ਆਖਰੀ ਘੜੀਆਂ

ਐਸ਼ਐਸ਼ ਮੀਸ਼ਾ-4
ਸ਼ਾਇਰ ਸੋਹਨ ਸਿੰਘ ਮੀਸ਼ਾ ਦਾ ਪੰਜਾਬੀ ਕਾਵਿ-ਜਗਤ ਵਿਚ ਆਪਣਾ ਰੰਗ ਹੈ। ਉਸ ਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਕਵਿਤਾਵਾਂ ਭੁਲਾਇਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਬੰਦੇ ਦੀ ਬਾਤ ਹੈ ਜਿਹੜਾ ਖੁਦ ਨਾਲ ਬੜੀ ਭਿਅੰਕਰ ਲੜਾਈ ਵਿਚ ਪਿਆ ਹੋਇਆ ਹੈ। ਇਸ ਲੜਾਈ ਦੇ ਨਾਲ ਹੀ ਉਤਰਦੀ ਬੇਵਸੀ ਨੂੰ ਸ਼ਾਇਰ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ।

ਇੰਨੀ ਹੀ ਸ਼ਿੱਦਤ ਨਾਲ ਇਸ ਸ਼ਾਇਰ ਬਾਰੇ ਸਾਡੇ ਸਹਿਯੋਗੀ ਗੁਰਦਿਆਲ ਸਿੰਘ ਬੱਲ ਨੇ ਇਸ ਲੰਮੇ ਲੇਖ ਵਿਚ ਇਨ੍ਹਾਂ ਕਵਿਤਾਵਾਂ ਅਤੇ ਪਿਛੋਕੜ ਵਿਚ ਕੰਮ ਕਰਦੀ ਸਿਆਸਤ ਬਾਰੇ ਗੁਫਤਗੂ ਰਚਾਈ ਹੈ। ਬੱਲ ਵੱਲੋਂ ਛੇੜੀਆਂ ਰਮਜ਼ਾਂ ਦੇ ਭੇਤ ਜਿਉਂ ਜਿਉਂ ਖੁੱਲ੍ਹਦੇ ਹਨ, ਸੱਚ ਸਿਰ ਭਾਰ ਹੁੰਦਾ ਜਾਪਣ ਲੱਗਦਾ ਹੈ। ਉਹ ਤੱਥਾਂ ਅਤੇ ਤਰਤੀਬਾਂ ਦੀ ਜੁਗਲਬੰਦੀ ਸਿਰਜਦਾ ਹੈ ਜਿਸ ਵਿਚ ਹਾਲਾਤ ਵਿਚ ਫਾਥੇ ਬੰਦੇ ਦੇ ਨਕਸ਼ ਉਘੜਨ ਲਗਦੇ ਹਨ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 647-982-6091
ਸੋਹਣ ਸਿੰਘ ਮੀਸ਼ਾ ਦੀ ਆਖਰੀ ਦਿਨਾਂ ਦੀ ਵਿਆਕੁਲ ਅਤੇ ਖੰਡਿਤ ਮਨੋਦਸ਼ਾ ਬਾਰੇ ਉਹਦੇ ਸਮਕਾਲੀਆਂ ਨੇ ਉਚੇਚੀਆਂ ਟਿੱਪਣੀਆਂ ਕੀਤੀਆਂ ਹਨ। ਉਹਦੇ ਮਨ ਦੀ ਥਾਹ ਦੇ ਨੇੜੇ-ਤੇੜੇ ਪੁੱਜਣ ਖਾਤਰ ਕੁਝ ਕੁ ਸਮਕਾਲੀਆਂ ਨੂੰ ਧਿਆਉਂਦੇ ਹਾਂ ਰਤਾ! ਪ੍ਰੇਮ ਪ੍ਰਕਾਸ਼ ਆਪਣੇ ਲੇਖ ‘ਮੀਸ਼ੇ ਕਈ ਸਨ’ ਵਿਚ ਲਿਖਦਾ ਹੈ: “ਉਹਦੇ ਅੰਦਰ ਵੱਡਾ ਦੁਖ ਪੰਜਾਬ ਅੰਦਰ ਹੋ ਰਹੇ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ ਵਿਚ ਨੌਜਵਾਨਾਂ ਦੇ ਕਤਲ ਅਤੇ ਅਕਾਲ ਤਖਤ ਨੂੰ ਢਾਹੁਣ ਕਰ ਕੇ ਵਸਿਆ ਹੋਇਆ ਸੀ। ਮੀਸ਼ੇ ਬਾਰੇ ਮੈਨੂੰ ਖਬਰਾਂ ਰੇਡੀਓ ਸਟੇਸ਼ਨ ‘ਤੇ ਆਏ ਨਵੇਂ ਕਵੀ ਜਸਵੰਤ ਦੀਦ ਕੋਲੋਂ ਵੀ ਮਿਲਦੀਆਂ ਰਹਿੰਦੀਆਂ। ਉਹਨੇ ਮੈਨੂੰ ਦੱਸਿਆ ਕਿ ਨਵਾਂ ਸਟੇਸ਼ਨ ਡਾਇਰੈਕਟਰ ਆਇਆ ਏ, ਬੜੀ ਕੁੱਤੀ ਚੀਜ਼ ਐ। ਕਲਰਕ ਤੋਂ ਡਾਇਰੈਕਟਰ ਬਣਿਐ। ਮੀਸ਼ੇ ਨੂੰ ਜ਼ਲੀਲ ਕਰਨ ‘ਤੇ ਤੁਲਿਆ ਹੋਇਐ। ਮੀਸ਼ਾ ਦੁਖੀ ਐ, ਉਹ ਹੁਣ ਤਕ ਪ੍ਰੋਡਿਊਸਰ ਈ ਐ! ਕਲਰਕ ਹੇਠੋਂ ਉਠ ਕੇ ਉਹਦੇ ਅਫਸਰ ਬਣ ਰਹੇ ਨੇ। ਉਹਨੇ ਮੀਸ਼ੇ ਦੀ ਡਿਊਟੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਪ੍ਰਸਾਰਨ ‘ਤੇ ਲਾ ਦਿੱਤੀ ਏ। ਇਹ ਜਾਂਦਾ ਨਹੀਂ।”
ਫਿਰ ਗਲਤ ਜਾਂ ਪਤਾ ਨਹੀਂ ਠੀਕ ਸੂਚਨਾ ਦੇ ਆਧਾਰ ‘ਤੇ ਪ੍ਰੇਮ ਪ੍ਰਕਾਸ਼ ਇਹ ਲਿਖਦਾ ਹੈ: “22 ਸਤੰਬਰ ਨੂੰ ਉਹਨੂੰ ਦਰਬਾਰ ਸਾਹਿਬ ਦੇ ਪ੍ਰਸਾਰਨ ਸੇਵਾ ਲਈ ਲਾਜ਼ਮੀ ਤੌਰ ‘ਤੇ ਜਾਣ ਦਾ ਹੁਕਮ ਸੀ। 21 ਸਤੰਬਰ ਨੂੰ ਉਹ ਮਰ ਜਾਂਦਾ ਹੈ।æææ ਇਹ ਮੌਤ ਤਾਂ ਆਤਮ ਹੱਤਿਆ ਵਰਗੀ ਲਗਦੀ ਹੈ।”
ਇਨ੍ਹਾਂ ਹੀ ਦਿਨਾਂ ਬਾਰੇ ਸੁਰਜੀਤ ਪਾਤਰ ਨੇ ‘ਸੂਰਜ ਮੰਦਰ ਦੀਆਂ ਪੌੜੀਆਂ’ ਕਿਤਾਬ ਵਿਚ ‘ਮੀਸ਼ੇ ਨਾਲ ਆਖਰੀ ਮਿਲਣੀ’ ਲੇਖ ਵਿਚ ਲਿਖਿਆ ਹੈ: “ਉਦੋਂ ਮੈਨੂੰ ਪਤਾ ਨਹੀਂ ਸੀ, ਇਹ ਮੀਸ਼ੇ ਨਾਲ ਮੇਰੀ ਆਖਰੀ ਮਿਲਣੀ ਹੈ।æææ ਜਲੰਧਰ ਦੇ ਬੱਸ ਸਟੈਂਡ ਤੋਂ ਰਿਕਸ਼ੇ ‘ਤੇ ਟੀæਵੀæ ਸੈਂਟਰ ਵੱਲ ਜਾ ਰਿਹਾ ਸਾਂ। ਮੇਰੇ ਕੋਲ ਮਰੂਤੀ ਵੈਨ ਰੁਕੀ। ਬਾਰੀ ਵਿਚੋਂ ਮੀਸ਼ਾ ਮੁਸਕਰਾ ਰਿਹਾ ਸੀ। ਮਸ਼ਹੂਰ ਮੀਸ਼ੀਅਨ ਮੁਸਕਰਾਹਟ, ਖੁਸ਼ੀ ਅਤੇ ਸ਼ਰਾਰਤ ਭਰੀ, ਦਿਲਕਸ਼। ‘ਕਿਥੇ ਜਾ ਰਿਹੈਂ? ਰਿਕਸ਼ੇ ਵਾਲੇ ਨੂੰ ਪੈਸੇ ਦੇ ਦੇ, ਏਧਰ ਆ ਜਾ’। ਵੈਨ ਵਿਚ ਬੈਠਦਿਆਂ ਕਹਿਣ ਲੱਗਾ- ‘ਚੱਲ ਰੇਡੀਓ ‘ਤੇ ਰਿਕਾਰਡਿੰਗ ਕਰਦੇ ਹਾਂæææ ਪਰ ਪਹਿਲਾਂ ਘਰ ਚਲਦੇ ਆਂ’।æææ ਅਜੇ 10-11 ਹੀ ਵੱਜੇ ਸਨ, ਘਰ ਆ ਕੇ ਬੀਅਰ ਖੋਲ੍ਹ ਲਈ।”
ਸੁਰਜੀਤ ਪਾਤਰ ਮੀਸ਼ੇ ਦੀ ਉਸ ਦਿਨ ਉਖੜੀ ਹੋਈ ਮਨੋਦਸ਼ਾ ਵੇਖ ਕੇ ਉਦਾਸ ਹੁੰਦਾ ਹੈ ਅਤੇ ਉਦਾਸੀ ਦੇ ਆਲਮ ਵਿਚ ਕੁਝ ਹੀ ਦਿਨਾਂ ਬਾਅਦ ਫਰੀਦਕੋਟ ਹੋਣ ਵਾਲੇ ਕਵੀ ਦਰਬਾਰ ਵਿਚ ਮੁੜ ਮਿਲਣ ਦਾ ਵਾਅਦਾ ਕਰ ਕੇ ਸ਼ਾਮ ਨੂੰ ਲੁਧਿਆਣੇ ਪਰਤ ਜਾਂਦਾ ਹੈ। ਫਿਰ ਲਿਖਿਆ ਹੈ: “ਫਰੀਦਕੋਟ ਮੇਲੇ ‘ਤੇ ਅਸੀਂ ਮੀਸ਼ੇ ਨੂੰ ਬਹੁਤ ਉਡੀਕਿਆ, ਪੂਰਨ ਚੰਦ ਵਡਾਲੀ ਅਤੇ ਪਿਆਰੇ ਲਾਲ ਕੱਵਾਲੀ ਗਾ ਰਹੇ ਸਨ-
ਮੱਝੀਂ ਆਈਆਂ, ਮੇਰਾ ਮਾਹੀ ਨਾ ਆਇਆ
ਰਾਂਝੇ ਨਹੀਂ ਸੀ ਰਹਿਣਾ, ਬੇਲੇ ਖੈਰ ਹੋਵੇ!
ਅਸੀਂ ਹੱਸਦੇ ਰਹੇ- ਮੀਸ਼ੇ ਨਹੀਂ ਸੀ ਰਹਿਣਾ, ਬੇਲੇ ਖੈਰ ਹੋਵੇ! ਕੁਝ ਚਿਰ ਬਾਅਦ ਕਿਸੇ ਨੇ ਖਬਰ ਦਿੱਤੀ- ਬੇਲੇ ਖੈਰ ਨਹੀਂ! ਕਿਸੇ ਨੂੰ ਵੀ ਯਕੀਨ ਨਾ ਆਇਆ। ਮੀਸ਼ੇ ਜਿਹਾ ਫੁਰਤੀਲਾ, ਸਚੇਤ, ਸੁਬਕ ਸ਼ਿਲਪੀ ਕਿਵੇਂ ਤਿਲਕ ਸਕਦਾ ਹੈ ਕਾਂਜਲੀ ਵਿਚ? ਕਿਵੇਂ ਮਰ ਸਕਦਾ ਹੈ ਏਨਾ ਪਿਆਰਾ ਤੇ ਸਾਰਥਿਕ ਕਵੀ, ਤੇ ਏਨੀ ਨਿਰਾਰਥਕ ਮੌਤ?æææ ਉਸ ਨੂੰ ਡੁੱਬਣ ਲਈ ਕਾਂਜਲੀ ਨਹੀਂ, ਕੋਈ ਗਹਿਰੀ ਕਵਿਤਾ ਚਾਹੀਦੀ ਸੀ। ਕੋਈ ਗਹਿਰੀ ਮੁਹੱਬਤ, ਕੋਈ ਹੁਨਰੀ ਵੰਗਾਰ, ਕੋਈ ਮਹਾਨ ਅਸੰਭਵ ਸੁਪਨਾæææ।”
ਸੁਰਜੀਤ ਪਾਤਰ ਦੇ ਹਾਰ ਹੀ ਬਰਜਿੰਦਰ ਸਿੰਘ (ਹਮਦਰਦ) ਦੇ ਲੇਖ ‘ਪਿਆਰੇ ਮੀਸ਼ਾ ਦੀ ਯਾਦ’ ਦੀਆਂ ਸ਼ੁਰੂਆਤੀ ਸਤਰਾਂ ‘ਤੇ ਜ਼ਰਾ ਗੌਰ ਫਰਮਾਓ: “ਮੀਸ਼ਾ ਚਲੇ ਗਿਆ, ਯਕੀਨ ਨਹੀਂ ਆਉਂਦਾ। ਹਾਲੇ ਕੱਲ੍ਹ ਹੀ ਤਾਂ ਉਹ ਸਾਡੇ ਕੋਲ ਸੀ। ਉਹਦੀ ਠਹਿਰੀ ਹੋਈ ਆਵਾਜ਼ ਫੋਨ ‘ਤੇ ਸੁਣੀ ਸੀ। ਨਿੰਮਾ ਨਿੰਮਾ ਮੁਸਕਰਾਉਂਦਾ ਹੋਇਆ ਉਹ ਗੱਲ ਕਰ ਰਿਹਾ ਸੀ। ਰਾਤ ਦੀ ਖਾਮੋਸ਼ੀ ਵਿਚ ਉਸ ਉਤੇ ਮਸਤੀ ਦਾ ਆਲਮ ਤਾਰੀ ਸੀ। ਉਹ ਵਜਦ ਵਿਚ ਆ, ਝੂਮ ਰਿਹਾ ਸੀ। ਆਪਣੀ ਕਿਸੇ ਨਜ਼ਮ ਵਿਚੋਂ ਕੁਝ ਸੁਣਾ ਰਿਹਾ ਸੀ। ਉਹ ਹਰ ਸਮੇਂ ਮੇਰੇ ਨਾਲ ਸੀ- ਜਿਵੇਂ ਮੇਰੇ ਰੋਜ਼ਮਰਾ ਜੀਵਨ ਦਾ ਅੰਗ ਹੋਵੇ।”
ਇਨ੍ਹਾਂ ਹੀ ਦਿਨਾਂ ਬਾਰੇ ਪ੍ਰੇਮ ਪ੍ਰਕਾਸ਼ ਦੀ ਇਕ ਹੋਰ ਗਵਾਹੀ ਹੈ: “ਮੀਸ਼ੇ ਨੂੰ ਤਿੰਨ ਚੀਜ਼ਾਂ ਚੁੱਕੀ ਫਿਰਦੀਆਂ ਸਨ- ਨਵੀਂ ਮਰੂਤੀ, ਵਿਚ ਰੱਖੀ ਦਾਰੂ ਤੇ ਤੁਰਦੀਆਂ ਫਿਰਦੀਆਂ ਜ਼ਨਾਨੀਆਂ। ਉਹੀ ਉਹਨੂੰ ਬਟਾਲੇ ਲੈ ਗਈਆਂ ਸਨ ਅਤੇ ਉਹੀ ਕਪੂਰਥਲੇ ਦੀ ਕਾਂਜਲੀ ਲੈ ਗਈਆਂ।æææ ਜਿੱਦਣ ਮੀਸ਼ਾ ਡੁੱਬਿਆ, ਉਸ ਤੋਂ ਦੂਜੇ ਦਿਨ ਉਹਨੂੰ ਦਰਬਾਰ ਸਾਹਿਬ ਵਿਚ ਡਿਊਟੀ ਦੇਣ ਦਾ ਅੰਤਿਮ ਮੌਕਾ ਸੀ।”
