ਝੰਗ ਦੇ ਗਾਉਣਾਂ ਦੀ ਬੁਣਤੀ

ਲਾਹੌਰ ਦੀ ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਵਿਚ ਪੰਜਾਬੀ ਦਾ ਪ੍ਰੋਫੈਸਰ ਸਈਅਦ ਖਾਵਰ ਭੁੱਟਾ ਲੋਕ ਸਾਹਿਤ ਅਤੇ ਮੌਖਿਕ ਇਤਿਹਾਸ ਦੀ ਖਬਰ ਰੱਖਣ ਵਾਲਾ ਜਿਊੜਾ ਹੈ। ਝੰਗ ਦੀ ਰਹਿਤਲ ਅਤੇ ਬੋਲੀ ਨਾਲ ਉਸ ਦਾ ਲਗਾਓ ਦੀਵਾਨਗੀ ਦੀ ਹੱਦ ਤੱਕ ਹੈ। ਹਾਲ ਹੀ ਵਿਚ ਉਸ ਦੀ ਕਿਤਾਬ ‘ਨੈਣ ਨਾ ਰਹਿੰਦੇ ਤੱਕਣੋ’ ਲੁਧਿਆਣੇ ਵਾਲੀ ਪੰਜਾਬੀ ਸਾਹਿਤ ਅਕਾਦਮੀ ਨੇ ਛਾਪੀ ਹੈ।

ਇਸ ਵਿਚ ਪ੍ਰੋæ ਭੁੱਟਾ ਵੱਲੋਂ ਇਕੱਤਰ ਕੀਤੇ ਝੰਗ ਦੇ 111 ਗੀਤ ਸ਼ਾਮਲ ਹਨ ਜਿਨ੍ਹਾਂ ਤੋਂ ਝੰਗ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇਸ ਲੇਖ ਵਿਚ ਪ੍ਰੋæ ਭੁੱਟਾ ਨੇ ਝੰਗ ਦੇ ਗੀਤਾਂ ਦੀ ਬੁਣਤੀ ਬਾਰੇ ਗੱਲ ਤੋਰੀ ਹੈ ਅਤੇ ਇਹ ਚਰਚਾ ਵੀ ਕੀਤੀ ਹੈ ਕਿ ਹੋਰ ਸ਼ਾਇਰਾਂ ਉਤੇ ਇਸ ਲੋਕ ਅਦਬ ਦੇ ਕੀ ਕੀ ਅਸਰ ਪਏ। -ਸੰਪਾਦਕ
ਪ੍ਰੋæ ਸਈਅਦ ਖਾਵਰ ਭੁੱਟਾ
ਪੰਜਾਬੀ ਲੋਕ ਅਦਬ ਪੰਜਾਬ ਦਾ ਛੇਵਾਂ ਦਰਿਆ ਹੈ ਜਿਹੜਾ ਹਜ਼ਾਰਾਂ ਵਰ੍ਹਿਆਂ ਤੋਂ ਲੋਕਾਈ ਦੇ ਸੀਨਿਆਂ ਵਿਚ ਵਗ ਰਿਹਾ ਹੈ ਤੇ ਜਦੋਂ ਤੀਕਰ ਛੇਕੜਲਾ ਪੰਜਾਬੀ ਜਿਉਂਦਾ ਹੈ, ਉਦੋਂ ਤੀਕਰ ਵਗਦਾ ਰਹਿਸੀ। ਪੰਜਾਬੀ ਲੋਕ ਅਦਬ ਦੀ ਤਾਰੀਖ਼ ਤਾਂ ਸਦੀਆਂ ਤੀਕਰ ਪਿਛਾਂਹ ਜਾਂਦੀ ਹੈ। ਇਹਦੀ ਸਾਂਭ ਦਾ ਮੁਢ ਉਨ੍ਹੀਵੀਂ ਸਦੀ ਵਿਚ ਅੰਗਰੇਜ਼ ਖੋਜੀਆਂ ਹੱਥੋਂ ਬੱਝਾ। ਉਨ੍ਹਾਂ ਦੇ ਮਗਰੋਂ ਦੇਸੀ ਖੋਜੀ ਪਿੜ ਵਿਚ ਨਿਤਰੇ। ਹੁਣ ਤੀਕਰ ਦੇ ਸਾਂਭੇ ਲੋਕ ਅਦਬ (ਸਾਹਿਤ) ਦੀ ਮਿਸਾਲ ਵਗਦੇ ਦਰਿਆਉਂ ਬੁਕ ਭਰਨ ਵਾਲੀ ਈ ਏ। ਅੱਜ ਵੀ ਇਕ ਇਕ ਜੂਹ ਵਿਚੋਂ ਬੇਅੰਤ ਕਿਤਾਬਾਂ ਦਾ ਮਵਾਦ ਸਾਂਭਿਆ ਜਾ ਸਕਦਾ ਹੈ। ਲੋਕ ਗੀਤਾਂ ਨੂੰ ਭਾਵੇਂ ਕਲਮ ਦੀ ਨੋਕ ਤੀਕਰ ਅਪੜਾਉਣ ਦਾ ਕੰਮ ਚਿਰਕਾ ਈ ਸ਼ੁਰੂ ਹੋਇਆ, ਪਰ ਜੋ ਕੁਝ ਹੁਣ ਸਾਹਮਣੇ ਏ, ਏਸ ਤੋਂ ਪੰਜਾਬ ਦੀ ਵਸੋਂ, ਵਸੇਬ, ਮਨੁੱਖ ਦੇ ਜੀਵਨ ਤੇ ਅਦਬ ਉਤੇ ਇਹਦੇ ਪਰਛਾਵੇਂ ਸਹਿਜ ਸੁਭਾ ਵੇਖੇ ਜਾ ਸਕਦੇ ਹਨ।
