ਫਹਮੀਦਾ ਰਿਆਜ਼ ਪਾਕਿਸਤਾਨ ਦੀ ਤਰੱਕੀਪਸੰਦ ਸ਼ਾਇਰਾ ਹੈ। ਉਹਦਾ ਜਨਮ (28 ਜੁਲਾਈ 1946) ਯੂæਪੀæ ਦੇ ਸ਼ਹਿਰ ਮੇਰਠ ਦਾ ਹੈ। ਅਯੂਬ ਖਾਨ ਦੀ ਹਕੂਮਤ ਵੇਲੇ ਜਦੋਂ ਵਿਦਿਆਰਥੀ ਜਥੇਬੰਦੀਆਂ ਉਤੇ ਪਾਬੰਦੀ ਲਾਈ ਗਈ ਸੀ ਤਾਂ ਇਸ ਖਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ ਵਿਚ ਉਹ ਮੋਹਰੀ ਸੀ। ਇਸ ਦਿਲਚਸਪ ਲੇਖ ਵਿਚ ਉਸ ਨੇ ਔਰਤ ਪ੍ਰਤੀ ਮਰਦ ਪ੍ਰਧਾਨ ਸਮਾਜ ਦੇ ਨਜ਼ਈਏ ਦੀ ਬਾਤ ਬਹੁਤ ਸੋਹਣੇ ਢੰਗ ਨਾਲ ਪਾਈ ਹੈ।
-ਸੰਪਾਦਕ
æææ ਕਿੱਸਾ ਇਉਂ ਸੀ ਕਿ ਇਹ ਮੇਰੀ ਦੂਸਰੀ ਸ਼ਾਦੀ ਸੀ; ਬਲਕਿ ਇੰਜ ਕਹਿਣਾ ਚਾਹੀਦੈ ਕਿ ਘਰਦਿਆਂ ਨੇ ਤਾਂ ਮੇਰੀ ਸ਼ਾਦੀ 1966 ਵਿਚ ਕਰ ਦਿੱਤੀ ਸੀ, ਪਰ ਮੈਂ ਆਪਣੀ ਸ਼ਾਦੀ 1975 ਵਿਚ ਕੀਤੀ।
ਉਸ ਵਕਤ ਮੇਰੀ ਇਕ ਧੀ ਸੀ। ਮੇਰੀ ਉਮਰ ਵੀ ਵੀਹਾਂ ਵਰ੍ਹਿਆਂ ਦੀ ਹੋ ਚੁੱਕੀ ਸੀ। ਮੈਂ ਖੁਦ ਖਾਦੀ-ਕਮਾਉਂਦੀ ਔਰਤ ਸਾਂ ਜੋ ਆਪਣਾ ਆਪ ਹੀ ਨਹੀਂ, ਸਗੋਂ ਇਕ ਛੋਟੇ ਜਿਹੇ ਘਰ ਦਾ ਬੋਝ ਅਸਾਨੀ ਨਾਲ ਉਠਾ ਲਵੇ। ਇਸ ਦੇ ਬਾਵਜੂਦ ਸਾਡੇ ਸਮਾਜ ਵਿਚ ਕਿਉਂਕਿ ਔਰਤ ਦਾ ਇਕੱਲਿਆਂ ਰਹਿਣਾ ਪਸੰਦ ਨਹੀਂ ਕੀਤਾ ਜਾਂਦਾ, ਦੂਜਾ ਇਸ ਲਈ ਵੀ ਕਿ ਮੈਨੂੰ ਇਕੱਲਤਾ ਤੋਂ ਵਹਿਸ਼ਤ ਵੀ ਹੁੰਦੀ ਸੀ, ਮੈਂ ਆਪਣੀ ਵੱਡੀ ਭੈਣ ਦੇ ਟੱਬਰ ਨਾਲ ਰਹਿੰਦੀ ਸਾਂ। ਉਨ੍ਹਾਂ ਦੇ ਸੱਤਾਂ ਅੱਠਾਂ ਬੱਚਿਆਂ ਵਿਚ ਮੇਰਾ ਵਕਤ ਗੁਜ਼ਰ ਰਿਹਾ ਸੀ। ਮੇਰਾ ਭਣਵਈਆ ਮੇਰੀ ਭੈਣ ਨਾਲੋਂ ਉਮਰ ਵਿਚ ਕਾਫੀ ਵੱਡਾ ਹੈ, ਇਸ ਲਈ ਮੇਰੇ ਅੱਬੂ ਵਾਂਗ ਸੀ। ਭੈਣ ਵੀ ਬੜੇ ਮਜ਼ੇ ਦੇ ਕਰੈਕਟਰ ਵਾਲੀ- ਘੜੀ ਵਿਚ ਪਿਆਰ ਦਾ ਦੇਵਤਾ, ਤੇ ਘੜੀ ਵਿਚ ਗੁੱਸੇ ਨਾਲ ਅੱਗ ਭਬੂਕਾæææ।
ਜਦੋਂ ਮੈਂ ਸ਼ਾਦੀ ਦਾ ਫੈਸਲਾ ਕੀਤਾ ਤਾਂ ਮੇਰੇ ਗੁਮਾਨ ਵਿਚ ਵੀ ਨਹੀਂ ਸੀ ਕਿ ਇੰਨੀ ਜ਼ਿੰਦਗੀ ਗੁਜ਼ਾਰਨ ਤੋਂ ਬਾਅਦ ਮੇਰੇ ਵਰਗੀ ਮਸ਼ਹੂਰ ਸ਼ਾਇਰਾ ਤੇ ਅਦਬੀ ਸ਼ਖਸੀਅਤ ਨਾਲ ਵੀ ਘਰ ਦੇ ਲੋਕ ਅਤੇ ਖਾਨਦਾਨ ਵਾਲੇ ਬਿਲਕੁਲ ਉਸੇ ਤਰ੍ਹਾਂ ਵਰਤਾਉ ਕਰਨਗੇ ਜੋ ਉਹ ਕਿਸੇ ਸੋਲ੍ਹਾਂ ਵਰ੍ਹਿਆਂ ਦੀ ਕੁੜੀ ਨਾਲ ਕਰਦੇ ਜੀਹਦਾ ਪਹਿਲਾ ਪਹਿਲਾ ਇਸ਼ਕ ਘਰਦਿਆਂ ਸਾਹਮਣੇ ਖੁੱਲ੍ਹ ਗਿਆ ਹੋਵੇ!
ਮੈਂ ਅਤੇ ਜ਼ਫ਼ਰ ਆਪੋ-ਆਪਣੀ ਧੁਨ ਵਿਚ ਮਗਨ ਆਪਣੇ ਬੜੇ ਵੱਕਾਰ ਨਾਲ ਘਰ ਵਾਲਿਆਂ ਨੂੰ ਸ਼ਾਦੀ ਦੇ ਫੈਸਲੇ ਦੀ ਇਤਲਾਹ ਦੇਣ ਲਈ ਗਏ। ਜ਼ਾਹਿਰ ਹੈ ਕਿ ਭੈਣ ਮੇਰੀ ਬਹੁਤੀ ਨਜ਼ਦੀਕੀ ਸੀ, ਤੇ ਜਦੋਂ ਗੱਲ ਚੱਲ ਰਹੀ ਸੀ ਤਾਂ ਇਹ ਮੈਂ ਭੈਣ ਨੂੰ ਪਹਿਲਾਂ ਹੀ ਦੱਸ ਦਿੱਤੀ ਸੀ; ਪਰ ਅਸੀਂ ਦੋਵੇਂ ਘਰ ਦੇ ਮਰਦਾਂ ਨੂੰ ਬਕਾਇਦਾ ਇਤਲਾਹ ਦੇਣਾ ਚਾਹੁੰਦੇ ਸਾਂ। ਜਦੋਂ ਮੇਰੀ ਭੈਣ ਨੂੰ ਇਲਮ ਹੋਇਆ ਕਿ ਉਸ ਦਿਨ ਮੈਂ ਜ਼ਫਰ ਨੂੰ ਉਨ੍ਹਾਂ ਦੇ ਘਰ ਇਸ ਇਰਾਦੇ ਨਾਲ ਲੈ ਕੇ ਆਈ ਹਾਂ, ਉਨ੍ਹਾਂ ਦਾ ਮੂੰਹ ਚਿੱਟਾ ਫਟਕ ਹੋ ਗਿਆ। ਉਹਨੇ ਸਾਡੀ ਦੋਹਾਂ ਦੀ ਮਿੰਨਤ-ਸਮਾਜਤ ਕੀਤੀ ਕਿ ਅਸੀਂ ਦੋਵੇਂ ਭਣਵੱਈਏ ਦੇ ਸਾਹਮਣੇ ਬੇਸ਼ਰਮੀ ਦੀ ਇਹ ਗੱਲ ਖੁਦ ਨਾ ਕਰੀਏ। ਉਹ ਹੌਲੀ ਜਿਹੀ ਆਪੇ ਗੱਲ ਕਰੇਗੀ ਤੇ ਉਨ੍ਹਾਂ ਦੀ ਰਾਏ ਪੁੱਛੇਗੀ; ਤੇ ਫਿਰ ਜ਼ਫ਼ਰ ਦੇ ਬਦਲੇ ਉਨ੍ਹਾਂ ਦੇ ਵਾਲਦੈਨ ਨੂੰ ਮੇਰੇ ਘਰ ਵਾਲਿਆਂ ਦੇ ਕੋਲ ਸ਼ਾਦੀ ਦਾ ਪੈਗ਼ਾਮ ਲੈ ਕੇ ਆਉਣਾ ਪਵੇਗਾ।
ਇਹ ਗੱਲ ਅਸਾਂ ਦੋਹਾਂ ਲਈ ਬੜੀ ਹਸਾਉਣ ਵਾਲੀ ਸੀ। ਅਸੀਂ ਦੋਵੇਂ ਤਾਂ ਆਪਣੇ ਆਪ ਨੂੰ ਅਫ਼ਲਾਤੂਨ ਸਮਝਦੇ ਸਾਂ ਤੇ ਅਕਸਰ ਔਕਾਤ ਦਰ ਹਕੀਕਤ ਮੁਲਕੀ ਸੂਰਤ-ਏ-ਹਾਲ ਉਤੇ ਜ਼ੋਰਦਾਰ ਬਹਿਸਾਂ ਕਰਦੇ ਰਹਿੰਦੇ ਸਾਂ। ਸ਼ਾਦੀ ਸਾਡੇ ਦੋਹਾਂ ਲਈ ਉਮਰ ਦੇ ਉਸ ਮੁਕਾਮ ‘ਤੇ ਮਹਿਜ਼ ਇਕ ਜ਼ਰੂਰੀ ਰਸਮ ਤੋਂ ਜ਼ਿਆਦਾ ਹੈਸੀਅਤ ਨਹੀਂ ਸੀ ਰੱਖਦੀ। ਫਿਰ ਜ਼ਫ਼ਰ ਸਿਆਸੀ ਕਾਰਕੁਨ ਸੀ ਅਤੇ ਵਰ੍ਹਿਆਂ ਤੋਂਅਟਾਪਣੇ ਘਰ ਤੋਂ ਦੂਰ ਸੀ। ਲੜਕਪਨ ਵਿਚ ਉਹਦੀ ਸ਼ਾਦੀ ਕਰ ਦਿੱਤੀ ਗਈ ਸੀ। ਤੀਹਾਂ ਵਰ੍ਹਿਆਂ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਉਹ ਪੰਜ ਬੱਚਿਆਂ ਦਾ ਬਾਪ ਵੀ ਬਣ ਚੁੱਕਾ ਸੀ, ਪਰ ਉਹ ਮੇਰੇ ਨਾਲ ਸ਼ਾਦੀ ਕਰ ਹੀ ਇਸ ਲਈ ਰਿਹਾ ਸੀ ਕਿ ਸਾਡੇ ਸਮਾਜ ਵਿਚ ਔਰਤ ਮਰਦ ਨੂੰ ਇਕੱਠਿਆਂ ਰਹਿਣ ਲਈ ਰਿਵਾਜ਼ਾਂ ਦਾ ਲਿਹਾਜ਼ ਕਰਨਾ ਪੈਂਦਾ ਹੈ। ਉਹ ਖੁਦ ਬੜਾ ਹਿੰਮਤ ਵਾਲਾ ਬਾਗੀ ਹੈ, ਤਦ ਵੀ ਉਹਦੇ ਰਿਸ਼ਤੇਦਾਰਾਂ ਤੇ ਖਸੂਸਨ ਔਰਤ ਦੇ ਬੱਚਿਆਂ ਨੂੰ ਸਮਾਜ ਵਿਚ ਖਾਹ-ਮਖਾਹ ਬਹੁਤ ਬੇਇਜ਼ਤੀ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ; ਵਰਨਾ ਕੀ ਸ਼ਾਦੀ ਤੇ ਕੀ ਵਿਆਹæææ! ਇਹ ਲਫ਼ਜ਼ ਹੀ ਸਾਡੇ ਦੋਹਾਂ ਲਈ ਦੁੱਖਾਂ ਪਰੇਸ਼ਾਨੀਆਂ ਤੇ ਅੱਥਰੂਆਂ ਦੀ ਅਲਾਮਤ ਬਣ ਕੇ ਰਹਿ ਗਿਆ ਸੀ।
ਧੀ ਦੀ ਮਾਂ ਬਣਨ ਤੋਂ ਬਾਅਦ ਬਾਕਾਇਦਾ ਧੁਮ-ਧਾਮ ਦੀ ਸ਼ਾਦੀ ਦਾ ਖਿਆਲ ਹੀ ਮੇਰੇ ਲਈ ਬਹੁਤ ਨਾਗਵਾਰ ਸੀ। ਅਸਾਂ ਤਾਂ ਬੱਸ ਜ਼ਰੂਰੀ ਕਾਗਜ਼ ਉਤੇ ਦਸਤਖਤ ਕਰਨੇ ਸਨ। ਘਰ ਵਾਲਿਆਂ ਦਾ ਰਵੱਈਆ ਵੇਖ ਕੇ ਅਸੀਂ ਹੈਰਾਨ ਪ੍ਰੇਸ਼ਾਨ ਰਹਿ ਗਏ ਅਤੇ ਬਾਅਦ ਦੇ ਵਾਕਿਆਤ ਨਾਲ ਮੇਰੇ ਦਿਮਾਗ ਤੋਂ ਅਦਬੀ ਸ਼ਖਸੀਅਤ ਹੋਣ ਦੀ ਸਾਰੀ ਹਵਾ ਹੀ ਨਿਕਲ ਗਈæææ।
ਅਚਾਨਕ ਮੈਂ ਇਸ ਹਕੀਕਤ ਦੇ ਸਾਹਮਣੇ ਖੜ੍ਹੀ ਸਾਂ ਕਿ ਬਾਹਰ ਦੀ ਦੁਨੀਆਂ ਵਿਚ ਮੇਰੀ ਕਿੰਨੀ ਵੱਡੀ ਸ਼ਖਸੀਅਤ ਹੋਵੇ, ਪਰ ਘਰ ਦੇ ਅੰਦਰ ਮੈਂ ਮਹਿਜ਼ ਔਰਤ ਸਾਂ ਜੋ ਮਰਦਾਂ ਦੇ ਇਸ ਸਮਾਜ ਵਿਚ ਸਾਰੀ ਉਮਰ ਹੀ ਨਾਬਾਲਿਗ ਤੇ ਬੇਅਕਲ ਸਮਝੀ ਜਾਂਦੀ ਹੈ। ਨਤੀਜਾ ਉਹੀ ਹੋਇਆ ਜੀਹਦੀ ਮੈਨੂੰ ਕੋਈ ਉਮੀਦ ਨਹੀਂ ਸੀ; ਮਤਲਬ ਮੇਰੇ ਸਭ ਰਿਸ਼ਤੇਦਾਰਾਂ ਨੇ ਇਸ ਰਿਸ਼ਤੇ ਦੀ ਮੁਖਾਲਫ਼ਤ ਕੀਤੀ। ਮੇਰੇ ਭਣਵੱਈਏ ਨੇ ਮੈਨੂੰ ਘਰੋਂ ਕੱਢ ਦਿੱਤਾ। ਮੈਂ ਆਪਣੀ ਛੋਟੀ ਭੈਣ ਦੇ ਘਰ ਗਈ, ਉਹਦਾ ਖਾਵੰਦ ਉਮਰ ਵਿਚ ਮੇਰੇ ਜਿੱਡਾ ਹੀ ਹੈ, ਪਰ ਉਹ ਕਿਉਂਕਿ ਮਰਦ ਸੀ, ਇਸ ਲਈ ਉਹਨੂੰ ਯਕੀਨ ਸੀ ਕਿ ਉਹ ਮੇਰੇ ਨਾਲੋਂ ਵੱਧ ਅਕਲਮੰਦ ਤੇ ਜ਼ਿੰਮੇਵਾਰ ਇਨਸਾਨ ਹੈ; ਹਾਲਾਂਕਿ ਮੈਂ ਉਹਦੇ ਨਾਲੋਂ ਕਿਤੇ ਜ਼ਿਆਦਾ ਪੜ੍ਹੀ-ਲਿਖੀ ਸਾਂ, ਤੇ ਮੈਂ ਦੁਨੀਆਂ ਵੇਖੀ ਹੋਈ ਸੀ। ਸਮਾਜ ਦਾ ਮੇਰਾ ਤਜਰਬਾ ਉਹਦੇ ਮੁਕਾਬਲੇ ਕਿਤੇ ਜ਼ਿਆਦਾ ਵਸੀਹ ਸੀ, ਤੇ ਬਗਾਵਤ ਕਰ ਕੇ ਗਹਿਰਾ ਵੀ, ਪਰ ਉਹਨੇ ਵੀ ਮੈਨੂੰ ਨਾਬਾਲਿਗ ਬੱਚੀ ਸਮਝ ਕੇ ਬੜੇ ਠੰਢੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਤੇ ਕਿਹਾ ਕਿ ਮੈਂ ਇਸ ਸ਼ਾਦੀ ਦੀ ਇਜਾਜ਼ਤ ਦੇ ਦਿਆਂਗਾ, ਪਰ ਪਹਿਲਾਂ ਮੈਂ ਲੜਕੇ ਬਾਰੇ ਛਾਣ-ਬੀਣ ਕਰ ਲਵਾਂ।
ਮੈਂ ਉਹਨੂੰ ਕਿਹਾ- ਨੰਬਰ ਇਕ, ਮੈਂ ਉਹਦੇ ਕੋਲੋਂ ਇਜਾਜ਼ਤ ਲੈਣ ਨਹੀਂ ਆਈ, ਬਲਕਿ ਉਹਨੂੰ ਆਪਣਾ ਫੈਸਲਾ ਦੱਸਣ ਆਈ ਹਾਂ ਜੋ ਪੂਰੀ ਜ਼ਿੰਮੇਵਾਰੀ ਨਾਲ ਲਿਆ ਹੈ; ਤੇ ਦੂਸਰੀ ਗੱਲ, ਛਾਣ-ਬੀਣ ਦੋ ਚੀਜ਼ਾਂ ਦੀ ਹੀ ਹੁੰਦੀ ਹੈ-ਇਕ ਇਹ ਕਿ ਦੁਲਹੇ ਦੀ ਜ਼ਿੰਦਗੀ ਵਿਚ ਕੋਈ ਹੋਰ ਔਰਤ ਤਾਂ ਨਹੀਂ? ਤੇ ਦੂਜੀ ਇਹ ਕਿ ਉਹਦੀ ਤਨਖਾਹ ਕਿੰਨੀ ਹੈ?æææ ਲਿਹਾਜ਼ਾ ਦੋਹਾਂ ਗੱਲਾਂ ਦਾ ਜਵਾਬ ਇਹ ਹੈ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਪੰਜਾਂ ਬੱਚਿਆਂ ਦਾ ਬਾਪ ਹੈ, ਤੇ ਉਹਦੇ ਕੋਲ ਨੌਕਰੀ ਕੋਈ ਨਹੀਂ ਜੋ ਤਨਖਾਹ ਦਾ ਸਵਾਲ ਪੈਦਾ ਹੋਵੇ। ਹੁਣ ਇਸ ਤੋਂ ਵੱਧ ਛਾਣ-ਬੀਣ ਦਾ ਕੀ ਮੌਕਾ ਰਹਿ ਜਾਂਦਾ ਹੈæææ! ਇਸ ਗੱਲ ‘ਤੇ ਉਹ ਇਸ ਕਦਰ ਨਾਰਾਜ਼ ਹੋਇਆ ਕਿ ਉਹ ਅੱਜ ਤੱਕ ਸਾਡੇ ਨਾਲ ਗੱਲ ਨਹੀਂ ਕਰਦਾ; ਕਿਉਂਕਿ ਉਹ ਉਦੋਂ ਲਾਜਵਾਬ ਹੋ ਗਿਆ ਸੀ।
ਘਰ ਵਾਲਿਆਂ ਦੀ ਮੁਕੰਮਲ ਮੁਖਾਲਫ਼ਤ ਦੇ ਖਿਲਾਫ਼ ਮੈਂ ਤੇ ਜ਼ਫਰ ਤਕੜੀ ਤਰ੍ਹਾਂ ਲੜੇ, ਤੇ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਜੇ ਉਹ ਰਾਜ਼ੀ ਨਾ ਹੋਈ ਤਾਂ ਅਸੀਂ ਕਚਿਹਰੀ ਵਿਚ ਸ਼ਾਦੀ ਕਰ ਲਵਾਂਗੇ। ਮਜਬੂਰ ਹੋ ਕੇ ਉਨ੍ਹਾਂ ਹਥਿਆਰ ਸੁੱਟ ਦਿੱਤੇ, ਤੇ ਮੇਰਾ ਇਕ ਚਾਚਾ ਰਾਜ਼ੀ ਹੋ ਗਿਆ ਕਿ ਨਿਕਾਹ ਦੀ ਰਸਮ ਉਹਦੇ ਘਰ ਹੋ ਜਾਏ। ਮੈਂ ਆਪਣੀ ਤਨਖਾਹ ਪੇਸ਼ਗੀ ਲਈ ਅਤੇ ਦਿਨ ਰਾਤ ਇਕ ਕਰ ਕੇ ਛੋਟਾ ਜਿਹਾ ਕਮਰਾ ਕਿਰਾਏ ‘ਤੇ ਲੈ ਲਿਆ ਜੀਹਦੇ ਵਿਚ ਕੋਈ ਸਾਮਾਨ ਨਹੀਂ ਸੀ। ਇਕ ਕਾਊਚ ਜੋ ਮੈਂ ਕਦੇ ਖਰੀਦਿਆ ਸੀ ਅਤੇ ਆਪਣੀ ਇਕ ਪੁਰਾਣੀ ਲਿਖਣ ਵਾਲੀ ਮੇਜ਼ ਉਹਦੇ ਵਿਚ ਰੱਖ ਦਿੱਤੀ। ਜਿਸ ਦਿਨ ਮੇਰੀ ਸ਼ਾਦੀ ਹੋਣੀ ਸੀ, ਉਹ ਦਿਨ ਮੈਂ ਉਸ ਕਮਰੇ ਵਿਚ ਗਈ ਅਤੇ ਝਾੜੂ, ਪਾਣੀ ਦੀ ਸੁਰਾਹੀ ਤੇ ਗਲਾਸ ਖਰੀਦ ਕੇ ਉਥੇ ਰੱਖ ਆਈ। ਵਾਪਸੀ ‘ਤੇ ਬਚੇ ਹੋਏ ਪੈਸਿਆਂ ਦੀਆਂ ਢੇਰ ਸਾਰੀਆਂ ਲਾਲ ਚੂੜੀਆਂ ਖਰੀਦ ਕੇ ਪਹਿਨ ਲਈਆਂ।
