ਕਿਰਨ ਵਿਹੂਣਾ ਸੂਰਜ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ

ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? ਉਨ੍ਹਾਂ ਮੋਹ-ਪਿਆਰ ਦੀ ਗੱਲ ਕਰਦਿਆਂ ਕਿਹਾ ਸੀ ਕਿ ਮੁਹੱਬਤ ਅਮੁੱਲ ਏ, ਇਹ ਤਾਂ ਦਿਲਾਂ ਦਾ ਸੌਦਾ ਏ, ਜੋ ਨਫੇ/ਨੁਕਸਾਨ ਦੀ ਤੱਕੜੀ ‘ਚ ਨਹੀਂ ਤੁੱਲਦਾ। ਪਿਛਲੇ ਲੇਖ ਵਿਚ ਫੁੱਲਾਂ ਦੀ ਵਾਰਤਾ ਸੁਣਾਉਂਦਿਆਂ ਉਨ੍ਹਾਂ ਕਿਹਾ ਸੀ, ਮਨਾਂ ‘ਚ ਖੁਸ਼ੀ ਦੇ ਦੀਵੇ ਜਗਾਉਣ ਵਾਲਾ ਚਮਨ ਦਾ ਫੁੱਲ ਕਮਰੇ ‘ਚ ਜਾਂਦਿਆਂ ਹੀ ਮੁਰਝਾ ਜਾਂਦਾ ਏ। ਉਨ੍ਹਾਂ ਨਸੀਹਤ ਕੀਤੀ ਕਿ ਫੁੱਲ ਨਾ ਤੋੜੋ। ਇਨ੍ਹਾਂ ਨਾਲ ਗੁਲਜ਼ਾਰਾਂ ਨੂੰ ਭਾਗ ਲਗਣ ਦਿਉ ਅਤੇ ਕੁਦਰਤ ਦੇ ਵਿਹੜੇ ਚਮਨ ਦੀ ਆਰਤੀ ਉਤਾਰਨ ਦਿਉ। ਹਥਲੇ ਲੇਖ ਵਿਚ ਵਿਛੋੜੇ ਦੀ ਵਾਰਤਾ ਦੱਸਦਿਆਂ ਉਨ੍ਹਾਂ ਕਿਹਾ ਹੈ ਕਿ ਵਿਛੋੜਾ ਕੋਈ ਵੀ ਹੋਵੇ, ਵਿਛੋੜਾ ਹੀ ਹੁੰਦਾ ਏ। ‘ਕੱਲੀ ਕੂੰਜ ਵਿਛੜ ਗਈ ਡਾਰੋਂḔ ਦਾ ਦਰਦ। ਸਾਹ ਸੂਤਵੇਂ ਪਲਾਂ ਦੀ ਗਿਣਤੀ। ਸਭ ਤੋਂ ਔਖਾ ਹੁੰਦਾ ਏ ਉਸ ਦਾ ਵਿਛੋੜਾ, ਜਿਸ ਨਾਲ ਤੁਹਾਡੀ ਹਰ ਪਲ ਦੀ, ਹਰ ਗੱਲ ਦੀ, ਹਰ ਹੱਲ ਦੀ ਸਾਂਝ ਹੋਵੇ। -ਸੰਪਾਦਕ

ਗੁਰਬਖਸ਼ ਸਿੰਘ ਭੰਡਾਲ
ਆਪਣੀ ਜੀਵਨ ਸਾਥਣ ਨੂੰ ਕੁਝ ਸਮੇਂ ਲਈ ਵਿਦੇਸ਼ ਤੋਰ ਕੇ ਵਾਪਸ ਪਰਤ ਰਿਹਾ ਸ਼ਖਸ। ਵਿਛੜਨ ਦੀ ਮਿੱਠੀ ਮਿੱਠੀ ਕਸਕ। ਇਕੱਲ ਦਾ ਡਰ? ਸਾਹਾਂ ਵਰਗੇ ਸਾਥ ਦਾ ਕੁਝ ਸਮੇਂ ਲਈ ਖੁੱਸਿਆ ਸਾਥ। ਜ਼ਿੰਦਗੀ ਨੂੰ ਇਕੱਲਿਆਂ ਤੋਰੀ ਰੱਖਣ ਦਾ ਹੰਭਲਾ। ਆਪਣੀ ਸਾਥਣ ਉਪਰ ਸੰਪੂਰਨ ਨਿਰਭਰਤਾ ਵਾਲੀ ਜੀਵਨ-ਸ਼ੈਲੀ ਨੂੰ ਤਬਦੀਲ ਕਰਨ ਦੀ ਮੁਸ਼ਕਿਲ ਦਾ ਸਾਹਮਣਾ। ਸਫਰ ਦੀ ਉਦਾਸੀ ਨੂੰ ਹੋਰ ਸੰਘਣਾ ਕਰ ਰਹੀ ਬੱਸ ਦੀ ਵੀਡੀਓ ਉਪਰ ਚੱਲ ਰਹੀ ਫਿਲਮ ‘ਬਾਗਬਾਨ।’ “ਬੱਚਿਆਂ ਵਲੋਂ ਜੀਵਨ ਦੀ ਢਲਦੀ ਦੁਪਹਿਰੇ ਮਾਪਿਆਂ ਦਾ ਵੰਡ ਵੰਡਾਰਾ। ਬੀਵੀ ਕਿਸੇ ਪਾਸੇ, ਮੀਆਂ ਕਿਸੇ ਪਾਸੇ। ਉਮਰਾਂ ਲੰਮੇਰੇ ਨਿੱਘ ‘ਚ ਬਰਫ ਦੀ ਸਿਲ ਰੱਖਣ ਦੀ ਕੋਸ਼ਿਸ। ਇਕ ਦੂਜੇ ਦੇ ਸਮਰਪਣ ਤੇ ਨਿਰਭਰਤਾ ਦਾ ਚਾਕ ਹੋਣਾ। ਰਿਸ਼ਤਿਆਂ ਦੇ ਫਿੱਕੇ ਪੈ ਗਏ ਰੰਗ। ਮੀਆਂ-ਬੀਵੀ ਦੇ ਵਿਛੜਨ ਵੇਲੇ ਬੜਾ ਕੁਝ ਅਣ ਕਿਹਾ ਕਹਿੰਦੀਆਂ ਨਮ ਅੱਖਾਂ। ਮਨ ਦੀ ਵੇਦਨਾ ਦੀ ਗੁੰਗੀ ਜ਼ੁਬਾਨ। ਇਕ ਦੂਜੇ ਲਈ ਅੰਤਰੀਵੀ ਖਿੱਚ ਨੂੰ ਹੋਰ ਮਜ਼ਬੂਤ ਕਰ ਰਿਹਾ ਮਜਬੂਰੀਵੱਸ ਪਿਆ ਵਿਛੋੜਾ। ਜ਼ਿੰਦਗੀ ਦੀ ਸ਼ਾਮ ‘ਚ ਘੁਲ ਰਹੇ ਉਦਾਸ ਰੰਗ। ਆਖਰ ਨੂੰ ਮਾਨਸਿਕ ਪੀੜਾ ‘ਚੋਂ ਉਪਜਿਆ ਸਾਹਸ, ਪੁਨਰ ਮਿਲਣ ਦੇ ਪਲਾਂ ਨਾਲ ਪੁਰ ਸਕੂਨ ਜ਼ਿੰਦਗੀ ਦੀ ਨਵੀਂ ਸ਼ੁਰੂਆਤ।” ਅਤੇ ਉਹ ਨਮ ਅੱਖਾਂ ਨਾਲ ਬੱਸ ਤੋਂ ਉਤਰ ਘਰ ਨੂੰ ਤੁਰ ਪਿਆ, ਜਿਥੇ ਇਕੱਲ ਉਸ ਦੀ ਉਡੀਕ ਕਰ ਰਹੀ ਸੀ।