ਪ੍ਰੇਮ ਪ੍ਰਕਾਸ਼ ਦੀਆਂ ਆਪਣੇ ਇਸ ਮਿੱਤਰ ਬਾਰੇ ਚੰਦ ਹੋਰ ਸਤਰਾਂ ਵੀ ਜ਼ਰਾ ਪੜ੍ਹੋ: “æææ ਅਸਲ ਵਿਚ ਮੈਨੂੰ ਉਹਦੇ ਮਰਨ ਦਾ ਏਨਾ ਸਦਮਾ ਨਹੀਂ ਸੀ, ਮੈਨੂੰ ਉਹਦੇ ਮਰਨ ਨਾਲ ਹੋਈ ਬਦਨਾਮੀ ਤੇ ਉਹਦੀ ਮਰਨ ਦੀ ਤਿਆਰੀ ਵੇਲੇ ਕੀਤੀਆਂ ਹਰਕਤਾਂ ‘ਤੇ ਅਫਸੋਸ ਹੁੰਦਾ ਸੀ।æææ ਉਹਦੀ ਸੋਚ ਤੇ ਸ਼ੈਲੀ, ਸਾਰੇ ਕਵੀਆਂ ਨਾਲੋਂ ਵੱਖਰੀ ਤੇ ਸ਼੍ਰਸ਼ੇਠ ਲੱਗਦੀ ਸੀ।æææ ਪਰ ਉਹਦੀ ਮੌਤ ਨੇ ਉਹਦੀ ਸ਼ਾਇਰੀ ਦਾ ਬਹੁਤ ਨੁਕਸਾਨ ਕਰ ਦੇਣਾ ਏ।æææ ਅਸੀਂ ਸਾਰੇ ਝੰਡੇ ਚੁੱਕੀ ਜਾ ਰਹੇ ਜੇਤੂਆਂ ਦੇ ਝੰਡਿਆਂ ਨਾਲ ਭੱਜਦੇ ਤੇ ਖੁਸ਼ ਹੁੰਦੇ ਹਾਂ, ਹਾਰਿਆਂ ਤੇ ਦਾਗੀਆਂ ਤੋਂ ਛੇਤੀ ਸਬੰਧ ਤੋੜ ਲੈਂਦੇ ਹਾਂ। (ਅਖੇ) ਉਹਦੇ ਜਾਣ ਬਾਅਦ ਉਹਦੇ ਬੱਚਿਆਂ ਤੇ ਪਤਨੀ ਨੇ ਵੀ ਇਹੋ ਕੁਝ ਕੀਤਾ। ਨਾ ਓਸ ਬੰਦੇ ਦਾ ਜ਼ਿਕਰ ਤੇ ਨਾ ਉਹਦੀ ਸ਼ਾਇਰੀ ਦਾ। ਨਾ ਕੋਈ ਕਿਤਾਬ ਛਪਵਾਈ ਤੇ ਨਾ ਕੋਈ ਯਾਦ ਸਮਾਗਮ ਕੀਤਾ।”
ਪ੍ਰੇਮ ਪ੍ਰਕਾਸ਼ ਤੋਂ ਉਲਟ ਮੀਸ਼ੇ ਦੀ ਜ਼ਿੰਦਗੀ ਦੇ ਜ਼ੋਰਬੀਅਨ ਆਭਾਂ ਵਾਲੇ ਡਰਾਮੇ ਦੇ ਮੁਢਲੇ ਅਤੇ ਆਖਰੀ ਦ੍ਰਿਸ਼ਾਂ ਦੀ ਇਕ ਹੋਰ ਗਵਾਹੀ ਸਾਡੇ ਕੋਲ ਪਿਛਲੀ ਅੱਧੀ ਸਦੀ ਤੋਂ ਸਾਡੇ ਕਰੀਬੀ ਬਜ਼ੁਰਗ ਮਿੱਤਰ ਹਰਭਜਨ ਸਿੰਘ ਹੁੰਦਲ ਦੀ ਹੈ: “1951 ਦੀ ਗੱਲ ਹੈ, ਮੈਂ ਰਣਧੀਰ ਕਾਲਜ ਕਪੂਰਥਲੇ ਦੀ ਗਿਆਰਵੀਂ ਸ਼੍ਰੇਣੀ ਵਿਚ ਦਾਖਲ ਹੋਇਆ।æææ ਥੋੜ੍ਹੇ ਤੇ ਮਾੜੇ ਕੱਪੜੇ, ਤੇ ਰੁੱਖੀ ਮਿੱਸੀ ਰੋਟੀ ਖਾ ਕੇ ਟੁੱਟੇ ਸਾਈਕਲਾਂ ‘ਤੇ ਅਸੀਂ ਪਿੰਡਾਂ ਦੇ ਮੁੰਡੇ ਕਾਲਜ ਪੜ੍ਹਨ ਆਉਂਦੇ, ਮੀਸ਼ਾ ਸੋਹਣੇ ਕਪੜੇ ਪਾ ਕੇ ਆਉਂਦਾ। ਉਹਨੇ ਵਾਲ ਕਟਾਏ ਹੋਏ ਸਨ। ਉਹ ਚੁਸਤ ਵਿਖਾਈ ਦਿੰਦਾ ਸੀ। ਕੁੜੀਆਂ ਅਤੇ ਮੁੰਡਿਆਂ ਦੋਵਾਂ ਵਿਚ ਹਰਮਨ ਪਿਆਰਾ ਸੀ। ਉਹ ਨਟਖਟ ਅਤੇ ਸ਼ਰਾਰਤੀ ਸੀ।æææ ਜੋਗਿੰਦਰ ਸ਼ਮਸ਼ੇਰ ਕਮਿਊਨਿਸਟ ਪਾਰਟੀ ਦੇ ਸਕੱਤਰ ਵਜੋਂ ਕੰਮ ਕਰਦਾ ਸੀ ਅਤੇ ਵਿਦਿਆਰਥੀਆਂ ਵਿਚ ਉਹ ਬੜਾ ਹਰਮਨ ਪਿਆਰਾ ਸੀ। ਮੀਸ਼ਾ ਸਾਥੋਂ ਪਹਿਲਾਂ ਉਸ ਦਾ ਮੁਰੀਦ ਬਣ ਚੁੱਕਾ ਸੀ।”
ਇਨ੍ਹਾਂ ਬਿਰਤਾਂਤਾਂ ਤੋਂ ਭੋਰਾ ਸੰਦੇਹ ਵੀ ਨਹੀਂ ਰਹਿ ਜਾਂਦਾ ਕਿ ਮੀਸ਼ੇ ਦੇ ਮਨ ਅੰਦਰ ਮਿੱਤਰਾਂ ਨੂੰ ਮਿਲਣ ਅਤੇ ਜ਼ਿੰਦਗੀ ਦਾ ਹਰ ਪਲ ਰੱਜ ਕੇ ਜਿਊਣ ਦਾ ‘ਜ਼ੋਰਬਾ ਦਿ ਗਰੀਕ’ ਦੇ ਹਾਰ ਚਾਅ ਕਿਤਨਾ ਸੀ। ਇਸੇ ਪ੍ਰਥਾਏ ਹੁੰਦਲ ਦਾ ਕੁਝ ਹੋਰ ਵਿਸਥਾਰ ਵੇਖੋ: (ਮੀਸ਼ੇ ਨਾਲ) ਆਖਰੀ ਭਰਵੀਂ ਮੁਲਾਕਾਤ 1985 ਵਿਚ ਮੇਜਰ ਪਿਆਰਾ ਸਿੰਘ ਦੇ ਉਦਮ ਨਾਲ ਹੋਈ। ਪਿਆਰਾ ਸਿੰਘ ਦੀ ਯੂਨਿਟ ਓਪਰੇਸ਼ਨ ਬਲਿਊ ਸਟਾਰ ਕਾਰਨ ਜਲੰਧਰ ਠਹਿਰੀ ਹੋਈ ਸੀ ਅਤੇ ਇਕ ਸ਼ਾਮ ਉਸ ਨੇ ਸੱਦਾ ਭੇਜਿਆ ਕਿ ਅੱਜ ਦੀ ਸ਼ਾਮ ਮੀਸ਼ੇ ਦੇ ਘਰੇ ਉਸ ਨਾਲ ਬੈਠ ਕੇ ਮਨਾਈ ਜਾਵੇਗੀ।
ਦੋਸਤਾਂ ਦੀ ਮਹਿਫਲ ਵਿਚ ਬੈਠਿਆਂ ਉਹ ਬਾਦਸ਼ਾਹ ਹੁੰਦਾ ਸੀ। ਉਸ ਕਿਹਾ- ਮੈਂ ਰੇਡੀਓ ਦੀ ਨੌਕਰੀ ਛੱਡ ਦੇਣੀ ਹੈ। ਬੜੀ ਗੁਲਾਮੀ ਕੱਟੀ ਹੈ। ਚਾਰ ਦਿਨ ਆਜ਼ਾਦੀ ਦੀ ਹਵਾ ਲੈ ਲਵਾਂ। ਮੈਂ ਉਸ ਨੂੰ ‘ਚੀਕ ਬੁਲਬਲੀ’ ਕਵਿਤਾ ਯਾਦ ਕਰਾਈ ਤੇ ਕਿਹਾ: ‘ਇਸ ਕਵਿਤਾ ਦੇ ਅਖੀਰ ‘ਤੇ ਤੂੰ ਕਿਹਾ ਹੈ ਕਿ ਮੈਂ ਮਹਾਤਮਾ ਗਾਂਧੀ ਦੀ ਸੋਟੀ ਫੜ ਕੇ ਆਪਣੇ ਸਿਰ ਵਿਚ ਮਾਰਾਂਗਾ। ਤੂੰ ਇਹ ਸੋਟੀ ਖੋਹ ਕੇ ਮਹਾਤਮਾ ਦੇ ਸਿਰ ਵਿਚ ਨਹੀਂ ਸੀ ਮਾਰ ਸਕਦਾ?’
