ਜਲੰਧਰ: ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੇ ਸੂਬਾਈ ਉਪ ਪ੍ਰਧਾਨ ਅਮਨ ਅਰੋੜਾ ਨੇ ਸੁੱਚਾ ਸਿੰਘ ਛੋਟੇਪੁਰ ਸਮੇਤ ਪਾਰਟੀ ਛੱਡ ਗਏ ਸਾਰੇ ਵਾਲੰਟੀਅਰਾਂ ਅਤੇ ਆਗੂਆਂ ਨੂੰ ਵਾਪਸੀ ਦੀ ਅਪੀਲ ਕੀਤੀ ਹੈ। ਮੈਂਬਰ ਪਾਰਲੀਮੈਂਟ ਡਾæ ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਬਾਰੇ ਅਰਵਿੰਦ ਕੇਜਰੀਵਾਲ ਨਾਲ ਗੱਲ ਚੱਲੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਪਾਰਟੀ ਮੁੜ ਇਕਮੁੱਠ ਹੋਵੇਗੀ ਤੇ ਡਾæ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਸਰਗਰਮ ਭੂਮਿਕਾ ਨਿਭਾ ਸਕਦੇ ਹਨ, ਹਾਲਾਂਕਿ ਇਨ੍ਹਾਂ ਆਗੂਆਂ ਨੇ ਵਾਪਸੀ ਲਈ ਕੋਰੀ ਨਾਂਹ ਕਰ ਦਿੱਤੀ ਹੈ।
ਸਮਝਿਆ ਜਾਂਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਹਾਰ ਦੇ ਕਾਰਨਾਂ ਵਿਚ ਛੋਟੇਪੁਰ ਵੀ ਵੱਡਾ ਕਾਰਨ ਸਨ। ਸ੍ਰੀ ਅਰੋੜਾ ਨੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਕਾਰਜਕਾਲ ਨੂੰ ਵਧੀਆ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ਨੂੰ ਟਾਲਿਆ ਜਾ ਸਕਦਾ ਸੀ। ਜਿਹੜੇ ਵਾਲੰਟੀਅਰ ਪਾਰਟੀ ਛੱਡ ਗਏ ਹਨ ਜਾਂ ਕੱਢਿਆ ਗਿਆ, ਉਨ੍ਹਾਂ ਦਾ ‘ਆਪ’ ਵਿਚ ਸਵਾਗਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦਾ ਜਥੇਬੰਦਕ ਢਾਂਚਾ ਇਕ ਮਹੀਨੇ ਦੇ ਅੰਦਰ-ਅੰਦਰ ਬਣਾ ਦਿੱਤਾ ਜਾਵੇਗਾ ਤੇ ਇਸ ਵਿਚ ਦਿੱਲੀ ਹਾਈ ਕਮਾਂਡ ਦੀ ਕੋਈ ਦਖਲ-ਅੰਦਾਜ਼ੀ ਨਹੀਂ ਹੋਵੇਗੀ। ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਏ ਜਾਣ ਸਬੰਧੀ ਪਰਵਾਸੀ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਮਾਨ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਵਿਚ ਰਹਿਣ ਲਈ ਮਨਾ ਲਿਆ।
________________________________
ਘੁੱਗੀ ਖੁਦ ਲਾਂਭੇ ਹੋਇਆæææ
