ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵੱਲੋਂ 21 ਮਈ 2017 ਨੂੰ ਟੋਰਾਂਟੋ ਵਿਚ ਚੈਰਿਟੀ ਮੈਰਾਥਨ ਵਾਕ ਤੇ ਮੈਰਾਥਨ ਦੌੜ ਲਗਵਾਈ ਜਾ ਰਹੀ ਹੈ। ਮੈਰਾਥਨ ਦੌੜਾਂ ਲਾਉਣ ਵਾਲੇ ਕੁਝ ‘ਬਾਬਿਆਂ’ ਦੀ ਗੱਲ ਕਰਦੇ ਹਾਂ ਤਾਂ ਜੋ ਹੋਰ ਬਾਬੇ ਵੀ ਉਤਸ਼ਾਹਿਤ ਹੋਣ।
ਅਜਿਹੀਆਂ ਮੈਰਾਥਨਾਂ ਦਾ ਉਦੇਸ਼ ਹੀ ਆਪੋ ਆਪਣੇ ਜੁੱਸਿਆਂ ਨੂੰ ਲੰਮੀ ਉਮਰ ਤਕ ਫਿੱਟ ਰੱਖਣਾ ਹੈ। -ਸੰਪਾਦਕ
ਪ੍ਰਿੰæ ਸਰਵਣ ਸਿੰਘ
ਬਾਬਾ ਫੌਜਾ ਸਿੰਘ ਨੂੰ ਦੌੜਾਂ ਵੱਲ ਲਾਉਣ ਵਾਲੇ ਕੁਝ ਬਾਬੇ ਹੋਰ ਵੀ ਹਨ। ਉਨ੍ਹਾਂ ‘ਚੋਂ ਇਕ ਦਾ ਨਾਂ ਹੈ ਅਜੀਤ ਸਿੰਘ ਤੇ ਦੂਜੇ ਦਾ ਅਮਰੀਕ ਸਿੰਘ। ਉਨ੍ਹਾਂ ਨੇ ਦੌੜ-ਦੌੜ ਕੇ ਗਲਾਸਗੋ ਦੇ ਪਾਰਕ ਘਸਾ ਦਿੱਤੇ ਹਨ। ਜੇ ਉਹ ਧਰਤੀ ਦੁਆਲੇ ਦੌੜਨ ਲੱਗਦੇ ਤਾਂ ਹੁਣ ਨੂੰ ਚੌਥਾ ਪੰਜਵਾਂ ਗੇੜਾ ਸ਼ੁਰੂ ਹੋ ਜਾਣਾ ਸੀ। ਉਹ 1970 ਤੋਂ ਦੌੜ ਰਹੇ ਹਨ ਤੇ 1985 ਤੋਂ ਲੰਡਨ ਦੀਆਂ ਮੈਰਾਥਨ ਦੌੜਾਂ ਵਿਚ ਭਾਗ ਲੈ ਰਹੇ ਹਨ। ਉਹ ਲੰਡਨ, ਨਿਊ ਯਾਰਕ, ਬਰਲਿਨ, ਟੋਰਾਂਟੋ, ਲਾਹੌਰ, ਬੈਲਜੀਅਮ, ਹਾਲੈਂਡ, ਫਰਾਂਸ ਤੇ ਹੋਰ ਕਈ ਮੁਲਕਾਂ ਦੇ ਸ਼ਹਿਰਾਂ ਵਿਚ ਵੀ ਦੌੜ ਚੁਕੇ ਹਨ। ਜਦੋਂ ਉਹ ਫੌਜਾ ਸਿੰਘ ਨਾਲ ਦੌੜਦੇ ਹਨ ਤਾਂ ਉਨ੍ਹਾਂ ਦੀ ਟੀਮ ਦਾ ਨਾਂ ‘ਸਿੱਖਸ ਇਨ ਸਿਟੀ’ ਹੁੰਦਾ ਹੈ। ਉਨ੍ਹਾਂ ਨੇ ਟੋਰਾਂਟੋ ਦੀ ਸਕੋਸ਼ੀਆ ਬੈਂਕ ਵਾਟਰਫਰੰਟ ਮੈਰਾਥਨ ਵੀ ਲਾਈ ਹੋਈ ਹੈ।
