ਭਾਰਤੀ ਸਿਆਸਤ ਅਤੇ ਨਕਸਲਬਾੜੀ ਦੇ 50 ਵਰ੍ਹੇ

ਮਈ 1967 ਨੂੰ ਪੱਛਮੀ ਬੰਗਾਲ ਦੇ ਨਿੱਕੇ ਜਿਹੇ ਪਿੰਡ ਨਕਸਲਬਾੜੀ ਤੋਂ ਉਠੀ ਬਗਾਵਤ ਨੂੰ ਅੱਧੀ ਸਦੀ ਬੀਤ ਗਈ ਹੈ। ਬੇਪਛਾਣ ਜਿਹੇ ਇਲਾਕੇ ਵਿਚੋਂ ਸ਼ੁਰੂ ਹੋਈ ਕਿਸਾਨ ਬਗਾਵਤ ਦਿਨਾਂ ਵਿਚ ਹੀ ਪੂਰੇ ਮੁਲਕ ਅੰਦਰ ਚਰਚਾ ਦਾ ਵਿਸ਼ਾ ਬਣ ਗਈ। ਇਸ ਬਗਾਵਤ ਦਾ ਆਉਣ ਵਾਲੀ ਸਿਆਸਤ ਉਤੇ ਸਿੱਧਾ ਅਸਰ ਪਿਆ ਅਤੇ ਇਹ ਅਸਰ ਅੱਜ ਵੀ ਦੇਖਿਆ ਜਾ ਸਕਦਾ ਹੈ। ਇਸ ਬਗਾਵਤ ਦੇ ਪਿਛੋਕੜ ਅਤੇ ਇਸ ਦੇ ਖਾਸੇ ਬਾਰੇ ਉਚੇਚਾ ਲੇਖ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਭੇਜਿਆ ਹੈ

ਜੋ ਅਸੀਂ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। -ਸੰਪਾਦਕ

ਬੂਟਾ ਸਿੰਘ
ਫੋਨ: +91- 94634-74342
ਸੰਨ 2017 ਨਕਸਲਬਾੜੀ ਬਗ਼ਾਵਤ ਦੀ 50ਵੀਂ ਵਰ੍ਹੇਗੰਢ ਦਾ ਵਰ੍ਹਾ ਹੈ। ਮਈ 1967 ਤੋਂ ਪਹਿਲਾਂ ਨਕਸਲਬਾੜੀ ਪੱਛਮੀ ਬੰਗਾਲ ਦੇ ਬੇਪਛਾਣ ਪਿੰਡ ਦਾ ਨਾਂ ਸੀ। ਚਾਰੂ ਮਜੂਮਦਾਰ ਅਤੇ ਹੋਰ ਕਮਿਊਨਿਸਟ ਆਗੂਆਂ ਦੀ ਅਗਵਾਈ ਹੇਠ ਸ਼ੁਰੂ ਹੋਈ ਹਥਿਆਰਬੰਦ ਕਿਸਾਨ ਬਗ਼ਾਵਤ ਨਾਲ ਮਈ 1967 ਵਿਚ ਹਿੰਦੁਸਤਾਨ ਵਿਚ ਇਨਕਲਾਬ ਦੇ ਨਵੇਂ ਯੁਗ ਦਾ ਆਗਾਜ਼ ਹੋਇਆ। ਨਕਸਲਬਾੜੀ ਹੁਣ ਪਿੰਡ ਦਾ ਨਾਮ ਨਾ ਰਹਿ ਕੇ ਇਨਕਲਾਬੀ ਲਹਿਰ ਦਾ ਪਛਾਣ ਚਿੰਨ੍ਹ ਬਣ ਗਿਆ। ਇਨਕਲਾਬੀ ਕਮਿਊਨਿਸਟਾਂ ਨੇ ਚਾਰੂ ਮਜੂਮਦਾਰ ਦੀ ਅਗਵਾਈ ਹੇਠ ਨਵੀਂ ਪਾਰਟੀ ਸੀæਪੀæਆਈæ (ਐਮæਐਲ਼) ਬਣਾ ਕੇ ਹਿੰਦੁਸਤਾਨੀ ਸਟੇਟ ਵਿਰੁਧ ਹਥਿਆਰਬੰਦ ਯੁੱਧ ਛੇੜ ਦਿੱਤਾ। ਰਵਾਇਤੀ ਕਮਿਊਨਿਸਟ ਪਾਰਟੀਆਂ ‘ਮੁੱਖਧਾਰਾ’ ਦਾ ਅਨਿੱਖੜ ਹਿੱਸਾ ਬਣ ਕੇ ਚੋਣਾਂ ਰਾਹੀਂ ਸਰਕਾਰਾਂ ਬਣਾਉਣ ਦੀ ਸੁਧਾਰਵਾਦੀ ਸਿਆਸਤ ਤਕ ਸੀਮਤ ਹੋ ਗਈਆਂ ਅਤੇ ਸਥਾਪਤੀ ਦਾ ਹਿੱਸਾ ਬਣ ਗਈਆਂ। ਪੰਜ ਦਹਾਕੇ ਬਾਅਦ ਵੀ ਇਹ ਪਾਲਾਬੰਦੀ ਹਿੰਦੁਸਤਾਨ ਦੀ ਕਮਿਊਨਿਸਟ ਸਿਆਸਤ ਅੰਦਰਲੇ ਨਿਖੇੜੇ ਦੀ ਪੱਕੀ ਲਕੀਰ ਬਣੀ ਹੋਈ ਹੈ। ਹੁਕਮਰਾਨਾਂ ਅਨੁਸਾਰ, ਮਾਓਵਾਦੀ ਇਨਕਲਾਬੀ ‘ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ’ ਹਨ, ਪਰ ਆਦਿਵਾਸੀਆਂ, ਦਲਿਤਾਂ ਅਤੇ ਹੋਰ ਦੱਬੇ-ਕੁਚਲੇ ਲੋਕਾਂ ਲਈ ਉਹ ਮੁਕਤੀ ਦੇ ਮਸੀਹਾ ਹਨ। ਨਕਸਲਬਾੜੀ/ਮਾਓਵਾਦੀ ਲਹਿਰ ਦੀ ਹਥਿਆਰਬੰਦ ਤਾਕਤ ਦੇ ਦਬਾਓ ਹੇਠ ਹੁਕਮਰਾਨ ਆਦਿਵਾਸੀ ਭਾਈਚਾਰਿਆਂ ਅਤੇ ਪੇਂਡੂ ਇਲਾਕਿਆਂ ਵਿਚ ਉਹ ਸੁਧਾਰ ਕਰਨ ਲਈ ਮਜਬੂਰ ਹੋਏ ਜਿਨ੍ਹਾਂ ਬਾਰੇ ਸੋਚਣ ਦੀ ਹੁਕਮਰਾਨਾਂ ਨੇ ਕਦੇ ਲੋੜ ਹੀ ਨਹੀਂ ਸਮਝੀ ਸੀ। ਵੱਖ-ਵੱਖ ਸਮੇਂ ਕੇਂਦਰੀ ਸੱਤਾ ਦੇ ਗਲਿਆਰਿਆਂ ਅੰਦਰੋਂ ਗ਼ਰੀਬੀ ਹਟਾਓ, ਜ਼ਰਈ ਸੁਧਾਰਾਂ, ਆਦਿਵਾਸੀ ਇਲਾਕਿਆਂ ਤਕ ਪੰਚਾਇਤੀ ਰਾਜ ਦੇ ਵਿਸਤਾਰ ਦੀ ਜ਼ਰੂਰਤ ਵਗੈਰਾ ਚਰਚਾ ਇਸ ਦਬਾਓ ਦੀ ਸਪਸ਼ਟ ਤਸਦੀਕ ਕਰਦੀ ਹੈ। ਮਾਓਵਾਦੀ ਲਹਿਰ ਵਿਰੁਧ ਓਪਰੇਸ਼ਨ ਗਰੀਨ ਹੰਟ ਚਲਾਉਣ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵਲੋਂ ਦਿੱਤੀ ਚੇਤਾਵਨੀ ਵੀ ਇਹੋ ਕਹਿੰਦੀ ਸੀ ਕਿ ਜੇ ਝਾਰਖੰਡ ਦੇ ਆਦਿਵਾਸੀਆਂ ਨੂੰ ਝੂਠੇ ਮੁਕੱਦਮਿਆਂ ਵਿਚ ਜੇਲ੍ਹਾਂ ਵਿਚ ਸਾੜਨ ਦਾ ਅਨਿਆਂ ਬੰਦ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਮਾਓਵਾਦੀ ਸਫ਼ਾਂ ਵਿਚ ਭਰਤੀ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ।
ਬੇਪਛਾਣ ਇਲਾਕੇ ਵਿਚੋਂ ਸ਼ੁਰੂ ਹੋਈ ਕਿਸਾਨ ਬਗ਼ਾਵਤ ਦਾ ਪੂਰੇ ਮੁਲਕ ਨੂੰ ਆਪਣੀ ਲਪੇਟ ਵਿਚ ਲੈਣ ਵਾਲਾ ਬੇਮਿਸਾਲ ਸਿਆਸੀ ਵਰਤਾਰਾ ਬਣ ਕੇ ਉਭਰਨਾ ਕੋਈ ਅਚਾਨਕ ਅਤੇ ਆਪ-ਮੁਹਾਰਾ ਰੋਹ ਫੁਟਾਰਾ ਨਹੀਂ ਸੀ। ਇਸ ਪਿੱਛੇ ਨਿਹਚਾਵਾਨ ਕਮਿਊਨਿਸਟ ਕਾਡਰ ਦੇ ਲੰਮੇ ਘਾਲਣਾ ਵਾਲੇ ਕੰਮ ਅਤੇ ਸੁਚੇਤ ਵਿਚਾਰਧਾਰਕ-ਸਿਆਸੀ ਤਿਆਰੀ ਦਾ ਹੱਥ ਸੀ ਜਿਨ੍ਹਾਂ ਨੇ ਸਿਆਸੀ ਅਖਾੜੇ ਵਿਚ ਇਨਕਲਾਬ ਦਾ ਝੰਡਾ ਮੁੜ ਗੱਡ ਦਿੱਤਾ ਅਤੇ ਕਮਿਊਨਿਸਟ ਸਫ਼ਾਂ ਅੰਦਰ ਛਾਈ ਮਾਯੂਸੀ ਦੂਰ ਕਰ ਕੇ ਇਨਕਲਾਬੀ ਤਾਜ਼ਗੀ ਦਾ ਸੰਚਾਰ ਕੀਤਾ।
1947 ਦੀ ਸੱਤਾ ਬਦਲੀ ਤੋਂ ਬਾਅਦ ਹੋਂਦ ਵਿਚ ਆਏ ਸੁਤੰਤਰ ਅਤੇ ਆਜ਼ਾਦ ਹਿੰਦੁਸਤਾਨ ਦੇ ਲੋਕਤੰਤਰ ਅਤੇ ਬਰਾਬਰੀ ਦੇ ਦਾਅਵੇ ਬਹੁਤ ਛੇਤੀ ਖੋਖਲੇ ਸਾਬਤ ਹੋ ਗਏ ਅਤੇ ਨਹਿਰੂ ਦੇ ਨਕਲੀ ਸਮਾਜਵਾਦ ਤੋਂ ਅਵਾਮ ਦਾ ਮੋਹ-ਭੰਗ ਹੋ ਗਿਆ। ਆਜ਼ਾਦੀ ਦੇ ਸੁਪਨਿਆਂ ਨੂੰ ਬੂਰ ਨਾ ਪੈਣ ਕਾਰਨ ਮੁਲਕ ਵਿਚ ਘੋਰ ਆਰਥਿਕ ਤੇ ਸਿਆਸੀ ਬੇਚੈਨੀ ਫੈਲ ਚੁੱਕੀ ਸੀ। ਉਦੋਂ ਮੁਲਕ ਦੀ ਕਮਿਊਨਿਸਟ ਲਹਿਰ ਵੱਡੇ ਅੰਦਰੂਨੀ ਸੰਕਟ ਵਿਚੋਂ ਗੁਜ਼ਰ ਰਹੀ ਸੀ ਅਤੇ ਲੀਡਰਸ਼ਿਪ ਇਸ ਬੇਚੈਨੀ ਨੂੰ ਇਨਕਲਾਬੀ ਲਹਿਰ ਵਿਚ ਬਦਲਣ ਲਈ ਕੋਈ ਪਹਿਲਕਦਮੀ ਲੈਣ ਤੋਂ ਪੈਰ ਖਿੱਚ ਰਹੀ ਸੀ। ਨਿਜ਼ਾਮ ਹੈਦਰਾਬਾਦ (ਮੌਜੂਦਾ ਤੇਲੰਗਾਨਾ) ਦੇ ਜਗੀਰੂ ਰਾਜ ਵਿਰੁਧ ਮਜ਼ਬੂਤ ਹਥਿਆਰਬੰਦ ਕਿਸਾਨ ਸੰਘਰਸ਼ (1946-51) ਵਾਪਸ ਲੈ ਕੇ ਚੋਟੀ ਦੀ ਕਮਿਊਨਿਸਟ ਲੀਡਰਸ਼ਿਪ ਇਨਕਲਾਬ ਦਾ ਭਵਿਖਨਕਸ਼ਾ ਤਿਆਗ ਚੁੱਕੀ ਸੀ ਅਤੇ ਕਾਨੂੰਨੀ ਦਾਇਰੇ ਵਾਲੇ ਸੰਘਰਸ਼ਾਂ ਤੇ ਚੋਣਾਂ ਲੜਨ ਤਕ ਸੀਮਤ ਹੋ ਚੁੱਕੀ ਸੀ। ਇਹ ਹੁਣ ਦੱਬੇ ਕੁਚਲੇ ਅਵਾਮ ਨੂੰ ਰਾਜ ਨਾਲ ਟੱਕਰ ਲੈਣ ਵਾਲੀ ਫ਼ੈਸਲਾਕੁਨ ਲੜਾਈ ਲਈ ਤਿਆਰੀ ਕਰਨ ਤੋਂ ਟਾਲਾ ਵੱਟਦੀ ਸੀ। ਆਲਮੀ ਪੱਧਰ ‘ਤੇ ਕਮਿਊਨਿਸਟ ਲਹਿਰ ਦੋ ਧੜਿਆਂ ਵਿਚ ਵੰਡੀ ਜਾ ਚੁੱਕੀ ਸੀ। ਸੋਵੀਅਤ ਕਮਿਊਨਿਸਟ ਲੀਡਰਸ਼ਿਪ ਵਲੋਂ ਮੁੱਖ ਕਮਿਊਨਿਸਟ ਆਗੂ ਜੋਸਫ਼ ਸਟਾਲਿਨ ਦੀ ਮੌਤ ਤੋਂ ਬਾਅਦ ਉਸ ਦੀ ਇਤਿਹਾਸਕ ਭੂਮਿਕਾ ਦਾ ਜੋ ਹੂੰਝਾ ਫੇਰੂ ਪੁਨਰ ਮੁਲੰਕਣ ਪੇਸ਼ ਕੀਤਾ ਗਿਆ ਸੀ, ਉਹ ਵਿਵਾਦ ਦਾ ਵੱਡਾ ਮੁੱਦਾ ਸੀ। ਮਾਸਕੋ ਤੋਂ ਆਈ ‘ਪੁਰਅਮਨ ਸਹਿਹੋਂਦ, ਪੁਰਅਮਨ ਤਬਦੀਲੀ, ਪੁਰਅਮਨ ਮੁਕਾਬਲਾ’ ਦੀ ਨਵੀਂ ਸਿਧਾਂਤਕ ਲਾਈਨ ਮੂਲ ਮਾਰਕਸਵਾਦੀ ਵਿਚਾਰਧਾਰਾ ਦਾ ਨਿਖੇਧ ਸੀ। ਕੁਲ ਆਲਮ ਦੇ ਮਾਸਕੋ ਦੇ ਅੰਨ੍ਹੇ ਸ਼ਰਧਾਲੂਆਂ ਨੇ ਬਾਵੇਂ ਇਸ ਲਾਈਨ ਨੂੰ ਸੱਤ ਬਚਨ ਕਹਿ ਕੇ ਸਵੀਕਾਰ ਕਰ ਲਿਆ ਸੀ, ਪਰ ਚੀਨੀ ਕਮਿਊਨਿਸਟ ਪਾਰਟੀ ਸਮੇਤ ਆਲਮੀ ਕਮਿਊਨਿਸਟ ਕੈਂਪ ਦੇ ਗਿਣਨਯੋਗ ਹਿੱਸੇ ਨੇ ਇਸ ਨੂੰ ਬਾਦਲੀਲ ਚੁਣੌਤੀ ਦੇ ਕੇ ਕੌਮਾਂਤਰੀ ਪੱਧਰ ‘ਤੇ ਪਾਲਾਬੰਦੀ ਕਰ ਦਿੱਤੀ ਜੋ ਹੁਣ ‘ਮਹਾਨ ਬਹਿਸ’ ਵਜੋਂ ਜਾਣੀ ਜਾਂਦੀ ਹੈ। 1962 ਦੀ ਜੰਗ ਲਈ ਹਿੰਦੁਸਤਾਨ ਜਾਂ ਚੀਨ ਵਿਚੋਂ ਕੌਣ ਜ਼ਿੰਮੇਵਾਰ ਹੈ, ਇਸ ਨੂੰ ਲੈ ਕੇ ਵਿਵਾਦ ਅਤੇ ਚੀਨ ਪੱਖੀ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਨੇ ਕਮਿਊਨਿਸਟ ਪਾਰਟੀ ਦੀ ਧੜੇਬੰਦੀ ਹੋਰ ਤਿੱਖੀ ਕਰ ਦਿੱਤੀ ਸੀ। ਚੋਟੀ ਦੀ ਲੀਡਰਸ਼ਿਪ ਦਾ ਇਕ ਹਿੱਸਾ ਮਾਸਕੋ ਲਾਈਨ ਦਾ ਅੰਨ੍ਹਾ ਪੈਰੋਕਾਰ ਸੀ, ਉਹ ਮਾਸਕੋ ਦੀ ਸੁਰ ਵਿਚ ਸੁਰ ਮਿਲਾ ਕੇ ਚੀਨ ਨੂੰ ਜੰਗ ਲਈ ਕਸੂਰਵਾਰ ਦੱਸ ਰਿਹਾ ਸੀ, ਜਦਕਿ ਬਾਕੀ ਆਗੂਆਂ ਅਨੁਸਾਰ ਹਮਲੇ ਦੀ ਪਹਿਲ ਹਿੰਦੁਸਤਾਨੀ ਸਰਕਾਰ ਨੇ ਕੀਤੀ ਸੀ। ਇਸ ਸਿਆਸੀ ਘਮਸਾਣ ਦੌਰਾਨ, ਸੀæਪੀæਆਈæ ਦੀ ਲੀਡਰਸ਼ਿਪ ਨੂੰ ਇਨਕਲਾਬੀ ਸਿਧਾਂਤ ਤੋਂ ਭਗੌੜੀ ਕਰਾਰ ਦੇ ਕੇ ਮਾਰਚ 1964 ਵਿਚ ਚੋਟੀ ਦੇ ਆਗੂਆਂ ਦੇ ਇਕ ਹਿੱਸੇ ਵਲੋਂ ਵੱਖਰੀ ਪਾਰਟੀ ਸੀæਪੀæਐਮæ ਤਾਂ ਬਣਾ ਲਈ ਗਈ, ਪਰ ਇਨ੍ਹਾਂ ਆਗੂਆਂ ਵਲੋਂ ਉਪਰੋਕਤ ਸਵਾਲਾਂ ਉਪਰ ਦੋ-ਟੁਕ ਸਟੈਂਡ ਨਾ ਲੈਣ ਅਤੇ ਕੋਈ ਵਿਹਾਰਕ ਇਨਕਲਾਬੀ ਪੇਸ਼ਕਦਮੀ ਕਰਨ ਤੋਂ ਲਗਾਤਾਰ ਟਾਲਮਟੋਲ ਕੀਤੇ ਜਾਣ ਕਾਰਨ ਜੋਸ਼ੀਲੇ ਕਮਿਊਨਿਸਟ ਕਾਡਰ ਦਾ ਛੇਤੀ ਹੀ ਇਨ੍ਹਾਂ ਆਗੂਆਂ ਤੋਂ ਮੋਹ ਭੰਗ ਹੋ ਗਿਆ।
ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦਾ ਜੁਝਾਰੂ ਆਗੂ ਚਾਰੂ ਮਜੂਮਦਾਰ ਉਨ੍ਹਾਂ ਵਿਚੋਂ ਇਕ ਸੀ ਜੋ ਮਾਓ ਜ਼ੇ-ਤੁੰਗ ਦੀ ਵਿਚਾਰਧਾਰਾ ਨੂੰ ਇਨਕਲਾਬ ਦੀ ਮਾਰਗ-ਦਰਸ਼ਕ ਵਿਚਾਰਧਾਰਾ ਅਤੇ ਹਿੰਦੁਸਤਾਨ ਦੇ ਹਾਲਾਤ ਲਈ ਚੀਨੀ ਇਨਕਲਾਬ ਨੂੰ ਆਦਰਸ਼ ਨਮੂਨਾ ਮੰਨ ਕੇ ਉਸੇ ਤਰਜ਼ ਦਾ ਨਵ-ਜਮਹੂਰੀ ਪ੍ਰੋਗਰਾਮ ਤਿਆਰ ਕਰਨ ਉਪਰ ਜ਼ੋਰ ਦਿੰਦੇ ਆ ਰਹੇ ਸਨ। ਦਰਅਸਲ, ਤੇਲੰਗਾਨਾ ਸੰਘਰਸ਼ ਦੇ ਵਕਤ ਤੋਂ ਹੀ ਇਕ ਹਿੱਸਾ ਚੀਨੀ ਤਰਜ਼ ਦੇ ਇਨਕਲਾਬ ਦੀ ਪੁਰਜ਼ੋਰ ਵਜਾਹਤ ਕਰ ਰਿਹਾ ਸੀ। ਮਜੂਮਦਾਰ ਨੇ ਅੱਠ ਸਿਧਾਂਤਕ ਲੇਖ ਲਿਖੇ ਜੋ ‘ਅੱਠ ਦਸਤਾਵੇਜ਼’ ਵਜੋਂ ਮਸ਼ਹੂਰ ਹੋਏ। ਇਨ੍ਹਾਂ ਜ਼ਰੀਏ ਉਸ ਨੇ ਆਪਣੀ ਅਗਵਾਈ ਵਾਲੀਆਂ ਕਮਿਊਨਿਸਟ ਸਫ਼ਾਂ ਨੂੰ ਪਿੰਡਾਂ ਦੇ ਬੇਜ਼ਮੀਨਿਆਂ ਵਿਚ ਕੰਮ ਕਰ ਕੇ ਜ਼ਮੀਨ ਅਤੇ ਸੱਤਾ ਉਪਰ ਕਬਜ਼ੇ ਲਈ ਫ਼ੈਸਲਾਕੁਨ ਸੰਘਰਸ਼ ਵਾਸਤੇ ਮਾਨਸਿਕ ਅਤੇ ਵਿਹਾਰਕ ਤੌਰ ‘ਤੇ ਤਿਆਰ ਕੀਤਾ। ਇਸ ਇਲਾਕੇ ਵਿਚ ਕਿਸਾਨਾਂ ਅਤੇ ਚਾਹ ਦੇ ਬਾਗ਼ਾਂ ਦੇ ਮਜ਼ਦੂਰਾਂ ਦੇ ਸੰਘਰਸ਼ਾਂ ਦਾ ਪਿੜ ਸਾਲਾਂ ਤੋਂ ਭਖਿਆ ਹੋਇਆ ਸੀ। ਇਹ ਹਾਲਾਤ ਸਨ ਜਿਨ੍ਹਾਂ ਵਿਚ ਫਰਵਰੀ 1967 ਵਿਚ ਪੱਛਮੀ ਬੰਗਾਲ ਵਿਚ ਸੀæਪੀæਐਮæ ਦੀ ਅਗਵਾਈ ਹੇਠ ਖੱਬੇ ਮੋਰਚੇ ਵਲੋਂ ਚੋਣਾਂ ਜਿੱਤ ਕੇ ਸਰਕਾਰ ਬਣਾਈ ਗਈ ਅਤੇ ਇਸ ਸਰਕਾਰ ਬਦਲੀ ਨਾਲ ਅਵਾਮ ਅਤੇ ਕਮਿਊਨਿਸਟ ਸਫ਼ਾਂ ਅੰਦਰ ਚੋਣ ਵਾਅਦਿਆਂ ਉਪਰ ਅਮਲਦਾਰੀ ਦੀ ਖਾਹਸ਼ ਨੇ ਜ਼ੋਰ ਫੜ ਲਿਆ।
