ਸਿੱਖ ਪੰਥ ਦੇ ਅੰਦਰੂਨੀ ਸੰਕਟ ਦਾ ਵਿਸ਼ਲੇਸ਼ਣ ਤੇ ਹੱਲ

ਸਿੱਖ ਪੰਥ ਅੱਜ ਕੱਲ੍ਹ ਇਕ ਨਵੇਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਜੇ ਪੰਥਕ ਰਹਿਬਰਾਂ ਨੇ ਇਸ ਸੰਕਟ ਦੇ ਹੱਲ ਨੂੰ ਲੈ ਕੇ ਸਿਧਾਂਤਕ ਲਾਪ੍ਰਵਾਹੀ ਵਿਖਾਈ ਤਾਂ ਇਸ ਦੇ ਨਤੀਜੇ ਹੋਰ ਵੀ ਗੰਭੀਰ ਹੋ ਸਕਦੇ ਹਨ। ਉਂਜ ਇਸ ਸੰਕਟ ਦੇ ਕੁਝ-ਕੁਝ ਲੱਛਣ ਪਿਛਲੇ ਸਾਲ ਉਦੋਂ ਹੀ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ ਜਦੋਂ ਇਕ ਉਘੇ ਪੰਥ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦਾ ਇਕ ਨਜ਼ਦੀਕੀ ਸਾਥੀ ਮਾਰਿਆ ਗਿਆ ਸੀ ਅਤੇ ਭਾਈ ਰਣਜੀਤ ਸਿੰਘ ਉਸ ਹਮਲੇ ਵਿਚ ਵਾਲ-ਵਾਲ ਬਚ ਗਏ ਸਨ।

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 91-99150-91063
ਹਰਿ ਨਾਮੈ ਕੇ ਹੋਵਹੁ ਜੋੜੀ
ਗੁਰਮੁਖਿ ਬੈਸਹੁ ਸਫਾ ਵਿਛਾਇ॥
ਇਨ ਬਿਧ ਪਾਸਾ ਢਾਲਹੁ ਬੀਰ॥ (ਪਾਤਿਸ਼ਾਹੀ ਪੰਜਵੀਂ)
ਅਰਥ: ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਫੂਹੜੀ ਵਿਛਾ ਕੇ ਇਕੱਠੇ ਬੈਠੋ ਤੇ ਇੰਜ ਦਵੈਤ-ਭਾਅ ਦੂਰ ਕਰੋ। ਇਸੇ ਤਰੀਕੇ ਨਾਲ ਹੀ ਆਪੋ ਆਪਣੀਆਂ ਨਰਦਾਂ ਸੁੱਟੋ, ਮੇਰੇ ਵੀਰਨੋ।
ਸਿੱਖ ਪੰਥ ਅੱਜ ਕੱਲ੍ਹ ਇਕ ਨਵੇਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਜੇ ਪੰਥਕ ਰਹਿਬਰਾਂ ਨੇ ਇਸ ਸੰਕਟ ਦੇ ਹੱਲ ਨੂੰ ਲੈ ਕੇ ਸਿਧਾਂਤਕ ਲਾਪ੍ਰਵਾਹੀ ਵਿਖਾਈ ਤਾਂ ਇਸ ਦੇ ਨਤੀਜੇ ਹੋਰ ਵੀ ਗੰਭੀਰ ਹੋ ਸਕਦੇ ਹਨ। ਉਂਜ ਇਸ ਸੰਕਟ ਦੇ ਕੁਝ-ਕੁਝ ਲੱਛਣ ਪਿਛਲੇ ਸਾਲ ਉਦੋਂ ਹੀ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ ਜਦੋਂ ਇਕ ਉਘੇ ਪੰਥ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੌਰਾਨ ਉਨ੍ਹਾਂ ਦਾ ਇਕ ਨਜ਼ਦੀਕੀ ਸਾਥੀ ਮਾਰਿਆ ਗਿਆ ਸੀ ਅਤੇ ਭਾਈ ਰਣਜੀਤ ਸਿੰਘ ਉਸ ਹਮਲੇ ਵਿਚ ਵਾਲ-ਵਾਲ ਬਚ ਗਏ ਸਨ। ਪਰ ਉਦੋਂ ਤੱਕ ਇਹੋ ਸਮਝਿਆ ਜਾ ਰਿਹਾ ਸੀ ਕਿ ਇਹ ਟਕਰਾਓ ਦੋ ਜਥੇਬੰਦੀਆਂ ਤੱਕ ਹੀ ਸੀਮਤ ਹੈ। ਫਿਰ ਵੀ ਇਤਿਹਾਸ ਅਤੇ ਧਰਮ ਦੇ ਗੰਭੀਰ ਵਿਦਿਆਰਥੀ ਇਹ ਚੇਤਾਵਨੀ ਦਿੰਦੇ ਰਹੇ ਸਨ ਕਿ ਇਸ ਸੰਕਟ ਦੀਆਂ ਜੜ੍ਹਾਂ ਡੂੰਘੀਆਂ ਹਨ ਅਤੇ ਇਹ ਫੈਲ ਕੇ ਕੇਵਲ ਪੰਥ ਦੀਆਂ ਹੋਰ ਜਥੇਬੰਦੀਆਂ ਨੂੰ ਹੀ ਨਹੀਂ, ਸਗੋਂ ਆਮ ਸੰਗਤ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਹਾਲ ਹੀ ਵਿਚ ਜਰਮਨੀ ਤੇ ਇਟਲੀ ਵਿਚ ਹੋਈਆਂ ਘਟਨਾਵਾਂ ਨੇ ਇਨ੍ਹਾਂ ਭਵਿੱਖਵਾਣੀਆਂ ਦੀ ਪੁਸ਼ਟੀ ਹੀ ਕੀਤੀ ਹੈ।
ਪਰ ਅਸਲ ਵਿਚ ਸੰਕਟ ਹੈ ਕੀ? ਇਸ ਦੀਆਂ ਜੜ੍ਹਾਂ ਕਿੱਥੇ ਲੁਕੀਆਂ ਪਈਆਂ ਹਨ ਅਤੇ ਕਿੱਥੋਂ ਤੱਕ ਜਾਂਦੀਆਂ ਹਨ? ਕੀ ਇਤਿਹਾਸ ਵਿਚ ਇਹੋ ਜਿਹਾ ਸੰਕਟ ਪਹਿਲਾਂ ਵੀ ਵੇਖਿਆ ਗਿਆ ਹੈ? ਅੱਜ ਜਦੋਂ ਕਿ ਸਿੱਖ ਰਾਜਨੀਤੀ ਤੇ ਸਿੱਖ ਧਰਮ ਦੇ ਵਿਹੜੇ ਵਿਚ ਇਕ ਦੂਜੇ ਪ੍ਰਤੀ ਬੇਵਿਸ਼ਵਾਸੀ ਦਾ ਮਾਹੌਲ ਸਿਖਰਾਂ ਛੋਂਹਦਾ ਜਾ ਰਿਹਾ ਹੈ ਅਤੇ ਹਰ ਕੋਈ ਆਪਣੇ ਵਿਚਾਰ ਨੂੰ ਅੰਤਮ ਸੱਚ ਮੰਨ ਕੇ ਕਿਸੇ ਸਾਂਝੀ ਤੇ ਸਰਬ ਸਹਿਮਤੀ ਦੀ ਗੁੰਜਾਇਸ਼ ਹੀ ਨਹੀਂ ਛੱਡਦਾ ਤਾਂ ਇਹ ਹਾਲਤ ਸੰਕਟ ਨੂੰ ਹੋਰ ਵੀ ਗੰਭੀਰ ਤੇ ਦੁਖਦਾਈ ਬਣਾ ਦਿੰਦਾ ਹੈ।
ਗੁਰੂ ਸਾਹਿਬਾਨ ਵੱਲੋਂ ḔḔਗੁਰਮੁਖਿ ਬੈਸਹੁ ਸਫਾ ਵਿਛਾਇ” ਦੇ ਪਵਿੱਤਰ ਸਿਧਾਂਤ ਨੂੰ ਗੱਲਾਂ-ਗੱਲਾਂ ਵਿਚ ਤਾਂ ਹਰ ਕੋਈ ਮੰਨਦਾ ਹੈ ਪਰ ਉਸ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਜਥੇਬੰਦਕ ਤੇ ਦ੍ਰਿੜ੍ਹ ਯਤਨ ਹੁਣ ਕਿਤੇ ਵੀ ਨਜ਼ਰ ਨਹੀਂ ਆਉਂਦੇ। ਟਾਵੇਂ ਟਾਵੇਂ ਯਤਨ ਜ਼ਰੂਰ ਹੁੰਦੇ ਹਨ ਪਰ ਉਹ ਛੇਤੀ ਹੀ ਦਮ ਤੋੜ ਜਾਂਦੇ ਹਨ, ਕਿਉਂਕਿ ਸਿੱਖ ਪੰਥ ਦੀਆਂ ਹੇਠਲੀਆਂ ਸਫਾਂ ਤੇ ਪਰਤਾਂ ਵੀ ਹੁਣ ਗੁਰੂ-ਭੈਅ, ਗੁਰੂ-ਤਾਕਤ ਅਤੇ ਗੁਰ-ਸਿਧਾਂਤ ਦੇ ਖਜ਼ਾਨੇ ਤੋਂ ਸੱਖਣੀਆਂ ਹੋ ਗਈਆਂ ਹਨ। ਇਸੇ ਕਰਕੇ ਪੰਥ ਦੇ ਆਗੂ ਬੇਲਗਾਮ ਹੋ ਕੇ ਇਸ ਧੁੰਦ ਵਿਚ ਆਪੋ ਆਪਣੇ ਘੋੜੇ ਭਜਾ ਰਹੇ ਹਨ। ਹੁਣ ਇਹ ਕਹਿਣ ਵਿਚ ਕੋਈ ਹਰਜ਼ ਨਹੀਂ ਹੈ ਕਿ ਸਿੱਖ ਪੰਥ ਦੇ ਕਿਲ੍ਹੇ ਨੂੰ ਅੰਦਰੋਂ ਹੀ ਘੇਰਾ ਪੈ ਰਿਹਾ ਹੈ ਜਾਂ ਇਉਂ ਕਹਿ ਲਓ ਕਿ ਤੂਫਾਨ ਬੇੜੀ ਦੇ ਕਿਤੇ ਅੰਦਰ ਹੀ ਸੁਲਘ ਰਿਹਾ ਹੈ।
ਤਾਜ਼ਾ ਸੰਕਟ ਬਾਰੇ ਬਣਾਈਆਂ ਜਾ ਰਹੀਆਂ ਕੁਝ ਧਾਰਨਾਵਾਂ ਦੀ ਸੰਜੀਦਾ ਪੜਚੋਲ ਕਰਨੀ ਜ਼ਰੂਰੀ ਹੈ। ਵਿਦਵਾਨਾਂ ਦੇ ਇਕ ਹਿੱਸੇ ਦਾ ਕਹਿਣਾ ਹੈ ਕਿ ਇਹ ਟਕਰਾਅ ਟਕਸਾਲੀਆਂ ਤੇ ਪ੍ਰਚਾਰਕਾਂ ਵਿਚਕਾਰ ਹੈ ਜਦ ਕਿ ਇਹ ਵਿਚਾਰ ਵੀ ਤਿੱਖੀ ਸ਼ਕਲ ਵਿਚ ਸਾਹਮਣੇ ਆ ਰਿਹਾ ਹੈ ਕਿ ਮਿਸ਼ਨਰੀਆਂ ਅਤੇ ਡੇਰਾਵਾਦੀਆਂ ਵਿਚਕਾਰ ਪਿਛਲੇ ਕੁਝ ਅਰਸੇ ਤੋਂ ਚਲੇ ਆ ਰਹੇ ਤਿੱਖੇ ਮਤਭੇਦਾਂ ਨੇ ਹੀ ਇਸ ਸੰਕਟ ਨੂੰ ਜਨਮ ਦਿੱਤਾ। ਇਹੋ ਜਿਹੇ ਵਿਦਵਾਨਾਂ ਦੀ ਵੀ ਕਮੀ ਨਹੀਂ ਜੋ ਇਹ ਦਾਅਵਾ ਕਰਦੇ ਹਨ ਕਿ ਧਰਮਾਂ ਦੇ ਜੀਵਨ ਪ੍ਰਵਾਹ ਵਿਚ ਜਦੋਂ ਇਕ ਭਿਆਨਕ ਖੜੋਤ ਆ ਜਾਂਦੀ ਹੈ ਤਾਂ ਉਸ ਸਮੇਂ ਨਵੀਨ ਤੇ ਪੁਰਾਤਨ ਵਿਚਾਰਾਂ ਦਾ ਭਿੜਨਾ ਲਗਭਗ ਤੈਅ ਹੀ ਹੁੰਦਾ ਹੈ। ਉਹ ਇਸਾਈ ਮਤ ਦੀ ਮਿਸਾਲ ਦਿੰਦੇ ਹਨ ਜਦੋਂ ਪ੍ਰੋਟੈਸਟੈਂਟ ਮਤ ਦੇ ਨਾਂ ਹੇਠ ਲੜ ਰਹੀ ਇਕ ਧਿਰ ਕੈਥੋਲਿਕ ਮਤ ਤੋਂ ਅਲੱਗ ਹੋ ਗਈ ਸੀ। ਕੁਝ ਲੋਕ ਇਸ ਖਤਰੇ ਵੱਲ ਵੀ ਸੰਕੇਤ ਕਰ ਰਹੇ ਹਨ ਕਿ ਕਿਤੇ ਇਹ ਟਕਰਾਅ ਉਸ ਤਰ੍ਹਾਂ ਦੀ ਸ਼ਕਲ ਅਖਤਿਆਰ ਨਾ ਕਰ ਲਵੇ ਜਿਸ ਤਰ੍ਹਾਂ ਇਸਲਾਮ ਵਿਚ ਸ਼ੀਆ ਤੇ ਸੁੰਨੀ ਫਿਰਕਿਆਂ ਵਿਚ ਹੁੰਦਾ ਰਹਿੰਦਾ ਹੈ। ਪਰ ਇਹੋ ਜਿਹੀਆਂ ਮਿਸਾਲਾਂ ਨੂੰ ਸਿੱਖ ਪੰਥ ਦੇ ਮਾਮਲੇ ਵਿਚ ਢੁਕਾਇਆ ਨਹੀਂ ਜਾ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਸਿੱਖ ਸੰਕਟ ਨੂੰ ਕਦੇ ਵੀ ਇਸ ਹੱਦ ਤੱਕ ਗਹਿਰਾ ਨਹੀਂ ਹੋਣ ਦੇਵੇਗੀ।
ਮੌਜੂਦਾ ਸੰਕਟ ਵਿਚ ਜਿਵੇਂ ਧਿਰਾਂ ਦੀ ਵਰਗ-ਵੰਡ ਕਰਕੇ ਉਨ੍ਹਾਂ ਨੂੰ ਆਹਮੋ ਸਾਹਮਣੇ ਖੜ੍ਹਾ ਕੀਤਾ ਗਿਆ ਹੈ, ਉਹ ਵੰਡ ਵਿਚਾਰਧਾਰਕ ਤੌਰ ‘ਤੇ ਨਾ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ, ਨਾ ਹੀ ਢੁਕਵੀਂ ਤੇ ਯੋਗ ਹੈ, ਕਿਉਂਕਿ ਜਿਹੜੀ ਸਾਂਝੀ ਗੱਲ ਅਤੇ ਸਾਂਝੀ ਕੜੀ ਟਕਸਾਲੀਆਂ, ਪ੍ਰਚਾਰਕਾਂ ਤੇ ਮਿਸ਼ਨਰੀਆਂ ਨੂੰ ਇਕ ਗੂੜ੍ਹੇ ਅਤੇ ਅਟੁੱਟ ਰਿਸ਼ਤੇ ਵਿਚ ਬੰਨ੍ਹ ਕੇ ਰੱਖਦੀ ਹੈ, ਉਹ ਹੈ ਸਾਰਿਆਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਸ਼ਰਧਾ ਤੇ ਅਟੁੱਟ ਵਿਸ਼ਵਾਸ। ਉਨ੍ਹਾਂ ਨੂੰ ਆਪਸ ਵਿਚ ਜੋੜਨ ਵਾਲਾ ਦੂਜਾ ਗੁਣ ਇਹ ਹੈ ਕਿ ਉਹ ਸਾਰੇ ਆਪਣੇ ਇਤਿਹਾਸ ‘ਤੇ ਮਾਣ ਕਰਦੇ ਹਨ। ਤੀਜੀ ਸਿਫਤ ਇਹ ਹੈ ਕਿ ਉਹ ਸਭ ਦੇ ਸਭ ਪੰਥ ਨੂੰ ਚੜ੍ਹਦੀ ਕਲਾ ਵਿਚ ਵੇਖਣਾ ਚਾਹੁੰਦੇ ਹਨ। ਪਰ, ਚੜ੍ਹਦੀ ਕਲਾ ਨੂੰ ਵੇਖਣ, ਸਮਝਣ ਅਤੇ ਪਰਖਣ ਦਾ ਉਨ੍ਹਾਂ ਦਾ ਨਜ਼ਰੀਆ ਵੱਖੋ-ਵੱਖਰਾ ਹੈ ਅਤੇ ਇਸ ਨਜ਼ਰੀਏ ਦੀ ਵਿਆਖਿਆ ਕਰਦਿਆਂ ਉਹ ਇਸ ਹੱਦ ਤੱਕ ਦੂਰ ਚਲੇ ਜਾਂਦੇ ਹਨ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀਆਂ ਏਕਤਾ ਦੀਆਂ ਮਿਸਾਲਾਂ ਅਤੇ ਏਕਤਾ ਦੇ ਬਿੰਦੂ ਵੀ ਉਨ੍ਹਾਂ ਦੀ ਗੁਫਤਾਰ ਤੇ ਰਫਤਾਰ ਵਿਚ ਦੂਜੇ ਤੀਜੇ ਨੰਬਰ ‘ਤੇ ਚਲੇ ਜਾਂਦੇ ਹਨ ਜਾਂ ਇਉਂ ਕਹਿ ਲਓ ਕਿ ਇਨ੍ਹਾਂ ਬਰਕਤਾਂ ਦੀ ਅਹਿਮੀਅਤ ਹੀ ਗੁਆਚ ਜਾਂਦੀ ਹੈ। ਥੋੜ੍ਹੇ ਬਹੁਤੇ ਫਰਕ ਨਾਲ ਇਹ ਵੱਡੀ ਕਮੀ ਹੁਣ ਸਾਰਿਆਂ ਵਿਚ ਨਜ਼ਰ ਆ ਰਹੀ ਹੈ।
ਕੀ ਵਿਆਖਿਆ ਦੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੇ ਪੇਸ਼ ਕੀਤੀਆਂ ਜਾ ਰਹੀਆਂ ਥਿਊਰੀਆਂ ਨੂੰ ਅਸੀਂ ਸਿਧਾਂਤਕ ਵਖਰੇਵੇਂ ਕਹਿ ਸਕਦੇ ਹਾਂ? ਇਸ ਅਹਿਮ ਪਰ ਦਿਲਚਸਪ ਸੁਆਲ ਨੂੰ ਅਸੀਂ ਕਿਸੇ ਵੱਡੀ ਤੇ ਸਾਰਥਕ ਬਹਿਸ ਦਾ ਸੁਝਾਅ ਦੇ ਕੇ ਇਹ ਬਹਿਸ ਗੰਭੀਰ ਵਿਦਵਾਨਾਂ ਲਈ ਛੱਡ ਰਹੇ ਹਾਂ।
ਹੁਣ ਵੱਖ-ਵੱਖ ਜਥੇਬੰਦੀਆਂ ਤੇ ਧਿਰਾਂ ਦਰਮਿਆਨ ਪਈਆਂ ਦੂਰੀਆਂ ਵਿਚ ਦਿਸਦੇ-ਅਣਦਿਸਦੇ ਪੱਖਾਂ ਨੂੰ ਨਿਖੇੜ ਕੇ ਪੇਸ਼ ਕਰਨ ਦੀ ਲੋੜ ਹੈ। ਇਸ ਨਾਲ ਮੌਜੂਦਾ ਸੰਕਟ ਨੂੰ ਸਮਝਣ ਅਤੇ ਸੰਕਟ ਦੇ ਹੱਲ ਲਈ ਰਾਹ ਖੁੱਲ੍ਹਣ ਵਿਚ ਮਦਦ ਮਿਲ ਸਕਦੀ ਹੈ। ਇਕ ਹੋਰ ਗੱਲ ਜੋ ਨਾ ਕੇਵਲ ਪੰਥ ਦੇ ਵੱਡੇ ਹਿੱਸਿਆਂ ਨੂੰ ਹੀ ਸਗੋਂ ਸੱਚੇ ਸੁੱਚੇ ਪੰਜਾਬੀਆਂ ਨੂੰ ਵੀ ਦੁਖੀ ਕਰਦੀ ਹੈ, ਉਹ ਇਹ ਹੈ ਕਿ ਟਕਰਾਅ ਨਾਲ ਸਬੰਧਤ ਸਾਰੀਆਂ ਧਿਰਾਂ ਵਿਚ ਵੀ ਕੁਝ ਇਹੋ ਜਿਹੇ ਵੀਰ ਮੌਜੂਦ ਹਨ, ਜੋ ਕਾਹਲੇ ਹਨ, ਤੱਤ-ਭੜੱਤੇ ਹਨ ਅਤੇ ਇਕ ਹੱਦ ਤੱਕ ਗੈਰ-ਜ਼ਿੰਮੇਵਾਰ ਵੀ ਹਨ ਅਤੇ ḔḔææææਦੇ ਲੰਮੀ ਨਦਰਿ ਨਿਹਾਲੀਏæææ” ਦੇ ਗੁਰੂ-ਹੁਕਮ ਨਾਲ ਉਹ ਸਾਂਝ ਤੋੜਦੇ ਨਜ਼ਰ ਆਉਂਦੇ ਹਨ।
ਜੇ ਇਕ ਧਿਰ ਨੇ ਜਿਸਮਾਨੀ-ਹਿੰਸਾ ‘ਤੇ ਉਤਰਨ ਦਾ ਮਨ ਬਣਾ ਲਿਆ ਹੈ ਤਾਂ ਦੂਜੀ ਧਿਰ ਇਸ ਦਾ ਮੁਕਾਬਲਾ ਸ਼ਾਬਦਿਕ-ਹਿੰਸਾ ਨਾਲ ਕਰ ਰਹੀ ਹੈ। ਪਿਛਲੇ ਲੰਮੇ ਅਰਸੇ ਤੋਂ ਸਿਮਰਨ, ਵਿਸਮਾਦ, ਅੰਮ੍ਰਿਤ ਦੀਆਂ ਪਵਿੱਤਰ ਬਾਣੀਆਂ, ਅਰਦਾਸ ਅਤੇ ਸਿੱਖ ਪੰਥ ਦੇ ਡੂੰਘੇ ਰਹੱਸਾਂ ‘ਤੇ ਕਿੰਤੂ-ਪ੍ਰੰਤੂ ਕੀਤਾ ਜਾ ਰਿਹਾ ਹੈ। ਸ਼ਾਬਦਿਕ-ਹਿੰਸਾ ਕਰਨ ਵਾਲੇ ਵੀਰ ਇਹੋ ਜਿਹੇ ਵਿਸ਼ਿਆਂ ਨੂੰ ਆਪਣੇ ਘਰ ਵਿਚ ਵਿਚਾਰਨ ਦੀ ਥਾਂ ਚੌਰਾਹੇ ਵਿਚ ਲੈ ਗਏ ਅਤੇ ਇੰਟਰਨੈਟ, ਸੋਸ਼ਲ ਮੀਡੀਆ ਤੇ ਤਕਨਾਲੋਜੀ ਦੀਆਂ ਨਵੀਆਂ ਨਵੀਆਂ ਕਾਢਾਂ ਤੇ ਸਹੂਲਤਾਂ ਨੇ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਪੂਰਾ ਬਲ ਦਿੱਤਾ ਹੈ। ਵੈਸੇ ਦੂਜੀ ਧਿਰ ਵੀ ਇਸ ਕੰਮ ਵਿਚ ਪਿੱਛੇ ਨਹੀਂ ਰਹੀ।
