ਜਰਮਨੀ ਦੇ ਗੁਰਦੁਆਰੇ ਵਿਚ ਸਿੱਖਾਂ ਦੀ ਲੜਾਈ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਵਟਸ ਐਪ ਅਤੇ ਫੇਸ ਬੁਕ ਨੇ ਸਾਰੀ ਦੁਨੀਆਂ ਵਿਚ ਲਾਲਾ ਲਾਲਾ ਕਰ ਦਿਤੀ ਹੈ ਕਿ ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰੇ ਸਿੱਖ ਸੈਂਟਰ ਅੰਦਰ 15 ਮਈ ਨੂੰ ਸਿੱਖਾਂ ਦੇ ਦੋ ਧੜਿਆਂ ਵਿਚ ਜੰਮ ਕੇ ਹੋਈ ਲੜਾਈ ਵਿਚ ਦਸਤਾਰਾਂ ਵੀ ਲੱਥੀਆਂ, ਸਿਰ ਵੀ ਪਾਟੇ ਅਤੇ ਅੱਧੀ ਦਰਜਨ ਸਿੱਖਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ। ਪਰ ਸਾਡੀ ਕੌਮ ਨੂੰ ਚਿੰਤਾ ਇਹ ਪਈ ਹੋਈ ਹੈ ਕਿ ਪੁਲਿਸ ਸਣੇ ਜੁੱਤੀਆਂ ਗੁਰਦੁਆਰੇ ਅੰਦਰ ਕਿਉਂ ਆਈ ਅਤੇ ਗੁਰੂ ਘਰ ਦੀ ਮਰਿਆਦਾ ਭੰਗ ਕਿਉਂ ਹੋਈ?

ਵਾਹ ਨੀ ਮੇਰੀਏ ਭੋਲੀਏ ਕੌਮੇ, ਤੇਰੀ ਸੋਚਣ ਸ਼ਕਤੀ ਨੂੰ ਵੀ ਖੋਰਾ ਲੱਗ ਗਿਆ ਲਗਦਾ ਹੈ। ਭਲਾ ਕੋਈ ਪੁਛੇ ਕਿ ਪੁਲਿਸ ਆਪਣੇ ਆਪ ਹੀ ਆ ਗਈ ਸੀ ਜਾਂ ਪੁਲਿਸ ਨੂੰ ਸੁਪਨਾ ਆਇਆ ਸੀ ਕਿ ਸਿੱਖਾਂ ਦੇ ਧਰਮ ਅਸਥਾਨ ਵਿਚ ਅੱਜ ਫਿਰ ਦੋ-ਦੋ ਹੱਥ ਹੋਣਗੇ ਤੇ ਅਸੀਂ ਵੀ ਚੱਲ ਕੇ ਇਨ੍ਹਾਂ ਦਾ ਧਾਰਮਿਕ ਮੈਚ ਵੇਖ ਆਈਏ! ਪਰ ਹਾਂ ਇਕ ਗੱਲ ਜ਼ਰੂਰ ਹੈ ਕਿ ਜਰਮਨੀ ਹੋਵੇ ਜਾਂ ਅਮਰੀਕਾ, ਪੁਲਿਸ ਦੇ ਕੰਨ ਜ਼ਰੂਰ ਖੜ੍ਹੇ ਰਹਿੰਦੇ ਹਨ ਕਿ ਸਿੱਖਾਂ ਦੇ ਗੁਰਦੁਆਰੇ ਵਿਚ ਦੋ ਚਾਰ ਹਫਤੇ ਖੈਰ-ਸੁਖ ਨਾਲ ਲੰਘ ਜਾਣ, ਇਹ ਕਿਵੇਂ ਹੋ ਸਕਦਾ ਹੈ?
