ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵਲੋਂ ਪ੍ਰਕਾਸ਼ਤ ਸ਼ੇਕਸਪੀਅਰ ਦੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਪਿਆ ਹੈ, ਸੁਰਜੀਤ ਹਾਂਸ ਦਾ ਕੀਤਾ ਹੋਇਆ। ਸ਼ਾਇਦ ਹੀ ਕੋਈ ਅਜਿਹੀ ਸੰਸਥਾ ਹੋਵੇ ਜਿਸ ਨੂੰ ਸ਼ੇਕਸਪੀਅਰ ਦੇ 37 ਨਾਟਕਾਂ, ਸਾਰੇ ਦੇ ਸਾਰੇ ਸਾਨੇਟਾਂ ਅਤੇ ਪੂਰੀਆਂ ਕਵਿਤਾਵਾਂ ਦਾ ਕਿਸੇ ਇੱਕ ਭਾਸ਼ਾ ਵਿਚ ਅਨੁਵਾਦ ਕਰਨ ਲਈ ਇਕ ਹੀ ਅਨੁਵਾਦਕ ਮਿਲਿਆ ਹੋਵੇ ਤੇ ਉਹ ਵੀ ਕਾਵਿ ਰੂਪ ਵਿਚ ਅਨੁਵਾਦ ਕਰਨ ਵਾਲਾ। ਇਹੋ ਕਾਰਨ ਹੈ ਕਿ ਇਨ੍ਹਾਂ ਇੱਕ ਘਟ ਚਾਲ੍ਹੀ ਜਿਲਦਾਂ ਦੀ ਸ਼ਬਦ ਬਣਤਰ, ਸ਼ੈਲੀ ਤੇ ਭਾਸ਼ਾ ਇਕੱਸਾਰ, ਵਿਲੱਖਣ ਤੇ ਅਰਥ ਪ੍ਰਦਾਨ ਕਰਨ ਵਾਲੀ ਹੈ।
ਇਹ ਵੀ ਪੰਜਾਬੀ ਭਾਸ਼ਾ ਦਾ ਸੁਭਾਗ ਹੀ ਸਮਝੋ ਕਿ ਇਸ ਨੂੰ ਹਾਂਸ ਵਿਚ ਉਹ ਵਿਅਕਤੀ ਮਿਲਿਆ ਜਿਸ ਦੇ ਕੰਮ ਦੀ ਕਦਰ ਵੀਹ ਸਾਲਾਂ ਦੇ ਇਸ ਲੰਮੇ ਸਮੇਂ ਵਿਚ ਯੂਨੀਵਰਸਿਟੀ ਦੀ ਵਾਗਡੋਰ ਸੰਭਾਲਣ ਵਾਲੇ ਪੰਜ ਵਾਈਸ ਚਾਂਸਲਰਾਂ ਨੇ ਬਰਾਬਰ ਪਾਈ-ਕਾਰਜ ਅਰੰਭ ਕਰਾਉਣ ਵਾਲੇ ਪ੍ਰੋæ ਜੋਗਿੰਦਰ ਸਿੰਘ ਪੁਆਰ ਤੋਂ ਲੈ ਕੇ ਨੇਪਰੇ ਚਾੜ੍ਹਨ ਵਾਲੇ ਡਾæ ਜਸਪਾਲ ਸਿੰਘ ਤੱਕ। ਵਿਚ ਵਿਚਾਲੇ ਦੋ ਵੀ ਸੀ, ਜਸਵੀਰ ਸਿੰਘ ਆਹਲੂਵਾਲੀਆ ਅਤੇ ਐਨ ਐਸ ਰਤਨ, ਮੌਲਿਕ ਲੇਖਕ ਹੋਣ ਦੇ ਨਾਤੇ ਭਾਸ਼ਾ ਤੇ ਸਾਹਿਤ ਦੀਆਂ ਗੁੰਝਲਾਂ ਦੇ ਪਾਰਖੂ ਵੀ ਆਏ। ਕੰਮ ਨੂੰ ਸ਼ੁਰੂ ਕਰਾਉਣ ਵਾਲਾ ਪ੍ਰੋæ ਪੁਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਹਾਂਸ ਦੇ ਪ੍ਰੋਫੈਸਰੀ ਕਾਲ ਸਮੇਂ ਉਸ ਦਾ ਸਾਥੀ ਰਿਹਾ ਹੋਣ ਕਾਰਨ ਹਾਂਸ ਦੀ ਭਾਸ਼ਾ ਅਤੇ ਵਿਦਿਆ ਉਤੇ ਪਕੜ ਤੋਂ ਭਲੀਭਾਂਤ ਜਾਣੂ ਸੀ। ਸ਼ੇਕਸਪੀਅਰ ਦਾ ਪ੍ਰਮਾਣਤ ਸੰਸਕਰਣ ਕੇਵਲ ਇੱਕ ਹੀ ਹੈ। ਆਰਡਨ ਵਾਲਾ। ਇਸ ਨੂੰ ਪ੍ਰਾਪਤ ਕਰਨ ਲਈ ਹਾਂਸ ਦੇ ਇੰਗਲੈਂਡ ਵਿਚਲੇ ਸਾਥੀ ਰਣਜੀਤ ਧੀਰ ਤੇ ਰਣਧੀਰ ਢਿੱਲੋਂ (ਧੀਰੋ) ਬਹੁੜੇ। ਸ਼ੇਕਸਪੀਅਰ ਦੀ ਭਾਸ਼ਾ ਤੇ ਸ਼ੈਲੀ ਦਾ ਮਾਹਰ ਵੀ ਜੇ ਕੋਈ ਗੈਰ-ਅੰਗਰੇਜ਼ ਹੈ ਤਾਂ ਉਹ ਅਮਰੀਕਾ ਵਾਲਾ ਪ੍ਰੋæ ਯਸ਼ਦੀਪ ਬੈਂਸ ਹੈ ਜੋ ਹਾਂਸ ਦਾ ਮਾਹਿਲਪੁਰ ਪੜ੍ਹਾਉਣ ਸਮੇਂ ਦਾ ਹਮਸਫਰ ਸੀ। ਇਹ ਸਬੱਬ ਵੀ ਅਨੁਵਾਦ ਲਈ ਸਹਾਈ ਹੋਇਆ।
ਸੁਰਜੀਤ ਹਾਂਸ ਨੇ ਇਹ ਕੰਮ ਸੇਵਾ ਭਾਵਨਾ ਤੇ ਸਿਰੜ ਨਾਲ ਕੀਤਾ ਹੈ। ਯੂਨੀਵਰਸਿਟੀ ਵਲੋਂ ਵੀਹ ਵਰ੍ਹੇ ਪਹਿਲਾਂ ਮਿਥੀਆਂ ਮਿਹਨਤਾਨੇ ਦੀਆਂ ਦਰਾਂ ਉਤੇ। ਆਪਣੀ ਪ੍ਰੋਫੈਸਰੀ ਤੋਂ ਸੇਵਾ ਮੁਕਤ ਹੋ ਕੇ। ਉਹਦੇ ਲਈ ਉਮਰ ਚਾਹੀਦੀ ਸੀ ਉਸ ਨੇ ਉਹ ਵੀ ਨਹੀਂ ਮੰਗੀ।
ਜੇ ਕੋਈ ਹਾਂਸ ਦੀ ਵਿਦਵਤਾ ਦਾ ਪ੍ਰਮਾਣ ਮੰਗੇ ਤਾਂ ਮੇਰੇ ਕੋਲ ਹੈ। ਸਾਡਾ ਅੱਜ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿੱਤ ਮੰਤਰੀ ਹੁੰਦਿਆਂ ਚੰਡੀਗੜ੍ਹ ਵਿਖੇ ਲਾਲਾ ਅਚਿੰਤ ਰਾਮ ਯਾਦਗਾਰੀ ਭਾਸ਼ਨ ਦੇਣ ਆਇਆ ਤਾਂ ਇੱਕ ਪੜਾਅ ਉਤੇ ਉਹਦੇ ਨਾਲ ਸੋਫੇ ਉਤੇ ਬੈਠਾ ਮੈਂ ਇਕੱਲਾ ਰਹਿ ਗਿਆ। ਕੋਈ ਗੱਲ ਕਰਨ ਲਈ ਮੈਂ ਉਸ ਦੇ ਹੁਸ਼ਿਆਰਪੁਰ ਵਾਲੇ ਵਿਦਿਆਰਥੀ ਜੀਵਨ ਦਾ ਹਵਾਲਾ ਦੇ ਕੇ ਦੱਸਿਆ ਕਿ ਮੈਂ ਉਸ ਵੇਲੇ ਦੇ ਵਿਦਿਆਰਥੀ ਸੁਰਜੀਤ ਹਾਂਸ ਨੂੰ ਜਾਣਦਾ ਹਾਂ। ਹਾਂਸ ਦਾ ਨਾਂ ਸੁਣਦੇ ਸਾਰ ਉਨ੍ਹਾਂ ਨੇ ਮੈਨੂੰ ਇਹ ਵੀ ਦੱਸ ਦਿੱਤਾ ਕਿ ਉਹ ਹੁਣ ਅੰਮ੍ਰਿਤਸਰ ਤੋਂ ਪਟਿਆਲਾ ਵਾਲੀ ਯੂਨੀਵਰਸਿਟੀ ਆ ਚੁੱਕਾ ਹੈ ਤੇ ਕੋਈ ਵੱਡਾ ਕੰਮ ਛੋਹਣ ਵਾਲਾ ਹੈ।