ਆਪਣਿਆਂ ਦਾ ਆਪਣਿਆਂ ਤੋਂ ਦੂਰ ਜਾਣਾ। ਸਾਹਾਂ ਦਾ ਮਹਿਕ ਵਿਹੂਣਾ ਹੋ ਜਾਣਾ। ਪਰਿੰਦੇ ਦੇ ਪਰਾਂ ਤੋਂ ਮੁਨਕਰ ਹੋਈ ਪਰਵਾਜ਼, ਦਰਾਂ ਦੀ ਦਸਤਕ ਦਾ ਖਾਮੋਸ਼ ਹੋ ਜਾਣਾ। ਘਰ ‘ਚ ਪਿਆਰਿਆਂ ਦੇ ਬੋਲਾਂ ਲਈ ਤਰਸਣਾ। ਦੀਦਿਆਂ ‘ਚ ਤਰਦੀ ਤਸਵੀਰ ਨੂੰ ਨਿਹਾਰਨਾ ਅਤੇ ਚਮਨ ਦੀ ਉਦਾਸੀ ਦੀ ਆਰਤੀ ਉਤਾਰਨਾ, ਵਿਛੋੜੇ ਦੀ ਚਸ਼ਮਦੀਦ ਗਵਾਹੀ।
ਵਿਛੜਨਾ ਤੇ ਮਿਲਣਾ ਜੱਗ ਦੀ ਰੀਤ। ਉਮਰਾਂ ਦੀ ਤਵਾਰੀਖ। ਅਸੀਂ ਵੱਖੋ ਵੱਖਰੇ ਕਾਰਨਾਂ ਕਰਕੇ ਵੱਖੋ ਵੱਖਰੇ ਪੜਾਅ ‘ਤੇ ਇਕ ਦੂਸਰੇ ਤੋਂ ਵਿਛੜਦੇ ਹਾਂ। ਘਰੋਂ ਤੁਰ ਰਹੇ ਨੌਕਰ ਦੀ ਮਜਬੂਰੀ ਹੁੰਦੀ ਹੈ, ਰੋਟੀ ਖਾਤਰ ਅਤੇ ਪਰਿਵਾਰ ਦੇ ਉਜਲ ਭਵਿੱਖ ਲਈ ਆਪਣਿਆਂ ਤੋਂ ਦੂਰ ਹੋਣ ਦੀ। ਨਵੇਂ ਥਾਂਵਾਂ ਤੇ ਨਵੇਂ ਹਾਲਾਤ ‘ਚ ਆਪਣੇ ਆਪ ਨੂੰ ਢਾਲਣਾ ਅਤੇ ਇਕ ਪਾਕਿਸਤਾਨੀ ਗਾਣੇ ਦੇ ਬੋਲਾਂ ਨੂੰ ਯਾਦਾਂ ਦੀ ਤਲੀ ‘ਤੇ ਧਰਨਾ, “ਵਿਛੜਨ ਵਿਛੜਨ ਕਰਦਾ ਏਂ, ਜਦ ਵਿਛੜੇਂਗਾ ਪਤਾ ਲੱਗਜੂਗਾ।”
ਬੜਾ ਔਖਾ ਹੁੰਦਾ ਏ, ਸਮਾਜਕ ਜਿੰਮੇਵਾਰੀ ਨਿਭਾਉਂਦਿਆਂ ਧੀ ਨੂੰ ਆਪਣੇ ਹੱਥੀਂ ਵਿਦਾ ਕਰਨਾ। ਦਿਲ ‘ਚ ਡੋਬੂ ਪਾਉਂਦਾ ਏ, ਉਮਰਾਂ ਜੇਡ ਵਿਛੋੜਾ। ‘ਕੇਰਾਂ ਮੇਰਾ ਡਾਕਟਰ ਮਿੱਤਰ ਕਹਿਣ ਲੱਗਾ, “ਮੈਨੂੰ ਆਪਣੀਆਂ ਦੋਵੇਂ ਧੀਆਂ, ਹੋਰ ਦੋ-ਚਾਰ ਸਾਲ ਤੀਕ ਵਿਆਹ ਕੇ ਘਰੋਂ ਤੋਰਨੀਆਂ ਪੈਣਗੀਆਂ। ਮੈਨੂੰ ਤਾਂ ਇਹ ਸੋਚ ਕੇ ਹੀ ਕੁਝ ਹੋਣ ਲੱਗ ਪੈਂਦਾ ਏ। ਕਿਵੇਂ ਸਹਾਰਾਂਗਾ ਮੈਂ ਆਪਣੀਆਂ ਸਾਹਾਂ ਤੋਂ ਕੀਮਤੀ ਧੀਆਂ ਦਾ ਵਿਛੋੜਾ? ਤੂੰ ਪਤਾ ਨਹੀਂ ਕਿਵੇਂ ਧੀਆਂ ਦੇ ਵਿਛੋੜੇ ਦੀ ਮਾਨਸਿਕ ਪੀੜਾ ‘ਚੋਂ ਗੁਜ਼ਰ ਰਿਹਾ ਏਂ?” ਕਿੰਜ ਦੱਸਦਾ ਕਿ ਧਰਤ ਵਰਗੀਆਂ ਧੀਆਂ ਦਾ ਮੋਹ ਦੂਰ ਜਾ ਕੇ, ਹੋਰ ਵੀ ਤੀਖਣ ਹੋ ਜਾਂਦਾ ਏ।
