ਸਦਾਬਹਾਰ ਮੁਸਕਾਨ ਵਾਲੀ ਮਾਧੁਰੀ ਦੀਕਸ਼ਿਤ

ਭੀਮ ਰਾਜ ਗਰਗ, ਚੰਡੀਗੜ੍ਹ
ਫੋਨ: 91-98765-45157
ਫਿਲਮ ‘ਅਬੋਧ’ ਦੀ ਮਾਸੂਮ ਜਿਹੀ ਗੌਰੀ ਅਤੇ ਫਿਲਮ ‘ਤੇਜ਼ਾਬ’ ਦੀ ‘ਏਕ ਦੋ ਤੀਨ’ ਵਾਲੀ ਅੱਲ੍ਹੜ ਕੁੜੀ ਫਿਲਮ ḔਬੇਟਾḔ ਵਿਚ ਧਕ ਧਕ ਡਾਂਸ ਕਰਕੇ ਕਦੋਂ ਸਿਨੇਮਾ ਪ੍ਰੇਮੀਆਂ ਦੇ ਦਿਲ ਦੀ ਧੜਕਣ ਬਣ ਗਈ, ਫਿਲਮੀ ਪੰਡਿਤਾਂ ਨੂੰ ਪਤਾ ਵੀ ਨਾ ਲੱਗਾ।

22 ਜੂਨ 1990 ਨੂੰ ਮੈਂ ਦਿੱਲੀ ਦੇ ਮਸ਼ਹੂਰ ਸਿਨੇਮਾ ਹਾਲ ਸ਼ੀਲਾ ਵਿਚ ਫਿਲਮ ‘ਦਿਲ’ ਦਾ ਪ੍ਰੀਮੀਅਰ ਸ਼ੋ ਵੇਖ ਰਿਹਾ ਸਾਂ। ਫਿਲਮ ਦਾ ਗਾਣਾ ‘ਮੁਝੇ ਨੀਂਦ ਨਾ ਆਏæææḔ ਜਦ ਸ਼ੁਰੂ ਹੋਇਆ ਤਾਂ ਕੀ ਵੇਖਦਾ ਹਾਂ, ਹਾਲ ‘ਚ ਬੈਠੇ ਦਰਸ਼ਕ ਡਾਂਸ ਕਰਨ ਲੱਗ ਪਏ ਅਤੇ ਉਨ੍ਹਾਂ ਸਕਰੀਨ ‘ਤੇ ਪੈਸੇ ਸੁਟਣੇ ਸ਼ੁਰੂ ਕਰ ਦਿਤੇ। ਇਹੋ ਜਿਹਾ ਮੰਜਰ ਮੈਨੂੰ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਦੀ ਭਰਪੂਰ ਕਾਮਯਾਬੀ ਤੋਂ ਕਈ ਦਹਾਕਿਆਂ ਪਿਛੋਂ ਵੇਖਣ ਨੂੰ ਮਿਲਿਆ ਸੀ। ਮਾਧੁਰੀ ਦੀਕਸ਼ਿਤ ਦੀ ਅਦਾਕਾਰੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ।
ਮਾਧੁਰੀ ਦਾ ਜ਼ਿਕਰ ਅਕਸਰ ਭਾਰਤੀ ਸਿਨੇਮਾ ਦੀ ਇੱਕ ਬੇਹਤਰੀਨ ਫਿਲਮ ਅਭਿਨੇਤਰੀ ਅਤੇ ਪ੍ਰਸਿੱਧ ਨ੍ਰਿਤਕੀ ਵਜੋਂ ਹੁੰਦਾ ਹੈ। 1980 ਤੇ 90ਵਿਆਂ ਦੌਰਾਨ ਮਾਧੁਰੀ ਦੇ ਨਾਚ ਅਤੇ ਅਦਾਕਾਰੀ ਦਾ ਅਜਿਹਾ ਜਾਦੂ ਸੀ ਕਿ ਉਹ ਪੂਰੇ ਦੇਸ਼ ਦੀ ਧੜਕਣ ਬਣ ਗਈ। ਉਸ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਲਗਭਗ ਤਿੰਨ ਦਹਾਕੇ ਸਿਨੇਮਾ-ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਮਾਧੁਰੀ ਨੇ ਹਰ ਦਿਲ ਅਜ਼ੀਜ਼ ਅਦਾਕਾਰਾ ਮਧੂਬਾਲਾ ਦੀ ਮੁਸਕਾਨ ਨੂੰ ਚੁਰਾ ਕੇ ਆਪਣੀ ਅਦਾਇਗੀ ਵਿਚ ਸ਼ਾਮਿਲ ਕੀਤਾ ਅਤੇ ਹਰ ਵਰਗ ਦੇ ਦਰਸ਼ਕ ਨੂੰ ਆਪਣਾ ਮੁਰੀਦ ਬਣਾਉਣ ‘ਚ ਕਾਮਯਾਬ ਹੋ ਗਈ। ਨੋਇਡਾ ਫਿਲਮ ਸਿਟੀ ਦੇ ਉਦਘਾਟਨ ਵੇਲੇ ਇਕ ਛੋਟੀ ਜਿਹੀ ਮੁਲਾਕਾਤ ਦੌਰਾਨ ਮਾਧੁਰੀ ਨੇ ਕਿਹਾ ਸੀ, “ਉਹ ਮਧੂਬਾਲਾ ਦੀ ਨਕਲ ਕਿਵੇਂ ਕਰ ਸਕਦੀ ਹੈ? ਜੇ ਦਰਸ਼ਕਾਂ ਨੂੰ ਉਸ ਦੀ ਅਦਾਕਾਰੀ ‘ਚੋਂ ਮਧੂਬਾਲਾ ਜੀ ਦੀ ਝਲਕ ਆਉਂਦੀ ਹੈ ਤਾਂ ਇਹ ਓਹਦੇ ਲਈ ਬੜੇ ਫਖਰ ਦੀ ਗੱਲ ਹੈ।”