ਸਾਰੀਆਂ ਧਿਰਾਂ ਵਿਚ ਸ਼ਰਧਾ ਦੇ ਪੱਧਰ ਅਤੇ ਸ਼ਰਧਾ ਦੀ ਦਿਸ਼ਾ ਵਰਗੇ ਅਹਿਮ ਨੁਕਤੇ ਵੀ ਸਾਨੂੰ ਸੰਕਟ ਦੀਆਂ ਪ੍ਰਤੱਖ ਤੇ ਲੁਕੀਆਂ ਪਰਤਾਂ ਨੂੰ ਸਮਝਣ ਤੇ ਉਭਾਰਨ ਵਿਚ ਮਦਦਗਾਰ ਹੋ ਸਕਦੇ ਹਨ। ਬਿਨਾ ਸ਼ੱਕ ਇਕ ਧਿਰ ਅੰਦਰ ਸ਼ਰਧਾ ਬਹੁਤ ਡੂੰਘੀ ਰਚੀ ਹੋਈ ਹੈ, ਇਸ ਦਾ ਬਾਕਾਇਦਾ ਜਾਹੋ-ਜਲਾਲ ਤੇ ਜਲਾਓ ਹੈ ਜਿਸ ਨੇ ਇਤਿਹਾਸ ਨੂੰ ਵੀ ਰੌਸ਼ਨ ਕੀਤਾ ਹੈ। ਸਿਮਰਨ ਤੇ ਅਭਿਆਸ ਉਨ੍ਹਾਂ ਦੀ ਰੂਹ ਦੇ ਹਿੱਸੇ ਹਨ। ਨਿਵੇਕਲੇ ਪਹਿਰਾਵੇ ਨਾਲ ਵੀ ਉਸ ਧਿਰ ਦੀ ਵਿਸ਼ੇਸ਼ ਖਿੱਚ ਹੈ। ਗੁਰੂ ਨਾਲ ਉਨ੍ਹਾਂ ਦਾ ਪਿਆਰ ਵੀ ਇਸ਼ਕ ਦੀ ਹੱਦ ਤੱਕ ਜਾ ਪਹੁੰਚਦਾ ਹੈ। ਪਰ ਕੀ ਇਹ ਸੱਚ ਨਹੀਂ ਕਿ ਕਈ ਵਾਰ ਇਹੋ ਸ਼ਰਧਾ ਇਕ ਖਾਸ ਪੱਧਰ ‘ਤੇ ਪਹੁੰਚ ਕੇ ਉਨ੍ਹਾਂ ਰਾਹਾਂ ਵੱਲ ਲੈ ਜਾਂਦੀ ਹੈ ਜੋ ਬਿਪਰਨ ਦੀ ਰੀਤ ਨਾਲ ਜਾ ਮਿਲਦੇ ਹਨ।
ਦੂਜੇ ਪਾਸੇ ਦੂਸਰੀ ਧਿਰ ਵੀ ਗੁਰਬਾਣੀ ਤੇ ਇਤਿਹਾਸ ਨਾਲ ਕੋਈ ਘੱਟ ਪਿਆਰ ਨਹੀਂ ਕਰਦੀ। ਪਰ ਉਹ ਸਿੱਖ ਧਰਮ ਵਿਚ ਆਏ ਕਰਮਕਾਂਡਾਂ ਦਾ ਡਟ ਕੇ ਵਿਰੋਧ ਕਰਦੇ ਹਨ ਅਤੇ ਠੀਕ ਵੀ ਹਨ। ਸਿੱਖ ਪੰਥ ਵਿਚ ਅਛੋਪਲੇ ਹੀ ਵੱਖਰੇ ਵੱਖਰੇ ਰੂਪਾਂ ਵਿਚ ਆ ਰਹੀ ਮੂਰਤੀ ਪੂਜਾ ਤੋਂ ਉਹ ਪੰਥ ਨੂੰ ਸਾਵਧਾਨ ਕਰਦੇ ਰਹਿੰਦੇ ਹਨ। ਪਰ ਗੁਰਬਾਣੀ ਤੇ ਇਤਿਹਾਸ ਵਿਚ ਉਹ ਡੂੰਘਾ ਨਹੀਂ ਉਤਰ ਸਕੇ। ਕਈ ਵਾਰ ਇਉਂ ਲੱਗਦਾ ਹੈ ਕਿ ਉਨ੍ਹਾਂ ਦੀਆਂ ਵਿਆਖਿਆਵਾਂ ਵਿਚ ਇਕਪਰਤੀ ਜੀਵਨ ਦੇ ਅਹਿਸਾਸ ਹਨ। ਗੁਰੂ ਨਾਲ ਪਿਆਰ ਹੋਣ ਦੇ ਬਾਵਜੂਦ ਉਹ ਗੁਰੂ ਦਾ ਇਲਾਹੀ ਰੂਪ ਨਹੀਂ ਵੇਖ ਸਕੇ। ਅਸਲ ਵਿਚ ਇਲਾਹੀ ਨਦਰ ਦੇ ਪੈਂਡਿਆਂ ਦੀਆਂ ਬਰੀਕ ਰਮਜ਼ਾਂ ਨਾਲ ਉਨ੍ਹਾਂ ਦੀ ਉਹੋ ਜਿਹੀ ਸਾਂਝ ਤੇ ਖਿੱਚ ਨਹੀਂ ਜੋ ਦੂਜੀ ਧਿਰ ਦਾ ਸ਼ੌਕ ਵੀ ਹੈ ਤੇ ਦਾਅਵਾ ਵੀ। ਇਸ ਧਿਰ ਦੀ ਸ਼ਰਧਾ ਇਕ ਦਾਇਰੇ ਵਿਚ ਵਿਚਰਦੀ ਹੈ ਜਿਸ ਦੀ ਤਰਜ਼-ਏ-ਜ਼ਿੰਦਗੀ ਕਦੇ-ਕਦੇ ਵਿਗਿਆਨ ਤੇ ਆਧੁਨਿਕਤਾ ਦੇ ਭੈਅ ਹੇਠ ਵਿਚਰਦੀ ਜਾਪਦੀ ਹੈ। ਜੇ ਇਸ ਧਿਰ ਦੇ ਕਥਾਕਾਰਾਂ ਦੇ ਪ੍ਰਵਚਨਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਨ੍ਹਾਂ ਪ੍ਰਵਚਨਾਂ ਵਿਚ ਉਹ ਰਸ ਗਾਇਬ ਹੁੰਦਾ ਹੈ, ਜੋ ਅਗੰਮੀ ਰਾਹਾਂ ਵੱਲ ਲੈ ਕੇ ਜਾਂਦਾ ਹੈ। ਉਸ ਸਮੇਂ ਇਉਂ ਜਾਪਦਾ ਹੈ ਜਿਵੇਂ ਅਸੀਂ ਖੁਸ਼ਕੀ ਦੇ ਇਕ ਦਰਿਆ ਵਿਚੋਂ ਲੰਘ ਰਹੇ ਹਾਂ।
ਇੱਥੇ ਇਹ ਦੱਸਣਾ ਵੀ ਗੈਰ-ਵਾਜਿਬ ਨਹੀਂ ਹੋਵੇਗਾ ਕਿ ਮਿਥ ਤੇ ਕਰਾਮਾਤਾਂ ਸਿੱਖ ਇਤਿਹਾਸ ਵਿਚ ਸਹਿਜ ਸੁਭਾਅ ਹੀ ਦਾਖਲ ਹੁੰਦੀਆਂ ਹਨ ਅਤੇ ਸਿੱਖ ਪੰਥ ਬਾਕਾਇਦਾ ਉਨ੍ਹਾਂ ਨੂੰ ਮਾਨਤਾ ਵੀ ਦਿੰਦਾ ਹੈ। ਪਰ ਡੂੰਘੀ ਸ਼ਰਧਾ ਵਾਲੀ ਧਿਰ ਕਈ ਵਾਰ ਮਿੱਥਾਂ ਤੇ ਕਰਾਮਾਤਾਂ ਨੂੰ ਉਸ ਪੱਧਰ ਤੱਕ ਲੈ ਜਾਂਦੀ ਹੈ, ਜਾਂ ਪੇਸ਼ ਕਰਦੀ ਹੈ ਜਿੱਥੇ ਇਉਂ ਵੀ ਲੱਗਣ ਲੱਗ ਪੈਂਦਾ ਹੈ ਜਿਵੇਂ ਉਹ ਧਿਰ ਬਿਪਰ ਸੰਸਕਾਰਾਂ ਦੇ ਗਾੜ੍ਹੇ ਹਨੇਰਿਆਂ ਦੇ ਭਾਰ ਹੇਠਾਂ ਦੱਬੀ ਹੋਈ ਹੋਵੇ। ਉਸ ਸਮੇਂ ਇਹ ਵੀ ਲੱਗਦਾ ਹੈ ਜਿਵੇਂ ḔḔਬਿਪਰਨ ਕੀ ਰੀਤ” ਦੇ ਵਕਤੀ ਭੈਅ ਦੀ ਦੀਵਾਰ ਨੂੰ ਤੋੜਦੇ ਨਜ਼ਰ ਨਹੀਂ ਆਉਂਦੇ ਜਿਸ ਕਰਕੇ ਪੜ੍ਹੀ ਲਿਖੀ ਤੇ ਸੂਝਵਾਨ ਨੌਜਵਾਨ ਪੀੜ੍ਹੀ ਇਹੋ ਜਿਹੇ ਰੁਝਾਨ, ਪਹੁੰਚ ਤੇ ਮਾਨਸਿਕਤਾ ਨੂੰ ਬ੍ਰਾਹਮਣਵਾਦ ਨਾਲ ਜੋੜ ਦਿੰਦੀ ਹੈ ਅਤੇ ਇਕ ਹੱਦ ਤੱਕ ਇਸ ਤਰਕ ਵਿਚ ਆਪਣੀ ਕਿਸਮ ਦਾ ਇਕ ਵਜ਼ਨ ਜ਼ਰੂਰ ਹੈ।
ਇੱਥੇ ਇਹ ਦੱਸਣਾ ਵੀ ਪ੍ਰਸੰਗ ਤੋਂ ਬਾਹਰਾ ਨਹੀਂ ਹੋਵੇਗਾ ਕਿ ਸੰਕਟ ਨੂੰ ਗਹਿਰਾ ਕਰਨ ਵਾਲੀਆਂ ਸਾਰੀਆਂ ਧਿਰਾਂ ਦੇ ਗੁਣ-ਦੋਸ਼ ਇਕ ਦੂਜੇ ਦੀਆਂ ਹੱਦਾਂ ਪਾਰ ਕਰਦੇ ਰਹਿੰਦੇ ਹਨ ਅਤੇ ਇੰਜ ਮਤਭੇਦਾਂ ਅਤੇ ਵਖਰੇਵਿਆਂ ਦੀ ਕੋਈ ਪੱਕੀ ਲਕੀਰ ਨਹੀਂ ਖਿੱਚੀ ਜਾ ਸਕਦੀ। ਪਰ ਇਕ ਗੱਲ ਤਾਂ ਕਹੀ ਹੀ ਜਾ ਸਕਦੀ ਹੈ ਕਿ ਸਾਰੀਆਂ ਧਿਰਾਂ ਦੇ ਨਿਯਮ-ਪ੍ਰਬੰਧ ਵਿਚ ਕੋਈ ਵੱਡਾ ਸੁਹਜ ਤੇ ਸਹਿਜ ਨਜ਼ਰ ਨਹੀਂ ਆਉਂਦਾ।
ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਦੋਵੇਂ ਧਿਰਾਂ ਇਕ ਨਦੀ ਦੇ ਦੋ ਕਿਨਾਰੇ ਹਨ, ਜੋ ਕਦੇ ਵੀ ਨਹੀਂ ਮਿਲਦੇ। ਪਰ ਵਿਦਵਤਾ ਦੀਆਂ ਡੂੰਘੀਆਂ ਵਾਦੀਆਂ ਵਿਚ ਸੈਰ ਕਰਨ ਵਾਲੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਰੁਝਾਨ ਸਾਰੇ ਧਰਮਾਂ ਵਿਚ ਮੌਜੂਦ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਆਪਸੀ ਟਕਰਾਓ ਦਾ ਕਾਰਨ ਨਹੀਂ ਬਣਨੇ ਚਾਹੀਦੇ। ਮੌਜੂਦਾ ਸੰਕਟ ਦੀ ਗੰਭੀਰਤਾ ਨੂੰ ਵੇਖਦਿਆਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਤੁਰਤ ਸੰਭਾਲਣੀ ਚਾਹੀਦੀ ਹੈ, ਉਥੇ ਇਸ ਸੰਸਥਾ ਦੇ ਪ੍ਰਧਾਨ ਨੂੰ ਇਕ ਅਜਿਹਾ ਉਚੀ ਪੱਧਰ ਦਾ ਨਿਰਪੱਖ ਮੰਚ ਪ੍ਰਦਾਨ ਕਰਨਾ ਚਾਹੀਦਾ ਹੈ, ਜਿੱਥੇ ਉਚੀ ਸੁਰਤ ਵਾਲੇ ਵਿਦਵਾਨਾਂ ਦੀ ਅਗਵਾਈ ਤੇ ਸਹਿਯੋਗ ਹੇਠ ਸੰਕਟ ਨਾਲ ਜੁੜੀਆਂ ਸਾਰੀਆਂ ਧਿਰਾਂ ਮਿਲ ਬੈਠ ਕੇ ਕੋਈ ਸਾਂਝੀ ਤੇ ਠੋਸ ਰਾਇ ਬਣਾ ਸਕਣ। ਇਹ ਦੇਖਣ ਦੀ ਵੀ ਵੱਡੀ ਲੋੜ ਹੈ ਕਿ ਕਿਤੇ ਇਹੋ ਜਿਹੇ ਸੰਕਟ ਦੀਆਂ ਤਾਰਾਂ ਕਿਸੇ ਅਜਿਹੀ ਥਾਂ ‘ਤੇ ਤਾਂ ਨਹੀਂ ਜੁੜੀਆਂ ਜਾਂ ਜੋੜ ਦਿੱਤੀਆਂ ਗਈਆਂ ਹਨ, ਜੋ ਵੱਖ-ਵੱਖ ਧਿਰਾਂ ਨੂੰ ਇਕ ਥਾਂ ‘ਤੇ ਇਕੱਠੇ ਹੋਣ ਵਿਚ ਵੱਡੀ ਰੁਕਾਵਟ ਬਣ ਰਹੀਆਂ ਹਨ। ਇਸ ਅਣਦਿਸਦੇ ਤੇ ਬਾਰੀਕ ਜਾਲ ਉਤੇ ਵੀ ਸਿੱਖ ਪੰਥ ਨੂੰ ਅਤੇ ਸਿੱਖ ਪੰਥ ਦੇ ਆਗੂਆਂ ਨੂੰ ਨਿਗ੍ਹਾ ਰੱਖਣੀ ਚਾਹੀਦੀ ਹੈ।