ਮੀਸ਼ਾ ਹੱਸ ਕੇ ਕਹਿਣ ਲੱਗਾ- ਇਹ ਕੰਮ ਤੂੰ ਕਰ ਸਕਦਾ ਸੀæææ।
(ਅਖੇ) ਮੀਸ਼ਾ ਅਚਾਨਕ ਮਰ ਗਿਆ ਸੀ। ਉਸ ਨੂੰ ਰੇਡੀਓ ਦੀ ਨੌਕਰੀ ਤੇ ਭ੍ਰਿਸ਼ਟ ਮਾਹੌਲ ਲੈ ਬੈਠਾ।æææ ਉਹ ਪੰਜਾਬ ਦੇ ਮਾਹੌਲ ਤੋਂ ਦੁਖੀ ਸੀ, ਪਰ ਉਹਨੇ ਇਸ ਬਾਰੇ ਕਦੀ ਕੁਝ ਨਾ ਲਿਖਿਆ। ਹੋ ਰਹੇ ਨਾਟਕ ਵਿਚ ਦੋਸ਼ੀਆਂ ਉਤੇ ਉਂਗਲ ਰੱਖਣ ਦਾ ਸੁਆਲ ਸੀ, ਪਰ ਮੀਸ਼ਾ ਕਿਸੇ ‘ਤੇ ਇਲਜ਼ਾਮ ਨਹੀਂ ਸੀ ਧਰ ਸਕਦਾ ਸੀ ਤੇ ਇਹ ਗੁੰਝਲਦਾਰ ਯਥਾਰਥ ਉਸ ਦੀ ਪਕੜ ਵਿਚ ਨਹੀਂ ਸੀ ਆ ਰਿਹਾ। ਉਹ ਵਿਲਕਦਾ ਸੀ, ਤੜਫਦਾ ਸੀ, ਪਰ ਲਿਖਦਾ ਨਹੀਂ ਸੀ। ਉਹ ਅੱਗੇ ਦੱਸਦਾ ਹੈ: ਉਸ ਦੀ ਸ਼ਾਇਰੀ ਦਾ ਆਰੰਭ ਕਮਿਊਨਿਸਟ ਲਹਿਰ ਦੇ ਪ੍ਰਭਾਵ ਅਧੀਨ ਹੋਇਆ ਸੀ। ਉਸ ਦੀ ਮੌਤ ਬੁਰਜੂਆ ਸੰਗਤ ਦੇ ਭੈੜੇ ਪ੍ਰਭਾਵਾਂ ਕਾਰਨ ਹੋਈ।
ਅਸੀਂ ਉਡੀਕਦੇ ਸੀ ਕਿ ਰੇਡੀਓ ਦੀ ਨੌਕਰੀ ਛੱਡ ਕੇ ਉਹ ਚੀਕ ਨਹੀਂ, ਚੌਕ ਵਿਚ ਖੜ੍ਹ ਕੇ ਬੁਲਬੁਲੀ ਮਾਰੇਗਾ, ਪਰ ਉਹ ਉਸ ਸ਼ੁਭ ਘੜੀ ਤੋਂ ਪਹਿਲਾਂ ਹੀ ਹੱਥ ਹਿਲਾਉਂਦਾ, ਮੁਸਕਰਾਉਂਦਾ, ਡੂੰਘੀ ਚੁੱਭੀ ਮਾਰ ਗਿਆ।
ਪ੍ਰੇਮ ਪ੍ਰਕਾਸ਼ ਤੋਂ ਜਮ੍ਹਾਂ ਹੀ ਉਲਟ ਹੁੰਦਲ ਦੱਸਦਾ ਹੈ: ਉਸ ਦੀ ਦਰਦਨਾਕ ਤੇ ਬੇਵਕਤ ਮੌਤ ਦੀ ਘਟਨਾ, ਰੂਸੀ ਲੇਖਕਾਂ ਸਰਗੇਈ ਯੈਸੇਨਿਨ ਤੇ ਮਾਈਕੋਵਸਕੀ ਦੀਆਂ ਮੌਤਾਂ ਵਾਂਗ ਭੁਲ-ਭਲਾ ਜਾਵੇਗੀ, ਪਰ ਉਸ ਦੀ ਸ਼ਾਇਰੀ ਸਦਾ ਜਿੰਦਾ ਰਹੇਗੀ।
ਸੋਹਣ ਸਿੰਘ ਤਾਂ ਧਰਤੀ ਉਤੇ
ਆਉਂਦੇ ਜਾਂਦੇ ਰਹਿਣੇ
ਮੀਸ਼ੇ ਵਰਗਾ ਜਦ ਵੀ ਆਉਂਦਾ,
ਆਉਂਦਾ ਇਕੋ ਵਾਰੀ।
ਸੋਹਣ ਸਿੰਘ ਮੀਸ਼ੇ ਜੀ ਹਸਤੀ ਅਤੇ ਹਯਾਤੀ ਬਾਰੇ ਪ੍ਰੇਮ ਪ੍ਰਕਾਸ਼ ਦਾ ਸਭ ਤੋਂ ਵੱਡਾ ‘ਸਕੂਪ’ ਤਾਂ ਰਹਿ ਹੀ ਗਿਆ ਸੀæææ ‘ਮੀਸ਼ੇ ਕਈ ਸਨ’ ਲੇਖ ਵਿਚ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ: ‘ਮੀਸ਼ੇ ਦੇ ਮਰਨ ਬਾਅਦ ਸੁਰਜੀਤ ਹਾਂਸ ਨੇ ਉਸ ਦੇ ਕਿਰਦਾਰ ਦੀ ਬੜੀ ਡੂੰਘੀ ਵਿਆਖਿਆ ਕੀਤੀ। ਕਹਿੰਦਾ, ਉਹ ਸਾਰੀ ਉਮਰ ਆਪਣੇ ਪਿੱਛੇ ਦੀ ਗਰੀਬੀ ਲੁਕਾਉਂਦਾ ਰਿਹਾ। ਮਹਿੰਗੇ ਕੱਪੜੇ, ਮਹਿੰਗੀਆਂ ਸ਼ਰਾਬਾਂ, ਕਾਰ ਤੇ ਵੱਡੀ ਕੋਠੀ ਵਿਚ ਰਹਿਣਾæææ ਸਭ ਏਸੇ ਦੁਖ ਦਾ ਇਜ਼ਹਾਰ ਐ। ਉਹਦਾ ਬਾਪੂ ਚੰਗਾ ਬੰਦੈ। ਉਹਨੂੰ ਮਸ਼ੀਨ ਚਲਾ ਕੇ ਕੱਛੇ ਕੁੜਤੇ ਸਿਉਂ ਕੇ ਖਾਣ ਵਿਚ ਕੋਈ ਸ਼ਰਮ ਨਹੀਂ।æææ ਉਹਨੇ ਇਕ ਵਾਰੀ ਮੀਸ਼ੇ ਨੂੰ ਧਮਕੀ ਦਿੱਤੀ, ਬਈ ਜੇ ਤੈਂ ਮੈਨੂੰ ਮਹੀਨੇ ਦੇ ਏਨੇ ਪੈਸੇ ਨਾ ਦਿੱਤੇ ਤਾਂ ਮੈਂ ਸਠਿਆਲੇ ਆ ਕੇ ਰਿਕਸ਼ਾ ਵਾਹੁਣ ਲੱਗ ਪੈਣੈ। ਉਦੋਂ ਮੀਸ਼ਾ ਤੇ ਸੁਰਜੀਤ ਹਾਂਸ ਸਠਿਆਲੇ ਕਾਲਜ ਵਿਚ ਪੜ੍ਹਾਉਂਦੇ ਸੀ।’
