰਾਂਟਾਂ ਵਿਚ 1224æ63 ਕਰੋੜ ਰੁਪਏ ਦਾ ਵਾਧਾ ਹੋ ਗਿਆ। ਇੰਜ ਜਾਪਦਾ ਹੈ ਕਿ ਪੰਜਾਬ ਦਾ ਆਪਣਾ ਟੈਕਸ ਮਾਲੀਆ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਗੱਫਿਆਂ ਦਾ ਸ਼ਿਕਾਰ ਹੋ ਗਿਆ। ਉਕਤ ਖੁਲਾਸਾ ਪੰਜਾਬ ਸਰਕਾਰ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਵਿਚ ਹੋਇਆ ਹੈ।
ਕੁੱਲ ਮਾਲੀਆ ਘਾਟਾ 6610æ71 ਕਰੋੜ ਰੁਪਏ ਨਿਕਲਿਆ ਜੋ ਬਜਟ ਅਨੁਮਾਨਾਂ ਮੁਤਾਬਕ 7982æ84 ਕਰੋੜ ਰੁਪਏ ਰਹਿਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਇਸ ਨਾਲ ਕਾਂਗਰਸ ਦੇ ਖਜ਼ਾਨਾ ਖਾਲੀ ਮਿਲਣ ਦੇ ਖਦਸ਼ੇ ਸੱਚ ਸਾਬਤ ਹੋਏ ਹਨ। ਮਾਲੀਏ ‘ਚ ਕਮੀ ਕਰ ਕੇ ਸੂਬੇ ਦਾ ਕੁੱਲ ਖਰਚਾ 56430æ81 ਕਰੋੜ ਰੁਪਏ ਹੋਇਆ ਜਦਕਿ 62967æ81 ਕਰੋੜ ਦਾ ਅਨੁਮਾਨ ਲਾਇਆ ਗਿਆ ਸੀ। ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 2016-17 ਦੇ ਜਾਰੀ ਹੋਏ ਵਿੱਤੀ ਅੰਕੜਿਆਂ ਤੋਂ ਉਨ੍ਹਾਂ ਦੇ ਖਦਸ਼ਿਆਂ ਦੀ ਤਸਦੀਕ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹੋਣ ਕਰ ਕੇ ਮੇਰੇ ਕੋਲ ਕੋਈ ਰਾਹ ਨਹੀਂ ਬਚਦਾ ਤੇ ਮੈਨੂੰ ਸੂਬੇ ਦੀ ਭਲਾਈ ਲਈ ਤੁਰਤ ਇਹਤਿਆਤੀ ਕਦਮ ਚੁੱਕ ਕੇ ਸਾਰੇ ਫਾਲਤੂ ਦੇ ਖਰਚੇ ਘਟਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਬਜਟ ਇਜਲਾਸ ‘ਚ ਉਹ ਵ੍ਹਾਈਟ ਪੇਪਰ ਜਾਰੀ ਕਰ ਕੇ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ਿਆਂ ਨੂੰ ਉਜਾਗਰ ਕਰਨਗੇ।
_____________________________________
ਸੂਬੇ ਦੀ ਤਰਸਯੋਗ ਹਾਲਤ ਨਾਲ ਨਜਿੱਠਣ ਵਿਚ ਜੁਟੀ ਸਰਕਾਰ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਦੋ ਮਹੀਨੇ ਦੇ ਕਾਰਜਕਾਲ ਦੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਆਲੋਚਨਾ ਨੂੰ ਅਸਲ ਤੱਥਾਂ ਅਤੇ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਉਲਟ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰਾਸਤ ਵਿਚ ਮਿਲੀ ਸੂਬੇ ਦੀ ਤਰਸਯੋਗ ਹਾਲਤ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਵਿਨਾਸ਼ ਦੀ ਇਸ ਪੀੜਾ ‘ਚੋਂ ਬਾਹਰ ਕੱਢਣ ਅਤੇ ਇਸ ਨੂੰ ਪ੍ਰਗਤੀ ਦੀ ਲੀਹ ‘ਤੇ ਲਿਆਉਣ ਦੇ ਯਤਨਾਂ ਵਿਚ ਲੱਗੀ ਹੋਈ ਹੈ। ਨਸ਼ਿਆਂ ਦੇ ਖਾਤਮੇ, ਉਦਯੋਗ ਦੀ ਮੁੜ ਸੁਰਜੀਤੀ, ਵੀæਆਈæਪੀæ ਸੱਭਿਆਚਾਰ ਦਾ ਖਾਤਮਾ, ਸਿੱਖਿਆ ਅਤੇ ਟਰਾਂਸਪੋਰਟ ਸੁਧਾਰਾਂ ਅਤੇ ਕਿਸਾਨਾਂ ਦੇ ਕਰਜ਼ੇ ਖਤਮ ਕਰਨ ਵੱਲ ਨੂੰ ਕਦਮ ਚੁੱਕਣ ਸਣੇ ਵੱਖ-ਵੱਖ ਪ੍ਰਮੁੱਖ ਮੋਰਚਿਆਂ ਉਤੇ ਉਨ੍ਹਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ।
_______________________________________
‘ਤਬਾਹ ਕੀਤੇ ਪੰਜਾਬ ਨੂੰ ਲੀਹੇ ਪਾਉਣ ‘ਚ ਸਮਾਂ ਲੱਗੇਗਾ’
ਚੰਡੀਗੜ੍ਹ: ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹਾਰੇ ਤੇ ਬੌਖਲਾਏ ਆਗੂਆਂ ਨੂੰ ਸਬਰ ਰੱਖਣ ਅਤੇ ਅੰਦਰਝਾਤ ਮਾਰਨ ਦੀ ਸਲਾਹ ਦਿੰਦਿਆਂ ਪੰਜਾਬ ਦੇ ਸਿੰਜਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਤਬਾਹ ਕੀਤੇ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣ ਵਿਚ ਵਕਤ ਲੱਗੇਗਾ। ਅਕਾਲੀ-ਭਾਜਪਾ ਗਠਜੋੜ ਦੇ ਆਗੂਆਂ ਵੱਲੋਂ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ 120 ਮਹੀਨਿਆਂ ਵਿਚ ਕੀਤੀ ਗਈ ਗੜਬੜ ਸਿਰਫ ਦੋ ਮਹੀਨਿਆਂ ਅੰਦਰ ਠੀਕ ਨਹੀਂ ਕੀਤੀ ਜਾ ਸਕਦੀ।