ਜਦ ਕੁੱਖੋਂ ਜਾਏ ਸ਼ਾਦੀ ਕਰਕੇ, ਉਚੇਰੀ ਪੜ੍ਹਾਈ ਕਾਰਨ ਜਾਂ ਨੌਕਰੀ ਕਾਰਨ ਵਿਛੜਦੇ ਨੇ ਤਾਂ ਘਰ ‘ਚੋਂ ਗੁੰਮ ਜਾਂਦੀ ਏ ਆਪਸੀ ਲੜਾਈ, ਜਿੱਦ ਪੁਗਾਉਣਾ ਅਤੇ ਇੱਕ ਦੂਜੇ ਨੂੰ ਖਿਝਾਉਣਾ। ਭੈਣ ਦੀ ਰੱਖੜੀ ਤੇ ਵੀਰੇ ਦਾ ਗੁੱਟ ਦੂਰੀਆਂ ‘ਚ ਨਪੀੜੇ ਜਾਂਦੇ ਨੇ। ਆਪਣਿਆਂ ਦੀ ਆਮਦ ਉਪਰਾਮ ਹੋ ਜਾਂਦੀ ਏ। ਭੈਣਾਂ-ਭਰਾਵਾਂ ‘ਚ ਪਨਪਦਾ ਮੋਹ, ਖਤਾਂ ਤੇ ਸੁਨੇਹਿਆਂ ਦੀ ਮੁਹਤਾਜੀ ਹੰਢਾਉਂਦਾ ਏ। ਤੂਤ ਦੇ ਮੋਛੇ ਵਰਗੀ ਸਾਂਝ ਹਉਕਾ ਭਰਦੀ ਏ। ਸਾਹਾਂ ਵਰਗਾ ਸਾਜ ਆਪਣੀ ਅਉਧ ਲਈ ਅਰਦਾਸ ਕਰਦਾ ਏ।
ਬਹੁਤੀ ਵਾਰ ਮੀਆਂ-ਬੀਵੀ ਵਿਛੜਦੇ ਨੇ ਪਰਿਵਾਰਕ ਮਜਬੂਰੀਆਂ ਲਈ, ਭਾਵੇਂ ਉਹ ਬੱਚਿਆਂ ਦੀ ਲੋੜ ਹੋਵੇ ਜਾਂ ਰਿਸ਼ਤੇਦਾਰਾਂ ਨੂੰ ਕਿਸੇ ਦੀ ਥੋੜ੍ਹ ਹੋਵੇ। ਬਿਮਾਰ ਦੀ ਸੇਵਾ ਸੰਭਾਲ ਹੋਵੇ ਜਾਂ ਬਜ਼ੁਰਗ ਨੂੰ ਸਾਂਭਣ ਦਾ ਖਿਆਲ ਹੋਵੇ। ਕਈ ਵਾਰ ਮੀਆਂ ਬੀਵੀ, ਆਰਥਿਕ ਸਾਧਨ ਪੈਦਾ ਕਰਨ ਲਈ ਸਾਰੀ ਉਮਰ ਦੇ ਨਾਂਵੇਂ ਹੀ ਇਕਲਾਪਾ ਲਿਖਵਾ ਛੱਡਦੇ ਨੇ। ਚੋਰੀ ਛੁਪੇ ਵਿਦੇਸ਼ਾਂ ‘ਚ ਗਏ ਆਦਮੀ ਨੂੰ ਪੱਕਾ ਹੋਣ ਲਈ ਕਈ ਵਾਰ ਤਾਂ ਸਾਰੀ ਉਮਰ ਹੀ ਲੱਗ ਜਾਂਦੀ ਏ ਅਤੇ ਇਸ ਵਿਛੋੜੇ ‘ਚ ਫਿੱਕਾ ਪੈ ਜਾਂਦਾ ਏ ਸੁਹਾਗ ਦਾ ਸੂਹਾ ਰੰਗ, ਰੁੱਸ ਜਾਂਦੀ ਏ ਉਮੰਗ ਅਤੇ ਉਦਾਸ ਹੋ ਜਾਂਦੀ ਏ ਜੀਵਨ-ਤਰੰਗ।