2005 ਵਿਚ ਉਹ ਲਾਹੌਰ ਦੀ ਸਟੈਂਡਰਡ ਚਾਰਟਰਡ ਮੈਰਾਥਨ ਦੌੜ ਕੇ ਇੰਡੀਆ ਆਏ ਤੇ ਅਚਾਨਕ ਹੀ ਮੇਰੇ ਪਾਸ ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਪਹੁੰਚ ਗਏ। ਕਾਲਜ ਵਿਚ ਮੇਰੀਆਂ ਉਨ੍ਹਾਂ ਨਾਲ ਖੁੱਲ੍ਹੀਆਂ ਗੱਲਾਂ ਹੋਈਆਂ। ਉਹ ਲੱਖ ਮੀਲ ਤੋਂ ਉਪਰ ਦੌੜ ਚੁਕੇ ਸਨ ਤੇ ਪਤਾ ਨਹੀਂ ਅਜੇ ਕਿੰਨੇ ਮੀਲ ਹੋਰ ਦੌੜੀ ਜਾਣਾ ਸੀ? ਉਹ ਆਪਣੀਆਂ ਦੌੜਾਂ ਦੀਆਂ ਗੱਲਾਂ ਦੱਸਣ ਲੱਗੇ ਤਾਂ ਜੋ ਮੈਂ ਲਿਖ ਕੇ ਹੋਰਨਾਂ ਨੂੰ ਦੱਸ ਸਕਾਂ। ਅਜੀਤ ਸਿੰਘ ਨੇ ਪਹਿਲੀ ਗੱਲ ਇਹ ਦੱਸੀ ਕਿ ਪਹਿਲਾਂ ਪਹਿਲ ਉਹ ਆਪਣੇ ਕੁੱਤੇ ਨਾਲ ਦੌੜਨ ਲੱਗਾ ਸੀ। ਪਰ ਕੁੱਤੇ ਨਾਲ ਦੌੜ ਕੇ ਉਹ ਗੱਲ ਨਹੀਂ ਸੀ ਬਣਦੀ ਜਿਹੜੀ ‘ਕੱਲਿਆਂ ਦੌੜ ਕੇ ਬਣਦੀ ਸੀ। ਕੁੱਤਾ ਤਾਂ ਦਸ ਮੀਲ ਦੌੜ ਕੇ ਹੀ ਬਹਿ ਜਾਂਦਾ ਸੀ ਜਦ ਕਿ ਅਜੀਤ ਸਿੰਘ ਨੇ ਵੀਹ ਮੀਲ ਦੌੜਨ ਦੀ ਪ੍ਰੈਕਟਿਸ ਕਰਨੀ ਹੁੰਦੀ ਸੀ। ਉਂਜ ਵੀ ਕੁੱਤਾ ਰਾਤ ਨੂੰ ਦੌੜਨ ਤੋਂ ਕੰਨੀ ਕਤਰਾਉਂਦਾ ਸੀ ਜਦ ਕਿ ਅਜੀਤ ਸਿੰਘ ਨੂੰ ਵਕਤ ਈ ਰਾਤ ਨੂੰ ਦੌੜਨ ਦਾ ਮਿਲਦਾ ਸੀ।
ਜਿਵੇਂ ਇਕ ਅਮਲੀ ਦੂਜੇ ਨੂੰ ਅਮਲ ਲਾ ਦਿੰਦਾ ਹੈ, ਉਵੇਂ ਹੀ ਉਸ ਨੇ ਵੀ ਇਕ ਦਿਨ ਅਮਰੀਕ ਸਿੰਘ ਨੂੰ ਲੱਭ ਲਿਆ। ਫਿਰ ਅਮਰੀਕ ਸਿੰਘ ਨੂੰ ਵੀ ਅਜੀਤ ਸਿੰਘ ਵਾਲਾ ਅਮਲ ਲੱਗ ਗਿਆ। ਵਡਉਮਰੇ ਬੰਦੇ ਜਾਣਨਾ ਚਾਹੁੰਣਗੇ ਕਿ ਇਹ ਕੁੱਤਿਆਂ ਨੂੰ ਹੰਭਾਅ ਦੇਣ ਵਾਲੇ ਬਾਬੇ ਬਣੇ ਕਿਸ ਮਿੱਟੀ ਦੇ ਹਨ? ਹੋ ਸਕਦੈ ਫਿਰ ਉਹ ਵੀ ਲੇਫਾਂ ‘ਚੋਂ ਨਿਕਲ ਕੇ ਦੁੜਕੀ ਚਾਲੇ ਪੈ ਜਾਣ ਤੇ ਆਪਣੇ ਨਾਂ ਦੀ ਮਸ਼ਹੂਰੀ ਕਰਾਉਣ ਲੱਗ ਪੈਣ। ਜਿਵੇਂ ਫੌਜਾ ਸਿੰਘ ਦੁਨੀਆਂ ‘ਚ ਮਸ਼ਹੂਰ ਹੋਇਆ, ਉਵੇਂ ਉਨ੍ਹਾਂ ਦੀ ਵੀ ਬੱਲੇ-ਬੱਲੇ ਹੋ ਜਾਵੇ!
