ਖੱਤਰੀ ਦੇ ਨੈਣ-ਨਕਸ਼

ਜਾਵੇਦ ਬੂਟਾ
ਗੱਲ ਕਿੱਥੋਂ ਟੁਰਦੀ ਏ ਅਤੇ ਵਲ-ਵਲੇਵੇਂ ਖਾਂਦੀ ਕਿੱਥੇ ਜਾ ਢੁੱਕਦੀ ਏ। ਪਿਛਲੇ ਮਹੀਨੇ ਦੀ ਗੱਲ ਐ, ਮੈਂ ਐਵੇਂ ਕਿਤਾਬਾਂ ਦੀ ਅਲਮਾਰੀ ਵਿਚ ਬਿਨਾ ਕਿਸੇ ਕਾਰਨ ਫੋਲਾ-ਫਾਲੀ ਕਰ ਰਿਹਾ ਸਾਂ ਕਿ ਇਕ ਮੋਟੀ ਜਿਹੀ ਜਿਲਦ ਵਾਲੀ ਕਿਤਾਬ ਮੇਰੇ ਹੱਥ ਆਈ। ਇਹ ਮੇਰੇ ਇਕ ਪਿਆਰੇ ਬੇਲੀ ਨੇ ਕੁਝ ਵਰ੍ਹੇ ਪਹਿਲਾਂ ਮੈਨੂੰ ਦਿੱਤੀ ਸੀ। ਕਿਤਾਬ ਵੇਖ ਕੇ ਮੈਨੂੰ ਆਪਣੇ ਆਪ ‘ਤੇ ਬੜੀ ਕੌੜ ਚੜ੍ਹੀ ਕਿ ਐਡੇ ਪਿਆਰ ਅਤੇ ਮਾਣ ਨਾਲ ਦਿੱਤੀ ਗਈ ਇਸ ਕਿਤਾਬ ਨੂੰ ਮੈਂ ਅੱਖੋਂ ਓਹਲੇ ਕਰ ਛੱਡਿਆ ਏ। ਮੈਂ ਸਾਰੇ ਕੰਮ ਛੱਡ-ਛਡਾ ਕੇ ਓਸ ਕਿਤਾਬ ਦੀ ਫੋਲਾ-ਫਾਲੀ ਛੋਹ ਦਿੱਤੀ। ਮੋਟੇ ਅਤੇ ਕਰੜੇ ਗੱਤੇ ਦੀ ਜਿਲਦ ਸੀ

ਓਸ ਕਿਤਾਬ ਦੀ, ਜਿਵੇਂ ਸਾਡੇ ਬਾਲਪੁਣੇ ਦੇ ਸਮੇਂ ਮਾਪੇ ਆਪਣੇ ਬਾਲਾਂ ਦੀਆਂ ਕਿਤਾਬਾਂ ਨੂੰ, ਗਲੀ-ਮੁਹੱਲੇ ਜਾਂ ਸਕੂਲਾਂ ਦੇ ਬੂਹਿਆਂ ਅੱਗੇ ਬੈਠੇ, ਸਕੂਲੀ ਮੁੰਡੇ-ਕੁੜੀਆਂ ਲਈ ਲੋੜੀਂਦੀਆਂ ਸ਼ੈਆਂ ਜਿਵੇਂ ਕਲਮ, ਦਵਾਤ, ਸਿਆਹੀ, ਕਾਪੀਆਂ, ਖੁੱਲ੍ਹੇ ਕਾਗ਼ਜ਼, ਹੋਲਡਰ, ਉਨ੍ਹਾਂ ਦੀਆਂ ਨਿੱਬਾਂ, ਸਲੇਟਾਂ, ਚਾਕ, ਫੱਟੀਆਂ, ਉਨ੍ਹਾਂ ਉਤੇ ਮਲਣ ਵਾਲੀ ਗਾਚਣੀ ਆਦਿ ਸ਼ੈਆਂ ਵੇਚਣ ਦੇ ਨਾਲ ਜਿਲਦ-ਸਾਜ਼ੀ ਕਰਨ ਵਾਲਿਆਂ ਤੋਂ ਜਿਲਦਾਂ ਕਰਵਾ ਕੇ ਦਿੰਦੇ ਸਨ ਤਾਂ ਜੇ ਕਿਤਾਬ ਘੱਟੋ-ਘੱਟ ਇਕ ਵਰ੍ਹੇ ਤਾਈਂ ਪੜ੍ਹਨ ਦੇ ਲਾਇਕ ਤਾਂ ਰਵ੍ਹੇ।
ਖੈਰ! ਕਿਤਾਬ ਦੀ ਜਿਲਦ ਕੋਈ ਬਹੁਤੀ ਪੁਰਾਣੀ ਨਹੀਂ ਸੀ। ਰਾਖੀ ਕਰਨ ਵਾਲੇ ਮੋਟੇ ਗੱਤੇ ਦੀ ਓਸ ਜਿਲਦ ਦੇ ਅੰਦਰ ਬਹੁਤ ਈ ਪੁਰਾਣੇ ਖਸਤਾ ਹੋਏ ਕਾਗਜ਼, ਜਿਨ੍ਹਾਂ ਦਾ ਆਪਣਾ ਰੰਗ ਹਾਲੇ ਤਾਈਂ ਪੰਜਾਬੀ ਦੀ ਗੁਰਮੁਖੀ ਲਿਪੀ ਵਿਚ ਛਪੇ ਹੋਏ ਤਿੰਨਾਂ ਕਿੱਸਿਆਂ ਦੇ ਅੱਖਰਾਂ ਦੀ ਸਿਆਹੀ ਨਾਲੋਂ ਭੋਰਾ ਗੋਰਾ-ਚਿੱਟਾ ਈ ਸੀ। ਮੈਂ ਏਸ ਟੋਹ ਵਿਚ ਫੋਲਾ-ਫਾਲੀ ਛੋਹ ਦਿੱਤੀ ਬਈ ਇਨ੍ਹਾਂ ਦੀ ਛਪਣ ਤਰੀਕ ਕੀ ਐ? ਛਾਪਣ ਵਾਲੇ ਕਿਹੜੇ ਨੇ? ਸੋਧਣ ਵਾਲੇ ਸੂਝਵਾਨਾਂ ਦਾ ਕੋਈ ਅਤਾ-ਪਤਾ ਮਿਲ ਜਾਏ।
ਪਹਿਲਾ ਕਿੱਸਾ ਫਜ਼ਲ ਸ਼ਾਹ ਹੋਰਾਂ ਦਾ ‘ਸੋਹਣੀ ਮਹੀਂਵਾਲ’। ਪ੍ਰਕਾਸ਼ਕ: ਹਰਨਾਮ ਸਿੰਘ ‘ਜਾਲੀ’ ਮੈਨੇਜਰ ਸਾਬਕਾ, ਹਰਬੰਸ ਹਰੀ ਪ੍ਰੈਸ, ਚੌਕ ਕਰੋੜੀ ਅੰਮ੍ਰਿਤਸਰ। ਛਪਾਈ ਦੀ ਕੋਈ ਤਰੀਕ ਨਹੀਂ ਸੀ ਲੱਭਦੀ।
ਦੂਸਰਾ ਕਿੱਸਾ ‘ਹੀਰ ਵਾਰਿਸ ਸ਼ਾਹ’, ਜਿਹਦਾ ਹਾਲ ਬਹੁਤ ਮਾੜਾ ਏ। ਪੰਨੇ ਬਹੁਤ ਖਸਤਾ ਨੇ, ਪਰਤਾਉਂਦਿਆਂ ਡਰ ਲਗਦਾ ਏ ਟੁੱਟ ਨਾ ਜਾਣ। ਅੱਗਾ-ਪਿੱਛਾ ਕੋਈ ਨਹੀਂ, ਬਸ ਅਖੀਰਲੇ ਪੰਨੇ ਦੀ ਅਖੀਰੀ ਸਤਰ ਉਤੇ ‘ਵਿਗਿਆਪਕ-ਮੁਹੰਮਦ ਬਾਕਰ ਭਾਟੀ ਦਰਵਾਜ਼ਾ ਲਾਹੌਰ’ ਲਿਖਿਆ ਹੋਇਆ ਏ। ਮੇਰੀ ਜਾਚੇ ਇਹ ਅਖੀਰਲਾ ਪੰਨਾ ਨਹੀਂ ਸੀ ਜਾਪਦਾ। ਨਾ ਕੋਈ ਛਪਣ ਤਰੀਕ ਦਾ ਪਤਾ-ਥਹੁ ਅਤੇ ਨਾ ਛਾਪਣ ਵਾਲੇ ਦਾ।
ਤੀਸਰਾ ਕਿੱਸਾ ਸੀ, ਮੌਲਵੀ ਗੁਲਾਮ ਰਸੂਲ ਦਾ ‘ਯੂਸਫ ਜ਼ੁਲੈਖਾਂ’। ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ, ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ। ਛਪਣ ਤਰੀਕ ਦਾ ਕੋਈ ਪਤਾ ਨਹੀਂ। ਏਸ ਕਿੱਸੇ ਦੇ ਮੁੱਖ ਪੰਨੇ ਉਤੇ ਇਕ ਚਿੱਤਰ ਏ, ਜਿਹਦੇ ਉਤੇ ‘ਯੂਸਫ ਵਾਲਾ ਖੂਹ’ ਲਿਖਿਆ ਹੋਇਆ ਏ। ਇਕ ਨੁੱਕਰੇ ‘ਸੋਭਾ ਸਿੰਘ’ ਲਿਖਿਆ ਹੋਇਆ ਹੈ ਅਤੇ ਉਹਦੇ ਥੱਲੇ ਬੜੀ ਨੀਝ ਨਾਲ ਵੇਖਿਆ ਜਾਏ ਤਾਂ ਝਉਲਾ ਜਿਹਾ ਪੈਂਦਾ ਐ ਜਿਵੇਂ ‘1926’ ਲਿਖਿਆ ਹੋਵੇ।
ਸੋਭਾ ਸਿੰਘ ਬਾਰੇ ਸੁਣਿਆ ਤਾਂ ਹੋਇਆ ਸੀ, ਢੁਕਵੀਂ ਜਾਣਕਾਰੀ ਤੋਂ ਵਾਂਝਿਆਂ ਹੋਣ ਪਾਰੋਂ ਮੈਨੂੰ ਨਮੋਸ਼ੀ ਵੀ ਸੀ। ਖੈਰ! ਮੈਂ ਆਪਣੀ ਨਮੋਸ਼ੀ ਦੀ ਪਰਵਾਹ ਨਾ ਕਰਦਿਆਂ ਨਿਊ ਯਾਰਕ ਆਪਣੇ ਇਕ ਸੂਝਵਾਨ ਸੱਜਣ ਸੁਰਿੰਦਰ ਸੋਹਲ ਦੇ ਫੋਨ ਦੀ ਟੱਲੀ ਖੜਕਾ ਦਿੱਤੀ। ਸੁਰਿੰਦਰ ਸੋਹਲ ਪੰਜਾਬੀ ਦੇ ਬਹੁਤ ਈ ਵਧੀਆ ਕਵੀ ਅਤੇ ਕਹਾਣੀਕਾਰ ਵੀ ਨੇ। ਮੁਹਾਲੀ ਤੋਂ ਛਪਣ ਵਾਲੇ ਪੰਜਾਬੀ ਦੇ ਮਸ਼ਹੂਰ ਰਸਾਲੇ ‘ਹੁਣ’ ਨਾਲ ਵੀ ਇਨ੍ਹਾਂ ਦਾ ਸਬੰਧ ਐ। ਪੂਰੀ ਪੂਰੀ ਜਾਣਕਾਰੀ ਲਈ ਸੁਰਿੰਦਰ ਹੋਰਾਂ ਮੈਨੂੰ ਬਾਬੇ ‘ਗੂਗਲ’ ਵੱਲ ਟੋਰ ਦਿੱਤਾ। ਮੈਂ ਬਾਬੇ ‘ਗੂਗਲ’ ਦਾ ਬੂਹਾ ਜਾ ਖੜਕਾਇਆ। ਬੂਹਾ ਖੁੱਲ੍ਹਦਿਆਂ ਈ ਸੋਭਾ ਸਿੰਘ ਹੋਰਾਂ ਦੇ ਵਿਹੜੇ ਜਾ ਵੜਿਆ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਭੰਡਾਰ ਨਾਲ ਮਨ ਨਿਹਾਲ ਹੋ ਗਿਆ।
ਪਿਛਲੇ ਹਫਤੇ ਸੁਰਿੰਦਰ ਸੋਹਲ ਦਾ ਫੋਨ ਆਇਆ। ਉਨ੍ਹਾਂ ਆਖਿਆ, “ਮੈਨੂੰ ਪੱਕ ਐ, ਤੁਹਾਨੂੰ ਬਾਬੇ ‘ਗੂਗਲ’ ਤੋਂ ਸੋਭਾ ਸਿੰਘ ਬਾਰੇ ਜਾਣਕਾਰੀ ਤਾਂ ਮਿਲ ਈ ਗਈ ਹੋਵੇਗੀ, ਪਰ ਇਤਫਾਕ ਨਾਲ ਮੈਂ ਇਕ ਕਿਤਾਬ ਪੜ੍ਹ ਰਿਹਾਂ, ਉਹਦੇ ਵਿਚ ਇਕ ਥਾਂ ਸੋਭਾ ਸਿੰਘ ਦਾ ਵੀ ਜ਼ਿਕਰ ਐ। ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾਂ।”
ਉਨ੍ਹਾਂ ਜੋ ਕੁਝ ਮੈਨੂੰ ਫੋਨ ਰਾਹੀਂ ਸੁਣਾਇਆ, ਸੁਣ ਕੇ ਮੈਨੂੰ ਬੜਾ ਅਚੰਭਾ ਹੋਇਆ। ਮੇਰੀ ਬੇਨਤੀ ਪਾਰੋਂ ਉਨ੍ਹਾਂ ਉਸ ਕਿਤਾਬ ਵਿਚੋਂ ਸੋਭਾ ਸਿੰਘ ਦੇ ਜ਼ਿਕਰ ਵਾਲਾ ਪੰਨਾ ਨਕਲ ਕਰਕੇ ਮੈਨੂੰ ਟੋਰ ਦਿੱਤਾ। ਸ਼ਾਹਮੁਖੀ ਲਿਪੀ ਵਿਚ ਪੰਜਾਬੀ ਪੜ੍ਹਨ ਵਾਲਿਆਂ ਲਈ ਲਿਪੀ ਉਤਾਰਾ ਵੀ ਹਾਜ਼ਰ ਐ:
ਕਿਤਾਬ ਦਾ ਨਾਂ: ‘ਆਰਟ ਤੋਂ ਬੰਦਗੀ ਤੱਕ’
(ਦੂਸਰਾ ਐਡੀਸ਼ਨ 2013)
ਆਰਟੀਕਲ ਦਾ ਨਾਂ: ਹਰਦੇਵ ਸਿੰਘ ਆਰਟਿਸਟ
ਲਿਖਾਰੀ: ਹਰਪਾਲ ਸਿੰਘ ਪੰਨੂ
ਪ੍ਰਕਾਸ਼ਕ: ਸਿੰਘ ਬ੍ਰਦਰਜ਼, ਅੰਮ੍ਰਿਤਸਰ
(ਦਿੱਲੀ, ਮਿਹਰਬਾਨ ਸਿੰਘ ਧੂਪੀਏ ਦੇ ਘਰ ਭਾਈ ਵੀਰ ਸਿੰਘ ਠਹਿਰੇ ਹੋਏ ਸਨ। ਉਥੇ ਸੋਭਾ ਸਿੰਘ ਆਪਣੀ ਪ੍ਰਸਿੱਧ ਪੇਂਟਿੰਗ Ḕਗੁਰੂ ਨਾਨਕ ਦੇਵḔ ਲੈ ਕੇ ਆ ਗਏ। ਹਰਦੇਵ ਸਿੰਘ ਮੌਜੂਦ ਸਨ। ਪ੍ਰੈਸ ਦਾ ਵੀ ਸੋਭਾ ਸਿੰਘ ਨੇ ਇੰਤਜ਼ਾਮ ਕਰ ਰੱਖਿਆ ਸੀ। ਉਹ ਚਾਹੁੰਦੇ ਸਨ ਕਿ ਪੇਂਟਿੰਗ ਦਾ ਘੁੰਡ ਭਾਈ ਵੀਰ ਸਿੰਘ ਚੁੱਕਣ ਤੇ ਫਿਰ ਪ੍ਰਸ਼ੰਸਾ ਦੇ ਕੁਝ ਸ਼ਬਦ ਕਹਿਣ। ਭਾਈ ਵੀਰ ਸਿੰਘ ਦਾ ਵੱਡਾ ਨਾਮ ਹੈ, ਸੋ ਪੇਂਟਿੰਗ ਦੁਨੀਆਂ ਭਰ ਵਿਚ ਮਨਜ਼ੂਰ ਹੋਵੇਗੀ। ਭਾਈ ਵੀਰ ਸਿੰਘ ਦੇ ਸਾਹਮਣੇ ਪੇਂਟਿੰਗ ਉਪਰੋਂ ਰੇਸ਼ਮੀ ਪਰਦਾ ਪਰ੍ਹੇ ਹਟਾਇਆ ਗਿਆ। ਪੇਂਟਿੰਗ ਦੇਖਣ ਤੋਂ ਬਾਅਦ ਭਾਈ ਵੀਰ ਸਿੰਘ ਬੋਲੇ-ਇਸ ਤਰ੍ਹਾਂ ਦੇ ਨਹੀਂ ਸਨ, ਮੇਰੇ ਮਹਾਰਾਜ। ਤੇ ਪਰ੍ਹੇ ਮੂੰਹ ਕਰ ਲਿਆ।
ਸੋਭਾ ਸਿੰਘ ਨੇ ਪੇਂਟਿੰਗ ਲਪੇਟ ਲਈ ਤੇ ਗੁੱਸੇ ਨਾਲ ਬਾਹਰ ਨਿਕਲਿਆ। ਇਕ ਕਲਾਕਾਰ ਉਦਾਸ ਜਾ ਰਿਹਾ ਹੈ, ਹਰਦੇਵ ਸਿੰਘ ਵੀ ਨਾਲ ਬਾਹਰ ਨਿਕਲ ਗਏ। ਹਵੇਲੀਓਂ ਬਾਹਰ ਜਾ ਕੇ ਗੁੱਸੇ ਨਾਲ ਸੋਭਾ ਸਿੰਘ ਕਹਿਣ ਲੱਗੇ, ਇਸ ਬੰਦੇ ਨੂੰ ਭੋਰਾ ਅਕਲ ਨੀਂ। ਆਰਟ ਬੜੀ ਵੱਡੀ ਚੀਜ਼ ਐ, ਇਸ ਜਾਹਲ ਨੂੰ ਕੀ ਪਤੈ ਇਹ ਮੈਂ ਕੀ ਬਣਾਇਐ। ਹਰਦੇਵ ਸਿੰਘ ਨੇ ਕਿਹਾ, ਮੈਨੂੰ ਤਾਂ ਪਤੈ ਆਰਟ ਕੀ ਹੁੰਦੈ। ਮੈਂ ਜਾਣਦਾਂ ਤੂੰ ਕੀ ਬਣਾਇਐ। ਤੂੰ ਇਕ ਚਿਹਰਾ ਉਲੀਕ ਕੇ ਉਸ ਉਪਰ ਅੱਖਾਂ ਨਰਗਸ ਦੀਆਂ ਚਿਪਕਾਂ ਦਿੱਤੀਆਂ ਤੇ ਹੋਂਠ ਮਧੂਬਾਲਾ ਦੇ ਧਰ ਕੇ ਦਾਹੜੀ ਬਣਾ ਦਿੱਤੀ। ਇਹ ਐ ਤੇਰੀ ਪੇਂਟਿੰਗ ਗੁਰੂ ਨਾਨਕ ਦੇਵ ਜੀ ਦੀ।
ਇਹ ਗੱਲ ਮੈਂ (ਹਰਪਾਲ ਸਿੰਘ ਪੰਨੂ) ਪ੍ਰੋæ ਭੁਪਿੰਦਰ ਸਿੰਘ (ਪ੍ਰਸਿੱਧ ਲੇਖਕਾ ਦਲੀਪ ਕੌਰ ਟਿਵਾਣਾ ਦੇ ਪਤੀ) ਨੂੰ ਸੁਣਾਈ ਤਾਂ ਹੱਸ ਪਏ, ਕਹਿਣ ਲੱਗੇ, ਡਾæ ਮੋਹਨ ਸਿੰਘ ਦੀਵਾਨਾ ਕਿਹਾ ਕਰਦੇ ਸਨ-ਇਹ ਹੈ ਇਕੋ-ਇਕ ਪੇਂਟਿੰਗ ਜਿਸ ਨੂੰ ਮੈਂ ਬਿਲਕੁਲ ਨਹੀਂ ਦੇਖ ਸਕਦਾ। ਪੈਗੰਬਰ ਦਾ ਅਕਸ ਕਿਹੋ ਜਿਹਾ ਹੁੰਦਾ ਹੈ, ਇਸ ਦਾ ਤਾਂ ਸੋਭਾ ਸਿੰਘ ਨੂੰ ਕੀ ਪਤਾ ਹੋਣਾ ਸੀ, ਉਸ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਖੱਤਰੀ ਦੇ ਨੈਣ ਨਕਸ਼, ਚਿਹਰਾ-ਮੁਹਰਾ ਕਿਸ ਤਰ੍ਹਾਂ ਦਾ ਹੁੰਦਾ ਹੈ।
ਮੈਂ ਪੁੱਛਿਆ, ਪਰ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ? ਉਹ (ਪ੍ਰੋæ ਭੁਪਿੰਦਰ ਸਿੰਘ) ਬੋਲੇ, ਲੋਕਾਂ ਵਿਚ ਦਰਮਿਆਨਾ ਹੁਨਰ ਈ ਪਾਪੂਲਰ ਹੋਵੇਗਾ। ਦੇਖੋ, ਜਿਹੜਾ ਬੰਦਾ ਸਾਰੀ ਉਮਰ ਡਰਾਇੰਗ ਕਰਦਾ ਰਹੇ, ਉਸ ਦੀਆਂ ਲਕੀਰਾਂ ਵਿਚ ਸਮਤੋਲ ਤਾਂ ਹੋ ਈ ਜਾਵੇਗਾ। ਸੋਭਾ ਸਿੰਘ ਚੰਗਾ ਡਰਾਇੰਗ ਮਾਸਟਰ ਹੈ, ਉਸ ਵਿਚ ਕੋਈ ਆਰਟ ਨਹੀਂ। ਕਿਰਪਾਲ ਸਿੰਘ ਵੀ ਇਸੇ ਸ਼੍ਰੇਣੀ ਵਿਚ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਸ਼ਾਹਾਨਾ ਲਿਬਾਸ ਪਹਿਨਾਉਂਦੇ ਹਨ, ਇਹ ਉਹੀ ਲਿਬਾਸ ਹੈ ਜੋ ਔਰੰਗਜ਼ੇਬ ਦਾ ਸੀ। ਤੁਸੀਂ ਮਾਈਕਲ ਐਂਜਲੋ ਦੀਆਂ ਪੇਂਟਿੰਗਾਂ ਦੇਖੋ। ਉਸ ਨੇ ਪਹਿਲੋਂ ਪੁਰਾਤਨ ਸਭਿਅਤਾ, ਇਤਿਹਾਸ, ਯਹੂਦੀ, ਈਸਾਈ ਪੈਗੰਬਰਾਂ ਨੂੰ ਜਾਣਿਆ, ਵਾਚਿਆ। ਇਸ ਪਿੱਛੋਂ ਬੁਰਸ਼ ਚਲਾਇਆ। ਗੁਰੂ-ਕਾਲ ਤੱਕ ਲੋਕ ਅਣਸੀਤੇ ਕੱਪੜੇ ਪਹਿਨਿਆ ਕਰਦੇ ਸਨ। ਸੀਣਾ-ਪਰੋਣਾ ਤਾਂ ਮੁਗਲਾਂ ਨੇ ਸਿਖਾਇਆ ਸੀ। ਪਹਿਲੀ ਵਾਰੀ ਸੀਤਾ ਹੋਇਆ ਲਾਜ਼ਮੀ ਪਹਿਨਿਆ ਜਾਣ ਵਾਲਾ ਵਸਤਰ ਕਛਹਿਰਾ ਸੀ। ਸਿੱਖਾਂ ਵਿਚ ਆਰਟ ਵਿਕਸਿਤ ਹੋਇਆ ਹੀ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ, ਪੰਜਾਬੀ ਚਿੱਤਰਕਾਰ, ਮੁਗਲ ਆਰਟ ਅਤੇ ਕਾਂਗੜਾ ਮਿਨੀਏਚਰ ਦੀ ਸ਼ੈਲੀ ਵਰਤਦੇ ਰਹੇ ਹਨ। ਸਾਰਾ ਕੁਝ ਉਹੋ, ਬਸ ਚਿਹਰੇ ਸਿੱਖ ਨਾਇਕਾਂ ਦੇ ਬਣਾ ਦਿੱਤੇ। ਕਾਰ-ਸੇਵਾ ਵਾਲਿਆਂ ਨੇ ਪੁਰਾਣੇ ਕਲਾਕਾਰਾਂ ਦੀ ਕਮਾਈ ਉਪਰ ਕੂਚੀ ਫੇਰ ਦਿੱਤੀ। ਸਿੱਖ ਚੇਤੰਨ ਹੁੰਦੇ ਤਾਂ ਹਾਹਾਕਾਰ ਨਾ ਮਚ ਜਾਂਦੀ? ਇਟਲੀ ਵਿਚ ਸੰਤ ਫਰਾਂਸਿਸ ਅਸੀਸੀ ਦਾ ਗਿਰਜਾ ਦੇਖੋ। ਹੇਠ ਉਹੀ ਅਸਲ ਘਰ ਹੈ, ਜਿਸ ਵਿਚ ਸੰਤ ਰਹਿੰਦਾ ਸੀ। ਉਸ ਨੂੰ ਉਵੇਂ ਸੁਰੱਖਿਅਤ ਕਰਕੇ ਉਪਰ ਗਿਰਜਾ ਬਣਾ ਦਿੱਤਾ। ਰੋਮ ਦੀ ਹਰੇਕ ਗਲੀ ਵਿਚ ਤੁਹਾਨੂੰ ਪੁਰਾਤਨ ਇਤਿਹਾਸਕ ਵਸਤਾਂ ਸੰਭਾਲੀਆਂ ਹੋਈਆਂ ਦਿਸ ਜਾਣਗੀਆਂ। ਪਟਿਆਲੇ ਦੇ ਮੋਤੀ ਮਹਿਲ ਵਿਚ ‘ਮਿਨੀਏਚਰ’ ਟਰੰਕਾਂ ਵਿਚ ਪਏ ਗਲ ਰਹੇ ਹਨ, ਕਿਸੇ ਨੂੰ ਪ੍ਰਵਾਹ ਨਹੀਂæææ।)
ਡਾਕਟਰ ਮੋਹਨ ਸਿੰਘ ਦੀਵਾਨਾ ਹੋਰਾਂ ਪੈਗੰਬਰ ਦੇ ਅਕਸ, ਖੱਤਰੀ ਦੇ ਨੈਣ-ਨਕਸ਼ ਦੀ ਗੱਲ ਕੀਤੀ ਏ। ਪ੍ਰੋæ ਭੁਪਿੰਦਰ ਸਿੰਘ ਨੇ ਮਾਈਕਲ ਐਂਜਲੋ ਦਾ ਜ਼ਿਕਰ ਵੀ ਕੀਤਾ ਅਤੇ ਇਹ ਵੀ ਆਖਿਆ, “ਲੋਕਾਂ ਵਿਚ ਦਰਮਿਆਨਾ ਹੁਨਰ ਈ ਪਾਪੂਲਰ ਹੋਵੇਗਾ।” ਉਨ੍ਹਾਂ ਦੇ ਆਖੇ ਨੂੰ ਕਿਸੇ ਠੁੰਮਣੇ ਦੀ ਲੋੜ ਨਹੀਂ। ਉਹ ਆਪਣੇ ਆਪ ਵਿਚ ਉਚ-ਪੱਧਰਾ ਤੇ ਢੁੱਕਵਾਂ ਏ। ਉਨ੍ਹਾਂ ਦੀਆਂ ਆਖੀਆਂ ਗੱਲਾਂ ਦੀ ਛਤਰ-ਛਾਵੇਂ ਬਥੇਰਾ ਕੁਝ ਆਖਿਆ ਜਾ ਸਕਦਾ ਏ, ਪਰ ਮੈਂ ਇਕ ਦੋ ਮੋਟੀਆਂ-ਮੋਟੀਆਂ ਗੱਲਾਂ ਈ ਕਰਾਂਗਾ।
ਹਜ਼ਰਤ ਈਸਾ ਦੀ ਅੱਜ ਜਿਹੜੀ ਛਬੀ ਅਸੀਂ ਗਿਰਜਿਆਂ ਵਿਚ, ਲੋਕਾਂ ਦੇ ਘਰਾਂ ਵਿਚ ਜਾਂ ਕਿਧਰੇ ਵੀ, ਭਾਵੇਂ ਉਹ ਪੇਂਟਿੰਗ ਦੇ ਰੂਪ ਵਿਚ ਹੋਵੇ, ਘੜੇ ਹੋਏ ਬੁੱਤ ਦੇ ਰੂਪ ਵਿਚ ਜਾਂ ਸੂਲੀ ਉਤੇ ਟੰਗੇ ਰੂਪ ਵਿਚ ਹੋਵੇ, ਮਤਲਬ ਕੋਈ ਵੀ ਰੂਪ ਹੋਵੇ, ਜੇ ਬੰਦਾ ਓਸ ਰੂਪ, ਓਹ ਅਕਸ ਉਨ੍ਹਾਂ ਨਾਲ ਵਾਪਰੀ, ਉਨ੍ਹਾਂ ਦੀ ਹੰਢੀ-ਵਰਤੀ ਜ਼ਿੰਦਗੀ ਬਾਰੇ ਕਿਸੇ ਕਿਸਮ ਦੀ ਵੀ ਜਾਣਕਾਰੀ ਤੋਂ ਪਹਿਲਾਂ ਵੇਖੇ ਤਾਂ ਇਕ ਪਲ ਵੀ ਢਿੱਲ ਕੀਤੇ ਬਿਨਾ, ਕਿਸੇ ਸ਼ੱਕ-ਸ਼ੁਬ੍ਹੇ ਬਿਨਾ, ਬਿਨਾ ਕਿਸੇ ਝਿਜਕ ਦੇ ਆਖੇਗਾ ਕਿ ਏਸ ਰੂਪ ਨੇ ਈ ਇਹ ਹਯਾਤੀ ਹੰਢਾਈ ਹੋਵੇਗੀ। ਏਸੇ ਤਰ੍ਹਾਂ ਈ ਏਹਦੇ ਉਲਟ ਜੇ ਉਨ੍ਹਾਂ ਦੀ ਹਯਾਤੀ ਦੀ ਜਾਣਕਾਰੀ ਪਹਿਲਾਂ ਹੋਵੇ ਅਤੇ ਰੂਪ ਬਾਦੋਂ ਵੇਖੇ ਤਾਂ ਫੇਰ ਵੀ ਉਹ ਓਵੇਂ ਈ ਇਕ ਪਲ ਵੀ ਢਿੱਲ ਕੀਤੇ ਬਿਨਾ, ਬਿਨਾ ਕਿਸੇ ਸ਼ੱਕ-ਸ਼ੁਬ੍ਹੇ, ਬਿਨਾ ਝਿਜਕ ਪੱਕ ਨਾਲ ਆਖੇਗਾ ਏਸ ਹਯਾਤੀ ਦਾ ਇਹ ਈ ਅਸਲੀ ਰੂਪ ਏ। ਇਹੋ ਈ ਕਲਾਕਾਰ ਤੇ ਕਲਾ ਦਾ ਕਮਾਲ ਏ ਕਿ ਜਾਣਕਾਰੀ ਵਾਲਾ ਚਿੱਤਰ ਜਾਂ ਚਿੱਤਰ ਬਾਰੇ ਜਾਣਕਾਰੀ ਘਿਉ-ਸ਼ੱਕਰ ਵਾਂਗ ਇਕ-ਮਿਕ ਹੋਵੇ।
ਇਹਦਾ ਸਿਹਰਾ ਤਾਂ ਮਾਈਕਲ ਐਂਜਲੋ ਦੇ ਮੱਥੇ ਈ ਬੱਝਦਾ ਏ। ਖੈਰ! ਇਹ ਸਦੀਆਂ ਪੁਰਾਣੀ ਰੀਤ ਅਜੋਕੀ ਕਲਾਕਾਰੀ ਵਿਚ ਅੱਜ ਵੀ ਸੱਜਰੀ ਏ। ਅੱਜ ਦੇ ਸਮੇਂ ਵਿਚ ਲੋਕਾਈ ਦੀ ਪਹੁੰਚ ਵਿਚ ਤੇ ਮਨਭਾਉਂਦੀ ਫਿਲਮੀ ਕਲਾ ਦਾ ਇਕ ਬੜਾ ਈ ਖੁੱਲ੍ਹਾ ਖੇਤਰ ਏ। ਮੂਸਾ, ਈਸਾ ਜਾਂ ਨੂਹ ਦੀ ਹਯਾਤੀ ਬਾਰੇ ਬਣੀ ਫਿਲਮ ਦੇਖਦਿਆਂ, ਦੇਖਣ ਵਾਲਿਆਂ ਨੂੰ ਰਾਈ ਜਿੰਨਾ ਵੀ ਸ਼ੱਕ-ਸ਼ੁਬ੍ਹਾ ਨਹੀਂ ਪੈਂਦਾ ਕਿ ਇਹ ਉਨ੍ਹਾਂ ਮੂਹਰੇ ਫਿਲਮੀ ਪਰਦੇ ਉਤੇ ਟੁਰਦੇ-ਫਿਰਦੇ ਗੱਲਾਂ-ਬਾਤਾਂ ਕਰਨ ਵਾਲੇ ਐਕਟਰ ਨੇ। ਵੰਨਗੀਆਂ ਤਾਂ ਹੋਰ ਵੀ ਨੇ ਪਰ ਮੇਰੀ ਜਾਚੇ ਲੀਹ ਤੋਂ ਲਹਿਣਾ ਮੁਨਾਸਿਬ ਨਹੀਂ।
ਕੁਝ ਕਲਾਕਾਰ ਖੋਟ ਰਲਾਏ ਬਿਨਾ ਆਪਣੀ ਕਲਾਕਾਰੀ ਵਿਚ ਖਰਾ ਖਰਾ ਸੱਚ ਲੋਕਾਂ ਮੂਹਰੇ ਰੱਖਣ ਦਾ ਪੂਰਾ ਪੂਰਾ ਟਿੱਲ ਮਾਰਦੇ ਨੇ ਤੇ ਕੁਝ ਓਹ ਸਭ ਕੁਝ ਵਿਖਾਉਂਦੇ ਨੇ ਜਿਹੜਾ ਲੋਕ ਵੇਖਣਾ ਚਾਹੁੰਦੇ ਨੇ। ਜਿਵੇਂ ‘ਹੀਰੋ’ ਦਸਾਂ ਗੁੰਡਿਆਂ ਨਾਲ ਡਾਂਗੋ-ਡਾਂਗੀ ਹੋਣ ਬਾਅਦ ਆਪਣੀ ਹੀਰੋਇਨ ਕੋਲ ਆਉਂਦਾ ਏ ਤਾਂ ਨਾ ਈ ਉਹਦੇ ਕੱਪੜਿਆਂ ਦੀ ਇਸਤਰੀ ਖਰਾਬ ਹੋਈ ਹੁੰਦੀ ਐ ਤੇ ਨਾ ਈ ਉਹਦੇ ਬੋਦੇ ਆਪਣੀ ਥਾਂ ਤੋਂ ਹਿੱਲੇ ਹੁੰਦੇ ਨੇ। ਜਾਪਦਾ ਏ ਹੁਣੇ ਬਿਊਟੀ-ਪਾਰਲਰ ਤੋਂ ਲਾੜਾ ਸਜ-ਬਣ ਕੇ ਕੇ ਆਇਆ ਏ। ਖਬਰੇ ਇਹਨੂੰ ਵਿਖਾਉਣ ਵਾਲੇ ਜਾਂ ਵੇਖਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਆਖਿਆ ਜਾ ਸਕਦਾ ਏ!
ਪਰ ਮਾਈਕਲ ਐਂਜਲੋ ਵੀ ਸ਼ਰਧਾਲੂ ਸੀ, ਉਹਦੀ ਸ਼ਰਧਾ ਵਿਚ ਸੈਂਕੜੇ ਵਰ੍ਹੇ ਬੀਤਣ ਬਾਅਦ ਵੀ ਵਾਲ ਬਰਾਬਰ ਘਾਟਾ ਨਹੀਂ ਪਿਆ, ਵਾਧਾ ਈ ਵਾਧਾ ਹੋ ਰਿਹਾ ਏ।
ਓਹੋ ਈ ਹੋਇਆ, ਗੱਲ ਕਿੱਥੋਂ ਟੁਰੀ ਅਤੇ ਵਲ-ਵਲੇਵੇਂ ਖਾਂਦੀ ਕਿੱਥੇ ਆ ਢੁਕੀ।