ਸ਼੍ਰੋਮਣੀ ਕਮੇਟੀ ਵੀ ਖੜਕਾਏਗੀ ਕੌਮਾਂਤਰੀ ਅਦਾਲਤ ਦਾ ਦਰਵਾਜਾ

ਚੰਡੀਗੜ੍ਹ: ਵਿਸ਼ਵ ਭਰ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਐਸ਼ਜੀæਪੀæਸੀæ ਕੌਮਾਂਤਰੀ ਨਿਆਂ ਅਦਾਲਤ ਵਿਚ ਅਪੀਲ ਕਰੇਗੀ। ਇਟਲੀ ਵਿਚ ਵਸਦੇ ਸਿੱਖਾਂ ‘ਤੇ ਸੁਪਰੀਮ ਕੋਰਟ ਵੱਲੋਂ ਕਿਰਪਾਨ ਪਹਿਨਣ ਦੀ ਪਾਬੰਦੀ ਤੋਂ ਬਾਅਦ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਹ ਐਲਾਨ ਕੀਤਾ ਹੈ।

ਸ਼ ਬਡੂੰਗਰ ਨੇ ਦੱਸਿਆ ਕਿ ਇਟਲੀ ‘ਚ ਸਿੱਖਾਂ ਵਿਰੁੱਧ ਹੋਏ ਐਲਾਨ ਸਬੰਧੀ ਐਸ਼ਜੀæਪੀæਸੀæ ਵੱਲੋਂ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰ ਕੇ ਇਟਲੀ ਦੀ ਸਰਕਾਰ ਕੋਲ ਇਹ ਮੁੱਦਾ ਚੁੱਕਣ ਦੀ ਅਪੀਲ ਵੀ ਕੀਤੀ ਗਈ ਹੈ। ਹੁਣ ਕਮੇਟੀ ਵੱਲੋਂ ਕੌਮਾਂਤਰੀ ਨਿਆਂ ਅਦਾਲਤ ਵਿਚ ਅਪੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਕਮੇਟੀ ਕੌਮਾਂਤਰੀ ਨਿਆਂ ਅਦਾਲਤ ਪਹੁੰਚ ਕਰੇਗੀ। 2004 ਵਿਚ ਫਰਾਂਸ ਦੀ ਸਰਕਾਰ ਨੇ ਸਕੂਲਾਂ ਵਿਚ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਲਾ ਦਿੱਤੀ ਸੀ। ਉਸ ਸਮੇਂ ਪਾਸਪੋਰਟ ਲਈ ਤਸਵੀਰ ਖਿਚਵਾਉਣ ਲਈ ਵੀ ਦਸਤਾਰ ਉਤਾਰਨ ਨੂੰ ਕਿਹਾ ਜਾਂਦਾ ਸੀ ਜਿਸ ਦਾ ਸ਼ਿਕਾਰ ਸਿੱਖ ਤੇ ਮੁਸਲਮਾਨ ਦੋਵੇਂ ਹੁੰਦੇ ਸਨ। ਬੀਤੇ ਦਿਨੀਂ ਇਟਲੀ ਦੀ ਸਰਬ ਉਚ ਅਦਾਲਤ ਨੇ ਸਿੱਖਾਂ ਦੇ ਉਪਰ ਦੀ ਕਿਰਪਾਨ ਧਾਰਨ ਕਰਨ ‘ਤੇ ਪੂਰਨ ਪਾਬੰਦੀ ਲਾ ਦਿੱਤੀ ਹੈ।
________________________________
ਇਟਲੀ ਸਰਕਾਰ ਫੈਸਲੇ ‘ਤੇ ਮੁੜ ਵਿਚਾਰ ਕਰੇ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ‘ਤੇ ਲਗਾਈ ਪਾਬੰਦੀ ਬਾਰੇ ਕਿਹਾ ਹੈ ਕਿ ਇਟਲੀ ਸਰਕਾਰ ਇਸ ਫੈਸਲੇ ਉਪਰ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਇਟਲੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਖੇਤਰ ‘ਚ ਅਹਿਮ ਯੋਗਦਾਨ ਪਾਇਆ ਹੈ, ਇਸ ਲਈ ਸਰਕਾਰ ਸਿੱਖਾਂ ਦੇ ਅਕੀਦੇ ਅਤੇ ਇਟਲੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਕਿਰਪਾਨ ਉਪਰ ਲਗਾਈ ਗਈ ਪਾਬੰਦੀ ਨੂੰ ਤੁਰਤ ਹਟਾਏ, ਜਿਸ ਨਾਲ ਸਿੱਖ ਇਟਲੀ ‘ਚ ਆਪਣੀ ਧਾਰਮਿਕ ਆਜ਼ਾਦੀ ਦਾ ਨਿੱਘ ਮਾਣ ਸਕਣ।