ਅਜੀਤ ਸਿੰਘ ਤੇ ਅਮਰੀਕ ਸਿੰਘ ਬੁਢਾਪੇ ਵੱਲ ਵਧ ਰਹੇ ਬੰਦਿਆਂ ਲਈ ਰੋਲ ਮਾਡਲ ਹੋ ਸਕਦੇ ਨੇ। ਅਜੀਤ ਸਿੰਘ ਬੀæ ਏæ ਬੀæ ਟੀæ ਹੈ ਤੇ ਅਮਰੀਕ ਸਿੰਘ ਤੀਜੀ ‘ਚੋਂ ਹਟਿਆ ਹੋਇਐ। ਦੋਹਾਂ ਨੂੰ ਇੰਗਲੈਂਡ ਵਿਚ ਰਹਿੰਦਿਆਂ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੈ। ਅਜੀਤ ਸਿੰਘ ਕਾਰ ਚਲਾਉਣੀ ਨਹੀਂ ਸਿੱਖਿਆ ਕਿਉਂਕਿ ਲੱਤਾਂ ਹੀ ਉਸ ਨੇ ਕਾਰ ਬਣਾਈ ਰੱਖੀਆਂ ਹਨ। ਕਾਰ ਦਾ ਲਸੰਸ ਅਮਰੀਕ ਸਿੰਘ ਕੋਲ ਹੈ। ਉਹੀ ਅਜੀਤ ਸਿੰਘ ਨੂੰ ਦੂਰ ਦੇ ਸ਼ਹਿਰਾਂ ਵਿਚ ਲਿਜਾਂਦਾ ਹੈ। ਦੌੜਾਂ ਵਿਚ ਦਾਖਲੇ ਲਈ ਚਿੱਠੀ ਪੱਤਰ ਅਜੀਤ ਸਿੰਘ ਕਰਦਾ ਹੈ। ਦੋਵੇਂ ਇਕ ਦੂਜੇ ‘ਤੇ ਨਿਰਭਰ ਹਨ ਤੇ ਦੋਹਾਂ ‘ਚ ਬਣਦੀ ਵੀ ਬੜੀ ਹੈ। ਦੋਵੇਂ ਅੰਮ੍ਰਿਤਧਾਰੀ ਹਨ। ਅੰਗਰੇਜ਼ ਉਨ੍ਹਾਂ ਨੂੰ ‘ਹੈਪੀ ਬ੍ਰਦਰਜ਼’ ਕਹਿੰਦੇ ਹਨ ਤੇ ਦੌੜਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਹੱਲਾਸ਼ੇਰੀ ਦਿੰਦੇ ਹਨ।
ਦੋਵੇਂ 1964 ਵਿਚ ਇੰਗਲੈਂਡ ਗਏ ਸਨ। ਉਹ ਇਕ ਕਦਮ ਨਾਲ ‘ਵਾਹਿ’ ਕਹਿੰਦੇ ਹਨ ਤੇ ਦੂਜੇ ਨਾਲ ‘ਗੁਰੂ’। ਉਨ੍ਹਾਂ ਦੀ ਖਾਧ ਖੁਰਾਕ ਦੁੱਧ/ਚਾਹ ਦਾ ਕੱਪ, ਅਲਸੀ ਦੀ ਪਿੰਨੀ, ਕੁਝ ਫਲ, ਦਾਲ ਫੁਲਕਾ ਤੇ ਗੁਰਦੁਆਰੇ ਦੀ ਦੇਗ ਹੈ। ਮੀਟ ਸ਼ਰਾਬ ਤੋਂ ਉਹ ਲਾਂਭੇ ਹਨ। ਦੋਹਾਂ ਦਾ ਭਾਰ ਪੰਜਾਹ ਕਿਲੋਗਰਾਮ ਤੋਂ ਘੱਟ ਰਹਿੰਦਾ ਹੈ ਤੇ ਕੱਦ ਕਾਠ ਵੀ ਸਾਢੇ ਪੰਜ ਫੁੱਟ ਦੇ ਆਸ ਪਾਸ ਹੈ। ਵੇਖਣ ਨੂੰ ਉਹ ਮਾੜਚੂ ਜਿਹੇ ਲੱਗਦੇ ਹਨ ਪਰ ਹੈਗੇ ਫੌਲਾਦੀ ਬਾਬੇ। ਚੈਰਿਟੀ ਦੀਆਂ ਦੌੜਾਂ ‘ਚੋਂ ਜਿਹੜਾ ਪੈਸਾ ਮਿਲਦਾ ਹੈ, ਉਹ ਲੋੜਵੰਦਾਂ ਨੂੰ ਦੇ ਦਿੰਦੇ ਹਨ। ਸਰਬੱਤ ਦਾ ਭਲਾ ਮੰਗਦੇ ਹਨ। ਆਏ ਗਏ ਦੀ ਸੇਵਾ ਕਰਦੇ ਹਨ ਤੇ ਰੱਬ ਦੀ ਰਜ਼ਾ ਵਿਚ ਖੁਸ਼ ਰਹਿੰਦੇ ਹਨ। ਸੱਚੇ ਸੁੱਚੇ ਗੁਰਸਿੱਖ ਹਨ, ਇਹ ਦੌੜਾਕ ਬਾਬੇ।
