ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਚਾਰ-ਚੁਫੇਰਿਓਂ ਨੁਕਤਾਚੀਨੀ ਦੇ ਵਾਰ ਸਹਿ ਰਹੇ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਨਵੇਂ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਦੀ ਅਗਵਾਈ ਦੇ ਸਮਰੱਥ ਹੋਣ ਦੇ ਸੰਕੇਤ ਦਿੱਤੇ ਹਨ। ਪ੍ਰਧਾਨ ਵਜੋਂ ਪਾਰਟੀ ਦੀ ਪਲੇਠੀ ਮੀਟਿੰਗ ਵਿਚ ਭਗਵੰਤ ਮਾਨ ਪੰਜਾਬ ਦੀ ਸਮੂਹ ਲੀਡਰਸ਼ਿਪ ਨੂੰ ਇਕ ਛੱਤ ਥੱਲੇ ਲਿਆਉਣ ਵਿਚ ਸਫਲ ਰਹੇ।
ਇਹ ਪਹਿਲਾ ਮੌਕਾ ਹੈ ਜਦੋਂ ਸਾਰੇ ਆਗੂ ਸਿਰ ਜੋੜ ਕੇ ਪਾਰਟੀ ਨੂੰ ਲੀਹ ਉਤੇ ਲਿਆਉਣ ਲਈ ਇਕਜੁਟ ਨਜ਼ਰ ਆਏ। ਪਾਰਟੀ ਆਗੂ ਇਸ ਨੂੰ ਸ਼ੁਭ ਸੰਕੇਤ ਮੰਨ ਰਹੇ ਹਨ। ਇਸ ਤੋਂ ਪਹਿਲੇ ਕਨਵੀਨਰਾਂ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਸਿੰਘ ਵੜੈਚ ਸਮੇਂ ਪਾਰਟੀ ਦੀ ਹਰ ਮੀਟਿੰਗ ਵਿਚ ਛੋਟਾ-ਮੋਟਾ ਹੰਗਾਮਾ ਹੁੰਦਾ ਆਇਆ ਹੈ।
ਇਸ ਅਹਿਮ ਮੀਟਿੰਗ ਵਿਚ ਦਿੱਲੀ ਦੀ ਲੀਡਰਸ਼ਿਪ ਵੱਲੋਂ ਬਣਾਏ ਜਥੇਬੰਦਕ ਢਾਂਚੇ ਨੂੰ ਭੰਗ ਕਰ ਕੇ ਇਕ ਮਹੀਨੇ ਵਿਚ ਪੰਜਾਬ ਦੀ ਨਵੀਂ ਬਾਡੀ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚæਐਸ਼ ਫੂਲਕਾ, ਸੰਸਦ ਮੈਂਬਰ ਪ੍ਰੋæ ਸਾਧੂ ਸਿੰਘ, ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਸੁਖਪਾਲ ਖਹਿਰਾ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਇਹ ਵੀ ਪਤਾ ਲੱਗਾ ਹੈ ਕਿ ਆਗੂਆਂ ਨੇ ਮੁੜ ਆਪਣੇ-ਆਪ ਨੂੰ ਲਾਮਬੰਦ ਕਰਨ ਦਾ ਟੀਚਾ ਮਿਥਿਆ ਹੈ ਤੇ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਆਤਮ-ਮੰਥਨ ਵੀ ਕੀਤਾ ਹੈ। ਆਗੂਆਂ ਨੇ ਨਗਰ ਨਿਗਮ ਚੋਣਾਂ ਸਮੇਤ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪੂਰੇ ਜ਼ੋਰ ਨਾਲ ਨਿਤਰਨ ਦਾ ਐਲਾਨ ਕੀਤਾ। ਮੀਟਿੰਗ ਵਿਚ ਪੰਜਾਬ ਚੋਣਾਂ ਵਿਚ ਹਾਰ ਦਾ ਠੀਕਰ ਵੋਟਰਾਂ ਦੀ ਥਾਂ ‘ਆਪ’ ਆਗੂਆਂ ਸਿਰਫ ਭੰਨਿਆ ਗਿਆ।
ਇਹ ਵੀ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਜ਼ੋਨਾਂ ਦੀ ਸਮੁੱਚੀ ਲੀਡਰਸ਼ਿਪ, ਵਿਧਾਇਕਾਂ, ਚੋਣ ਹਾਰੇ ਉਮੀਦਵਾਰਾਂ ਅਤੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਨਾਲ ਮੀਟਿੰਗਾਂ ਉਪਰੰਤ ਸੂਬੇ ਵਿਚ ਮੁੜ ‘ਝਾੜੂ’ ਦਾ ਬੋਲਬਾਲਾ ਕਾਇਮ ਕੀਤਾ ਜਾਵੇਗਾ। ਭਗਵੰਤ ਮਾਨ ਦੀ ਪ੍ਰਧਾਨਗੀ ਦਾ ਸਭ ਤੋਂ ਵੱਧ ਵਿਰੋਧ ਕਰਨ ਵਾਲੇ ਸ਼ ਖਹਿਰਾ ਨੇ ਵੀ ਆਖਿਆ ਕਿ ਉਹ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਉਣ ਲਈ ਅਪਣਾਈ ਨੀਤੀ ਦੇ ਵਿਰੁੱਧ ਹਨ, ਪਰ ਭਗਵੰਤ ਮਾਨ ਨਾਲ ਉਨ੍ਹਾਂ ਦਾ ਕੋਈ ਮਤਭੇਦ ਨਹੀਂ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਵੀ ਆਖਿਆ ਹੈ ਕਿ ਉਸ ਦਾ ਅਗਲਾ ਮਿਸ਼ਨ ਹੁਣ ਰੁੱਸਿਆਂ ਨੂੰ ਮਨਾਉਣ ਦਾ ਹੈ।
ਯਾਦ ਰਹੇ ਕਿ ਭਗਵੰਤ ਮਾਨ ਦਾ ਵਿਵਾਦਾਂ ਨਾਲ ਚੋਖਾ ਵਾਹ-ਵਾਸਤਾ ਰਿਹਾ ਹੈ। ਉਸੇ ‘ਤੇ ਜਨਤਕ ਥਾਂਵਾਂ ਉਤੇ ਸ਼ਰਾਬ ਪੀ ਕੇ ਜਾਣ ਦੇ ਦੋਸ਼ ਲੱਗਦੇ ਰਹੇ ਹਨ। ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਉਸ ਦੀਆਂ ਦਿੱਲੀ ਹਾਈ ਕਮਾਨ ਬਾਰੇ ਬਾਗੀ ਸੁਰਾਂ ਵੀ ਚਰਚਾ ਦਾ ਵਿਸ਼ਾ ਰਹੀਆਂ। ਉਸ ਦਾ ਕੋਈ ਲੰਮਾ ਸਿਆਸੀ ਤਜਰਬਾ ਨਹੀਂ ਹੈ। ‘ਆਪ’ ਵਿਚ ਸ਼ਾਮਲ ਹੋਣ ਪਿੱਛੋਂ ਉਹ ਸਿੱਧੇ ਸੰਸਦ ਮੈਂਬਰ ਬਣੇ। ਫਿਰ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੀ ਕਮਾਨ ਸੌਂਪੀ ਗਈ। ਚੋਣਾਂ ਵਿਚ ਪਾਰਟੀ ਦਾ ਭਾਵੇਂ ਮਾੜਾ ਪ੍ਰਦਰਸ਼ਨ ਰਿਹਾ, ਪਰ ਚੋਣ ਪ੍ਰਚਾਰ ਦੌਰਾਨ ਭਾਰੀ ਇਕੱਠ ਨੇ ਵਿਰੋਧੀਆਂ ਦੇ ਸਾਹ ਸੁਕਾਈ ਰੱਖੇ।