ਮਾਧੁਰੀ ਦਾ ਜਨਮ 15 ਮਈ 1967 ਨੂੰ ਮੁੰਬਈ ਦੇ ਇਕ ਮੱਧ ਵਰਗੀ ਬ੍ਰਾਹਮਣ ਪਰਿਵਾਰ ‘ਚ ਪਿਤਾ ਸ਼ੰਕਰ ਦੀਕਸ਼ਿਤ ਅਤੇ ਮਾਂ ਸਨੇਹਲਤਾ ਦੀਕਸ਼ਿਤ ਦੇ ਘਰ ਹੋਇਆ। ਮਾਧੁਰੀ ਦੀਆਂ ਦੋ ਭੈਣਾਂ-ਰੂਪਾ ਤੇ ਭਾਰਤੀ ਅਤੇ ਇੱਕ ਭਰਾ ਅਜੀਜ ਹੈ। ਮਾਧੁਰੀ ਨੇ ਤਿੰਨ ਸਾਲ ਦੀ ਉਮਰੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅੱਠ ਸਾਲ ਤੱਕ ਕੱਥਕ-ਨ੍ਰਿਤ ਦੀ ਟ੍ਰੇਨਿੰਗ ਲਈ। ਮਾਧੁਰੀ ਮੁੰਬਈ ਯੂਨੀਵਰਸਿਟੀ ‘ਚ ਮਾਈਕ੍ਰੋਬਾਇਓਲਾਜੀ ਵਿਸ਼ੇ ‘ਚ ਗਰੈਜੂਏਸ਼ਨ ਕਰਨ ਲਈ ਦਾਖਲ ਹੋਈ ਪਰ ਪੜ੍ਹਾਈ ਪੂਰੀ ਨਾ ਕਰ ਸਕੀ।
ਮਾਧੁਰੀ ਨੇ ਆਪਣੇ ਫਿਲਮੀ ਸਫਰ ਦਾ ਆਗਾਜ਼ 1984 ‘ਚ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ‘ਅਬੋਧ’ ਵਿਚ ਗੌਰੀ ਦਾ ਰੋਲ ਨਿਭਾ ਕੇ ਕੀਤਾ। ਹਾਲਾਂ ਕਿ ਇਹ ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਨਾ ਚੱਲੀ ਪਰ ਉਸ ਦੀ ਅਦਾਕਾਰੀ ਨੂੰ ਫਿਲਮ ਆਲੋਚਕਾਂ ਦਾ ਡੂੰਘਾ ਹੁੰਗਾਰਾ ਮਿਲਿਆ ਸੀ। ਇਸ ਪਿਛੋਂ ਉਸ ਨੂੰ ਜੋ ਵੀ ਫਿਲਮ ਮਿਲੀ, ਕਰਦੀ ਗਈ। ਸਾਲ 1984 ਤੋਂ 1988 ਤੱਕ ਉਹ ਇੰਡਸਟਰੀ ‘ਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰਦੀ ਰਹੀ। ਇਸ ਦੌਰਾਨ ਉਸ ਨੇ ਕਈ ਬੀæਸੀæ ਗਰੇਡ ਫਿਲਮਾਂ ਜਿਵੇਂ ‘ਸਵਾਤੀ’, ‘ਆਵਾਰਾ ਬਾਪ’, ‘ਜ਼ਮੀਨ’, ‘ਮੋਹਰੇ’, ‘ਹਿਫਾਜ਼ਤ’ ਅਤੇ ‘ਉਤਰ-ਦੱਖਣ’ ‘ਚ ਕੰਮ ਕੀਤਾ। ਪਰ ਇਨ੍ਹਾਂ ‘ਚੋਂ ਕੋਈ ਵੀ ਫਿਲਮ ਬਾਕਸ ਆਫਿਸ ਉਤੇ ਕਾਮਯਾਬ ਨਾ ਹੋਈ।
ਦਿਲਕਸ਼ ਅਦਾਵਾਂ ਵਾਲੀ ਮਾਧੁਰੀ ਨੇ 17 ਸਾਲ ਦੀ ਉਮਰ ‘ਚ ਬਾਲੀਵੁੱਡ ‘ਚ ਕਦਮ ਰੱਖਿਆ ਸੀ ਜਦੋਂ ਕਿ 21 ਸਾਲ ਦੀ ਉਮਰ ‘ਚ ਉਸ ਨੇ ਵਿਨੋਦ ਖੰਨਾ ਨਾਲ ਹੌਟ ਅਤੇ ਬੋਲਡ ਸੀਨ ਦਿੰਦਿਆਂ ਫਿਲਮ ‘ਦਯਾਵਾਨ’ ‘ਚ ਮੀਂਹ ਦੀਆਂ ਬੁੰਦਾਂ ‘ਚ ‘ਆਜ ਫਿਰ ਤੁਮ ਪੇ ਪਿਆਰ ਆਇਆ ਹੈ’ ਗਾਣਾ ਰਿਕਾਰਡ ਕੀਤਾ ਸੀ। ਉਸ ਸਮੇਂ ਮਾਧੁਰੀ ਨੇ ਵਿਨੋਦ ਖੰਨਾ ਨਾਲ ਇੰਟੀਮੇਟ ਸੀਨ ਦੇ ਕੇ ਤਹਿਲਕਾ ਮਚਾ ਦਿੱਤਾ ਸੀ। ਪਿਛੋਂ ਮਾਧੁਰੀ ਨੇ ਵਿਨੋਦ ਖੰਨਾ ਨਾਲ ਚੁੰਮਣ ਵਾਲੇ ਦ੍ਰਿਸ਼ ਦਿਖਾਉਣ ਦਾ ਅਫਸੋਸ ਜ਼ਾਹਰ ਕੀਤਾ ਸੀ।
