ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ,
ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਉਨ੍ਹਾਂ ਮੋਹ-ਪਿਆਰ ਦੀ ਗੱਲ ਕਰਦਿਆਂ ਕਿਹਾ ਸੀ ਕਿ ਮੁਹੱਬਤ ਅਮੁੱਲ ਏ, ਇਹ ਤਾਂ ਦਿਲਾਂ ਦਾ ਸੌਦਾ ਏ, ਜੋ ਨਫੇ/ਨੁਕਸਾਨ ਦੀ ਤੱਕੜੀ ‘ਚ ਨਹੀਂ ਤੁੱਲਦਾ। ਫੁੱਲਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਕਿਹਾ ਸੀ, ਮਨਾਂ ‘ਚ ਖੁਸ਼ੀ ਦੇ ਦੀਵੇ ਜਗਾਉਣ ਵਾਲਾ ਚਮਨ ਦਾ ਫੁੱਲ ਕਮਰੇ ‘ਚ ਜਾਂਦਿਆਂ ਹੀ ਮੁਰਝਾ ਜਾਂਦਾ ਏ। ਉਨ੍ਹਾਂ ਨਸੀਹਤ ਕੀਤੀ ਕਿ ਫੁੱਲ ਨਾ ਤੋੜੋ। ਇਨ੍ਹਾਂ ਨਾਲ ਗੁਲਜ਼ਾਰਾਂ ਨੂੰ ਭਾਗ ਲਗਣ ਦਿਉ। ਪਿਛਲੇ ਲੇਖ ਵਿਚ ਵਿਛੋੜੇ ਦੇ ਸੱਲ੍ਹ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਵਿਛੋੜਾ ਕੋਈ ਵੀ ਹੋਵੇ, ਵਿਛੋੜਾ ਹੀ ਹੁੰਦਾ ਏ। ‘ਕੱਲੀ ਕੂੰਜ ਵਿਛੜ ਗਈ ਡਾਰੋਂ’ ਦਾ ਦਰਦ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਅਜੋਕੇ ਸਮਿਆਂ ਵਿਚ ਰਿਸ਼ਤਿਆਂ ਦੀ ਟੁੱਟ-ਭੱਜ ‘ਤੇ ਗਿਲ੍ਹਾ ਕੀਤਾ ਹੈ, ਕੇਹੇ ਵਕਤ ਆ ਗਏ ਨੇ ਕਿ ਅਸੀਂ ਖੁਸ਼ੀ ਦੇ ਪਲ ਸਾਂਝੇ ਕਰਨਾ ਵੀ ਮੁਨਾਸਬ ਨਹੀਂ ਸਮਝਦੇ ਜਦ ਕਿ ਖੁਸ਼ੀ ਵੰਡਿਆਂ ਦੂਣ ਸਵਾਈ ਹੁੰਦੀ ਏ। ਫਿਰ ਕੌਣ ਦੁੱਖ ਸਾਂਝੇ ਕਰਨ ਦਾ ਹੀਆ ਕਰੇਗਾ?