ਪੰਜਾਬੀ ਵਸੇਬ ਦਾ ਵੱਡਾ ਮੋੜ ਮੁਸਲਮਾਨਾਂ ਦਾ ਪੰਜਾਬ ਵਿਚ ਆਉਣ ਹੈ। ਇਨ੍ਹਾਂ ਦੇ ਵੀ ਦੋ ਧੜੇ ਸਨ: ਇਕ ਬਾਦਸ਼ਾਹਾਂ ਦਾ ਤੇ ਦੂਜਾ ਸੂਫੀਆਂ ਦਾ। ਉਦੋਂ ਦੇ ਬਾਦਸ਼ਾਹ ਲੋਕਾਈ ਤੋਂ ਉਚਿਆਂ ਹੋਵਣ ਲਈ ਆਪਣੇ ਨਸਬ-ਵਸਤ (ਖਾਨਦਾਨੀ ਪਿਛੋਕੜ) ਏਸ਼ੀਆ ਦੇ ਮਿਥਾਲੋਜੀਕਲ ਬਾਦਸ਼ਾਹਾਂ ਨਾਲ ਜੋੜਦੇ ਸਨ। ਉਨ੍ਹਾਂ ਦੇ ਨਾਲ ਕਸੀਦਾ-ਖਵਾਨਾਂ ਦੀਆਂ ਲੰਮੀਆਂ ਕਤਾਰਾਂ ਹੁੰਦੀਆਂ ਸਨ, ਜਿਹੜੀਆਂ ਉਨ੍ਹਾਂ ਦੇ ਜ਼ਿਹਨਾਂ ਵਿਚ ਨਿਤ ਨਵੇਂ ਭੁਲੇਖੇ ਪਾ ਕੇ ਇਨਾਮ ਤੇ ਦਰਬਾਰੀ ਨੇੜਤਾ ਪਾਉਂਦੀਆਂ ਸਨ। ਇਨਸਾਨੀ ਤਾਰੀਖ ਵਿਚ ਜਿਵੇਂ ਸ਼ਾਹੀ ਪੈਂਤਰੇ ਬਦਲਦੇ ਰਹੇ, ਕਸੀਦਾ-ਖਵਾਨ ਵੀ ਆਪਣੇ ਰੱਛ ਵਟਾਉਂਦੇ ਰਹੇ ਹਨ, ਹਰ ਸਮੇਂ ਨਵੇਂ ਤੋਂ ਨਵੇਂ ਰੂਪ ਵਿਚ। ਇਨ੍ਹਾਂ ਜ਼ਿਹਨਾਂ ਵਿਚ ਲੋਕ-ਸਜਣਾਈ ਦਾ ਬੀ ਪੁੰਗਰ ਈ ਨਹੀਂ ਸੀ ਸਕਦਾ। ਦੂਜਾ ਧੜਾ ਸੂਫੀਆਂ ਦਾ ਹੈ। ਪੰਜਾਬ ਵਿਚ ਆਉਣ ਵਾਲੇ ਸੂਫੀਆਂ ਦੀ ਸੋਚ ਲੋਕ ਪੱਖੀ ਰਹੀ ਹੈ। ਇਨ੍ਹਾਂ ਦੇਸੀ ਵਸੇਬ ਤੇ ਲੋਕ ਜੀਵਨ ਨੂੰ ਮਨੋਂ ਕਬੂਲਿਆ। ਜਿਨ੍ਹਾਂ ਸੂਫੀਆਂ ਦਾ ਤਖਲੀਕ ਵੱਲ ਉਲਾਰ ਸੀ, ਉਨ੍ਹਾਂ ਏਥੋਂ ਦੀਆਂ ਅਦਬੀ ਰੀਤਾਂ ਨਾਲ ਈ ਨਿਭਾ ਕੀਤਾ ਤੇ ਫੇਰ ਏਥੋਂ ਦੇ ਜੰਮਪਲ ਸੂਫੀ ਵੀ ਏਸੇ ਰਾਹੇ ਟੁਰੇ। ਬੱਰਿ-ਸਗੀਰ ਵਿਚ ਮੁਸਲਮਾਨਾਂ ਦੇ ਜ਼ਵਾਲ (ਪਤਨ) ਸਮੇਂ ਕੁਝ ਕਲਾਕਾਰਾਂ ਨੇ ਬਦੇਸ਼ੀ ਰੀਤਾਂ ਨੂੰ ਵੀ ਨਿਭਾਇਆ, ਪਰ ਇਹ ਤਾਂ ਬਹੁਤ ਚਿਰ ਪਿਛੇ ਦੀ ਗੱਲ ਹੈ।
ਮੂਹਰਲੇ ਸਮੇਂ ਦੇ ਇਨ੍ਹਾਂ ਕਲਾਕਾਰਾਂ ਦੀ ਇਕ ਤਾਂ ਸੋਚ ਲੋਕ ਪੱਖੀ ਸੀ ਤੇ ਦੂਜਾ ਦੇਸੀ ਲੋਕ ਬੁਣਤਰਾਂ ਦਾ ਸੁਭਾ ਏਨਾ ਖੁਲ੍ਹਾ ਡੁਲ੍ਹਾ ਸੀ ਕਿ ਇਹ ਹਰ ਮੌਜੂ (ਵਿਸ਼ੇ) ਨੂੰ ਆਪਣੇ ਕਲਾਵੇ ਵਿਚ ਲਿਆ ਸਕਦੀਆਂ ਸਨ। ਇਹੋ ਕਾਰਨ ਹੈ ਕਿ ਕਲਾਸਿਕੀ ਅਦਬ ਦੀਆਂ ਬਹੁਤੀਆਂ ਬੁਣਤਰਾਂ, ਲੋਕ ਅਦਬ ਦੇ ਉਘੜਵੇਂ ਰੂਪ ਹਨ।
ਝੰਗ ਦੇ ਬਹੁਤੇ ਗਾਉਣਾਂ ਦੀ ਬੁਣਤਰ ਏਸ ਤਰ੍ਹਾਂ ਹੈ ਕਿ ਪਹਿਲਾਂ ਟੀਪ ਦਾ ਮਿਸਰਾ ਆਉਂਦਾ ਹੈ ਤੇ ਇਹਦੇ ਮਗਰੋਂ ਟੱਪਾ ਆਉਂਦਾ ਹੈ ਤੇ ਫੇਰ ਟੱਪੇ ਤੋਂ ਪਿਛੋਂ ਟੀਪ ਦਾ ਮਿਸਰਾ ਦੁਹਰਾਇਆ ਵੈਂਦਾ ਹੈ। ਸਿਆਣੇ ਗਵੱਈਏ ਟੀਪ ਦੇ ਮਿਸਰੇ ਮਗਰੋਂ ਮਾਅਨਵੀ ਜੋੜ ਵਾਲੇ ਟੱਪੇ ਗਾਉਂਦੇ ਨੇ, ਪਰ ਅਨਾੜੀ ਗਾਇਕ ਟੀਪ ਦੇ ਮਿਸਰੇ ਤੇ ਟੱਪੇ ਵਿਚ ਮਾਅਨਵੀ ਜੋੜ ਦਾ ਖਿਆਲ ਨਹੀਂ ਰੱਖਦੇ। ਕੁਝ ਗਾਉਣਾਂ ਵਿਚ ਟੀਪ ਦੇ ਮਿਸਰੇ ਮਗਰੋਂ ਅੰਤਰਾ ਤਿੰਨ ਜਾਂ ਚਾਰ ਸਤਰੀ ਵੀ ਹੋਂਦਾ ਏ, ਪਰ ਉਨ੍ਹਾਂ ਦਾ ਜੋੜ ਟੀਪ ਦੇ ਮਿਸਰੇ ਨਾਲ ਜ਼ਰੂਰ ਹੁੰਦਾ ਏ। ਝੰਗ ਦੀ ਜੂਹ ਵਿਚ ਏਸ ਬੁਣਤਰ ਨੂੰ ਲੈਅ ਦਾ ਨਾਂ ਦਿੱਤਾ ਜਾਂਦਾ ਹੈ। ਗਾਵਣਾਂ ਦੀ ਇਹ ਬੁਣਤਰ ਹੋਰ ਜੂਹਾਂ ਵਿਚ ਵੀ ਪ੍ਰਚਲਤ ਹੈ। ਅਜੋਕਾ ਫਿਲਮੀ ਗੀਤ ਇਨ੍ਹਾਂ ਬੁਣਤਰਾਂ ਵਿਚੋਂ ਈ ਨਿਸਰਿਆ ਹੈ। ਪੰਜਾਬੀ ਦੀਆਂ ਕਲਾਸਿਕੀ ਬੁਣਤਰਾਂ ਵਿਚੋਂ ਕਾਫੀ ਦੀ ਉਚੇਚਤਾ ਹੈ ਤੇ ਕਈ ਉਚ ਕੋਟੀ ਦੇ ਸ਼ਾਇਰਾਂ ਏਸ ਬੁਣਤਰ ਨੂੰ ਅਦਬੀ ਵਰਤੋਂ ਵਿਚ ਲਿਆਂਦਾ ਹੈ। ਕਾਫੀ ਦੀ ਸਿਨਫੀ ਪਛਾਣ ਵੀ ਇਹੋ ਹੈ ਕਿ ਇਹਦੇ ਵਿਚ ਅਸਥਾਈ ਦੀ ਹੋਂਦ ਜ਼ਰੂਰੀ ਹੋਂਦੀ ਹੈ ਤੇ ਅਸਥਾਈ ਨੂੰ ਅੰਤਰੇ ਨਾਲ ਮਿਲਾ ਕੇ ਪੜ੍ਹਿਆ ਜਾਵੇ, ਤਦੋਂ ਈ ਅੰਤਰੇ ਦਾ ਸੱਚਾ ਗਿਆਨ ਹੋਂਦਾ ਹੈ। ਕਾਫੀ ਤਾਂ ਉਕਾ ਹੀ ਏਸੇ ਗਾਵਣ ਦਾ ਈ ਸੁਚੱਜਾ ਰੰਗ ਹੈ। ਕਲਾਸਿਕੀ ਸ਼ਾਇਰਾਂ ਆਪਣੀ ਕਲਾ ਮਰੋੜੀ ਤੇ ਕਿਰਤ ਗੁਣ ਨਾਲ ਇਹਨੂੰ ਕਲਾਸਿਕੀ ਸਿਨਫ ਬਣਾ ਦਿੱਤਾ। ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸਚਲ ਸਮਰਸਤ ਤੇ ਖਵਾਜਾ ਫਰੀਦ ਦੀਆਂ ਕਾਫੀਆਂ ਦਾ ਮੁਹਾਂਦਰਾ ਲੋਕ ਗੀਤਾਂ ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਕੁਝ ਖੋਜੀ ਕਾਫੀ ਦਾ ਸਿਰਾ ਭਜਨ ਨਾਲ ਜੋੜਦੇ ਹਨ, ਪਰ ਘਰ ਦਿਆਂ ਖਜ਼ਾਨਿਆਂ ਨੂੰ ਨਹੀਂ ਗੌਲਦੇ। ਅਸੀਂ ਭਜਨ ਤੇ ਕਾਫੀ ਦੀ ਹਈਅਤੀ ਸਾਂਝ ਤੋਂ ਮੁਨਕਰ ਨਹੀਂ ਆਂ, ਪਰ ਭਜਨ ਆਪੂੰ ਵੀ ਤਾਂ ਲੋਕ ਗੀਤ ਦੀ ਕੁੱਖੋਂ ਫੁੱਟੇ ਹਨ। ਏਸ ਲਈ ਭਜਨ ਦਾ ਖੁਰਾ ਨਪਿਆਂ ਵੀ ਇਹ ਦਾ ਮੁਹਾੜ ਲੋਕ ਰਹਿਤਲ ਤੇ ਲੋਕ ਅਦਬ ਵਲ ਈ ਮੁੜਦਾ ਹੈ।
ਅਦਬੀ ਬੁਣਤਰਾਂ ਦਾ ਪੈਂਡਾ ਏਨਾ ਸੁਖਾਲਾ ਨਹੀਂ ਹੋਂਦਾ ਜਿੰਨੀ ਸੌਖ ਨਾਲ ਕਛ ਲਿਆ ਜਾਂਦਾ ਹੈ। ਸਿੰਧ ਵਾਦੀ ਦੀਆਂ ਇੰਤਜ਼ਾਮੀ ਹੱਦਾਂ ਅਡੋ-ਅਡ ਸਮਿਆਂ ਵਿਚ ਵਟੀਜਦੀਆਂ ਰਹੀਆਂ ਹਨ ਤੇ ਇੰਜ ਇਕ ਜੂਹ ਦਾ ਦੂਜੀ ਨਾਲ ਵਨਵੇਰ (ਵਾਹ-ਵਰਤਣ) ਘਟਣ ਮਗਰੋਂ ਬੋਲੀਆਂ ਵਿਚ ਵੀ ਉਪਰੇਵਾਂ ਆਉਂਦਾ ਰਿਹਾ। ਪੰਜਾਬੀ, ਸਿੰਧੀ ਤੇ ਹਿੰਦੀ ਵਸੋਂ ਪਿਛੇ ਇਕੋ ਈ ਵਸੇਬ ਹਾਈ, ਜਿਹੜਾ ਹਜ਼ਾਰਾਂ ਵਰ੍ਹਿਆਂ ਦਾ ਪੈਂਡਾ ਕਰਦਿਆਂ ਹੁਣ ਵਖੋ-ਵੱਖ ਮੁਹਾਂਦਰੇ ਬਣਾਈ ਬੈਠਾ ਹੈ। ਲੋਕ ਬੁਣਤਰਾਂ ਏਸੇ ਸਾਂਝੇ ਵਸੇਬ ਦਾ ਈ ਸਤ ਹਨ ਤੇ ਅੱਜ ਲੋਕ ਅਦਬ ਦੀ ਕੁਖੋਂ ਫੁਟੀਆਂ ਸਿਨਫਾਂ ਹਰ ਜੂਹ ਵਿਚ ਵਖਰੀ ਨੁਹਾਰ ਰਖਦੀਆਂ ਹਨ।
ਕਾਫੀ ਵਾਂਗੂੰ ਸੀਹਰਫੀ ਤੇ ਬਾਰਾਂਮਾਹ ਵੀ ਦੇਸੀ ਅਦਬੀ ਰੀਤਾਂ ਦੀ ਦੇਣ ਹਨ ਜਿਨ੍ਹਾਂ ਨੂੰ ਮੁਸਲਮਾਨਾਂ ਦੇ ਸਮੇਂ ਅਰੂਜ (ਉਛਾਲ) ਮਿਲਿਆ। ਇਨ੍ਹਾਂ ਸਿਨਫਾਂ ਦੇ ਪਿਛੋਕੜ ਨੂੰ ਭਾਲਣ ਲਈ ਅਸਾਡੇ ਪਾਰਖੂ ਅਰਬੀ-ਫਾਰਸੀ ਦੇ ਖਾਤੇ ਫੋਲ ਬੈਠੇ ਹਨ ਤੇ ਅਖੀਰ ਏਸ ਸਿੱਟੇ ਉਤੇ ਅਪੜੇ ਹਨ ਕਿ ਇਹ ਬੁਣਤਰਾਂ ਲੋਕ ਅਦਬ ਵਿਚੋਂ ਈ ਨਿਸਰੀਆਂ ਹਨ। ਪ੍ਰੋਫੈਸਰ ਸ਼ਰੀਫ ਕੁੰਜਾਹੀ ਹੋਰਾਂ ਤਾਂ ਬਾਬਾ ਫਰੀਦ ਦੇ ਸਲੋਕਾਂ ਦੀ ਵੇਤਰ ਗੀਤਾਂ ਵਾਂਗੂੰ ਹੀ ਰੱਖੀ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਅਰਜਨੀ ਤਰਜ਼ ਦੇ ਲਿਖੇ ਦੋਹੜਿਆਂ ਦੀ ਕਮੀ ਦਾ ਮਸਲਾ ਹਾਈ। ਗੁਰੂ ਅਰਜਨ ਥੋੜੇ ਕਾਗਜ਼ਾਂ ਉਤੇ ਬਾਣੀ ਦਾ ਬਹੁਤਾ ਪਚਾ ਚਾਹੁੰਦੇ ਸਨ। ਦੋਹੜਾ, ਕਾਫੀ, ਸੀਹਰਫੀ ਤੇ ਬਾਰਾਂਮਾਹ ਮਗਰੋਂ ਪੰਜਾਬੀ ਦਾ ਵੱਡਾ ਸਰਮਾਇਆ ਕਿੱਸਾ ਅਦਬ ਹੈ। ਪੰਜਾਬੀ ਦੇ ਮੁਢਲੇ ਸਮਿਆਂ ਦੇ ਕਿੱਸਿਆਂ ਦੀ ਬੁਣਤਰ ਵੀ ਚਹੁੰ ਮਿਸਰਿਆਂ ਦੇ ਬੰਦ ਵਾਲੀ ਹੈ ਤੇ ਪੰਜਾਬੀ ਨੂੰ ਮਸਨਵੀ ਦਾ ਤੜਕਾ ਤਾਂ ਪਿਛੇ ਆ ਕੇ ਲੱਗਾ ਹੈ। ਝਨ੍ਹਾਂ ਦੀ ਜੂਹ ਵਿਚ ਮਿਰਜ਼ਾ ਸਾਹਿਬਾਂ ਦੇ ਕਈ ਗਾਉਣ ਪ੍ਰਚਲਿਤ ਹਨ। ਪੀਲੂ ਤੇ ਹਾਫਿਜ਼ ਬਰਖੁਰਦਾਰ ਦੇ ਕਿੱਸੇ ਮਿਰਜ਼ਾ ਸਾਹਿਬਾਂ ਤਾਂ ਉਕਾ ਈ ਲੋਕ ਗਾਉਣਾਂ ਦੇ ਨੇੜੇ ਵੇ। ਅਸਾਨੂੰ ਝਨ੍ਹਾਂ ਦੇ ਗਾਉਣਾਂ ਦੀ ਖੋਜ ਕਰਦਿਆਂ ਅਜਿਹਾ ਗਾਉਣ ਲੱਭਿਆ ਏ ਜੀਹਦੇ ਵਿਚੋਂ ਪੀਲੂ ਤੇ ਹਾਫਿਜ਼ ਬਰਖੁਰਦਾਰ ਦੀ ਕਲਾ ਦਾ ਰੰਗ ਝਲਕਦਾ ਹੈ। ‘ਮਿਰਜ਼ਾ ਸਾਹਿਬਾਂ’ ਦੇ ਲੋਕ ਗੀਤ ਦੀਆਂ ਨਮੂਨੇ ਕਾਣ ਸਤਰਾਂ:
ਖਾਨ ਖੀਵੇ ਦੀਆਂ ਟਾਹਲੀਆਂ ਮਾਹੀ ਵੇ
ਵਧ ਵਧ ਹੋਈਆਂ ਝੰਗ ਜਾਨੀ
ਹੇਠ ਬੱਝਣ ਪੰਜ ਤਾਜ਼ ਨੀ ਮਾਹੀ ਵੇ,
ਕੱਕੇ ਜਿਨ੍ਹਾਂ ਦੇ ਰੰਗ ਜਾਨੀ
ਘਤਣ ਨਾ ਦੇਂਦੀਆਂ ਕਾਠੀਆਂ ਮਾਹੀ ਵੇ,
ਛਿਕਣ ਦਾ ਦੇਂਦੀਆਂ ਤੰਗ ਜਾਨੀ
ਵਗਣ ਨਾ ਦੇਂਦੀਆਂ ਢੋਲ ਮਾਹੀ ਵੇ
ਢੁਕਣ ਨਾ ਦੇਂਦੀਆਂ ਜੰਞ ਜਾਨੀ।
ਲੋਕ ਵਿਰਸੇ ਵੱਲੋਂ ਛਪੀ ਹਾਫਿਜ਼ ਬਰਖੁਰਦਾਰ ਦੀ ‘ਮਿਰਜ਼ਾ ਸਾਹਿਬਾਂ’ ਵਿਚ ਇਹ ਬੰਦ ਇੰਜ ਏ:
ਵੇਖ ਉਸ ਜੇ ਦਿਸਦੀਆਂ ਟਾਹਲੀਆਂ
ਵਧ ਵਧ ਹੋਈਆਂ ਝੰਗ
ਉਨ੍ਹਾਂ ਦੇ ਹੇਠ ਕਲੀਆਂ ਤਾਜ਼ਨੀ
ਭੂਰ ਜਿਨ੍ਹਾਂ ਦੇ ਰੰਗ
ਘਤਣ ਨਹੀਂ ਦੇਂਦੀਆਂ ਕਾਠੀਆਂ
ਲੈਣ ਨਾ ਦੇਂਦੀਆਂ ਤੰਗ
ਸਾਹਿਬਾਂ ਖੇਡੇ ਵਿਚ ਸਹੇਲੀਆਂ
ਰਾਜੇ ਦੀ ਧੀ ਮਲੰਗ
ਉਹ ਨਜ਼ਰ ਕਰੇ ਵਿਚ ਭੋਛਣਾਂ
ਉਹਦੇ ਹੱਥ ਸੋਨੇ ਦੀ ਵੰਗ।
