ਪੌਪ ਗਾਇਕਾ ਨਾਜ਼ੀਆ ਹਸਨ ਨੂੰ ‘ਸਵੀਟਹਰਟ ਆਫ਼ ਪਾਕਿਸਤਾਨ’ ਵਜੋਂ ਪ੍ਰਸਿੱਧੀ ਮਿਲੀ। ਉਹ ਉਦੋਂ ਅਜੇ ਸਿਰਫ਼ 15 ਸਾਲ ਦੀ ਸੀ ਜਦੋਂ ਸਾਰੇ ਸੰਸਾਰ ਵਿਚ ਉਸ ਦੀ ਪ੍ਰਸਿੱਧ ਫੈਲ ਗਈ ਸੀ। ਹਰ ਪਾਸੇ ਫਿਲਮ ‘ਕੁਰਬਾਨੀ’ ਵਿਚ ਗਾਏ ਉਸ ਦੇ ਗੀਤ ‘ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ’ ਦੀਆਂ ਧੁੰਮਾਂ ਸਨ। ਇਸੇ ਗੀਤ ਲਈ ਨਾਜ਼ੀਆ ਨੂੰ 1981 ਬੈਸਟ ਪਲੇਅਬੈਕ ਸਿੰਗਰ ਦਾ ਫਿਲਮ ਫੇਅਰ ਐਵਾਰਡ ਮਿਲਿਆ।
ਨਾਜ਼ੀਆ ਦਾ ਜਨਮ ਤਿੰਨ ਅਪ੍ਰੈਲ 1965 ਨੂੰ ਕਰਾਚੀ (ਪਾਕਿਸਤਾਨ) ਵਿਚ ਵਪਾਰੀ ਬਸ਼ੀਰ ਹਸਨ ਅਤੇ ਮੁਨੀਜ਼ੇ ਬਸ਼ੀਰ ਦੇ ਘਰ ਹੋਇਆ। ਉਹਦੀ ਅੰਮੀ ਸਮਾਜ ਸੇਵਿਕਾ ਸੀ। ਜਦੋਂ ਸੰਗੀਤ ਪ੍ਰੇਮੀ ਮਸਤੀ ਵਿਚ ਉਸ ਦਾ ਚਰਚਿਤ ਗੀਤ ‘ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ’ ਗਾ ਰਹੇ ਸਨ, ਤਾਂ ਉਹ ਦੁਨੀਆਂ ਅਤੇ ਪ੍ਰਸਿੱਧੀ ਤੋਂ ਬੇਖ਼ਬਰ ਲੰਡਨ ਆਪਣੇ ਘਰ ਦੇ ਇਕ ਕੋਨੇ ਵਿਚ ਚੁੱਪਚਾਪ ਆਪਣੀ ਪੜ੍ਹਾਈ ਵਿਚ ਮਗਨ ਸੀ। ਬਾਅਦ ਵਿਚ ਉਹ ਬਤੌਰ ਪਾਕਿਸਤਾਨੀ ਪੌਪ ਗਾਇਕਾ ਪ੍ਰਸਿੱਧ ਹੋਈ ਅਤੇ ਫਿਰ ਉਹ ਇਕ ਮਿਊਜਿਕ ਟੀæਵੀæ ਸ਼ੋਅ ‘ਮਿਉੂਜਿਕ-8’ ਵਿਚ ਵਿਸ਼ੇਸ਼ ਮਹਿਮਾਨ ਗਾਇਕਾ ਬਣੀ। ਫਿਰ ਤਾਂ 1990 ਤੱਕ ਅਨੇਕਾਂ ਟੀæਵੀæ ਸੰਗੀਤਕ ਪ੍ਰੋਗਰਾਮਾਂ ਵਿਚ ਉਹ ਸ਼ਾਮਲ ਹੋਈ ਅਤੇ ਆਪਣੇ ਫਨ ਨਾਲ ਸਭ ਨੂੰ ਕੀਲ ਲਿਆ। ਨਾਜ਼ੀਆ ਹਸਨ ਨੇ ਲੰਡਨ ਤੋਂ ਕਾਨੂੰਨ ਦੀ ਡਿਗਰੀ ਲੈ ਕੇ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਵਿਚ ਨੌਕਰੀ ਕੀਤੀ ਪਰ ਸੰਗੀਤ ਪ੍ਰੇਮ ਉਹ ਛੱਡ ਨਾ ਸਕੀ। ਉਹ ਸਾਦਾ ਹੀ ਵਿਚਰਦੀ ਸੀ ਤੇ ‘ਇੰਨਰਵਹੀਲ ਕਲੱਬ’ ਭਾਰਤ, ‘ਬਾਨ’ (ਪਾਕਿਸਤਾਨ), ਰਾਜਸਥਾਨ ਤੇ ਕਰਾਚੀ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਨਾਲ ਜੁੜ ਕੇ ਗਰੀਬਾਂ, ਲੋੜਵੰਦਾਂ ਦੀ ਕਈ ਤਰ੍ਹਾਂ ਨਾਲ ਸਹਾਇਤਾ ਕਰਦੀ ਰਹੀ। ਉਸ ਨੂੰ ਜੋ ਵੀ ਧਨ ਆਪਣੇ ਸੰਗੀਤਕ ਪ੍ਰੋਗਰਾਮਾਂ ਤੋਂ ਮਿਲਦਾ, ਸਭ ਗਰੀਬ ਬੱਚਿਆਂ ਨੂੰ ਸਕੂਲਾਂ ਵਿਚ ਜਾ ਕੇ ਵੰਡਦੀ। ਉਹ ਬੱਚਿਆਂ ਨੂੰ ਖਿਡੌਣੇ ਵੀ ਵੰਡਦੀ। ਉਸ ਦਾ ਵਿਆਹ 1995 ਵਿਚ ਅਮੀਰ ਵਪਾਰੀ ਮਿਰਜ਼ਾ ਮੁਸ਼ਤਾਕ ਬੇਗ ਨਾਲ ਹੋਇਆ। ਉਨ੍ਹਾਂ ਦੇ ਘਰ 7 ਅਪ੍ਰੈਲ 1997 ਨੂੰ ਪੁੱਤਰ ਆਰੇਜ਼ ਨੇ ਜਨਮ ਲਿਆ। ਉਹ ਕੈਂਸਰ ਦੀ ਬਿਮਾਰੀ ਨਾਲ 35 ਸਾਲ ਦੀ ਉਮਰ ਵਿਚ ਹੀ 13 ਅਗਸਤ 2000 ਨੂੰ ਲੰਡਨ ਵਿਚ ਇਸ ਸੰਸਾਰ ਨੂੰ ਅਲਵਿਦਾ ਆਖ ਗਈ। ਮੌਤ ਤੋਂ ਦਸ ਦਿਨ ਪਹਿਲਾਂ ਉਸ ਦਾ ਆਪਣੇ ਖਾਵੰਦ ਨਾਲ ਤਲਾਕ ਹੋ ਗਿਆ ਸੀ। ਬਾਅਦ ‘ਚ ਮਾਰਚ 2002 ਨੂੰ ਪਾਕਿਸਤਾਨੀ ਸਰਕਾਰ ਨੇ ਉਸ ਨੂੰ ‘ਪ੍ਰਾਈਡ ਆਫ਼ ਪਰਫਾਰਮੈਸ’ ਦੇਣ ਦਾ ਐਲਾਨ ਕੀਤਾ। ਇਹ ਇਨਾਮ ਉਸ ਦੀ ਅੰਮੀ ਨੇ ਪ੍ਰਾਪਤ ਕੀਤਾ। ਉਹਦੇ ਮਾਪਿਆਂ ਨੇ 2003 ਵਿਚ ਉਸ ਦੀ ਯਾਦ ਵਿਚ ਅਤੇ ਉਸ ਵੱਲੋਂ ਕੀਤਾ ਜਾ ਰਿਹਾ ਕੰਮ ਜਾਰੀ ਰੱਖਣ ਲਈ ਨਾਜ਼ੀਆ ਹਸਨ ਫਾਊਂਡੇਸ਼ਨ ਬਣਾਈ। ਅਸਲ ਵਿਚ ਨਾਜ਼ੀਆ ਹਸਨ ਖੁਦ ਲੋਕ ਸੇਵਾ ਦੇ ਕੰਮਾਂ ਵਿਚ ਬਹੁਤ ਵਧ-ਚੜ੍ਹ ਕੇ ਹਿੱਸਾ ਲੈਂਦੀ ਸੀ। ਇਸ ਕਾਰਜ ਲਈ ਅੁਹ ਆਪਣੇ ਕੋਲੋਂ ਮਾਇਆ ਖਰਚਣ ਤੋਂ ਵੀ ਨਹੀਂ ਸੀ ਝਿਜਕਦੀ। ਉਹ ਭਾਵੇਂ ਆਧੁਨਿਕ ਸਭਿਆਚਾਰ ਨਾਲ ਜੁੜੀ ਹੋਈ ਸੀ, ਪਰ ਆਪਣੀਆਂ ਜੜ੍ਹਾਂ ਨਾਲ ਵੀ ਉਸ ਨੇ ਉਤਨਾ ਹੀ ਪੀਡਾ ਰਾਬਤਾ ਬਣਾਇਆ ਹੋਇਆ ਸੀ। ਉਹ ਆਪਣੀ ਮਿਸਾਲ ਆਪ ਸੀ। ਉਸ ਦੀਆਂ ਹਿੱਟ ਐਲਬਮਾਂ ‘ਚ ਡਿਸਕੋ ਦੀਵਾਨੇ, ਗੈੱਟ ਏ ਲਿਟਲ ਕਲੋਜ਼ਰ, ਸਟਾਰ/ਬੂਮ ਬੂਮ, ਆਜ਼ਾਨ, ਯੰਗ ਤਰੰਗ, ਸੈਫਰਨ, ਦੈੱਨ ਹੀ ਕਿਸਡ ਮੀ, ਕੈਮਰਾ-ਕੈਮਰਾ ਆਦਿ ਹਨ।
-ਜੁਗਰਾਜ ਗਿੱਲ, ਸ਼ਾਰਲਟ
ਫੋਨ: 704-257-6693
Leave a Reply