ਚੰਡੀਗੜ੍ਹ: ਕਾਂਗਰਸੀ ਆਗੂਆਂ ਨੂੰ ਫੀਲਡ ‘ਚ ਤਾਇਨਾਤ ਬਹੁ ਗਿਣਤੀ ਅਫਸਰ ਅਕਾਲੀਆਂ ਦੇ ਹੀ ‘ਸੇਵਾਦਾਰ’ ਨਜ਼ਰ ਆ ਰਹੇ ਹਨ, ਜਿਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿਚ ਮੁੱਖ ਮੁੱਦਾ ਪੁਲਿਸ ਅਧਿਕਾਰੀਆਂ ਤੇ ਸਿਵਲ ਅਫਸਰਾਂ ਦੀਆਂ ਤਾਇਨਾਤੀਆਂ ਦਾ ਹੀ ਰਹਿੰਦਾ ਹੈ। ਪੰਜਾਬ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਅਕਾਲੀਆਂ ਦੇ ਪ੍ਰਭਾਵ ਤੋਂ ਮੁਕਤ ਕਰਨਾ ਕੈਪਟਨ ਸਰਕਾਰ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।
ਪੁਲਿਸ ਅਤੇ ਸਿਵਲ ਅਫਸਰਾਂ ਦੇ ਤਬਾਦਲਿਆਂ ਦੇ ਬਾਵਜੂਦ ਕਾਂਗਰਸੀ ਆਗੂਆਂ ਵਿਚ ਬੇਚੈਨੀ ਹੈ, ਜਿਸ ਦਾ ਸਰਕਾਰ ਨੂੰ ਹੱਲ ਨਹੀਂ ਲੱਭ ਰਿਹਾ। ਸੀਨੀਅਰ ਕਾਂਗਰਸੀ ਨੇਤਾ ਵੀ ਇਸ ਮਾਮਲੇ ਵਿਚ ਦਖਲ ਦੇਣ ਲੱਗੇ ਹਨ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਇਸ ਮਾਮਲੇ ‘ਤੇ ਕੁਝ ਸੂਬਾਈ ਆਗੂਆਂ ਤੇ ਮੰਤਰੀਆਂ ਨੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਗੱਲਬਾਤ ਕੀਤੀ ਹੈ।
ਮੁੱਖ ਮੰਤਰੀ ਦਫਤਰ ਦੇ ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਹਾਈ ਕਮਾਨ ਨਾਲ ਸਬੰਧਤ ਸੀਨੀਅਰ ਨੇਤਾਵਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਇਕਾਂ ਅਤੇ ਵਰਕਰਾਂ ਦੀ ਨਾਖੁਸ਼ੀ ਤੇ ਨਾਰਾਜ਼ਗੀ ਦੂਰ ਕਰਨ ਦਾ ਮਸ਼ਵਰਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਸੰਭਾਲਿਆਂ ਹੁਣ ਤਕਰੀਬਨ ਦੋ ਮਹੀਨਿਆਂ ਦਾ ਸਮਾਂ ਹੋਣ ਲੱਗਾ ਹੈ, ਪਰ ਕਾਂਗਰਸੀ ਵਰਕਰਾਂ ਅਤੇ ਸਰਕਾਰ ਦਰਮਿਆਨ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਿਧਾਇਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸ਼ਿਕਾਇਤਾਂ ਹੀ ਕਰਦੇ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਪੁਲਿਸ ਅਫਸਰਾਂ ਵੱਲੋਂ ਹਾਕਮ ਪਾਰਟੀ ਦੇ ਨੇਤਾਵਾਂ ਪ੍ਰਤੀ ਅਖਤਿਆਰ ਕੀਤੇ ਰਵੱਈਏ ਨੂੰ ਲੈ ਕੇ ਹੋ ਰਹੀਆਂ ਹਨ।
ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਧਿਆਨ ‘ਚ ਲਿਆਂਦਾ ਕਿ ਹਾਲ ਹੀ ਵਿਚ ਮੁਹਾਲੀ ‘ਚ ਤਾਇਨਾਤ ਕੀਤੇ ਇਕ ਅਫਸਰ ਨੂੰ ਕੁਰਸੀ ‘ਤੇ ਬਿਠਾਉਣ ਲਈ ਅਕਾਲੀ ਨੇਤਾ ਸਬੰਧਤ ਪੁਲਿਸ ਅਫਸਰ ਦੇ ਦਫਤਰ ਤੱਕ ਗਏ ਅਤੇ ਇਸ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰ ਕੇ ਪੁਲਿਸ ਤੇ ਅਕਾਲੀਆਂ ਦੀ ਸਾਂਝ ਦਾ ਮੁਜ਼ਾਹਰਾ ਕੀਤਾ। ਕਾਂਗਰਸ ਦੇ ਕੁਝ ਨੇਤਾਵਾਂ ਨੇ ਤਾਂ ਇਹ ਵੀ ਸ਼ਿਕਾਇਤਾਂ ਕੀਤੀਆਂ ਕਿ ਥਾਣਿਆਂ ਆਦਿ ਵਿਚ ਅਕਾਲੀਆਂ ਦੀ ਪੁੱਛਗਿੱਛ ਕਾਂਗਰਸੀ ਆਗੂਆਂ ਨਾਲੋਂ ਜ਼ਿਆਦਾ ਹੋ ਰਹੀ ਹੈ। ਮਾਲਵੇ ਦੇ ਇਕ ਵਿਧਾਇਕ ਨੇ ਦੱਸਿਆ ਕਿ ਉਹ ਐਸ਼ਐਸ਼ਪੀæ ਨੂੰ ਮਿਲਣ ਲਈ ਇਕ ਘੰਟਾ ਦਫਤਰ ਦੇ ਬਾਹਰ ਬੈਠ ਕੇ ਇੰਤਜ਼ਾਰ ਕਰਦਾ ਰਿਹਾ ਅਤੇ ਅਖੀਰ ਬਿਨਾਂ ਮਿਲੇ ਹੀ ਵਾਪਸ ਆ ਗਿਆ।
ਪੰਜਾਬ ਦੇ ਇਕ ਸੀਨੀਅਰ ਅਧਿਕਾਰੀ ਨੇ ਕਾਂਗਰਸੀਆਂ ਦੀ ਨਾਰਾਜ਼ਗੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬੇ ਵਿਚ ਇਕ ਦਹਾਕਾ ਅਕਾਲੀ ਦਲ ਦਾ ਰਾਜ ਰਿਹਾ ਹੈ। ਇਸ ਲਈ ਇਸ ਸਮੇਂ ਦੌਰਾਨ ਬਹੁ ਗਿਣਤੀ ਅਫਸਰਾਂ ਨੇ ਹਾਕਮਾਂ ਨੂੰ ਖੁਸ਼ ਰੱਖਿਆ। ਅਕਾਲੀਆਂ ਨੇ ਵੀ ਅਫਸਰਾਂ ਨੂੰ ਬੇਲੋੜਾ ਪ੍ਰੇਸ਼ਾਨ ਨਹੀਂ ਕੀਤਾ। ਅਜਿਹੇ ਅਫਸਰ ਬਹੁਤ ਘੱਟ ਬਚੇ ਹਨ ਜੋ ਅਕਾਲੀਆਂ ਦੀ ਹਕੂਮਤ ਸਮੇਂ ਬਿਲਕੁਲ ਖੁੱਡੇ ਲਾਈਨ ਲੱਗੇ ਰਹੇ ਹਨ।