ਇੰਗਲੈਂਡ ਵੱਸਦੇ ਲਹਿੰਦੇ ਪੰਜਾਬ ਦੇ ਲਿਖਾਰੀ ਗੁਲਾਮ ਮੁਸਤਫਾ ਡੋਗਰ ਨੇ ਪਾਕਿਸਤਾਨੀ ਪਿੰਡਾਂ ਬਾਰੇ ਵਾਹਵਾ ਖੋਜ ਕੀਤੀ ਹੋਈ ਹੈ। ਇਸ ਲੇਖ ਵਿਚ ਉਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਸਾਂਝ ਬਾਰੇ ਨਿਵੇਕਲੀ ਸਾਂਝ ਪੁਆਈ ਹੈ। ਉਸ ਨੇ ਖਾਸ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮੁਸਲਮਾਨਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। ਇਸ ਨਾਲ ਇਤਿਹਾਸ ਦੇ ਇਕ ਖਾਸ ਵਰਕੇ ਉਤੇ ਵੀ ਨਿਗ੍ਹਾ ਪੈ ਗਈ ਹੈ।
ਇਸ ਦਿਲਚਸਪ ਲੇਖ ਦਾ ਤਰਜਮਾ ਤਰਸੇਮ ਸਿੰਘ ਤਰਾਨਾ ਨੇ ਕੀਤਾ ਹੈ ਜੋ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ
ਗੁਲਾਮ ਮੁਸਤਫਾ ਡੋਗਰ (ਯੂæਕੇæ)
ਤਰਜਮਾ: ਤਰਸੇਮ ਸਿੰਘ ਤਰਾਨਾ
ਫੋਨ: +91-94173-43431
ਸਿੱਖਾਂ ਦੇ ਪਹਿਲੇ ਗੁਰੂ ਬਾਬਾ ਨਾਨਕ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੱਕ ਸਿੱਖ ਮੁਸਲਮਾਨ ਭਾਈਚਾਰਕ ਸਾਂਝ ਸਮਂੇ ਸਮਂੇ ਗੂੜ੍ਹੀ ਰਹੀ ਏ। ਬਾਬਾ ਨਾਨਕ ਦੇ ਅਵਤਾਰ ਧਾਰਨ ਸਮੇਂ ਸਭ ਤੋਂ ਪਹਿਲਾਂ ਗੁਰੂ ਜੀ ਦਾ ਦੀਦਾਰ ਕਰਨ ਵਾਲੀ ਮੁਸਲਮਾਨ ਔਰਤ ਦਾਈ ਦੌਲਤਾਂ ਸੀ।
ਰਾਏ ਬੁਲਾਰ: ਗੁਰੂ ਨਾਨਕ ਨੂੰ ਵਲੀ ਪੀਰ ਅਤੇ ਰੱਬ ਦੀ ਰਹਿਮਤਾਂ ਦੇ ਭੰਡਾਰੇ ਵਜੋਂ ਸਭ ਤੋਂ ਪਹਿਲਾ ਮੁਸਲਮਾਨ ਰਾਏ ਬੁਲਾਰ ਹੀ ਸਮਝ ਸਕਿਆ ਸੀ। ਖੋਜ ਮੁਤਾਬਿਕ ਰਾਏ ਬੁਲਾਰ ਦਾ ਅਸਲੀ ਨਾਮ ਰਾਏ ਬਲੌਰ ਸੀ, ਕਿਉਂਕਿ ਇਤਿਹਾਸ ਵਿਚ ਕਿਸੇ ਵੀ ਹੋਰ ਪੰਜਾਬੀ ਦਾ ਨਾਮ ਬੁਲਾਰ ਨਹੀਂ ਮਿਲਦਾ। ਗੁਰੂ ਨਾਨਕ ਦੇ ਬਚਪਨ ਸਮੇਂ ਫਾਰਸੀ ਸਰਕਾਰੀ ਜ਼ੁਬਾਨ ਸੀ। ਇਲਾਕੇ ਦੇ ਲੋਕ, ਖਾਸ ਤੌਰ ‘ਤੇ ਮੁਸਲਮਾਨ ਆਪਣੇ ਨਾਮ ਫਾਰਸੀ ਜ਼ੁਬਾਨ ਵਿਚ ਰੱਖਦੇ ਸਨ। ਇਰਾਨ ਵਿਚ ਅਜੇ ਵੀ ਲੋਕ ਫਾਰਸੀ ਜ਼ੁਬਾਨ ਵਿਚ ਪੁੱਤਰ ਦਾ ਨਾਮ ਬਲੌਰ ਰੱਖਦੇ ਹਨ। ਫਾਰਸੀ ਵਿਚ ਬਲੌਰ ਦਾ ਮਤਲਬ ਹੈ- ਇਹੋ ਜਿਹਾ ਸ਼ੀਸ਼ਾ ਜਾਂ ਕੱਚ ਜਿਸ ਵਿਚ ਦਾਗ ਨਾ ਹੋਵੇ, ਬਿਲਕੁਲ ਸਾਫ। ਪਾਕਿਸਤਾਨ ਦੇ ਪਠਾਣਾਂ ਦੇ ਸੂਬਾ ਖੈਬਰ ਪਖਤੂਨਖਵਾ ਵਿਚ ਅੱਜ ਵੀ ਬਲੌਰ ਨਾਮ ਪ੍ਰਚਲਿਤ ਹੈ। ਪਸ਼ੌਰ (ਪਿਸ਼ਾਵਰ) ਦੇ ਇਕ ਕੌਮੀ ਅਸੈਂਬਲੀ ਮੈਂਬਰ ਦਾ ਨਾਮ ਗੁਲਾਮ ਅਹਿਮਦ ਬਲੌਰ ਹੈ। ਬਾਂਟਿਆਂ ਦੀ ਖੇਡ ਵਿਚ ਖੇਡੇ ਜਾਣ ਵਾਲੇ ਸ਼ੀਸ਼ੇ ਵਾਂਗ ਸਾਫ ਬਾਂਟਿਆਂ ਨੂੰ ਬਲੌਰ ਕਿਹਾ ਜਾਂਦਾ ਹੈ।
ਭਾਈ ਮਰਦਾਨਾ: ਬਾਬਾ ਨਾਨਕ ਨੇ ਮੁਸਲਮਾਨ ਮਰਾਸੀ ਮਰਦਾਨਾ ਨੂੰ ਭਾਈ ਕਹਿ ਪੂਰੀ ਹਯਾਤੀ ਆਪਣੇ ਅੰਗ-ਸੰਗ ਰੱਖਿਆ। ਭਾਈ ਮਰਦਾਨਾ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਅਹਿਜ਼ਾਦ ਵੀ ਗੁਰੂ ਦਰਬਾਰ ਵਿਚ ਰਬਾਬ ਵਜਾਉਂਦਾ ਰਿਹਾ। ਅੱਜ ਵੀ ਭਾਈ ਮਰਦਾਨੇ ਦੀਆਂ ਅਗਲੀਆਂ ਪੀੜ੍ਹੀਆਂ ਵਿਚੋਂ ਲੋਕ ਨਨਕਾਣਾ ਸਾਹਿਬ ਕੀਰਤਨ ਕਰਨ ਆਉਂਦੇ ਹਨ।
ਸਾਈਂ ਮੀਆਂ ਮੀਰ: ਸਿੱਖ ਮਜ਼ਹਬ ਦਾ ਕਂੇਦਰ ਤੇ ਸਭ ਮਜ਼ਹਬਾਂ ਨੂੰ ਗਿਆਨ ਵੰਡਣ ਵਾਲੇ ਰੱਬ ਦਾ ਘਰ ਦਰਬਾਰ ਸਾਹਿਬ ਦਾ ਨੀਂਹ ਪੱਥਰ ਵੀ ਸਿੱਖਾਂ ਦੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਨੇ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਪਾਸਂੋ ਰਖਵਾ ਕੇ ਮੁਸਲਮਾਨ ਭਾਈਚਾਰੇ ਨੂੰ ਮਾਣ ਬਖਸ਼ਿਆ।
ਭਾਈ ਨਬੀ ਖਾਂ-ਗਾਨੀ ਖਾਂ: ਦਸਵਂੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਮੁਸਲਮਾਨ ਫਿਰਕੇ ਦੇ ਭਾਈ ਨਬੀ ਖਾਂ ਤੇ ਗਾਨੀ ਖਾਂ, ਪੀਰ ਭਾਈ ਬੁਧੂ ਸ਼ਾਹ ਜਿਨ੍ਹਾਂ ਦੇ ਪੰਜ ਪੁੱਤਰਾਂ ਸਮੇਤ ਹੋਰ ਚੇਲੇ ਗੁਰੂ ਸਾਹਿਬ ਦੀ ਫੌਜ ਵਿਚ ਮੁਗਲ ਹਾਕਮਾਂ ਨਾਲ ਲੜਦੇ ਸ਼ਹੀਦੀਆਂ ਪਾ ਕੇ ਅਮਰ ਹੋ ਗਏ, ਨੂੰ ਮਾਣ ਬਖਸ਼ਿਆ।
ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ: ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਮੌਕੇ ਸੂਬਾ ਸਰਹੰਦ ਦੀ ਭਰੀ ਕਚਿਹਰੀ ਵਿਚ ਹੋ ਰਹੇ ਘੋਰ ਪਾਪ ਖਿਲਾਫ ਹਾਅ ਦਾ ਨਾਅਰਾ ਮਾਰ ਕੇ ਰੋਸ ਪ੍ਰਗਟ ਕਰਨ ਵਾਲੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਪੂਰੀ ਕਾਇਨਾਤ ਅੱਜ ਵੀ ਯਾਦ ਕਰਦੀ ਏ।
ਅਜਿਹੇ ਹੋਰ ਵੀ ਅਨੇਕਾਂ ਮੁਸਲਮਾਨ, ਪੀਰ, ਫਕੀਰ ਹੋਏ ਹਨ ਜਿਹੜੇ ਗੁਰੂ ਘਰ ਦੇ ਮੁਰੀਦ ਸਨ ਅਤੇ ਸਿੱਖ ਗੁਰੂਆਂ ਪ੍ਰਤੀ ਅਥਾਹ ਸ਼ਰਧਾ ਭਾਵਨਾ ਤੇ ਪ੍ਰੇਮ ਰੱਖਦੇ ਸਨ। ਸਿੱਖ ਗੁਰੂਆਂ ਵਲੋਂ ਪਾਏ ਪੂਰਨਿਆਂ ਅਤੇ ਦੱਸੇ ਨਿਯਮਾਂ ਮੁਤਾਬਿਕ ਅਜੇ ਤੱਕ ਵੀ ਸਿੱਖ ਮੁਸਲਮਾਨ ਸਾਂਝ ਨਿਭ ਰਹੀ ਏ। 1947 ਵਾਲੀ ਕੁਲਹਿਣੀ ਭਾਰਤ ਪਾਕਿਸਤਾਨ ਵੰਡ ਨੇ ਸਾਂਝੇ ਮੁਲਕ ਨੂੰ ਦੋ ਮੁਲਕ ਬਣਾ ਦਿੱਤਾ। ਸਿੱਖਾਂ ਦਾ ਮੁਕੱਦਸ ਸਥਾਨ ਬਾਬੇ ਨਾਨਕ ਦੀ ਜੰਮਣ ਭੋਇੰ ਨਨਕਾਣਾ ਸਾਹਿਬ ਅਤੇ ਅੰਤਿਮ ਸਥਾਨ ਸ੍ਰੀ ਕਰਤਾਰਪੁਰ (ਨਾਰੋਵਾਲ) ਸਮੇਤ ਸਿੱਖਾਂ ਦਾ ਅਣਮੁੱਲਾ ਸਰਮਾਇਆ, ਧਰਮ ਸਥਾਨ ਪਾਕਿਸਤਾਨ ਵਿਚ ਰਹਿ ਗਏ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਦਰਿਆ ਬਿਆਸ ਕਿਨਾਰੇ ਪਿੰਡ ਸ੍ਰੀ ਹਰਿਗੋਬਿੰਦਪੁਰ ਵਸਾ ਕੇ ਉਥੇ ਮੁਸਲਮਾਨ ਭਾਈਚਾਰੇ ਲਈ ਆਪਣੇ ਅੱਲ੍ਹਾ ਦੀ ਇਬਾਦਤ ਕਰਨ ਵਾਸਤੇ ਸੁੰਦਰ ਮਸਜਿਦ ਬਣਵਾਈ ਸੀ। ਇਸ ਮਸਜਿਦ ਨੂੰ ਅਜੇ ਤਾਈਂ ਸਿੱਖਾਂ ਵਾਲੀ ਮਸਜਿਦ ਕਹਿੰਦੇ ਨੇ।
ਸਿੱਖਾਂ ਅਤੇ ਮੁਸਲਮਾਨਾਂ ਦੀ ਪੀਡੀ ਸਾਂਝ ਦੀਆਂ ਹੋਰ ਵੀ ਕਈ ਮਿਸਾਲਾਂ ਤਵਾਰੀਖ (ਇਤਿਹਾਸ) ਵਿਚ ਸੰਭਾਲੀਆਂ ਪਈਆਂ ਨੇ। ਰੱਬ ਸੱਚਾ ਕਰੇ, ਸਿੱਖ ਮੁਸਲਮਾਨਾਂ ਦੀ ਇਹ ਭਾਈਚਾਰਕ ਸਾਂਝ ਰਹਿੰਦੀ ਦੁਨੀਆਂ ਤੱਕ ਬਣੀ ਰਹੇ ਅਤੇ ਗੁਰੂਆਂ ਦਾ ਕਲਾਮ (ਗੁਰਬਾਣੀ) ਸਾਡਾ ਰਾਹ ਰੁਸ਼ਨਾਉਂਦੀ ਰਹੇ:
ਸੱਭੇ ਸਾਂਝੀਵਾਲ ਸਦਾਇਨ
ਕੋਇ ਨਾ ਦੀਸੈ ਬਾਹਰਾ ਜੀA
ਮਹਾਰਾਜਾ ਰਣਜੀਤ ਸਿੰਘ ਅਤੇ ਮੁਸਲਮਾਨ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੂਰ-ਅੰਦੇਸ਼ੀ ਦਾ ਧਾਰਨੀ ਤੇ ਹਰ ਮਜ਼ਹਬ ਨੂੰ ਤਰਜੀਹ ਦੇਣ ਵਾਲਾ ਦਾਰਸ਼ਨਿਕ ਪੈਦਾ ਹੋਇਆ ਹੈ ਜਿਸ ਨੇ ਤੀਖਣ ਬੁੱਧੀ ਤੇ ਯੁੱਧ ਕਲਾ ਵਿਚ ਨਿਪੁੰਨਤਾ ਹਾਸਲ ਕਰ ਕੇ ਜੰਗਾਂ ਜਿੱਤੀਆਂ ਅਤੇ ਆਪਣੇ ਸਮੇਂ ਅੰਦਰ ਖਾਲਸਈ ਰਾਜ ਭਾਗ ਨੂੰ ਲਗਾਤਾਰ ਅਗਾਂਹ ਵਧਾਇਆ। ਮਜ਼ਹਬੀ ਨਫਰਤ ਦਾ ਦੌਰ ਭਾਵੇਂ ਆਦਿ ਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਚਲ ਰਿਹਾ ਏ, ਪਰ ਸਿੱਖ ਜਰਨੈਲ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਸਮੇਂ ਸਾਰੇ ਮਜ਼ਹਬਾਂ ਨੂੰ ਇਕਸਾਰ ਸਨਮਾਨ, ਪਿਆਰ ਦੇਣ, ਆਪਣੇ ਖਾਲਸਈ ਰਾਜ ਵਿਚ ਉਚ ਅਹੁਦਿਆਂ ‘ਤੇ ਤਾਇਨਾਤ ਕਰਨ ਅਤੇ ਅਹਿਮ ਫੌਜੀ ਤੇ ਰਾਜਸੀ ਜ਼ਿੰਮੇਵਾਰੀਆਂ ਸੌਂਪਣ ਦੀ ਵਜ੍ਹਾ ਕਰ ਕੇ ਖਾਲਸਾ ਰਾਜ ਵੱਖ ਵੱਖ ਮਜ਼ਹਬਾਂ ਦਾ ਸਾਂਝਾ ਗੁਲਦਸਤਾ ਜਗਤ ਪ੍ਰਸਿਧ ਹੋਇਆ।
ਦਿੱਲੀ ਤੋਂ ਲੈ ਕੇ ਕਾਬਲ ਕੰਧਾਰ ਤੱਕ ਵਿਸ਼ਾਲ ਸਿੱਖ ਰਾਜ ਕਾਇਮ ਕਰਨ ਲਈ ਹੋਈਆਂ ਜੰਗਾਂ ਵਿਚ ਜਿਥੇ ਸਰਦਾਰ ਹਰੀ ਸਿੰਘ ਨਲੂਆ ਜਿਹੇ ਸਿੱਖ ਜਰਨੈਲਾਂ ਨੇ ਕਾਰਨਾਮੇ ਕਰ ਵਿਖਾਏ ਤੇ ਜੰਗੀ ਸ਼ਕਤੀ ਦੀ ਧਾਂਕ ਜਮਾਈ, ਉਥੇ ਇਸ ਸਿੱਖ ਰਾਜ ਦੀ ਕਾਇਮੀ ਤੇ ਸਲਾਮਤੀ ਵਿਚ ਮੁਸਲਮਾਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਮੁਸਲਮਾਨਾਂ ਨਾਲ ਸਨੇਹ ਤੇ ਸਬੰਧਾਂ ਬਾਰੇ ਅਜੇ ਤੱਕ ਬਹੁਤਾ ਕੁਝ ਜੱਗ ਜ਼ਾਹਿਰ ਨਹੀਂ ਹੋ ਸਕਿਆ। ਸੰਨ 1839 ਵਿਚ ਉਨ੍ਹਾਂ ਦੀ ਮੌਤ ਮਗਰੋਂ ਸ਼ੈਤਾਨ ਡੋਗਰਿਆਂ ਦੀਆਂ ਸਿੱਖ ਰਾਜ ਵਿਰੋਧੀ ਨੀਤੀਆਂ ਕਾਰਨ ਸਾਰੇ ਦਾ ਸਾਰਾ ਖਾਲਸਾ ਰਾਜ ਖੇਰੂੰ ਖੇਰੂੰ ਹੋ ਗਿਆ ਜਿਸ ਕਰ ਕੇ ਮਹਾਰਾਜੇ ਦੇ ਪਰਿਵਾਰ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਕਦੇ ਵੀ ਹਾਰ ਦਾ ਮੂੰਹ ਨਾ ਵੇਖਣ ਵਾਲੀ ਬਹਾਦਰ ਸਿੱਖ ਫੌਜ ਦੀ ਸਭਰਾਵਾਂ ਦੀ ਆਖਰੀ ਜੰਗ ਵਿਚ ਹਾਰ ਹੋਣ ਤੋਂ ਬਾਅਦ ਸਾਜ਼ਿਸ਼ੀ ਨੀਤੀ ਤਹਿਤ ਅੰਗਰੇਜ਼ ਹਾਕਮ ਪੂਰੇ ਭਾਰਤ ਸਮੇਤ ਪੰਜਾਬ ਉਤੇ ਕਾਬਜ਼ ਹੋ ਗਏ।