ਜ਼ਮੀਨ ਹੱਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕਰ ਕੇ ਗ਼ੈਰਕਾਨੂੰਨੀ ਮਾਲਕੀ ਵਾਲੀ ਵਾਧੂ ਜ਼ਮੀਨ ਹਲਵਾਹਕਾਂ ਨੂੰ ਦੇਣਾ ਇਸ ਸਰਕਾਰ ਦੇ ਮੁੱਖ ਵਾਅਦਿਆਂ ਵਿਚੋਂ ਇਕ ਸੀ। ਲਿਹਾਜ਼ਾ ਜਗੀਰੂ ਭੋਇੰ ਮਾਲਕੀ ਦੇ ਖ਼ਾਤਮੇ ਅਤੇ ਜ਼ਮੀਨ ਦੀ ਨਿਆਂਪੂਰਨ ਵੰਡ ਲਈ ਸੰਘਰਸ਼ ਅਤੇ ਇਸ ਸੰਘਰਸ਼ ਨੂੰ ਸੱਤਾ ਉਪਰ ਕਬਜ਼ੇ ਦੀ ਲੜਾਈ ਦੇ ਤੌਰ ‘ਤੇ ਵਿਕਸਤ ਕਰਨ ਦੇ ਟੀਚੇ ਨਾਲ ਲੜਨ ਦੇ ਸਵਾਲ ਨੇ ਕੇਂਦਰੀ ਅਹਿਮੀਅਤ ਅਖ਼ਤਿਆਰ ਕਰ ਲਈ। ਚਾਰੂ ਮਜੂਮਦਾਰ ਦੀ ਸਿਧਾਂਤਕ ਰਾਹਨੁਮਾਈ ਅਤੇ ਸਥਾਨਕ ਆਗੂਆਂ ਕਾਨੂ ਸਾਨਿਆਲ ਤੇ ਜੰਗਲ ਸੰਥਾਲ ਦੀ ਅਗਵਾਈ ਹੇਠ ਇਸ ਵਾਅਦੇ ਨੂੰ ਅਮਲੀ ਰੂਪ ਦੇਣ ਲਈ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਦਲਿਤਾਂ ਅਤੇ ਆਦਿਵਾਸੀ ਕਿਸਾਨਾਂ ਨੂੰ ਲਾਮਬੰਦ ਕਰ ਕੇ ਨਕਸਲਬਾੜੀ ਅਤੇ ਇਸ ਦੇ ਨਾਲ ਲੱਗਦੇ ਥਾਣਿਆਂ ਦੇ ਖੇਤਰਾਂ ਵਿਚ ਭੋਇੰ ਮਾਲਕਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਗਏ। ਇਸ ਵਿਦਰੋਹ ਨੂੰ ਦਬਾਉਣ ਲਈ ਗ੍ਰਹਿ ਮੰਤਰੀ ਜਯੋਤੀ ਬਸੂ ਦੇ ਨਿਰਦੇਸ਼ਾਂ ਤਹਿਤ ‘ਖੱਬਾ ਮੋਰਚਾ’ ਸਰਕਾਰ ਵਲੋਂ ਪੁਲਿਸ ਭੇਜੀ ਗਈ। 24 ਮਈ ਨੂੰ ਕਿਸਾਨਾਂ ਅਤੇ ਪੁਲਿਸ ਦੇ ਟਕਰਾਓ ਵਿਚ ਜ਼ਖ਼ਮੀ ਹੋਏ ਪੁਲਸੀਆਂ ਵਿਚੋਂ ਇੰਸਪੈਕਟਰ ਸੋਨਮ ਵਾਂਗਦੀ ਦੀ ਮੌਤ ਹੋ ਗਈ। ਅਗਲੇ ਦਿਨ 25 ਮਈ ਨੂੰ ਕਿਸਾਨਾਂ ਦੇ ਵਿਰੋਧ ਨੂੰ ਕੁਚਲਣ ਲਈ ਹੋਰ ਪੁਲਿਸ ਫੋਰਸ ਭੇਜੀ ਗਈ ਜਿਸ ਨੇ ਅੰਧਾ-ਧੁੰਦ ਗੋਲੀਆਂ ਚਲਾ ਕੇ ਅੱਠ ਔਰਤਾਂ ਤੇ ਦੋ ਬੱਚੇ ਥਾਏਂ ਮਾਰ ਦਿੱਤੇ। ਬਾਕੀ ਹੁਕਮਰਾਨ ਪਾਰਟੀਆਂ ਵਾਂਗ ‘ਅਮਨ-ਕਾਨੂੰਨ’ ਬਹਾਲ ਕਰਨ ਦੇ ਨਾਂ ਹੇਠ ਆਮ ਲੋਕਾਂ ਨੂੰ ਦਬਾਉਣ ਲਈ ਦਮਨਕਾਰੀ ਮਸ਼ੀਨਰੀ ਦੇ ਇਸਤੇਮਾਲ ਨਾਲ ਸੀæਪੀæਐਮæ ਦੇ ਆਗੂਆਂ ਦਾ ਅਸਲ ਚਿਹਰਾ ਨੰਗਾ ਹੋ ਗਿਆ। ਸਰਕਾਰ ਵਿਰੁਧ ਉਠਣ ਵਾਲੀਆਂ ਇੰਤਹਾਪਸੰਦ ਲਹਿਰਾਂ ਨੂੰ ਦਬਾਉਣ ਲਈ ਹਿੰਦੁਸਤਾਨੀ ਹੁਕਮਰਾਨ ਜਮਾਤ ਵਲੋਂ ‘ਮੁਲਕ ਦੀ ਏਕਤਾ ਤੇ ਅਖੰਡਤਾ ਦੀ ਰਾਖੀ’ ਦੇ ਨਾਂ ਹੇਠ ਪੰਜਾਬ ਵਿਚ ਸਿੱਖਾਂ ਅਤੇ ਹੋਰ ਸੂਬਿਆਂ ਅੰਦਰ ਕੌਮੀਅਤਾਂ ਦੇ ਜੋ ਕਤਲੇਆਮ ਕੀਤੇ ਗਏ, ਉਨ੍ਹਾਂ ਦੌਰਾਨ ਇਨ੍ਹਾਂ ‘ਮੁੱਖਧਾਰਾ’ ਕਮਿਊਨਿਸਟ ਪਾਰਟੀਆਂ ਦੀ ਸਿਆਸੀ ਭੂਮਿਕਾ ਹਾਕਮ ਜਮਾਤ ਦੀਆਂ ਮੁੱਖ ਸਿਆਸੀ ਪਾਰਟੀਆਂ ਤੋਂ ਕਿਸੇ ਵੀ ਤਰ੍ਹਾਂ ਵੱਖਰੀ ਨਹੀਂ ਰਹੀ।