ਸਿੱਖ ਕੌਮ ਜੀਓ, ਸਾਡੇ ਧਰਮ ਅਸਥਾਨਾਂ ਦੀ ਬੇਅਦਬੀ ਅਮਰੀਕਾ-ਜਰਮਨੀ ਦੀ ਪੁਲਿਸ ਜਾਂ ਕਾਨੂੰਨ ਨਹੀਂ ਕਰ ਰਹੇ, ਸਿੱਖਾਂ ਨੂੰ ਤਾਂ ਗੋਲਕਾਂ ਦੇ ਅਫਾਰੇ ਚੜ੍ਹੇ ਪਏ ਹਨ। ਮਾਇਆ ਅਤੇ ਚੌਧਰ ਦੀ ਭੁਖ ਨੇ ਸਿੱਖਾਂ ਨੂੰ ਆਤਮਕ ਤੌਰ ‘ਤੇ ਮਾਰ ਛੱਡਿਆ ਹੈ, ਸਾਡੀਆਂ ਜ਼ਮੀਰਾਂ ਮਰ ਚੁਕੀਆਂ ਹਨ। ਦੋ ਧੜੇ, ਭਾਵ ਇੱਕ ਕਾਬਜ ਧੜਾ ਅਤੇ ਦੂਜਾ ਹਾਰਿਆ ਹੋਇਆ ਧੜਾ-ਹਰ ਵੇਲੇ ਲਲਕਾਰੇ ਮਾਰਦੇ ਰਹਿੰਦੇ ਹਨ ਕਿ ਜਿੱਤੇ ਹੋਏ ਧੜੇ ਨੂੰ ਕੱਢ ਕੇ ਆਪ ਕਿਵੇਂ ਕਾਬਜ ਹੋਈਏ ਅਤੇ ਜਾਂ ਸਾਨੂੰ ਕੱਢ ਕੇ ਇਹ ਧੜਾ ਕਿਵੇਂ ਕਾਬਜ ਹੋ ਗਿਆ ਹੈ। ਸ਼ਰਮ ਕਿਸ ਨੂੰ ਆਉਂਦੀ ਹੈ? ਆਮ ਸੰਗਤ ਨੂੰ। ਚੜ੍ਹਾਵਾ ਕਿਥੋਂ ਆਉਂਦਾ ਹੈ? ਆਮ ਸੰਗਤ ਤੋਂ। ਸਮਾਗਮ ਕਿਨ੍ਹਾਂ ਦੇ ਹੁੰਦੇ ਹਨ? ਆਮ ਸੰਗਤ ਦੇ। ਗੁਰੂ ਦਾ ਡਰ ਕਿਸ ਨੂੰ ਹੈ? ਆਮ ਸੰਗਤ ਨੂੰ, ਤਾਂ ਫਿਰ ਇਹ ਲੋਕ ਕੌਣ ਹਨ ਜੀ?
ਇਨ੍ਹਾਂ ਦੀ ਸ਼ਰਮ ਕਿਹੜੇ ਖੂਹ ਵਿਚ ਜਾ ਪਈ ਹੈ, ਇਹ ਬਹਿਰੂਪੀਏ ਕੌਣ ਹਨ ਅਤੇ ਕਿਥੋਂ ਆਏ ਹਨ? ਹੈ ਕੋਈ ਜੋ ਇਹ ਦਸ ਸਕਦਾ ਹੈ?
ਆਓ, ਜਰਾ ਦੂਜੇ ਪਾਸੇ ਵੀ ਝਾਤ ਮਾਰਦਿਆਂ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਦੀ ਵੀ ਗੱਲ ਕਰ ਲਈਏ। ਗੁਰਦੁਆਰਾ ਸਾਹਿਬ ਅੰਦਰ ਸਿੱਖਾਂ ਦੀਆਂ ਦਸਤਾਰਾਂ ਪੈਰਾਂ ਵਿਚ ਰੁਲ ਰਹੀਆਂ ਸਨ, ਸਿਰਾਂ ਵਿਚੋਂ ਖੂਨ ਵਗ ਰਿਹਾ ਸੀ, ਪਰ ਭਾਈ ਸਾਹਿਬ ਪਹਿਲੀ ਮੰਜ਼ਿਲ ‘ਤੇ ਆਪਣੇ ਮੁਖਾਰਬਿੰਦ ਤੋਂ ਸੰਗਤਾਂ ਨੂੰ ਗੁਰਬਾਣੀ ਦਾ ਕਥਾ ਕੀਰਤਨ ਸਰਵਣ ਕਰਵਾ ਰਹੇ ਸਨ। ਕੀ ਗੁਰੂ ਘਰ ਦੇ ਕੀਰਤਨੀਆਂ ਜਾਂ ਪ੍ਰਚਾਰਕਾਂ ਦੀ ਇਹੋ ਹੀ ਰਹੁ ਰੀਤ ਹੈ ਅਤੇ ਭਾਈ ਸਾਹਿਬ ਕਿਹੜੀ ਗੁਰ ਮਰਿਆਦਾ ਦਾ ਪਾਲਣ ਕਰ ਕੇ ਆਪਣਾ ਕਿਹੜਾ ਧਰਮ ਨਿਭਾ ਰਹੇ ਸਨ? ਜਦ ਕਿ ਦੂਜੀ ਧਿਰ ਵਲੋਂ ਭਾਈ ਸਾਹਿਬ ਦੇ ਬੋਲਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪ੍ਰਬੰਧਕਾਂ ਨੇ ਪੁਲਿਸ ਵੀ ਭਾਈ ਸਾਹਿਬ ਦੇ ਬੋਲਣ ਤੋਂ ਪਹਿਲਾਂ ਹੀ ਬੁਲਾ ਰਖੀ ਸੀ ਤਾਂ ਭਾਈ ਪੰਥਪ੍ਰੀਤ ਸਿੰਘ ਬੋਲੇ ਹੀ ਕਿਉਂ?
