ਨਾਨਕਾ ਮੇਲ ਰੇਲ ਗੱਡੀ

ਵਲੈਤ ਵਸਦੇ ਲਿਖਾਰੀ ਸੁਖਦੇਵ ਸਿੱਧੂ ਨੇ ਇਸ ਲੇਖ ਵਿਚ ਆਪਣੇ ਬਚਪਨ ਦੀਆਂ ਯਾਦਾਂ ਫਰੋਲਦਿਆਂ ਰੇਲ ਸਫਰ ਦੀ ਕਹਾਣੀ ਪਾਈ ਹੈ। ਇਸ ਲਿਖਤ ਦੀ ਖੂਬਸੂਰਤੀ ਇਹ ਹੈ ਕਿ ਇਸ ਵਿਚ ਰੇਲ ਸਫਰ ਦੇ ਨਾਲ ਨਾਲ ਜੀਵਨ ਸਫਰ ਦੀਆਂ ਅਣਗਿਣਤ ਤੰਦਾਂ ਬੜੇ ਸਹਿਜ ਨਾਲ ਜੁੜਦੀਆਂ ਜਾਂਦੀਆਂ ਹਨ, ਐਨ ਰੇਲ ਦੀ ਪਟੜੀ ਵਾਂਗ ਹੀ। ਉਹਨੂੰ ਬਾਤ ਸੁਣਾਉਣ ਦਾ ਵੱਲ ਹੈ, ਇਸੇ ਕਰ ਕੇ ਸਾਧਾਰਨ ਕੀਤੀਆਂ ਗੱਲਾਂ ਵੀ ਆਸਾਧਰਨ ਜਾਪਣ ਲਗਦੀਆਂ ਹਨ।

-ਸੰਪਾਦਕ
ਸੁਖਦੇਵ ਸਿੱਧੂ
ਆਪਣੇ ਕਹਿੰਦੇ ਹੁੰਦੇ ਸੀ- ਨਾਨਕੇ ਨਾਨੇ ਨਾਨੀਆਂ ਨਾਲ ਹੀ ਹੁੰਦੇ ਆ ਤੇ ਪੇਕੇ ਮਾਂ ਪਿਓ ਨਾਲ। ਮੈਂ ਸੋਚਦੇ ਰਹਿਣਾ, ਬਈ ਛੇਤੀ ਛੇਤੀ ਛੁੱਟੀਆਂ ਹੋਣ ਤਾਂ ਨਾਨਕੀਂ ਜਾਈਏ। ਜਾਂ ਕੋਈ ਵਿਆਹ ਸ਼ਾਦੀ ਆਵੇ, ਤਾਂ ਮੌਕਾ ਮੇਲ ਬਣੇ। ਮਾਂ ਨੂੰ ਪੇਕੇ ਦੇਖਣ ਦੀ ਤਾਂਘ ਹੁੰਦੀ ਸੀ, ਮੈਨੂੰ ਨਾਨਕੇ। ਉਹਨੇ ਬੜੀ ਬੇਸਬਰੀ ਨਾਲ ਉਡੀਕ ਕਰਨੀ। ਕਬੀਲਦਾਰੀਆਂ ਵਾਲੇ ਘਰਾਂ ਵਿਚੋਂ ਨਿਕਲਣਾ ਕਿਹੜਾ ਸੌਖਾ ਹੁੰਦਾ। ਮੇਰੇ ਵੱਡੇ ਮਾਮੇ ਦਾ ਪੁੱਤ ਸਤਨਾਮ ਸਿੰਘ ਮੇਰਾ ਹਾਣੀ ਪਰਵਾਣੀ ਈ ਸੀ। ਇਹਦੇ ਨਾਲ ਮੇਰਾ ਬੜਾ ਨੇਹੁ ਸੀ। ਇਹ ਸਾਲ ਦੋ ਸਾਲ ਛੋਟਾ ਹੋਊ ਮੈਥੋਂ। ਸਾਡੇ ਸੁਭਾਅ ਵੀ ਰਲਦੇ ਮਿਲਦੇ ਸੀ। ਇਹ ਵੀ ਸਰਫ਼ੇ ਦਾ ਹੀ ਸੀ, ਤੇ ਮੈਂ ਵੀ। ਸਾਡੀ ਮੀਚਾ ਮਿਲ ਗਈ। ਲਾਡ ਨਾਲ ਸਾਰੇ ਇਹਨੂੰ ਬਿੱਲਾ ਕਹਿੰਦੇ ਸੀ। ਮੇਰਾ ਇਹਨੂੰ ਮਿਲਣ ਨੂੰ ਮਨ ਰਹਿੰਦਾ ਸੀ।
ਪਹਿਲਾਂ ਪਹਿਲ ਬੱਸਾਂ ਗੱਡੀਆਂ ਆਮ ਨਹੀਂ ਸੀ। ਸਾਡੇ ਪਿੰਡ ਨੂੰ ਬੱਸ ਤਾਂ ਲੱਗੀ ਹੋਈ ਸੀ, ਪਰ ਇਹ ਸਵੇਰੇ ਨੌਂ ਵਜੇ ਤੋਂ ਪਹਿਲਾਂ ਹੀ ਜਲੰਧਰ ਨੂੰ ਨਿਕਲ ਜਾਂਦੀ ਸੀ ਤੇ ਸ਼ਾਮ ਨੂੰ ਮੁੜਦੀ ਸੀ। ਸਾਰੀ ਦਿਹਾੜੀ ਵਿਚ ਇਕੋ ਗੋੜਾ ਹੀ ਲਾਉਂਦੀ ਸੀ। ਇਹਦੇ ਟਾਈਮ ਨਾਲ ਤਾਂ ਘਰਾਂ ਦੇ ਕੰਮ ਕਾਰ ਹੀ ਨਹੀਂ ਸੀ ਮੁੱਕਦੇ। ਬੀਬੀਆਂ ਰੋਟੀ ਪਾਣੀ ਤੋਂ ਵੀ ਵਿਹਲੀਆਂ ਨਹੀਂ ਸੀ ਹੁੰਦੀਆਂ।
ਪਹਿਲਾਂ ਤਾਂ ਅਸੀਂ ਮੰਡੀ ਵਾਲੇ ਖੂਹ ਕੋਲ ਦੀ ਮਹਿਤਪੁਰ ਤਾਈਂ ਦੋ ਢਾਈ ਮੀਲ ਤੁਰਦੇ ਜਾਣਾ। ਅੱਗਿਓਂ ਮਹਿਤਪੁਰੋਂ ਦੇਖਣਾ, ਬਈ ਨਕੋਦਰ ਨੂੰ ਟਾਂਗਾ ਕਦੋਂ ਤੁਰੂਗਾ। ਏਥੇ ਇਕ ਦੋ ਹੀ ਤਾਂਗੇ ਹੁੰਦੇ ਸਨ। ਏਥੇ ਮੂਰਤੀ ਦਾ ਯੱਕਾ ਮਸ਼ਹੂਰ ਸੀ। ਇਹ ਮਹਿਤਪੁਰ ਦਾ ਈ ਬਸ਼ਿੰਦਾ ਸੀ। ਇਹਦੀ ਘੋੜੀ ਵੀ ਵੱਤੇ ਈ ਸੀ। ਇਹਦੇ ਆਵਦੇ ਵਰਗੀ ਹੀ ਸੀ। ਵਿਚਾਰੀ। ਪੂਰਾ ਚਾਰਾ ਨਹੀਂ ਸੀ ਪਾ ਹੁੰਦਾ ਹੋਣਾ। ਉਤੋਂ ਇਹਨੇ ਸਵਾਰੀਆਂ ਦਾ ਲਾਲਚ ਕਰ ਲੈਣਾ, ਪਰ ਇਹ ਵੱਡਾ ਗਾਲੜੀ ਸੀ। ਇਹਨੂੰ ਗੱਲ ਲਮਕਾਉਣ ਦਾ ਵੱਲ ਸੀ। ਬੱਸ ਸਵਾਰੀਆਂ ਨੂੰ ਐਸਾ ਗੱਲੀਂ ਪਾਉਣਾ, ਉਨ੍ਹਾਂ ਨੂੰ ਪਤਾ ਈ ਨਾ ਲੱਗਣ ਦੇਣਾ, ਬਈ ਇਹਨੇ ਰੇਲ ਗੱਡੀ ਦੇ ਟਾਈਮ ਨਾਲ ਨਕੋਦਰ ਤਾਂ ਪਹੁੰਚਾਣਾ ਈ ਨਹੀਂ। ਇਹ ਇਹਦੀ ਵੱਡੀ ਜੁਗਤ ਹੁੰਦੀ ਸੀ। ਹਰ ਵਾਰ ਕੰਮ ਕਰ ਜਾਂਦੀ ਸੀ।
ਮੂਰਤੀ ਨੂੰ ਸਾਰੇ ਇਲਾਕੇ ਦੇ ਬੰਦਿਆਂ ਦੀ ਜਾਣ ਪਛਾਣ ਸੀ। ਮੱਲੋ ਜ਼ੋਰੀਂ ਜਾਣ-ਸਿਆਣ ਕੱਢ ਲੈਣੀ। ਸਭ ਤੋਂ ਪੁੱਛ ਪੁਛਾ ਕੇ ਇਹਨੇ ਹਿਸਾਬ ਲੈਣਾ, ਬਈ ਸਵਾਰੀਆਂ ਕਿਹੜੇ ਪਿੰਡਾਂ ਦੀਆਂ ਹਨ। ਜਿਹੜੇ ਪਿੰਡ ਦੀ ਸਵਾਰੀ ਨਾ ਹੋਣੀ, ਉਥੋਂ ਦੇ ਕਿਸੇ ਬੰਦੇ ਦੀ ਐਸੀ ਗੱਲ ਸ਼ੁਰੂ ਕਰਨੀ, ਐਸੀ ਗੱਲ ਸ਼ੁਰੂ ਕਰਨੀ, ਬਈ ਅਗਲੇ ਦੀ ਅਈ੍ਹ ਤਈ੍ਹ ਫੇਰ ਦੇਣੀ। ਐਸੀ ਛੇੜੀ ਗੱਲ ਏਨੀ ਲਮਕਾ ਲੈਣੀ ਕਿ ਉਹ ਨਕਦੋਰ ਅਪੜਨ ਤੱਕ ਮੁਕਣੀ ਈ ਨਾ। ਅਗਲੇ ਦਾ ਅੱਗਾ ਪਿੱਛਾ ਸਭ ਫਰੋਲ ਦੇਣਾ। ਵਿਚ ਵਿਚਾਲੇ ਘੋੜੀ ਦੀ ਲਗਾਮ ਖਿੱਚਦੇ ਨੇ ਚਟਕਾਰੀ ਮਾਰੀ ਜਾਣੀ। ਇਹਨੇ ਕਹਿਣਾ: ਦੇਖ ਕੇ ਜੀਣ ਜੋਗੀਏæææ ਓਅ ਜੀਂਦੀ ਰਹਿæææ ਭਲਾ ਹੋਵੇæææ ਓ ਸਦਕੇ ਤੇਰੇ ਜਣਦਿਆਂ ਦੇæææ ਓਅ ਤੇਰੇ ਮਾਲਕਾਂ ਦਾ ਸੁਰਗੀਂ ਵਾਸਾæææ। ਵਿਚ ਵਿਚਾਲੇ ਮੂਰਤੀ ਨੇ ਘੋੜੀ ਦੇ ਸਹਿੰਦਾ ਸਹਿੰਦਾ ਚਾਬਕ ਮਾਰਨਾ, ਖੜਾਕ ਬਹੁਤਾ ਕਰਨਾ। ਬਹੁਤੀ ਵਾਰ ਤਾਂ ਛੈਂਟਾ ਤਾਂਗੇ ਦੇ ਪਹੀਏ ‘ਤੇ ਹੀ ਮਾਰਨਾ। ਜਦ ਕਿਤੇ ਘੋੜੀ ਕੋਲੋਂ ਤਾਂਗਾ ਨਾ ਈ ਖਿੱਚਿਆ ਜਾਣਾ, ਤਾਂ ਇਹਨੇ ਗੱਲ ਵਧਾ ਲੈਣੀ। ਸਵਾਰੀਆਂ ਦਾ ਧਿਆਨ ਹੋਰ ਦੀ ਹੋਰ ਪਾਸੇ ਪਾ ਲੈਣਾ। ਆਪ ਮੋਹਰਿਓਂ ਉਤਰ ਜਾਣਾ, ਲਗਾਮ ਫੜ ਕੇ ਘੋੜੀ ਨੂੰ ਖਿੱਚਣ ਲੱਗ ਪੈਣਾ ਤੇ ਜ਼ੋਰ ਨਾਲ ਗੱਲ ਸ਼ੁਰੂ ਕਰ ਦੇਣੀ: ਧੁਆਨੂੰ ਪਤਾ, ਫਲਾਨਾ ਪਰਸੋਂ ਪੂਰਾ ਹੋ ਗਿਆ। ਭਲਾ ਬੰਦਾ ਸੀ। ਬੱਸ ਬੈਠਾ ਹੀ ਸੌਂ ਗਿਆ। ਕੋਈ ਹਾਏ ਨਹੀਂ, ਬਹੁੜੀ ਨਹੀਂ। ਨੂੰਹ ਪੁੱਤ ਚਾਹ ਦੇਣ ਆਏ ਤਾਂ ਪਤਾ ਲੱਗਾ, ਬਈ ਰੂਹ ਤਾਂ ਉਡ ਗਈ। ਬੱਸ ਸਰੀਰ ਪਿਆ ਸੀ। ਜਿੱਦਾਂ ‘ਰਾਮ ਨਾਲ ਸੁੱਤਾ ਹੋਵੇ। ਦੇਵਤਿਆਂ ਵਾਲੀ ਮੌਤ ਆਈ ਉਹਨੂੰ। ਭਲਾ ਬੰਦਾ ਸੀ। ਮੈਂ ਕਹਿਨਾਂ, ਸਿੱਧਾ ਸੁਰਗਾਂ ਨੂੰ ਗਿਆ ਹੋਊ। ਏਦਾਂ ਦਾ ਈ ਸੀ ਉਹ।
ਮੂਰਤੀ ਨੇ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ। ਨਿੱਤ ਦਿਹਾੜੀ ਇਹਦਾ ਵੰਨ ਸੁਵੰਨਿਆਂ ਨਾਲ ਵਾਹ ਪੈਂਦਾ ਸੀ। ਇਹਨੂੰ ਜਿਹੜੀ ਸਵਾਰੀ ‘ਤੇ ਗੱਲ ਚੁੱਕਣ ਦੀ ਸ਼ੱਕ ਹੋਣੀ, ਉਹਨੂੰ ਸਿੱਧਾ ਗੱਲੀਂ ਪਾ ਲੈਣਾ। ਬਹੁਤੀ ਵਾਰ ਅਸੀਂ ਰੇਲਵੇ ਫਾਟਕ ਕੋਲ ਪਹੁੰਚ ਕੇ ਗੱਡੀ ਤੁਰੀ ਜਾਂਦੀ ਦੇਖ ਲੈਣੀ। ਫਿਰ ਡੇਢ ਦੋ ਘੰਟੇ ਬੜੇ ਔਖੇ ਹੋ ਕੇ ਕੱਢਣੇ। ਲੱਕੜ ਦੇ ਬੈਂਚਾਂ ‘ਤੇ ਬਹਿ ਬਹਿ ਕੇ ਸਰੀਰ ਆਕੜ ਜਾਣਾ। ਮੂੰਹ ਚੁੱਕ ਚੁੱਕ ਅਗਲੀ ਗੱਡੀ ਦੀ ਉਡੀਕ ਕਰਨੀ। ਮਨੋਂ-ਮਨੀਂ ਮੂਰਤੀ ਨੂੰ ਕੋਸਣਾ। ਮੂਰਤੀ ਦੇ ਯੱਕੇ ‘ਤੇ ਨਾ ਚੜ੍ਹਨ ਦਾ ਅਹਿਦ ਕਰਨਾ, ਪਰ ਇਹਦੇ ਬਿਨਾ ਸਰਨਾ ਨਾ। ਗੰਜੀ ਨਹਾਵੇ ਕੀ ਤੇ ਨਚੋੜੇ ਕੀ! ਪਾ ਲਾ ਕੇ ਮਹਿਤਪੁਰ ਨੂੰ ਚਲਦੇ ਯੱਕੇ ਹੀ ਦੋ ਸੀ। ਗੱਡੀ ਦੀ ਕੂਕ ਦੀ ਉਡੀਕ ਕਰਨੀ। ਜਦੋਂ ਇੰਜਣ ਦਾ ਧੂੰਆਂ ਦਿਸਣਾ ਜਾਂ ਛੱਕ ਛੱਕ ਕਰਦਾ ਸੁਣਨਾ ਤਾਂ ਮਨ ਹੁਲਾਸ ਹੋਣਾ। ਚਾਅ ਚੜ੍ਹ ਜਾਣਾ, ਬਈ ਸਮਝੋ ਹੁਣ ਨਾਨਕੀਂ ਪਹੁੰਚੇ ਹੀ ਪਹੁੰਚੇ। ਕਈ ਵਾਰ ਇੰਜਣ ਨੇ ਨਕੋਦਰੋਂ ਪਾਣੀ ਲੈਣ ਜਾਂ ਕੋਲਾ ਚੁੱਕਣਾ, ਜਾਂ ਸ਼ੰਟਿੰਗ ਕਰਨੀ। ਫਿਰ ਨਾਨਕਾ ਮੇਲ, ਚਲ ਸੋ ਚਲ। ਨਕੋਦਰ ਦੇ ਜੰਕਸ਼ਨ ਹੋਣ ਦਾ ਚੇਤਾ ਆਉਣਾ ਤਾਂ ਗੀਤ ਗਾਉਣਾ:
ਇਹ ਜੰਕਸ਼ਨ ਰੇਲਾਂ ਦਾ
ਇਕ ਗੱਡੀ ਆਵੇ ਤੇ ਇਕ ਜਾਵੇ।
ਅੰਗਰੇਜ਼ਾਂ ਵੱਲੋਂ 1856 ਵਿਚ ਭਾਰਤ ਵਿਚ ਸ਼ੁਰੂ ਕੀਤੀਆਂ ਰੇਲਾਂ ਦਾ ਵਿਰੋਧ ਕਈ ਪਾਸਿਓਂ ਹੋਇਆ ਸੀ। ਕਈ ਦੰਦ ਕਥਾਵਾਂ ਤੁਰੀਆਂ। ਇਹਦੇ ਤੋਂ ਡਰਦੇ ਲੋਕ ਦੌੜ ਤੁਰਦੇ ਸੀ ਕਿ ਖਵਰੇ ਕੋਈ ਭੂਤ ਆ ਗਿਆ। ਕੋਈ ਕਿਹਾ ਕਰੇ, ਅੰਗਰੇਜ਼ਾਂ ਨੇ ਰੇਲ ਗੱਡੀ ਬੰਦਿਆਂ ਨੂੰ ਇਹਦੇ ਥੱਲੇ ਦੇ ਕੇ ਮਾਰਨ ਨੂੰ ਚਲਾਈ ਆ। ਕੋਈ ਕਿਹਾ ਕਰੇ, ਗੋਰਿਆਂ ਇਨ੍ਹਾਂ ਰੇਲਾਂ ਵਿਚ ਭਾਰਤ ਦਾ ਸਾਰਾ ਧਨ ਵਲੈਤ ਨੂੰ ਢੋਹ ਕੇ ਲੈ ਜਾਣਾ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇਹਨੇ ਭਾਰਤ ਨੂੰ ਕਿੰਨਾ ਕੁ ਇਕਮੁਠ ਕੀਤਾ।
ਇਹ ਸਵਾਲ ਔਖਾ ਹੈ ਕਿ ਰੇਲ ਗੱਡੀ ਮੇਲ ਮਿਲਾਪ ਦਾ ਸਬੱਬ ਪਹਿਲਾਂ ਬਣੀ ਕਿ ਵਿਛੋੜੇ ਦਾ। ਆਪਣੇ ਕਹਿੰਦੇ ਆ, ਬਈ ਕਿਸੇ ਲਈ ਮਾਂਹ ਬਾਦੀ, ਕਿਸੇ ਲਈ ਸੁਆਦੀ। ਪਹਿਲਾਂ ਪਹਿਲ ਵਿਛਾਈਆਂ ਰੇਲਵੇ ਲਾਈਨਾਂ ਨੇ ਤਾਂ ਮੇਲ ਈ ਬਹੁਤੇ ਕਰਵਾਏ ਹੋਣੇ ਆਂ; ਜਾਂ ਇਨ੍ਹਾਂ ਕਰ ਕੇ ਮੇਲ ਛੇਤੀ ਹੋ ਗਏ, ਉਦਾਂ ਦੇਰ ਨਾਲ ਹੋਣੇ ਸੀ। ਵਿਛੋੜੇ ਦਾ ਸੰਕਲਪ ਤਾਂ ਬਾਅਦ ਦਾ ਹੋਣਾ ਹੈ, ਬਈ ਇਹ ਭਲੀ ਰੇਲ ਵਿਛੋੜੇ ਵੀ ਪਾਉਂਦੀ ਹੈ। ਮਸ਼ਹੂਰ ਤਰੀਨ ਪੁਰਾਣਾ ਫਿਲਮੀ ਗੀਤ ਵੀ ਹੈ:
ਨੀ ਟੁੱਟ ਜਾਏਂ ਰੇਲ ਗੱਡੀਏ,
ਨੀ ਤੈਂ ਰੋਕ ਲਿਆ ਚੰਨ ਮੇਰਾ।
ਸੰਨ 1913 ਵਿਚ ਜਲੰਧਰੋਂ ਨਕੋਦਰ ਨੂੰ ਵਿਛਾਈ ਏਸ ਰੇਲ ਲਾਈਨ ਨੇ ਵੱਡੇ ਫਾਇਦੇ ਕੀਤੇ ਸੀ। ਨਾਨਕਿਆਂ ਦਾਦਕਿਆਂ ਵਿਚਲੀ ਦੂਰੀ ਘਟਾ ਦਿਤੀ ਸੀ। ਕੰਮਾਂ ਕਾਰਾਂ ਵਾਲਿਆਂ ਨੂੰ ਮੌਜਾਂ ਹੋ ਗਈਆਂ ਸੀ। ਪਹਿਲਾਂ ਲੋਕ ਜਾਂ ਤਾਂ ਟਾਂਗਿਆਂ ‘ਤੇ ਜਾਂਦੇ ਸੀ ਜਾਂ ਤੁਰ ਕੇ। ਸਰਦਿਆਂ ਪੁੱਜਦਿਆਂ ਦੀਆਂ ਬੱਘੀਆਂ ਹੁੰਦੀਆਂ ਸੀ। ਹਮਾਤੜਾਂ ਦੀਆਂ ਲੱਤਾਂ। ਨਕੋਦਰੋਂ ਜਲੰਧਰ ਦੇ ਰਾਹ ਵਿਚ ਤਿੰਨ ਸਟੇਸ਼ਨ ਪੈਂਦੇ ਸੀ। ਸ਼ੰਕਰ, ਥਾਬਲਕੇ ਤੇ ਜਮਸ਼ੇਰ। ਖਾਲਸਾ ਕਾਲਜ ਵਾਲਾ ਹਾਲਟ ਕਿਤੇ ਬਾਅਦ ਵਿਚ ਬਣਿਆ, ਕਾਲਜ ਦੇ ਪਾੜ੍ਹਿਆਂ ਦੀ ਸੌਖ ਲਈ। ਪਿੰਡਾਂ ਦੇ ਬਹੁਤੇ ਮੁੰਡੇ ਏਥੇ ਹੀ ਪੜ੍ਹਦੇ ਸੀ। ਪਲੇਟਫਾਰਮ ਤੋਂ ਸਿਰਫ਼ ਜਮਸ਼ੇਰ ਦਾ ਸਟੇਸ਼ਨ ਹੀ ਸੱਖਣਾ ਹੈ। ਇਕੱਲੇ ਸ਼ੰਕਰ ਵਾਲੇ ਟੇਸ਼ਨ ਦੇ ਪਲੇਟਫ਼ਾਰਮ ‘ਤੇ ਹੀ ਸ਼ੈਡ ਹੈ। ਸ਼ੰਕਰੀਆ ਸਵਰਨ ਸਿੰਘ ਉਦੋਂ ਰੇਲ ਮੰਤਰੀ ਹੁੰਦਾ ਸੀ। ਸਟੇਸ਼ਨਾਂ ‘ਤੇ ਪਹਿਲੇ ਨਲਕਿਆਂ ਦਾ ਢਿੱਡ ਢੋਲਕੀ ਵਰਗਾ ਹੁੰਦਾ ਸੀ। ਇਨ੍ਹਾਂ ਦੇ ਗੱਭਿਓਂ ਪਾਣੀ ਨਿਕਲਣਾ। ਇਹਨੂੰ ਗੇੜਨ ਲਈ ਦੋਹੀਂ ਪਾਸੀਂ ਹੈਂਡਲ ਲੱਗੇ ਹੁੰਦੇ ਸੀ, ਪੱਠੇ ਕੁਤਰਨ ਵਾਲੀ ਮਸ਼ੀਨ ਵਰਗੇ। ਇਨ੍ਹਾਂ ਨੂੰ ਗੇੜਨ ਲਈ ਵਾਹਵਾ ਜ਼ੋਰ ਲਗਦਾ ਹੁੰਦਾ ਸੀ। ਨਿਆਣਿਆਂ ਤੋਂ ਪੂਰਾ ਗੇੜ ਵੀ ਨਹੀਂ ਸੀ ਨਿਕਲਦਾ। ਇਨ੍ਹਾਂ ਨਲਕਿਆ ਦਾ ਅੰਗਰੇਜ਼ੀ ਨਾਂ ਡੀਪਵੈੱਲ ਹੈਂਡਪੰਪ ਸੀ। ਫਿਰ ਕੁੱਤਾ ਨਲਕੇ ਆ ਗਏ। ਹੁਣ ਆਮ ਨਲਕੇ ਲੱਗੇ ਹੋਏ ਨੇ, ਜਾਂ ਮੋਟਰਾਂ। ਦੱਸਦੇ ਨੇ ਕਿ ਰੌਲਿਆਂ ਤੋਂ ਪਹਿਲਾਂ ਸਟੇਸ਼ਨਾਂ ਉਤੇ ਪਾਣੀ ਵੀ ਵੰਡੇ ਹੁੰਦੇ ਸੀ। ਹਿੰਦੂਆਂ ਲਈ ਹਿੰਦੂ ਪਾਣੀ; ਮੁਸਲਮਾਨਾਂ ਲਈ ਮੁਸਲਮਾਨ ਪਾਣੀ।
ਹੁਣ ਵਾਲਾ ਜਮਸ਼ੇਰ ਦਾ ਸਟੇਸ਼ਨ ਕਿਤੇ ਬਾਅਦ ਵਿਚ ਬਣਿਆ, ਉਨੀ ਸੌ ਸੱਠ ਦੇ ਗੇੜ ਵਿਚ। ਪਹਿਲੇ ਸਟੇਸ਼ਨ ਵਿਚ ਅੱਜ ਕੱਲ੍ਹ ਸਟੇਸ਼ਨ ਮਾਸਟਰ ਨੇ ਵਸੋਂ ਕੀਤੀ ਹੋਈ ਹੈ। ਸਟੇਸ਼ਨ ਦੀ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ। ਹੁਣ ਪੱਕਾ ਸਫ਼ਾਈ ਕਰਮਚਾਰੀ ਹੈ ਈ ਨਹੀਂ। ਇਹ ਕੰਮ ‘ਬਟੌਟ’ ਸਵਾਰੀਆਂ ਨੂੰ ਫੜ ਕੇ ਉਨ੍ਹਾਂ ਤੋਂ ਕਰਵਾ ਲਿਆ ਜਾਂਦਾ ਹੈ। ਸਰਕਾਰ ਸਫ਼ਾਈ ਦੇ ਉਕੇ ਪੁੱਕੇ ਪੈਸੇ ਦੇ ਦਿੰਦੀ ਹੈ, ਸਾਲ ਦੇ ਪੰਦਰਾਂ ਸੌ ਰੁਪਈਏ। ਹੁਣ ਇਹ ਵਾਟ ਵੀ ਬਹੁਤੀ ਨਹੀਂ ਲਗਦੀ; ਉਦੋਂ ਏਦਾਂ ਲੱਗਣਾ, ਬਈ ਵਾਟ ਨਿਬੜਦੀ ਹੀ ਨਹੀਂ!
ਰੇਲ ਨੇ ਸਪਰਾਵਾਂ ਨੂੰ ਉਧੋਵਾਲ ਦੇ ਹੋਰ ਨੇੜੇ ਕਰ ਦਿੱਤਾ। ਨਾਨਕੇ ਦਾਦਕਿਆਂ ਦਾ ਸਫ਼ਰ ਘਟ ਗਿਆ। ਸਪਰਾਵਾਂ ਦਾ ਕਾਗਜ਼ਾਂ ਵਿਚ ਨਾਂ ਭੋਡੇ ਸਪਰਾਏ ਹੈ, ਡਾਕਖਾਨਾ ਜਮਸ਼ੇਰ ਖਾਸ, ਤਹਿਸੀਲ ਤੇ ਜ਼ਿਲ੍ਹਾ ਜਲੰਧਰ। ਮਾਸਕ ‘ਮਾਂ’ ਦੀ ਸੰਪਾਦਕ ਕਾਮਰੇਡ ਕੇਵਲ ਕੌਰ ਏਸੇ ਪਿੰਡ ਦੀ ਸੀ। ਇਹ ਨਕਸਲਬਾੜੀ ਲਹਿਰ ਦੀ ਲਾਡਲੀ ਸੀ। ਏਥੋਂ ਦੇ ਹਕੀਮ ਵੀ ਬੜੇ ਨਾਂ ਵਾਲੇ ਹੋਏ। ਏਡੇ ਸਾਰੇ ਪਿੰਡ ਵਿਚ ਡਾਕਖਾਨਾ ਵੀ ਹੈ ਨਹੀਂ, ਪਰ ਦੁਸਹਿਰਾ ਇਥੇ ਲੱਗਦਾ ਹੈ।
ਰੇਲ ਪਟੜੀ ਪਹਿਲਾਂ ਸਪਰਾਵਾਂ ਮੁਢ ਦੀ ਨਿਕਲਣੀ ਸੀ। ਸਟੇਸ਼ਨ ਵੀ ਏਥੇ ਹੀ ਬਣਨਾ ਸੀ। ਜਿਹਦੀ ਜ਼ਮੀਨ ਵਿਚ ਦੀ ਇਹ ਪਟੜੀ ਬਣਨੀ ਸੀ, ਉਹ ਜੱਟ ਸਰਵੇਅਰ ਨੂੰ ਗਾਲ੍ਹੋ-ਗਾਲੀ ਹੋ ਪਿਆ; ਬਈ ਉਹ ਇਹਦੀ ਜ਼ਮੀਨ ਵਿਚ ਦੀ ਪਟੜੀ ਕਿਉਂ ਕੱਢਦਾ ਹੈ! ਸਰਵੇਅਰ ਨੇ ਸਟੇਸ਼ਨ ਤਾਂ ਜਮਸ਼ੇਰ ਤੇ ਸਪਰਾਵਾਂ ਦੇ ਗੱਭੇ (ਵਿਚਕਾਰ) ਬਣਾ ਦਿੱਤਾ, ਸਟੇਸ਼ਨ ਦਾ ਨਾਂ ਵੀ ਜਮਸ਼ੇਰ ਦੇ ਖਾਤੇ ਪਾ ਦਿੱਤਾ, ਪਰ ਜ਼ਿਦ ਵਿਚ ਰੇਲਵੇ ਪਟੜੀ ਉਹਦੇ ਖੂਹ ਦੇ ਐਨ ਉਤੋਂ ਦੀ ਕੱਢ ਦਿੱਤੀ। ਅੱਧਾ ਖੂਹ ਇਧਰ, ਅੱਧਾ ਉਧਰ। ਨਾਨਕੇ ਪਿੰਡ ਦੇ ਲੋਕ ਦੱਸਦੇ ਹਨ ਕਿ ਮੀਂਹ ਜਾਂ ਹੜ੍ਹਾਂ ਨਾਲ ਜਦੋਂ ਵੀ ਪਟੜੀ ਟੁੱਟਦੀ, ਇਸੇ ਖੂਹ ਵਾਲੇ ਥਾਂ ਤੋਂ ਹੀ ਟੁੱਟਦੀ।
ਮੈਂ ਗੱਡੀ ਦੀ ਬਾਰੀ ਵਿਚਦੀ ਸਿਰ ਬਾਹਰ ਕੱਢਣਾ। ਗੱਡੀ ਭੱਜੀ ਜਾਣੀ ਤੇ ਨਾਲੋ-ਨਾਲ ਰੁੱਖ ਘੁੰਮੀ ਜਾਣੇ। ਮੈਂ ਕਿਸੇ ਦੂਰ ਦੇ ਰੁੱਖ ‘ਤੇ ਨਿਗ੍ਹਾ ਟਿਕਾਉਣੀ। ਉਹਨੇ ਹੌਲੀ ਹੌਲੀ ਘੁੰਮਦੇ ਘੁੰਮਦੇ ਨੇ ਨੇੜੇ ਆਈ ਜਾਣਾ ਤੇ ਕੋਲ ਦੀ ਸ਼ੂੰਅ ਕਰ ਕੇ ਨਿਕਲ ਜਾਣਾ। ਨਾਲੋ-ਨਾਲ ਗੱਡੀ ਦੇ ਪਹੀਆਂ ਤੇ ਰੇਲ ਪਟੜੀ ਨੇ ਰਲ ਕੇ ਸੰਗੀਤ ਸੁਣਾਉਣਾ- ਠੱਕ ਠਕਾ ਠੱਕ ਠੱਕ। ਠੱਕ ਠਕਾ ਠੱਕ ਠੱਕ। ਬਸ ਏਸੇ ਖੇਲ ਵਿਚ ਲੰਘੇ ਦਾ ਅੱਧਾ ਸਫਰ ਬੰਨੇ ਹੋ ਜਾਣਾ। ਮਾਂ ਨੇ ਟੋਕਣਾ, ਕਹਿਣਾ: ਸਿਰ ਅੰਦਰ ਕਰ ਲੈ, ਜਾਂ ਮੂੰਹ ਪਿਛੇ ਨੂੰ ਕਰ ਕੇ ਬੈਠ, ਇੰਜਣ ਵੱਲ ਨਾ ਕਰ, ਅੱਖ ਵਿਚ ਕੋਲਾ ਪੈ ਜਾਊਗਾ। ਉਹੋ ਗੱਲ ਹੋਣੀ। ਨਾਲੇ ਮੂੰਹ ਸਿਰ ਕਾਲਾ ਹੋ ਜਾਣਾ, ਨਾਲੇ ਅੱਖਾਂ ਵਿਚ ਕੋਲੇ ਦੇ ਨਿਕ-ਨਿਕੇ ਕੰਕਰ ਪੈ ਜਾਣੇ। ਇਹ ਬੜੇ ਰੜਕਣੇ। ਮੈਂ ਅੱਖਾਂ ਚੁੰਨ੍ਹੀਆਂ ਕਰ ਕੇ ਦੇਖੀ ਜਾਣਾ, ਪਰ ਮੂੰਹ ਉਧਰ ਹੀ ਰੱਖਣਾ। ਅੱਖਾਂ ਮਲ ਮਲ ਲਾਲ ਕਰ ਲੈਣੀਆਂ। ਮਾਂ ਨੇ ਕਹਿਣਾ: ਹੁਣ ਮਲੀ ਨਾ ਜਾਹ, ਜ਼ਖਮ ਹੋ ਜਾਣਗੇ, ਸਟੇਸ਼ਨ ਉਤੇ ਉਤਰ ਕੇ ਠੰਢੇ ਪਾਣੀ ਦੇ ਛਿਟੇ ਮਾਰੀਂ। ਅਰਸੇ ਬਾਅਦ ਇਹਦੀ ਜੁਗਤ ਵੀ ਆ ਗਈ। ਜਾਂ ਤਾਂ ਮਾਂ ਦੀ ਚੁੰਨੀ ਦਾ ਪੱਲਾ ਮੂੰਹ ‘ਤੇ ਲੈ ਲੈਣਾ ਜਾਂ ਪੱਗ ਦਾ ਲੜ ਖੋਲ੍ਹ ਕੇ ਮੂੰਹ ਢਕ ਲੈਣਾ। ਬਹਿਣਾ ਮੂੰਹ ਇੰਜਣ ਵਲ ਕਰ ਕੇ ਹੀ! ਕੋਲੇ ਤੇ ਕਾਲੋਂ ਤੋਂ ਵੀ ਬਚ ਜਾਣਾ ਤੇ ਨਜ਼ਾਰਾ ਵੀ ਮਾਣ ਲੈਣਾ। ਬਣੇ ਸੁਆਰੇ ਪਾੜ੍ਹੇ ਮੁੰਡੇ ਜੁਆਨੀ ਦਾ ਸਬੂਤ ਦਿਸਦੇ। ਇਹ ਆਪਸ ਵਿਚ ਟਿੱਚਰਾਂ ਮਖੌਲ ਕਰਦੇ। ਖਰੂਦ ਕਰਦੇ। ਗੱਡੀ ਭਾਵੇਂ ਖਾਲੀ ਹੁੰਦੀ, ਪੜ੍ਹਾਕੂ ਮੁੰਡੇ ਦਰਵਾਜ਼ਿਆਂ ਵਿਚ ਖੜ੍ਹੇ ਹੀ ਰਹਿੰਦੇ।
ਰੇਲਵੇ ਪਟੜੀ ਦੇ ਆਲੇ ਦੁਆਲੇ ਪਿੰਡਾਂ ਵਿਚ ਵਸਦੇ ਲੋਕਾਂ ਦਾ ਆਵਾਜਾਈ ਤੋਂ ਬਿਨਾਂ ਵੀ ਰੇਲ ਗੱਡੀਆਂ ਨਾਲ ਬੜਾ ਕੁਝ ਸਾਂਝਾ ਸੀ। ਸਵੇਰੇ ਪੰਜ ਵਜੇ ਵਾਲੀ ਗੱਡੀ ਨਾਲ ਉਠਣਾ। ਕੰਮੀਂ-ਕਾਰੀਂ ਜੁਟਣਾ; ਜਾਂ ਕਹਿਣਾ: ਸਾਢੇ ਅੱਠ ਦੀ ਗੱਡੀ ਆ ਗਈ, ਚਲੋ ਨਿਆਣਿਓਂ ਤੁਰੋ ਸਕੂਲਾਂ ਨੂੰ; ਜਾਂ ਫਿਰ- ਲੈ ਬਈ ਸਾਢੇ ਗਿਆਰਾਂ ਵਾਲੀ ਆ ਗਈ, ਹੱਲਾ ਮਾਰ ਲਓ। ਬੀਬੀਆਂ ਨੇ ਕਹਿਣਾ: ਛੇਤੀ ਛੇਤੀ ਕੰਮ ਨਿਬੇੜ ਲਓ, ਨੌਂ ਦੀ ਗੱਡੀ ਆਉਣ ਵਾਲੀ ਆ। ਬੰਦਿਆਂ ਕਹਿਣਾ: ਲੈ ਬਈ, ਆਹ ਕੰਮ ਡੇਢ ਵਾਲੀ ਗੱਡੀ ਤੋਂ ਪਹਿਲਾਂ ਪਹਿਲਾਂ ਕਰ ਲਈਏ, ਫਿਰ ਰੋਟੀ ਖਾਵਾਂਗੇ। ਨਿਆਣਿਆਂ ਨੂੰ ਉਡੀਕਦੀਆਂ ਮਾਵਾਂ ਨੇ ਕਹਿਣਾ: ਚਾਰ ਦੀ ਗੱਡੀ ਆ ਗਈ ਆ, ਨਿਆਣੇ ਘਰ ਮੁੜ ਕੇ ਆਏ ਨਹੀਂ ਅਜੇ! ਕਦੇ ਕਦੇ ਕਿਸੇ ਦੁਖੀਏ ਨੇ ਜੀਵਨ ਲੀਲਾ ਮੁਕਾ ਲੈਣੀ। ਰੇਲ ਗੱਡੀ ਮੋਹਰੇ ਸਿਰ ਨਿਵਾ ਦੇਣਾ। ਜੇ ਮੈਂ ਨਾਲ ਨਾ ਜਾਣਾ ਤਾਂ ਮਾਂ ਬਾਪ ਨੇ ਗੱਡੀ ਦੇ ਟਿਕਟ ਲਿਆ ਕੇ ਮੈਨੂੰ ਦੇਣੇ- ਨਿਸ਼ਾਨੀ ਵਜੋਂ। ਨਿੱਕੇ ਹੁੰਦਿਆਂ ਇਹ ਗੱਲ ਵੱਡੀ ਲੱਗਣੀ, ਬਈ ਮੇਰੇ ਕੋਲ ਰੇਲ ਗੱਡੀ ਦਾ ਟਿਕਟ ਹੈ। ਸਮੇਂ ਸਮੇਂ ਦੀ ਗੱਲ ਹੈ। ਹੁਣ ਸੋਚੀਦਾ ਹੈ, ਬਈ ਅਸੀਂ ਚੱਲੀ ਹੋਣੀ ਟਿਕਟ ਨਾਲ ਹੀ ਵਰਚ ਜਾਈਦਾ ਸੀ!
ਪਹਿਲੀਆਂ ‘ਚ ਆਸ਼ਕਾਂ-ਮਸ਼ੂਕਾਂ ਲਈ ਗੱਡੀਆਂ ਦੇ ਟਾਈਮਾਂ ਦਾ ਵੱਡਾ ਆਸਰਾ ਹੁੰਦਾ ਸੀ। ਇਨ੍ਹਾਂ ਦੇ ਹਿਸਾਬ ਨਾਲ ਮਿਲਿਆ ਜਾਂਦਾ ਸੀ। ਅਗਲੇ ਨੇ ਕਹਿਣਾ: ਚਾਰ ਦੀ ਗੱਡੀ ਨਾਲ ਮੈਂ ਫਲਾਨੀ ਥਾਂ ਮਿਲੂੰਗਾ, ਤੂੰ ਵੀ ਉਥੇ ਆ ਜਾਈਂ। ਵਸਲ ਦੀਆਂ ਗੱਲਾਂ ਹੋਣੀਆਂ ਜਾਂ ਵਸਲ। ਨਾਨਕਿਆਂ ਦੀ ਮੰਨੀ ਹੋਈ ਗੱਲ ਹੈ ਕਿ ਕੋਈ ਪ੍ਰੇਮੀ ਜੋੜਾ ਰਾਤ ਨੂੰ ਬੁੱਕਲ ਦੇ ਨਿੱਘ ਵਿਚ ਗੁਆਚ ਗਿਆ। ਸਵੇਰੇ ਚਾਰ ਦੀ ਗੱਡੀ ਨੇ ਕੂਕ ਮਾਰੀ ਤਾਂ ਭਾਈ ਨੂੰ ਜਾਗ ਆਈ। ਉਹ ਡਰਿਆ ਉਠ ਕੇ ਭੱਜਿਆ ਰੇਲ ਦਾ ਧੰਨਵਾਦ ਕਰੇ: ਬਚਾ ਲਏ ਈ ਗੱਡੀਏ, ਚਾਰ ਵਾਲੀਏ, ਨਹੀਂ ਤਾਂ ਇਕ ਹੋਰ ਮਿਰਜ਼ਾ ਸੁੱਤਾ ਹੀ ਮਾਰਿਆ ਜਾਣਾ ਸੀ!
ਥਾਬਲਕੇ ਟੱਪ ਕੇ ਵੇਈਂ ਉਤੋਂ ਦੀ ਲੰਘਣਾ ਤਾਂ ਬੜਾ ਆਸਰਾ ਹੋ ਜਾਣਾ। ਲੈ ਬਈæææ ਨਾਨਕਿਆਂ ਦੀ ਹੱਦ ਸ਼ੁਰੂ ਹੋ ਗਈ। ਮਾਂ ਨੇ ਕੋਈ ਪੈਸਾ ਦੇਣਾ, ਖਵਾਜੇ ਖਿਜ਼ਰ ਨੂੰ ਮੱਥਾ ਟੇਕਣ ਲਈ। ਵੇਈਂ ਦਾ ਪਾਣੀ ਬੜਾ ਸਾਫ਼ ਹੁੰਦਾ ਸੀ, ਇੰਨਾ ਸਾਫ਼, ਬਈ ਗੱਡੀ ਵਿਚ ਬੈਠਿਆਂ ਨੂੰ ਮੱਛੀਆਂ, ਕੱਛੂ ਤਰਦੇ ਦਿਸ ਜਾਣੇ। ਉਤੇ ਬੈਠਿਆਂ ਨੂੰ ਹੇਠਾਂ ਪਾਣੀ ਵਿਚ ਸੁੱਟੇ ਪੈਸੇ ਚਿਲਕਦੇ ਦਿਸਣੇ। ਲਿਸ਼ਕੋਰਾਂ ਮਾਰਦੇ। ਕਿਸੇ ਕਿਸੇ ਭਲੇ ਰੇਲ ਡਰਾਈਵਰ ਨੇ ਗੱਡੀ ਰੋਕ ਦੇਣੀ ਜਾਂ ਬਿਲਕੁਲ ਹੌਲੀ ਕਰ ਦੇਣੀ। ਸਵਾਰੀਆਂ ਨੇ ਮਾਰੋ ਮਾਰ ਵੇਈਂ ਵਿਚ ਪੈਸੇ ਸੁੱਟਣੇ। ਇਕ ਦੂਜੇ ਦੇ ਉਤੋਂ ਦੀ ਹੋ ਹੋ ਕੇ। ਕਈ ਬੀਬੀਆਂ ਨੇ ਗੱਡੀ ਵਿਚ ਬੈਠਿਆਂ ਹੀ ਖਵਾਜ਼ੇ ਨੂੰ ਨਮਸਕਾਰੀ ਕਰ ਲੈਣੀ। ਰੌਲਿਆਂ ਤੋਂ ਪਹਿਲਾਂ ਇਹ ਪੁਲ ਵੀ ਟੁੱਟ ਗਿਆ ਸੀ। ਭਲੀ ਕਿਸਮਤ ਨੂੰ ਇਹ ਛੇਤੀ ਬਣ ਗਿਆ। ਉਦੋਂ ਵੇਈਂ ਦਾ ਪਾਣੀ ਇੰਨਾ ਸਾਫ਼ ਹੁੰਦਾ ਸੀ ਕਿ ਲੋਕ ਪੀ ਵੀ ਲੈਂਦੇ ਸੀ। ਹੁਣ ਇਹੀ ਵੇਈਂ ਜਲੰਧਰ ਤੇ ਫਗਵਾੜੇ ਦੇ ਗੰਦ ਨਾਲ ਭਰੀ ਹੋਈ ਹੈ। ਗੰਦਾ ਪਾਣੀ ਦੂਰ ਦੂਰ ਤਾਈਂ ਬੋਅ ਮਾਰਦਾ ਹੈ। ਉਤੇ ਗਾੜ੍ਹੀ ਹਰੀ ਬੂਟੀ ਜੰਮੀ ਰਹਿੰਦੀ ਹੈ। ਕੋਲ ਦੀ ਲੰਘਣਾ ਔਖਾ ਹੈ।
ਜਦੋਂ ਸਾਉਣ ਭਾਦੋਂ ਦੇ ਮੀਂਹ ਪੈਣੇ, ਵੇਈਂ ਚੜ੍ਹ ਜਾਣੀ। ਕਈ ਵਾਰੀ ਕੰਢਿਆਂ ਤੱਕ ਆ ਜਾਣੀ। ਪੁਲਾਂ ਤੋਂ ਬਿਨਾਂ ਨਾ ਸਰਨਾ। ਇਨ੍ਹਾਂ ਦਿਨਾਂ ਵਿਚ ਹਿਰਨਾਂ ਦੀਆਂ ਡਾਰਾਂ ਕਿਤਿਓਂ ਆ ਜਾਣੀਆਂ। ਇਨ੍ਹਾਂ ਟਿੱਬਿਆਂ ਵਿਚ ਹਿਰਨਾਂ ਨੇ ਕਾਹੀ ਖਾਣੀ, ਮਸਤੀਆਂ ਕਰਨੀਆਂ, ਚੁੰਗੀਆਂ ਭਰਨੀਆਂ। ਕਿਤੇ ਕਿਤੇ ਖੜ੍ਹੀ ਫਸਲ ਨੂੰ ਵੀ ਮੂੰਹ ਮਾਰਨਾ। ਜਦੋਂ ਗੱਡੀ ਆਉਣੀ, ਹਿਰਨਾਂ ਨੇ ਚੌਕਸ ਹੋ ਜਾਣਾ। ਖੜ੍ਹੇ ਹੋ ਜਾਣਾ। ਬੂਥੀਆਂ ਤਾਂਹ ਨੂੰ ਚੁੱਕ ਲੈਣੀਆਂ। ਕੰਨ ਖੜ੍ਹੇ ਕਰ ਲੈਣੇ। ਕਈ ਵਾਰ ਐਵੇਂ ਹੀ ਭੱਜ ਤੁਰਨਾ। ਹਿਰਨਾਂ ਦੇ ਝੁੰਡ ਥਾਬਲਕਿਆਂ ਵਾਲੇ ਪਾਸੇ ਹੀ ਰਹਿੰਦੇ ਸੀ। ਪਾਣੀ ਟੱਪ ਕੇ ਦੂਜੇ ਪਾਸੇ ਕਦੇ ਨਾ ਜਾਂਦੇ। ਜੇ ਕੋਈ ਭੁੱਲ ਕੇ ਚਲਿਆ ਜਾਂਦਾ ਤਾਂ ਪਿੰਡਾਂ ਦੇ ਕੁੱਤੇ ਪਾੜ ਸੁੱਟਦੇ, ਤੇ ਜਾਂ ਸ਼ਿਕਾਰੀ ਫੁੰਡ ਲੈਂਦੇ।
ਲੰਮੇ ਸਾਰੇ ਪੁਲ ਦੇ ਐਨ ਵਿਚਾਰਲੇ ਕਰ ਕੇ ਇਸ ਪਾਸੇ ਨੂੰ ਵਾਧਰਾ ਕਰ ਕੇ ਥੜ੍ਹਾ ਬਣਾਇਆ ਹੋਇਆ ਸੀ। ਇਹ ਹਿਫ਼ਾਜ਼ਤੀ ਪ੍ਰਬੰਧ ਸੀ। ਪੰਜ ਸੱਤ ਬੰਦਿਆਂ ਦੇ ਖੜੋਣ ਨੂੰ। ਰੇਲਵੇ ਦੇ ਕਾਮਿਆਂ ਜਾਂ ਪੁਲ ਪਾਰ ਕਰਦਿਆਂ ਕਰਦਿਆਂ ਨੂੰ ਗੱਡੀ ਆ ਜਾਣੀ, ਤਾਂ ਇ੍ਹਨਾਂ ਨੇ ਇਸ ਵਾਧਰੇ ਵਿਚ ਵੜ ਜਾਣਾ। ਗੱਡੀ ਲੰਘ ਜਾਣੀ ਤਾਂ ਫਿਰ ਪੁਲ ਪੈ ਕੇ ਲੰਘ ਜਾਣਾ। ਵਾਗੀ ਮੁੰਡਿਆਂ ਲਈ ਇਹ ਖੇਡ ਹੁੰਦੀ ਸੀ। ਇਨ੍ਹਾਂ ਦੂਰੋਂ ਗੱਡੀ ਆਉਂਦੀ ਦੇਖ ਲੈਣੀ। ਇਹਦੇ ਪੁਲ ‘ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਭੱਜ ਕੇ ਵਾਧਰੇ ਵਿਚ ਜਾ ਵੜਨਾ। ਡਰਾਈਵਰਾਂ ਨੂੰ ਵੀ ਪਤਾ ਸੀ ਕਿ ਮੁੰਡੇ ਇੱਲਤੀ ਆ, ਉਨ੍ਹਾਂ ਵੀ ਸੀਟੀ ਤੇ ਸੀਟੀ ਮਾਰੀ ਆਉਣੀ; ਬਈ ਕਿਤੇ ਕੋਈ ਚੰਗੀ ਮਾੜੀ ਨਾ ਹੋ ਜਾਵੇ। ਇਕ ਵਾਰੀ ਮਿਸਤਰੀਆਂ ਦਾ ਮੁੰਡਾ ਪੱਠਿਆਂ ਦੀ ਭਰੀ ਚੱਕੀ ਆਉਂਦਾ ਵੇਈਂ ਵਾਲੇ ਪੁਲ ‘ਤੇ ਘੇਰਿਆ ਗਿਆ ਸੀ। ਪਿਛਿਓਂ ਆਉਂਦੀ ਗੱਡੀ ਨਾ ਇਹਨੂੰ ਦਿਸੀ, ਨਾ ਇਹਨੇ ਸੁਣੀ। ਗੱਡੀ ਉਪਰ ਦੀ ਲੰਘ ਗਈ। ਸਰੀਰ ਦੇ ਚੀਥੜੇ ਕਰ ਸੁੱਟੇ। ਘਰਦਿਆਂ ਨੇ ਅੰਗ ‘ਕੱਠੇ ਕਰ ਕੇ ਸਸਕਾਰ ਕੀਤਾ।