ਨਕਸਲਬਾੜੀ ਵਿਚ ਕਤਲੇਆਮ ਤੋਂ ਭੜਕੇ ਰੋਹ ਨਾਲ ਨਾ ਕੇਵਲ ਕਿਸਾਨ ਵਿਦਰੋਹ ਹੋਰ ਵੱਡੇ ਇਲਾਕੇ ਵਿਚ ਫੈਲ ਗਿਆ ਸਗੋਂ ਇਸ ਨੇ ਲੀਡਰਸ਼ਿਪ ਤੋਂ ਨਾਖੁਸ਼ ਵੱਖ-ਵੱਖ ਸੂਬਿਆਂ ਦੇ ਕਮਿਊਨਿਸਟਾਂ ਨੂੰ ਆਪਸ ਵਿਚ ਜੁੜਨ ਦਾ ਮੰਚ ਵੀ ਮੁਹੱਈਆ ਕਰ ਦਿੱਤਾ। ਚੀਨ ਦੀ ਕਮਿਊਨਿਸਟ ਪਾਰਟੀ ਨੇ ਇਸ ਨੂੰ ‘ਹਿੰਦੁਸਤਾਨ ਉਪਰ ਬਸੰਤ ਦੀ ਗਰਜ਼’ ਕਹਿ ਕੇ ਤਾਰੀਫ਼ ਕੀਤੀ। ਇਸ ਇਖ਼ਲਾਕੀ ਹਮਾਇਤ ਨਾਲ ਇਨਕਲਾਬੀ ਕਮਿਊਨਿਸਟਾਂ ਨੂੰ ਹੋਰ ਬਲ ਮਿਲਿਆ। ਨਕਸਲਬਾੜੀ ਇਲਾਕੇ ਦਾ ਵਿਦਰੋਹ 53 ਕੁ ਦਿਨ ਤਕ ਚਲਿਆ, ਫਿਰ ਇਸ ਦੀ ਚੜ੍ਹਤ ਬਰਕਰਾਰ ਨਾ ਰਹਿ ਸਕੀ, ਪਰ ਇਹ ਵਿਦਰੋਹ ਜੰਗਲ ਦੀ ਅੱਗ ਦੀ ਤਰ੍ਹਾਂ ਤੇਜ਼ੀ ਨਾਲ ਬੰਗਾਲ ਦੇ ਬਾਕੀ ਹਿਸਿਆਂ ਅਤੇ ਮੁਲਕ ਦੇ ਹੋਰ ਸੂਬਿਆਂ ਵਿਚ ਫੈਲ ਗਿਆ। ਨਕਸਲਬਾੜੀ ਦੀ ਹਮਾਇਤ ਵਿਚ ਆਪਮੁਹਾਰੇ ਹੀ ਸਹਾਇਤਾ ਕਮੇਟੀਆਂ ਬਣਾਈਆਂ ਗਈਆਂ। ਕਲਕੱਤੇ ਵਿਚ ਵੱਡਾ ਇਕੱਠ ਹੋਇਆ। ਇਨਕਲਾਬੀਆਂ ਦੀ ਕੁਲ ਹਿੰਦ ਤਾਲਮੇਲ ਕਮੇਟੀ ਬਣ ਗਈ ਜਿਸ ਨਾਲ ਹਮਖ਼ਿਆਲ ਇਨਕਲਾਬੀਆਂ ਨੂੰ ਇਕੱਠੇ ਕਰਨ ਅਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਨਕਸਲਬਾੜੀ ਦੀ ਤਰਜ ‘ਤੇ ਸੰਘਰਸ਼ਾਂ ਦਾ ਮੁੱਢ ਬੱਝ ਗਿਆ।
ਫਿਰ ਅਪਰੈਲ 1969 ਵਿਚ ਚੀਨ ਦੇ ਇਨਕਲਾਬ ਦੇ ਨਮੂਨੇ ‘ਤੇ ਨਵੀਂ ਕਮਿਊਨਿਸਟ ਪਾਰਟੀ, ਸੀæਪੀæਆਈæ(ਐਮæਐਲ਼) ਬਣਾ ਕੇ ਰਾਜ ਸੱਤਾ ਲਈ ਹਥਿਆਰਬੰਦ ਲੋਕ ਯੁੱਧ ਵਿਢ ਦਿੱਤਾ ਗਿਆ, ਹਾਲਾਂਕਿ ਕੁਝ ਹਿੱਸੇ ਪਾਰਟੀ ਬਣਾਉਣ ਅਤੇ ਹੋਰ ਸਵਾਲਾਂ ਉਪਰ ਸਹਿਮਤ ਨਾ ਹੋਣ ਕਾਰਨ ਇਸ ਤੋਂ ਵੱਖਰੇ ਹੋ ਗਏ। ਉਨ੍ਹਾਂ ਦਾ ਵੱਖਰਾ ਵਜੂਦ ਬਣਿਆ ਰਿਹਾ, ਪਰ ਦਕਸ਼ਣਦੇਸ਼ ਗਰੁੱਪ ਨੂੰ ਛੱਡ ਕੇ ਬਾਕੀ ਹਿੱਸੇ ਨਕਸਲਬਾੜੀ ਤਰਜ਼ ਦਾ ਕੋਈ ਵਿਹਾਰਕ ਸੰਘਰਸ਼ ਖੜ੍ਹਾ ਨਹੀਂ ਕਰ ਸਕੇ। ਇਹੀ ਦਕਸ਼ਣਦੇਸ਼ ਗਰੁੱਪ ਅੱਗੇ ਜਾ ਕੇ ਮਾਓਵਾਦੀ ਕਮਿਊਨਿਸਟ ਸੈਂਟਰ ਬਣਿਆ ਜਿਸ ਨੇ 2004 ਵਿਚ ਸੀæਪੀæਆਈæ (ਐਮæਐਲ਼)-ਪੀਪਲਜ਼ ਵਾਰ ਨਾਲ ਮਿਲ ਕੇ ਸੀæਪੀæਆਈæ (ਮਾਓਵਾਦੀ) ਬਣਾਈ। ਸੀæਪੀæਆਈæ(ਐਮæਐਲ਼) ਵਲੋਂ ਨਵ-ਜਮਹੂਰੀ ਇਨਕਲਾਬ ਦੇ ਨਵੇਂ ਪ੍ਰੋਗਰਾਮ ਤਹਿਤ ਮੁਲਕ ਦੀ ਇਨਕਲਾਬੀ ਕਾਇਆ ਪਲਟੀ ਦੇ ਗਰਜਵੇਂ ਸੱਦੇ ਨੇ ਦੱਬੇ ਕੁਚਲੇ ਲੋਕਾਂ ਅਤੇ ਤਬਦੀਲੀਪਸੰਦ ਨੌਜਵਾਨਾਂ ਨੂੰ ਵਿਆਪਕ ਪੈਮਾਨੇ ‘ਤੇ ਟੁੰਬਿਆ। ਉਹ ਦਹਿ-ਹਜ਼ਾਰਾਂ ਦੀ ਤਾਦਾਦ ਵਿਚ ਇਨਕਲਾਬੀ ਲੜਾਈ ਵਿਚ ਸ਼ਾਮਲ ਹੋਏ। ਪੰਜਾਬ ਵਿਚ ਵੀ ਗ਼ਦਰੀ ਬਾਬਾ ਬੂਝਾ ਸਿੰਘ ਤੋਂ ਲੈ ਕੇ ਦਇਆ ਸਿੰਘ, ਤਰਸੇਮ ਬਾਵਾ ਵਰਗੇ ਸੈਂਕੜੇ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਾਬਰਾਬਰੀ ਵਾਲੇ ਰਾਜ ਪ੍ਰਬੰਧ ਨੂੰ ਖ਼ਤਮ ਕਰ ਕੇ ਸੱਚਾ ਲੋਕ ਰਾਜ ਉਸਾਰਨ ਦੇ ਸੰਘਰਸ਼ ਵਿਚ ਕੁੱਦ ਪਈ। ਗਹਿ-ਗਚ ਇਨਕਲਾਬੀ ਸੰਗਰਾਮ ਅਤੇ ਕੁਰਬਾਨੀਆਂ ਦਾ ਨਵਾਂ ਇਤਿਹਾਸ ਰਚਿਆ ਗਿਆ। ਪੂਰੇ ਮੁਲਕ ਵਿਚ ਵਿਦਿਆਰਥੀਆਂ, ਨੌਜਵਾਨਾਂ ਅਤੇ ਦੱਬੇ ਕੁਚਲੇ ਲੋਕਾਂ ਵਲੋਂ ਹਥਿਆਰਬੰਦ ਇਨਕਲਾਬ ਦੇ ਸੱਦੇ ਪ੍ਰਤੀ ਦਿਖਾਏ ਬੇਮਿਸਾਲ ਉਤਸ਼ਾਹ ਨੇ ਹੁਕਮਰਾਨਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ। 1970 ਵਿਚ ਨਕਸਲੀ ਲੀਡਰਸ਼ਿਪ ਵਲੋਂ ਵਿਅਕਤੀਗਤ ਸਫ਼ਾਏ ਦੀ ਲਾਈਨ ਉਪਰ ਦਿੱਤੇ ਜ਼ੋਰ ਨੇ ਸਿਆਸੀ ਲਾਮਬੰਦੀ ਦੀ ਥਾਂ ਲੈ ਲਈ ਅਤੇ ਨਕਸਲੀ ਸਰਗਰਮੀਆਂ ਮੁੱਖ ਤੌਰ ‘ਤੇ ਵਿਅਕਤੀਗਤ ਕਤਲਾਂ, ਖ਼ਾਸ ਕਰ ਕੇ ਬੰਗਾਲ ਵਿਚ ਗਾਂਧੀ, ਟੈਗੋਰ ਵਰਗੀਆਂ ਸ਼ਖਸੀਅਤਾਂ ਦੇ ਬੁੱਤਾਂ ਉਪਰ ਹਮਲਿਆਂ ਵਿਚ ਉਲਝ ਗਈਆਂ। ਇਸ ਚੁਣੌਤੀ ਨੂੰ ਕੁਚਲਣ ਲਈ ਕਾਂਗਰਸ ਤੋਂ ਲੈ ਕੇ ਸੀæਪੀæਐਮæ ਤਕ ਤਮਾਮ ਸੱਤਾਧਾਰੀ ਪਾਰਟੀਆਂ ਸਾਰੇ ਮੱਤਭੇਦ ਭੁੱਲ ਕੇ ਇਕਜੁੱਟ ਹੋ ਗਈਆਂ ਜਿਸ ਨੂੰ ਉਸ ਵਕਤ ਸੰਸਦ ਅਤੇ ਵਿਧਾਨ ਸਭਾ ਵਿਚ ਸਰਕਾਰ ਅਤੇ ਵਿਰੋਧੀ ਧਿਰ ਦੀ ਇਕਸੁਰਤਾ ਤੋਂ ਸਪਸ਼ਟ ਦੇਖਿਆ ਜਾ ਸਕਦਾ ਹੈ। ਪੂਰੇ ਮੁਲਕ ਵਿਚ ਇਸ ਲਹਿਰ ਦੇ ਹਮਾਇਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ। ਪੱਛਮੀ ਬੰਗਾਲ ਵਿਚ ਤਾਂ ਸੀæਪੀæਐਮæ ਅਤੇ ਕਾਂਗਰਸ ਵਲੋਂ ਸਾਂਝੇ ਕਾਤਲ ਗਰੋਹ ਬਣਾ ਕੇ ਬਾਗ਼ੀ ਨੌਜਵਾਨਾਂ ਨੂੰ ਸ਼ਰੇਆਮ ਸੜਕਾਂ ਉਪਰ ਜ਼ਿਬਾਹ ਕਰਨ ਦੀ ਮੁਹਿੰਮ ਚਲਾਈ ਗਈ ਜਿਸ ਦੀ ਮਿਸਾਲ ਕਲਕੱਤਾ ਦਾ ਬੜਾਨਗਰ ਦਾ ਕਤਲੇਆਮ ਹੈ ਜਿਥੇ ਇਕ ਦਿਨ ਵਿਚ ਹੀ ਨਕਸਲੀ ਹਮਾਇਤੀ ਮੁਹੱਲਿਆਂ ਨੂੰ ਪੁਲਿਸ ਦੀ ਨਿਗਰਾਨੀ ਹੇਠ ਘੇਰਾ ਪਾ ਕੇ 100 ਤੋਂ ਵੱਧ ਨੌਜਵਾਨਾਂ ਨੂੰ ਘਰਾਂ ਵਿਚੋਂ ਧੁਹ ਕੇ ਸੜਕਾਂ, ਚੌਕਾਂ ਵਿਚ ਵੱਢ-ਵੱਢ ਕੇ ਮਾਰਿਆ ਗਿਆ। ਕੁਝ ਰਿਪੋਰਟਾਂ ਵਿਚ ਇਹ ਗਿਣਤੀ ਇਕ ਹਜ਼ਾਰ ਦੱਸੀ ਗਈ ਹੈ। ਜੇਲ੍ਹਾਂ ਅੰਦਰ ਨਕਸਲੀ ਕੈਦੀਆਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ। ਸੀæਪੀæਐਮæ ਆਗੂ ਪਰਮੋਦਦਾਸ ਗੁਪਤਾ ਨੇ ਪੁਲਿਸ ਨੂੰ ਮਿਹਣਾ ਮਾਰਿਆ ਸੀ ਕਿ ਉਨ੍ਹਾਂ ਦੀਆਂ ਗੋਲੀਆਂ ਨੂੰ ਗਰਭਨਿਰੋਧਕ ਲੱਗੇ ਹੋਏ ਹਨ ਕਿ ਉਨ੍ਹਾਂ ਤੋਂ ਨਕਸਲੀਆਂ ਦਾ ਬੀਜ-ਨਾਸ਼ ਨਹੀਂ ਹੋ ਰਿਹਾ! ਇਹ ਬਾਗ਼ੀਆਂ ਪ੍ਰਤੀ ‘ਮਾਰਕਸੀ’ ਆਗੂਆਂ ਦੇ ਰਵੱਈਏ ਦਾ ਟਕਸਾਲੀ ਨਮੂਨਾ ਸੀ।
ਇਸ ਰਾਜਕੀ ਦਹਿਸ਼ਤਵਾਦ ਦੌਰਾਨ 5000 ਤੋਂ ਉਪਰ ਨਕਸਲੀ ਕਤਲ ਕੀਤੇ ਗਏ ਅਤੇ 30000 ਤੋਂ ਵੱਧ ਜੇਲ੍ਹਾਂ ਵਿਚ ਡੱਕ ਦਿੱਤੇ ਗਏ। ਇਹ ਉਸ ਜ਼ਮਾਨੇ ਦੇ ਨੌਜਵਾਨਾਂ ਦਾ ਸੰਵੇਦਨਸ਼ੀਲ ਹਿੱਸਾ ਸੀ ਜੋ ਜ਼ਿੰਦਗੀ ਨੂੰ ਜਿਊਣਯੋਗ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਅੱਗੇ ਆਇਆ ਸੀ। ਸਰੋਜ ਦੱਤਾ ਤੇ ਚੋਟੀ ਦੇ ਹੋਰ ਆਗੂਆਂ ਨੂੰ ਅਗਵਾ ਕਰ ਕੇ ਖਪਾ ਦੇਣ ਨਾਲ ਲਹਿਰ ਦਾ ਆਗੂ-ਕੇਂਦਰ ਕਮਜ਼ੋਰ ਹੋ ਗਿਆ। ਹਕੂਮਤੀ ਹਮਲੇ ਨਾਲ ਡਾਵਾਂਡੋਲ ਹੋਏ ਲੀਡਰਸ਼ਿਪ ਦੇ ਇਕ ਹਿੱਸੇ ਵਲੋਂ ਚਾਰੂ ਮਜੂਮਦਾਰ ਤੋਂ ਵੱਖਰਾ ਕੇਂਦਰ ਬਣਾਉਣ ਨਾਲ ਜਥੇਬੰਦੀ ਦੋਫਾੜ ਹੋ ਗਈ। ਗ੍ਰਿਫ਼ਤਾਰੀ ਤੋਂ ਬਾਅਦ 28 ਜੁਲਾਈ 1972 ਨੂੰ ਪੁਲਿਸ ਹਿਰਾਸਤ ਵਿਚ ਚਾਰੂ ਦੇ ਕਤਲ ਨਾਲ ਲਹਿਰ ਆਗੂ ਰਹਿਤ ਹੋ ਗਈ ਅਤੇ ਆਪਾਧਾਪੀ ਦਾ ਸ਼ਿਕਾਰ ਹੋ ਕੇ ਸੀæਪੀæਆਈæ(ਐਮæਐਲ਼) ਟੁਕੜੇ-ਟੁਕੜੇ ਹੋ ਗਈ। ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋਂ 80 ਤੋਂ ਉਪਰ ਨਕਸਲੀ ਨੂੰ ਫਰਜ਼ੀ ਪੁਲਿਸ ਮੁਕਾਬਲਿਆਂ ਵਿਚ ਕਤਲ ਕੀਤਾ ਗਿਆ ਅਤੇ ਸੈਂਕੜਿਆਂ ਨੂੰ ਜੇਲ੍ਹਾਂ ਵਿਚ ਰੱਖਿਆ ਗਿਆ।