ਉਚੇਰੀ ਪੜ੍ਹਾਈ ਲਈ ਵਿਦੇਸ਼ ਜਾ ਰਿਹਾ ਲਾਡਲਾ। ਵਿਹੜੇ ‘ਚ ਜੁੜਿਆ ਪਰਿਵਾਰ। ਜਿਥੇ ਘਰ ਵਾਲਿਆਂ ਦੇ ਮਨਾਂ ‘ਚ ਚੰਗੇਰੇ ਭਵਿੱਖ ਦੀ ਆਸ ਦਾ ਜਗਦਾ ਦੀਪਕ, ਉਥੇ ਆਪਣੀ ਆਂਦਰ ਦੇ ਵਿਛੜਨ ਦਾ ਦਰਦ ਵੀ। ਕੰਧ ਉਹਲੇ ਪਰਦੇਸ ਦੀ ਗਾਥਾ। ਦੂਰ ਤੁਰ ਗਿਆਂ ਦਾ ਫਿਕਰ। ਦਰਾਂ ‘ਚ ਤੇਲ ਚੋਂਦੀ ਤੇ ਪਾਣੀ ਡੋਲਦੀ ਮਾਂ ਦੇ ਦਿਲ ਨੂੰ ਪੈਂਦੇ ਹੌਲ। ਦਾਦੀ ਦੀ ਡੰਗੋਰੀ ਲਈ ਸ਼ਾਇਦ ਆਖਰੀ ਮਿਲਾਪ ਦੀ ਘੜੀ। ਬਾਪੂ ਦੇ ਧੌਲਿਆਂ ‘ਚ ਹੰਝੂਆਂ ਦੇ ਤ੍ਰੇਲ-ਤੁਪਕੇ ਅਤੇ ਦੂਰ ਤੁਰਿਆ ਜਾਂਦਾ ਪੁੱਤਰ, ਅੱਖੋਂ ਓਹਲੇ ਹੋ ਸਭ ਦੀ ਤਲੀ ‘ਤੇ ਇਕ ਉਡੀਕ ਧਰ ਗਿਆ। ਹਰ ਇਕ ਦੇ ਮਸਤਕ ‘ਤੇ ਉਕਰੀ ਵਿਛੋੜੇ ਦੀ ਲੰਮੀ ਲਕੀਰ, ਵੇਦਨਾ।
ਵਿਛੋੜਾ ਕਈ ਰੂਪਾਂ ‘ਚ ਸਾਡੇ ਸੰਗ ਸੰਵਾਦ ਰਚਾਉਂਦਾ ਏ, ਆਪਣੀ ਹੋਂਦ ਦਾ ਅਹਿਸਾਸ ਜਗਾਉਂਦਾ ਏ ਅਤੇ ਸਾਡੀ ਜੀਵਨ-ਜੁਗਤ ਨੂੰ ਇਮਤਿਹਾਨ ‘ਚ ਪਾਉਂਦਾ ਏ। ਜਦ ਮਾਂ-ਪਿਓ ਸਾਥੋਂ ਵਿਛੜਦੇ ਨੇ ਤਾਂ ਇਕ ਛਾਂ ਤੋਂ ਮਹਿਰੂਮ ਹੋ ਜਾਂਦੇ ਹਾਂ, ਇਕ ਨਿੱਘ ਤੋਂ ਵਿਰਵੇ, ਉਮਰਾਂ ਦੀਆਂ ਸਿਆਣਪਾਂ ਤੋਂ ਵਿਹੂਣੇ, ਰਿਸ਼ਤਿਆਂ ਦੇ ਨਿਭਾਅ ਤੋਂ ਸੱਖਣੇ, ਸਮਾਜਕ ਸੋਝੀ ਤੋਂ ਕੋਰੇ ਅਤੇ ਜਿੰਮੇਵਾਰੀਆਂ ਸਿਰ ‘ਤੇ ਪੈ ਜਾਂਦੀਆਂ ਨੇ। ਹਰ ਫੈਸਲਾ ਖੁਦ ਕਰਨਾ ਪੈਂਦਾ ਏ ਅਤੇ ਇਸ ਦੇ ਸਹੀ-ਗਲਤ ਦੇ ਖੁਦ ਜਿੰਮੇਵਾਰ। ਸਭ ਤੋਂ ਨਿਰਪੱਖ ਸਲਾਹਕਾਰ ਤੇ ਸਾਡੀਆਂ ਪ੍ਰਾਪਤੀਆਂ ਦੀ ਲੋਚਾ ਮਨ ‘ਚ ਪਾਲਣ ਵਾਲੇ ਤੁਰ ਜਾਂਦੇ ਨੇ। ਹੱਲਾਸ਼ੇਰੀ ਦੇਣ ਵਾਲਾ ਕੋਈ ਨਹੀਂ ਹੁੰਦਾ। ਫਿਰ ਕੰਧ ‘ਤੇ ਲਟਕਦੀ, ਮਾਂ-ਪਿਓ ਦੀ ਉਦਾਸ ਜਿਹੀ ਤਸਵੀਰ ਹੀ ਸਾਡੇ ਲਈ ਬਣਦੀ ਏ ਅਸੀਸ, ਸੰਵੇਦਨਾ।