æææਮਾਰੂਥਲ ਫੈਲ ਰਿਹਾ ਏ, ਸ਼ਹਿਰ ਵੱਡਾ ਹੋ ਰਿਹਾ ਏ, ਮਹਿਲ ਉਸਰ ਰਹੇ ਨੇ ਪਰ ਘਰ ਸੁੰਗੜ ਰਿਹਾ ਏ, ਪਰਿਵਾਰ ਨਿੱਕਾ ਹੋ ਰਿਹਾ ਏ ਅਤੇ ਮਨੁੱਖ ਬੌਣਾ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਅੱਜ ਤੋਂ 25-30 ਸਾਲ ਪਹਿਲਾਂ ਦਾ ਸਮਾਂ। ਪਿੰਡ ‘ਚ ਗੁਆਂਢੀਆਂ ਦੀ ਕੁੜੀ ਦਾ ਵਿਆਹ। ਪਿੰਡ ਦੀ ਧੀ ਦੇ ਵਿਆਹ ਦਾ ਹਰ ਇੱਕ ਨੂੰ ਚਾਅ। ਆਪਣੀ ਸਮਰੱਥਾ ਅਨੁਸਾਰ, ਵਿਆਹ ਦੇ ਹਰ ਕਾਰਜ ‘ਚ ਸਹਾਈ ਹੋ ਰਿਹਾ ਪਿੰਡ ਦਾ ਹਰ ਸ਼ਖਸ। ਸਭ ਦੇ ਮਨਾਂ ਵਿਚ ਕਾਰਜ ਨੂੰ ਸੁਚਾਰੂ ਢੰਗ ਨਾਲ ਸੰਪੂਰਨ ਕਰਨ ਦੀ ਇੱਛਾ। ਹਰ ਰਸਮ ਨਾਲ ਨਿਜੀ ਤੌਰ ‘ਤੇ ਜੁੜਿਆ ਹਰ ਬਾਸ਼ਿੰਦਾ। ਸਵੇਰੇ ਸਵੇਰੇ ਪਿੰਡ ‘ਚੋਂ ਦੁੱਧ ਤੇ ਲੱਸੀ ਇਕੱਠੇ ਕਰਦੇ ਚੋਬਰ। ਸ਼ਾਮ ਨੂੰ ਪ੍ਰਾਹੁਣਿਆਂ ਤੇ ਬਰਾਤੀਆਂ ਲਈ ਮੰਜੇ ਬਿਸਤਰੇ ਇਕੱਠੇ ਕਰਦੇ। ਲਾਗੀਆਂ ਦੀਆਂ ਮੌਜਾਂ। ਵਾਰਨੇ ਤੇ ਚੱਕਵੀਂ ਰੋਟੀ। ਅੱਧੀ ਅੱਧੀ ਰਾਤ ਤੀਕ ਪੈਂਦਾ ਗਿੱਧਾ ਅਤੇ ਨਾਨਕਾ ਮੇਲ ਵੱਲੋਂ ਕਿਸੇ ਦੀ ਉਲਟਾਈ ਮੰਜੀ, ਕਿਲਿਆਂ ਤੋਂ ਡੰਗਰ ਖੋਲ੍ਹਣਾ ਅਤੇ ਪਿੰਡ ਦੀ ਹਰ ਨੁੱਕਰ ‘ਚ ਗਿੱਧੇ ਦੀ ਧਮਾਲ। ਸਾਂਝਾ ਕਾਰਜ, ਸਾਂਝੇ ਚਾਅ, ਸਭ ਦੇ ਸਾਹੀਂ ਮਿਆਉਂਦੇ।
ਸ਼ਾਮੀਂ ਘੁਸਮੁਸੇ ‘ਚ ਕਿਸੇ ਨੇ ਘਰ ਦੀ ਬੈੱਲ ਵਜਾਈ। ਬਾਹਰ ਆਇਆ ਤਾਂ ਸਕੂਟਰ ‘ਤੇ ਆਇਆ ਢੋਲ ਵਾਲਾ ਮੇਰੇ ਕੋਲੋਂ ਪੁੱਛੇ ਕਿ ਇਥੇ ਤੁਹਾਡੇ ਗੁਆਂਢ ਕਿਨ੍ਹਾਂ ਦੀ ਬਰਾਤ ਵਿਆਹੁਣ ਗਈ ਏ? ਮੈਂ ਬਥੇਰਾ ਸੋਚਾਂ ਕਿ ਸਵੇਰ ਦਾ ਤਾਂ ਮੈਂ ਘਰ ਹੀ ਹਾਂ ਫਿਰ ਇਥੋਂ ਕਿਹੜੀ ਬਰਾਤ ਵਿਆਹੁਣ ਗਈ ਏ? ਕੋਈ ਪਤਾ ਨਾ ਲੱਗਾ। ਗੁਆਂਢ ‘ਚ ਕਿਸੇ ਨੂੰ ਕੋਈ ਪਤਾ ਨਹੀਂ। ਕੋਈ ਵਾਜਾ ਨਹੀਂ, ਕੋਈ ਰੌਣਕ ਜਾਂ ਰੌਲਾ-ਰੱਪਾ ਨਹੀਂ। ਢੋਲ ਵਾਲਾ ਵੀ ਹੈਰਾਨ। ਉਸ ਨੇ ਦੁਬਾਰਾ ਮੋਬਾਇਲ ‘ਤੇ ਫੋਨ ਕਰਕੇ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਅੱਜ ਮੇਰੇ ਹੀ ਗੁਆਂਢੀਆਂ ਦਾ ਮੁੰਡਾ ਵਿਆਹੁਣ ਗਿਆ ਏ। ਕਿਹੋ ਜਿਹਾ ਸਮਾਂ ਆ ਗਿਆ ਏ ਕਿ ਸਾਂਝੀ ਕੰਧ ਵਾਲੇ ਨੂੰ ਵੀ ਵਿਆਹ ਦਾ ਪਤਾ ਨਹੀਂ।
ਮਨੁੱਖ ਨੂੰ ਵਹਿਮ ਹੋ ਗਿਆ ਏ ਆਪਣੀ ਸਮਰੱਥਾ ਦਾ, ਆਪਣੇ ਸਾਧਨਾਂ ਦਾ ਅਤੇ ਆਪਣੀ ਹਿੰਮਤ ਦਾ; ਤਾਹੀਓਂ ਤਾਂ ਮੈਰਿਜ ਪੈਲਸਾਂ ਵਿਚ ਹੁੰਦੇ ਵਿਆਹਾਂ ਵਿਚ ਲੋਕ ਹਾਜ਼ਰੀ ਲਗਵਾਉਣ ਜਾਂ ਖਾਣ-ਪੀਣ ਹੀ ਜਾਂਦੇ ਨੇ। ਉਨ੍ਹਾਂ ਦੀ ਕਾਰਜ ਵਿਚ ਕੋਈ ਸ਼ਮੂਲੀਅਤ ਨਹੀਂ ਹੁੰਦੀ। ਭਾਵੇਂ ਨਵੇਂ ਰਿਸ਼ਤੇਦਾਰਾਂ ਨੂੰ ਮਾਣ-ਸਨਮਾਨ ਦੇਣ ਦੀ ਗੱਲ ਹੋਵੇ, ਅਨੰਦ ਕਾਰਜ ਦੀ ਪਵਿੱਤਰ ਰਸਮ ਹੋਵੇ ਜਾਂ ਡੋਲੀ ਦੀ ਵਿਦਾਈ ਦਾ ਵਕਤ ਹੋਵੇ।
ਮਨੁੱਖੀ ਸਾਧਨਾਂ ਦੀ ਗਿਣਤੀ ਵਧ ਰਹੀ ਏ, ਸੁੱਖ ਸੁਵਿਧਾਵਾਂ ਵੱਧ ਰਹੀਆਂ ਨੇ ਪਰ ਮਨੁੱਖ ਸੁੰਘੜ ਰਿਹਾ ਏ।
ਕੇਹੇ ਵਕਤ ਆ ਗਏ ਨੇ ਕਿ ਅਸੀਂ ਖੁਸ਼ੀ ਦੇ ਪਲ ਸਾਂਝੇ ਕਰਨਾ ਵੀ ਮੁਨਾਸਬ ਨਹੀਂ ਸਮਝਦੇ ਜਦ ਕਿ ਖੁਸ਼ੀ ਵੰਡਿਆਂ ਦੂਣ ਸਵਾਈ ਹੁੰਦੀ ਏ। ਫਿਰ ਕੌਣ ਦੁੱਖ ਸਾਂਝੇ ਕਰਨ ਦਾ ਹੀਆ ਕਰੇਗਾ?
ਗਵਾਚ ਗਏ ਨੇ ਸਾਡੇ ਸੰਸਕਾਰ, ਮਨਫੀ ਹੋ ਗਿਆ ਏ ਆਪਸੀ ਸਤਿਕਾਰ, ਅਲੋਪ ਹੋ ਗਿਆ ਏ ਰੋਜ਼ਾਨਾ ਜੀਵਨ ਦਾ ਵਿਧੀ-ਵਿਹਾਰ ਅਤੇ ਗੁੰਮ ਹੋ ਰਿਹਾ ਏ ਸਾਡਾ ਸਮਾਜਿਕ ਕਿਰਦਾਰ।
ਮਨੁੱਖੀ ਗਿਆਨ ਫੈਲਣ ਨਾਲ ਪ੍ਰਦੂਸ਼ਣ ਫੈਲ ਰਿਹਾ ਏ, ਸਾਰੀ ਧਰਤ ਅਤੇ ਇਸ ਦੇ ਖਜ਼ਾਨਿਆਂ ਨੂੰ ਹੜੱਪਣ ਦੀਆਂ ਲਾਲਸਾਵਾਂ ਫੈਲ ਰਹੀਆਂ ਨੇ, ਪਰ ਮਨੁੱਖ ਆਪਣੇ ਮੁਫਾਦ ਦੇ ਦਾਇਰੇ ‘ਚੋਂ ਬਾਹਰ ਆਉਣ ਦੀ ਲੋੜ ਹੀ ਨਹੀਂ ਸਮਝਦਾ। ਉਸ ਦੀ ਦੁਨੀਆਂ ਉਸ ਦੇ ਆਪੇ ਦੀਆਂ ਭੁੱਲ-ਭੁਲਈਆਂ ‘ਚ ਗਵਾਚ ਗਈ ਏ।
ਆਪੇ ‘ਚ ਗਵਾਚੇ ਹੋਏ ਮਨੁੱਖ ਨੂੰ ਭੁੱਲ ਗਿਆ ਏ ਘਰ ਪਰਿਵਾਰ। ਆਪਣੇ ਕਾਰ-ਵਿਹਾਰ, ਵਿਉਪਾਰ ਜਾਂ ਰਾਂਗਲੇ ਸੰਸਾਰ ‘ਚ ਗਵਾਚੇ ਬੰਦੇ ਨੂੰ ਕਈ ਵਾਰ, ਆਪਣੇ ਬੱਚੇ ਦਾ ਨਾਂ ਅਤੇ ਉਹ ਕਿਸ ਕਾਲਜ/ਸਕੂਲ ਵਿਚ ਪੜ੍ਹਦਾ ਹੈ, ਬਾਰੇ ਜਾਣਨ ਲਈ ਦਿਮਾਗ ‘ਤੇ ਭਾਰ ਪਾਉਣਾ ਪੈਂਦਾ ਏ।
ਆਪੇ ਵਿਚ ਸੁੰਗੜਿਆ ਮਨੁੱਖ, ਆਪਣੀਆਂ ਖੁਸ਼ੀਆਂ ਸੰਤਾਪ ਰਿਹਾ ਏ, ਗਮਾਂ ਦੀ ਭੱਠੀ ਵਿਚ ਸੜ ਰਿਹਾ ਏ, ਹਉਕਿਆਂ ਦੇ ਸੇਕ ‘ਚ ਝੁਲਸ ਰਿਹਾ ਏ।
ਸੁੰਗੜਿਆ ਮਨੁੱਖ ਕਿਵੇ ਫੈਲੇਗਾ? ਕਿਵੇਂ ਹੋਵੇਗਾ ਉਸ ਦੀ ਸੋਚ ਦੇ ਸੁਪਨਿਆਂ ਦਾ ਵਿਸਥਾਰ? ਕਿਵੇਂ ਉਸਾਰੇਗਾ ਆਪਣੇ ਆਲੇ ਦੁਆਲੇ ‘ਚ ਜਿਉਣ ਜੋਗਾ ਸੰਸਾਰ? ਕਿੰਜ ਸ਼ਬਦਾਂ ‘ਚ ਉਸਾਰੇਗਾ ਪਿਆਰ ਅਤੇ ਕਿਹੜੇ ਸਮਿਆਂ ਦੇ ਖਲਾਅ ‘ਚੋਂ ਭਾਲੇਗਾ ਸੂਰਜਾਂ ਦਾ ਅੰਬਾਰ?
ਜਦੋਂ ਮਨੁੱਖੀ ਸਰੋਕਾਰਾਂ ‘ਚੋਂ ਸਮੂਹਕ ਬਿਰਤੀ ਖੁਰ ਜਾਵੇ ਤਾਂ ਤਿੜਕਦੇ ਨੇ ਰਿਸ਼ਤੇ, ਟੁੱਟਦਾ ਏ ਪਰਿਵਾਰ, ਬਿਖਰਦਾ ਏ ਸਮਾਜ ਅਤੇ ਨਸ਼ਿਆਂ ਦੀ ਅਲਾਮਤ ‘ਚ ਡੁੱਬ ਜਾਂਦਾ ਏ ਆਪਣੇ ਵਕਤ ਦਾ ਸ਼ਾਹ-ਅਸਵਾਰ।
ਇਕ ਬਿੰਦੂ ‘ਤੇ ਸਿਮਟਿਆ ਮਨੁੱਖ, ਬਿੰਦੂ ਤੋਂ ਬਿੰਦੂ ਤੀਕ ਦਾ ਸਫਰ ਤੈਅ ਕਰਨ ਲਈ ਕਿਥੋਂ ਲਿਆਏਗਾ ਹੌਸਲਾ, ਕਿਹੜੀ ਬਣੇਗੀ ਦ੍ਰਿੜਤਾ ਅਤੇ ਕਿਨ੍ਹਾਂ ਪੈਂਡਿਆਂ ਦਾ ਬਣੇਗਾ ਰਾਹੀ?
ਛੱਪੜੀ ਦਾ ਪਾਣੀ ਹਮੇਸ਼ਾ ਬੋਅ ਮਾਰਦਾ ਏ। ਪਾਣੀ ਪੀਣ ਲਈ ਛੱਪੜੀ ‘ਚ ਵੜੀ ਮੱਝ ਵੀ ਚਿੱਕੜ ਨਾਲ ਲਿੱਬੜ ਜਾਂਦੀ ਏ ਅਤੇ ਸੋਕਿਆਂ ‘ਚ ਉਸ ਦੀ ਹੋਂਦ ਹੀ ਅਲੋਪ ਹੋ ਜਾਂਦੀ ਏ। ਮਨੁੱਖ ਨੂੰ ਕੱਸੀ ਜਾਂ ਸੂਆ ਬਣਨ ਦੀ ਲੋੜ ਏ।
ਕਿਥੇ ਗੁੰਮ ਗਿਆ ਏ ਮਨੁੱਖ ਜਿਸ ਦੀਆਂ ਲੋੜਾਂ ਤੇ ਥੁੜ੍ਹਾਂ ਸਾਂਝੀਆਂ ਸਨ, ਖੁਸ਼ੀ ਤੇ ਗਮੀ ਦੌਰਾਨ ਭਾਈਵਾਲੀ ਸੀ। ਸਾਂਝੇ ਸਨ ਚਾਅ ਤੇ ਰੋਸੇ, ਰੋਣ ਤੇ ਹਾਸੇ, ਦਰਦ ਤੇ ਦਿਲਾਸੇ ਸਾਉਣ ਤੇ ਚੌਮਾਸੇ ਅਤੇ ਘੱਗਰੇ ਤੇ ਦੰਦਾਸੇ। ਸਾਂਝੀਆਂ ਹੁੰਦੀਆਂ ਸਨ ਵਾਹੀਆਂ, ‘ਕੱਠੇ ਵਗਦੇ ਸੀ ਫਲ੍ਹੇ, ਸਭ ਲਈ ਹੁੰਦੇ ਸੀ ਲਵੇਰੇ। ਚਾਚੀਆਂ-ਤਾਈਆਂ ਦੇ ਚੌਂਕੇ ‘ਚੋਂ ਖਾਣਾ-ਪੀਣਾ ਨਿੱਤ ਦਾ ਵਰਤਾਰਾ ਸੀ। ਹਰ ਕੋਈ ਮੋਹ ਕਰਦਾ ਸੀ। ਸਭ ਦੀ ਸਲਾਮਤੀ ਦਾ ਦਮ ਭਰਦਾ ਸੀ। ਇਕ ਦੂਜੇ ਉਪਰ ਨਿਰਭਰਤਾ ਕਾਰਨ, ਮਨੁੱਖੀ ਸਾਂਝ ਤੇ ਪਿਆਰ ਦਾ ਦਾਇਰਾ ਬੜਾ ਵਸੀਹ ਸੀ। ਵਸੀਲਿਆਂ ਦੀ ਬਹੁਤਾਤ ਕਾਰਨ, ਪਾਟੀ ਹੋਈ ਨਿਰਭਰਤਾ ਨੇ ਮਨੁੱਖ ਨੂੰ ਸੰਗੋੜਿਆ ਏ ਅਤੇ ਉਹ ਇਕੱਲ ਹੰਢਾਉਂਦਾ, ਉਦਾਸ ਪਲਾਂ ਦਾ ਕਲਾਮ ਪੜ੍ਹਨ ਲਈ ਮਜ਼ਬੂਰ ਏ।
ਸਾਂਝੇ ਪਰਿਵਾਰਾਂ ਦੇ ਤਿੜਕੇ ਸੰਦਰਭ ਨੇ ਸਾਡੇ ਨਾਂਵੇਂ ਕੀਤੀ ਏ, ਹਰ ਜੀਅ ਲਈ ਆਪੋ-ਆਪਣੇ ਕਮਰਿਆਂ ਦੀ ਕੈਦ। ਘਰ ਦੇ ਵਡੇਰਿਆਂ ਕੋਲੋਂ ਮੱਤਾਂ ਲੈਣ ਦੀ ਉਮਰ ਵਿਹਾ ਗਈ ਏ। ਬੱਚਿਆਂ ਨੂੰ ਚੰਗੀਆਂ ਨਹੀਂ ਲਗਦੀਆਂ ਦਾਦੀ ਦੀਆਂ ਕਹਾਣੀਆਂ ਜਾਂ ਨਾਨੀ ਦੀਆਂ ਬਾਤਾਂ। ਟੀæਵੀæ, ਵੀਡੀਓ ਗੇਮਾਂ, ਕੰਪਿਊਟਰ ਨੇ ਬੱਚੇ ਦੀ ਸਮਾਜਿਕ ਤੇ ਪਰਿਵਾਰਕ ਸੋਚ ਨੂੰ ਵਿਕਸਿਤ ਹੋਣ ਤੋਂ ਵਰਜ ਦਿੱਤਾ ਏ।
ਕਿਸੇ ਦਾ ਦਰਦ ਵੰਡਾਉਣ ਦੀ ਫਿਤਰਤ ਮਰ ਚੁਕੀ ਏ। ਹੁਣ ਅਸੀਂ ਸੋਗ ਦੇ ਸਮੇਂ ਜਾ ਕੇ ਵੀ ਅਹਿਸਾਨ ਜਤਾਉਂਦੇ ਹਾਂ। ਜੇ ਕਿਧਰੇ ਮ੍ਰਿਤਕ ਦੀ ਲਾਸ਼ ਨੂੰ ਰਾਤ ਰੱਖਣਾ ਪੈ ਜਾਵੇ ਤਾਂ ਕੋਈ ਰਾਤ ਕਟਾਉਣ ਲਈ ਤਿਆਰ ਨਹੀਂ ਹੋਵੇਗਾ। ਹਰ ਕੋਈ ਆਪਣੇ ਰੁਝੇਵਿਆਂ ਦਾ ਬਹਾਨਾ ਪਾ ਕੇ ਖਿਸਕਣ ਦੀ ਤਿਆਰੀ ਕਰੇਗਾ।
‘ਉਹ ਆਪਣੀ ਲਾਸ਼ ‘ਤੇ ਕੀਰਨੇ ਪਾਉਂਦਾ ਰਿਹਾ, ਪਰ ਨਾਲ ਦਾ ਕਮਰਾ ਗੁਣਗੁਣਾਉਂਦਾ ਰਿਹਾ’ ਵਰਗਾ ਕਰੂਰ ਸੱਚ, ਕੀ ਸਾਡੇ ਪੱਲੇ ਦਾ ਨਸੀਬ ਹੀ ਬਣਨਾ ਸੀ?
ਸਿਮਟ ਰਿਹਾ ਮਨੁੱਖ, ਹਉਕਾ ਏ ਮਾਨਵਤਾ ਲਈ, ਗਮ ਦਾ ਗੋਲਾ ਏ ਇਨਸਾਨੀਅਤ ਲਈ ਅਤੇ ਪ੍ਰਸ਼ਨ ਚਿੰਨ੍ਹ ਏ ਆਦਮੀਅਤ ਦੀ ਸਦੀਵਤਾ ‘ਤੇ।
ਮਨੁੱਖ ਦੇ ਸੁੰਗੜਨ ਨਾਲ ਸੁੰਗੜ ਰਹੇ ਨੇ ਜੰਗਲ ਤੇ ਬੇਲੇ, ਡਰ ਦੀ ਮਾਰੀ ਲੁਕਦੀ ਫਿਰਦੀ ਏ ਕਾਇਨਾਤ। ਕੁਦਰਤ ਦੀਆਂ ਰਹਿਮਤਾਂ ਦੀ ਬੇਅਦਬੀ ‘ਚੋਂ ਅਸੀਂ ਝੋਲੀ ‘ਚ ਪਵਾ ਲਏ ਨੇ ਰੋਗ ਤੇ ਸੋਗ।
ਸੁੰਗੜਿਆ ਮਨੁੱਖ, ਸੁੰਗੜੀ ਸੋਚ ਨੂੰ ਮਨ ‘ਚ ਪਾਲਦਾ, ਸੁੰਗੜੀ ਸ਼ਖਸੀਅਤ ਦੀ ਘਾੜਤ ਬਣਦਾ ਏ ਜਿਸ ‘ਚੋਂ ਸਮੁੱਚੇ ਸਰੋਕਾਰਾਂ ਦੀ ਨਿਸ਼ਾਨਦੇਹੀ ਤੁਸੀਂ ਕਿੰਜ ਕਰੋਗੇ? ਤਲਾਕਾਂ ਦੀ ਵਧ ਰਹੀ ਗਿਣਤੀ, ਖੁਦਕੁਸ਼ੀਆਂ ਦਾ ਆਮ ਹੋ ਰਿਹਾ ਰੁਝਾਨ, ਘਰੋਂ ਦੌੜ ਜਾਣ ਦੀ ਬਿਰਤੀ ਜਾਂ ਨਸ਼ਿਆਂ ਦਾ ਲਿਆ ਜਾ ਰਿਹਾ ਆਸਰਾ-ਮਨੁੱਖ ਦੀ ਟੁੱਟ-ਭੱਜ ਦੇ ਗਵਾਹ ਹਨ।
ਮਾਰੂਥਲ ਫੈਲ ਰਿਹਾ ਏ, ਸ਼ਹਿਰ ਵੱਡਾ ਹੋ ਰਿਹਾ ਏ, ਮਹਿਲ ਉਸਰ ਰਹੇ ਨੇ ਪਰ ਘਰ ਸੁੰਗੜ ਰਿਹਾ ਏ, ਪਰਿਵਾਰ ਨਿੱਕਾ ਹੋ ਰਿਹਾ ਏ ਅਤੇ ਮਨੁੱਖ ਬੌਣਾ।
ਗਮਲਿਆਂ ‘ਚ ਉਗਾਏ ਪਿੱਪਲਾਂ ‘ਤੇ ਪੀਂਘਾਂ ਕਿੰਜ ਪੈਣਗੀਆਂ? ਕੌਣ ਮੌਲੀ ਬੰਨ ਕੇ ਮੰਨਤਾਂ ਮੰਗਦਿਆਂ ਪਾਣੀ ਪਾਵੇਗਾ? ਕਿੰਜ ਇਹ ਪਿੱਪਲ ਆਦਮੀ ਦੀ ਖੈਰ ਮੰਨਾਏਗਾ? ਕਿਹੜਾ ਪੰਛੀ ਪਾਏਗਾ ਆਲ੍ਹਣਾ ਅਤੇ ਕਿਹੜੀਆਂ ਸੱਥਾਂ ਜੁੜਨਗੀਆਂ ਇਨ੍ਹਾਂ ਹੇਠਾਂ?
ਜਦੋਂ ਮਨੁੱਖ ਸੁੰਗੜਦਾ ਏ ਤਾਂ ਸੁੰਗੜਦਾ ਏ ਉਸ ਦਾ ਦਾਇਰਾ, ਸੁੱਕ ਜਾਂਦਾ ਏ ਮੋਹ, ਮੁਹੱਬਤ ਤੇ ਅਪਣੱਤ ਦਾ ਭਰ ਵਗਦਾ ਦਰਿਆ, ਮੂਕ ਹੋ ਜਾਂਦਾ ਏ ਹੋਠਾਂ ‘ਤੇ ਗੁਣਗੁਣਾਉਂਦਾ ਚਾਅ ਅਤੇ ਧਰਿਆ ਜਾਂਦਾ ਏ ਜੀਵਨ-ਪੈੜ ‘ਚ ਗਹਿਰ ਸਦਮਾ।
ਜੇ ਮਨੁੱਖ ਦਾ ਸੁੰਗੜਨਾ ਇਸੇ ਰਫਤਾਰ ਨਾਲ ਹੀ ਜਾਰੀ ਰਿਹਾ ਤਾਂ ਮਨੁੱਖ ਦੇ ਸਰੀਰਕ, ਸਮਾਜਿਕ ਤੇ ਸ਼ਖਸੀ ਵਿਨਾਸ਼ ਨੂੰ ਕੋਈ ਨਹੀਂ ਰੋਕ ਸਕਦਾ।
ਬਿਰਧ ਆਸ਼ਰਮਾਂ ‘ਚ ਪੋਤੇ-ਪੋਤਰੀਆਂ ਦੇ ਤੋਤਲੇ ਬੋਲਾਂ ਨੂੰ ਭਾਲਦੇ, ਘਰ ਦੀ ਛੱਤ ਤੋਂ ਵਿਰਵੇ, ਦੁੱਖ-ਸੁੱਖ ਸਾਵਾਂ ਕਰਨ ਨੂੰ ਤਰਸ ਗਏ ਬਜ਼ੁਰਗਾਂ ਦੀ ਤ੍ਰਾਸਦੀ ਦਾ ਕੌਣ ਜ਼ਿੰਮੇਵਾਰ ਏ? ਕੀ ਸਾਡੀਆਂ ਕਦਰਾਂ-ਕੀਮਤਾਂ ਇਸ ਦੀ ਹਾਮੀ ਭਰਦੀਆਂ ਨੇ? ਬਜ਼ੁਰਗਾਂ ਦੀ ਸੇਵਾ ‘ਚੋਂ ਪੁੰਨ ਖੱਟਣ ਵਾਲੇ ਵਿਰਸੇ ਨੂੰ ਵਿਸਾਰ ਕੇ, ਕੀ ਖੱਟਿਆ ਏ ਅਸੀਂ? ਕੀ ਏ ਸਾਡੀ ਪ੍ਰਾਪਤੀ? ਬਜ਼ੁਰਗਾਂ ਦੀ ਅਸੀਸ ਤੋਂ ਵਿਰਵਾ ਮਨੁੱਖ ਆਪਣੀ ਹੋਂਦ ਦਾ ਮਰਸੀਆ ਪੜ੍ਹਨ ‘ਚ ਮਗਨ ਏ।