ਇਹ ਪੜ੍ਹਦਿਆਂ ਅਫਸੋਸ ਤਾਂ ਹੁੰਦਾ ਹੈ, ਪਰ ਬਾਅਦ ਇਹ ਸੋਚਦਿਆਂ ਧਰਵਾਸ ਵੀ ਹੁੰਦੀ ਹੈ ਕਿ ਮੀਸ਼ੇ ਦੀ ਚੰਗੀ ਕਿਸਮਤ ਨੂੰ ਉਹਦੇ ਕਿਰਦਾਰ ਦੀ ਬੜੀ ‘ਡੂੰਘੀ ਵਿਆਖਿਆ’ ਸੁਰਜੀਤ ਹਾਂਸ ਵਰਗਾ ‘ਹਮਦਰਦ’ ਦੋਸਤ ਕਰ ਰਿਹੈ। ਸਾਡੇ ਕੁਝ ਸੱਜਣਾਂ ਨੇ ਪਾਸ਼ ਅਤੇ ਡਾæ ਰਵਿੰਦਰ ਰਵੀ ਦੇ ਕਿਰਦਾਰ ਦੀ ਇਸ ਤੋਂ ਵੀ ਕਿਤੇ ਵੱਧ ‘ਡੂੰਘੀ’ ਅਤੇ ‘ਵਿਗਿਆਨਕ’ ਵਿਆਖਿਆ ਕੀਤੀ ਹੋਈ ਹੈ। ਜੇ ਕਿਤੇ ਮੀਸ਼ਾ ਇਨ੍ਹਾਂ ਦੀ ਜਾੜ੍ਹ ਹੇਠ ਆ ਜਾਂਦਾ ਤਾਂ ਉਹਦਾ ਕੀ ਬਣਦਾ!
ਡਾæ ਹਾਂਸ ਦੀ ਇਹ ਜਜਮੈਂਟ ਪੜ੍ਹਦਿਆਂ ‘ਜੁਰਮ ਤੇ ਸਜ਼ਾ’ ਦਾ ਚੇਤੇ ਆ ਗਿਆ ਹੈæææ
ਦਾਸਤੋਵਸਕੀ ਸੁਰਜੀਤ ਹਾਂਸ ਵਰਗਾ ਜ਼ਿੰਮੇਵਾਰ ਤੇ ਉਸਾਰੂ ਚਿੰਤਕ ਭਲੇ ਹੀ ਨਾ ਹੋਵੇ, ਪਰ ਦੁਨੀਆਂ ਭਰ ਦੇ ਸਿਰਜਣਾਤਮਿਕ ਸਾਹਿਤ ਵਿਚ ਉਸ ਦਾ ਕੋਈ ਸਾਨੀ ਨਹੀਂ। ਇਨਸਾਨ ਦੇ ਅੰਦਰੂਨੀ ਮਾਨਸਿਕ ਜਗਤ ਦੇ ਦਵੰਦਾਂ ਅਤੇ ਗਹਿਰਾਈਆਂ ਦੀ ਥਾਹ ਪਾਉਣ ਦੇ ਮਾਮਲੇ ਵਿਚ ਉਹ ‘ਰੁਸਤਮ-ਏ-ਜਮਾਂ’ ਹੈ। ‘ਜੁਰਮ ਅਤੇ ਸਜ਼ਾ’ ਦੀ ਰਚਨਾ ਉਹਨੇ ਬੜੀ ਇਕਾਗਰਤਾ ਨਾਲ ਕੀਤੀ। ਨਾਵਲ ਦੀ ਕਥਾ ਵਿਚ ‘ਮਹਾਂਮਾਨਵ’ ਬਣਨ ਦਾ ਇਛੁਕ ਨੌਜਵਾਨ ਰਾਸਕੋਲਨੀਕੋਵ ਆਪਣੀ ਪਿਆਰੀ ਭੈਣ ਨੂੰ ਪੜ੍ਹਾਉਣ ਅਤੇ ਵਡੇਰੀ ਉਮਰ ਦੇ ਕਿਸੇ ਅਹਿਮਕ ਭੱਦਰ ਪੁਰਸ਼ ਨਾਲ ‘ਨਰੜ ਵਿਆਹ’ ਤੋਂ ਬਚਾਉਣ ਲਈ ਲੋੜੀਂਦੀ ਰਾਸ਼ੀ ਜੁਟਾਉਣ ਖਾਤਰ ਵਿਆਜੂ ਪੈਸੇ ਦੇਣ ਵਾਲੀ ਸਿਰੇ ਦੀ ਲੋਭੀ ਤੇ ਕੰਜੂਸ, ਪਹਿਲਾਂ ਹੀ ਮਰਨਾਊ ਪਈ ਬਜ਼ੁਰਗ ਔਰਤ ਦੀ ਇਹ ਸੋਚ ਕੇ ਹੱਤਿਆ ਕਰ ਦਿੰਦਾ ਹੈ ਕਿ ਚਲੋ ਉਹਦਾ ਕੀ ਹੈ, ਧਰਤੀ ‘ਤੇ ਵਾਧੂ ਭਾਰ ਹੀ ਹੈ; ਨਾਲੇ ਉਹ ਚੁਕਿਆ ਜਾਵੇਗਾ, ਨਾਲੇ ਉਸ ਲਈ ਤੇ ਉਸ ਦੀ ਭੈਣ ਲਈ ਪੈਸੇ ਦਾ ਜੁਗਾੜ ਹੋ ਜਾਵੇਗਾ; ਪਰ ਉਹ ਕਾਰਾ ਕਰ ਕੇ ਉਸ ਦੀ ਆਤਮਾ ਕੰਬ ਉਠਦੀ ਹੈ। ਪ੍ਰੇਸ਼ਾਨ ਮਾਨਸਿਕ ਅਵਸਥਾ ਵਿਚ ਉਹ ਸ਼ਰਾਬਖਾਨੇ ਜਾ ਵੜਦਾ ਹੈ। ਅੱਗਿਓਂ ਕਾਫੀ ਸਿਆਣੀ ਉਮਰ ਦਾ ਮਾਰਮੇਲਾਦੋਵ ਉਸ ਤੋਂ ਕਿਤੇ ਵੱਧ ‘ਪ੍ਰੇਸ਼ਾਨ’ ਹੈ। ਉਸ ਦੀ ਵੱਡੇ ਖਾਨਦਾਨੀ ਪਿਛੋਕੜ ਵਾਲੀ ਡਾਢੀ ਨੇਕ ਰੂਹ ਦੂਜੀ ਪਤਨੀ ਕੈਟਰੀਨਾ ਟੀæਬੀæ ਦੀ ਅੰਤਿਮ ਅਵਸਥਾ ਵਿਚ ਹੋਣ ਕਰ ਕੇ ਮੌਤ ਕਿਨਾਰੇ ਹੈ। ਬੱਚੇ ਭੁੱਖੇ ਹਨ, ਘਰੇ ਕਈ ਦਿਨਾਂ ਤੋਂ ਖਾਣ ਲਈ ਕੁਝ ਵੀ ਨਹੀਂ ਹੈ। ਉਹ ਆਪਣੇ ਪਤੀ ਦੀ ਪਹਿਲੀ ਪਤਨੀ ਤੋਂ ਮਤਰੇਈ ਧੀ ਸੋਨੀਆ ਨੂੰ ਫਿਟਕਾਰਦੀ ਹੈ। ਮਰੀਅਮ ਰੂਹ ਸੋਨੀਆ ਘਰੋਂ ਪੇਸ਼ਾ ਕਰਨ ਨਿਕਲ ਜਾਂਦੀ ਹੈ ਅਤੇ 14 ਰੂਬਲ ਕਮਾ ਕੇ ਪਰਤਦੀ ਹੈ। ਮਾਰਮੇਲਾਦੋਵ ਆਪਣੀ ਧੀ ਤੋਂ ਪੈਸੇ ਖੋਹ ਕੇ ਰਾਸਕੋਲਨੀਕੋਵ ਦੇ ਅਹਾਤੇ ਵਿਚ ਦਾਖਲ ਹੋਣ ਤੋਂ ਪਹਿਲਾਂ ਦਾਰੂ ਪੀ ਬੈਠਾ ਹੈ। ਦਾਸਤੋਵਸਕੀ ਦੀ ਕਥਾ ਦੇ ਪਲਾਟ ਦੀ ਚਤੁਰਾਈ ਵੇਖੋ ਕਿ ਮਾਰਮੇਲਾਦੋਵ ਉਸ ਨੂੰ ਵਿੰਹਦਿਆਂ ਇਕ ਦਮ ਉਸ ਅੰਦਰ ਆਪਣੇ ਆਤਮਿਕ ਸੰਤਾਪ ਨਾਲ ਜੁੜਦੀ ਕੋਈ ਲੁਕਵੀਂ ‘ਸਾਂਝ’ ਤਾੜ ਲੈਂਦਾ ਹੈ ਅਤੇ ਆਪਣੇ ‘ਕੌਤਿਕ’ ਦੀ ਕਹਾਣੀ ਸੁਣਾਉਣ ਲਈ ਹੋਰ ਕਿਸੇ ਕੋਲ ਨਹੀਂ ਜਾਂਦਾ, ਸਿੱਧਾ ਰਾਸਕੋਲਨੀਕੋਵ ਦੇ ਮੂਹਰੇ ਹੀ ਜਾ ਬਹਿੰਦਾ ਹੈ। ਬਸ ਪਲਾਂ ਵਿਚ ਹੀ ਤੰਦ ਜੁੜ ਜਾਣੀ ਹੈ!æææ ਤੇ ਅਗਲੇ ਦਿਨ ਹੀ ਬਜ਼ੁਰਗ ਨੇ ਸ਼ਰਾਬੀ ਹਾਲਤ ਵਿਚ ਕਿਸੇ ਅਮੀਰਜ਼ਾਦੇ ਦੀ ਘੋੜਾ-ਗੱਡੀ ਹੇਠਾਂ ਆ ਕੇ ਦਰੜਿਆ ਜਾਣੈ।æææ ਹੁਣ ਅੱਗਿਓਂ ਰਾਸਕੋਲਨੀਕੋਵ ਅਤੇ ਸੋਨੀਆ ਜਾਨਣ ਕਿ ਉਨ੍ਹਾਂ ਆਪਣੀ ਜ਼ਮੀਰ ਨੂੰ ‘ਦੋਸ਼ ਮੁਕਤ’ ਕਰਨ ਲਈ ਗੁਨਾਹ ਦਾ ਇਕਬਾਲ ਕਰਨਾ ਜਾਂ ਨਹੀਂ ਕਰਨਾ; ਤੇ ਜੇ ਕਰਨਾ ਤਾਂ ਆਪਣੀ ਰੂਹ ਦੀ ਸ਼ਾਂਤੀ ਲਈ ਸਜ਼ਾ ਕਿਸ ਤਰ੍ਹਾਂ ਦੀ ਪਾਉਣੀ ਹੈ! ਕਮਾਲ ਦੀ ਗੱਲ, ਪੈਗੰਬਰ ਆਪ ਵਿਚੋਂ ਪਾਸੇ ਹੀ ਹੋ ਜਾਂਦਾ ਹੈ।
ਦਾਸਤੋਵਸਕੀ ਦੀ ‘ਚਲਾਕੀ’ ਜ਼ਰਾ ਵੇਖੋ- ਉਹ ਪੰਜਾਬ ਦੇ ਸਾਡੇ ਸਮਿਆਂ ਦੇ ਸਿਰਮੌਰ ਚਿੰਤਕ ਡਾæ ਸੁਰਜੀਤ ਹਾਂਸ ਅਤੇ ਦਿਗੰਬਰ ਮਨੋਵਿਗਿਆਨਕ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਉਲਟ ਮਾਰਮੇਲਾਦੋਵ ਦੇ ਕਿਰਦਾਰ ਦੀ ‘ਬੜੀ ਡੂੰਘੀ ਵਿਆਖਿਆ’ ਪੇਸ਼ ਕਰਦਿਆਂ ਉਸ ਨੂੰ ਤਰਸ ਜਾਂ ਤਿਰਸਕਾਰ ਦਾ ਪਾਤਰ ਬਣਾਉਣਾ ਤਾਂ ਪਾਸੇ, ਉਸ ਉਪਰ ਕੋਈ ਜਜਮੈਂਟ ਪਾਸ ਨਹੀਂ ਕਰਦਾ, ਬਲਕਿ ਇਹ ਕੰਮ ਆਪਣੇ ਪਾਠਕਾਂ ‘ਤੇ ਛੱਡ ਦਿੰਦਾ ਹੈ।
ਕਹਿਣ ਦਾ ਭਾਵ, ਸਰਜੀਤ ਹਾਂਸ ਅਤੇ ਪ੍ਰੇਮ ਪ੍ਰਕਾਸ਼ ਨੇ ਜਿਹੜੀ ਡੂੰਘੀ ਵਿਆਖਿਆ ਕੀਤੀ ਹੈ, ਉਹ ਗਲਤ ਹੈ। ਇਨਸਾਨੀ ਜਾਮੇ ਵਿਚ ਮੀਸ਼ੇ, ਅੰਮ੍ਰਿਤਾ ਸ਼ੇਰਗਿੱਲ ਜਾਂ ਸਿਆਲਾਂ ਦੀ ਹੀਰ ਰੂਪੀ ਕਿਸੇ ਅਲੋਕਾਰ ਵਰਤਾਰੇ ਦਾ ਅਜਿਹੇ ਉਪਯੋਗਵਾਦੀ ਨੁਕਤਾ-ਨਿਗ੍ਹਾ ਤੋਂ ਲੇਖਾ ਜੋਖਾ ਠੀਕ ਨਹੀਂ ਹੈæææ ਵਰਨਾ ਇਹ ਤਾਂ ਉਹੋ ਗੱਲ ਹੋਈ ਜਿਸ ਦਾ ਮੀਸ਼ੇ ਨੂੰ ਸ਼ੁਰੂ ਤੋਂ ਭੈਅ ਸੀ। ਇਸ ਬਾਰੇ ਉਸ ਦਾ ਇਕਬਾਲ ਜ਼ਰਾ ਵੇਖੋ:
ਛੱਡ ਕੇ ਜੱਗ ਭੀੜਾ ਸਨਮਾਨੇ ਰਾਹਾਂ ਨੂੰ,
ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ
ਇਹ ਪੈਂਡਾ ਹੈ ਮੱਲਿਆ ਸੁੰਨ-ਮਸਾਣਾਂ ਨੇ
ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ।
ਤੇਜ਼ ਹਵਾਵਾਂ ਤੋੜ ਕੇ ਤੇਰੇ ਹੋਠਾਂ ਤੋਂ
ਤੇਰੇ ਬੋਲ ਖਲਾਵਾਂ ਵਿਚ ਗਵੌਣੇ ਨੇ
ਪੈੜ ਨਹੀਂ ਪਲ ਰਹਿਣੀ ਤਪਦੀਆਂ ਰੇਤਾਂ ‘ਤੇ
ਪੈਰ ਉਠਦਿਆਂ ਸਾਰ ਨਿਸ਼ਾਨ ਮਿਟੌਣੇ ਨੇ।
ਧੁਦਲ ਉਡ ਕੇ ਆਉਣੀ ਹੈ ਜੱਗ ਰਾਹਾਂ ਦੀ
ਇਸ ਧੁਦਲ ਨੇ ਤੇਰਾ ਮੂੰਹ ਸਿਰ ਭਰਨਾ ਹੈ
ਤੇਰੇ ਦਿਲ ਦੀ ਸਾਰ ਕਿਸੇ ਨੂੰ ਹੋਣੀ ਨਹੀਂ
ਤੂੰ ਇਕਲਾਪਾ ਆਪਣੇ ਹੱਡੀਂ ਜਰਨਾ ਹੈ
ਇਸ ਪੈਂਡੇ ਜੇ ਕੋਈ ਸਬੱਬੀਂ ਮਿਲਿਆ ਵੀ
ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨਹੀਂ
ਆਪਣਾ ਹੀ ਮੂੰਹ ਤਕਣਾ ਚਾਹਿਆ ਸ਼ੀਸ਼ੇ ਵਿਚ
ਤੈਥੋਂ ਆਪਣੇ ਨਕਸ਼ ਸਿਆਣੇ ਜਾਣੇ ਨਹੀਂ।
ਮੀਸ਼ਾ ਚੜ੍ਹਦੀ ਉਮਰੇ ਖੱਬੇ ਦਾਅ ਦੇ ਆਪਣੇ ਕੁਝ ਗੁਸੈਲ ਮਿੱਤਰਾਂ ਤੋਂ ਜ਼ਿਹਨੀ ਅਤੇ ਆਤਮਿਕ ਤੌਰ ‘ਤੇ ਨਿਰੰਤਰ ਆਤੰਕਿਤ ਰਿਹਾ- ਸਰਕਾਰੀ ਨੌਕਰੀ ਨੇ ਵੀ ਉਸ ਨੂੰ ਕੁੜਿੱਕੀ ਵਿਚ ਰੱਖਿਆ, ਤੇ ਫਿਰ ਜਦੋਂ ਸਾਹ ਜ਼ਰਾ ਕੁ ਸੌਖਾ ਆਉਣ ਲੱਗਾ ਤਾਂ ਪਹਿਲਾਂ ਕਾਦਰ ਦੀ ਕਰੋਪੀ ਨੇ ਗੁੱਝੀਆਂ ਸੱਟਾਂ ਮਾਰੀਆਂ, ਫਿਰ ਜਲਦੀ ਬਾਅਦ ਹੀ ਉਹ ਸੱਜੇ ਦਾਅ ਤੋਂ ਪੰਜਾਬ ਦੀ ਧਰਤੀ ‘ਤੇ ਸਵਰਗ ਉਤਾਰਨ ਲਈ ਬਜ਼ਿਦ, ਪਹਿਲੇ ਮਿੱਤਰਾਂ ਤੋਂ ਕਿਤੇ ਵੱਧ ਕਹਿਰੀ ‘ਯੁਵਕਾਂ’ ਦੀ ਦਹਿਸ਼ਤ ਤੋਂ ਬੁਰੀ ਤਰ੍ਹਾਂ ਆਤੰਕਿਤ ਹੋ ਗਿਆ।
ਆਪਣੇ ਧੀਮੀ ਸੁਰ ਵਾਲੇ ਨਿਮਰ ਸੁਭਾਅ ਦੇ ਉਲਟ ਕਾਂਜਲੀ ਝੀਲ ਅੰਦਰ ‘ਚੀਕ ਬੁਲਬੁਲੀ’ ਜਾ ਮਾਰਨ ਤੋਂ ਪਹਿਲਾਂ ਉਹਨੇ ਆਪਣੇ ਬੰਦ ਕਮਰੇ ਵਿਚ ਡਰਦਿਆਂ-ਡਰਦਿਆਂ ਇਕੋ ਇਕ ਮਿਨੀ ‘ਚੀਕ’ ਜੇ ਮਾਰੀ, ਉਸ ‘ਤੇ ਵੀ ਗੌਰ ਫਰਮਾਓ:
ਪੁੱਛਦੀ ਲਹੂ ਲੁਹਾਨ ਹੋ ਧਰਤੀ ਪੰਜਾਬ ਦੀ
ਕੱਟੋਂਗੇ ਕਦ ਕੁ ਤੀਕ ਮੇਰਾ ਬੰਦ ਬੰਦ ਹੋਰ
ਪਾਇਆ ਦਿਨੇ ਹਨੇਰ ਹੈ ਮੱਸਿਆ ਦੀ ਰਾਤ ਦਾ
ਹੁਣ ਇਸ ਤੋਂ ਵੱਧ ਕੀ ਤੁਸੀਂ ਚਾੜ੍ਹੋਗੇ ਚੰਦ ਹੋਰ!
ਮੀਸ਼ਾ ਸੰਤ ਸੀæææ ਹਾਂ, ਕਦੀ ਕਦੀ ਨਿਸਚੇ ਹੀ ਉਹ ਮਲਾਮਤੀ ਸਾਧ ਬਣਿਆ ਨਜ਼ਰ ਜ਼ਰੂਰ ਆਉਂਦਾ ਸੀ। ਉਹਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਨਜ਼ਮਾਂ ਜ਼ਰਾ ਵਧੇਰੇ ਹਮਦਰਦੀ ਅਤੇ ਗਹੁ ਨਾਲ ਪੜ੍ਹੇ ਜਾਣ ਦੀ ਜ਼ਰੂਰਤ ਹੈ। ਸਭ ਦਾ ਭਲਾ ਇਸੇ ਵਿਚ ਹੈ; ਨਹੀਂ ਤਾਂ ਮੀਸ਼ੇ ਨੇ ਕਿਹੜਾ ਦੁਬਾਰਾ ਕਹਿਣ ਆਉਣਾ ਹੈ! ਉਹਨੇ ਤਾਂ ਜਿਊਂਦਿਆਂ ਵੀ ਕਦੀ ਜ਼ੋਰ ਦੇ ਕੇ ਕੁਝ ਨਹੀਂ ਸੀ ਕਿਹਾ।
ਇਸੇ ਦੌਰਾਨ ਜਸਵੰਤ ਦੀਦ ਦਾ ਲਿਖਿਆ ਲੇਖ ‘ਇਕ ਇਹ ਵੀ ਮੀਸ਼ਾ’ ਨਿਗ੍ਹਾ ਵਿਚੋਂ ਲੰਘਿਆ। ਦੀਦ ਅਨੁਸਾਰ, ਮੀਸ਼ੇ ਦੇ ਚਾਰ ਸੁਪਨੇ ਸਨ: ਆਪਣਾ ਸੋਹਣਾ ਮਕਾਨ, ਬੀਵੀ ਜਲੰਧਰ ਪ੍ਰਿੰਸੀਪਲ, ਬੇਟਾ ਘੁੱਗੀ ਇੰਜੀਨੀਅਰ ਅਤੇ ਬੇਟੀ ਰੀਨਾ ਡਾਕਟਰ। ਇਹ ਚਾਰੋਂ ਸੁਪਨੇ ਉਹਦੇ ਮਰਨ ਬਾਅਦ ਪੂਰੇ ਹੋਏ। ਮਿਸਜ਼ ਮੀਸ਼ਾ ਰਿਜਨਲ ਸੈਂਟਰ ਜਲੰਧਰ ਪ੍ਰਿੰਸੀਪਲ ਬਣ ਗਏ। ਬੇਟਾ ਘੁੱਗੀ ਅਮਰੀਕੀ ਕੰਪਨੀ ਨੇ ਇੰਜੀਨੀਅਰ ਸਲੈਕਟ ਕਰ ਲਿਆ, ਰੀਨਾ ਡਾਕਟਰ ਬਣ ਗਈ ਅਤੇ ਉਹਦੇ ਹੋਣਹਾਰ ਬੇਟੇ ਨੇ ਉਹਦੇ ਮਕਾਨ ਵਾਲਾ ਸੁਪਨਾ ਪੂਰਾ ਕੀਤਾ। ਬਾਹਰ ਕਾਲੀ ਸੰਗਮਰਮਰ ‘ਤੇ ਸੁਨਹਿਰੀ ਅੱਖਰਾਂ ਵਿਚ ਲਿਖਿਆ- ਸ਼ਸ਼ ਮੀਸ਼ਾ। ਮੈਡਮ ਮੀਸ਼ਾ ਸਾਧਨਾ, ਸਾਦਗੀ ਤੇ ਸੰਜਮ ਦੀ ਤਸਵੀਰ। ਇਕ ਵਾਰ ਕਿਸੇ ਨੇ ਸਵਾਲ ਕੀਤਾ ਸੀ- ਮੀਸ਼ਾ ਗੈਰ-ਔਰਤਾਂ ਨਾਲ ਸਬੰਧ ਰੱਖਦਾ, ਤੁਹਾਨੂੰ ਬੁਰਾ ਨਹੀਂ ਲਗਦਾ? ਜਵਾਬ ਸੀ- ਕਈ ਤਾਂ ਇਨ੍ਹਾਂ ਨੂੰ ਮੈਥੋਂ ਖੋਹ ਕੇ ਲੈ ਜਾਣ ਦੀ ਹੱਦ ਤਕ ਕਬਜ਼ਾ ਕਰਨਾ ਚਾਹੁੰਦੀਆਂ ਨੇ, ਪਰ ਮੈਨੂੰ ਪਤਾ ਹੈ, ਉਹ ਕਰ ਨਹੀਂ ਸਕਦੀਆਂ। ਇਹ ਜਿੰਨੇ ਮੇਰੇ ਹਨ, ਮੇਰੇ ਹੀ ਰਹਿਣਗੇ। ਜੋ ਕੁਝ ਬਾਹਰ ਵੰਡ ਰਹੇ ਨੇ, ਉਸ ਦੀ ਮੈਨੂੰ ਲੋੜ ਕੋਈ ਨਹੀਂ।