ਗਾਉਣ (ਲੋਕ ਗੀਤ) ਤੇ ਹਾਫਿਜ਼ ਬਰਖੁਰਦਾਰ ਦੀ ਫਿਕਰ ਵਿਚ ਸਾਂਝ ਦੇ ਵੇਰਵੇ ਦੀ ਲੋੜ ਨਹੀਂ। ਉਤਲੀਆਂ ਮਿਸਾਲਾਂ ਆਪਣੇ ਮੂੰਹੋਂ ਪਈਆਂ ਬੋਲਦੀਆਂ ਹਨ। ਜਿਥੋਂ ਤੀਕਰ ਇਨ੍ਹਾਂ ਦੀ ਬੁਣਤਰੀ ਸਾਂਝ ਦਾ ਸਾਂਗਾ ਹੈ, ਤਾਂ ਦਮੋਦਰ, ਹਾਫਿਜ਼ ਬਰਖੁਰਦਾਰ ਤੇ ਹਾਸ਼ਮ ਸ਼ਾਹ ਚਹੁੰ ਸਤਰੀ ਬੰਦਾਂ ਵਿਚ ਕਿੱਸੇ ਜੋੜੇ ਸਨ, ਜਿਹੜੇ ਕੁਝ ਚਿਰਕੀ ਸਾਂਭ ਪਾਰੋਂ ਤੇ ਕੁਝ ਸੋਧਣਹਾਰਾਂ ਦੀ ਅਣਗਹਿਲੀ ਪਾਰੋਂ ਮਧੋਲੇ ਗਏ। ਇਨ੍ਹਾਂ ਕਿੱਸਿਆਂ ਵਿਚ ਕੁਝ ਬੰਦ ਚਹੁੰ ਸਤਰਾਂ ਤੋਂ ਵੱਧ ਦੇ ਵੀ ਹਨ ਤੇ ਅਜਿਹੀਆਂ ਚਪਰਾਂ ਸ਼ਾਇਰਾਂ ਦੇ ਅਕੀਦਤਮੰਦਾਂ (ਸ਼ਰਧਾਲੂਆਂ) ਹੱਥੋਂ ਲੱਗੀਆਂ ਜਾਪਦੀਆਂ ਹਨ। ਚੇਤੇ ਦਾ ਮੁਹਾੜ ਏਧਰ ਹੀ ਜਾਂਦਾ ਹੈ ਕਿ ਇਹ ਬੁਣਤਰ ਵੀ ਲੋਕ ਅਦਬ ਦੀ ਝੋਲੀ ਵਿਚ ਈ ਵਧੀ ਪਲੀ ਹੈ। ਇਨ੍ਹਾਂ ਗਾਉਣਾਂ ਨੂੰ ਸਾਂਭਣ ਪਿਛੇ ਇਹੋ ਸੋਚ ਹਾਈ ਕਿ ਪੰਜਾਬ ਦੀ ਵਸੋਂ, ਵਸੇਬ ਤੇ ਅਦਬ ਬਾਰੇ ਨਿਰੋਲ ਲਿਖਣਹਾਰਾਂ ਨੂੰ ਆਪਣੀ ਜੂਹ ਦੇ ਵਾਸੀਆਂ ਦੇ ਸੁਭਾਅ ਨੂੰ ਸਮਝਣ ਕਾਰਨ ਕਾਈ ਤੰਦ ਹਥੀਂ ਆ ਜਾਵੇ ਤਾਂ ਲੱਖ ਵਟਿਆ ਜੱਟੀ ਘਰ ਆਇਆ ਜੱਟ।
_____________________________________
ਝੰਗ ਦੇ ਗਾਉਣਾਂ ਦੀ ਵੰਨਗੀ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ

ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਲਾਈਆਂ ਮੂੰ ਖਟੀਆਂ
ਮਿਲਣ ਗਿਓਸੇ ਬੰਦ ਪਈਆਂ ਨੀ ਹਟੀਆਂ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਗਡਿਆ ਗਵਾਰਾ
ਸੁੱਟੀਂ ਨਾ ਢੋਲਾ ਮੈਨੂੰ ਤੇਰਾ ਸਹਾਰਾ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਗਡਿਆ ਗਵਾਰਾ
ਮੈਂ ਸ਼ਹਿਜ਼ਾਦੀ ਮੇਰਾ ਢੋਲ ਕਵਾਰਾ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਸਾਵਾ ਸ਼ਰੀਂਹ ਹੈ