ਮੇਰੀ ਭੈਣ ਨੇ ਮੇਰੇ ਲਈ ਲਾਲ ਕੰਨੀ ਵਾਲੀ ਸਾੜ੍ਹੀ ਖਰੀਦੀ ਹੋਈ ਸੀ, ਉਹ ਮੈਂ ਪਾ ਲਈ ਅਤੇ ਗਲ ਦੇ ਕੱਪੜੇ ਲਾਹ ਕੇ ਟੋਕਰੀ ਵਿਚ ਰੱਖੇ, ਤੇ ਉਹ ਟੋਕਰੀ ਲੈ ਕੇ ਭੈਣ ਦੇ ਘਰੋਂ ਚਾਚੇ ਦੇ ਘਰ ਚਲੀ ਗਈ ਜਿਥੇ ਸ਼ਾਮ ਨੂੰ ਜ਼ਫਰ ਨੇ ਕਾਜ਼ੀ ਤੇ ਦੋ ਗਵਾਹਾਂ ਨੂੰ ਲੈ ਕੇ ਆਉਣਾ ਸੀ।
ਇਸ ਸ਼ਾਦੀ ਵਿਚ ਮੇਰੀਆਂ ਦੋਹਾਂ ਭੈਣਾਂ ਨੂੰ ਮੇਰੇ ਭਣਵੱਈਆਂ ਨੇ ਸ਼ਰੀਕ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਘਰ ਵਿਚ ਕੋਈ ਔਰਤ ਨਹੀਂ ਸੀ। ਸਿਰਫ਼ ਮੇਰੀ ਮਾਂ ਤਮਾਮ ਗੁੱਸੇ ਦੇ ਬਾਵਜੂਦ ਆ ਗਈ ਸੀ, ਤੇ ਗਜ਼ਬਨਾਕ ਗੁੱਸੇ ਦੀ ਮੂਰਤ ਬਣੀ ਤਖਤਪੋਸ਼ ਉਤੇ ਚੁੱਪ-ਚਾਪ ਬੈਠੀ ਰਹੀ।
ਉਸ ਵੇਲੇ ਮੈਨੂੰ ਇੰਜ ਲੱਗ ਰਿਹਾ ਸੀ, ਜਿਵੇਂ ਸਾਰੀ ਜ਼ਿੰਦਗੀ ਦੀ ਤਾਰੀਖ ਆਪਣੇ ਆਪ ਨੂੰ ਦੁਹਰਾਏਗੀ, ਸਭ ਕੁਝ ਹੁੰਦਿਆਂ ਹੁੰਦਿਆਂ ਰਹਿ ਜਾਏਗਾ, ਤੇ ਜ਼ਫਰ ਉਥੇ ਨਹੀਂ ਪਹੁੰਚ ਸਕੇਗਾ, ਪਰ ਸਾਰੀ ਜ਼ਿੰਦਗੀ ਦੀ ਤਾਰੀਖ ਨੂੰ ਗ਼ਲਤ ਸਾਬਤ ਕਰਦਿਆਂ ਜ਼ਫ਼ਰ ਪਹੁੰਚ ਗਿਆ। ਫਿਰ ਮੇਰੇ ਚਾਚੇ ਨੇ ਉਹਨੂੰ ਅਤੇ ਉਹਦੇ ਦੋਸਤਾਂ ਨੂੰ ਚਾਹ ਪਿਆਈ ਤੇ ਰਸਮ ਨੂੰ ਮੁਨਾਸਬ ਰੰਗ ਦੇਣ ਲਈ ਥੋੜ੍ਹੀ ਜਹੀ ਮਠਿਆਈ ਵੀ ਸਾਹਮਣੇ ਰੱਖੀ।
ਮੈਂ ਦੂਜੇ ਕਮਰੇ ਵਿਚ ਸਾਂ, ਤੇ ਬਾਰੀ ਵਿਚੋਂ ਸਭ ਕੁਝ ਵੇਖ ਰਹੀ ਸਾਂ। ਕਾਗਜ਼ ਉਤੇ ਦਸਤਖਤ ਤੋਂ ਬਾਅਦ ਮੇਰੇ ਕੋਲੋਂ ਰਿਹਾ ਨਾ ਗਿਆ, ਤੇ ਉਮਰ ਭਰ ਦੀ ਬੇਯਕੀਨੀ ਨੂੰ ਕੁਚਲ ਦੇਣ ਲਈ ਮੈਂ ਵੀ ਉਠ ਕੇ ਉਸ ਕਮਰੇ ਵਿਚ ਆ ਗਈ, ਜਿਥੇ ਮੇਰੀ ਮਾਂ, ਚਾਚਾ, ਭਣਵੱਈਆ ਤੇ ਜ਼ਫ਼ਰ ਬੈਠੇ ਹੋਏ ਸਨ। ਮੈਂ ਆ ਕੇ ਬੈਠੀ ਹੀ ਸਾਂ ਕਿ ਆਦਤ ਦੇ ਮੁਤਾਬਕ ਜ਼ਫਰ ਨੇ ਆਪਣੇ ਲਈ ਸਿਗਰਟ ਸੁਲਗਾਇਆ, ਤੇ ਇਕ ਮੈਨੂੰ ਵੀ ਦਿੱਤਾ।
ਅਜੇ ਮੈਂ ਸਿਗਰਟ ਹੱਥ ਵਿਚ ਫੜਿਆ ਹੀ ਸੀ, ਮੇਰੀ ਮਾਂ ਦੇ ਗੁੱਸੇ ਦਾ ਜਵਾਲਮੁਖੀ ਫਟ ਪਿਆ, ਤੇ ਉਨ੍ਹਾਂ ਕਿਹਾ- “ਤੁਸੀਂ ਦੋਵੇਂ ਬੇਸ਼ਰਮ ਹੋ, ਕੁਝ ਤਾਂ ਲਿਹਾਜ਼ ਕੀਤਾ ਹੁੰਦਾæææ।”
ਮੈਂ ਸੱਚਮੁੱਚ ਹੈਰਾਨ ਰਹਿ ਗਈ, ਤੇ ਅੱਜ ਤੱਕ ਨਹੀਂ ਸਮਝ ਸਕੀ ਕਿ ਉਸ ਖਾਸ ਵਕਤ ਸਿਗਰਟ ਪੀਣ ਦਾ, ਅਜਿਹਾ ਕੀ ਬੇਸ਼ਰਮੀ ਦਾ ਮਤਲਬ ਨਿਕਲਦਾ ਸੀ ਜਿਸ ਨੇ ਮੇਰੀ ਮਾਂ ਦੇ ਇਖਲਾਕ ਨੂੰ ਇੰਨਾ ਜ਼ਖ਼ਮੀ ਕਰ ਦਿੱਤਾæææ! ਪਤਾ ਨਹੀਂ ਉਨ੍ਹਾਂ ਦਾ ਤਸੱਵਰ ਕਿਥੇ ਦਾ ਕਿਥੇ ਜਾ ਪਹੁੰਚਿਆ ਹੋਵੇਗਾ।
ਉਸ ਤੋਂ ਬਾਅਦ ਅਸੀਂ ਦੋਵੇਂ ਜਾਣ ਲਈ ਉਠੇ, ਮੈਂ ਉਤਾਰੇ ਹੋਏ ਕੱਪੜਿਆਂ ਦੀ ਟੋਕਰੀ ਚੁੱਕੀ ਅਤੇ ਅਸੀਂ ਦੋਵੇਂ ਸਕੂਟਰ ਕਰ ਕੇ ਆਪਣੇ ਨਵੇਂ ਘਰ ਆ ਗਏ। ਕਮਰੇ ਵਿਚ ਧੂੜ ਹੀ ਧੂੜ ਜੰਮੀ ਹੋਈ ਸੀ, ਸਾਫ਼ ਕਰਨ ਦਾ ਵਕਤ ਨਹੀਂ ਸੀ ਮਿਲਿਆ। ਸੋ, ਪਹਿਲਾਂ ਕੰਮ ਇਹ ਕੀਤਾ ਕਿ ਕਮਰੇ ਵਿਚ ਝਾੜੂ ਦਿੱਤਾæææ ਤੇ ਫਿਰ ਖਾਲੀ ਕਮਰੇ ਵਿਚ ਕਾਊਚ ‘ਤੇ ਬਹਿ ਕੇ ਬਹੁਤ ਦੇਰ ਤੱਕ ਬੇਯਕੀਨੀ ਨਾਲ ਇਕ ਦੂਜੇ ਨੂੰ ਵੇਖਦੇ ਰਹੇ!