_______________________________
ਸੈਲੂਲਰ ਜੇਲ੍ਹ ‘ਚੋਂ ਸਿੱਖ ਇਤਿਹਾਸ ਮਨਫੀ ਕਰਨਾ ਮੰਦਭਾਗਾ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੇ ਦੌਰੇ ਉਤੇ ਭੇਜੇ ਵਫਦ ਵੱਲੋਂ ਰਿਪੋਰਟ ਮਿਲਣ ਉਪਰੰਤ ਕਿਹਾ ਕਿ ਸਿੱਖਾਂ ਵੱਲੋਂ ਤਸੀਹੇ ਝੱਲ ਅਤੇ ਸ਼ਹਾਦਤਾਂ ਦੇ ਕੇ ਸਿਰਜਿਆ ਇਤਿਹਾਸ ਸਿੱਖ ਕੌਮ ਦਾ ਸਰਮਾਇਆ ਹੈ। ਸ਼ ਬਡੂੰਗਰ ਵੱਲੋਂ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿਚ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰ ਕੇ ਦਿਖਾਉਣ ਦੇ ਮਾਮਲੇ ਸਬੰਧੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਵਿਚ ਵਫਦ ਉਥੇ ਭੇਜਿਆ ਸੀ, ਜਿਸ ਨੇ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਕਮੇਟੀ ਪ੍ਰਧਾਨ ਨੇ ਕਿਹਾ ਕਿ ਆਜ਼ਾਦੀ ਸੰਘਰਸ਼ ਵਿਚ ਹੋਈਆਂ ਅਨੇਕਾਂ ਸ਼ਹਾਦਤਾਂ ਜਿਥੇ ਤਵਾਰੀਖ ਦਾ ਹਿੱਸਾ ਹਨ, ਉਥੇ ਸਜ਼ਾਵਾਂ ਕੱਟਣ ਵਾਲਿਆਂ ਵਿਚ ਹੀ ਬਹੁ-ਗਿਣਤੀ ਸਿੱਖ ਤੇ ਪੰਜਾਬੀ ਸਨ। ਕਾਲੇਪਾਣੀ ਵਜੋਂ ਜਾਣੀ ਜਾਂਦੀ ਸੈਲੂਲਰ ਜੇਲ੍ਹ ਵਿਚ ਤਸੀਹੇ ਝੱਲਣ ਵਾਲਿਆਂ ਵਿਚ ਸਿੱਖਾਂ ਦੀ ਸ਼ਮੂਲੀਅਤ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਜੇਲ੍ਹ ਦੇ ਮਿਊਜ਼ੀਅਮ ਵਿਚ ਦਿਖਾਏ ਜਾਂਦੇ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਦੇ ਨਾਲ-ਨਾਲ ਜੇਲ੍ਹ ਦੀਆਂ ਗੈਲਰੀਆਂ ਵਿਚੋਂ ਸਿੱਖਾਂ ਦਾ ਇਤਿਹਾਸ ਖਤਮ ਕਰਨ ਦਾ ਯਤਨ ਮੰਦਭਾਗਾ ਹੈ। ਅਜਿਹੀਆਂ ਚਾਲਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ। ਰਿਪੋਰਟ ਸਬੰਧੀ ਉਨ੍ਹਾਂ ਆਖਿਆ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਅੰਡੇਮਾਨ ਨਿਕੋਬਾਰ ਦੇ ਗਵਰਨਰ ਜਨਰਲ ਡਾæ ਜਗਦੀਸ਼ ਮੁਖੀ ਨੇ ਮਾਮਲੇ ਦੇ ਹੱਲ ਸਬੰਧੀ ਭਰੋਸਾ ਦਿੱਤਾ ਹੈ ਅਤੇ ਸਥਾਨਕ ਤਿੰਨ ਸੜਕਾਂ ਦੇ ਨਾਂ ਵੀ ਸਿੱਖਾਂ/ਪੰਜਾਬੀਆਂ ਦੇ ਨਾਂ ‘ਤੇ ਰੱਖਣ ਦੀ ਗੱਲ ਆਖੀ ਹੈ, ਪਰ ਫਿਰ ਵੀ ਰਿਪੋਰਟ ਨੂੰ ਘੋਖਣ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।