ਗੱਲ ਤਾਂ ਦੋਹਾਂ ਧੜਿਆਂ ਦੇ ਹੰਕਾਰ ਦੀ ਹੀ ਸਿਰੇ ਚੜ੍ਹੀ। ਸ਼ਬਦ ਗੁਰੂ ਦੇ ਸਤਿਕਾਰ ਅਤੇ ਮਰਿਆਦਾ ਦੀਆਂ ਤਾਂ ਭਾਈ ਸਾਹਿਬ ਨੇ ਵੀ ਧੱਜੀਆਂ ਉਡਾ ਕੇ ਰੱਖ ਦਿੱਤੀਆਂ, ਪਰ ਸਾਡੀ ਕੌਮ ਦੇ ਭੋਲੇ ਲੋਕ ਅਜੇ ਵੀ ਬਾਹਰਲੇ ਮੁਲਕਾਂ ਦੀ ਪੁਲਿਸ ਨੂੰ ਹੀ ਪਾਣੀ ਪੀ ਪੀ ਕੇ ਕੋਸੀ ਜਾ ਰਹੇ ਹਨ।
ਲਓ ਜੀ, ਸਾਡੀ ਕੌਮ ਦੀ ਇੱਕ ਹੋਰ ਖਬਰ ਵੀ ਆ ਗਈ ਜੇ ਕਿ ਇਟਲੀ ਦੀ ਸਰਕਾਰ ਨੇ ਸਿੱਖਾਂ ਦੇ ਪੰਜਵੇਂ ਕੱਕਾਰ ਛੋਟੀ ਕਿਰਪਾਨ ਨੂੰ ਜਨਤਕ ਥਾਂਵਾਂ ‘ਤੇ ਪਹਿਨ ਕੇ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ। ਸਿੱਖ ਕੌਮ ਜੀਓ, ਬਾਹਰਲੇ ਮੁਲਕਾਂ ਨੇ ਸਾਨੂੰ ਕਦੀ ਵੀ ਕੁਝ ਨਹੀਂ ਕਿਹਾ, ਅਸੀਂ ਆਪ ਹੀ ਆਏ ਦਿਨ ਆਪਣੀ ਹੈਂਕੜ ਅਤੇ ਹੰਕਾਰ ਸਦਕਾ ਆਪਣੇ ਗੁਰੂ ਘਰਾਂ ਅਤੇ ਧਰਮ ਦੇ ਚਿੰਨ੍ਹ ਕੱਕਾਰਾਂ ਦਾ ਅਪਮਾਨ ਵੀ ਕਰਵਾਈ ਜਾ ਰਹੇ ਹਾਂ ਅਤੇ ਰੌਲਾ ਵੀ ਪਾਈ ਜਾ ਰਹੇ ਹਾਂ। ਅਸੀਂ ਆਪਣੇ ਗੁਰੂ ਅਤੇ ਧਰਮ ਦੇ ਦੇਣਦਾਰ ਹਾਂ, ਅਸੀਂ ਗੁਨਾਹਗਾਰ ਹਾਂ ਆਪਣੇ ਸ਼ਬਦ ਗੁਰੂ ਦੇ, ਜਿਸ ਤੋਂ ਅਸੀਂ ਮਨਮੁਖ ਹੋ ਗਏ ਹਾਂ। ਅਸੀਂ ਜਿਸ ਵੀ ਮੁਲਕ ਵਿਚ ਜਾ ਕੇ ਸ਼ਰਣ ਲੈਂਦੇ ਹਾਂ ਭਾਵ ਰਹਿੰਦੇ ਹਾਂ, ਉਹ ਮੁਲਕ ਸੰਸਾਰ ਦਾ ਹਰ ਸੁਖ ਅਤੇ ਖੁਸ਼ੀ ਸਾਡੀ ਝੋਲੀ ਵਿਚ ਪਾ ਕੇ ਸਾਨੂੰ ਆਪਣੇ ਬਣਾ ਲੈਂਦਾ ਹੈ, ਪਰ ਅਸੀਂ ਉਸ ਮੁਲਕ ਦਾ ਜ਼ਰਾ ਜਿੰਨਾ ਵੀ ਸਤਿਕਾਰ ਨਹੀਂ ਕਰਦੇ ਅਤੇ ਆਪਣੀਆਂ ਮਨ ਆਈਆਂ ਤੋਂ ਬਾਜ ਨਹੀਂ ਆਉਂਦੇ। ਸਾਡੇ ਕੋਲ ਵੱਡੇ ਵੱਡੇ ਮਹਿਲਾਂ ਵਰਗੇ ਘਰ ਹਨ, ਮਹਿੰਗੀਆਂ ਕਾਰਾਂ, ਵੱਡੇ ਵੱਡੇ ਬਿਜਨਸ ਅਤੇ ਕਾਰੋਬਾਰ ਹਨ, ਬੇਸ਼ੁਮਾਰ ਧਨ ਦੌਲਤ ਅਤੇ ਬੈਂਕ ਬੈਲੈਂਸ ਹੈ। ਬੱਸ! ਇਥੇ ਆ ਕੇ ਹੀ ਬੰਦਾ ਚੱਕਰ ਵਿਚ ਪੈ ਜਾਂਦਾ ਹੈ ਕਿ ਸਭ ਕੁਝ ਤਾਂ ਮੇਰੇ ਕੋਲ ਹੈ ਪਰ ਚੌਧਰ ਕਿਉਂ ਨਹੀਂ? ਚੌਧਰ ਬੈਠੀ ਹੈ, ਗੁਰੂ ਘਰਾਂ ਵਿਚ। ਜਦ ਉਹ ਬੰਦਾ ਗੋਲਕਾਂ ਵਿਚ ਚੜ੍ਹ ਰਹੇ ਲੱਖਾਂ ਡਾਲਰਾਂ, ਪੌਂਡਾਂ, ਯੂਰੋ ਅਤੇ ਹੋਰ ਕਰੰਸੀਆਂ ਦੇ ਢੇਰ ਦੇਖਦਾ ਹੈ ਤਾਂ ਬੰਦੇ ਦਾ ਦੀਨ ਈਮਾਨ ਪਲਾਂ ਵਿਚ ਹੀ ਕਾਫੂਰ ਹੋ ਜਾਂਦਾ ਹੈ।
ਜਰਮਨੀ ਦੇ ਜਿਸ ਗੁਰਦੁਆਰੇ ਵਿਚ ਇਹ ਖਾਨਾ ਜੰਗੀ ਹੋਈ ਹੈ, ਉਹ ਗੁਰੂ ਘਰ ਜਰਮਨੀ ਦਾ ਹੀ ਨਹੀਂ ਸਗੋਂ ਯੂਰਪ ਦਾ ਇੱਕ ਅਹਿਮ ਅਤੇ ਵੱਡਾ ਗੁਰ ਅਸਥਾਨ ਮੰਨਿਆ ਜਾਂਦਾ ਹੈ। ਜ਼ਰੂਰੀ ਹੈ, ਸੰਗਤਾਂ ਵੀ ਭਾਰੀ ਗਿਣਤੀ ਵਿਚ ਆਉਂਦੀਆਂ ਹੋਣਗੀਆਂ। ਜੇ ਸੰਗਤਾਂ ਜ਼ਿਆਦਾ ਹਨ ਤਾਂ ਮਾਇਆ ਵੀ ਅਣਗਿਣਤ ਹੀ ਚੜ੍ਹਦੀ ਹੋਵੇਗੀ। ਮਾਇਆ ਵੀ ਹੋਵੇ, ਚੌਧਰ ਵੀ ਹੋਵੇ ਤਾਂ ਦਸਤਾਰਾਂ ਨਾ ਲੱਥਣ, ਸਿਰ ਨਾ ਪਾਟਣ! ਇਹ ਕਿਵੇਂ ਹੋ ਸਕਦਾ ਹੈ? ਇਹ ਲੋਕ ਤਾਂ ਗਿਠ ਗਿਠ ਉਚੇ ਉਠ ਕੇ ਆਖਦੇ ਹਨ, Ḕਜਾਤ ਗੋਤ ਸਿੰਘਨ ਕੀ ਦੰਗਾ।Ḕ ਅੱਧੀ ਦਰਜਨ ਬੰਦੇ ਪੁਲਿਸ ਦੀ ਹਿਰਾਸਤ ਵਿਚ ਹਨ। ਕੋਰਟਾਂ ਵਿਚ ਕੇਸ ਚੱਲਣਗੇ ਅਤੇ ਇਹ ਪ੍ਰਬੰਧਕ ਬਣੇ ਚੌਧਰੀ ਸੰਗਤ ਦੀ ਮਾਇਆ ਦੀ ਖੇਹ ਉਡਾ ਕੇ ਮੇਲਾ ਵੀ ਵੇਖਣਗੇ ਅਤੇ ਲਲਕਾਰੇ ਵੀ ਮਾਰਨਗੇ।
