ਅੰਮ੍ਰਿਤਸਰ: ਪੰਜਾਬ ਵਿਚ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਪੰਜਾਬ ਪੁਲਿਸ ਛੇਤੀ ਹੀ ਨਵਾਂ ਤਜਰਬਾ ਕਾਰਨ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ ਉਤੇ ਯੂਥ ਕਮੇਟੀਆਂ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਧੇ ਤੌਰ ‘ਤੇ ਆਪਣੇ ਨਾਲ ਜੋੜਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਸਮਝਾਇਆ ਜਾਵੇਗਾ ਕਿ ਕਿਸੇ ਬਹਿਕਾਵੇ ਵਿਚ ਆ ਕੇ ਹਥਿਆਰਾਂ ਦਾ ਇਸਤੇਮਾਲ ਨਾ ਕਰ ਕੇ ਆਪਣਾ ਚੰਗਾ ਜੀਵਨ ਬਤੀਤ ਕਰਨ।
ਪੰਜਾਬ ਦੇ ਏæਡੀæਜੀæਪੀæ ਲਾਅ ਐਂਡ ਆਰਡਰ ਰੋਹਿਤ ਚੌਧਰੀ ਨੇ ਇਨ੍ਹਾਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਗੱਲ ਵੀ ਮੰਨੀ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਸੱਚਮੁਚ ਬਹੁਤ ਖਰਾਬ ਸੀ। ਹੁਣ ਉਸ ਨੂੰ ਠੀਕ ਕਰਨ ਲਈ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਹਨ। ਚੌਧਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਪੂਰੇ ਸੂਬੇ ਵਿਚ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੀਆਂ ਮੁਸ਼ਕਲ ਨੂੰ ਸੁਣ ਕੇ ਹੱਲ ਕੱਢਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਜਾ ਰਹੇ ਗੈਂਗਸਟਰਾਂ ਨੂੰ ਵੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਗੈਂਗਸਟਰਾਂ ਦੀਆਂ ਕਹਾਣੀਆਂ ਸੁਣ ਕੇ ਇਸ ਹਨੇਰੇ ਦੀ ਜ਼ਿੰਦਗੀ ਜਿਊਣ ਦੀ ਥਾਂ ਆਪਣਾ ਚੰਗਾ ਜੀਵਨ ਬਿਤਾਉਣ। ਉਨ੍ਹਾਂ ਨਾਭਾ ਜੇਲ੍ਹ ਬ੍ਰੇਕ ਕਾਂਡ ਵਿਚ ਗ੍ਰਿਫਤਾਰ ਕੀਤੇ ਨੌਜਵਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਨੌਜਵਾਨ ਵਕਾਲਤ ਦੀ ਪੜ੍ਹਾਈ ਕਰ ਰਿਹਾ ਸੀ ਪਰ ਮਾੜੀ ਸੰਗਤ ਵਿਚ ਰਹਿਣ ਕਰ ਕੇ ਉਸ ਨੇ ਅਜਿਹਾ ਕੰਮ ਕੀਤਾ ਸੀ ਤੇ ਹੁਣ ਉਸ ਨੂੰ ਇਸ ਦਾ ਪਛਤਾਵਾ ਵੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਕਾਨੂੰਨ ਵਿਵਸਥਾ ਨੂੰ ਦਰੁਸਤ ਕਾਰਨ ਲਈ ਬੀਟ ਪੁਲਿਸਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਇਲਾਕਿਆਂ ਵਿਚ ਵਟਸਐਪ ਗਰੁੱਪ ਬਣਾਉਣ ਤੇ ਲੋਕਾਂ ਨੂੰ ਆਪਣੇ ਨਾਲ ਸਿੱਧੇ ਤੌਰ ‘ਤੇ ਜੋੜਨ।
__________________________________
35 ਗੈਂਗਸਟਰਾਂ ਦੀ ਸੂਚੀ ਤਿਆਰ
ਲੁਧਿਆਣਾ: ਪੰਜਾਬ ਪੁਲਿਸ ਨੇ 22 ਜ਼ਿਲ੍ਹਿਆਂ ਦੇ 35 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਸੂਚੀ ਵਿਚ ਕਈ ਗੈਂਗਸਟਰ ਅਜਿਹੇ ਵੀ ਹਨ, ਜੋ ਕਈ ਸਾਲਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪੁਲਿਸ ਨੇ ਇਨ੍ਹਾਂ ਦੀ ਗ੍ਰਿਫਤਾਰੀ ਲਈ ਟੀਮਾਂ ਵੀ ਗਠਿਤ ਕਰ ਲਈਆਂ ਹਨ। ਗੌਰਤਲਬ ਹੈ ਕਿ ਨਾਭਾ ਜੇਲ੍ਹ ਕਾਂਡ ਅਤੇ ਉਸ ਤੋਂ ਮਗਰੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਈਆਂ ਗੈਂਗਵਾਰ ਦੀਆਂ ਵਾਰਦਾਤਾਂ ਮੌਕੇ ਪੰਜਾਬ ਪੁਲਿਸ ਦੇ ਸਾਹਮਣੇ ਕਈ ਅਜਿਹੇ ਗੈਂਗਸਟਰਾਂ ਦੇ ਨਾਮ ਆਏ, ਜਿਨ੍ਹਾਂ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ।