ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਬੱਬਰ ਕਰਮ ਸਿੰਘ ਆਸ਼ਟ ਪੁੱਤਰ ਭਗਵਾਨ ਸਿੰਘ, ਪਿੰਡ ਹਰੀਪੁਰ ਦਾ ਜੰਮਪਲ ਸੀ। ਹਰੀਪੁਰ ਹੱਦਬਸਤ ਨੰਬਰ 63 ਰਕਬਾ 1034 ਹੈਕਟੇਅਰ ਤਹਿਸੀਲ ਅਤੇ ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ। ਇਹ ਥਾਣਾ ਆਦਮਪੁਰ ਤੋਂ ਤਿੰਨ ਕੁ ਮੀਲ ਦੱਖਣ ਵੱਲ ਹੈ। ਬੱਬਰ ਕਰਮ ਸਿੰਘ ਆਪਣੇ ਸਹੁਰੇ ਪਿੰਡ ਮਾਣਕੋ ਰਹਿੰਦਾ ਸੀ, ਇਸ ਲਈ ਬੱਬਰ ਅਕਾਲੀ ਟਰਾਇਲ ਕੇਸ ਵਿਚ ਉਸ ਦਾ ਪਿੰਡ ਮਾਣਕੋ ਹੀ ਲਿਖਿਆ ਮਿਲਦਾ ਹੈ। ਉਹ ਅੰਮ੍ਰਿਤਧਾਰੀ ਸਿੰਘ ਸੀ ਅਤੇ ਆਏ-ਗਏ ਬੱਬਰਾਂ ਦੀ ਲੰਗਰ-ਪਾਣੀ ਦੀ ਸੇਵਾ ਵੀ ਕਰਦਾ ਸੀ।
ਮਾਣਕੋ ਤੋਂ ਅੱਧ ਕੁ ਮੀਲ ਚੜ੍ਹਦੇ ਪਾਸੇ ਦੇ ਪਿੰਡ ਘੁੜਿਆਲ ਦਾ ਸੂਬੇਦਾਰ ਗੇਂਦਾ ਸਿੰਘ ਪੁਆਰ ਪੁਲਿਸ ਦਾ ਪੱਕਾ ਝੋਲੀ ਚੁੱਕ ਸੀ। ਉਸ ਅਤੇ ਉਸ ਪਿੰਡ ਦੇ ਪੰਡਿਤ ਰਾਮ ਰਤਨ ਨੇ ਪਿੰਡ ਵਿਚ ਅਮਨ ਸਭਾ ਬਣਾਈ ਹੋਈ ਸੀ ਜਿਸ ਦਾ ਪ੍ਰਧਾਨ ਸੂਬੇਦਾਰ ਗੇਂਦਾ ਸਿੰਘ ਅਤੇ ਸੈਕਟਰੀ ਪੰਡਿਤ ਰਾਮ ਰਤਨ ਸੀ। ਅਮਨ ਸਭਾ ਦਾ ਪ੍ਰਧਾਨ ਹੁੰਦਿਆਂ ਸੂਬੇਦਾਰ ਜਿਸ ਨੂੰ ਮਰਜ਼ੀ ਥਾਣੇ ਸਦਵਾ ਕੇ ਪੁਲਿਸ ਤੋਂ ਬੇਇਜਤੀ ਕਰਵਾ ਦਿੰਦਾ। ਆਪਣੇ ਘਰ ਅੱਗੇ ਸੱਥ ਵਿਚ ਬੈਠ ਕੇ ਸ਼ੇਖੀਆਂ ਮਾਰਦਾ ਰਹਿੰਦਾ ਕਿ ਬੱਬਰ ਮਾੜੇ-ਧੀੜਿਆਂ ਨੂੰ ਮਾਰਦੇ ਹਨ, ਕਿਤੇ ਮੇਰੇ ਨਾਲ ਦੋ ਹੱਥ ਕਰ ਕੇ ਦੇਖਣ! ਲੋਕ ਉਸ ਨੂੰ ਰਾਵਣ ਆਖਦੇ ਸਨ।
ਘੁੜਿਆਲ ਦਾ ਹੀ ਬੱਬਰ ਨੰਦ ਸਿੰਘ ਰਾਮਗੜ੍ਹੀਆ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਸੀ। ਉਹ ਗੁਰੂ ਕੇ ਬਾਗ ਮੋਰਚੇ ਵਿਚ ਜਥਾ ਲੈ ਕੇ ਗਿਆ ਸੀ ਜਿਥੇ ਪੁਲਿਸ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਸੀ। ਉਸ ਨੇ ਸੂਬੇਦਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੱਗਿਓਂ ਪੁੱਠਾ ਹੀ ਬੋਲਿਆ। ਇਸ ਕਰ ਕੇ ਨੰਦ ਸਿੰਘ ਨੇ ਅਨੂਪ ਸਿੰਘ ਮਾਣਕੋ, ਬਤਨ ਸਿੰਘ ਪੰਡੋਰੀ ਨਿੱਜਰਾਂ, ਕਰਮ ਸਿੰਘ ਮਾਣਕੋ ਅਤੇ ਬਾਬੂ ਸੰਤਾ ਸਿੰਘ ਛੋਟੀ ਹਰੀਉਂ ਨੂੰ ਨਾਲ ਲੈ ਕੇ 17 ਅਪਰੈਲ 1923 ਨੂੰ ਸ਼ਾਮ ਵੇਲੇ ਸੂਬੇਦਾਰ ਨੂੰ ਮਾਰ-ਮੁਕਾਇਆ। ਸੂਬੇਦਾਰ ਆਪਣੇ ਘਰ ਅੱਗੇ ਥੜ੍ਹੇ ‘ਤੇ ਬੈਠਾ ਗੱਪਾਂ ਮਾਰ ਰਿਹਾ ਸੀ। ਬੱਬਰਾਂ ਨੇ ਨੰਦ ਸਿੰਘ ਨੂੰ ਆਖਿਆ ਸੀ ਕਿ ਉਹ ਸੂਬੇਦਾਰ ਨੂੰ ਪਛਾਣਦਾ ਹੈ, ਇਸ ਲਈ ਪਹਿਲਾਂ ਉਹ ਹੀ ਉਸ ‘ਤੇ ਗੋਲੀ ਚਲਾਏਗਾ। ਨੰਦ ਸਿੰਘ ਨੇ ਆਪਣੀ ਬੰਦੂਕ ਉਸ ਵੱਲ ਅਜੇ ਤਾਣੀ ਹੀ ਸੀ ਕਿ ਸੂਬੇਦਾਰ ਨੇ ਫੁਰਤੀ ਨਾਲ ਉਠ ਕੇ ਬੰਦੂਕ ਦੀ ਨਾਲੀ ਉਪਰ ਨੂੰ ਚੁੱਕ ਦਿੱਤੀ ਅਤੇ ਨੰਦ ਸਿੰਘ ਨਾਲ ਗੁੱਥਮ-ਗੁੱਥਾ ਹੋ ਗਿਆ। ਅਨੂਪ ਸਿੰਘ ਨੇ ਇਕ ਗੋਲੀ ਉਸ ਦੇ ਢਿੱਡ ਵਿਚ ਮਾਰੀ ਜਿਸ ਨਾਲ ਉਹ ਡਿੱਗ ਪਿਆ। ਕਰਮ ਸਿੰਘ ਨੇ ਵੀ ਉਸ ਦੇ ਢਿੱਡ ਵਿਚ ਕਿਰਪਾਨ ਮਾਰੀ ਅਤੇ ਰਤਨ ਸਿੰਘ ਪੰਡੋਰੀ ਨਿੱਜਰਾਂ ਨੇ ਉਸ ਦੇ ਸਿਰ ਵਿਚ ਪਿਸਤੌਲ ਦੀਆਂ ਤਿੰਨ ਗੋਲੀਆਂ ਮਾਰੀਆਂ। ਕੋਲ ਬੈਠੇ ਲੋਕ ਸਭ ਤਿੱਤਰ ਹੋ ਗਏ। ਬੱਬਰ ਬੜੇ ਆਰਾਮ ਨਾਲ ਬਾਹਰ ਵੱਲ ਗਏ ਅਤੇ ਐਲਾਨ ਕੀਤਾ ਕਿ ਅਸੀਂ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਧੰਨਾ ਸਿੰਘ ਬਹਿਬਲਪੁਰ ਅਤੇ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਹਾਂ। ਅਸੀਂ ਅੰਗਰੇਜ਼ ਸਰਕਾਰ ਦੇ ਇਸ ਪਿੱਠੂ ਦਾ ਸੁਧਾਰ ਕੀਤਾ ਹੈ ਅਤੇ ਕਿਸੇ ਦਿਨ ਪੰਡਿਤ ਰਾਮ ਰਤਨ ਨੂੰ ਵੀ ਨਰਕ ਪਹੁੰਚਾਵਾਂਗੇ।
ਬੱਬਰਾਂ ਦੀ ਸੁਪਰੀਮ ਕੌਂਸਲ ਨੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਕਤਲ ਦੀ ਹਰ ਵਾਰਦਾਤ ਮੌਕੇ ਉਪਰੋਕਤ ਤਿੰਨ ਬੱਬਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਜਾਇਆ ਕਰੇਗਾ ਤਾਂ ਕਿ ਪੁਲਿਸ ਹੋਰ ਕਿਸੇ ਨੂੰ ਤੰਗ ਨਾ ਕਰੇ, ਪਰ ਇਸ ਕੇਸ ਵਿਚ ਪੁਲਿਸ ਨੇ ਪਿੰਡ ਘੁੜਿਆਲ ਦੇ ਲੋਕਾਂ ਉਤੇ 18 ਅਪਰੈਲ ਤੋਂ 7 ਮਈ 1923 ਤੱਕ ਬਹੁਤ ਅਤਿਆਚਾਰ ਕੀਤੇ। ਪੁਲਿਸ ਵਾਲੇ ਲੋਕਾਂ ਨੂੰ ਕੜਕਦੀ ਧੁੱਪ ਵਿਚ ਨੰਗੇ ਪਿੰਡੇ ਲੰਮੇ ਪਾ ਕੁੱਟ ਕੇ ਕਾਤਲਾਂ ਬਾਰੇ ਪੁੱਛਦੇ। ਕਈਆਂ ਨੂੰ ਭਾਵੇਂ ਪਤਾ ਸੀ ਕਿ ਵਾਰਦਾਤ ਵਿਚ ਨੰਦ ਸਿੰਘ ਹੈ ਸੀ, ਪਰ ਉਸ ਦਾ ਨਾਂ ਕਿਸੇ ਨਾ ਲਿਆ।
ਵਾਰਦਾਤ ਤੋਂ ਪਹਿਲਾਂ ਬਾਬੂ ਸੰਤਾ ਸਿੰਘ ਛੋਟੀ ਹਰੀਉਂ ਨੇ ਅਨੂਪ ਸਿੰਘ ਨੂੰ ਪੁੱਛਿਆ ਸੀ ਕਿ ਕੋਈ ਹੋਰ ਬੰਦਾ ਵੀ ਹੈ ਜੋ ਇਸ ਵਾਰਦਾਤ ਵਿਚ ਸਾਡਾ ਸਾਥ ਦੇਵੇ, ਤਾਂ ਉਸ ਨੇ ਕਿਹਾ ਕਿ ਕਰਮ ਸਿੰਘ ਉਸ ਨੂੰ ਕਹਿੰਦਾ ਰਹਿੰਦਾ ਹੈ ਕਿ ਉਹ ਵੀ ਬੱਬਰਾਂ ਨਾਲ ਮਿਲ ਕੇ ਆਪਣੇ ਇਲਾਕੇ ਵਿਚ ਝੋਲੀ ਚੁੱਕਾਂ ਦਾ ਸੁਧਾਰ ਕਰ ਕੇ ਦੇਸ਼ ਸੇਵਾ ਦਾ ਕੰਮ ਕਰਨਾ ਚਾਹੁੰਦਾ ਹੈ। ਸੋ, ਅਨੂਪ ਸਿੰਘ ਉਸ ਨੂੰ ਨਾਲ ਲੈ ਆਇਆ। ਇਹ ਉਸ ਵੱਲੋਂ ਕਿਸੇ ਵਾਰਦਾਤ ਦੀ ਪਹਿਲੀ ਕਾਰਵਾਈ ਸੀ। ਇਸ ਤੋਂ ਬਾਅਦ ਉਹ ਆਪਣੇ ਟੱਬਰ ਸਮੇਤ ਲਾਹੌਰ ਵੱਲ ਖਿਸਕ ਚੱਲਿਆ ਸੀ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ ‘ਤੇ ਉਸ ਨੂੰ ਉਸ ਦੇ ਪਿੰਡ ਦੇ ਜਗਤ ਸਿੰਘ ਪੁੱਤਰ ਨੱਥਾ ਸਿੰਘ ਨੇ ਗ੍ਰਿਫਤਾਰ ਕਰਵਾ ਦਿੱਤਾ। ਪੁਲਿਸ ਨੇ ਉਸ ਨੂੰ ਬਹੁਤ ਤਸੀਹੇ ਦਿੱਤੇ, ਪਰ ਉਸ ਨੇ ਕਤਲ ਵਿਚ ਸ਼ਾਮਲ ਹੋਣਾ ਨਾ ਮੰਨਿਆ।
ਇਸ ਵਾਰਦਾਤ ਵਿਚ ਸ਼ਾਮਲ ਅਨੂਪ ਸਿੰਘ ਮਾਣਕੋ ਅਤੇ ਬਤਨ ਸਿੰਘ ਪੰਡੋਰੀ ਨਿੱਜਰਾਂ ਵਾਅਦਾ ਮੁਆਫ ਬਣ ਕੇ ਬਚ ਗਏ ਅਤੇ ਬਾਬੂ ਸੰਤਾ ਸਿੰਘ, ਕਰਮ ਸਿੰਘ ਅਤੇ ਨੰਦ ਸਿੰਘ ਘੁੜਿਆਲ ਨੂੰ ਫਾਂਸੀ ਦੀ ਸਜ਼ਾ ਹੋਈ। ਇਸ ਕੇਸ ਵਿਚ ਗੇਂਦਾ ਸਿੰਘ ਪੁੱਤਰ ਰਾਮ ਚੰਦ ਘੁੜਿਆਲ, ਸੁੰਦਰ ਸਿੰਘ ਪੁੱਤਰ ਹਠੂ ਘੁੜਿਆਲ, ਹਰੀਦਾਸ ਚੇਲਾ ਜਵਾਹਰ ਦਾਸ ਘੁੜਿਆਲ ਅਤੇ ਪੰਡਿਤ ਰਾਮ ਰਤਨ ਪੁੱਤਰ ਰਾਜ ਕਿਸ਼ਨ ਬਤੌਰ ਗਵਾਹ ਪੇਸ਼ ਹੋਏ। ਕਰਮ ਸਿੰਘ ਨੂੰ ਗ੍ਰਿਫਤਾਰ ਕਰਾਉਣ ਲਈ ਲੰਬੜਦਾਰ ਗੇਂਦਾ ਸਿੰਘ ਨੂੰ ਇਕ ਮੁਰੱਬਾ ਜ਼ਮੀਨ ਇਨਾਮ ਵਿਚ ਮਿਲਿਆ। ਅਨੂਪ ਸਿੰਘ ਅਤੇ ਬਤਨ ਸਿੰਘ ਨੇ ਬਤੌਰ ਸੁਲਤਾਨੀ ਗਵਾਹ ਕਤਲ ਦਾ ਪੂਰਾ ਹਾਲ ਬਿਆਨ ਕੀਤਾ।
ਬੱਬਰ ਕਰਮ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪਿੰਡ ਹਰੀਪੁਰ ਵਾਲਿਆਂ ਨੇ ਬੱਬਰ ਦੇ ਨਾਂ ‘ਤੇ ਪਿੰਡ ਦੇ ਹਾਈ ਸਕੂਲ ਦਾ ਨਾਮ ਬੱਬਰ ਕਰਮ ਸਿੰਘ ਮੈਮੋਰੀਅਲ ਹਾਈ ਸਕੂਲ ਰੱਖਿਆ ਹੋਇਆ ਹੈ। 27 ਫਰਵਰੀ 1926 ਨੂੰ ਲਾਹੌਰ ਜੇਲ੍ਹ ਅੰਦਰ ਛੇ ਬੱਬਰਾਂ ਨੂੰ ਫਾਂਸੀ ਲਾਇਆ ਗਿਆ। ਜੇਲ੍ਹ ਤੋਂ ਬਾਹਰ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ ਆ ਜੁੜਿਆ। ਲੋਕ ਲਾਸ਼ਾਂ ਦਾ ਸਸਕਾਰ ਰਾਮੂੰ ਦੇ ਬਾਗ ਵਿਚ ਕਰਨਾ ਚਾਹੁੰਦੇ ਸਨ, ਪਰ ਸਰਕਾਰ ਜੇਲ੍ਹ ਦੇ ਸ਼ਮਸ਼ਾਨਘਾਟ ਵਿਚ ਕਰਨਾ ਚਾਹੁੰਦੀ ਸੀ।
ਅਖੀਰ ਸਰਦਾਰ ਬਹਾਦਰ ਮਹਿਤਾਬ ਸਿੰਘ, ਐਡਵੋਕੇਟ ਸਰਦੂਲ ਸਿੰਘ ਕਵੀਸ਼ਰ ਅਤੇ ਖਿਲਾਫਤੀ ਲੀਡਰ ਮੌਲਾਨਾ ਜਫਰ ਅਲੀ ਗਵਰਨਰ ਨੂੰ ਜਾ ਮਿਲੇ ਅਤੇ ਉਸ ਤੋਂ ਜੇਲ੍ਹ ਅਧਿਕਾਰੀਆਂ ਦੇ ਨਾਮ ਲਿਖਤੀ ਆਰਡਰ ਲੈ ਆਏ ਕਿ ਲਾਸ਼ਾਂ ਇਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਜਾਣ। ਜੇਲ੍ਹ ਤੋਂ ਲਾਸ਼ਾਂ ਗੁਰਦੁਆਰਾ ਡੇਰਾ ਸਾਹਿਬ ਲਿਜਾਈਆਂ ਗਈਆਂ। 6-7 ਮੀਲ ਤੱਕ ਰਾਮੂੰ ਦੇ ਬਾਗ ਦੇ ਸ਼ਮਾਸ਼ਾਨਘਾਟ ਤੱਕ ਫੁੱਲਾਂ ਨਾਲ ਸਜਾਈਆਂ ਛੇ ਅਰਥੀਆਂ ਮਗਰ ਹਜ਼ਾਰਾਂ ਲੋਕ ਨਾਲ ਗਏ। ਛੇਆਂ ਲਈ ਇਕੋ ਅੰਗੀਠਾ ਬਣਾ ਕੇ ਉਨ੍ਹਾਂ ਦੇ ਸਰੀਰਾਂ ਨੂੰ ਅਗਨੀ ਦੇ ਹਵਾਲੇ ਕੀਤਾ ਗਿਆ।