ਸ਼ ਮਾਨ ਨੂੰ ਪੰਜਾਬ ਇਕਾਈ ਦਾ ਮੁਖੀ ਥਾਪਣ ਦਾ ਵੱਡੇ ਪੱਧਰ ‘ਤੇ ਵਿਰੋਧ ਹੋਇਆ ਸੀ। ਇਥੋਂ ਤੱਕ ਕਿ ਪਰਵਾਸੀ ਪੰਜਾਬੀਆਂ ਵੱਲੋਂ ਵੀ ਉਨ੍ਹਾਂ ਨੂੰ ਸੂਬੇ ਦੀ ਕਮਾਨ ਸੌਂਪਣ ‘ਤੇ ਸਵਾਲ ਖੜ੍ਹੇ ਕੀਤੇ ਸਨ। ਭਗਵੰਤ ਮਾਨ ਬਾਰੇ ਐਲਾਨ ਤੋਂ ਤੁਰੰਤ ਬਾਅਦ ਪੰਜਾਬ ਵਿਧਾਨ ਸਭਾ ਪਾਰਟੀ ਦੇ ਮੁੱਖ ਵ੍ਹਿਪ ਤੇ ਪਾਰਟੀ ਦੇ ਮੁੱਖ ਤਰਜਮਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਤਾਂ ਖੁੱਲ੍ਹ ਕੇ ਬਗਾਵਤ ਕੀਤੀ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
___________________________
ਦਿੱਲੀ ਵਾਲਿਆਂ ਨੂੰ ਦਿਖਾਇਆ ਅੰਗੂਠਾ
ਚੰਡੀਗੜ੍ਹ: ‘ਆਪ’ ਦੀ ਪੰਜਾਬ ਇਕਾਈ ਨੇ ਦਿੱਲੀ ਹਾਈ ਕਮਾਨ ਦੀ ਥਾਂ ਆਪਣੇ ਦਮ ‘ਤੇ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਸਮੂਹ ਆਗੂਆਂ ਨੇ ਪਾਰਟੀ ਨੂੰ ਕੇਂਦਰੀ ਲੀਡਰਸ਼ਿਪ ਦੇ ਜੂਲੇ ਵਿਚੋਂ ਕੱਢਣ ਲਈ ਸਹਿਮਤੀ ਦਿੱਤੀ। ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਵਿਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ। ਭਾਰਤ ਵਿਚ ਕਿਸੇ ਸਿਆਸੀ ਪਾਰਟੀ ਲਈ ਇਹ ਪਹਿਲਾ ਤਜਰਬਾ ਹੈ ਜਦ ਕਿਸੇ ਸੂਬੇ ਦੀ ਲੀਡਰਸ਼ਿਪ ਆਪਣੇ ਪੱਧਰ ‘ਤੇ ਆਪਣਾ ਭਵਿੱਖ ਤੈਅ ਕਰੇਗੀ। ਹੁਣ ਤੱਕ ਪਾਰਟੀ ਦੀ ਪੰਜਾਬ ਇਕਾਈ ਵਿਚ ਦਿੱਲੀ ਲੀਡਰਸ਼ਿਪ ਦੀ ਦਖਲਅੰਦਾਜ਼ੀ ਦੇ ਦੋਸ਼ ਲੱਗਦੇ ਆਏ ਹਨ। ਇਥੋਂ ਤੱਕ ਕਿ ਪੰਜਾਬ ਚੋਣਾਂ ਵਿਚ ਹਾਰ ਲਈ ਵੀ ਦਿੱਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਪਿੱਛੋਂ ਵੱਡੇ ਪੱਧਰ ਉਤੇ ਮੰਗ ਉਠੀ ਸੀ ਕਿ ਦਿੱਲੀ ਆਗੂਆਂ ਦੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ ਤੇ ਜਥੇਬੰਦਕ ਢਾਂਚੇ ਵਿਚ ਪੰਜਾਬੀਆਂ ਨੂੰ ਹੀ ਨੁਮਾਇੰਦਗੀ ਮਿਲੇ। ਯਾਦ ਰਹੇ ਕਿ ਪੰਜਾਬ ਦੀ ਕਮਾਨ ਬਾਹਰੀ ਆਗੂਆਂ ਹੱਥ ਵੱਧ ਰਹੀ ਹੈ। ਪੰਜਾਬ ਇਕਾਈ ਦੇ ਇੰਚਾਰਜ ਸੰਜੈ ਸਿੰਘ ਅਤੇ ਸਮੁੱਚੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਹੀ ਇਕਾਈ ਨੂੰ ਚਲਾਉਂਦੇ ਰਹੇ ਹਨ।