ਪਾਠਕਾਂ ਨੂੰ ਝਈਆਂ ਲੈ ਲੈ ਪੈਣਾ ਠੀਕ ਨਹੀਂ

‘ਪੰਜਾਬ ਟਾਈਮਜ਼’ ਦੇ ਇਕ ਪ੍ਰੇਮੀ ਪਾਠਕ ਫਕੀਰ ਚੰਦ ਸੈਂਪਲਾ ਵਿਰੁਧ ਨਿਪੁੰਨ ਲੇਖਕ ਡਾæ ਗੋਬਿੰਦਰ ਸਿੰਘ ਸਮਰਾਓ ਨੇ 9 ਫਰਵਰੀ ਦੇ ਅੰਕ ਵਿਚ ‘ਸੰਪਾਦਕ ਦੀ ਡਾਕ’ ਕਾਲਮ ਹੇਠ ਛਪੇ ਆਪਣੇ ਪੱਤਰ ਵਿਚ ਬੜੀ ਕਠੋਰ ਸ਼ਬਦਾਵਲੀ ਵਰਤੀ ਹੈ। ਉਨ੍ਹਾਂ ਦੀ ਭਾਸ਼ਾ ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਆਪਣੀ ਕਿਸੇ ਲਿਖਤ ਦੀ ਆਲੋਚਨਾ ਨਹੀਂ ਸੁਣ ਸਕਦੇ। ਲਿਖਾਰੀਆਂ ਦੀਆਂ ਰਚਨਾਵਾਂ ਬਾਬਤ ਆਪੋ-ਆਪਣੀ ਰਾਏ ਦਾ ਪ੍ਰਗਟਾਵਾ ਕਰਨਾ ਪਾਠਕਾਂ ਦਾ ਹੱਕ ਹੁੰਦਾ ਹੈ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਪੰਜਾਬੀ ਅਖ਼ਬਾਰਾਂ ਵਾਲੇ ਤਾਂ ‘ਸੰਪਾਦਕ ਦੀ ਡਾਕ’ ਲਈ ਤਰਸਦੇ ਰਹਿੰਦੇ ਨੇ। ਪੰਜਾਬੀਆਂ ਨੂੰ ਲਿਖਣ ਦੀ ਘੋਲ ਨੇ ਤਾਂ ਪਹਿਲੋਂ ਹੀ ‘ਗਊ-ਗਧਾ ਇੱਕੋ’ ਸਮਝਣ ਦੀ ਵਾਦੀ ਪਾਈ ਹੋਈ ਹੈ। ਉਤੋਂ ਡਾæ ਸਮਰਾਓ ਵਰਗੇ ਲਿਖਾਰੀ ਪਾਠਕਾਂ ਨੂੰ ਝਈਆਂ ਲੈ-ਲੈ ਕੇ ਪੈ ਰਹੇ ਹਨ। ਜੇ ਸੈਂਕੜੇ-ਹਜ਼ਾਰਾਂ ਪਾਠਕਾਂ ਵਿਚੋਂ ਸੈਂਪਲਾ ਨਾਂ ਦੇ ਇਕ ਪਾਠਕ ਨੇ ਉਨ੍ਹਾਂ ਦੀ ਲਿਖਤ ‘ਤੇ ਕਿੰਤੂ-ਪ੍ਰੰਤੂ ਕਰ ਵੀ ਦਿੱਤਾ ਸੀ, ਤਾਂ ਐਡਾ ਕਿਹੜਾ ਲੋਹੜਾ ਆ ਗਿਆ ਸੀ? ਡਾæ ਸਮਰਾਓ ਨੂੰ ਤਾਂ ਆਪਣੇ ਇਸ ਪਾਠਕ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਸੀ ਜਿਸ ਨੇ ਉਨ੍ਹਾਂ ਦੀ ਰਚਨਾ ਨੂੰ ਪੂਰੇ ਗਹੁ ਨਾਲ ਪੜ੍ਹਿਆ, ਪਰ ਡਾæ ਸਮਰਾਓ ਉਸ ਨੂੰ ਬਾਹੋਂ ਫੜ ਕੇ ਪੰਜਾਬ ਲਿਜਾਣ ਤੱਕ ਚਲੇ ਗਏ।
ਆਪਣੇ ਲੰਮੇ-ਚੌੜੇ ਖ਼ਤ ਵਿਚ ਡਾæ ਸਮਰਾਓ ਨੇ ਫਕੀਰ ਚੰਦ ਸੈਂਪਲਾ ‘ਤੇ ਜਿਹੜਾ ਦੋਸ਼ ਲਾਇਆ ਹੈ ਕਿ ਉਸ ਨੇ ਪ੍ਰੋæ ਧੂੰਦੇ ਦੀ ‘ਵਕਾਲਤ’ ਕੀਤੀ ਹੈ, ਕੀ ਉਹੀ ‘ਗੁਨਾਹ’ ਡਾæ ਸਮਰਾਓ ਨੇ ਨਹੀਂ ਕਰਿਆ? ਉਹ ਖੁਦ ਪ੍ਰੋæ ਹਰਪਾਲ ਸਿੰਘ ਪੰਨੂੰ ਦੀ ਬੇਲੋੜੀ ਵਕਾਲਤ ਕਰ ਗਏ। ਹੋਰ ਤਾਂ ਹੋਰ, ਉਹ ਸ੍ਰੀ ਸੈਂਪਲਾ ਵੱਲੋਂ ਉਠਾਏ ਗਏ ਅਹਿਮ ਨੁਕਤੇ ਦੀ ਚੀਰ-ਫਾੜ ਕਰਨ ਦੀ ਬਜਾਏ ਉਸ ਨੂੰ ‘ਗਿਆਨ ਤੋਂ ਪੂਰਾ ਸੱਖਣਾ’ ਲਿਖ ਗਏ। ਫਕੀਰ ਚੰਦ ਸੈਂਪਲਾ ਨੇ ਸਿੱਖ ਲਿਖਾਰੀਆਂ/ਬੁੱਧੀਜੀਵੀਆਂ ਉਤੇ ਗਿਲਾ ਕੀਤਾ ਸੀ ਕਿ ਉਹ ਆਪੋ ਵਿਚ ਡਾਂਗੋ-ਸੋਟੀ ਹੁੰਦਿਆਂ ਦਲਿਤ ਭਾਈਚਾਰੇ ਨੂੰ ਕਿਹੜੇ ਮੂੰਹ ਨਾਲ ਪੰਥ ‘ਚ ਸ਼ਾਮਲ ਹੋਣ ਦੀਆਂ ਟਾਹਰਾਂ ਮਾਰਦੇ ਰਹਿੰਦੇ ਹਨ?
ਇਸ ਕੌੜੀ ਹਕੀਕਤ ਨੂੰ ਦਰਕਿਨਾਰੇ ਕਰ ਕੇ ਡਾæ ਸਮਰਾਓ ਨੇ ਸ੍ਰੀ ਸੈਂਪਲਾ ਨੂੰ ਤੱਤੀਆਂ-ਠੰਢੀਆਂ ਸੁਣਾ ਦਿੱਤੀਆਂ ਹਨ। ਕੀਮਤੀ ਸਮੇਂ ‘ਚੋਂ ਕੁਝ ਪਲ ਕੱਢ ਕੇ ਅਖ਼ਬਾਰਾਂ ਨੂੰ ਆਪਣੀ ਰਾਏ ਲਿਖ ਕੇ ਭੇਜਣ ਵਾਲੇ ਚੇਤੰਨ ਪਾਠਕਾਂ ਪ੍ਰਤੀ ਅਜਿਹਾ ਰਵੱਈਆ ਲੇਖਕਾਂ ਨੂੰ ਸੋਭਾ ਨਹੀਂ ਦਿੰਦਾ।
-ਗੁਰਜੀਤ ਸਿੰਘ ਕਲਸੀ
ਫਰਿਜ਼ਨੋ।

Be the first to comment

Leave a Reply

Your email address will not be published.