ਇਹ ਕੋਈ ਪਹਿਲਾ ਜਾਂ ਆਖਰੀ ਗੁਰਦੁਆਰਾ ਨਹੀਂ ਹੈ, ਅਜੇ ਕੁਝ ਦਿਨ ਪਹਿਲਾਂ ਹੀ ਨਿਊ ਯਾਰਕ ਵਿਚ ਵੀ ਚੌਧਰਾਂ ਨੇ ਚੰਨ ਚਾੜ੍ਹੇ ਸਨ। ਖੈਰ, ਨਿਊ ਯਾਰਕ ਦੀਆਂ ਤਾਂ ਗੱਲਾਂ ਹੀ ਨਿਆਰੀਆਂ ਹਨ, ਉਥੋਂ ਦੇ ਖੇਲ ਤਮਾਸ਼ੇ ਤਾਂ ਆਏ ਦਿਨ ਦੁਨੀਆਂ ਵੇਖਦੀ ਰਹਿੰਦੀ ਹੈ, ਵੱਡਿਆਂ ਘਰਾਂ ਦੀਆਂ ਵੱਡੀਆਂ ਗੱਲਾਂ!
ਸਾਡੀ ਕੌਮ ਦੇ ਇਸ ਲਾਣੇ ਦਾ ਇਕ ਹੋਰ ਵੀ ਸੱਚ ਹੈ ਕਿ ਜਿਹੜਾ ਵੀ ਬੰਦਾ ਸੱਚ ਬੋਲਣਾ ਚਾਹਵੇ ਉਸ ਨੂੰ ਆਰæਐਸ਼ਐਸ਼ ਦਾ ਏਜੰਟ ਆਖ ਕੇ ਭੰਡਣਾ, ਆਪਣੇ ਮੰਦੇ ਕਰਮਾਂ ‘ਤੇ ਪਰਦੇ ਪਾ ਕੇ ਬਚੇ ਰਹਿਣਾ ਅਤੇ ਆਪਣੇ ਆਕਾਵਾਂ ਕੋਲੋਂ ਫੁਰਮਾਨ ਜਾਰੀ ਕਰਵਾ ਕੇ ਉਸ ਨੂੰ ਕੌਮ ‘ਚੋਂ ਬਾਹਰ ਕੱਢਵਾ ਦੇਣਾ। ਪਤਾ ਨਹੀਂ ਇਸ ਲਾਣੇ ਨੂੰ ਕੌਮ ਕਿਉਂ ਨਹੀਂ ਪੁਛਦੀ ਕਿ ਤੁਸੀਂ ਕੌਣ ਹੋ, ਕਿਥੋਂ ਆਏ ਹੋ ਅਤੇ ਕਿਸ ਪਾਰਟੀ ਜਾਂ ਮੁਲਕ ਦੇ ਏਜੰਟ ਹੋ!
ਮੇਰੀ ਕੌਮ ਜੀਓ, ਜਿੰਨਾ ਚਿਰ ਤੁਸੀਂ ਚੜ੍ਹਾਵੇ ਚੜ੍ਹਾਉਂਦੇ ਰਹੋਗੇ, ਗੋਲਕਾਂ ਭਰਦੀਆਂ ਰਹਿਣਗੀਆਂ ਅਤੇ ਇਹ ਪੰਥ ਦੇ ਗੱਦਾਰ ਲੋਕ ਚੌਧਰੀ ਬਣਦੇ ਰਹਿਣਗੇ। ਫਿਰ ਗੁਰੂ ਘਰਾਂ ਵਿਚ ਪੱਗਾਂ ਵੀ ਲੱਥਣਗੀਆਂ, ਸਿਰ ਵੀ ਪਾਟਣਗੇ, ਪੁਲਿਸ ਵੀ ਆਉਂਦੀ ਰਹੇਗੀ ਕਿਉਂਕਿ ਸਾਡੀ ਕੌਮ ਨੂੰ ਗੋਲਕ ਤੇ ਚੌਧਰ ਦੀ ਭਿਆਨਕ ਬੀਮਾਰੀ ਲੱਗ ਚੁਕੀ ਹੈ ਅਤੇ ਇਸ ਬੀਮਾਰੀ ਦੀ ਜੜ੍ਹ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।