ਕਰੀਬ ਪੂਰੀ ਸਦੀ ਲੰਮੀ ਜਦੋਜਹਿਦ ਮਗਰੋਂ ਆਜ਼ਾਦੀ ਦੀ ਪ੍ਰਾਪਤੀ ਸਮੇਂ 1947 ਦੀ ਚੰਦਰੀ ਭਾਰਤ ਪਾਕਿਸਤਾਨ ਵੰਡ ਦੇ ਨਾਲ ਹੀ ਘੁੱਗ ਵਸਦਾ ਪੰਜਾਬ ਤੇ ਪੰਜਾਬੀ ਭਾਰਤੀ ਪੰਜਾਬ ਅਤੇ ਲਹਿੰਦੇ ਪਾਕਿਸਤਾਨੀ ਪੰਜਾਬ ਵਿਚ ਵੰਡੇ ਗਏ। ਸ਼ੇਰ-ਏ-ਪੰਜਾਬ ਦੇ ਸੁਫਨਿਆਂ ਦਾ ਪੰਜਾਬ ਦੋਫਾੜ ਹੋਣ ਦੇ ਨਾਲ ਨਾਲ ਇਧਰਲੇ (ਪਾਕਿਸਤਾਨ) ਤੇ ਉਧਰਲੇ (ਭਾਰਤੀ) ਪੰਜਾਬ ਦੀਆਂ ਹਕੂਮਤੀ ਨੀਤੀਆਂ ਨੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਹੋਰ ਬੌਣਾ (ਛੋਟਾ) ਕਰ ਛਡਿਆ। ਲਹਿੰਦੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਵੀ ਦੱਸਿਆ ਜਾਂ ਪੜ੍ਹਾਇਆ ਨਹੀਂ ਜਾ ਰਿਹਾ ਅਤੇ ਚੜ੍ਹਦੇ ਪੰਜਾਬ ਵਿਚ ਮਹਾਰਾਜੇ ਦੇ ਰਾਜ ਭਾਗ ਵਿਚ ਮੁਸਲਮਾਨਾਂ ਦੀ ਅਹਿਮ ਭੂਮਿਕਾ ਨੂੰ ਭੁਲਾਇਆ ਜਾ ਰਿਹਾ ਹੈ। ਇਹੋ ਹਾਲ ਸਾਡੀ ਸਭ ਦੀ ਸਾਂਝੀ ਮਾਂ ਬੋਲੀ ਪੰਜਾਬੀ ਦਾ ਹੋਇਆ ਹੈ। ਇਹ ਵੀ ਸਾਡੇ ਪਾਸੇ ਲਿਖਣ ਵਿਚ ਸ਼ਾਹਮੁਖੀ ਅਤੇ ਭਾਰਤੀ ਪੰਜਾਬ ਅੰਦਰ ਗੁਰਮੁਖੀ ਵਿਚ ਵੰਡੀ ਗਈ ਹੈ।
ਮਹਾਰਾਜਾ ਰਣਜੀਤ ਸਿੰਘ ਨੇ ਕਰੀਬ 19 ਸਾਲ ਦੀ ਚੜ੍ਹਦੀ ਉਮਰੇ ਰਾਜ ਪ੍ਰਾਪਤੀ ਦੇ ਸ਼ੁਰੂ ਸ਼ੁਰੂ ਵਿਚ ਜਿਸਮਾਨੀ ਤਾਕਤਵਾਰ ਫੌਜ ਅਤੇ ਯੁੱਧ ਕਲਾ ਦੀ ਤਕਨੀਕ ਨਾਲ ਗੁਜਰਾਂਵਾਲਾ ਤੱਕ ਆਪਣਾ ਰਾਜ ਭਾਗ ਕਾਇਮ ਕਰ ਲਿਆ ਸੀ। ਲਾਹੌਰ ਅਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਉਪਰ ਕਾਬਜ਼ ਹੋਣ ਤਂੋ ਬਿਨਾਂ ਸਮੁੱਚੇ ਪੰਜਾਬ ਵਿਚ ਸਿੱਖ ਫੌਜਾਂ ਦਾ ਰਾਜ ਕਾਇਮ ਕਰ ਸਕਣਾ ਅਸੰਭਵ ਸੀ, ਲਾਹੌਰ ਨੂੰ ਕਬਜ਼ੇ ਵਿਚ ਲੈਣ ਬਾਅਦ ਹੀ ਸਿੱਖ ਫੌਜਾਂ ਹੋਰ ਅੱਗੇ ਵਧ ਸਕਦੀਆ ਸਨ। ਇਸ ਲਈ ਸਮੇਂ ਸਮੇਂ ਵੱਡੇ ਵੱਡੇ ਮੁਗਲ ਰਾਜਿਆਂ ਦੀ ਸਲਤਨਤ ਵਿਚ ਅਹਿਮ ਸਥਾਨ ਰੱਖਣ ਵਾਲੇ ਲਾਹੌਰ ਦੇ ਸ਼ਾਹੀ ਕਿਲ੍ਹੇ ਉਤੇ ਕਬਜ਼ਾ ਕਰਵਾਉਣ ਵਿਚ ਕੇਵਲ ਤੇ ਕੇਵਲ ਮੁਸਲਮਾਨਾਂ ਦਾ ਹੀ ਅਹਿਮ ਯੋਗਦਾਨ ਸੀ। ਲਾਹੌਰ ਕਬਜ਼ੇ ਹੇਠ ਆਉਣ ਨਾਲ ਸਿੱਖ ਫੌਜ ਦਾ ਰਾਜ ਹੋਰ ਮਜ਼ਬੂਤ ਹੋ ਜਾਣਾ ਸੀ।
ਉਸ ਵਕਤ ਲਾਹੌਰ ਉਤੇ ਤਿੰਨ ਤੇਜ਼-ਤਰਾਰ ਸਿੱਖ- ਲਹਿਣਾ ਸਿੰਘ, ਗੁਜਰ ਸਿੰਘ ਤੇ ਸੋਭਾ ਸਿੰਘ, ਕਾਬਜ਼ ਸਨ ਜੋ ਬੜੇ ਅੱਯਾਸ਼, ਜ਼ਾਲਮ ਤੇ ਨਿਰਦਈ ਸਨ। ਉਹ ਸ਼ਰਾਬ ਪੀਂਦੇ ਅਤੇ ਲੋਕਾਂ ਨਾਲ ਵਧੀਕੀਆਂ ਕਰਦੇ। ਉਨ੍ਹਾਂ ਲਾਹੌਰ ਵਾਸੀਆਂ ਨੂੰ ਆਰਥਿਕ ਤੌਰ ‘ਤੇ ਵੀ ਡਾਢਾ ਪ੍ਰੇਸ਼ਾਨ ਕੀਤਾ ਹੋਇਆ ਸੀ। ਉਹ ਭੋਲੀ ਭਾਲੀ ਜਨਤਾ ਤੋਂ ਸ਼ਾਦੀ ਟੈਕਸ, ਚੁੱਲ੍ਹਾ ਟੈਕਸ, ਸ਼ਹਿਰ ਵਿਚ ਹਰ ਬੱਚਾ ਪੈਦਾ ਹੋਣ ‘ਤੇ ਮਾਪਿਆਂ ਤੋਂ ਟੈਕਸ, 500 ਰੁਪਏ ਤੋਂ ਵੱਧ ਵਿਕਰੀ ਹੋਣ ‘ਤੇ ਵਪਾਰੀਆਂ ਤੋਂ ਟੈਕਸ ਸਮੇਤ ਹੋਰ ਛੋਟੇ ਛੋਟੇ 17 ਤਰ੍ਹਾਂ ਦੇ ਟੈਕਸਾਂ ਦੀ ਉਗਰਾਹੀ ਕਰਦੇ ਸਨ। ਇਸ ਸਭ ਕਾਸੇ ਤੋਂ ਪ੍ਰੇਸ਼ਾਨ ਹੋਏ ਲੋਕ ਲਾਹੌਰ ਛੱਡ ਕੇ ਹੋਰ ਥਾਂ ਜਾਣ ਲੱਗ ਪਏ ਤਾਂ ਉਨ੍ਹਾਂ ਲਾਹੌਰ ਦੇ 10 ਮੁੱਖ ਦਰਵਾਜ਼ੇ ਬੰਦ ਕਰਨ ਦਾ ਹੁਕਮ ਚਾੜ੍ਹ ਦਿੱਤਾ। ਕੇਵਲ ਦੋ- ਦਿੱਲੀ ਦਰਵਾਜ਼ਾ ਤੇ ਲਾਹੌਰੀ ਦਰਵਾਜ਼ਾ, ਹੀ ਖੁੱਲ੍ਹੇ ਰੱਖੇ ਜਿਨ੍ਹਾਂ ਰਾਹੀਂ ਜਿਹੜਾ ਵੀ ਬੰਦਾ ਸ਼ਹਿਰ ਛੱਡ ਕੇ ਜਾਂਦਾ, ਉਸ ਤੋਂ ਜਬਰੀ ਰਕਮ ਵਸੂਲੀ ਜਾਂਦੀ। ਉਦੋਂ ਲਾਹੌਰ ਵਿਚ ਜ਼ਿਆਦਾ ਵਸੋਂ ਮੁਸਲਮਾਨਾਂ ਦੀ ਸੀ।
ਉਸ ਸਮੇਂ ਲਾਹੌਰ ਵਿਚ ਮੁਸਲਮਾਨਾਂ ਦੇ ਤਿੰਨ ਆਗੂ ਸਨ- ਮੀਆਂ ਮੁਹੰਮਦ ਆਸ਼ਿਕ, ਮੀਆਂ ਮੋਹਕਮਦੀਨ ਤੇ ਮੀਆਂ ਬਦਰੂਦੀਨ। ਹੋਇਆ ਇਹ ਕਿ ਮੀਆਂ ਮੁਹੰਮਦ ਆਸ਼ਿਕ ਦੀ ਧੀ ਦੀ ਸ਼ਾਦੀ ਮੀਆਂ ਬਦਰੂਦੀਨ ਦੇ ਬੇਟੇ ਨਾਲ ਹੋ ਗਈ। ਸ਼ਾਦੀ ਤੋਂ ਛੇਤੀ ਬਾਅਦ ਕਿਸੇ ਵਜ੍ਹਾ ਕਰ ਕੇ ਉਸ ਦੇ ਲੜਕੇ ਦਾ ਝਗੜਾ ਲਾਹੌਰ ਵਾਸੀ ਕਿਸੇ ਖੱਤਰੀ ਮੁੰਡੇ ਨਾਲ ਹੋ ਗਿਆ। ਇਸ ਮਸਲੇ ਨੂੰ ਲੈ ਕੇ ਖੱਤਰੀ ਗੁੱਸੇ ਵਿਚ ਆ ਗਏ ਤੇ ਸਿੱਖਾਂ ਦੀ ਹਕੂਮਤ ਹੋਣ ਕਰ ਕੇ ਆਪਣਾ ਰੋਹਬ ਜਮਾਉਣ ਲਈ ਉਨ੍ਹਾਂ ਲਹਿਣਾ ਸਿੰਘ ਦੇ ਬੇਟੇ ਚੇਤ ਸਿੰਘ ਕੋਲ ਝੂਠ ਦਾ ਪੁਲੰਦਾ ਬੰਨ੍ਹਦਿਆਂ ਚੌਧਰੀ ਬਦਰੂਦੀਨ ਦੇ ਮੁੰਡੇ ਖਿਲਾਫ ਭੜਕਾਇਆ। ਉਸ ਸਮੇਂ ਲਾਹੌਰ ‘ਤੇ ਕਾਬਜ਼ ਲਹਿਣਾ ਸਿੰਘ ਦੇ ਪੁੱਤਰ ਚੇਤ ਸਿੰਘ, ਗੁਜਰ ਸਿੰਘ ਦੇ ਪੁੱਤਰਾਂ ਸਾਹਿਬ ਸਿੰਘ, ਸੁੱਖਾ ਸਿੰਘ ਤੇ ਫਤਿਹ ਸਿੰਘ ਅਤੇ ਸੋਭਾ ਸਿੰਘ ਦੇ ਪੁੱਤਰ ਮੋਹਰ ਸਿੰਘ ਦੀ ਹਕੂਮਤ ਸੀ। ਖੱਤਰੀਆਂ ਨੇ ਚੇਤ ਸਿੰਘ ਅਤੇ ਹੋਰਾਂ ਨੂੰ ਭੜਕਾਇਆ ਕਿ ਚੌਧਰੀ ਮੀਆਂ ਬਦਰੂਦੀਨ ਨੇ ਹਕੂਮਤ ਖਿਲਾਫ ਕਾਬੁਲ ਦੇ ਹੁਕਮਰਾਨ ਪਠਾਣਾਂ ਨਾਲ ਅੰਦਰੋ-ਅੰਦਰ ਰਾਬਤਾ ਰੱਖਿਆ ਹੋਇਆ ਹੈ ਅਤੇ ਉਹ ਤੁਹਾਡੇ ਖਿਲਾਫ ਪਠਾਣਾਂ ਨਾਲ ਚਿੱਠੀ-ਪੱਤਰ ਵੀ ਕਰਦਾ ਏ। ਬਦਰੂਦੀਨ ਹੀ ਤੁਹਾਡੀ ਹਰ ਸੂਹ ਉਨ੍ਹਾਂ ਨੂੰ ਭੇਜਦਾ ਏ। ਉਸ ਵਕਤ ਚੇਤ ਸਿੰਘ ਇਕੱਲਾ ਸ਼ਾਹੀ ਕਿਲ੍ਹੇ ਦੇ ਸ਼ੀਸ਼ ਮਹਿਲ ਦੇ ਬਣੇ ਸੁੰਮਨ ਬੁਰਜ ‘ਚ ਬੈਠਾ ਹੋਇਆ ਸੀ। ਸਾਜ਼ਿਸ਼ ਤਹਿਤ ਖੱਤਰੀਆਂ ਵਲੋਂ ਲਗਾਏ ਇਲਜ਼ਾਮਾਂ ਤੇ ਉਨ੍ਹਾਂ ਦੀ ਚਲਾਕੀ ਨੂੰ ਉਹ ਸਮਝ ਨਹੀਂ ਸਕਿਆ। ਉਸ ਨੇ ਚੌਧਰੀ ਮੀਆਂ ਬਦਰੂਦੀਨ ਨੂੰ ਬੁਲਾ ਕੇ ਸੱਚ ਨਿਤਾਰਨ ਦੀ ਬਜਾਏ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਚੌਧਰੀ ਬਦਰੂਦੀਨ ਨੂੰ ਤੁਰੰਤ ਕਾਬੂ ਕਰ ਕੇ ਜੇਲ੍ਹ ਸੁਟਿਆ ਜਾਵੇ। ਬਦਰੂਦੀਨ ਦੇ ਪੁੱਤਰ ਦੀ ਅਜੇ ਨਵੀਂ ਨਵੀਂ ਸ਼ਾਦੀ ਹੋਈ ਸੀ, ਦੂਜਾ ਉਹ ਆਪਣੇ ਪਿਉ ਨਾਲ ਹੋਈ ਬੇਵਜ੍ਹਾ ਵਧੀਕੀ ਤੋਂ ਡਾਢਾ ਪ੍ਰੇਸ਼ਾਨ ਹੋਇਆ। ਉਹ ਦੋ ਹੋਰ ਮੁਸਲਮਾਨ ਮੋਹਤਬਰਾਂ ਚੌਧਰੀ ਕੱਕਾ ਤੇ ਚੌਧਰੀ ਅਸ਼ਰਫ ਖਾਨ ਨੂੰ ਲੈ ਕੇ ਚੇਤ ਸਿੰਘ ਅੱਗੇ ਜਾ ਪੇਸ਼ ਹੋਇਆ। ਚੇਤ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ, ਉਸ ਨੇ ਅਰਜ਼ ਸੁਣਨ ਦੀ ਬਜਾਏ ਅਵਾ-ਤਵਾ ਬੋਲਿਆ ਅਤੇ ਇਨਸਾਫ ਦੇਣ ਦੀ ਥਾਂ ਜਬਰੀ ਬਾਹਰ ਕੱਢ ਦਿੱਤਾ। ਲਾਹੌਰ ਦੇ ਮੁਸਲਮਾਨ ਚੌਧਰੀ ਕਰੀਬ ਮਹੀਨਾ ਭਰ ਮੀਆਂ ਬਦਰੂਦੀਨ ਨੂੰ ਬੇਕਸੂਰ ਸਾਬਤ ਕਰਨ ਤੇ ਜੇਲ ਤੋਂ ਬਾਹਰ ਕਢਵਾਉਣ ਲਈ ਚਾਰਾਜੋਈ ਕਰਦੇ ਰਹੇ।
ਉਧਰ ਮੁਸਲਮਾਨ ਹੀ ਨਹੀਂ, ਸਗੋਂ ਲਾਹੌਰ ਵਾਸੀ ਹੋਰ ਸਿੱਖ ਤੇ ਹਿੰਦੂ ਪਰਿਵਾਰ ਵੀ ਚੇਤ ਸਿੰਘ, ਲਹਿਣਾ ਸਿੰਘ ਅਤੇ ਮੋਹਰ ਸਿੰਘ ਦੀ ਹਕੂਮਤ ਤੋਂ ਖਫਾ ਸਨ। ਇਨ੍ਹਾਂ ਸਾਰੇ ਮੋਹਤਬਰਾਂ ਨੇ ਸੁਲ੍ਹਾ ਕਰ ਕੇ ਗੁਜਰਾਂਵਾਲ ਦੇ ਸ਼ਾਸਕ ਸ਼ੁਕਰਚਕੀਆ ਮਿਸਲ ਦੇ ਨੌਜਵਾਨ ਆਗੂ ਰਣਜੀਤ ਸਿੰਘ ਨੂੰ ਖਤ ਲਿਖਿਆ ਜਿਸ ਉਤੇ ਮੀਆਂ ਮੁਹੰਮਦ ਆਸ਼ਿਕ, ਚੌਧਰੀ ਮੋਹਕਮਦੀਨ ਮੁਹੰਮਦ ਤਾਹਿਰ, ਮੁਫਤੀ ਮੁਹੰਮਦ, ਮੁਹੰਮਦ ਬਜੀਰ, ਮੁਕੱਰਮ ਮੀਰ ਸਾਦੀ, ਹਿੰਦੂ ਹਕੀਮ ਰਾਏ ਤੇ ਸਿੱਖ ਗੁਰਬਖਸ਼ ਸਿੰਘ ਆਦਿ ਨੇ ਦਸਤਖਤ ਕੀਤੇ। ਖਤ ਵਿਚ ਉਨ੍ਹਾਂ ਲਿਖਿਆ ਕਿ ਲਾਹੌਰ ਦੇ ਹਾਕਮ ਚੇਤ ਸਿੰਘ, ਮੋਹਰ ਸਿੰਘ ਤੇ ਸਾਹਿਬ ਸਿੰਘ ਅੱਯਾਸ਼ ਨੇ, ਜ਼ੁਲਮ ਕਰਦੇ ਨੇ, ਇਨ੍ਹਾਂ ਦੀ ਹਕੂਮਤ ਤੋਂ ਸਾਰੇ ਦੁਖੀ ਹਨ। ਨਾਲੇ ਦੱਸ ਦਿੱਤਾ ਕਿ ਇਨ੍ਹਾਂ ਕੋਲ ਬਹੁਤੀ ਤੇਜ਼-ਤਰਾਰ ਤੇ ਜੰਗੀ ਫੌਜ ਨਾਂ-ਮਾਤਰ ਹੀ ਏ। ਇਨ੍ਹਾਂ ਲਾਹੌਰ ਵਾਸੀਆਂ ਨੇ ਇਸੇ ਤਰ੍ਹਾਂ ਦਾ ਇਕ ਹੋਰ ਖਤ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੂੰ ਵੀ ਭਿਜਵਾ ਦਿੱਤਾ।
ਲਾਹੌਰ ਨੂੰ ਕਬਜ਼ੇ ਵਿਚ ਲੈਣ ਦੀ ਦਾਅਵਤ ਵਾਲਾ ਖਤ ਜਦੋਂ ਰਣਜੀਤ ਸਿੰਘ ਨੂੰ ਮਿਲਿਆ, ਉਸ ਵਕਤ ਉਹ ਗੁਜਰਾਂਵਾਲੇ ਨੇੜਲੇ ਪਿੰਡ ਰਸੂਲ ਨਗਰ ਠਹਿਰਿਆ ਹੋਇਆ ਸੀ (ਇਸੇ ਰਸੂਲ ਨਗਰ ਦਾ ਨਾਮ ਸਿੱਖਾਂ ਨੇ ਬਦਲ ਕੇ ਰਾਮਗੜ੍ਹ ਰੱਖ ਦਿੱਤਾ ਸੀ)। ਖਤ ਪੜ੍ਹ ਕੇ ਉਹ ਖੁਸ਼ ਹੋਇਆ ਅਤੇ ਆਈ ਸਾਰੀ ਸੂਚਨਾ ਬਾਰੇ ਜਾਨਣ ਅਤੇ ਹੋਰ ਸਭ ਹਾਲਾਤ ਦੇ ਥਹੁ-ਪਤੇ ਲਈ ਆਪਣੇ ਨੁਮਾਇਦੇ ਕਾਜ਼ੀ ਅਬਦੁਲ ਰਹਿਮਾਨ ਨੂੰ ਖਤ ਦੇ ਕੇ ਲਾਹੌਰ ਭੇਜਿਆ ਅਤੇ ਤਾਕੀਦ ਕੀਤੀ ਕਿ ਲਾਹੌਰ ਜਾ ਕੇ ਚੌਧਰੀ ਮੀਆਂ ਮੁਹੰਮਦ ਆਸ਼ਿਕ, ਚੌਧਰੀ ਮੀਆਂ ਮੋਹਕਮਦੀਨ ਸਮੇਤ ਹੋਰ ਮੋਹਤਬਰਾਂ ਨੂੰ ਖੁਦ ਮਿਲ ਕੇ ਸਾਰੀ ਜਾਣਕਾਰੀ ਲੈ ਕੇ ਆਵੇ। ਲਾਹੌਰ ਪੁਜਦੇ ਹੀ ਕਾਜ਼ੀ ਅਬਦੁਲ ਰਹਿਮਾਨ ਨੇ ਮੁਸਲਮਾਨ ਚੌਧਰੀਆਂ ਨਾਲ ਗੁਪਤ ਮੀਟਿੰਗਾਂ ਕੀਤੀਆਂ।
