ਰੋਮ: ਇਟਲੀ ਵਿਚ ਸਿੱਖਾਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਥੋਂ ਦੀ ਸੁਪਰੀਮ ਕੋਰਟ ਨੇ ਇਕ ਭਾਰਤੀ ਸਿੱਖ ਦੇ ਸ੍ਰੀ ਸਾਹਿਬ ਪਹਿਨਣ ਦੇ ਕੇਸ ਦੀ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ। ਇਟਲੀ ਪੁਲਿਸ ਨੇ ਇਕ ਸਿੱਖ ਨੂੰ 20 ਸੈਂਟੀਮੀਟਰ ਸ੍ਰੀ ਸਾਹਿਬ ਪਾਉਣ ‘ਤੇ 2000 ਯੂਰੋ ਜੁਰਮਾਨਾ ਕੀਤਾ ਗਿਆ ਸੀ। ਇਸ ਸਿੱਖ ਨੇ ਸ੍ਰੀ ਸਾਹਿਬ ਪਹਿਨਣਾ ਆਪਣਾ ਜਮਹੂਰੀ ਹੱਕ ਦੱਸਿਆ। ਹੁਣ ਇਹ ਮਾਮਲਾ ਅਦਾਲਤ ਵਿਚ ਸੀ।
ਸੁਪਰੀਮ ਕੋਰਟ ਨੇ ਭਾਰਤੀ ਸਿੱਖ ਦੇ ਇਸ ਦਾਅਵੇ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ ਅਤੇ ਬਾਹਰੋਂ ਆ ਕੇ ਇਟਲੀ ਵਿਚ ਵਸੇ ਵਿਦੇਸ਼ੀ ਭਾਈਚਾਰਿਆਂ ਲਈ ਵੀ ਸਖਤ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਕਿਹਾ ਕਿ ਵਿਦੇਸ਼ੀਆਂ ਨੂੰ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ ਜਿਨ੍ਹਾਂ ਨੇ ਸਾਡੀ ਧਰਤੀ ‘ਤੇ ਰਹਿਣਾ ਹੈ; ਨਹੀਂ ਤਾਂ ਆਪਣੇ ਮੂਲ ਦੇਸ਼ਾਂ ਨੂੰ ਬੜੀ ਖੁਸ਼ੀ ਨਾਲ ਜਾ ਸਕਦੇ ਹਨ। ਅਦਾਲਤ ਨੇ ਕਿਹਾ ਹੈ- “ਇਟਲੀ ਵਿਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਇੰਮੀਗ੍ਰਾਂਟ ਰਹਿੰਦੇ ਹਨ, ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ, ਪਰ ਉਨ੍ਹਾਂ ਨੂੰ ਵੀ ਆਪਣੇ ਮੂਲ ਦੇਸ਼ਾਂ ਦੇ ਧਾਰਮਿਕ ਕਾਨੂੰਨਾਂ ਨੂੰ ਸਾਡੇ ਅਤੇ ਸਾਡੀ ਹੀ ਧਰਤੀ ਉਤੇ ਆ ਕੇ ਥੋਪਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਡੇ ਸੰਵਿਧਾਨ ਦੀ ਧਾਰ ਨੰਬਰ-2 ਦੇ ਕਾਨੂੰਨ ਤਹਿਤ ਭਾਵੇਂ ਵੱਖ-ਵੱਖ ਦੇਸ਼ਾਂ ਦੇ ਬਹੁ-ਸਭਿਆਚਾਰਾਂ ਨੂੰ ਪ੍ਰਫੁਲਿਤ ਕਰਨ ਦੀ ਤਜਵੀਜ਼ ਹੈ, ਪਰ ਉਸ ਨੂੰ ਵੀ ਬਰਦਾਸ਼ਤ ਕਰਨ ਦੀ ਹੱਦ ਤੱਕ ਹੀ ਸਵੀਕਾਰ ਕੀਤਾ ਜਾ ਸਕਦਾ ਹੈ।” ਅਦਾਲਤ ਨੇ ਭਾਰਤੀ ਸਿੱਖ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਥੇ ਉਸ ਦੇ ਸਿੱਖ ਧਰਮ ਵਿਚ ਕਿਰਪਾਨ (ਸ੍ਰੀ ਸਾਹਿਬ) ਪਾਉਣ ਦਾ ਅਧਿਕਾਰ ਹੈ, ਪਰ ਉਥੇ ਇਟਲੀ ਦੇ ਸੰਵਿਧਾਨ ਦੇ ਪ੍ਰੀਮੀਅਰ ਅਧਿਕਾਰਾਂ ਤਹਿਤ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਦੇਸ਼ ਦੇ ਲੋਕਾਂ ਦੀ ਹਿਫਾਜ਼ਤ ਵਾਸਤੇ ਉਨ੍ਹਾਂ ਦੇ ਰੱਖਿਆ ਕਾਨੂੰਨਾਂ ਦੀ ਰੱਖਿਆ ਕਰੀਏ। ਇਸ ਲਈ ਦੋਹਾਂ ਧਿਰਾਂ ਨੂੰ ਖਿਆਲ ਰੱਖਣਾ ਪਵੇਗਾ। ਅਦਾਲਤ ਦੀਆਂ ਇਨ੍ਹਾਂ ਟਿੱਪਣੀਆਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ।