ਅੱਖੀਂ ਡਿੱਠਾ ਜਵਾਹਰ ਲਾਲ ਨਹਿਰੂ

ਗੁਲਜ਼ਾਰ ਸਿੰਘ ਸੰਧੂ
ਮੈਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਤਿੰਨ ਵਾਰ ਵੇਖਿਆ ਸੀ। ਦੋ ਵਾਰ ਉਸ ਦੇ ਜਿਊਂਦੇ ਜੀਅ-ਇਕ ਵਾਰੀ ਸੁਤੰਤਰਤਾ ਸੰਗਰਾਮ ਸਮੇਂ ਤੇ ਦੂਜੀ ਵਾਰ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ, ਅਤੇ ਇਕ ਵਾਰ ਉਸ ਦੇ ਅਕਾਲ ਚਲਾਣੇ ਸਮੇਂ। ਮੈਂ 1947 ਤੋਂ ਪਹਿਲੇ ਸਾਲ ਆਪਣੀ ਮਾਸੀ ਦੇ ਪਿੰਡ ਬਾਹੋਮਾਜਰਾ ਰਹਿ ਕੇ ਆਰੀਆ ਹਾਈ ਸਕੂਲ ਖੰਨਾ ਵਿਚ ਪੜ੍ਹ ਰਿਹਾ ਸਾਂ।

ਇਕ ਦਿਨ ਮਾਸੀ ਦੇ ਕੁਟੀ ਵਾਲੇ ਖੇਤ ਵਿਚ ਪਸ਼ੂਆਂ ਲਈ ਚਾਰਾ ਵੱਢ ਰਿਹਾ ਸਾਂ ਕਿ ਰੌਲਾ ਪੈ ਗਿਆ, Ḕਨਹਿਰੂ ਜੀ ਆ ਗਏ, ਨਹਿਰੂ ਜੀ ਆ ਗਏ।’ ਖੇਤਾਂ ਵਿਚ ਕੰਮ ਕਰ ਰਹੇ ਸਾਰੇ ਲੋਕ ਹੱਥਲਾ ਕੰਮ ਛੱਡ ਕੇ ਇਕਲਾਹਾ ਪਿੰਡ ਦੇ ਰਾਹ ਵੱਲ ਨੂੰ ਭੱਜੇ। ਤਿੰਨ ਚਾਰ ਜੀਪਾਂ ਲੰਘੀਆਂ ਜਿਨ੍ਹਾਂ ਵਿਚੋਂ ਇਕ ਵਿਚ ਪੰਡਿਤ ਨਹਿਰੂ ਸੀ। ਮੈਨੂੰ ਕੇਵਲ ਉਸ ਦੀ ਟੋਪੀ ਦਿਖਾਈ ਦਿੱਤੀ। ਇਸ ਨੂੰ ਮੈਂ ਪੰਡਿਤ ਜੀ ਦੇ ਟੋਪੀ ਦਰਸ਼ਨ ਕਹਿੰਦਾ ਹਾਂ। ਰਸਤੇ ਵਿਚ ਅੰਤਾਂ ਦੀ ਧੂੜ ਸੀ, ਮੇਰੇ ਸਾਹਾਂ ਵਿਚ ਸੁਤੰਤਰਤਾ ਦੀ ਮਹਿਕ। ਪੰਡਿਤ ਨਹਿਰੂ ਨੇ ਇਕਲਾਹੇ ਵਾਲੇ ਇਕੱਠ ਨੂੰ ਸੰਬੋਧਨ ਕਰਨਾ ਸੀ।
ਦੂਜੀ ਵਾਰੀ 1955 ਵਿਚ ਕੈਂਪ ਕਾਲਜ ਨਵੀਂ ਦਿੱਲੀ ਪੜ੍ਹਨ ਸਮੇਂ ਮੈਂ ਦਿੱਲੀ ਗੇਟ ਕੋਲੋਂ ਲੰਘਦਿਆਂ ਇਰਵਨ ਹਸਪਤਾਲ ਤੇ ਆਸਿਫ ਅਲੀ ਰੋਡ ਵਿਚਲੇ ਮੈਦਾਨ ਵਿਚ ਸਾਈਕਲ ਖੜ੍ਹੀ ਕਰਕੇ ਅਧਿਆਪਕਾਂ ਵੱਲੋਂ ਦਿੱਤੇ ਕੰਮ ਦੀ ਤਿਆਰੀ ਕਰ ਰਿਹਾ ਸਾਂ। ਦੂਰ ਖੁੱਲ੍ਹੇ ਮੈਦਾਨ ਵਿਚ ਇਕ ਮੋਟਰ ਰੁਕੀ ਤੇ ਉਹਦੇ ਵਿਚੋਂ ਦੋ ਵਿਅਕਤੀ ਨਿਕਲ ਕੇ ਟਹਿਲਣ ਲੱਗੇ। ਇੱਕ ਉਚਾ ਲੰਮਾ ਸਰਦਾਰ ਤੇ ਦੂਜੀ ਟੇਢੀ ਟੋਪੀ ਵਾਲਾ ਹਿੰਦੂ। ਪਹਿਚਾਣਨ ਵਿਚ ਕੋਈ ਦੇਰ ਨਹੀਂ ਲੱਗੀ। ਕੈਬਨਿਟ ਮੰਤਰੀ ਸ਼ ਸਵਰਨ ਸਿੰਘ ਤੇ ਪ੍ਰਧਾਨ ਮੰਤਰੀ ਨਹਿਰੂ ਸਨ। ਸਰਦਾਰ ਸਾਹਿਬ ਨੂੰ ਨਹਿਰੂ ਦੀ ਗੱਲ ਸੁਣਨ ਵਾਸਤੇ ਝੁਕਣਾ ਪੈਂਦਾ ਸੀ ਤੇ ਨਹਿਰੂ ਆਪਣਾ ਨੁਕਤਾ ਸਮਝਾਉਣ ਲਈ ਸਰਦਾਰ ਤੋਂ ਇਕ ਕਦਮ ਅੱਗੇ ਹੋ ਕੇ ਉਸ ਦੇ ਸਾਹਮਣੇ ਆ ਖਲੋਂਦਾ ਸੀ। ਕੀ ਗੱਲਾਂ ਕੀਤੀਆਂ, ਉਹ ਜਾਣਨ। ਪਲਾਂ-ਛਿਣਾਂ ਵਿਚ ਬੱਚੇ Ḕਚਾਚਾ ਨਹਿਰੂ ਚਾਚਾ ਨਹਿਰੂ’ ਕਰਕੇ ਓਧਰ ਨੂੰ ਭੱਜੇ ਪਰ ਸੰਗਦੇ-ਸੰਗਾਉਂਦੇ ਉਨ੍ਹਾਂ ਦੇ ਨੇੜੇ ਨਹੀਂ ਗਏ। ਮੈਂ ਵੀ ਉਨ੍ਹਾਂ ਵਿਚ ਸਾਂ। ਉਨ੍ਹਾਂ ਨਾਲ ਕੋਈ ਸੁਰੱਖਿਆ ਗਾਰਡ ਨਹੀਂ ਸੀ। ਸ਼ਾਇਦ ਮੋਟਰ ਦੇ ਉਹਲੇ ਕੋਈ ਹੋਵੇ ਤਾਂ ਕਹਿ ਨਹੀਂ ਸਕਦਾ। ਅਜੋਕੇ ਪ੍ਰਧਾਨ ਮੰਤਰੀ ਦੇ ਅੱਗੇ ਪਿੱਛੇ ਜਾਣ ਵਾਲੇ ਸੁਰੱਖਿਆ ਕਾਫਲੇ ਦੇ ਬਿਲਕੁਲ ਉਲਟ।
ਮੈਂ ਤੀਜੀ ਵਾਰ ਪੰਡਿਤ ਨਹਿਰੂ ਨੂੰ 27 ਮਈ 1964 ਵਾਲੇ ਦਿਨ ਵੇਖਿਆ। ਪਟਿਆਲਾ ਤੋਂ ਦਿੱਲੀ ਜਾ ਰਿਹਾ ਸਾਂ। ਅੰਬਾਲਾ ਤੋਂ ਟਿਕਟ ਚੈਕਰ ਚੜ੍ਹਿਆ ਤੇ ਪੰਜ ਕੁ ਮਿੰਟ ਕੰਡਕਟਰ ਨਾਲ ਉਚਾ-ਨੀਵਾਂ ਹੋ ਕੇ ਉਸ ਨੂੰ ਕਹਿਣ ਲੱਗਿਆ, Ḕਤੁਹਾਨੂੰ ਨਹੀਂ ਪਤਾ ਪੰਡਿਤ ਨਹਿਰੂ ਦੀ ਡੈਥ ਹੋ ਗਈ ਹੈ।’ ਸਵਾਰੀਆਂ ਉਹਦੇ ਮੂੰਹ ਵੱਲ ਵੇਖਣ ਲੱਗੀਆਂ। ਉਸ ਨੇ ਆਪਣੀ ਗੱਲ ਖੋਲ੍ਹ ਕੇ ਦੱਸੀ ਤਾਂ ਕੀ ਵੇਖਦਾ ਹਾਂ ਕਿ ਡਰਾਈਵਰ ਨੇ ਬੱਸ ਖੱਬੇ ਹੱਥ ਰੋਕ ਲਈ ਤੇ ਚੁੱਪ ਕਰਕੇ ਸਟੀਅਰਿੰਗ ਉਤੇ ਬੈਠਾ ਰਿਹਾ। ਉਸ ਦੇ ਇਸ ਅਮਲ ਨੂੰ ਵੇਖ ਕੇ ਬਾਕੀ ਸਵਾਰੀਆਂ ਵੀ ਚੁੱਪ ਕਰ ਗਈਆਂ। ਇਕ-ਦੋ ਮਿੰਟ ਮੌਨ ਧਾਰਨ ਉਪਰੰਤ ਡਰਾਈਵਰ ਨੇ ਬੱਸ ਮੁੜ ਸਟਾਰਟ ਕਰ ਲਈ। ਪੰਡਿਤ ਨਹਿਰੂ ਦੇ ਅਕਾਲ ਚਲਾਣੇ ਦੀ ਖਬਰ ਕਿਧਰੇ ਵਿਚ ਵਿਚਾਲੇ ਹੀ ਨਸ਼ਰ ਹੋਈ ਸੀ। ਸਵਾਰੀਆਂ ਪੰਡਿਤ ਨਹਿਰੂ ਦੀਆਂ ਗੱਲਾਂ ਕਰਨ ਲੱਗ ਪਈਆਂ। ਡਰਾਈਵਰ ਸਿੱਖ ਸੀ ਤੇ ਬਾਕੀ ਅਸਵਾਰ ਰਲੇ-ਮਿਲੇ।
ਜਦੋਂ ਤੱਕ ਬੱਸ ਪਿਪਲੀ ਪਹੁੰਚੀ ਤਾਂ ਪੰਡਿਤ ਨਹਿਰੂ ਦੀ ਮਾਤਮ ਪੁਰਸ਼ੀ ਕਰਨ ਵਾਲਿਆਂ ਦਾ ਵੱਡਾ ਜਲੂਸ ਜਰਨੈਲੀ ਸੜਕ ਉਤੇ ਤੁਰ ਰਿਹਾ ਸੀ। ਖੱਬੇ-ਸੱਜੇ ਦੀਆਂ ਦੁਕਾਨਾਂ ਬੰਦ ਸਨ ਤੇ ਜਲੂਸ ਵਿਚ ਲਾਗਦੇ ਪਿੰਡਾਂ ਦੇ ਹਰਿਆਣਵੀ ਹੁੱਕਿਆਂ ਸਮੇਤ ਨਾਲ ਤੁਰ ਰਹੇ ਸਨ। ਡਰਾਈਵਰ ਨੇ ਬੱਸ ਹੌਲੀ ਕਰ ਲਈ। ਲੋਕ ਰਸਤਾ ਦੇਣ ਨੂੰ ਤਿਆਰ ਨਹੀਂ ਸਨ। ਪਿੱਛੇ ਆ ਰਹੀਆਂ ਮੋਟਰ ਗੱਡੀਆਂ ਹਾਰਨ ਵਜਾਉਣ ਲੱਗੀਆਂ। ਸਾਡੀ ਬੱਸ ਦੇ ਡਰਾਈਵਰ ਨੇ ਵੀ ਹਾਰਨ ਵਜਾ ਦਿੱਤਾ ਪਰ ਉਸ ਨੇ ਬੱਸ ਰੋਕ ਲਈ। ਫੇਰ ਵੀ ਭੀੜ ਵਿਚਲੇ ਲੋਕ ਡਰਾਈਵਰ ਨੂੰ ਬੁਰਾ ਭਲਾ ਕਹਿਣ ਲੱਗ ਪਏ। ਮੈਂ ਪਿਛਲੀ ਸੀਟ ਤੋਂ ਵੇਖਿਆ ਕਿ ਭੀੜ ਦਾ ਕੋਈ ਮੈਂਬਰ ਡਰਾਈਵਰ ਨੂੰ ਉਸ ਦੀ ਸੀਟ ਤੋਂ ਥੱਲੇ ਖਿੱਚਦਾ ਹੋਇਆ ਕਹਿ ਰਿਹਾ ਸੀ, Ḕਪੰਡਿਤ ਜੀ ਚਲਾਣਾ ਕਰ ਗਏ, ਤੂੰ ਹਾਰਨ ਵਜਾ ਰਿਹੈਂ।Ḕ ਅਸੀਂ ਸਾਰੇ ਆਪਣੇ ਡਰਾਈਵਰ ਦਾ ਪੰਡਿਤ ਨਹਿਰੂ ਪ੍ਰਤੀ ਸਤਿਕਾਰ ਵੇਖ ਚੁਕੇ ਸਾਂ। ਮੇਰੇ ਨਾਲ ਚਾਰ ਪੰਜ ਬੰਦੇ ਪਿਛਲੇ ਪਾਸਿਉਂ ਉਤਰ ਕੇ ਡਰਾਈਵਰ ਨੂੰ ਬਚਾਉਣ ਲਈ ਅੱਗੇ ਵਧੇ। ਕੀ ਵੇਖਦੇ ਹਾਂ ਕਿ ਉਸ ਨੂੰ ਬੁਰਾ ਭਲਾ ਕਹਿਣ ਵਾਲਿਆਂ ਵਿਚ ਸਭ ਤੋਂ ਅੱਗੇ ਇਕ ਸਿੱਖ ਸੀ। ਮੈਂ ਸੁੱਖ ਦਾ ਸਾਹ ਲਿਆ ਕਿ ਵੱਡੀ ਅਣਹੋਣੀ ਦੀ ਸੰਭਾਵਨਾ ਨਹੀਂ ਸੀ। ਸਾਡਾ ਡਰਾਈਵਰ ਵੀ ਸਿੱਖ ਸੀ। ਅਸੀਂ ਜਲੂਸ ਵਾਲਿਆਂ ਨੂੰ ਸਮਝਾਇਆ ਤਾਂ ਉਨ੍ਹਾਂ ਨੇ ਸਾਡੀ ਬੱਸ ਨੂੰ ਹੀ ਨਹੀਂ, ਬਾਕੀਆਂ ਨੂੰ ਵੀ ਲੰਘਣ ਲਈ ਰਾਹ ਦੇ ਦਿੱਤਾ।
ਮੈਂ ਆਪਣੇ ਘਰ ਦਿੱਲੀ ਪਹੁੰਚਿਆ ਤਾਂ ਮੇਰੇ ਕੋਲ ਦਿੱਲੀ ਰਹਿ ਕੇ ਪੜ੍ਹ ਰਹੀ ਮੇਰੀ ਭੈਣ ਬਲਵਿੰਦਰ ਕੌਰ ਉਦਾਸੀ ਵਿਚ ਰੇਡੀਓ ਲਾਈ ਬੈਠੀ ਸੀ। ਮੈਂ ਸ਼ਾਮ ਦਾ ਖਾਣਾ ਖਾਂਦੇ ਸਮੇਂ ਉਸ ਨੂੰ ਪੰਡਿਤ ਨਹਿਰੂ ਦੀਆਂ ਗੱਲਾਂ ਦੱਸਦਾ ਰਿਹਾ। ਅਗਲੇ ਦਿਨ ਮੈਂ ਤੇ ਬਲਵਿੰਦਰ ਜਮਨਾ ਕੰਢੇ ਉਸ ਥਾਂ ਗਏ ਜਿੱਥੇ ਨਹਿਰੂ ਦਾ ਸਸਕਾਰ ਕੀਤਾ ਗਿਆ ਸੀ। ਧੁੱਪ ਤੇਜ ਸੀ ਪਰ ਆਲੇ-ਦੁਆਲੇ ਬਿਖਰੇ ਹੋਏ ਫੁੱਲਾਂ ਵਿਚ ਅਜੇ ਵੀ ਟਹਿਕ ਸੀ। ਬਲਵਿੰਦਰ ਨੇ ਕੁਝ ਫੁੱਲ ਚੁੱਕ ਕੇ ਆਪਣੀ ਚੁੰਨੀ ਦੇ ਲੜ ਵਿਚ ਲਪੇਟ ਲਏ। ਅੱਜ ਉਸ ਦਾ ਬੇਟਾ ਅਮਰਪ੍ਰੀਤ ਸਿੰਘ ਲਾਲੀ ਪੰਜਾਬ ਦੀ ਯੂਥ ਕਾਂਗਰਸ ਦਾ ਪ੍ਰਧਾਨ ਹੈ। ਕੀ ਉਸ ਦੀ ਇਹ ਪ੍ਰਾਪਤੀ ਉਸ ਦੀ ਮਾਂ ਵੱਲੋਂ ਸਾਂਭੇ ਫੁੱਲਾਂ ਦੀ ਦੇਣ ਤਾਂ ਨਹੀਂ?
28 ਮਈ 1964 ਦੇ ਸੂਰਜ ਦੀਆਂ ਕਿਰਨਾਂ ਵਿਚ ਕਿਸੇ Ḕਛੀਂਬੇ ਸੱਪ ਦੇ ਡੰਗ ਵਰਗਾ’ ਨਸ਼ਾ ਸੀ।
ਅੰਤਿਕਾ: ਦਰਸ਼ਨ ਗਿੱਲ ਢੁੱਡੀਕੇ
ਜ਼ਿੰਦਗੀ ਦਾ ਆ ਗਿਆ ਕੇਹਾ ਪੜਾਅ
ਦਿਸ ਰਿਹਾ ਨਾ ਸੁਝ ਰਿਹਾ ਕੋਈ ਵੀ ਰਾਹ।
ਸਾਥ ਤੇਰਾ ਸੀ ਤਾਂ ਸਭ ਕੁਝ ਸਾਥ ਸੀ
ਬਾਝ ਤੇਰੇ ਹੋ ਗਿਆ, ਸਭ ਕੁਝ ਸੁਆਹ।
ਲਖ਼ਸ਼ ਖੋ ਕੇ ਬੀਤਦੀ ਨਹੀਂ ਜ਼ਿੰਦਗੀ
ਆਸ ਦੇ ਹੁਣ ਆਖਰੀ ਬੁੱਲ੍ਹਾਂ ‘ਤੇ ਸਾਹ।