ਆਖਿਰ ਤੈਅ ਹੋਇਆ ਕਿ ਜਿਉਂ ਹੀ ਮਹਾਰਾਜਾ ਫੌਜ ਲੈ ਕੇ ਹਮਲਾ ਕਰਨ, ਫੌਜ ਦੀ ਸਹੂਲਤ ਲਈ ਲਾਹੌਰ ਦੇ ਮੁਸਲਮਾਨ ਸ਼ਹਿਰ ਦੀ ਕਿਲ੍ਹਾਬੰਦੀ ਦਾ ਇਕ ਦਰਵਾਜ਼ਾ ਹਿੰਮਤ ਕਰ ਕੇ ਖੋਲ੍ਹ ਦੇਣਗੇ। ਸਾਰੀ ਗੁਪਤ ਸੂਚਨਾ ਪ੍ਰਾਪਤ ਹੋਣ ‘ਤੇ ਮਹਾਰਾਜਾ ਰਣਜੀਤ ਸਿੰਘ ਰਸੂਲ ਨਗਰ ਤੋਂ ਸਿੱਧਾ ਆਪਣੀ ਦਲੇਰ ਤੇ ਸਿਆਸੀ ਸੂਝਵਾਨ ਸੱਸ ਸਦਾ ਕੌਰ ਕੋਲ ਬਟਾਲਾ ਪੁੱਜਿਆ। ਸਾਰੇ ਹਾਲਾਤ ਬਾਰੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਾਹੌਰ ਉਤੇ ਹਮਲੇ ਸਬੰਧੀ ਵਿਉਂਤਬੰਧੀ ਤੈਅ ਕਰ ਕੇ ਮਹਾਰਾਜਾ ਤੇ ਉਨ੍ਹਾਂ ਦੀ ਸੱਸ ਸਦਾ ਕੌਰ ਫੌਜ ਸਮੇਤ ਅੰਮ੍ਰਿਤਸਰ ਚੱਲ ਪਏ। ਗੁਪਤ ਰੂਪ ਵਿਚ ਲਾਹੌਰ ਉਤੇ ਕਬਜ਼ਾ ਕਰਨ ਜਾ ਰਹੀ ਇਸ ਫੌਜ ਵਿਚ ਮਹਾਰਾਜੇ ਨਾਲ ਅੰਮ੍ਰਿਤਸਰ ਤੋਂ ਅੱਗੇ ਹੋਰ ਰਲਦੇ ਗਏ ਅਤੇ ਕਰੀਬ ਪੰਜ ਹਜ਼ਾਰ ਦੀ ਨਫਰੀ ਵਿਚ ਇਸ ਸ਼ਾਹੀ ਫੌਜ ਨੇ ਲਾਹੌਰ ਦੀ ਬਾਰਾਂਦਰੀ ਵਜ਼ੀਰ ਖਾਂ ਵਿਖੇ ਆਣ ਡੇਰਾ ਲਾਇਆ। ਇਹ ਅਨਾਰਕਲੀ ਬਾਜ਼ਾਰ ਦੇ ਐਨ ਲਾਗੇ ਹੈ। ਅੱਜ ਕੱਲ੍ਹ ਇਸ ਥਾਂ ਪੰਜਾਬ ਪਬਲਿਕ ਲਾਇਬਰੇਰੀ ਬਣੀ ਹੋਈ ਹੈ। ਇਹ ਦੋਵੇਂ ਥਾਵਾਂ ਉਸ ਵਕਤ ਲਾਹੌਰ ਤੋਂ ਬਾਹਰਵਾਰ ਸਨ।
ਪਤਾ ਲੱਗਣ ‘ਤੇ ਲਾਹੌਰ ਦੇ ਹਾਕਮਾਂ ਨੇ ਵੀ ਮਹਾਰਾਜੇ ਦੀ ਫੌਜ ਨਾਲ ਮੁਕਾਬਲੇ ਦੀ ਤਿਆਰੀ ਕਰ ਲਈ। ਉਨਾਂ ਸ਼ਾਹੀ ਕਿਲ੍ਹੇ ਤੱਕ ਪੁੱਜਣ ਲਈ ਸ਼ਹਿਰ ਦੇ ਮੁੱਖ ਵੱਡ-ਅਕਾਰੀ ਲਾਹੌਰੀ ਦਰਵਾਜ਼ਾ ਅਤੇ ਰੁਸ਼ਨਾਈ ਦਰਵਾਜ਼ਿਆਂ ਨੂੰ ਤੁਰੰਤ ਤਾਲੇ ਲਗਵਾ ਦਿੱਤੇ। ਉਧਰ ਚੌਧਰੀ ਮੀਆਂ ਮੁਹੰਮਦ ਆਸ਼ਿਕ ਤੇ ਚੌਧਰੀ ਮੀਆਂ ਮੋਹਕਮਦੀਨ ਨੇ ਅੰਦਰੋਂ ਸੁਨੇਹਾ ਭੇਜਿਆ ਕਿ ਉਨ੍ਹਾਂ ਹਿੰਮਤ ਕਰ ਕੇ ਸ਼ਹਿਰ ਦੇ ਹਿਜਰੀ ਤੇ ਯੱਕੀ ਦਰਵਾਜ਼ਿਆਂ ਦੀ ਵਿਚਕਾਰਲੀ ਕੰਧ ਪਾੜ ਕੇ ਰਾਹ ਬਣਾ ਦਿਤਾ ਹੈ।
ਮਹਾਰਾਜੇ ਨੂੰ ਖਦਸ਼ਾ ਸੀ ਕਿ ਕਿਤੇ ਅਜਿਹਾ ਨਾ ਹੋ ਜਾਏ ਕਿ ਸਿੱਖ ਫੌਜ ਅੰਦਰ ਵੜੇ ਤੇ ਨੁਕਸਾਨ ਜਾਂ ਕੋਈ ਹੋਰ ਧੋਖਾ ਹੋ ਜਾਏ। ਉਧਰ ਲਾਹੌਰ ਦੇ ਹਾਕਮਾਂ ਚੇਤ ਸਿੰਘ, ਲਹਿਣਾ ਸਿੰਘ ਅਤੇ ਮੋਹਰ ਸਿੰਘ ਨੇ ਆਪਣੇ 200 ਬੰਦਿਆਂ ਦਾ ਗਰੁਪ ਬਾਹਰ ਮਹਾਰਾਜੇ ਦੀ ਫੌਜ ਨਾਲ ਲੜਨ ਲਈ ਭੇਜਿਆ। ਇਹ ਸਾਰੀ ਘਟਨਾ 1799 ਦੀ ਹੈ। ਮਹਾਰਾਜੇ ਦੇ ਪਹਿਲਾਂ ਹੀ ਤਿਆਰ-ਬਰ-ਤਿਆਰ ਫੌਜੀਆਂ ਨੇ ਉਨ੍ਹਾਂ ਦਾ ਸਾਹਮਣਾ ਕਰਦੇ ਹੋਏ ਪੰਜ ਬੰਦੇ ਮਾਰ ਦਿੱਤੇ ਤੇ ਬਾਕੀ ਭੱਜ ਕੇ ਕਿਲ੍ਹੇ ਅੰਦਰ ਆਣ ਵੜੇ। ਮੁਸਲਮਾਨ ਚੌਧਰੀਆਂ ਨੇ ਮਹਾਰਾਜੇ ਤੱਕ ਫਿਰ ਗੁਪਤ ਸੁਨੇਹਾ ਭੇਜ ਕੇ ਤੈਅ ਸਮੇਂ ਮੁਤਾਬਿਕ ਸਵੇਰੇ 8 ਵਜੇ ਲਾਹੌਰੀ ਦਰਵਾਜ਼ਾ ਖੋਲ੍ਹ ਦਿੱਤਾ। ਫੌਜ ਦੇ ਅੰਦਰ ਵੜਨ ਦੀ ਸੂਹ ਲਾਹੌਰ ਦੇ ਹਾਕਮਾਂ ਨੂੰ ਲੱਗਣ ਤਂੋ ਪਹਿਲਾਂ ਪਹਿਲਾਂ ਮੁਸਲਮਾਨ ਚੌਧਰੀਆਂ ਨੇ ਵਿਉਂਤ ਗੁੰਦ ਕੇ ਲਾਹੌਰ ਦੇ ਕਾਬਜ਼ ਮੁਖੀ ਚੇਤ ਸਿੰਘ ਨੂੰ ਖਬਰ ਦੇ ਦਿੱਤੀ ਕਿ ਮਹਾਰਾਜੇ ਦੀ ਫੌਜ ਬੰਦ ਪਏ ਦਿੱਲੀ ਦਰਵਾਜ਼ੇ ਨੂੰ ਤੋੜ ਕੇ ਅੰਦਰ ਲੰਘ ਆਈ ਏ। ਇਹ ਦਿੱਲੀ ਦਰਵਾਜ਼ਾ ਸ਼ਹਿਰ ਦੇ ਐਨ ਦੂਸਰੇ ਪਾਸੇ ਅਤੇ ਦੂਰ ਵੀ ਸੀ। ਮੁਸਲਮਾਨ ਚੌਧਰੀਆਂ ਵਲੋਂ ਹਾਕਮ ਚੇਤ ਸਿੰਘ ਨਾਲ ਖੇਡੀ ਇਸ ਚਾਲ ਨਾਲ ਜਿਥੇ ਉਹ ਦਿੱਲੀ ਦਰਵਾਜ਼ੇ ਵੱਲ ਆਪਣੇ 500 ਘੋੜ ਸਵਾਰਾਂ ਨਾਲ ਮਹਾਰਾਜੇ ਦੀ ਫੌਜ ਨੂੰ ਰੋਕਣ ਲਈ ਤੁਰ ਗਿਆ। ਉਧਰ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਫੌਜੀ ਸਹਿਜੇ ਹੀ ਅੰਦਰ ਆਣ ਵੜੇ। ਮਹਾਰਾਜੇ ਦੇ ਫੌਜੀਆਂ ਨੇ ਲਾਹੌਰ ਦੇ ਹੋਰ ਪ੍ਰਵੇਸ਼ ਦਰਵਾਜ਼ੇ ਵੀ ਤੋੜ ਦਿੱਤੇ।
ਆਪਣੇ ਆਪ ਨੂੰ ਖਤਰੇ ਵਿਚ ਅਤੇ ਚੁਫੇਰਿਉਂ ਘਿਰਿਆ ਵੇਖ ਚੇਤ ਸਿੰਘ ਕਿਲ੍ਹੇ ਦੇ ਅੰਦਰ ਬਣੇ ਇਕ ਹੋਰ ਮਜ਼ਬੂਤ ਕਿਲ੍ਹਾਨੁਮਾ ਇਮਾਰਤ ਅੰਦਰ ਬਾਕੀ ਪਰਿਵਾਰ ਸਮੇਤ ਵੜ ਗਿਆ। ਇਧਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਤੋਪਾਂ ਨਾਲ ਕਿਲ੍ਹੇ ਉਤੇ ਗੋਲਾਬਾਰੀ ਕਰ ਦਿੱਤੀ ਜਿਸ ਦਾ ਜਵਾਬ ਚੇਤ ਸਿੰਘ ਦੇ ਮੁੱਠੀ ਭਰ ਸਿਪਾਹੀ ਬੰਦੂਕ ਦੀਆਂ ਗੋਲੀਆਂ ਨਾਲ ਦਿੰਦੇ ਰਹੇ।
