ਚੰਡੀਗੜ੍ਹ: ਸਰਕਾਰੀ ਨਾਲਾਇਕੀ ਕਾਰਨ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਲਈ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਸਭ ਤੋਂ ਸੁਰੱਖਿਅਤ ਥਾਂਵਾਂ ਬਣ ਗਈਆਂ ਹਨ। ਸੂਬੇ ਦੀਆਂ ਜੇਲ੍ਹਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖਣ ਸਬੰਧੀ ਕੋਈ ਪੱਕਾ ਨਿਯਮ ਨਹੀਂ ਹੈ। ਪੰਜਾਬ ਦੀਆਂ ਕੁੱਲ 15 ਜੇਲ੍ਹਾਂ ‘ਚ 14,376 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ, ਜਦੋਂਕਿ ਇਸ ਸਮੇਂ ਸੂਬੇ ਦੀਆਂ ਜੇਲ੍ਹਾਂ ਵਿਚ 18 ਹਜ਼ਾਰ ਤੋਂ ਜ਼ਿਆਦਾ ਕੈਦੀ ਬੰਦ ਹਨ। ਇਸੇ ਕਾਰਨ ਪਿਛਲੇ ਸਾਲ ਨਾਭਾ ਜੇਲ੍ਹ ਬ੍ਰੇਕ-ਕਾਂਡ ਵਾਪਰਿਆ ਸੀ ਜਿਸ ਨੇ ਸਰਕਾਰ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ।
ਇਸ ਮੌਕੇ ਜੇਲ੍ਹਾਂ ‘ਚ ਕੁੱਲ 250 ਦੇ ਕਰੀਬ ਗੈਂਗਸਟਰ ਬੰਦ ਹਨ, ਜਿਨ੍ਹਾਂ ‘ਚੋਂ 35 ਕਾਫੀ ਖਤਰਨਾਕ ਮੰਨੇ ਜਾਂਦੇ ਹਨ। ਪੰਜਾਬ ਵਿਚ ਗੈਂਗਵਾਰ ਦੀਆਂ ਘਟਨਾਵਾਂ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਪਿਛਲੇ ਲੰਬੇ ਸਮੇਂ ਤੋਂ ਬਾਦਸਤੂਰ ਜਾਰੀ ਹਨ। ਪੰਜਾਬ ਦੀਆਂ ਜੇਲ੍ਹਾਂ ‘ਚ ਕੈਦੀਆਂ ਨੂੰ ਕੰਟਰੋਲ ਕਰਨ ਲਈ ਸੁਪਰਡੈਂਟਾਂ ਤੇ ਕਾਂਸਟੇਬਲਾਂ ਦੀਆਂ 873 ਅਸਾਮੀਆਂ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਾਈਆਂ ਹਨ। ਮੌਜੂਦਾ ਸਮੇਂ ‘ਚ ਜੇਕਰ ਜੇਲ੍ਹ ਸਟਾਫ ‘ਤੇ ਝਾਤ ਮਾਰੀ ਜਾਵੇ ਤਾਂ 8 ਕੈਦੀਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਇਕ ਕਰਮਚਾਰੀ ਉਤੇ ਹੈ।
ਕੇਂਦਰੀ ਜੇਲ੍ਹ ਪਟਿਆਲਾ ‘ਚ 1800 ਕੈਦੀਆਂ ਦੀ ਸਮਰੱਥਾ ਹੈ ਤੇ ਇਥੇ 1900 ਕੈਦੀ ਰੱਖੇ ਗਏ ਹਨ, ਜਦੋਂਕਿ 330 ਜੇਲ੍ਹ ਮੁਲਾਜ਼ਮਾਂ ਦੀ ਥਾਂ ਸਿਰਫ 215 ਮੁਲਾਜ਼ਮ ਹੀ ਜੇਲ੍ਹ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਸੁਰਖੀਆਂ ‘ਚ ਆਈ ਪੰਜਾਬ ਦੀ ਹਾਈ ਸਕਿਊਰਿਟੀ ਜੇਲ੍ਹ ਨਾਭਾ ਅੰਦਰ 465 ਕੈਦੀਆਂ ਦੀ ਸਮਰੱਥਾ ਦੇ ਬਾਵਜੂਦ ਭਾਵੇਂ ਇਥੇ 200 ਕੈਦੀ ਹੀ ਹਨ, ਪਰ ਲੋੜੀਂਦੇ ਸੁਰੱਖਿਆ ਕਰਮੀਆਂ ਦੀਆਂ 100 ਤੋਂ ਵਧੇਰੇ ਅਸਾਮੀਆਂ ਖਾਲੀ ਪਈਆਂ ਹਨ। ਪੰਜਾਬ ਦੇ ਪਟਿਆਲਾ, ਬਠਿੰਡਾ, ਬਰਨਾਲਾ ਸਮੇਤ ਹੋਰ ਕਈ ਜੇਲ੍ਹਾਂ ਅਜਿਹੀਆਂ ਹਨ, ਜਿਥੇ ਔਸਤਨ 6 ਕੈਦੀਆਂ ਦੀ ਨਿਗਰਾਨੀ ਦਾ ਜਿੰਮਾ ਇਕ ਮੁਲਾਜ਼ਮ ‘ਤੇ ਹੈ।
ਪੰਜਾਬ ਦੀ ਮੋਗਾ ਉਪ-ਜੇਲ੍ਹ ਵਿਚ ਭਾਵੇਂ 48 ਕੈਦੀਆਂ ਨੂੰ ਰੱਖਿਆ ਜਾ ਸਕਦਾ ਹੈ, ਪਰ ਇਥੇ 100 ਤੋਂ ਵੀ ਜ਼ਿਆਦਾ ਕੈਦੀ ਡੱਕੇ ਗਏ ਹਨ। ਨਾਭਾ ਜੇਲ੍ਹ ਬ੍ਰੇਕ ਦੀ ਘਟਨਾ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ‘ਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਵੀ ਨਾਕਾਫੀ ਸਾਬਤ ਹੋ ਰਹੇ ਹਨ। 19 ਜਨਵਰੀ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਪੰਜਾਬ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਫਰੀਦਕੋਟ ਜੇਲ੍ਹ ਦੇ ਬਾਹਰ ਇਕ ਪੋਸਟਰ ਚਿਪਕਾ ਕੇ ਸੂਬੇ ਦੀ ਫਰੀਦਕੋਟ, ਮੁਕਤਸਰ ਅਤੇ ਫਿਰੋਜ਼ਪੁਰ ਜੇਲ੍ਹਾਂ ‘ਚ ਬੰਦ ਸਾਥੀਆਂ ਨੂੰ ਛੁਡਾਉਣ ਦੀ ਧਮਕੀ ਦਿੱਤੀ ਸੀ।
12 ਫਰਵਰੀ ਨੂੰ ਅੰਮ੍ਰਿਤਸਰ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 17 ਮੋਬਾਈਲ ਤੇ ਦੋ ਚਾਕੂ ਬਰਾਮਦ ਹੋਏ ਸਨ, 25 ਫਰਵਰੀ ਨੂੰ ਜੇਲ੍ਹ ‘ਚੋਂ 14 ਮੋਬਾਈਲ ਫੋਨ ਬਰਾਮਦ ਹੋਏ ਸਨ, ਜਦਕਿ 20 ਮਾਰਚ, 23 ਮਾਰਚ ਤੇ 9 ਅਪਰੈਲ ਨੂੰ ਕਪੂਰਥਲਾ ਜੇਲ੍ਹ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਨੇ ਸਮੁੱਚੇ ਸਿਸਟਮ ਉਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 38 ਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੁਸ਼ਿਆਰਪੁਰ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਤੇ ਪੰਚਕੂਲਾ ਦੇ ਸਕੇਤੜੀ ਸ਼ਿਵ ਮੰਦਿਰ ਦੇ ਬਾਹਰ ਅਮਿਤ ਸ਼ਰਮਾ ਉਰਫ ਮੀਤ ਦੀ ਗੋਲੀਆਂ ਮਾਰ ਕੇ ਹੱਤਿਆ ਵਿਚ ਵੀ ਪੰਜਾਬ ਦੇ ਸਰਗਰਮ ਗੈਂਗਸਟਰਾਂ ਦੇ ਨਾਂ ਲਏ ਜਾ ਰਿਹਾ ਹੈ।
