ਡਾ. ਗੁਰਨਾਮ ਕੌਰ, ਕੈਨੇਡਾ
ਇਹ ਗਉੜੀ ਰਾਗ ਵਿਚ ਗੁਰੂ ਰਾਮਦਾਸ ਦਾ ਸ਼ਬਦ ਹੈ ਜਿਸ ਵਿਚ ਉਹ ਦੱਸਦੇ ਹਨ ਕਿ ਗੁਰੂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਨੁੱਖ ਗੁਰੂ ਦੇ ਸਿੱਖ ਦੇ ਮੂੰਹ ਵਿਚ ਭੋਜਨ ਪਾਉਂਦਾ ਹੈ। ਇਹ ਖੁਸ਼ੀ ਉਸੇ ਤਰ੍ਹਾਂ ਦੀ ਹੈ ਜਿਵੇਂ ਹਰ ਇੱਕ ਮਾਂ ਨੂੰ ਹੁੰਦੀ ਹੈ ਜਦੋਂ ਉਸ ਦਾ ਬੱਚਾ, ਉਸ ਦਾ ਪੁੱਤਰ ਕੋਈ ਚੰਗੀ ਚੀਜ਼ ਖਾਂਦਾ ਹੈ, ਜਿਸ ਤਰ੍ਹਾਂ ਮੱਛੀ ਨੂੰ ਪਾਣੀ ਵਿਚ ਨਹਾ ਕੇ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਗੁਰੁਸਿੱਖ ਦੀ ਸੇਵਾ ਕਰਦਾ ਹੈ ਤਾਂ ਗੁਰੂ ਖੁਸ਼ ਹੁੰਦਾ ਹੈ:
ਮਾਤਾ ਪ੍ਰੀਤਿ ਕਰੇ ਪੁਤੁ ਖਾਇ॥
ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥੧॥ (ਪੰਨਾ ੧੬੪)
ਗੁਰੂ ਰਾਮਦਾਸ ਦੱਸਦੇ ਹਨ ਕਿ ਹਰ ਇੱਕ ਮਨੁੱਖ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਖੱਟੀ-ਕਮਾਈ ਕਰਕੇ ਮਾਇਆ ਇਕੱਠੀ ਕਰਦਾ ਹੈ, ਦੌਲਤ ਕਮਾਉਂਦਾ ਹੈ। ਪਰ ਗੁਰੂ ਦੇ ਸਿੱਖ ਨੂੰ ਉਦੋਂ ਅਥਾਹ ਖੁਸ਼ੀ ਹੁੰਦੀ ਹੈ ਜਦੋਂ ਉਸ ਦਾ ਗੁਰੂ ਉਸ ਨੂੰ ਪ੍ਰੇਮ ਨਾਲ ਗਲੇ ਲਾਉਂਦਾ ਹੈ, ਉਸ ਨੂੰ ਪਿਆਰ ਦਿੰਦਾ ਹੈ ਅਤੇ ਗੁਰਸਿੱਖ ਗੁਰੂ ਨੂੰ ਗਲੇ ਲੱਗ ਕੇ ਮਿਲਦਾ ਹੈ-ਭਾਵ ਗੁਰੂ ਦੇ ਸਿੱਖ ਲਈ ਗੁਰੂ ਦਾ ਪ੍ਰੇਮ ਸਭ ਤੋਂ ਵੱਡੀ ਦੌਲਤ ਹੈ, ਦੁਨੀਆਂ ਦੀ ਹੋਰ ਕੋਈ ਦੌਲਤ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਰੱਬ ਦੇ ਭਗਤ ਨੂੰ, ਅਕਾਲ ਪੁਰਖ ਦੇ ਸੇਵਕ ਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹ ਕਿਸੇ ਮਹਾਂ ਪੁਰਖ/ਗੁਰਸਿੱਖ ਦੇ ਪੈਰ ਚੁੰਮਦਾ ਹੈ:
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ॥
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ॥
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ॥ (ਪੰਨਾ ੧੬੪)
ਗੁਰਸਿਖ ਗੁਰਮੁਖਿ ਦਾ ਪਰਾਇਵਾਚੀ ਸ਼ਬਦ ਹੈ ਕਿਉਂਕਿ ਗੁਰਮੁਖਿ ਉਹ ਹੈ ਜੋ ਗੁਰੂ ਦੀ ਸਿੱਖਿਆ ਤੇ ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ। ਗੁਰਸਿੱਖ ਵੀ ਉਹ ਹੀ ਕਹਾਉਣ ਦਾ ਹੱਕਦਾਰ ਹੈ ਜੋ ਆਪਣਾ ਜੀਵਨ ਗੁਰੂ ਦੀ ਸਿੱਖਿਆ ਅਨੁਸਾਰ ਚਲਾਉਂਦਾ ਹੈ। ਗੁਰੂ ਦੇ ਸਿੱਖ ਕੋਲੋਂ ਗੁਰੂ ਤਵੱਕੋ ਕਰਦਾ ਹੈ ਕਿ ਉਹ ਗੁਰੂ ਨੂੰ ਪਿੱਠ ਨਾ ਦਿਖਾਵੇ। ਗੁਰਮਤਿ ਅਨੁਸਾਰ ਗੁਰੂ ਸ਼ਬਦ ਹੈ, ਗੁਰੂ ਦੀ ਬਾਣੀ ਹੀ ਗੁਰੂ ਹੈ, ਜਿਸ ਦਾ ਸਿੱਟਾ ਇਹ ਕੱਢ ਸਕਦੇ ਹਾਂ ਕਿ ਗੁਰਸਿੱਖ ਨੇ ਆਪਣਾ ਜੀਵਨ ਬਾਣੀ ਵਿਚ ਦੱਸੇ ਨਿਯਮਾਂ ਅਨੁਸਾਰ ਢਾਲਣਾ ਹੈ, ਗੁਰਸ਼ਬਦ ਦਾ ਅਨੁਸਾਰੀ ਹੋ ਕੇ ਚੱਲਣਾ ਹੈ। ਗੁਰਮੁਖਿ ਅਤੇ ਗੁਰਸਿੱਖ ਪਰਾਇਵਾਚੀ ਸ਼ਬਦ ਹਨ ਇਸ ਦਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹੋ ਜਾਂਦਾ ਹੈ।
ਗੁਰੂ ਰਾਮਦਾਸ ਗਉੜੀ ਕੀ ਵਾਰ ਵਿਚ ਦੱਸਦੇ ਹਨ ਕਿ ਜੋ ਮਨੁੱਖ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ, ਉਹ ਮਨਮੁਖਿ ਹੈ ਜੋ ਆਪਣੇ ਮਨ ਦੀਆਂ ਇਛਾਵਾਂ ਅਨੁਸਾਰ ਚੱਲਦਾ ਹੈ। ਮਨ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਮੂਰਖ ਤੇ ਮਾਇਆ ਦਾ ਠੱਗਿਆ ਹੋਇਆ ਹੈ (ਮਨਮੁਖਿ ਨੂੰ ਮੂਰਖ ਇਸ ਲਈ ਕਿਹਾ ਹੈ ਕਿਉਂਕਿ ਗੁਰਬਾਣੀ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਦਿ ਬਿਰਤੀਆਂ ਮਨ ‘ਤੇ ਭਾਰੂ ਹੋ ਜਾਂਦੀਆਂ ਹਨ ਅਤੇ ਆਪਣੇ ਮਨ ਦੀ ਮੱਤ ਅਨੁਸਾਰ ਚੱਲਣ ਵਾਲਾ ਮਨੁੱਖ ਇਨ੍ਹਾਂ ਬਿਰਤੀਆਂ ਦੇ ਪਿੱਛੇ ਲੱਗ ਕੇ ਤੁਰਦਾ ਹੈ ਜੋ ਮਨੁੱਖ ਤੋਂ ਗਲਤ ਕੰਮ ਕਰਵਾਉਂਦੀਆਂ ਹਨ)। ਉਸ ਦੇ ਮਨ ਵਿਚ ਝੂਠ ਹੈ ਅਤੇ ਉਹ ਸੱਚ ਨੂੰ ਵੀ ਝੂਠ ਹੀ ਸਮਝਦਾ ਹੈ ਜਿਸ ਕਰਕੇ ਉਸ ਦੇ ਗਲ ਵਿਚ ਬੇਅਰਥ ਝਗੜੇ ਪੈ ਜਾਂਦੇ ਹਨ। ਅਜਿਹਾ ਮਨੁੱਖ ਊਲ-ਜਲੂਲ ਬੋਲ ਕੇ ਰੋਟੀ-ਰੋਜ਼ੀ ਕਮਾਉਣ ਦੇ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਪਰ ਉਸ ਦੇ ਬਚਨ ਕਿਸੇ ਨੂੰ ਚੰਗੇ ਨਹੀਂ ਲੱਗਦੇ ਕਿਉਂਕਿ ਉਸ ਦੇ ਬੋਲ ਝੂਠ ‘ਤੇ ਆਧਾਰਤ ਹੁੰਦੇ ਹਨ। ਅਜਿਹਾ ਮਨੁੱਖ ਤਰ੍ਹਾਂ ਤਰ੍ਹਾਂ ਦੇ ਲੋਕਾਂ ਕੋਲ ਜਾ ਕੇ ਉਨ੍ਹਾਂ ਨਾਲ ਮੇਲ-ਮਿਲਾਪ ਵੀ ਕਰਨਾ ਚਾਹੁੰਦਾ ਹੈ ਪਰ ਸਫਲ ਨਹੀਂ ਹੁੰਦਾ ਕਿਉਂਕਿ ਅਜਿਹੇ ਮਨੁੱਖ ਦੀ ਸੱਚਾਈ ਹਰ ਇੱਕ ਨੂੰ ਪਤਾ ਹੁੰਦੀ ਹੈ।
ਗੁਰਮੁਖਿ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ ਅਤੇ ਮਨਮੁਖ ਤੋਂ ਵੱਖਰਾ ਰਹਿੰਦਾ ਹੈ। ਉਹ ਗੁਰੂ ਦੀ ਸੰਗਤਿ ਕਰਦਾ ਹੈ ਅਤੇ ਗੁਰੂ ਤੋਂ ਸਿੱਖਿਆ ਲੈਂਦਾ ਹੈ। ਮਨਮੁਖ ਸਤਿਗੁਰੂ ਦੀ ਨਿੰਦਿਆ ਕਰਦਾ ਹੈ ਜਿਸ ਕਰਕੇ ਜੋ ਅਕਲ ਉਸ ਕੋਲ ਹੁੰਦੀ ਹੈ, ਉਹ ਵੀ ਗਵਾ ਲੈਂਦਾ ਹੈ। ਗੁਰਮੁਖਿ ਸਤਿਗੁਰੂ ਦੀ ਵਡਿਆਈ ਕਰਦਾ ਹੈ। ਗੁਰਸਿੱਖ ਦਾ ਪਹਿਲਾ ਕੰਮ ਇਹ ਕਿ ਉਹ ਗੁਰੂ ਦੇ ਬਚਨ ਨੂੰ ਸੁਣੇ ਅਤੇ ਉਸ ਉਤੇ ਅਮਲ ਕਰੇ ਕਿਉਂਕਿ ਇਹ ਸਭ ਤੋਂ ਵੱਧ ਪ੍ਰਮਾਣਿਕ ਸਿੱਖਿਆ ਹੈ ਜੋ ਗੁਰਸਿੱਖ ਨੂੰ ਚੰਗੇ ਰਸਤੇ ‘ਤੇ ਪਾਉਂਦੀ ਹੈ; ਗੁਰੂ ਦਾ ਬਚਨ ਸਭ ਸ਼ਾਸਤਰਾਂ ਤੋਂ ਉਪਰ ਹੈ, ਇਸੇ ਲਈ ਗੁਰਸਿੱਖ ਨੂੰ ਪੂਰੇ ਗੁਰੂ ਦੀ ਵਡਿਆਈ ਚੰਗੀ ਲਗਦੀ ਹੈ:
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ
ਅਗਿਆਨੁ ਮੁਠਾ ਬਿਖੁ ਮਾਇਆ॥
ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ
ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ॥
ਓਹੁ ਗਲ ਫਰੋਸੀ ਕਰੇ ਬਹੁਤੇਰੀ
ਓਸ ਦਾ ਬੋਲਿਆ ਕਿਸੈ ਨ ਭਾਇਆ॥
ਓਹੁ ਘਰਿ ਘਰਿ ਹੰਢੈ ਜਿਉ ਰੰਨ ਦੁਹਾਗਣਿ
ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ॥
ਗੁਰਮੁਖਿ ਹੋਇ ਸੁ ਅਲਿਪਤੋ ਵਰਤੈ
ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ॥
ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ
ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ॥
ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ
ਪੂਰੇ ਗੁਰ ਕਾ ਬਚਨੁ ਉਪਰਿ ਆਇਆ॥
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ
ਮਨਮੁਖਾ ਓਹ ਵੇਲਾ ਹਥਿ ਨ ਆਇਆ॥੨॥ (ਪੰਨਾ ੩੦੩-੪)
ਗੁਰੂ ਨੇ ਸਿੱਖ ਨੂੰ ਉਦਮੀ ਹੋਣ, ਅਕਾਲ ਪੁਰਖ ਦਾ ਨਾਮ ਸਿਮਰਨ ਕਰਨ, ਉਸ ਨਾਲ ਜੁੜੇ ਰਹਿਣ ਅਤੇ ਨਾਲ ਹੀ ਸਰੀਰਕ ਤੰਦਰੁਸਤੀ, ਸਰੀਰਕ ਸਫਾਈ ਦੀ ਤਾਕੀਦ ਕੀਤੀ ਹੈ ਤਾਂ ਕਿ ਉਸ ਦੇ ਉਦਮ ਵਿਚ ਕਿਸੇ ਕਿਸਮ ਦਾ ਵਿਘਨ ਨਾ ਪਵੇ। ਇਸੇ ਵਾਰ ਦੇ ਅਗਲੇ ਸਲੋਕ ਵਿਚ ਗੁਰੂ ਰਾਮਦਾਸ ਉਪਦੇਸ਼ ਦਿੰਦੇ ਹਨ ਕਿ ਜੋ ਮਨੁੱਖ ਖੁਦ ਨੂੰ ਗੁਰੂ ਸਤਿਗੁਰੂ ਦਾ ਸਿੱਖ ਅਖਵਾਉਂਦਾ ਹੈ ਜਾਂ ਜਿਸ ਨੂੰ ਦੁਨੀਆਂ ਵਾਲੇ ਵੀ ਗੁਰੂ ਦਾ ਸੱਚਾ ਸਿੱਖ ਮੰਨਦੇ ਹਨ, ਉਹ ਗੁਰਸਿੱਖ ਰੋਜ਼ ਸਵੇਰੇ ਉਠ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ, ਰੋਜ਼ ਮਿਹਨਤ ਕਰਦਾ ਹੈ, ਉਦਮ ਕਰਦਾ ਹੈ, ਇਸ਼ਨਾਨ ਕਰਦਾ ਹੈ ਅਤੇ ਫਿਰ ਨਾਮ-ਰੂਪੀ ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ। ਸਤਿਗੁਰੂ ਦੀ ਸਿੱਖਿਆ ਅਨੁਸਾਰ ਅਕਾਲ ਪੁਰਖ ਦੇ ਨਾਮ ਦਾ ਜਾਪ ਜਪਦਾ ਹੈ। ਜਾਪ ਜਪਣ ਨਾਲ ਉਸ ਦੇ ਮਨ ਵਿਚੋਂ ਹਰ ਤਰ੍ਹਾਂ ਦੇ ਵਿਕਾਰ ਦੂਰ ਹੋ ਜਾਂਦੇ ਹਨ, ਪਾਪ-ਕਰਮ ਕਰਨ ਦੀ ਪ੍ਰੇਰਨਾ ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਤੋਂ ਹੀ ਮਿਲਦੀ ਹੈ। ਇਸ ਲਈ ਜਦੋਂ ਨਾਮ ਦਾ ਜਾਪ ਜਪਣ ਨਾਲ ਉਸ ਦੇ ਮਨ ਵਿਚੋਂ ਵਿਕਾਰ ਦੂਰ ਹੋ ਜਾਂਦੇ ਹਨ ਤਾਂ ਪਾਪ-ਕਰਮ ਆਪਣੇ ਆਪ ਬੰਦ ਹੋ ਜਾਂਦੇ ਹਨ ਅਤੇ ਉਹ ਵਿਕਾਰਾਂ ਅਤੇ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ ਅਤੇ ਬੈਠਦਿਆਂ-ਉਠਦਿਆਂ, ਰੋਜ਼ ਦੀ ਕਿਰਤ-ਕਮਾਈ ਕਰਦਿਆਂ ਅਕਾਲ ਪੁਰਖ ਨੂੰ ਯਾਦ ਕਰਦਾ ਹੈ, ਨਾਮ ਦਾ ਸਿਮਰਨ ਕਰਦਾ ਹੈ। ਇਸ ਤਰ੍ਹਾਂ ਦੀ ਜੀਵਨ-ਸ਼ੈਲੀ ਬਣਾਉਣ ਵਾਲਾ ਮਨੁੱਖ ਸਤਿਗੁਰੁ ਨੂੰ ਚੰਗਾ ਲੱਗਦਾ ਹੈ। ਇਸ ਵਿਚ ਅਕਾਲ ਪੁਰਖ ਦੀ ਮਿਹਰ ਵੀ ਸ਼ਾਮਲ ਹੈ। ਜਿਸ ਉਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਉਹ ਮਨੁੱਖ ਗੁਰੂ ਦੀ ਸ਼ਰਨ ਵਿਚ ਆਉਂਦਾ ਹੈ ਅਤੇ ਫਿਰ ਉਸ ਨੂੰ ਗੁਰੂ ਸਿੱਖਿਆ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਅਜਿਹੇ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਹਨ ਜੋ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਆਪ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਹੋਰਾਂ ਨੂੰ ਨਾਮ ਦਾ ਜਾਪ ਕਰਨ ਦੀ ਪ੍ਰੇਰਨਾ ਕਰਦਾ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ
ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ
ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ
ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ
ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ
ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ
ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥੨॥
ਉਪਰ ਗੁਰੂ ਰਾਮਦਾਸ ਦੀ ਬਾਣੀ ਵਿਚੋਂ ਜੋ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ, ਉਸ ਤੋਂ ਇਹ ਸਪੱਸ਼ਟ ਹੈ ਕਿ ਗੁਰੂ ਦਾ ਸਿੱਖ ਹੋਣ ਦਾ ਅਰਥ ਹੈ ਗੁਰੂ ਦੇ ਦੱਸੇ ਉਪਦੇਸ਼ ‘ਤੇ ਹਰ ਸਮੇਂ ਚੱਲਣਾ, ਉਸ ਅਕਾਲ ਪੁਰਖ ਨੂੰ ਸਦਾ ਯਾਦ ਰੱਖਣਾ, ਨਾਮ ਸਿਮਰਨ ਰਾਹੀਂ ਮਨ ਵਿਚੋਂ ਵਿਸ਼ੇ ਵਿਕਾਰਾਂ ਨੂੰ ਦੂਰ ਕਰਨਾ ਹੈ ਅਤੇ ਸਰੀਰ ਦੀ ਤੰਦਰੁਸਤੀ ਵਾਸਤੇ ਸਵੇਰੇ ਉਠ ਕੇ ਇਸ਼ਨਾਨ ਕਰਨਾ ਹੈ। ਗੁਰਮਤਿ ਅਨੁਸਾਰ (ਇਹ ਹੀ ਸਿੱਖ ਧਰਮ ਹੈ) ਸੁਚੱਜਾ ਜੀਵਨ ਜਿਉਣ ਲਈ ਮਨ ਤੇ ਸਰੀਰ ਦੋਵੇਂ ਸਾਫ-ਸੁਥਰੇ ਅਤੇ ਤੰਦਰੁਸਤ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਿਰਤ ਕਮਾਈ ਕਰਦਿਆਂ ਵੀ ਉਸ ਅਕਾਲ ਪੁਰਖ ਨੂੰ ਸਦਾ ਯਾਦ ਰੱਖਣਾ ਹੈ (ਉਸ ਨਾਲ ਜੁੜ ਕੇ ਹੀ ਮਨੁੱਖ ਈਮਾਨਦਾਰੀ ਦੀ ਕਮਾਈ ਕਰ ਸਕਦਾ ਹੈ)। ਇਸ ਰਸਤੇ ‘ਤੇ ਸਿਰਫ ਆਪ ਹੀ ਨਹੀਂ ਚੱਲਣਾ ਬਲਕਿ ਦੂਸਰਿਆਂ ਨੂੰ ਵੀ ਇਸ ‘ਤੇ ਚੱਲਣ ਲਈ ਪ੍ਰੇਰਨਾ ਹੈ। ਇਸ ਵਿਚ ਅਧਿਆਤਮਕ ਪ੍ਰਾਪਤੀਆਂ ਲਈ ਕਿਸੇ ਏਕਾਂਤ ਦੀ ਲੋੜ ਨਹੀਂ ਹੈ। ਦੂਸਰਿਆਂ ਨੂੰ ਗੁਰੂ ਦੇ ਰਸਤੇ ‘ਤੇ ਤੋਰਨਾ ਸੰਗਤਿ ਵਿਚ ਹੀ ਸੰਭਵ ਹੈ। ਇਸ ਵਿਚ ਅਕਾਲ ਪੁਰਖ ਦੀ ਮਿਹਰ ਵੀ ਸ਼ਾਮਲ ਹੈ, ਮਿਹਰ ਦਾ ਪਾਤਰ ਹੋਣ ਲਈ ਅਕਾਲ ਪੁਰਖ ਦੇ ਮਨ ਨੂੰ ਚੰਗੇ ਲੱਗਣ ਵਾਲੇ ਕੰਮ ਕਰਨੇ ਹੁੰਦੇ ਹਨ।
ਗੁਰਸਿੱਖ ਕਿਹੋ ਜਿਹਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ, ਇਸ ਦਾ ਹਵਾਲਾ ਸਾਨੂੰ ਗੁਰੂ ਅਰਜਨ ਦੇਵ ਦੀ ਬਾਣੀ ਵਿਚੋਂ ਵੀ ਮਿਲ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਗੁਰਮਤਿ ਅਨੁਸਾਰ ਮਨੁੱਖ ਜਾਂ ਸਿੱਖ ਨੂੰ ਗੁਰੂ ਦੇ ਮਾਰਗ ‘ਤੇ ਚੱਲਣ ਦਾ ਆਦੇਸ਼ ਹੈ ਅਤੇ ਇਸ ਮਾਰਗ ਦਾ ਗਿਆਨ ਹਾਸਲ ਕਰਨ ਲਈ ਗੁਰੂ ਦੀ ਜ਼ਰੂਰਤ ਹੈ। ਗੁਰੂ ਕੌਣ ਜਾਂ ਕਿਹੋ ਜਿਹਾ ਹੁੰਦਾ ਹੈ, ਇਸ ਦੀ ਵਿਆਖਿਆ ਗੁਰਬਾਣੀ ਵਿਚ ਬਾਖੂਬੀ ਕੀਤੀ ਹੋਈ ਮਿਲ ਜਾਂਦੀ ਹੈ। ਗੁਰੂ ਦਾ ਫਰਜ਼ ਜਾਂ ਕਾਰਜ ਹੈ ਮਨੁੱਖ ਅਰਥਾਤ ਸਿੱਖ ਦੇ ਮਨ ਨੂੰ ਅਕਾਲ ਪੁਰਖ ਨਾਲ ਜੋੜਨਾ ਅਤੇ ਨਾਮ-ਮਾਰਗ ‘ਤੇ ਚੱਲਣ ਦੀ ਜਾਚ ਦੱਸਣਾ। ਅਸਲ ਵਿਚ ਸਿੱਖੀ ਜਾਂ ਗੁਰਮਤਿ ਇੱਕ ਜੀਵਨ ਜਾਚ ਹੈ, ਜਿਸ ਨੂੰ ਇਸ ਸੰਸਾਰ ਵਿਚ, ਮਨੁੱਖੀ ਸਮਾਜ ਵਿਚ ਵਿਚਰਦਿਆਂ ਆਪਣੇ ਸਮਾਜਿਕ ਫਰਜ਼ਾਂ, ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਅਪਨਾਉਣਾ ਹੈ। ਗੁਰੂ ਅਰਜਨ ਦੇਵ ਇਸ ਜੀਵਨ ਜਾਚ ਵੱਲ ਸੰਕੇਤ ਕਰਦਿਆਂ ਕਹਿੰਦੇ ਹਨ ਕਿ ਗੁਰੂ ਨੇ ਮੇਰੇ ਮਨ ਅੰਦਰ ਅਕਾਲ ਪੁਰਖ ਦੀ ਸਿਫਤਿ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈ ਅਤੇ ਇਸ ਸ਼ਬਦ ਦੀ ਬਰਕਤਿ ਨਾਲ ਮੈਂ ਸਾਰੇ ਸੁੱਖਾਂ ਦਾ ਸਿਰਮੌਰ ਸੁੱਖ ਆਤਮਕ ਸੁੱਖ ਲੱਭ ਲਿਆ ਹੈ। ਗੁਰੂ ਨੇ ਮੇਰੇ ਸਿਰ ਉਤੇ ਮਿਹਰ ਭਰਿਆ ਹੱਥ ਰੱਖਿਆ ਹੈ ਅਤੇ ਮਿਹਰ ਸਦਕਾ ਮੈਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਗਏ ਹਨ ਅਰਥਾਤ ਮੇਰੀ ਸੁਰਤ ਪਰਮਾਤਮ-ਸੁਰਤਿ ਨਾਲ ਇਕਸੁਰ ਹੋ ਗਈ ਹੈ।
ਗੁਰੂ ਅਰਜਨ ਦੇਵ ਫਰਮਾਉਂਦੇ ਹਨ ਕਿ ਮੈਂ ਕੋਸ਼ਿਸ਼ ਕਰਕੇ ਗੁਰੂ ਦੇ ਸਿੱਖਾਂ ਨੂੰ ਲੱਭ ਲੱਭ ਕੇ ਮਿਲਦਾ ਹਾਂ, ਉਸ ਧਰਮ ਦੇ ਕੇਂਦਰ ਵਿਚ ਇਕੱਠੇ ਕਰਨ ਲਈ। ਉਨ੍ਹਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ ਜਿਥੇ ਮੈਂ ਉਸ ਸਦੀਵੀ ਹਸਤੀ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹਾਂ। ਜਿਹੜਾ ਗੁਰਸਿੱਖ ਲੱਭ ਪਵੇ, ਮੈਂ ਉਸ ਦੀ ਸੇਵਾ ਕਰਦਾ ਹਾਂ, ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ ਅਤੇ ਪੂਰੇ ਸਤਿਕਾਰ ਨਾਲ ਉਸ ਦੇ ਚਰਨਾਂ ਵਿਚ ਨਿਵਦਾ ਹਾਂ।
ਗੁਰੂ ਅਰਜਨ ਦੇਵ ਦੱਸਦੇ ਹਨ ਕਿ ਗੁਰੂ ਜਿਸ ਜਿਸ ਨੂੰ ਵੀ ਉਸ ਪਰਮਹਸਤੀ ਦੇ ਨਾਮ-ਸਿਮਰਨ ਦੀ ਬੇੜੀ ਵਿਚ ਬਿਠਾਉਂਦਾ ਹੈ, ਉਹ ਸਭ ਵਿਕਾਰਾਂ ਤੋਂ ਬਚ ਜਾਂਦੇ ਹਨ। ਇਸੇ ਲਈ ਮੈਂ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਗੁਰੂ ਦੇ ਓਟ ਆਸਰੇ ਵਿਚ ਆ ਗਿਆ ਹਾਂ। ਗੁਰੂ ਨੇ ਮੈਨੂੰ ਇਹ ਦ੍ਰਿੜ ਕਰਵਾ ਦਿੱਤਾ ਹੈ ਕਿ ਆਪ ਅਕਾਲ ਪੁਰਖ ਦਾ ਨਾਮ ਸਿਮਰਨ ਕਰਨਾ ਅਤੇ ਦੂਸਰਿਆਂ ਨੂੰ ਕਰਵਾਉਣਾ ਹੈ, ਵੰਡ ਕੇ ਖਾਣਾ ਅਰਥਾਤ ਦਾਨ ਕਰਨਾ ਅਤੇ ਸਾਫ-ਸੁਥਰਾ ਪਵਿੱਤਰ ਜੀਵਨ ਜਿਉਣਾ-ਇਹ ਸਹੀ ਜੀਵਨ ਜਾਚ ਹੈ, ਜ਼ਿੰਦਗੀ ਜਿਉਣ ਦਾ ਸਹੀ ਅਤੇ ਸੁਚੱਜਾ ਮਾਰਗ ਹੈ:
ਮੈ ਸੁਖੀ ਹੂੰ ਸੁਖੁ ਪਾਇਆ॥
ਗੁਰਿ ਅੰਤਰਿ ਸਬਦੁ ਵਸਾਇਆ॥
ਸਤਿਗੁਰਿ ਪੁਰਖਿ ਵਿਖਾਲਿਆ
ਮਸਤਕਿ ਧਰਿ ਕੈ ਹਥੁ ਜੀਉ॥੯॥
ਮੈ ਬਧੀ ਸਚੁ ਧਰਮਸਾਲ ਹੈ॥
ਗੁਰਸਿਖਾ ਲਹਦਾ ਭਾਲਿ ਕੈ॥
ਪੈਰ ਧੋਵਾ ਪਖਾ ਫੇਰਦਾ
ਤਿਸੁ ਨਿਵ ਨਿਵ ਲਗਾ ਪਾਇ ਜੀਉ॥੧੦॥
ਸੁਣਿ ਗਲਾ ਗੁਰ ਪਹਿ ਆਇਆ॥
ਨਾਮੁ ਦਾਨੁ ਇਸਨਾਨੁ ਦਿੜਾਇਆ॥
ਸਭੁ ਮੁਕਤੁ ਹੋਆ ਸੈਸਾਰੜਾ
ਨਾਨਕ ਸਚੀ ਬੇੜੀ ਚਾੜਿ ਜੀਉ॥ (ਪੰਨਾ ੭੩-੪)
ਭਾਈ ਗੁਰਦਾਸ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਹੋਣ ਦਾ ਮਾਣ ਪ੍ਰਾਪਤ ਹੈ। ਭਾਈ ਗੁਰਦਾਸ ਨੇ ਗੁਰਮਤਿ ਸਿਧਾਂਤਾਂ ਨੂੰ ਸੌਖਿਆਂ ਕਰਕੇ ਸਮਝਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਗੁਰੂ, ਗੁਰਮੁਖਿ, ‘ਗੁਰਮਤਿ ਦਾ ਗਾਡੀ ਰਾਹ’ ਅਤੇ ਗੁਰਸਿੱਖ ਤੇ ਸਿੱਖੀ ਬਾਰੇ ਕਾਫੀ ਹਵਾਲੇ ਦਿੱਤੇ ਹਨ। ਭਾਈ ਗੁਰਦਾਸ ਛੇਵੀਂ ਵਾਰ ਦੀ 16ਵੀਂ ਪਉੜੀ ਵਿਚ ਅਕਾਲ ਪੁਰਖ ਦੀ ਸਿਫਤਿ ਕਰਦੇ ਹਨ ਕਿ ਜਿਸ ਨੇ ਆਪਣੇ ਸਰੂਪ ਵਿਚ ਗੁਰੂ ਦਾ ਸਰੂਪ ਬਣਾਇਆ ਹੈ ਅਤੇ ਗੁਰੂ ਵੀ ਧੰਨ ਹੈ। ਉਹ ਸਿੱਖ ਧੰਨ ਹੈ ਅਤੇ ਚੰਗੇ ਕਰਮਾਂ ਵਾਲਾ ਹੈ ਜੋ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ ਅਤੇ ਗੁਰੂ ਦੀ ਸ਼ਰਨ ਵਿਚ ਆਉਂਦਾ ਹੈ। ਗੁਰੂ ਦਾ ਰਸਤਾ ਸਿਫਤਯੋਗ ਹੈ ਜਿਸ ‘ਤੇ ਗੁਰਮੁਖਿ ਚਲਦਾ ਹੈ ਅਤੇ ਸਤਿਸੰਗਤਿ ਵਿਚ ਪਹੁੰਚਦਾ ਹੈ। ਸੱਚੇ ਗੁਰੂ ਦੇ ਚਰਨ ਧੰਨ ਹਨ ਅਤੇ ਧੰਨ ਹੈ ਉਹ ਸੀਸ ਜੋ ਗੁਰੂ ਦੇ ਚਰਨਾਂ ‘ਤੇ ਝੁਕਦਾ ਹੈ। ਗੁਰੂ ਦੇ ਦਰਸ਼ਨ ਦੀ ਇੱਕ ਝਲਕ ਵੀ ਮਿਲ ਜਾਵੇ ਤਾਂ ਵੱਡੇ ਭਾਗਾਂ ਵਾਲੀ ਗੱਲ ਹੈ ਅਤੇ ਗੁਰੂ ਦਾ ਉਹ ਸਿੱਖ ਵੀ ਚੰਗੀ ਕਿਸਮਤ ਵਾਲਾ ਹੈ ਜਿਸ ਨੂੰ ਗੁਰੂ ਦੇ ਦਰਸ਼ਨ ਨਸੀਬ ਹੁੰਦੇ ਹਨ। ਗੁਰੂ ਆਪਣੇ ਸਿੱਖ ਦੇ ਮਨ ਅੰਦਰ ਪ੍ਰੇਮਾ-ਭਗਤੀ ਦੀ ਭਾਵਨਾ ‘ਤੇ ਪ੍ਰਸੰਨ ਹੁੰਦਾ ਹੈ ਅਤੇ ਅਜਿਹੇ ਸਿੱਖ ਨੂੰ ਨੇੜੇ ਲਾਉਂਦਾ ਹੈ। ਗੁਰਮਤਿ ਅਰਥਾਤ ਗੁਰੂ ਦਾ ਰਸਤਾ ਅਜਿਹਾ ਹੈ ਜਿਸ ‘ਤੇ ਚੱਲਣ ਨਾਲ ਦਵੈਤ-ਭਾਵ ਖਤਮ ਹੋ ਜਾਂਦਾ ਹੈ।