ਨਾਨਕੀ ਗਿਆਂ ਹਾਣ ਪਰਵਾਣ ਛੱਡ ਕੇ ਆਉਣ ਨੂੰ ਚਿਤ ਨਾ ਕਰਨਾ। ਵੱਡੇ ਮਾਮੇ ਦੇ ਪੁੱਤ ਨਾਲ ਮੇਰੀ ਜੁਜ਼ ਰਲਦੀ ਸੀ। ਸਾਡਾ ਮਨ ਇਕ ਦੂਜੇ ਤੋਂ ਵਿਛੜਣ ਨੂੰ ਨਾ ਕਰਨਾ। ਅਸੀਂ ਦੋਵੇਂ ਨਿਆਣਪੁਣੇ ਦੀਆਂ ਗੱਲਾਂ ਕਰਦੇ ਕਰਦੇ ਜੁਆਨ ਹੋ ਗਏ। ਸਿਨਮੇ ਵਿਚ ਪਹਿਲੀ ਫਿਲਮ ਵੀ ਮੈਂ ਅਤੇ ਬਿੱਲੇ ਨੇ ਇਕੱਠਿਆਂ ਦੇਖੀ ਸੀ। ਪੈਸੇ ਵੱਡੇ ਮਾਮੇ ਗੁਰਮੇਜ ਨੇ ਦਿੱਤੇ ਸੀ। ਮਾਮਾ ਕਹਿੰਦਾ: ਜਾਓ ਦੋਵੇਂ ਜਣੇ ਫਿਲਮ ਦੇਖ ਆਓ, ਪਰ ਦਿਨੇ ਦਿਨੇ ਮੁੜ ਕੇ ਘਰ ਆਇਓ। ਅਸੀਂ ਦੋਵੇਂ ਸਾਈਕਲ ‘ਤੇ ਜਲੰਧਰ ਛਾਉਣੀ ਦੇ ਕਿਸੇ ਸਿਨਮੇ ਗਏ। ਮੇਰੇ ਲਈ ਇਹ ਅਜਬ ਨਜ਼ਾਰਾ ਸੀ। ਪਹਿਲੀ ਵਾਰੀ ਡਿੱਠਾ। ਬੜੀ ਚਿਰ ਮਨ ਹੁਲਾਸ ਵਿਚ ਰਿਹਾ।
ਮਾਂ ਨੂੰ ਘਰ ਦਾ ਵੀ ਫਿਕਰ ਹੁੰਦਾ ਸੀ। ਨਾਲ ਮੈਨੂੰ ਚੇਤੇ ਕਰਾਈ ਜਾਣਾ: ਤੈਂ ਸਕੂਲੇ ਵੀ ਜਾਣਾ, ਜਾਂ ਤੈਂ ਸਕੂਲ ਦਾ ਕੰਮ ਵੀ ਕਰਨਾ। ਨਾਨੀ ਨੇ ਕਹੀ ਜਾਣਾ: ਕੋਈ ਨਹੀਂ ਚਲੇ ਜਾਇਓ, ਕਿਹੜਾ ਰੋਜ਼ ਰੋਜ਼ ਘਰੋਂ ਨਿਕਲ ਹੁੰਦਾ। ਸਾਲ ਬਾਅਦ ਤਾਂ ਅੱਗੇ ਆਏ ਆਂ। ਮਾਂ ਦਾ ਮਨ ਆਪ ਵੀ ਬਹੁਤਾ ਕਾਹਲਾ ਨਹੀਂ ਸੀ ਹੁੰਦਾ। ਫਿਰ ਬੱਸਾਂ ਤੁਰ ਪਈਆਂ। ਭੀਂ ਭੀਂ ਕਰਦੀਆਂ। ਲੋਕਾਂ ਨੂੰ ਇਨ੍ਹਾਂ ਦਾ ਭੁਸ ਪੈ ਗਿਆ। ਰੇਲ ਗੱਡੀ ਦੀ ਸ਼ਾਹੀ ਸਵਾਰੀ ਨਕਾਰ ਦਿੱਤੀ। ਬੱਸਾਂ ਵਿਚ ਧੱਕੇ ਖਾਣੇ ਸ਼ੁਰੂ ਕਰ ਦਿੱਤੇ। ਇਸ ਲਾਈਨ ‘ਤੇ ਗੱਡੀ ਵਿਚ ਹੁਣ ਮੁਫ਼ਤਖੋਰੇ ਸਾਧ ਚੜ੍ਹਦੇ ਨੇ ਜਾਂ ਦੋਧੀ। ਕੋਈ ਵਿਰਲੀ ਵਿਰਲੀ ਲੋੜਵੰਦ ਸਵਾਰੀ।
ਨਾਨਾ ਤੇ ਨਾਨੀ ਕੰਮ ਵਾਲੇ ਜੀਅ ਸੀ। ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ। ਨਾਨਾ ਮਧਰਾ ਸੀ। ਕਣਕ ਵੰਨੇ ਰੰਗ ਦਾ। ਨਾਨੀ ਗੋਰੀ ਨਿਛੋਹ ਸੀ। ਪਤਲੀ, ਲੰਮੀ-ਝੰਮੀ। ਕਦੋਂ ਦੇ ਤੁਰ ਗਏ ਹਨ। ਮਾਂ ਦਾ ਜੀ ਪੇਕਿਓਂ ਤੁਰਨ ਨੂੰ ਨਾ ਕਰਨਾ। ਸਿਆਣਿਆਂ ਗੱਲ ਬਣਾਈ ਹੋਈ ਹੈ ਕਿ ਪੇਕੀਂ ਗਈ ਤੀਵੀਂ ਅਤੇ ਛੱਪੜ ਵੜੀ ਮੱਝ ਮਰਜ਼ੀ ਨਾਲ ਹੀ ਨਿਕਲਦੀਆਂ ਹੁੰਦੀਆਂ। ਜੇ ਅਣਚਾਹੇ ਮਨ ਨਾਲ ਨਾਨਕੇ ਘਰੋਂ ਤੁਰ ਹੀ ਪੈਣਾ ਤਾਂ ਬਹੁਤੀ ਵਾਰ ਨਾਨਕ ਪਿੰਡੀ ਕੋਲ ਜਾਂਦਿਆਂ ਨੂੰ ਗੱਡੀ ਨਿਕਲ ਜਾਣੀ। ਕਈ ਵਾਰੀ ਕਿਸੇ ਭਲੇ ਡਰਾਈਵਰ ਨੇ ਲਾਗੇ ਆਉਂਦਿਆਂ ਨੂੰ ਦੇਖ ਗੱਡੀ ਰੋਕ ਵੀ ਲੈਣੀ। ਕਈ ਵਾਰੀ ਪਿਛੇ ਨਾਨਕੀਂ ਮੁੜ ਜਾਣਾ ਤੇ ਕਦੇ ਕਦੇ ਮਸੋਸੇ ਮਨ ਨਾਲ ਸਟੇਸ਼ਨ ‘ਤੇ ਜਾ ਬਹਿਣਾ।
ਨਾਨਕਿਆਂ ਦਾ ਚਾਅ ਕਿਤੇ ਲੁਕਿਆ ਹੋਇਆ ਹੈ- ਵਿਚ ਵਿਚ ਹੱਲਾ ਮਾਰ ਕੇ ਉਠਦਾ ਹੈ, ਫਿਰ ਹਉਕੇ ਜਿਹਾ ਬਹਿ ਜਾਂਦਾ ਹੈ।