ਮਹਾਰਾਜੇ ਦੀ ਸੱਸ ਸਦਾ ਕੌਰ ਨੇ ਤਾਕੀਦ ਕੀਤੀ ਕਿ ਕਿਲ੍ਹੇ ਨੂੰ ਤੋਪਾਂ ਦੇ ਗੋਲਿਆਂ ਨਾਲ ਨੁਕਸਾਨ ਪਹੁੰਚਾਉਣ ਦੀ ਥਾਂ ਸਖਤ ਨਾਕਾਬੰਦੀ ਕਰ ਦਿੱਤੀ ਜਾਵੇ ਤੇ ਕਿਲ੍ਹੇ ਅੰਦਰ ਦਾਣਾ-ਪਾਣੀ ਤੇ ਹੋਰ ਕਿਸੇ ਵੀ ਕਿਸਮ ਦੀ ਰਸਦ ਨਾ ਜਾਣ ਦਿੱਤੀ ਜਾਵੇ। ਅਗਲੀ ਸਵੇਰ ਹੀ ਚੇਤ ਸਿੰਘ ਨੇ ਆਪਣੇ ਸਾਰੇ ਪਰਿਵਾਰ ਨੂੰ ਚੁਫੇਰਿਉਂ ਘਿਰਿਆ ਵੇਖ ਅਤੇ ਲਾਹੌਰ ਵਾਸੀਆਂ ਵਲੋਂ ਫਰੇਬ ਕਰ ਕੇ ਮਹਾਰਾਜੇ ਦੀਆਂ ਫੌਜਾਂ ਦਾ ਸਾਥ ਦੇ ਦੇਣ ਤੋਂ ਬੇਵਸ ਹੋ ਕੇ ਮਹਾਰਾਜੇ ਕੋਲ ਆਪਣਾ ਏਲਚੀ ਭੇਜਿਆ ਕਿ ਉਹ ਕਿਲ੍ਹਾ ਖਾਲੀ ਕਰ ਦਿੰਦੇ ਹਨ, ਇਵਜ਼ ਵਿਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜ਼ਿੰਦਗੀ ਬਸਰ ਕਰਨ ਲਈ ਵਜ਼ੀਫਾ ਦੇ ਦਿਉ। ਮਹਾਰਾਜੇ ਨੇ ਚੇਤ ਸਿੰਘ ਨਾਲ ਨਰਮਾਈ ਵਾਲਾ ਵਤੀਰਾ ਅਖਤਿਆਰ ਕਰਦਿਆਂ ਇਕ ਵੱਡਾ ਪਿੰਡ ਉਸ ਨੂੰ ਜਗੀਰ ਵਿਚ ਦੇ ਦਿੱਤਾ ਅਤੇ ਨਾਲ ਹੀ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਲਾਹੌਰ ਅਤੇ ਲਾਹੌਰ ਦੇ ਸ਼ਾਹੀ ਕਿਲ੍ਹੇ ਉਤੇ ਕਾਬਜ਼ ਹੋਣ ਸਮੇਂ ਲਾਹੌਰ ਦੇ ਮੁਸਲਮਾਨਾਂ ਜਾਂ ਹੋਰ ਕਿਸੇ ਵੀ ਮਜ਼ਹਬ ਦੇ ਵਸਨੀਕ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਕੀਤਾ ਜਾਵੇ। ਜਦ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਨੇ ਲਾਹੌਰ ਉਤੇ ਮੁਕੰਮਲ ਕਬਜ਼ਾ ਜਮਾ ਲਿਆ। ਮਹਾਰਾਜੇ ਦੀ ਫੌਜ ਨੇ ਲਾਹੌਰ ਵਾਸੀਆਂ, ਸਮੇਤ ਮੁਸਲਮਾਨ, ਨਾਲ ਹਮਦਰਦੀ ਵਾਲਾ ਵਰਤਾਓ ਕੀਤਾ।
ਇਸ ਤੋਂ ਬਾਅਦ ਮਹਾਰਾਜੇ ਦੇ ਦਿਲ ਅੰਦਰ ਮੁਸਲਮਾਨਾਂ ਲਈ ਸਨੇਹ ਹੋਰ ਪਕੇਰਾ ਹੋ ਗਿਆ। ਇਸ ਦੀ ਅਗਲੀ ਮਿਸਾਲ ਲਾਹੌਰ ਵਾਸੀ ਫਕੀਰ ਖਾਨਦਾਨ ਵਿਚੋਂ ਬੁਖਾਰੀ ਸਈਅਦ ਦੀ ਬਣੀ। ਉਸ ਸਮੇਂ ਉਹ ਪੜ੍ਹਨ ਲਿਖਣ ਵਿਚ ਮਾਹਿਰ ਹੋਣ ਦੇ ਨਾਲ ਨਾਲ ਨਾਮਵਰ ਹਕੀਮ ਵੀ ਸੀ। ਉਹ ਮਹਾਰਾਜੇ ਦੀਆਂ ਫੌਜਾਂ ਦਾ ਇਲਾਜ ਕਰਦੇ ਹੁੰਦੇ ਸਨ। ਇਨਾਂ ਵਿਚ ਫਕੀਰ ਮਹੀਉਦੀਨ ਬੁਖਾਰੀ, ਫਕੀਰ ਅਜ਼ੀਜ਼ੂਦੀਨ ਬੁਖਾਰੀ, ਫਕੀਰ ਫਕਰੂਦੀਨ ਬੁਖਾਰੀ, ਫਕੀਰ ਇਮਾਨੂਦੀਨ ਬੁਖਾਰੀ, ਫਕੀਰ ਇਮਾਮੂਦੀਨ ਬੁਖਾਰੀ ਆਦਿ ਸਨ।
ਮਹਾਰਾਜ ਦੀਆਂ ਫੌਜਾਂ ਵਿਚ ਮੁਸਲਮਾਨ ਸਿਪਾਹੀ, ਲੜਾਕੂ ਫੌਜ ਵਿਚ ਕਮਾਂਡਰ ਸ਼ੇਖ ਇਲਾਹੀ ਬਖਸ਼, ਸ਼ੇਖ ਅਬਦੁਲਾ ਤੇ ਰੌਸ਼ਨ ਖਾਂ, ਤੋਪਾਂ ਦਾ ਮੁਖੀ ਚੌਧਰੀ ਗੌਸ ਖਾਨ ਅਤੇ ਇਸੇ ਚੌਧਰੀ ਗੌਸ ਖਾਨ ਦਾ ਪੁੱਤਰ ਚੌਧਰੀ ਸੁਲਤਾਨ ਮੁਹੰਮਦ ਖਾਨ ਤੋਂ ਇਲਾਵਾ ਬਰੂਦ ਸਿੱਕੇ ਦਾ ਮਾਹਿਰ ਅਜ਼ਹਰ ਅਲੀ ਖਾਂ ਆਦਿ ਸਮੇਤ ਹੋਰ ਮੁਸਲਮਾਨ ਸਿਪਾਹੀਆਂ ਨੇ ਵੱਡੀ ਗਿਣਤੀ ਵਿਚ ਸਿੱਖ ਫੌਜ ਤੇ ਖਾਲਸਾ ਰਾਜ ਦੀ ਸਲਾਮਤੀ ਲਈ ਜੰਗਾਂ ਲੜ ਕੇ ਜਾਨਾਂ ਕੁਰਬਾਨ ਕੀਤੀਆਂ। ਜਦੋਂ ਸਿੱਖ ਫੌਜ ਨੇ ਕਾਬਲ ਉਤੇ ਕਬਜ਼ਾ ਕੀਤਾ, ਉਸ ਵਕਤ ਵੱਡੀ ਗਿਣਤੀ ਵਿਚ ਮੁਸਲਮਾਨ ਸਿਪਾਹੀ ਫੌਜ ਵਿਚ ਸ਼ਾਮਲ ਸਨ ਅਤੇ ਸ਼ਾਹੀ ਫੌਜ ਦਾ ਕਮਾਂਡਰ ਕਰਨਲ ਸ਼ੇਖ ਸਬਾਵਨ ਸੀ।
ਮਹਾਰਾਜਾ ਦੇ ਦਰਬਾਰ ਦਾ ਸ਼ਾਹੀ ਗਵੱਈਆ ਕਾਇਮ ਅਲੀ ਸੀ। ਉਹ ਰੰਗ ਦਾ ਕਾਲਾ ਅਤੇ ਮਰਾਸੀ ਘਰਾਣੇ ਨਾਲ ਸਬੰਧ ਰੱਖਦਾ ਸੀ। ਉਸ ਨੂੰ ਗਾਇਨ ਤੇ ਰਾਗ ਵਿਦਿਆ ਦਾ ਮਾਹਿਰ ਹੋਣ ਕਰ ਕੇ ਮਹਾਰਾਜ ਨੇ ਉਸ ਨੂੰ ਮੁਸ਼ਕੀ ਖਾਨ ਦਾ ਖਿਤਾਬ ਦਿੱਤਾ ਹੋਇਆ ਸੀ। ਉਹ ਲਾਹੌਰ ਤੋਂ ਕਰਤਾਰ ਪੁਰ ਨੂੰ ਜਾਂਦੀ ਸੜਕ ਤੋਂ ਮੁਰੀਦ ਕੇ ਰੋਡ ਉਤੇ ਵੱਸੇ ਪਿੰਡ ਦਾਤੇਵਾਲ ਦਾ ਵਸਨੀਕ ਸੀ। ਅੱਜ ਕੱਲ੍ਹ ਉਸ ਦੇ ਕੁਨਬੇ ਦੇ ਲੋਕ ਦਾਤੇਵਾਲ ਵਿਚ ਵੱਸਦੇ ਹਨ। ਇਸੇ ਰਾਜ ਗਵੱਈਏ ਦੇ ਰਾਜ ਦਰਬਾਰ ਵਿਚ ਪੜ੍ਹੇ ਸ਼ਿਅਰ ਨੂੰ ਸੁਣ ਕੇ ਮਹਾਰਾਜੇ ਵਲੋਂ ਦਿੱਤੇ ਇਨਾਮ ਵਾਲੀ ਘਟਨਾ ਰਹਿੰਦੀ ਦੁਨੀਆਂ ਤੱਕ ਇਤਿਹਾਸ ਦੇ ਪੰਨਿਆਂ ਉਤੇ ਉਕਰੀ ਰਹੇਗੀ।