ਅਮਨ ਅਰੋੜਾ ਨੇ ਕਿਹਾ ਕਿ ਗੁਰਪ੍ਰੀਤ ਘੁੱਗੀ ਦਾ ਪੰਜਾਬੀ ਫਿਲਮਾਂ ਵੱਲ ਝੁਕਾਅ ਜ਼ਿਆਦਾ ਸੀ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਘੱਟੋ ਘੱਟ 70 ਸੀਨੀਅਰ ਅਹੁਦੇਦਾਰਾਂ ਨਾਲ ਗੱਲਬਾਤ ਕਰ ਕੇ ਘੁੱਗੀ ਸਬੰਧੀ ਫੈਸਲਾ ਲਿਆ ਸੀ। ਪਾਰਟੀ ਛੱਡਣ ਤੋਂ ਪਹਿਲਾਂ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੇ ਘਰ ਉਨ੍ਹਾਂ ਦੀ ਗੁਰਪ੍ਰੀਤ ਘੁੱਗੀ ਨਾਲ ਢਾਈ ਘੰਟੇ ਤੱਕ ਗੱਲਬਾਤ ਹੋਈ, ਜਿਸ ਵਿਚ ਘੁੱਗੀ ਨੇ ਕਿਹਾ ਸੀ ਕਿ ਉਹ ਬਤੌਰ ਵਾਲੰਟੀਅਰ ‘ਆਪ’ ਦੀ ਸੇਵਾ ਕਰਨਗੇ। ਕੇਜਰੀਵਾਲ ਚਾਹੁੰਦੇ ਸਨ ਕਿ ਘੁੱਗੀ ਨੂੰ ਪਾਰਟੀ ਦੀ ਸੂਬਾਈ ਪ੍ਰਧਾਨਗੀ ਤੋਂ ਵੀ ਵੱਡਾ ਅਹੁਦਾ ਦਿੱਤਾ ਜਾਵੇ, ਪਰ ਉਹ ਖੁਦ ਹੀ ਪਾਰਟੀ ਛੱਡ ਗਏ।
_________________________________
ਕੇਜਰੀਵਾਲ ਨੂੰ ਭ੍ਰਿਸ਼ਟ ਗਰਦਾਨਣ ਦੀ ਕੋਸ਼ਿਸ਼ ਨਾਕਾਮ
ਨਵੀਂ ਦਿੱਲੀ: ਜਿਨ੍ਹਾਂ ਕਰੋੜਾਂ ਰੁਪਏ ਦੇ ਚੈੱਕਾਂ ਕਾਰਨ ਵਿਰੋਧੀ ਧਿਰਾਂ ਅਤੇ ਸਾਬਕਾ ‘ਆਪ’ ਵਿਧਾਇਕ ਕਪਿਲ ਮਿਸ਼ਰਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟ ਗਰਦਾਨਣ ਦੀ ਕੋਸ਼ਿਸ਼ ਕਰ ਰਹੇ ਹਨ, ਪਾਰਟੀ ਨੂੰ ਉਹ ਚੈੱਕ ਦੇਣ ਵਾਲਾ ਵਿਅਕਤੀ ਸਾਹਮਣੇ ਆ ਗਿਆ ਹੈ। ਉਤਰੀ ਪੂਰਬੀ ਦਿੱਲੀ ਦੇ ਗੰਗਾ ਵਿਹਾਰ ਦਾ ਵਸਨੀਕ ਇਹ ਵਿਅਕਤੀ ਕਾਰੋਬਾਰੀ ਮੁਕੇਸ਼ ਸ਼ਰਮਾ ਹੈ ਜਿਸ ਨੇ ਸ੍ਰੀ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਇਹ ਚੈੱਕ ਦਿੱਤੇ ਸਨ, ਪਰ ਉਹ ਖੁਦ ਸ੍ਰੀ ਕੇਜਰੀਵਾਲ ਨੂੰ ਕਦੇ ਨਹੀਂ ਮਿਲਿਆ। ਮੁਕੇਸ਼ ਨੇ ਸਾਫ ਕੀਤਾ ਕਿ ਸਿਆਸੀ ਝਮੇਲੇ ਵਿਚ ਫਸਣ ਤੋਂ ਬਚਣ ਲਈ ਉਹ ਦੋ ਸਾਲਾਂ ਤੋਂ ਚੁੱਪ ਹੈ। ਇਸ ਤੋਂ ਪਹਿਲਾਂ ਸਾਲ 2014 ਵਿਚ ਵੀ ਪਰਵਾਸੀ ਪੰਜਾਬੀ ਪਰਿਵਾਰ ਵੱਲੋਂ ਦਿੱਤੇ ਚੈਕਾਂ ਨੂੰ ਲੈ ਕੇ ਉਸ ਸਮੇਂ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਸੀ ਜਦੋਂ ਉਸ ਪਰਿਵਾਰ ਨੇ ਸਥਿਤੀ ਸਪਸ਼ਟ ਕਰ ਦਿੱਤੀ ਸੀ।