ਚੜ੍ਹ ਚੜ੍ਹ ਵੇਖਾਂ ਤੇਰੇ ਦੇਸ਼ਾਂ ‘ਤੇ ਮੀਂਹ ਹੈ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਗਡੀ ਜਵਾਰ ਹੈ
ਕੋਈ ਨਾ ਝਿੜਕੇ ਮੇਰਾ ਸਾਂਵਲ ਯਾਰ ਹੈ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਵੀਟੀ ਆ ਖੰਡ ਵੇ
ਪਹਿਲੇ ਵੰਞਾ ਕੇ ਹੁਣ ਕਰਨਾ ਏਂ ਕੰਡ ਵੇ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਪਈਆਂ ਮੂੰ ਕਿੜਕਾਂ
ਤੇਰੇ ਓ ਜੀਂਦਿਆਂ ਦੇਂਦੇ ਮੂੰ ਝਿੜਕਾਂ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਮਿਰਚਾਂ ਚੁਣਾਈਆਂ
ਸੁਣ ਮੈਂ ਲਿਆ ਤੂੰਹੇਂ ਅਗਾਂਹ ਚਾ ਲਾਈਆਂ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਸੜ ਗਈਆਂ ਪਖੀਆਂ
ਨਾਂਹ ਮੈਂ ਲਾਈਆਂ, ਲਗ ਗਈਆਂ ਅਖੀਆਂ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਆਵਾਂ ਤੇ ਜਾਵਾਂ
ਵੇ ਅੱਲਾ ਗਵਾਹ ਹੈ ਤੇਰੇ ਰਲੇ ਨਿਭਾਵਾਂ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।
ਵਹਿੰਦੇ ਦੀ ਮਣ ‘ਤੇ ਡੁਬ ਗਿਆ ਤੀਲਾ
ਅੱਲਾ ਤੋਂ ਬਾਝ ਕੌਣ ਵਸੀਲਾ
ਕਿਉਂ ਚਿਰ ਲਾਇਆ ਈ ਪੁੰਨਣ ਖਾਨਾ
ਜਾ ਵਸਾਇਆ ਈ ਮੁਲਕ ਬੇਗਾਨਾ।

ਅਸਾਂ ਲਾਈਆਂ ਅੱਖੀਆਂ ਜਲ ਭਰੀਆਂ

ਅਸਾਂ ਲਾਈਆਂ ਅੱਖੀਆਂ ਜਲ ਭਰੀਆਂ
ਅਸਾਂ ਬੇਕਦਰੇ ਨਾਲ ਲਾਈਆਂæææ
ਵੇ ਬਨੇਰਾ
ਨਵਾਂ ਚੰਨ ਰੋਜ਼ ਚੜ੍ਹੇ
ਮੈਨੂੰ ਸੱਜਣਾਂ ਬਾਝ ਹਨੇਰਾ
ਅਸਾਂ ਲਾਈਆਂ ਅੱਖੀਆਂ ਜਲ ਭਰੀਆਂ
ਅਸਾਂ ਬੇਕਦਰੇ ਨਾਲ ਲਾਈਆਂæææ
ਏਹੇ ਧਾਈਆਂ
ਬਦੀਆਂ ਢੋਲ ਦੀਆਂ
ਅਸੀਂ ਬੰਨ੍ਹ ਗਢੜੀ ਸਿਰ ਚਾਈਆਂ
ਅਸਾਂ ਲਾਈਆਂ ਅੱਖੀਆਂ ਜਲ ਭਰੀਆਂ
ਅਸਾਂ ਬੇਕਦਰੇ ਨਾਲ ਲਾਈਆਂæææ
ਏਹੋ ਤੋਤਾ
ਕੱਲ੍ਹ ਮੈਂ ਵੇਖ ਆਈ ਆਂ
ਗੈਰਾਂ ਕੋਲ ਖਲੋਤਾ
ਅਸਾਂ ਲਾਈਆਂ ਅੱਖੀਆਂ ਜਲ ਭਰੀਆਂ
ਅਸਾਂ ਬੇਕਦਰੇ ਨਾਲ ਲਾਈਆਂæææ

ਮੈਂ ਬੁਲਾਵਾਂ ਤੂੰ ਨਾ ਬੋਲੇਂ ਸੋਹਣਾ ਢੋਲ ਵੇ

ਮੈਂ ਬੁਲਾਵਾਂ ਤੂੰ ਨਾ ਬੋਲੇਂ ਸੋਹਣਾ ਢੋਲ ਵੇ
ਦੁਖੀ ਜਿੰਦੜੀ ਨੂੰ ਚੰਨਾ ਦਿੱਤਾ ਈ ਰੋਲ ਵੇ
ਬਾਗੇ ਤੇਰੇ ਵਿਚ ਬੋਲੇ ਲਾਲੀ
ਪਾਣੀ ਦੇਵਾਂ ਮੈਂ ਤੇਰਾ ਬਣ ਕੇ ਮਾਲੀ
ਮੈਂ ਬੁਲਾਵਾਂ ਤੂੰ ਨਾ ਬੋਲੇਂ ਸੋਹਣਾ ਢੋਲ ਵੇ
ਦੁਖੀ ਜਿੰਦੜੀ ਨੂੰ ਚੰਨਾ ਦਿੱਤਾ ਈ ਰੋਲ ਵੇ
ਬਾਗੇ ਤੇਰੇ ਵਿਚ ਬੋਲੇ ਲਾਲੀ
ਨਿਭਦੀ ਨਹੀਂ ਰਾਤ ਮਾਹੀਆ ਦੁੱਖਾਂ ਵਾਲੀ
ਮੈਂ ਬੁਲਾਵਾਂ ਤੂੰ ਨਾ ਬੋਲੇਂ ਸੋਹਣਾ ਢੋਲ ਵੇ
ਦੁਖੀ ਜਿੰਦੜੀ ਨੂੰ ਚੰਨਾ ਦਿੱਤਾ ਈ ਰੋਲ ਵੇ
ਬਾਗੇ ਤੇਰੇ ਵਿਚ ਵੰਗ ਭਨੇਸਾਂ
ਮਾਰ ਭੰਵਾਲੀ ਘੜਾ ਭੰਨ ਸੁਟੇਸਾਂ
ਮੈਂ ਬੁਲਾਵਾਂ ਤੂੰ ਨਾ ਬੋਲੇਂ ਸੋਹਣਾ ਢੋਲ ਵੇ
ਦੁਖੀ ਜਿੰਦੜੀ ਨੂੰ ਚੰਨਾ ਦਿੱਤਾ ਈ ਰੋਲ ਵੇ
ਬਾਗੇ ਤੇਰੇ ਵਿਚ ਭਿੰਡੀਆਂ ਤੋਰੀਆਂ
ਮਹਿੰਦੀ ਵਾਲੇ ਹੱਥ ਨਾਲ ਬਾਹਵਾਂ ਗੋਰੀਆਂ
ਮੈਂ ਬੁਲਾਵਾਂ ਤੂੰ ਨਾ ਬੋਲੇਂ ਸੋਹਣਾ ਢੋਲ ਵੇ
ਦੁਖੀ ਜਿੰਦੜੀ ਨੂੰ ਚੰਨਾ ਦਿੱਤਾ ਈ ਰੋਲ ਵੇ

ਜੋਗੀਆ ਚੋਲਾ ਕਾਲੀ ਪਸ਼ਮ ਪਰਾਂਦੇ ਦੀ

ਜੋਗੀਆ ਚੋਲਾ ਕਾਲੀ ਪਸ਼ਮ ਪਰਾਂਦੇ ਦੀ
ਕੰਡ ਪਈ ਵੇਖਾਂ ਢੋਲੇ ਘਰ ਪੇ ਜਾਂਦੇ ਦੀ।
ਬਾਜ਼ਾਰ ਵਿਕਾਂਦੀ ਤਰ ਵੇ
ਨਾਜ਼ਕ ਜਿੰਦੜੀ ਜ਼ੁਲਮ ਨਾ ਕਰ ਵੇ
ਜੋਗੀਆ ਚੋਲਾ ਕਾਲੀ ਪਸ਼ਮ ਪਰਾਂਦੇ ਦੀ
ਕੰਡ ਪਈ ਵੇਖਾਂ ਢੋਲੇ ਘਰ ਪੇ ਜਾਂਦੇ ਦੀ।
ਬਾਜ਼ਾਰ ਵਿਕਾਂਦੀ ਭੂਈਂ ਵੇ
ਇਹ ਮੈਨੂੰ ਗੱਲਾਂ ਕਰਾਈਆਂ ਤੂੰਹੀਂ ਵੇ
ਜੋਗੀਆ ਚੋਲਾ ਕਾਲੀ ਪਸ਼ਮ ਪਰਾਂਦੇ ਦੀ
ਕੰਡ ਪਈ ਵੇਖਾਂ ਢੋਲੇ ਘਰ ਪੇ ਜਾਂਦੇ ਦੀ।
ਢੋਲਾ ਤੇ ਮੈਂ ਹਾਣੀ
ਢੋਲੇ ਦੁੱਧ ਮੰਗਿਆ ਤੇ ਪਾਣੀ
ਜੋਗੀਆ ਚੋਲਾ ਕਾਲੀ ਪਸ਼ਮ ਪਰਾਂਦੇ ਦੀ
ਕੰਡ ਪਈ ਵੇਖਾਂ ਢੋਲੇ ਘਰ ਪੇ ਜਾਂਦੇ ਦੀ।
ਬਾਜ਼ਾਰ ਵਿਕਾਂਦੀ ਨਿਸਰੀ
ਨਵੀਂ ਹੁਣ ਲਗੀ ਪੁਰਾਣੀ ਵਿਸਰੀ
ਜੋਗੀਆ ਚੋਲਾ ਕਾਲੀ ਪਸ਼ਮ ਪਰਾਂਦੇ ਦੀ
ਕੰਡ ਪਈ ਵੇਖਾਂ ਢੋਲੇ ਘਰ ਪੇ ਜਾਂਦੇ ਦੀ।