ਬਾਲ ਉਮਰੇ ਚੇਚਕ ਦੀ ਬਿਮਾਰੀ ਕਾਰਨ ਮਹਾਰਾਜੇ ਦੀ ਇਕ ਅੱਖ ਬੰਦ ਹੋਣ ਕਰ ਕੇ ਇਕੋ ਹੀ ਅੱਖ ਸੀ। ਉਸ ਵਕਤ ਕੁਝ ਦਰਬਾਰੀਆਂ ਤੇ ਮੋਹਤਬਰਾਂ ਵਿਚ ਬਹਿਸ ਹੋ ਗਈ ਕਿ ਕੋਈ ਮਹਾਰਾਜੇ ਨੂੰ ਕਾਣਾ ਕਹਿ ਸਕਦਾ ਹੈ? ਸ਼ਰਤ ਲੱਗ ਗਈ ਕਿ ਭਰੇ ਦਰਬਾਰ ਵਿਚ ਮਹਾਰਾਜੇ ਨੂੰ ਕੋਈ ਕਾਣਾ ਕਹਿ ਕੇ ਵਿਖਾਏ! ਕਾਇਮ ਅਲੀ ਨੇ ਭਰੇ ਦਰਬਾਰ ਵਿਚ ਢੁਕਵਾਂ ਸਮਾਂ ਵੇਖ ਕੇ ਮਹਾਰਾਜੇ ਨੂੰ ਸ਼ਿਅਰ ਜੋੜ ਸੁਣਾਇਆ:
ਤੇਰੀ ਇਕੋ ਅੱਖ ਸੁਲੱਖਣੀ
ਪਈ ਟੀਪਾਂ ਢਾਲੇ।
ਤੈਨੂੰ ਝੁਕ ਝੁਕ ਕਰਨ ਸਲਾਮਾਂ
ਦੋ ਅੱਖੀਆਂ ਵਾਲੇ।
ਇਹ ਸੁਣ ਮਹਾਰਾਜਾ ਬਹੁਤ ਖੁਸ਼ ਹੋਇਆ। ਖੁਸ਼ੀ ਵਿਚ ਮਹਾਰਾਜੇ ਨੇ ਇਨਾਮ ਦੇ ਕੇ ਆਪਣੇ ਚਹੇਤੇ ਰਾਜ ਗਾਇਕ ਕਾਇਮ ਅਲੀ ਨੂੰ ਮਾਲਾ-ਮਾਲ ਕਰ ਦਿੱਤਾ। ਉਪਰੋਂ ਉਹ ਸਭ ਦੇ ਸਾਹਮਣੇ ਮਹਾਰਾਜੇ ਨੂੰ ਕਾਣਾ ਕਹਿ ਦੇਣ ਦੀ ਸ਼ਰਤ ਵੀ ਜਿੱਤ ਗਿਆ। ਇਤਿਹਾਸਕ ਪੰਨਿਆਂ ਮੁਤਾਬਿਕ, ਕਾਇਮ ਅਲੀ ਉਰਫ ਮੁਸ਼ਕੀ ਖਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਨਾਲ ਜੰਮੂ ਕਸ਼ਮੀਰ ਗਿਆ ਜਿਥੇ ਹੋਈ ਜੰਗ ਦੌਰਾਨ ਉਹ ਮਾਰਿਆ ਗਿਆ।
ਕਾਇਮ ਅਲੀ ਦੇ ਵਾਰਿਸ ਅੱਜ ਵੀ ਆਪਣੇ ਵਡਿੱਕੇ ਨੂੰ ਯਾਦ ਕਰਦਿਆਂ ਦੱਸਦੇ ਨੇ ਕਿ ਜੰਮੂ ਕਸ਼ਮੀਰ ਵਿਚ ਸ੍ਰੀਨਗਰ ਅੰਦਰ ਇਕ ਕਬਰਿਸਤਾਨ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਗਵੱਈਏ ਉਰਫ ਮੁਸ਼ਕੀ ਖਾਨ ਦੀ ਕਬਰ ਮੌਜੂਦ ਏ। ਇਹ ਵੀ ਜ਼ਿਕਰਯੋਗ ਹੈ ਕਿ ਕਾਇਮ ਅਲੀ ਜਿਥੋਂ ਦਾ ਬਸ਼ਿੰਦਾ ਸੀ, ਉਹ ਪਿੰਡ ਦਾਤੇਵਾਲ ਭਿੰਡਰ ਜੱਟਾਂ ਦਾ ਪਿੰਡ ਸੀ। ਉਥੇ ਭਿੰਡਰ ਜੱਟ ਮੁਸਲਮਾਨ ਵੀ ਸਨ ਤੇ ਸਿੱਖ ਵੀ। ਇਸ ਤੋਂ ਇਲਾਵਾ ਨਾਲ ਲਗਦੇ 15-16 ਪਿੰਡ ਵੀ ਭਿੰਡਰ ਜੱਟਾਂ ਦੇ ਹੀ ਸਨ ਜਿਨਾਂ ਵਿਚ ਲਾਲਾ ਸੈਦਾਂ, ਕੰਗ, ਭੱਟੀ, ਹਰੋਲੇ, ਹੱਲੋਵਾਲ, ਜੀਵਨ ਭਿੰਡਰਾਂ, ਜੀਜੇਵਾਲੀ, ਬਾਠਾਵਾਲੀ ਆਦਿ ਸ਼ਾਮਲ ਹਨ। ਪਿੰਡ ਜੀਜੇਵਾਲੀ ਦਾ ਵਸਨੀਕ ਸ਼ੌਕਤ ਅਜ਼ੀਜ਼, ਰਾਸ਼ਟਰਪਤੀ ਜਰਨਲ ਮੁਸ਼ੱਰਫ ਦੇ ਰਾਜ ਸਮੇਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਸੀ ਅਤੇ ਇਸੇ ਸ਼ੌਕਤ ਅਜ਼ੀਜ਼ ਦੇ ਵਡਿੱਕਆਂ ਨੇ ਨਾਰੋਵਾਲ ਵਿਚ ਡਿਗਰੀ ਕਾਲਜ ਬਣਾਇਆ ਸੀ। ਜੀਜੇਵਾਲੀ ਦੇ ਹੀ ਨਾਲ ਲਗਦੇ ਪਿੰਡ ਕੋਟਲੀ ਮਮੋਲਾ ਦਾ ਮੋਇਨ ਕੁਰੈਸ਼ੀ ਵੀ ਕੁਝ ਸਮਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਿਆ।
ਮਹਾਰਾਜਾ ਰਣਜੀਤ ਸਿੰਘ ਦੀਆਂ 26 ਰਾਣੀਆਂ ਸਨ ਜਿਨ੍ਹਾਂ ਵਿਚੋਂ 6 ਮੁਸਲਮਾਨ ਸਨ। ਇਨ੍ਹਾਂ ਵਿਚ ਇਕ ਕੰਜਰੀ ਗੁਲ ਬਦਨ ਬੇਗਮ ਸੀ। ਦੱਸਦੇ ਨੇ, ਅੰਮ੍ਰਿਤਸਰ ਦੇ ਨੇੜੇ ਰਹਿਣ ਵਾਲੀ ਇਹ ਔਰਤ ਬਹੁਤ ਸੁੰਦਰ ਨੈਣ-ਨਕਸ਼ਾਂ ਵਾਲੀ ਤੁਆਇਫ ਸੀ। ਮਹਾਰਾਜੇ ਨੂੰ ਮੁਜਰਾ (ਨਾਚ) ਦਿਖਾਉਣ ਆਈ ਪੰਸਦ ਆ ਗਈ ਤੇ ਮਹਾਰਾਜੇ ਨੇ ਉਸ ਨਾਲ ਵਿਆਹ ਕਰਾ ਲਿਆ। ਇਕ ਹੋਰ ਸੀ ਲਾਹੌਰ ਦੇ ਰਹਿਣ ਵਾਲੀ ਮੋਰਾਂ ਰਾਣੀ, ਇਸ ਨਾਲ ਵੀ ਮਹਾਰਾਜੇ ਨੇ ਸ਼ਾਦੀ ਕੀਤੀ। ਅੰਮ੍ਰਿਤਸਰ-ਲਾਹੌਰ ਜਰਨੈਲੀ ਸੜਕ ਦੇ ਨਜ਼ਦੀਕ ਅੰਮ੍ਰਿਤਸਰ ਤੋਂ ਕੁਝ ਦੂਰੀ ‘ਤੇ ਜਿਹੜਾ ਪੁਲ ਕੰਜਰੀ ਹੈ, ਉਹ ਇਸੇ ਰਾਣੀ ਨੇ ਬਣਵਾਇਆ ਸੀ। ਇਨ੍ਹਾਂ ਤੋਂ ਇਲਾਵਾ ਹੋਰ ਸਨ- ਤਪੋ ਬੀਬੀ, ਜੰਨਤ ਬੀਬੀ ਤੇ ਗੋਪੇ ਬੀਬੀ ਆਦਿ।
ਇਨ੍ਹਾਂ ਤੋਂ ਇਲਾਵਾ ਮਹਾਰਾਜੇ ਦੀਆਂ ਮੁੱਖ ਰਾਣੀਆਂ ਵਿਚੋਂ ਇਕ ਮਹਿਤਾਬ ਕੌਰ ਸੀ ਜਿਹੜੀ ਸਦਾ ਕੌਰ ਦੀ ਧੀ ਸੀ। ਪਾਕਿਸਤਾਨੀ ਪੰਜਾਬ ਦੇ ਸਾਬਕਾ ਚੀਫ ਮਨਿਸਟਰ ਮੁਹੰਮਦ ਆਰਿਫ ਨਕਈ ਜਿਨ੍ਹਾਂ ਦੇ ਵਡਿੱਕੇ ਈਸ਼ਰ ਸਿੰਘ ਤੇ ਅਤਰ ਸਿੰਘ ਮੁਸਲਮਾਨ ਬਣ ਗਏ ਸਨ, ਦਾ ਪਿੰਡ ਬਾਹਰਵਾਲ, ਪੱਤੋ ਕੀ ਲਾਹੌਰ ਨੇੜੇ ਸੀ। ਇਨ੍ਹਾਂ ਦੇ ਵਡਿੱਕੇ ਹੀਰਾ ਸਿੰਘ ਸੰਧੂ ਨਕਈ ਨੇ ਨਕਈ ਮਿਸਲ ਬਣਾਈ ਸੀ। ਇਸ ਪਰਿਵਾਰ ਵਿਚੋਂ ਰਣ ਸਿੰਘ ਨਕਈ ਦੀ ਧੀ ਬੀਬੀ ਰਾਜ ਕੌਰ ਸੀ। ਇਸ ਨੂੰ ਮਹਾਰਾਣੀ ਦਾਤਰ ਕੌਰ ਵੀ ਕਿਹਾ ਜਾਂਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਨਾਲ 1798 ਵਿਚ ਵਿਆਹੀ ਗਈ ਸੀ। ਮਹਾਰਾਜਾ ਪਿਆਰ ਨਾਲ ਇਸ ਰਾਣੀ ਨੂੰ ਮਾਈ ਨਕੈਣ ਕਹਿ ਕੇ ਵੀ ਸੱਦਦਾ ਹੁੰਦਾ ਸੀ। ਜਿੰਦ ਕੌਰ ਜੋ ਲਾਹੌਰ ਨੇੜਲੇ ਪਿੰਡ ਓਡਰ (ਨੇੜੇ ਵਣੀਏ ਕੇ) ਤੋਂ ਔਲਖ ਸਰਦਾਰਾਂ ਵਿਚੋਂ ਸੀ, ਵਿਚੋਂ ਮਹਾਰਾਜਾ ਦਲੀਪ ਸਿੰਘ ਹੋਇਆ। ਮੰਨਾ ਸਿੰਘ ਦੀ ਧੀ ਜਿੰਦਾਂ ਪਿੰਡ ਚੱਚਰ (ਨੇੜੇ ਗੁਜਰਾਂਵਾਲਾ) ਪੈਦਾ ਹੋਈ ਸੀ। ਇਸ ਦਾ ਭਰਾ ਜਵਾਹਰ ਸਿੰਘ ਮਸ਼ਹੂਰ ਹੋਇਆ ਹੈ। ਇਕ ਮਹਿਤਾਬ ਕੌਰ ਹੋਰ ਵੀ ਰਾਣੀ ਸੀ। ਇਹ ਪਿੰਡ ਭਾਬੜਾ (ਨੇੜੇ ਮੱਲਾ, ਸ਼ਕੜਗੜ੍ਹ) ਦੇ ਅਠਵਾਲ ਸਰਦਾਰਾਂ ਦੀ ਧੀ ਸੀ। ਇਹ ਲੋਕ ਅੱਜ ਕੱਲ੍ਹ ਕਾਹਨੂੰਵਾਨ ਨੇੜੇ ਪਿੰਡ ਗਿੱਲ-ਮੰਜ ਬੈਠੇ ਹੋਏ ਨੇ। ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੁਹਿੰਮ ਦੇ ਲੀਡਰ ਭਬੀਸ਼ਨ ਸਿੰਘ ਗੁਰਾਇਆ ਦੇ ਨਾਨਕੇ ਇਸੇ ਟੱਬਰ ਵਿਚੋਂ ਹਨ। ਕਿਹਾ ਜਾਂਦਾ ਹੈ ਕਿ ਮਹਾਰਾਜਾ ਆਪ ਕਦੀ ਇਸ ਪਿੰਡ ਨਹੀਂ ਸੀ ਵੜਿਆ। ਵਿਆਹ ਮੌਕੇ ਮਹਾਰਾਜੇ ਨੇ ਆਪਣੀ ਖੂੰਡੀ ਪਿੰਡ ਭੇਜੀ ਸੀ। ਅਠਵਾਲ ਸਰਦਾਰਾਂ ਨੇ ਇਸ ਵਿਚ ਆਪਣੀ ਬੇਇਜ਼ਤੀ ਸਮਝੀ ਅਤੇ ਕਦੀ ਵੀ ਮਹਾਰਾਜਾ ਨੂੰ ਨਹੀਂ ਮਿਲੇ। ਮੱਲੇ ਦਾ ਇਕ ਝਿਊਰ ਹੀ ਮਹਿਤਾਬ ਕੌਰ ਨੂੰ ਰਾਜੇ ਦੇ ਦਰਬਾਰ ਲੈ ਕੇ ਗਿਆ। ਵਕਤ ਪਾ ਕੇ ਝਿਊਰ ਨੂੰ ਮਹਾਰਾਜੇ ਨੇ ਜਗੀਰ ਬਖਸ਼ ਦਿਤੀ। ਮਹਾਰਾਜਾ ਦੀ ਇਕ ਪਹਾੜਨ ਬੀਵੀ ਰਾਜ ਦੇਵੀ ਸੀ। ਉਹ ਪਿੰਡ ਦੁਨੇਰਾ ਕਾਂਗੜਾ ਤੋਂ ਪਠਾਣੀਏ ਰਾਜਪੂਤਾਂ ਦੀ ਧੀ ਸੀ। ਕਿਹਾ ਜਾਂਦਾ ਕਿ ਮਹਾਰਾਜੇ ਨੂੰ ਕਿਸੇ ਬ੍ਰਾਹਮਣ ਨੇ ਕਹਿ ਦਿਤਾ ਕਿ ਜੇ ਤੂੰ ਸਲਹਿਰ ਇਲਾਕੇ (ਸ਼ਕੜਗੜ੍ਹ) ਵਿਚੋਂ ਪੰਜ ਰਾਣੀਆਂ ਲਵੇਂ ਤਾਂ ਤੇਰੇ ਵਾਸਤੇ ਸ਼ੁਭ ਹੈ। ਇਸੇ ਕਰ ਕੇ ਇਸ ਨੇ ਤਿੰਨ ਬੀਵੀਆਂ ਹੋਰ ਲੈ ਆਂਦੀਆਂ। ਉਨਾਂ ਵਿਚੋਂ ਇਕ ਸੀ ਰਾਣੀ ਦੇਵਕੀ ਪਿੰਡ ਅੰਤੋਵਾਲੀ ਖੁਰਦ ਨੇੜੇ ਸ਼ਕੜਗੜ੍ਹ; ਇਕ ਸੀ ਹਾੜ੍ਹ ਦੇਵੀ ਪਿੰਡ ਚੰਦੋਵਾਲੀ ਦੀ ਅਤੇ ਇਕ ਸੀ ਬੀਬੀ ਸਦਾਨਾ।
ਫਕੀਰ ਖਾਨਦਾਨ ਦਾ ਯੋਗਦਾਨ: ਮਹਾਰਾਜਾ ਆਪ ਭਾਵੇਂ ਪੜ੍ਹਿਆ-ਲਿਖਿਆ ਨਹੀਂ ਸੀ, ਉਸ ਸਮੇਂ ਪੜ੍ਹਨ-ਪੜ੍ਹਾਉਣ ਲਈ ਕੋਈ ਪ੍ਰਬੰਧਕੀ ਢਾਂਚਾ ਈਜਾਦ ਵੀ ਨਹੀਂ ਸੀ ਹੋ ਸਕਿਆ; ਐਪਰ ਮਹਾਰਾਜੇ ਦੀ ਦੂਰ-ਅੰਦੇਸ਼ੀ ਨੇ ਆਪਣੀ ਖਲਕਤ ਨੂੰ ਪੜ੍ਹ-ਲਿਖ ਸਕਣ ਯੋਗ ਬਣਾਉਣ ਲਈ ਫਕੀਰ ਖਾਨਦਾਨ ਦੇ ਵਡਿੱਕਿਆਂ ਨੂੰ ਨਾਲ ਲਿਆ। ਉਨ੍ਹਾਂ ਨੇ ਹੀ ਲੋਕਾਂ ਨੂੰ ਅੱਖਰੀ ਗਿਆਨ ਦੇਣ ਲਈ ਕਾਇਦਾ ‘ਕਾਇਦਾ ਨੂਰ’ ਲਿਖਿਆ ਜਿਹੜਾ ਤਿੰਨ ਮਹੀਨੇ ਪੜ੍ਹਾਇਆ ਜਾਂਦਾ ਸੀ। ਇਸ ਵਿਚ ਜਮਾਂ-ਖਰਚ, ਤਕਸੀਮ ਤੇ ਹਿਸਾਬ-ਕਿਤਾਬ ਬਾਰੇ ਸਿਖਿਅਤ ਕਰਨ ਦੇ ਨਾਲ ਨਾਲ ਫਾਰਸੀ ਤੇ ਪੰਜਾਬੀ ਪੜ੍ਹਾਈ ਜਾਂਦੀ ਸੀ। ਇਸੇ ‘ਕਾਇਦਾ ਨੂਰ’ ਦੀਆਂ ਪੰਜ ਹਜ਼ਾਰ ਪਿੰਡਾਂ ਵਿਚ ਪੰਜ ਹਜ਼ਾਰ ਕਾਪੀਆਂ ਤਿਆਰ ਕਰ ਕੇ ਨੰਬਰਦਾਰਾਂ ਨੂੰ ਭੇਜੀਆਂ ਗਈਆਂ। ਹਕੂਮਤ ਦੇ ਹੁਕਮਾਂ ਮੁਤਾਬਕ, ਉਨ੍ਹਾਂ ਨੰਬਰਦਾਰਾਂ ਨੂੰ ਪੰਜ-ਪੰਜ ਕਾਪੀਆਂ ਹੋਰ ਤਿਆਰ ਕਰ ਕੇ ਹੋਰ ਪਿੰਡਾਂ ਵਿਚ ਖਲਕਤ ਨੂੰ ਪੜ੍ਹਾਉਣ ਲਈ ਭੇਜਣ ਦੀ ਤਾਕੀਦ ਕੀਤੀ ਗਈ ਸੀ। ਮਹਾਰਾਜੇ ਦੇ ਸਮੇਂ ਕੁਰਾਨ ਮਜੀਦ ਦਾ ਤਰਜਮਾ ਫਾਰਸੀ ਵਿਚ ਹੀ ਹੁੰਦਾ ਸੀ। ਮਹਾਰਾਜੇ ਦੀ ਹਕੂਮਤ ਵਿਚ ਕੁਰਾਨ ਦਾ ਤਰਜਮਾ ਸ਼ਾਹਮੁਖੀ ਤੇ ਗੁਰਮੁਖੀ ਵਿਚ ਹੋ ਸਕਿਆ ਸੀ। ਅੰਗਰੇਜ਼ ਡਾæ ਲੋਗਨ ਵੱਲੋਂ ਤਿਆਰ ਰਿਪੋਰਟ ਮੁਤਾਬਕ, ਲਾਹੌਰ ਵਿਚ ਉਸ ਸਮਂੇ 87 ਫੀਸਦੀ ਲੋਕ ਪੜ੍ਹ-ਲਿਖ ਸਕਦੇ ਸਨ ਅਤੇ ਲਾਹੌਰ ਦੇ ਬਸ਼ਿੰਦੇ ਪੰਜ ਭਾਸ਼ਾਵਾਂ- ਫਾਰਸੀ, ਅਰਬੀ, ਪੰਜਾਬੀ, ਹਿੰਦੀ ਤੇ ਅੰਗਰੇਜ਼ੀ, ਬੋਲ ਤੇ ਸਮਝ ਸਕਦੇ ਸਨ। ਉਦੋਂ ਲੋਕ ਬਾਹਰੋਂ ਆ ਕੇ ਲਾਹੌਰ ਵਿਚ ਨੌਕਰੀ ਪੇਸ਼ੇ ਨੂੰ ਤਰਜੀਹ ਦਿੰਦੇ ਸਨ। ਅਰਮੀਨੀਆ ਦਾ ਇਕ ਹਕੀਮ ਇਥੇ 35 ਸਾਲ ਰਿਹਾ ਜਿਸ ਦੀ ਲਿਖੀ ‘ਲਾਹੌਰ ਮੇਂ 35 ਸਾਲ’ ਕਿਤਾਬ ਅੱਜ ਵੀ ਲਾਹੌਰ ਵਿਚ ਮਿਲਦੀ ਹੈ।