ਸਾਲ 1988 ‘ਚ ਮਾਧੁਰੀ ਤੇ ਅਨਿਲ ਕਪੂਰ ਦੀ ਫਿਲਮ ‘ਤੇਜ਼ਾਬ’ ਰਿਲੀਜ਼ ਹੋਈ। ਫਿਲਮ ‘ਚ ਮਾਧੁਰੀ ‘ਤੇ ਫਿਲਮਾਇਆ ਗਿਆ ਗੀਤ ‘ਏਕ ਦੋ ਤੀਨ’ ਕਾਫੀ ਮਕਬੂਲ ਹੋਇਆ। ਇਸ ਫਿਲਮ ਨੇ ਉਸ ਦੇ ਕੈਰੀਅਰ ਨੂੰ ਇਕ ਨਵਾਂ ਮੋੜ ਦਿੱਤਾ ਅਤੇ ਉਹ ਫਿਲਮੀ ਆਸਮਾਨ ਦਾ ਚਮਕਦਾ ਸਿਤਾਰਾ ਬਣ ਗਈ। ਇਸ ਪਿਛੋਂ ਮਾਧੁਰੀ ਦੀਆਂ ਸਫਲ ਫਿਲਮਾਂ ਦਾ ਇਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ। 1990 ‘ਚ ਆਈ ਫਿਲਮ ‘ਦਿਲ’ ਸੁਪਰਹਿੱਟ ਹੋਈ। ਇਸ ਵਿਚ ਮਾਧੁਰੀ ਨੇ ਇੱਕ ਅਮੀਰ ਤੇ ਵਿਗੜੈਲ ਲੜਕੀ ਦਾ ਕਿਰਦਾਰ ਨਿਭਾਇਆ ਸੀ ਅਤੇ ਉਸ ਨੂੰ ਦਮਦਾਰ ਅਦਾਕਾਰੀ ਲਈ ਪਹਿਲੀ ਵਾਰ ਫਿਲਮ ਫੇਅਰ ਅਵਾਰਡ ਮਿਲਿਆ।
ਸਾਲ 1991 ਮਾਧੁਰੀ ਲਈ ਬਹੁਤ ਖਾਸ ਸਾਬਤ ਹੋਇਆ। ਇਸ ਸਾਲ ਉਸ ਦੀਆਂ ‘100 ਡੇਜ਼’, ‘ਪਰਹਾਰ’, ‘ਸਾਜਨ’ ਵਰਗੀਆਂ ਹਿੱਟ ਫਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਫਿਲਮਾਂ ਦੀ ਸਫਲਤਾ ਪਿਛੋਂ ਮਾਧੁਰੀ ਸ਼ੁਹਰਤ ਦੀਆਂ ਬੁਲੰਦੀਆਂ ‘ਤੇ ਜਾ ਪਹੁੰਚੀ। 1992 ‘ਚ ਮਾਧੁਰੀ ਦੀ ਫਿਲਮ ‘ਬੇਟਾ’ ਅਤੇ 1994 ‘ਚ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ ‘ਹਮ ਆਪ ਕੇ ਹੈਂ ਕੌਨ’ ਰਿਲੀਜ਼ ਹੋਈ। ਇਸ ਫਿਲਮ ‘ਚ ਮਾਧੁਰੀ ਦੀ ਸਲਮਾਨ ਖਾਨ ਨਾਲ ਜੋੜੀ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ। ਮਾਧੁਰੀ ‘ਤੇ ਫਿਲਮਾਇਆ ਗਿਆ ਗੀਤ ‘ਦੀਦੀ ਤੇਰਾ ਦੇਵਰ ਦੀਵਾਨਾ…Ḕ ਸਰੋਤਿਆਂ ਵਿਚ ਕ੍ਰੇਜ਼ ਬਣ ਗਿਆ ਸੀ।
ਸਾਲ 1997 ਵਿਚ ਮਾਧੁਰੀ ਦੀ ਇੱਕ ਹੋਰ ਫਿਲਮ ‘ਦਿਲ ਤੋ ਪਾਗਲ ਹੈ’ ਸੁਪਰਹਿੱਟ ਹੋਈ। ਫਿਲਮ ਵਿਚ ਸ਼ਾਹਰੁਖ ਖਾਨ ਨਾਲ ਉਸ ਦੀ ਜੋੜੀ ਕਾਫੀ ਜਚੀ। 2002 ਵਿਚ ਫਿਲਮ ‘ਦੇਵਦਾਸ’ ਵਿਚ ਚੰਦਰਮੁਖੀ ਦੇ ਕਿਰਦਾਰ ਨਾਲ ਮਾਧੁਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਦਮਦਾਰ ਅਭਿਨੈ ਲਈ ਉਸ ਨੂੰ ਸਰਵਸ਼੍ਰੇਸ਼ਠ ਸਹਾਇਕ ਅਭਿਨੇਤਰੀ ਦਾ ਫਿਲਮ ਫੇਅਰ ਪੁਰਸਕਾਰ ਦਾ ਸਨਮਾਨ ਮਿਲਿਆ।