ਮੈਡਮ ਮੀਸ਼ਾ ਕਈ ਵਾਰ ਕਿਸੇ ਪਹੁੰਚੇ ਹੋਏ ਰਿਸ਼ੀ ਦੀ ਰੂਹ ਜਾਪਦੇ। ਵੈਰਾਗ ਦੇ ਤਪ ਨਾਲ ਚਮਕਦਾ ਚਿਹਰਾ। ਹੱਥਾਂ ਵਿਚ ਮੀਸ਼ੇ ਦੇ ਨਾਮ ਦੀ ਮਾਲਾ। ਹਰ ਮਣਕਾ- ਮੀਸ਼ਾ ਜੀ, ਮੀਸ਼ਾ ਜੀ! ਮਹਾਨ ਇਤਾਲਵੀ ਪੱਤਰਕਾਰ ਓਰੀਆਨਾ ਫਲਾਸੀ ਦੀ ਚਰਚਿਤ ਇੰਟਰਵਿਊ ਵਿਚ ਦਿੱਤੀ ਗਵਾਹੀ ਅਨੁਸਾਰ, ਅਰਨੈਸਟ ਹੈਮਿੰਗਵੇ ਦੇ ਬਿਨਾ ਦਸਿਆਂ ‘ਚੀਕ ਬੁਲਬੁਲੀ’ ਮਾਰ ਜਾਣ ਤੋਂ ਕਈ ਵਰ੍ਹਿਆਂ ਬਾਅਦ ਉਹਦੀ ਮਹਿਬੂਬ ਪਤਨੀ ਮੇਰੀ ਹੈਮਿੰਗਵੇ ਦੇ ਹਾਰ ਹੀ।
ਪਿੱਛੇ ਜਿਹੇ ਮੈਡਮ ਮੀਸ਼ਾ ਅਮਰੀਕਾ ਤੋਂ ਜਲੰਧਰ ਅਰਬਨ ਅਸਟੇਟ-1, ਆਪਣੇ ਘਰੇ ਆਏ। ਉਨ੍ਹਾਂ ਛੋਟੀ ਜਿਹੀ ਪੁਸਤਕ ਦਿੱਤੀ। ਮੀਸ਼ੇ ਦੀ ਦੋਹਤੀ ਦੀਆਂ ਕਵਿਤਾਵਾਂ। ਉਹਦਾ ਨਾਂ ਮੀਰਾ ਮਰਵਾਹ ਹੈ। ਇਹ ਅਮਰੀਕਾ ਵਿਚ ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਬੜੀ ਜ਼ਹੀਨ ਕੁੜੀ ਹੈ। ਪਤਾ ਨਹੀਂ ਕਦੋਂ ਕਵਿਤਾਵਾਂ ਲਿਖਣ ਲਗ ਪਈ। ਅੰਗਰੇਜ਼ੀ ਵਿਚ ਲਿਖਦੀ ਐ। ਸਾਰਾ ਸਕੂਲ ਇਹਦੀਆਂ ਕਵਿਤਾਵਾਂ ਦੀ ਗੱਲ ਕਰਦਾ। ਇਹਦੀਆਂ ਕਵਿਤਾਵਾਂ ਦੀ ਕਿਤਾਬ ਸਕੂਲ ਵਾਲਿਆਂ ਨੇ ਛਾਪੀ ਹੈ। ਮੀਰਾ ਨੇ ਇਹ ਕਿਤਾਬ ਆਪਣੇ ਨਾਨੇ ਸ਼ਸ਼ ਮੀਸ਼ਾ ਨੂੰ ਸਮਰਪਿਤ ਕੀਤੀ ਹੈ: “ਮੈਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਪੰਜਾਬੀ ਦੇ ਨਾਮਵਰ ਸ਼ਾਇਰ ਸੋਹਣ ਸਿੰਘ ਮੀਸ਼ਾ ਦੀ ਗਰੈਂਡਡਾਟਰ ਹਾਂ।”
ਮੀਸ਼ੇ ਬਾਰੇ ਹੁਣ ਬਥੇਰੀ ਗੱਲ ਹੋ ਗਈ ਹੈ ਅਤੇ ਹੁਣ ਇਸ ਬਿਰਤਾਂਤ ਨੂੰ ਮੀਸ਼ੇ ਦੇ ਅਤੇ ਆਪਣੇ ਉਮਰ ਭਰ ‘ਜ਼ੋਰਬੀਅਨ’ ਸਪਿਰਿਟ ਅਨੁਸਾਰ ਜਿਊਣ ਦੀ ਕੋਸ਼ਿਸ਼ ਕਰਦੇ ਰਹਿਣ ਵਾਲੇ ਮਿੱਤਰ ਮੇਜਰ ਪਿਆਰਾ ਸਿੰਘ ਦੇ ਆਪਣੇ ਯਾਰ ਲਈ ‘ਇਬਾਦਤਨੁਮਾ’ ਗੀਤ ਨਾਲ ਖਤਮ ਕਰ ਦੇਈਏ:
ਸਾਰੇ ਜੱਗ ਤੋਂ ਨਿਰਾਲਾ ਮਿੱਰਾ ਯਾਰ ਮੀਸ਼ਾ।
ਛਲਕਦਾ ਪਿਆਲਾ ਮਿੱਰਾ ਯਾਰ ਮੀਸ਼ਾ।
ਚੇਤਰ ਦੀ ਧੁਪੜੀ ਦਾ ਨਿੱਘ ਢੂੰਡਦੀ
ਸੂਰਜੀ ਕਿਰਨਮਾਲਾ ਮਿੱਰਾ ਯਾਰ ਮੀਸ਼ਾ।
ਜਿਦ੍ਹੀ ਮੁਸਕੜੀ ਫੁੱਲ ਚੰਬੇ ਤੋਂ ਕੋਮਲ
ਉਹ ਦਿਲ ਦਾ ਹਿਮਾਲਾ ਮਿੱਰਾ ਯਾਰ ਮੀਸ਼ਾ।
ਜੋ ਸਮਿਆਂ ਦੀ ਜੀਭਾ ਰਿਹਾ ਪੱਛਦਾ
ਉਹ ਡੰਗਦਾਰ ਛਾਲਾ ਮਿੱਰਾ ਯਾਰ ਮੀਸ਼ਾ।
ਜੋ ‘ਵਸਤਰ ਹੰਢਾਅ ਕੱਚ’ ਦੇ ਤੁਰ ਗਿਆ
ਦਿਲਾਂ ਦਾ ਸ਼ਿਵਾਲਾ ਮਿੱਰਾ ਯਾਰ ਮੀਸ਼ਾ।
‘ਚੁਰੱਸਤੇ’ ਵਿਚੋਂ ਭਟਕਣਾ ਕੇਹੀ ਹੋਈ
ਮਿਰੇ ਅੱਲਾ ਤਾਲਾ ਮਿੱਰਾ ਯਾਰ ਮੀਸ਼ਾ।
ਸਾਹਾਂ ਦੇ ਜਾਮੇ ਵਿਚ ਕਾਮਲ ਕਲੰਦਰ
ਅਜਬ ਸ਼ਾਨ ਵਾਲਾ ਮਿੱਰਾ ਯਾਰ ਮੀਸ਼ਾ।
(ਸਮਾਪਤ)