ਪੁਲਿਸ ਵੱਲੋਂ ਸਰਗਰਮ ਗੈਂਗਸਟਰਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਦੇ ਚੱਲਦਿਆਂ ਮਾਲਵਾ ਤੇ ਦੋਆਬਾ ਖੇਤਰ ਵਿਚ ਸਰਗਰਮ 12 ਗੈਂਗਸਟਰਾਂ ਦੀ ਪਛਾਣ ਕਰ ਲਈ ਗਈ ਹੈ। ਜਿਨ੍ਹਾਂ ਵਿਚੋਂ 9 ਗੈਂਗਸਟਰਾਂ ਦੀ ਆਪਸੀ ਰੰਜਿਸ਼ ਕਾਰਨ ਇਹ ਇਕ-ਦੂਜੇ ਦੇ ਖੂਨ ਪਿਆਸੇ ਹਨ, ਜਦੋਂਕਿ 5 ਗੈਂਗਸਟਰ ਇਸ ਸਮੇਂ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੈਠੇ ਆਪਣੇ ਗੈਂਗ ਚਲਾ ਰਹੇ ਹਨ। ਇਨ੍ਹਾਂ ਵਿਚੋਂ 4 ਗੈਂਗਸਟਰ ਹੁਣ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹਨ, ਜਿਨ੍ਹਾਂ ‘ਚ ਜੈਪਾਲ ਭੁੱਲਰ ਉਰਫ ਮਨਜੀਤ ਜੋ ਕਿ ਰੌਕੀ ਦੇ ਕਤਲ ਉਪਰੰਤ ਚਰਚਾ ‘ਚ ਆਇਆ ਸੀ, ਹੈਮਰ ਥ੍ਰੋ ਦਾ ਰਾਸ਼ਟਰ ਪੱਧਰੀ ਖਿਡਾਰੀ ਹੈ। ਇਹ ਪਿਛਲੇ 5 ਸਾਲਾਂ ਤੋਂ ਪੰਜਾਬ ਪੁਲਿਸ ਸਮੇਤ ਰਾਜਸਥਾਨ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਵੀ ਲੋੜੀਂਦਾ ਹੈ। ਰੌਕੀ ਦੇ ਕਤਲ ਤੋਂ ਬਾਅਦ ਸੂਬੇ ‘ਚ ਸਰਗਰਮ 9 ਗੈਂਗ ਦੋ ਗੁੱਟਾਂ ਵਿਚ ਵੰਡੇ ਗਏ ਹਨ, ਇਨ੍ਹਾਂ ‘ਚੋਂ ਇਕ ਪਾਸੇ ਜੈਪਾਲ ਭੁੱਲਰ ਦਾ ਗੈਂਗ ਹੈ, ਜਦੋਂਕਿ ਦੂਜੇ ਪਾਸੇ ਦਵਿੰਦਰ ਸ਼ੂਟਰ ਦਾ ਗੈਂਗ ਹੈ, ਜੋ ਬੀਤੀ 19 ਫਰਵਰੀ ਨੂੰ ਲੁਧਿਆਣਾ ਵਿਖੇ ਇਕ ਵਿਆਹ ਸਮਾਗਮ ਦੌਰਾਨ ਕਤਲ ਕਰਨ ਤੋਂ ਬਾਅਦ ਸੁਰਖੀਆਂ ‘ਚ ਆਇਆ ਸੀ।
_____________________________________
ਜੇਲ੍ਹਾਂ ਵਿਚ ਵਾਪਰੀਆਂ ਵਾਰਦਾਤਾਂ ‘ਤੇ ਝਾਤ
ਚੰਡੀਗੜ੍ਹ: ਸਾਲ 2011 ਵਿਚ ਮੋਗਾ ਜੇਲ੍ਹ ‘ਚ ਕੈਦੀਆਂ ਵੱਲੋਂ ਅੱਗ ਲਗਾਉਣ, 2015 ‘ਚ ਬਠਿੰਡਾ ਜੇਲ੍ਹ ਵਿਚ ਗੈਂਗਵਾਰ, 2016 ‘ਚ ਬਠਿੰਡਾ ਜੇਲ੍ਹ ‘ਚ ਕੈਦੀਆਂ ਦੇ ਗੁੱਟ ਭਿੜੇ ਅਤੇ 2016 ਵਿਚ ਹੀ ਨਾਭਾ ਜੇਲ੍ਹ ਬ੍ਰੇਕ ਤੇ ਕਈ ਕੈਦੀ ਫਰਾਰ, 2017 ‘ਚ ਫਿਰੋਜ਼ਪੁਰ ਜੇਲ੍ਹ ਵਿਚ ਕੈਦੀਆਂ ਦੇ ਗੁੱਟ ਭਿੜੇ, ਫਰਵਰੀ 2017 ਵਿਚ ਪਟਿਆਲਾ ਜੇਲ੍ਹ ‘ਚੋਂ ਮੋਬਾਇਲ ਫੋਨ ਬਰਾਮਦ, ਫਰਵਰੀ 2017 ਵਿਚ ਅੰਮ੍ਰਿਤਸਰ ਜੇਲ੍ਹ ਵਿਚੋਂ 18 ਫੋਨ ਬਰਾਮਦ, 2017 ਫਰਵਰੀ ‘ਚ ਮੁੜ ਅੰਮ੍ਰਿਤਸਰ ਜੇਲ੍ਹ ਵਿਚੋਂ 11 ਮੋਬਾਇਲ ਬਰਾਮਦ ਅਤੇ 2017 ਫਰਵਰੀ ‘ਚ ਹੀ ਨਾਭਾ ਜੇਲ੍ਹ ਵਿਚੋਂ 4 ਮੋਬਾਇਲ ਮਿਲੇ।