ਸ਼ੁਰੂਆਤੀ ਦੌਰ ‘ਚ ਫਿਲਮਸਾਜ਼/ਡਾਇਰੈਕਟਰ ਉਸ ਦੀ ਮੁਸਕਾਨ ਦਾ ਮਜ਼ਾਕ ਇਹ ਕਹਿ ਕੇ ਉਡਾਉਂਦੇ ਸਨ ਕਿ ਮਾਧੁਰੀ ਜਦ ਹੱਸਦੀ ਹੈ ਤਾਂ ਉਸ ਦੇ ਦੰਦ ਬਾਹਰ ਨੂੰ ਵਿਖਾਈ ਦਿੰਦੇ ਹਨ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਵੱਡੇ-ਵੱਡੇ ਨਿਰਮਾਤਾ ਉਸ ਦੀ ਮੁਸਕਾਨ ਦੇ ਕਾਇਲ ਹੋ ਗਏ।
ਮਾਧੁਰੀ ਨੇ ਰਾਜੀਵ ਰਾਏ ਦੀ ਮਲਟੀ-ਸਟਾਰ ਫਿਲਮ ‘ਤ੍ਰਿਦੇਵ’ ਵਿਚ ਸੰਨੀ ਦਿਓਲ ਨਾਲ ਜੋੜੀ ਬਣਾ ਕੇ ਸਫਲਤਾ ਹਾਸਲ ਕੀਤੀ। ਮਾਧੁਰੀ ਨੇ ਫਿਲਮ ‘ਪਰਿੰਦਾ’ ਵਿਚ ਅਨਿਲ ਕਪੂਰ ਦੇ ਨਾਲ ਪਾਰੋ ਵਰਗੀ ਛੋਟੀ ਭੂਮਿਕਾ ਰਾਹੀਂ ਦਰਸ਼ਕਾਂ ਦੇ ਦਿਲ ਜਿੱਤੇ। ਫਿਲਮ ‘ਬੇਟਾ’ ‘ਚ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾਇਆ, ਜਿਸ ਦਾ ਵਿਆਹ ਇੱਕ ਅਨਪੜ੍ਹ ਵਿਅਕਤੀ ਨਾਲ ਹੋਇਆ ਅਤੇ ਜੋ ਉਸ ਦੀ ਮਤਰੇਈ ਮਾਂ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਫਿਲਮ ਵਿਚ ਉਸ ਦੀ ਭੂਮਿਕਾ ਨੂੰ ਸ਼੍ਰੀਦੇਵੀ ਲਈ ਲਿਖਿਆ ਗਿਆ ਸੀ। ਕੁਝ ਫਿਲਮ ਰਿਵੀਊਕਾਰਾਂ ਨੇ ਮਜ਼ਾਕ ਵਿਚ ਕਿਹਾ ਸੀ ਕਿ ਫਿਲਮ ਨੂੰ ‘ਬੇਟੀ’ ਕਿਹਾ ਜਾਣਾ ਚਾਹੀਦਾ ਹੈ। 1993 ਵਿਚ ਮਾਧੁਰੀ ਨੇ ਸੰਜੇ ਦੱਤ ਅਤੇ ਜੈਕੀ ਸ਼ਰਾਫ ਦੀ ਵਿਵਾਦਪੂਰਨ ਸੁਪਰਹਿੱਟ ਫਿਲਮ ‘ਖਲਨਾਇਕ’ ਵਿਚ ਪੁਲਿਸ ਅਫਸਰ ਗੰਗਾ ਦੀ ਭੂਮਿਕਾ ਨਿਭਾਈ ਸੀ।
ਮਾਧੁਰੀ ਦੀਆਂ ਅਹਿਮ ਫਿਲਮਾਂ ‘ਚ ‘ਰਾਮ ਲਖਨ’, ‘ਪਰਿੰਦਾ’, ‘ਕਿਸ਼ਨ-ਕਨ੍ਹੱਈਆ’, ‘100 ਡੇਅਜ਼’, ‘ਸਾਜਨ’, ‘ਪਰਹਾਰ’, ‘ਬੇਟਾ’, ‘ਹਮ ਆਪ ਕੇ ਹੈਂ ਕੌਨ’, ‘ਪ੍ਰੇਮ ਪ੍ਰਤਿੱਗਿਆ’, ‘ਖਲਨਾਇਕ’, ‘ਰਾਜਾ’, ‘ਮ੍ਰਿਤਯੂਦੰਡ’, ‘ਦਿਲ ਤੋ ਪਾਗਲ ਹੈ’, ‘ਪੁਕਾਰ’, ‘ਦਯਾਵਾਨ’, ‘ਲੱਜਾ’, ‘ਯਾਰਾਨਾ’, Ḕਜਮਾਈ ਰਾਜਾ’ ਅਤੇ ‘ਦੇਵਦਾਸ’ ਆਦਿ ਸ਼ਾਮਲ ਹਨ।
ਮਾਧੁਰੀ ਨੇ ਉਸ ਦੌਰ ਦੇ ਲਗਭਗ ਸਾਰੇ ਵੱਡੇ ਕਲਾਕਾਰਾਂ-ਅਮਿਤਾਭ ਬੱਚਨ, ਅਨਿਲ ਕਪੂਰ, ਮਿਥੁਨ ਚੱਕਰਵਰਤੀ, ਆਮਿਰ ਖਾਨ, ਜਿਤੇਂਦਰ, ਜੈਕੀ ਸ਼ਰਾਫ, ਸੰਜੇ ਦੱਤ, ਰਜਨੀਕਾਂਤ, ਵਿਨੋਦ ਖੰਨਾ ਅਤੇ ਸਨੀ ਦਿਓਲ ਨਾਲ ਕੰਮ ਕੀਤਾ ਹੈ। ਮਾਧੁਰੀ ਤੇ ਅਨਿਲ ਕਪੂਰ ਦੀਆਂ ਫਿਲਮਾਂ ਵਿਚ ਸਾਕਾਰਾਤਮਕ ਤੇ ਰੁਮਾਨੀ ਸਾਂਝ ਸੀ ਅਤੇ ਉਨ੍ਹਾਂ ਦੀ ਆਫ-ਸਕਰੀਨ ਕੈਮਿਸਟਰੀ ਵੀ ਬਹੁਤ ਵਧੀਆ ਸੀ। ਬਾਲੀਵੁੱਡ ‘ਚ ਉਸ ਦੀ ਜੋੜੀ ਸਭ ਤੋਂ ਜ਼ਿਆਦਾ ਅਨਿਲ ਕਪੂਰ ਨਾਲ ਪਸੰਦ ਕੀਤੀ ਗਈ।
ਅਨਿਲ ਕਪੂਰ ਤੋਂ ਬਾਅਦ ਮਾਧੂਰੀ ਦੀ ਸੰਜੇ ਦੱਤ ਨਾਲ ਗਜਬ ਦੀ ਜੋੜੀ ਬਣੀ। ਉਨ੍ਹਾਂ ਦੀ ਪਹਿਲੀ ਫਿਲਮ ‘ਮਹਾਨਤਾ’ ਸੀ। ਬਾਅਦ ਵਿਚ ਉਹ ‘ਖਤਰੋਂ ਕੇ ਖਿਲਾੜੀ’, ‘ਥਾਣੇਦਾਰ’ ਅਤੇ ‘ਇਲਾਕਾ’ ਵਰਗੀਆਂ ਫਿਲਮਾਂ ਵਿਚ ਇਕੱਠੇ ਦੇਖੇ ਗਏ। 1991 ਵਿਚ ਇਕ ਰੋਮਾਂਟਿਕ ਫਿਲਮ ‘ਸਾਜਨ’ ਨੇ ਦੋਹਾਂ ਦੇ ਸਬੰਧਾਂ ਦੀਆਂ ਅਫਵਾਹਾਂ ਨੂੰ ਖੰਭ ਲਾ ਦਿਤੇ ਸਨ। ਜ਼ਾਹਰਾ ਤੌਰ ‘ਤੇ ਫਿਲਮ ‘ਸਾਜਨ’ ਦੇ ਸੈਟਾਂ ‘ਤੇ ਇਕ-ਦੂਜੇ ਲਈ ਉਨ੍ਹਾਂ ਦਾ ਪਿਆਰ ਵਧਦਾ ਗਿਆ। ਫਿਲਮ ਦੀ ਸਫਲਤਾ ਨੇ ਉਨ੍ਹਾਂ ਦੇ ਸਬੰਧ ਹੋਰ ਵੀ ਗੂੜ੍ਹੇ ਬਣਾ ਦਿੱਤੇ। ਪਰ ਮਾਧੁਰੀ ਦੇ ਪਿਤਾ ਨੇ ਇਸ ‘ਤੇ ਇਤਰਾਜ਼ ਕੀਤਾ ਕਿਉਂਕਿ ਉਸ ਵੇਲੇ ਸੰਜੇ ਦੀ ਰਿਚਾ ਸ਼ਰਮਾ ਨਾਲ ਸ਼ਾਦੀ ਹੋ ਚੁਕੀ ਸੀ। ਆਖਰੀ ਵਾਰ ਉਨ੍ਹਾਂ ਨੇ ਫਿਲਮ ‘ਖਲਨਾਇਕ’ (1993) ਵਿਚ ਕੰਮ ਕੀਤਾ।
ਮਾਧੁਰੀ ਦੀ ਜੋੜੀ ਸ਼ਾਹਰੁਖ ਖਾਨ ਨਾਲ ਫਿਲਮ ‘ਅੰਜਾਮ’ ਵਿਚ ਬਣੀ। ਦੋਹਾਂ ਨੂੰ ਯਸ਼ ਰਾਜ ਫਿਲਮਜ਼ ਦੀ ਸੁਪਰ ਹਿੱਟ ਫਿਲਮ ‘ਦਿਲ ਤੋ ਪਾਗਲ ਹੈ’ ਵਿਚ ਦੁਬਾਰਾ ਇਕੱਠੇ ਵੇਖਿਆ ਗਿਆ। ਉਨ੍ਹਾਂ ਦੇ ਸਕਰੀਨ ‘ਤੇ ਭਾਵੁਕ ਅਤੇ ਖੂਬਸੂਰਤ ਰੋਮਾਂਸ ਨੂੰ ਨੌਜਵਾਨ ਪੀੜ੍ਹੀ ਨੇ ਪਿਆਰ ਆਈਕਨ ਵਜੋਂ ਪ੍ਰਵਾਨ ਕੀਤਾ। ਇਸ ਫਿਲਮ ਵਿਚ ਮਾਧੁਰੀ ਨੇ ਇਕ ਜਵਾਨ ਔਰਤ ਦੀ ਨੈਤਿਕ ਦੁਬਿਧਾ ਦਾ ਸਾਹਮਣਾ ਕਰਨ ਵਾਲਾ ਕਿਰਦਾਰ ਨਿਭਾਇਆ। ਮਾਧੁਰੀ ਤੇ ਸ਼ਾਹਰੁਖ ਖਾਨ ਨੇ ਪੰਜ ਫਿਲਮਾਂ ‘ਕੋਇਲਾ’, ‘ਅੰਜਾਮ’, ‘ਦਿਲ ਤੋ ਪਾਗਲ ਹੈ’, ‘ਹਮ ਤੁਮਹਾਰੇ ਹੈਂ ਸਨਮ’ ਅਤੇ ‘ਦੇਵਦਾਸ’ ਵਿਚ ਕੰਮ ਕੀਤਾ। ਮਾਧੁਰੀ ਨੇ ਆਮਿਰ ਖਾਨ ਨਾਲ ‘ਦਿਲ’ ਅਤੇ ‘ਦੀਵਾਨਾ ਮੁਝ ਸਾ ਨਹੀਂ’ ਫਿਲਮਾਂ ‘ਚ ਕੰਮ ਕੀਤਾ।
ਸਲਮਾਨ ਨਾਲ ਮਾਧੁਰੀ ਦੀ ਕੈਮਿਸਟਰੀ ‘ਸਾਜਨ’ ਅਤੇ ‘ਦਿਲ ਤੇਰਾ ਆਸ਼ਿਕ’ ਫਿਲਮਾਂ ‘ਚ ਦਿਖਾਈ ਦਿੱਤੀ। ਪਰ ਫਿਲਮ ‘ਹਮ ਆਪ ਕੇ ਹੈਂ ਕੌਣ’ ਨੇ ਭਾਰਤੀ ਸਿਨੇਮਾ ਵਿਚ ਸਭ ਤੋਂ ਹੈਰਾਨਕੁਨ ਇਤਿਹਾਸ ਬਣਾਇਆ ਹੈ। ਫਿਲਮ ਵਿਚ ਮਾਧੁਰੀ ਦੀ ਸ਼ਰਾਰਤੀ, ਮਜ਼ਬੂਤ ਸੋਚ ਅਤੇ ਆਜ਼ਾਦ ਲੜਕੀ ਦੀ ਭੂਮਿਕਾ ਨੇ ਉਸ ਨੂੰ ਫਿਲਮਫੇਅਰ ਬੈਸਟ ਐਕਟ੍ਰੈਸ ਪੁਰਸਕਾਰ ਦੁਆਇਆ। ਕਿਹਾ ਜਾਂਦਾ ਹੈ ਕਿ ਇਸ ਫਿਲਮ ਵਾਸਤੇ ਮਾਧੁਰੀ ਨੂੰ ਕੋਈ ਦੋ ਕਰੋੜ 75 ਲੱਖ 35 ਹਜ਼ਾਰ ਰੁਪਏ ਮਿਲੇ ਸਨ।
ਮਾਧੁਰੀ ਦਾ ਸੁਪਨਾ ਡਾਕਟਰ ਬਣਨ ਦਾ ਸੀ। ਉਹ ਆਪ ਤਾਂ ਡਾਕਟਰ ਨਾ ਬਣ ਸਕੀ ਪਰ ਉਸ ਨੇ ਆਪਣਾ ਜੀਵਨ ਸਾਥੀ ਸ੍ਰੀਰਾਮ ਨੇਨੇ ਨੂੰ ਚੁਣਿਆ ਜੋ ਅਮਰੀਕਾ ਵਿਚ ਪੇਸ਼ੇ ਵਜੋਂ ਇੱਕ ਡਾਕਟਰ ਸੀ। ਮਾਧੁਰੀ ਅਤੇ ਨੇਨੇ ਦੀ ਸ਼ਾਦੀ 17 ਅਕਤੂਬਰ 1999 ਨੂੰ ਹੋ ਹੋਈ। ਉਨ੍ਹਾਂ ਦੇ ਦੋ ਬੇਟੇ-ਆਰੀਨ ਅਤੇ ਰਾਈਨ ਹਨ।
ਮਾਧੁਰੀ ਦਾ ਫਿਲਮ ਕੈਰੀਅਰ ਜਦੋਂ ਸਿਖਰ ‘ਤੇ ਸੀ ਤਾਂ ਉਸ ਨੇ ਫਿਲਮ ‘ਹਮ ਤੁਮਹਾਰੇ ਹੈਂ ਸਨਮ’ (2002) ਤੋਂ ਬਾਅਦ ਵਿਆਹੁਤਾ ਜੀਵਨ ਬਿਤਾਉਣ ਲਈ ਫਿਲਮ ਜਗਤ ਤੋਂ ਕਿਨਾਰਾ ਕਰ ਲਿਆ। ਪਰ ਉਹ ਜ਼ਿਆਦਾ ਦੇਰ ਤਕ ਗਲੈਮਰ ਦੀ ਦੁਨੀਆਂ ਦਾ ਮੋਹ ਨਾ ਛੱਡ ਸਕੀ ਅਤੇ ਉਸ ਨੇ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਵਿਚ ਇੱਕ ਜੱਜ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿਤੀ। ਇਸ ਸ਼ੋਅ ਨੂੰ ਦਰਸ਼ਕਾਂ ਤੋਂ ਮਿਲੇ ਹੁੰਗਾਰੇ ਨੇ ਮਾਧੁਰੀ ਦਾ ਹੌਸਲਾ ਇਸ ਕਦਰ ਵਧਾਇਆ ਕਿ ਉਹ ਆਪਣੇ ਪਤੀ ਡਾæ ਨੇਨੇ ਨਾਲ ਵਾਪਸ ਦੇਸ਼ ਪਰਤ ਆਈ।
ਸਾਲ 2007 ‘ਚ ਯਸ਼ਰਾਜ ਫਿਲਮਜ਼ ਦੀ ‘ਆਜਾ ਨੱਚ ਲੈ’ ਨਾਲ ਮਾਧੁਰੀ ਨੇ ਬਾਲੀਵੁੱਡ ‘ਚ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਮਾਧੁਰੀ ਦੇ ਕੰਮ ਦੀ ਰੱਜ ਕੇ ਤਾਰੀਫ ਹੋਈ ਪਰ ਫਿਲਮ ਬਾਕਸ ਆਫਿਸ ‘ਤੇ ਪਿਟ ਗਈ। ਮਾਧੁਰੀ ਨੇ 2013 ‘ਚ ਰਿਲੀਜ ਹੋਈਆਂ ਫਿਲਮਾਂ ‘ਯੇ ਜਵਾਨੀ ਹੈ ਦੀਵਾਨੀ’ ਅਤੇ ‘ਡੇਢ ਇਸ਼ਕੀਆ’ ਕੀਤੀਆਂ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਦੀ ਫਿਲਮ ‘ਯੇ ਜਵਾਨੀ ਹੈ ਦੀਵਾਨੀ’ ‘ਚ ਮਾਧੁਰੀ ਨੇ ‘ਘੱਗਰਾ’ ਗਾਣਾ ਪੇਸ਼ ਕੀਤਾ। ਪਰ ਅਫਸੋਸ! ‘ਗੁਲਾਬ ਗੈਂਗ’ ਵਰਗੀਆਂ ਫਿਲਮਾਂ ਵੀ ਮਾਧੁਰੀ ਦੇ ਡਗਮਗਾਉਂਦੇ ਫਿਲਮ ਕੈਰੀਅਰ ਨੂੰ ਬੰਨੇ ਲਾਉਣ ‘ਚ ਕਾਮਯਾਬ ਨਾ ਹੋ ਸਕੀਆਂ।
ਮਾਧੁਰੀ ਨੇ ਕਈ ਫਿਲਮਾਂ ‘ਚ ਆਪਣੇ ਨ੍ਰਿਤ ਦੇ ਜੌਹਰ ਦਿਖਾਏ। ਮਾਧੁਰੀ ਨੂੰ ḔਬੇਟਾḔ ਫਿਲਮ ਦੇ ਇਸ ਗੀਤ ਰਾਹੀਂ ਹੀ ‘ਧਕ ਧਕ ਗਰਲ’ ਨਾਂ ਨਾਲ ਪੁਕਾਰਿਆ ਜਾਣ ਲੱਗਾ। ਮਾਧੁਰੀ ਦਾ ਕਹਿਣਾ ਹੈ ਕਿ ਨ੍ਰਿਤ ਹੀ ਉਸ ਦੀ ਅਸਲੀ ਪਛਾਣ ਹੈ ਅਤੇ ਉਹ ਸਟੇਜ ਡਾਂਸਰ ਹੋਣ ਦੇ ਨਾਲ-ਨਾਲ ਸਟਰੀਟ ਡਾਂਸਰ ਵੀ ਹੈ। ਉਸ ਨੇ ਜੋ ਕੁਝ ਵੀ ਸ਼ੋਖੀ ਭਰੇ ਗਾਣੇ ਕੀਤੇ ਹਨ, ਉਨ੍ਹਾਂ ਦਾ ਸਿਹਰਾ ਸਰੋਜ ਖਾਨ ਨੂੰ ਜਾਂਦਾ ਹੈ ਕਿਉਂਕਿ ਉਸ ‘ਚ ਅਦਾ ਤੇ ਨਜ਼ਾਕਤ ਸ਼ਾਮਿਲ ਹੈ। ਮਾਧੁਰੀ ਅਮਰੀਕਾ ਵਿਚ ਆਪਣੀ ਡਾਂਸ ਅਕੈਡਮੀ ਵੀ ਚਲਾਉਂਦੀ ਹੈ। ‘ਡਾਂਸ ਵਿਦ ਮਾਧੁਰੀ’ ਨਾਂ ਦੀ ਐਪ ਰਾਹੀਂ ਡਾਂਸ ਸਿੱਖਣ ਦੇ ਚਾਹਵਾਨ ਘਰ ਬੈਠੇ ਡਾਂਸ ਸਿੱਖ ਰਹੇ ਹਨ।
ਮਾਧੁਰੀ ਭਾਵੇਂ ਅੱਜ ਕੱਲ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਪਰ ਇੱਕ ਸਮੇਂ ਉਹ ਬਾਲੀਵੁੱਡ ਕੁਈਨ ਅਖਵਾਉਂਦੀ ਸੀ। ਮਾਧੁਰੀ ‘ਸੋ ਯੂ ਥਿੰਕ ਯੂ ਕੈਨ ਡਾਂਸ’ ਅਤੇ ‘ਅਬ ਇੰਡੀਆ ਕੀ ਬਾਰੀ’ ਸ਼ੋਅ ਵਿਚ ਜੱਜ ਵੀ ਬਣੇਗੀ।
ਮਾਧੁਰੀ ਬਾਲੀਵੁੱਡ ਦੀ ਡਾਂਸਿੰਗ ਦਿਵਾ ਅਤੇ 1000 ਵਾਟ ਮੁਸਕਾਨ ਵਾਲੀ ਅਭਿਨੇਤਰੀ ਹੈ। ਉਸ ਨੂੰ ‘ਨੱਬੇਵਿਆਂ ਦੀ ਮਧੂਬਾਲਾ’ ਕਿਹਾ ਜਾਂਦਾ ਹੈ। ਉਸ ਨੂੰ ਬਾਲੀਵੁੱਡ ਦੀ ਮਰਲਿਨ ਮੋਨਰੋ ਵੀ ਕਿਹਾ ਜਾਂਦਾ ਹੈ। ਨਾਮੀ ਚਿੱਤਰਕਾਰ ਐਮæਐਫ਼ ਹੁਸੈਨ ਉਸ ਦੀ ਖੂਬਸੂਰਤੀ ਤੇ ਅਭਿਨੈ ਪ੍ਰਤਿਭਾ ਦਾ ਇਸ ਕਦਰ ਕਾਇਲ ਸੀ ਕਿ ਉਸ ਨੇ ਫਿਲਮ ‘ਹਮ ਆਪ ਕੇ ਹੈਂ ਕੌਣ’ 67 ਵਾਰ ਦੇਖੀ। ਫੇਰ 2007 ਵਿਚ ਉਸ ਨੇ ਮਾਧੁਰੀ ਦੀ ਫਿਲਮ ‘ਆਜਾ ਨੱਚ ਲੈ’ ਨੂੰ ਵੇਖਣ ਲਈ ਇਕ ਥੀਏਟਰ ਪੂਰੇ ਦਾ ਪੂਰਾ ਬੁੱਕ ਕਰਵਾਇਆ ਸੀ। ਹੁਸੈਨ ਨੇ ਮਾਧੁਰੀ ਦੀਆਂ ਕਈ ਪੇਟਿੰਗ ਤਿਆਰ ਕੀਤੀਆਂ ਅਤੇ 2000 ਵਿਚ ਉਸ ਨੇ ‘ਗਜ ਗਾਮਨੀ’ ਨਾਂ ਦੀ ਫਿਲਮ ਬਣਾ ਕੇ ਮਾਧੁਰੀ ਨੂੰ ਸਮਰਪਿਤ ਕੀਤੀ ਸੀ।
ਮਸ਼ਹੂਰ ਗਾਇਕਾ ਨੀਤੀ ਮੋਹਨ ਮਾਧੁਰੀ ਦੀ ਇੰਨੀ ਵੱਡੀ ਪ੍ਰਸ਼ੰਸਕ ਹੈ ਕਿ ਉਹ ਉਸ ਦਾ ਮੰਦਿਰ ਆਪਣੇ ਘਰ ‘ਚ ਬਣਵਾਉਣਾ ਚਾਹੁੰਦੀ ਹੈ। ਉਸ ਦੀ ਚਾਹਤ ਹੈ ਕਿ ਉਹ ਇਕ ਦਿਨ ਮਾਧੁਰੀ ਲਈ ਜ਼ਰੂਰ ਗਾਵੇ। ਫਿਲਮ ‘ਬੇਟਾ’ ਵਿਚ ‘ਧਕ ਧਕ’ ਗੀਤ ‘ਤੇ ਮਾਧੁਰੀ ਦਾ ਡਾਂਸ ਦੇਖਣ ਪਿੱਛੋਂ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਕਿਹਾ ਸੀ, ਮਾਧੁਰੀ ਬਿਨਾ ਕਿਸੇ ਅਸ਼ਲੀਲਤਾ ਦੇ ਵੀ ਬਿਹਤਰੀਨ ਤਰੀਕੇ ਨਾਲ ਗਲੈਮਰ ਦਾ ਪ੍ਰਦਰਸ਼ਨ ਕਰਦੀ ਹੈ।
ਮਾਧੁਰੀ ਨੇ ਕਰੀਬ 70 ਫਿਲਮਾਂ ਵਿਚ ਆਪਣੀ ਅਦਾਇਗੀ ਦੇ ਜੌਹਰ ਵਿਖਾਏ ਹਨ। ਇਸ ਤੋਂ ਇਲਾਵਾ ਉਸ ਨੇ ਫਿਲਮ ‘ਦੇਵਦਾਸ’ ਅਤੇ ‘ਵਜੂਦ’ ਲਈ ਗਾਇਆ ਵੀ ਹੈ।
ਮਾਧੁਰੀ ਨੂੰ ਚਾਰ ਵਾਰ ਫਿਲਮ ‘ਦਿਲ’ (1990), ‘ਬੇਟਾ’ (1993), ‘ਹਮ ਆਪ ਕੇ ਹੈਂ ਕੌਨ’ (1995) ਅਤੇ ‘ਦਿਲ ਤੋ ਪਾਗਲ ਹੈ’ (1998) ਵਿਚ ਬੇਹਤਰੀਨ ਅਦਾਕਾਰੀ ਲਈ ਫਿਲਮਫੇਅਰ ਸਰਵਸ਼੍ਰੇਸ਼ਟ ਅਭਿਨੇਤਰੀ ਪੁਰਸਕਾਰ ਮਿਲਿਆ। ਫਿਲਮ ‘ਦੇਵਦਾਸ’ (2003) ਲਈ ਉਸ ਨੂੰ ਸਰਵੋਤਮ ਸਹਾਇਕ ਅਦਾਕਾਰਾ ਦਾ ਫਿਲਮ ਫੇਅਰ ਅਵਾਰਡ ਮਿਲਿਆ। ਸਾਲ 2001 ‘ਚ ‘ਫੋਰਬਜ਼’ ਮੈਗਜ਼ੀਨ ਨੇ ਮਾਧੁਰੀ ਨੂੰ ਭਾਰਤੀ ਸਿਨੇਮਾ ਦੇ 5 ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ‘ਚ ਸ਼ਾਮਲ ਕੀਤਾ ਸੀ। 2008 ਵਿਚ ਭਾਰਤ ਸਰਕਾਰ ਨੇ ਉਸ ਨੂੰ ਪਦਮਸ਼੍ਰੀ ਨਾਲ ਸਨਮਾਨਿਆ। ਮਾਧੁਰੀ ਨੂੰ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਵਲੋਂ ਸ਼ੁਰੂ ਕੀਤੇ ਗਏ ‘ਮਦਰ’ਜ਼ ਐਬਸੋਲਿਊਟ ਅਫੈਕਸ਼ਨ ਅਭਿਆਨ’ (ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਉਤਸ਼ਾਹ ਦੇਣ ਲਈ) ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਮਾਧੁਰੀ ਦੇ ਚਿਹਰੇ ਤੋਂ ਹੁਣ ਉਸ ਦੀ ਵਧਦੀ ਉਮਰ ਦਾ ਝਲਕਾਰਾ ਮਿਲਣ ਲੱਗ ਪਿਆ ਹੈ। ਕੁਝ ਸਮਾਂ ਪਹਿਲਾਂ ਮਾਧੁਰੀ ਨੇ ਮੀਡੀਆ ਫੋਟੋਗ੍ਰਾਫਰਾਂ ਨੂੰ ਦੇਖ ਦੇ ਆਪਣਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦੀਆਂ ਇਹ ਫੋਟੋਆਂ ਸੋਸ਼ਲ ਮੀਡੀਏ ‘ਤੇ ਵਾਇਰਲ ਹੋ ਗਈਆਂ। ਮਹਿਕਾਂ ਵੰਡਣ ਵਾਲੀ ਮਾਧੁਰੀ ਦੀ ਸਦਾਬਹਾਰ ਮੁਸਕਾਨ ਨੂੰ ਸਿਨੇਮਾ ਪ੍ਰੇਮੀ ਕਦੇ ਨਹੀਂ ਭੁੱਲਣਗੇ।