ਅਜੀਤ ਸਿੰਘ ਦਾ ਜਨਮ 25 ਮਾਰਚ 1931 ਨੂੰ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਵਿਚ ਧੰਨਾ ਸਿੰਘ ਦੇ ਘਰ ਮਾਤਾ ਮਾਨ ਕੌਰ ਦੀ ਕੁੱਖੋਂ ਹੋਇਆ ਸੀ। ਉਸ ਨੇ ਗੁਰੂਸਰ ਸੁਧਾਰ ਤੋਂ ਦਸਵੀਂ ਤੇ ਮੋਗੇ ਤੋਂ ਬੀæ ਏæ ਬੀæ ਟੀæ ਕੀਤੀ। ਫਿਰ ਉਹ ਮੋਹੀ, ਫੇਰੂ ਸ਼ਹਿਰ ਤੇ ਕੱਸੋਆਣੇ ਦੇ ਹਾਈ ਸਕੂਲਾਂ ਵਿਚ ਹਿਸਾਬ ਦਾ ਮਾਸਟਰ ਲੱਗਾ ਰਿਹਾ। ਮੁੱਲਾਂਪੁਰ ਤੋਂ ਸੁਧਾਰ ਤਕ ਉਹ ਦੌੜ ਕੇ ਹੀ ਪੜ੍ਹਨ ਜਾਂਦਾ। 1956 ਵਿਚ ਉਸ ਦਾ ਮਾਂਗੇਵਾਲ ਦੀ ਬੀਬੀ ਮਹਿੰਦਰ ਕੌਰ ਨਾਲ ਵਿਆਹ ਹੋ ਗਿਆ। ਅਮਰੀਕ ਸਿੰਘ ਨੂੰ ਪੱਕਾ ਪਤਾ ਨਹੀਂ ਕਿ ਉਸ ਦਾ ਵਿਆਹ ਕਿਹੜੇ ਸੰਨ ਤੇ ਕਿੰਨੀ ਉਮਰ ਵਿਚ ਹੋਇਆ? ਬੱਸ ਏਨਾ ਯਾਦ ਹੈ ਕਿ ਜਦੋਂ ਉਹਦੇ ਵੱਡੇ ਭਰਾ ਦਾ ਵਿਆਹ ਹੋਇਆ ਤਾਂ ਨਾਲ ਈ ਉਹਦੇ ਵੀ ਅਨੰਦ ਕਾਰਜ ਹੋ ਗਏ। ਚੇਤੇ ਉਤੇ ਜ਼ੋਰ ਪਾ ਕੇ ਦੱਸਦਾ ਹੈ ਕਿ ਵਿਆਹ ਹੋਏ ਨੂੰ ਸੱਠ ਕੁ ਸਾਲ ਹੋ ਗਏ ਹੋਣਗੇ!
ਅਮਰੀਕ ਸਿੰਘ ਆਪਣਾ ਕੱਦ ਪੰਜ ਫੁੱਟ ਤੋਂ ਉਤੇ ਦੱਸਦਾ ਹੈ। ਉਤੇ ਕਿੰਨੇ ਇੰਚ ਹਨ, ਇਹ ਪਤਾ ਨਹੀਂ। ਕਹਿੰਦਾ ਹੈ ਕਦੇ ਮਿਣਿਆਂ ਹੀ ਨਹੀਂ। ਅਜੀਤ ਸਿੰਘ ਨੇ ਆਪਣਾ ਕੱਦ ਪੰਜ ਫੁੱਟ ਛੇ ਇੰਚ ਲਿਖਾਇਆ ਤੇ ਭਾਰ ਸੰਤਾਲੀ ਕਿਲੋਗਰਾਮ। ਅਮਰੀਕ ਸਿੰਘ ਨੂੰ ਪੁੱਛਿਆ ਤਾਂ ਕਹਿਣ ਲੱਗਾ, “ਭਾਰ ਤੋਲ ਕੇ ਈ ਲਿਖਾਵਾਂਗਾ ਹੋਰ ਨਾ ਕਿਤੇ ਗਲਤ ਹੋ ਜੇ? ਪਿਛਲੇ ਸਾਲ ਪੰਜਾਹ ਕਿੱਲੋ ਸੀ। ਜੇ ਲਿਖਣਾ ਈ ਐਂ ਤਾਂ ਫੇਰ ਮੇਰਾ ਵੀ ਅਜੀਤ ਸਿੰਹੁ ਜਿੰਨਾ ਈ ਲਿਖ ਲੋ।”
ਮੈਨੂੰ ਉਹ ਦੋ ਵਾਰ ਮਿਲੇ। ਦੋਵੇਂ ਵਾਰ ਮੈਂ ਉਨ੍ਹਾਂ ਨੂੰ ਕੁਝ ਖਾਣ ਪੀਣ ਲਈ ਕਿਹਾ ਪਰ ਉਨ੍ਹਾਂ ਨੇ ਕੁਝ ਵੀ ਨਾ ਖਾਧਾ ਪੀਤਾ। ਕਹਿੰਦੇ ਰਹੇ, “ਬੱਸ ਦਰਸ਼ਨ ਮੇਲੇ ਨਾਲ ਈ ਖੁਸ਼ ਐਂ!” ਮੈਂ ਹੈਰਾਨ, ਪਈ ਇਹ ਬਾਬੇ ਦੌੜਦੇ ਕਾਹਦੇ ਸਿਰ ‘ਤੇ ਹਨ? ਪੁੱਛਣ ‘ਤੇ ਪਤਾ ਲੱਗਾ, ਉਨ੍ਹਾਂ ਦਾ ਖਾਣ ਪੀਣ ਬੜਾ ਬੰਧੇਜ ਵਿਚ ਹੈ। ਖੁਰਾਕ ਦਾ ਤਾਂ ਕੋਈ ਖਰਚਾ ਈ ਨਹੀਂ, ਖਰਚਾ ਤਾਂ ਬੱਸ ਦੌੜਨ ਵਾਲੇ ਬੂਟਾਂ ਦਾ ਹੀ ਹੈ ਜਿਨ੍ਹਾਂ ਦੇ ਸਾਲ ‘ਚ ਤਿੰਨ ਚਾਰ ਜੋੜੇ ਤਾਂ ਘਸ ਹੀ ਜਾਂਦੇ ਨੇ। ਉਨ੍ਹਾਂ ਨੂੰ ਬੁਢਾਪਾ ਪੈਨਸ਼ਨਾਂ ਮਿਲਦੀਆਂ ਹਨ ਜਿਨ੍ਹਾਂ ਦਾ ਦਸਵੰਧ ਉਹ ਪਿੰਗਲਵਾੜੇ ਨੂੰ ਦਿੰਦੇ ਹਨ। ਸਬਰ ਸੰਤੋਖ ਉਨ੍ਹਾਂ ਦਾ ਸਰਮਾਇਆ ਹੈ।
ਅਮਰੀਕ ਸਿੰਘ ਦਾ ਜਨਮ 16 ਜਨਵਰੀ 1931 ਨੂੰ ਪੱਦੀ ਖਾਲਸਾ ਜ਼ਿਲ੍ਹਾ ਜਲੰਧਰ ਵਿਚ ਪਿਤਾ ਗੁਰਦਿੱਤਾ ਦੇ ਘਰ ਮਾਤਾ ਨਾਮ੍ਹੀ ਦੀ ਕੁੱਖੋਂ ਹੋਇਆ। ਉਸ ਦਾ ਵਿਆਹ ਜੌੜੇ ਉਪਲੀਂ ਹੋਇਆ। ਉਸ ਦੇ ਦੋ ਲੜਕੇ ਤੇ ਪੰਜ ਲੜਕੀਆਂ ਹਨ। ਇੰਗਲੈਂਡ ਪਹੁੰਚ ਕੇ ਪਹਿਲਾਂ ਫਾਊਂਡਰੀ ‘ਚ ਕੰਮ ਕੀਤਾ, ਫਿਰ ਬਿਲਡਿੰਗਾਂ ‘ਚ ਪਿਆ ਤੇ ਅਖੀਰ ਗਰੌਸਰੀ ਦਾ ਬਿਜਨਸ ਕਰ ਲਿਆ। ਉਹ ਸਵੇਰੇ ਸੱਤ ਵਜੇ ਦੁਕਾਨ ਖੋਲ੍ਹਦੈ ਤੇ ਰਾਤ ਦਸ ਵਜੇ ਬੰਦ ਕਰਦੈ। ਚਾਰ ਕੁ ਘੰਟੇ ਸੌਂ ਕੇ ਵੱਡੇ ਤੜਕੇ ਈ ਉਠ ਖੜ੍ਹਦੈ ਤੇ ਦੌੜਨ ਲੱਗ ਪੈਂਦੈ। ਦੌੜ ਕੇ ਈ ਦੁਕਾਨ ‘ਤੇ ਜਾਂਦਾ ਤੇ ਸਾਰਾ ਦਿਨ ਖੜ੍ਹੀ ਲੱਤ ਦਾਲਾਂ ਸਬਜ਼ੀਆਂ ਵੇਚੀ ਜਾਂਦੈ। ਥਕਾਵਟ ਨੂੰ ਉਹ ਨੇੜੇ ਨਹੀਂ ਢੁੱਕਣ ਦਿੰਦਾ। ਉਸ ਦੇ ਗਾਤਰੇ ਉਤੇ ‘ਸਤਿਨਾਮ ਵਾਹਿਗੁਰੂ’ ਲਿਖਿਆ ਹੋਇਐ। ਉਸ ਦੀ ਫਿਫਟੀ ਕੇਸਰੀ ਸੀ ਤੇ ਪਗੜੀ ਕਾਲੀ। ਅਜੀਤ ਸਿੰਘ ਦੀ ਫਿਫਟੀ ਲਾਲ ਸੀ। ਮੈਂ ਕੇਸਰੀ ਤੇ ਲਾਲ ਫਿਫਟੀ ਦੇ ਵਖਰੇਵੇਂ ਦਾ ਕਾਰਨ ਪੁੱਛਿਆ ਤਾਂ ਕਹਿੰਦੇ ਇਹ ਆਪੋ ਆਪਣਾ ਸ਼ੌਂਕ ਐ! ਦੋਵੇਂ ਦਾੜ੍ਹੀਆਂ ਖੁੱਲ੍ਹੀਆਂ ਰੱਖਦੇ ਨੇ ਤੇ ਪੱਗਾਂ ਕਾਲੀਆਂ ਬੰਨ੍ਹਦੇ ਨੇ। ਪੈਰੀਂ ਹਮੇਸ਼ਾਂ ਦੌੜਨ ਵਾਲੇ ਬੂਟ ਹੁੰਦੇ ਨੇ। ਕੀ ਪਤਾ ਕਿਹੜੇ ਵੇਲੇ ਦੌੜਨ ਦਾ ਦਾਅ ਲੱਗ ਜਾਵੇ?
ਅਜੀਤ ਸਿੰਘ ਪੰਜਾਬ ਵਿਚ ਸਰਕਾਰੀ ਸਕੂਲ ਦਾ ਅਧਿਆਪਕ ਸੀ। ਉਹ ਇੰਪਲਾਏਮੈਂਟ ਵਾਊਚਰ ਉਤੇ ਇੰਗਲੈਂਡ ਗਿਆ ਸੀ। ਜਦੋਂ ਉਹ ਹੀਥਰੋ ਹਵਾਈ ਅੱਡੇ ‘ਤੇ ਉਤਰਿਆ ਤਾਂ ਉਹਦੀ ਜ਼ੇਬ ‘ਚ ਸਾਢੇ ਤਿੰਨ ਪੌਂਡ ਸਨ। ਉਨ੍ਹਾਂ ਨਾਲ ਉਹ ਆਪਣੇ ਜਾਣਕਾਰ ਦੇ ਘਰ ਪੁੱਜਾ। ਰਸਤੇ ਦਾ ਭੇਤੀ ਹੁੰਦਾ ਤਾਂ ਦੌੜ ਕੇ ਈ ਚਲਾ ਜਾਂਦਾ ਤੇ ਟੈਕਸੀ ਦਾ ਕਿਰਾਇਆ ਬਚਾਅ ਲੈਂਦਾ। ਫਿਰ ਸ਼ੁਰੂ ਹੋਈ ਇੰਗਲੈਂਡ ਦੀ ਕਰੜੀ ਮੁਸ਼ੱਕਤ ਤੇ ਅਧਿਆਪਕ ਬਣਨ ਲਈ ਹੋਰ ਪੜ੍ਹਾਈ। 1968 ਵਿਚ ਉਹ ਨੌਟਿੰਘਮ ਯੂਨੀਵਰਸਿਟੀ ਤੋਂ ਟੀਚਿੰਗ ਦਾ ਕੋਰਸ ਕਰ ਕੇ ਸਕਾਟਲੈਂਡ ‘ਚ ਲਾਰਕਹਾਲ ਦੀ ਅਕੈਡਮੀ ਵਿਚ ਅਧਿਆਪਕ ਲੱਗ ਗਿਆ। ਉਥੇ ਉਸ ਨੇ 1990 ਤਕ ਪੜ੍ਹਾਇਆ ਤੇ ਕਾਰ ਉਤੇ ਜਾਣ ਦੀ ਥਾਂ ਦੌੜ ਕੇ ਈ ਸਕੂਲ ਜਾਂਦਾ ਰਿਹਾ। ਉਸ ਨੇ ਆਪਣੀਆਂ ਦੋਹਾਂ ਟੰਗਾਂ ਨੂੰ 11 ਨੰਬਰ ਬੱਸ ਕਹਿਣਾ ਸ਼ੁਰੂ ਕਰ ਲਿਆ। ਜਦੋਂ ਪੈਦਲ ਹੀ ਕਿਸੇ ਪਾਸੇ ਜਾਣ ਦੀ ਤਿਆਰੀ ਖਿੱਚਣੀ ਤਾਂ ਆਖਣਾ, “ਚੱਲ ਗਿਆਰਾਂ ਨੰਬਰ ਬੱਸ ‘ਤੇ ਚੜ੍ਹੀਏ!”
ਮੁਕੰਦਪੁਰ ਅਸੀਂ ਬਰਾਬਰ ਤੁਰਦੇ ਹੋਏ ਗੱਲਾਂ ਕਰਨ ਲੱਗੇ। ਗੱਲਾਂ ਕਰਦਿਆਂ ਅਜੀਤ ਸਿੰਘ ਖੱਬਾ ਹੱਥ ਉਠਾਉਂਦਾ ਜੋ ਮੇਰੀ ਵੱਖੀ ‘ਚ ਵੱਜਦਾ। ਮੈਨੂੰ ਉਹ ਖਬਚੂ ਲੱਗਾ। ਵੱਖੀ ‘ਚ ਹੱਥ ਵੱਜਣ ਤੋਂ ਬਚਦਾ ਮੈਂ ਉਹਦੇ ਸੱਜੇ ਹੱਥ ਹੋਇਆ ਤਾਂ ਉਹ ਫਿਰ ਮੇਰੇ ਸੱਜੇ ਪਾਸੇ ਹੋ ਗਿਆ। ਦੋ ਤਿੰਨ ਵਾਰ ਅਜਿਹਾ ਹੋਇਆ ਤਾਂ ਮੈਂ ਅਨੁਮਾਨ ਲਾਇਆ ਕਿ ਹੱਥ ਵੀ ਉਹਦਾ ਖੱਬਾ ਚੱਲਦਾ ਹੈ ਤੇ ਸੁਣਦਾ ਵੀ ਖੱਬੇ ਕੰਨੋਂ ਹੀ ਹੋਣੈ! ਪੁੱਛਿਆ ਤਾਂ ਗੱਲ ਸਹੀ ਨਿਕਲੀ। ਸੱਜੇ ਕੰਨੋਂ ਘੱਟ ਸੁਣਦਾ ਕਰਕੇ ਹੀ ਉਹ ਸੁਣਨ ਵਾਲਾ ਕੰਨ ਮੇਰੇ ਵੱਲ ਰੱਖ ਰਿਹਾ ਸੀ। ਉਸ ਨੂੰ ਕਈ ਹਾਦਸਿਆਂ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਧੰਨ ਸੀ ਉਹਦਾ ਜੁੱਸਾ ਜਿਹੜਾ ਹਸਪਤਾਲ ਵਿਚ ਪਿਆਂ ਵੀ ਦੌੜਨ ਲਈ ਅਹੁਲਦਾ ਰਿਹਾ। ‘ਕੇਰਾਂ ਡਾਕਟਰ ਉਹਦਾ ਅਪਰੇਸ਼ਨ ਕਰਨ ਲੱਗੇ ਤਾਂ ਉਹ ਆਖੀ ਜਾਵੇ, “ਪਹਿਲਾਂ ਮੈਨੂੰ ਮੈਰਾਥਨ ਲਾ ਆਉਣ ਦਿਓ। ਜਾਣ ਆਉਣ ਈ ਐਂ। ਬੱਸ ਗਿਆ ਤੇ ਆਇਆ। ਫੇਰ ਕਰ ਲਿਓ ਜਿਹੜੀ ਚੀਰ ਫਾੜ ਕਰਨੀ ਐਂ!”
ਜਦੋਂ ਉਹਦਾ ਗੋਡੇ ਦਾ ਅਪਰੇਸ਼ਨ ਹੋਇਆ ਤਾਂ ਕੁਝ ਮਹੀਨੇ ਉਹਦਾ ਦੌੜਨਾ ਬੰਦ ਹੋ ਗਿਆ ਸੀ। ਉਹ ਸਮਾਂ ਉਸ ਨੇ ਸਾਈਕਲ ਚਲਾ ਕੇ ਮਸਾਂ ਲੰਘਾਇਆ। ਪਰ ਸਾਈਕਲ ਚਲਾਉਣ ‘ਚ ਪੈਰੀਂ ਦੌੜਨ ਵਰਗਾ ਅਨੰਦ ਕਿਥੇ! ਉਹਨੂੰ ਦੌੜ ਦੇ ਇਸ਼ਕ ਨੇ ਟਿਕਣ ਨਾ ਦਿੱਤਾ ਤੇ ਉਹ ਮੁੜ ਦੌੜਨ ਲੱਗ ਗਿਆ। ਅਜੀਤ ਸਿੰਘ, ਅਮਰੀਕ ਸਿੰਘ, ਫੌਜਾ ਸਿੰਘ ਤੇ ਉਹਦਾ ਕੋਚ ਹਰਮੰਦਰ ਸਿੰਘ-ਚਾਰੇ ਜਣੇ ਲਾਹੌਰ ਦੀ ਮੈਰਾਥਨ ਦੌੜੇ। ਲਾਹੌਰੀਆਂ ਨੇ ਸਿੰਘਾਂ ਲਈ ਵਧੇਰੇ ਤਾੜੀਆਂ ਮਾਰੀਆਂ ਤੇ ਉਹ ਦੌੜਾਕਾਂ ਦੀ ਭੀੜ ਵਿਚ ਖਾਸ ਖਿੱਚ ਦਾ ਕੇਂਦਰ ਬਣੇ ਰਹੇ। ਉਨ੍ਹਾਂ ਦੀਆਂ ਪੱਗਾਂ ਤੇ ਝੂਲਦੀਆਂ ਦਾੜ੍ਹੀਆਂ ਨੇ ਕੈਮਰਿਆਂ ਦੀਆਂ ਸ਼ਿਸ਼ਤਾਂ ਆਪਣੇ ਵੱਲ ਭੁਆਈ ਰੱਖੀਆਂ।
ਸ਼ਾਇਦ ਕੋਈ ਜਾਣਨਾ ਚਾਹੇ ਕਿ ਅੱਸੀਆਂ ਤੋਂ ਟੱਪੇ ਇਹ ਬਾਬੇ ਦੌੜਦੇ ਕਿੰਨਾ ਕੁ ਤੇਜ਼ ਨੇ? ਬੁੱਢਿਆਂ ਦੀਆਂ ਦੌੜਾਂ ਤੇਜ਼ ਦੌੜਨ ਦੀ ਥਾਂ ਪੂਰੀਆਂ ਦੌੜਨੀਆਂ ਵਧੇਰੇ ਅਹਿਮ ਹੁੰਦੀਆਂ ਹਨ। ਉਹ ਦੌੜ ਦੇ ਸਨਮੁੱਖ ਦੌੜਦੇ ਹਨ, ਨਾ ਕਿ ਸਮੇਂ ਦੇ ਸਨਮੁੱਖ। ਦੌੜ ਪੂਰੀ ਕਰਨ ਵਾਲਾ ਭਾਵੇਂ ਪਿੱਛੇ ਹੀ ਰਵ੍ਹੇ ਫਿਰ ਵੀ ਜੇਤੂ ਅਖਵਾਉਂਦਾ ਹੈ। ਅਮਰੀਕ ਸਿੰਘ ਨੇ ਦੱਸਿਆ ਕਿ ਉਸ ਨੇ ਸੈਂਕੜੇ ਦੌੜਾਂ ਵਿਚ ਭਾਗ ਲਿਆ ਪਰ ਕੋਈ ਦੌੜ ਵਿਚਾਲੇ ਨਹੀਂ ਛੱਡੀ। ਉਂਜ ਉਹ 42 ਕਿਲੋਮੀਟਰ ਦੀ ਮੈਰਾਥਨ 3 ਘੰਟੇ 18 ਮਿੰਟ ਵਿਚ ਪੂਰੀ ਕਰ ਚੁਕਾ ਹੈ ਤੇ ਅੱਧੀ ਮੈਰਾਥਨ ਇਕ ਘੰਟਾ 27 ਮਿੰਟ ਵਿਚ।
ਅਜੀਤ ਸਿੰਘ ਦੇ ਜੁੱਸੇ ਵਿਚ ਪਤਾ ਨਹੀਂ ਕੀ ਜਾਦੂ ਹੈ ਕਿ ਉਹ ਹਰੇਕ ਹਾਦਸੇ ਪਿੱਛੋਂ ਵਧੇਰੇ ਫਿੱਟ ਹੁੰਦਾ ਰਿਹਾ। ਹਾਦਸੇ ਵੀ ਕਈ ਹੋਏ। ਇਹੋ ਹਾਲ ਅਮਰੀਕ ਸਿੰਘ ਦਾ ਹੈ। ‘ਫਿੱਟਨੈਸ’ ਉਨ੍ਹਾਂ ਦਾ ਖਬਤ ਹੈ। ਅੰਗਰੇਜ਼ ਉਨ੍ਹਾਂ ਦੀਆਂ ਫਿਲਮਾਂ ਬਣਾਉਂਦੇ ਹਨ ਤੇ ਉਨ੍ਹਾਂ ਦੀ ਰੀਸੇ ਦੌੜਦੇ ਹਨ। ਅਜੀਤ ਸਿੰਘ ਨੌਕਰੀ ਤੋਂ ਰਿਟਾਇਰ ਹੋ ਕੇ ਹਡਰਸਫੀਲਡ ਆਪਣੇ ਪੁੱਤਰਾਂ ਕੋਲ ਰਹਿਣ ਲੱਗ ਪਿਆ ਹੈ ਜੋ ਡਾਕਟਰ ਹਨ। ਉਸ ਦੀ ਧੀ ਵੀ ਚੰਗੇ ਅਹੁਦੇ ‘ਤੇ ਹੈ। ਉਨ੍ਹਾਂ ਨੇ ਗੁਰੂ ਅੰਗਦ ਦੇਵ ਓਲੰਪਿਕ ਸੰਸਥਾ ਕਾਇਮ ਕੀਤੀ ਹੈ ਜਿਸ ਰਾਹੀਂ ਲੋੜਵੰਦ ਖਿਡਾਰੀਆਂ ਦੀ ਮਦਦ ਕੀਤੀ ਜਾਂਦੀ ਹੈ।
ਵਡੇਰੀ ਉਮਰ ਦੇ ਇਨ੍ਹਾਂ ਸਿੰਘਾਂ ਵਿਚ ਦੌੜੀ ਜਾਣ ਦਾ ਅਮੁੱਕ ਜਜ਼ਬਾ ਹੈ ਜੋ ਉਨ੍ਹਾਂ ਨੂੰ ਦੇਸ-ਪਰਦੇਸ ਉਡਾਈ ਫਿਰਦਾ ਹੈ। ਉਂਜ ਤਾਂ ਉਹ ਮੈਡਲਾਂ ਦੀਆਂ ਝੋਲੀਆਂ ਭਰੀ ਫਿਰਦੇ ਹਨ ਪਰ ਸਿੱਖ ਸੰਸਥਾਵਾਂ ਨੂੰ ਅਜਿਹੇ ਸੂਰਬੀਰ ਖਿਡਾਰੀਆਂ ਨੂੰ ਸਨਮਾਨਣ ਦਾ ਸ਼ਾਇਦ ਅਜੇ ਚੇਤਾ ਨਹੀਂ ਆਇਆ। ਧੰਨ ਹਨ ਇਹ ਬਾਬੇ ਜੋ ਮਾਨਾਂ ਸਨਮਾਨਾਂ ਤੋਂ ਨਿਰਲੇਪ ਆਪਣੀ ਧੁਨ ‘ਚ ਦੌੜੀ ਜਾਂਦੇ ਹਨ ਤੇ ਸਿੱਖ ਸਰੂਪ ਦੀ ਨੁਮਾਇਸ਼ ਵੀ ਕਰੀ ਜਾਂਦੇ ਹਨ। ਜੀਂਦੇ ਰਹਿਣ ਮੈਰਾਥਨ ਦੌੜਾਂ ਦੇ ਮਹਾਂਰਥੀ!