ਜ਼ਰਾ ਸੋਚੋ! ਜੇ ਸਾਡੇ ਸੰਤ-ਮਹਾਤਮਾ ਹੀ ਸੁੰਗੜੀ ਫਿਤਰਤ ਦੀ ਮਾਰ ਹੇਠ ਆ ਜਾਂਦੇ ਤਾਂ ਕਿਵੇਂ ਫੈਲਦਾ ਉਨ੍ਹਾਂ ਦੀ ਸੋਚ ਦਾ ਚਾਨਣ, ਕੌਣ ਕਰਦਾ ਦੂਰ ਅੰਧਿਆਰਾ ਅਤੇ ਕੌਣ ਕਰਦਾ ਵਹਿਮਾਂ-ਭਰਮਾਂ ‘ਚ ਫਸੇ ਜੀਵਾਂ ਦਾ ਪਾਰ-ਉਤਾਰਾ।
ਅਜੋਕੇ ਸਮਿਆਂ ਅੰਦਰ ਕੋਈ ਨਹੀਂ ਨਜ਼ਰ ਆਉਂਦਾ ਦਰਦ ਵੰਡਾਉਣ ਵਾਲਾ, ਕਿਸੇ ਦੇ ਅੱਥਰੂਆਂ ਨੂੰ ਪੂੰਝਣ ਵਾਲਾ ਜਾਂ ਕਿਸੇ ਦੇ ਹਟਕੋਰਿਆਂ ਨੂੰ ਆਪਣੀ ਹਿੱਕ ‘ਚ ਸਮਾਉਣ ਵਾਲਾ। ਇਕੱਲਾ ਮਨੁੱਖ, ਇਕਹਿਰੀ ਜ਼ਿੰਦਗੀ ਜਿਉਣ ਲਈ ਲਾਚਾਰ ਹੋਇਆ ਪਿਆ ਏ।
ਗਿਆਨ-ਵਿਗਿਆਨ ਦੇ ਖੇਤਰ ‘ਚ ਨਵੀਆਂ ਬੁਲੰਦੀਆਂ ਛੋਹਣ ਵਾਲੀ ਮਨੁੱਖੀ ਫਿਤਰਤ ਲਈ ਜ਼ਰੂਰੀ ਹੈ ਕਿ ਸਮੁੱਚਾ ਮਨੁੱਖ ਵੀ ਵਿਸਤਾਰ ਕਰੇ, ਫੈਲੇ ਉਸ ਦੀ ਨਰੋਈ ਸੋਚ। ਮਨ ‘ਚ ਮੌਲਣ ਨਰੋਈਆਂ ਕਦਰਾਂ-ਕੀਮਤਾਂ ਤੇ ਸਮਾਜਿਕ ਸਾਂਝਾ। ਆਦਮੀ ਤੇ ਆਦਮੀਅਤ ਨੂੰ ਨਵੇਂ ਮਾਨਵੀ ਸਰੋਕਾਰਾਂ ਰਾਹੀਂ ਪਰਿਭਾਸ਼ਤ ਕਰਨਾ ਪਵੇਗਾ ਤਾਂ ਹੀ ਅਸੀਂ ਇਸ ਦੀ ਸਦੀਵੀ ਹੋਂਦ ਦੇ ਜਸ਼ਨ ਮਨਾਉਣ ਦੇ ਸਮਰੱਥ ਹੋ ਸਕਾਂਗੇ। ਪਸਰ ਰਹੇ ਹਨੇਰ ‘ਚ ਦੀਵਾ ਬਾਲਣ ਦੀ ਕੋਸ਼ਿਸ਼ ਤਾਂ ਕਰੋ, ਦੀਵਾਲੀ ਤੁਹਾਡੇ ਬਨੇਰਿਆਂ ‘ਤੇ ਜ਼ਰੂਰ ਦਸਤਕ ਦੇਵੇਗੀ ਕਿਉਂਕਿ ਦੀਵੇ ਨਾਲ ਹੀ ਦੀਵਾ ਬਲਦਾ ਏ।