ਉਚੀ ਪਦਵੀ ‘ਤੇ ਪਹੁੰਚੀ ਕਿਸੇ ਹਸਤੀ ਨੂੰ ਵਿਦਿਆਰਥੀ ਜੀਵਨ ਦੇ ਕਿਸੇ ਸਿਰਕਢ ਜਮਾਤੀ ਬਾਰੇ ਹੀ ਪਤਾ ਹੁੰਦਾ ਹੈ। ਸ਼ੇਕਸਪੀਅਰ ਦੀਆਂ ਕਵਿਤਾਵਾਂ ਵਾਲੀ ਪੁਸਤਕ ਅਨੁਵਾਦ ਦੀ ਲੜੀ ਦੀ 39ਵੀਂ ਤੇ ਆਖਰੀ ਜਿਲਦ ਹੈ। ਇਸ ਵਿਚ ਹਾਂਸ ਨੇ ਵਾਈਸ ਚਾਂਸਲਰਾਂ ਤੋਂ ਲੈ ਕੇ ਪਰੂਫ ਰੀਡਰਾਂ ਤੱਕ ਦੀਆਂ ਸ਼ੁਕਰਗਜ਼ਾਰੀਆਂ ਕੀਤੀਆਂ ਹਨ। ਉਪਰ ਵਾਲੇ ਦੀ ਨਹੀਂ ਜਿਸ ਨੇ ਉਮਰਾ ਦਿੱਤੀ। ਸ਼ਾਇਦ ਉਸ ਦੇ ਪਤੇ-ਟਿਕਾਣੇ ਤੇ ਧਰਮ ਦਾ ਰੌਲਾ ਹੋਵੇ। ਇਹ ਸ਼ੁਕਰਾਨਾ ਮੇਰੇ ਵੱਲੋਂ ਹੈ। ਜਿਹੜਾ ਮਰਜ਼ੀ ਬੋਚ ਲਵੇ। ਆਪਣਾ ਵਾਸਤਾ ਤਾਂ ਮਾਂ ਬੋਲੀ ਨਾਲ ਹੈ। ਤੇ ਜਾਂ ਫੇਰ ਉਸ ਦੇ ਰਾਖਿਆਂ ਨਾਲ।
ਪੁਰਾਣੇ ਮੋਗਾ ਮਾਫੀਆ ਦੀ ਇੱਕ ਕੜੀ
ਸਾਹਿਤਕ ਜਗਤ ਵਿਚ ਮੋਗਾ ਨੂੰ ਹਰਮਨ ਪਿਆਰਤਾ ਪ੍ਰਦਾਨ ਕਰਨ ਦਾ ਸਿਹਰਾ ਕਨ੍ਹਈਆ ਲਾਲ ਕਪੂਰ ਤੋਂ ਬਲਰਾਜ ਕੋਮਲ ਤੱਕ ਕਈਆਂ ਦੇ ਸਿਰ ਬੱਝਦਾ ਹੈ। ਇਸ ਪੜਾਅ ਉਤੇ ਗੁਰਨਾਮ ਸਿੰਘ ਤੀਰ ਤੋਂ ਬਿਨਾ ਅਰਥ ਸ਼ਾਸਤਰੀ ਜੀ ਐਸ ਭੱਲਾ, ਜੋ ਭਾਰਤ ਸਰਕਾਰ ਵਿਚ ਖੇਤੀ ਕੀਮਤ ਕਮਿਸ਼ਨ ਦੇ ਚੇਅਰਮੈਨ ਦੀ ਪਦਵੀ ਤੱਕ ਪਹੁੰਚੇ ਤੇ ਡੀ ਆਰ ਗੋਇਲ ਬਹੁਤ ਚਰਚਾ ਵਿਚ ਰਹੇ। ਗੋਇਲ ਕਰੋੜੀ ਮਲ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਣ ਉਪਰੰਤ ਖੱਬੇ ਪੱਖੀ ਰਸਾਲੇ ਮੇਨਸਟ੍ਰੀਮ ਵੀਕਲੀ ਦਾ ਸੰਪਾਦਕ ਰਿਹਾ। ਉਸ ਤੋਂ ਪਿਛੋਂ ਸੁਭਦਰਾ ਜੋਸ਼ੀ ਵਲੋਂ ਕੌਮੀ ਏਕਤਾ ਟਰਸੱਟ ਦੀ ਸਥਾਪਨਾ ਪਿਛੋਂ ਇਸ ਦਾ ਕਈ ਵਰ੍ਹੇ ਸਕੱਤਰ ਵੀ ਰਿਹਾ ਤੇ, ਇਸ ਵਲੋਂ ਉਰਦੂ, ਹਿੰਦੀ ਤੇ ਅੰਗਰੇਜ਼ੀ ਵਿਚ ਕੱਢੇ ਗਏ ‘ਸੈਕੂਲਰ ਡੈਮੋਕਰੇਸੀ’ ਨਾਂ ਦੇ ਰਸਾਲੇ ਦਾ ਸੰਪਾਦਕ ਵੀ। ਆਲ ਇੰਡੀਆ ਰੇਡੀਓ, ਨਵੀਂ ਦਿੱਲੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਾਮੀਆਂ ਮਿਲੀਆ ਇਸਲਾਮੀਆ ਤੇ ਪਰਾਨੋਦਿਆ ਟਰੇਨਿੰਗ ਸੈਂਟਰ ਭੋਪਾਲ ਵਾਲੇ ਹੀ ਨਹੀਂ ਨੇਪਾਲ, ਅਫਗਾਨਿਸਤਾਨ, ਅੰਗੋਲਾ, ਕਿਊਬਾ, ਪੋਲੈਂਡ, ਯੂਗੋਸਲਾਵੀਆ ਤੇ ਪੱਛਮੀ ਜਰਮਨੀ ਵਾਲੇ ਵੀ ਉਸ ਨੂੰ ਵਿਸ਼ੇਸ਼ ਭਾਸ਼ਣਾਂ ਲਈ ਬੁਲਾਉਂਦੇ ਰਹੇ ਹਨ। ਤਿੰਨ ਫਰਵਰੀ ਨੂੰ ਉਸ ਦੇ ਅਕਾਲ ਚਲਾਣੇ ਨਾਲ ਮੋਗੇ ਵਾਲਿਆਂ ਨੂੰ ਹੀ ਨਹੀਂ, ਪੂਰੀ ਦੀ ਪੂਰੀ ਸੈਕੂਲਰ ਸੋਚ ਵਾਲੀ ਲਹਿਰ ਨੂੰ ਵੱਡਾ ਧੱਕਾ ਲੱਗਿਆ ਹੈ। ਉਹ ਮੇਰਾ ਮਿੱਤਰ ਵੀ ਸੀ ਤੇ ਮਿਹਰਬਾਨ ਵੀ। ਮੈਂ ਦਿੱਲੀ ਛੱਡਣ ਤੋਂ ਪਿੱਛੋਂ ਸ਼ਾਇਦ ਹੀ ਕਿਸੇ ਦਿੱਲੀ ਫੇਰੀ ਸਮੇਂ ਉਸ ਨੂੰ ਮਿਲੇ ਬਿਨਾ ਆਇਆ ਹੋਵਾਂ। ਮੇਰੀ ਸੱਜਰੀ ਫੇਰੀ ਸਮੇਂ ਉਹ ਮੈਨੂੰ ਮਿਲਿਆ ਤਾਂ ਵੀਲ੍ਹ ਚੇਅਰ ਉਤੇ ਸੀ। ਮੈਂ ਉਸ ਨੂੰ ਏਸ ਤਰ੍ਹਾਂ ਨਹੀਂ ਸੀ ਦੇਖਣਾ ਚਾਹੁੰਦਾ। ਹੁਣ ਤਾਂ ਦੇਖਣ ਦਾ ਸਵਾਲ ਹੀ ਨਹੀਂ। ਮੈਨੂੰ ਉਸ ਦਾ ਭਰਪੂਰ ਜੀਵਨ ਜਿਓਂ ਕੇ ਵੱਡਾ ਕਸ਼ਟ ਭੋਗੇ ਬਿਨਾ ਤੁਰ ਜਾਣਾ ਠੀਕ ਲੱਗਿਆ ਹੈ। ਆਮੀਨ।
ਅੰਤਿਕਾ: (ਅਵਤਾਰ ਪਾਸ਼)
ਚਿੜੀਆਂ ਦਾ ਝੁੰਡ ਅਥਰਾ ਹੋਇਆ
ਝਪਟ ਝਪਟ ਕੇ ਮੁੜ ਆਵੇ,
ਦੱਸੇ ਜਾਚ ਗੁਰੀਲਾ ਯੁੱਧ ਦੀ
ਯੋਧਿਆਂ ਨੂੰ ਪ੍ਰਣਾਮ ਕਹੇ।
ਮੌਸਮ ਨੂੰ ਜੇਲ੍ਹਾਂ ਵਿਚ ਪਾਵੋ
ਨਹੀਂ ਤਾਂ ਸਭ ਕੁੱਝ ਚੱਲਿਆ ਜੇ,
ਤਕੜਾ ਆਖੇ ਤਕੜੇ ਹੋਵੋ
ਮੁੜ ਜੂਝਣ ਨੂੰ ਸ਼ਾਮ ਕਹੇ।
Leave a Reply