ਹੱਥੀਂ ਪਾਲ ਪੋਸ ਕੇ, ਧੀਆਂ-ਪੁੱਤਰ ਜਦੋਂ ਘਰੋਂ ਬਾਹਰ ਪੈਰ ਰੱਖਦੇ ਨੇ ਤਾਂ ਵਿਛੋੜੇ ‘ਚ ਮਾਪਿਆਂ ਦੇ ਕਾਲਜੇ ‘ਚ ਪੈਂਦੀ ਖੋਹ, ਘਰ ਦੀਆਂ ਕੰਧਾਂ ਨੂੰ ਰੁਆਉਂਦੀ ਹੈ। ਘਰ ਉਪਰਾਮਤਾ ਦੀ ਜੂਨ ਹੰਢਾਉਂਦਾ ਏ ਅਤੇ ਬੱਚਿਆਂ ਦੇ ਚੋਚਲੇ ਤੇ ਚਹਿਕਦੇ ਬੋਲਾਂ ਨੂੰ ਮਨ ਦੀ ਤੰਦੀ ‘ਤੇ ਟਿਕਾਉਂਦਾ ਏ। ਘਰ, ਘਰ ਦੇ ਆਰਥਾਂ ਤੋਂ ਸੱਖਣਾ ਹੋਇਆ, ਦੂਰ ਤੁਰ ਗਿਆਂ ਨੂੰ ਛੇਤੀ ਪਰਤ ਆਉਣ ਲਈ ਵਾਸਤਾ ਪਾਉਂਦਾ ਏ। ਇਕ ਦੂਸਰੇ ਦਾ ਆਸਰਾ ਬਣੀ ਬਜ਼ੁਰਗ ਜੋੜੀ ਲਈ, ਕੁਝ ਸਮੇਂ ਦਾ ਵਿਛੋੜਾ ਵੀ ਯੁੱਗਾਂ ਤੀਕਰ ਫੈਲ ਜਾਂਦਾ ਏ। ਦਰਅਸਲ, ਦੋਹਾਂ ਦੀ ਉਮਰ ਭਰ ਦੀ ਇਕਸੁਰਤਾ ਨੇ, ਉਨ੍ਹਾਂ ਦੀ ਜੀਵਨ-ਸ਼ੈਲੀ ਇਕ ਦੂਜੇ ਉਪਰ ਇੰਨੀ ਨਿਰਭਰ ਕਰ ਦਿੱਤੀ ਹੁੰਦੀ ਹੈ ਕਿ ਸਮੇਂ ਨੂੰ ਇਕੱਲਿਆਂ ਲੰਘਾਉਣਾ ਔਖਾ ਹੁੰਦਾ ਏ।
ਵਿਛੋੜਾ ਕੋਈ ਵੀ ਹੋਵੇ, ਵਿਛੋੜਾ ਹੀ ਹੁੰਦਾ ਏ। ‘ਕੱਲੀ ਕੂੰਜ ਵਿਛੜ ਗਈ ਡਾਰੋਂḔ ਦਾ ਦਰਦ। ਸਾਹ ਸੂਤਵੇਂ ਪਲਾਂ ਦੀ ਗਿਣਤੀ। ਸਭ ਤੋਂ ਔਖਾ ਹੁੰਦਾ ਏ ਉਸ ਦਾ ਵਿਛੋੜਾ, ਜਿਸ ਨਾਲ ਤੁਹਾਡੀ ਹਰ ਪਲ ਦੀ, ਹਰ ਗੱਲ ਦੀ, ਹਰ ਹੱਲ ਦੀ ਸਾਂਝ ਹੋਵੇ। ਤੁਹਾਡਾ ਹਰਦਮ, ਤੁਹਾਡਾ ਹਮਰਾਜ ਤੇ ਜ਼ਰਾ-ਨਿਵਾਜ਼। ‘ਹੱਥੀਂ ਤੋਰੇ ਸੱਜਣਾਂ ਨੂੰ, ਨਾਲੇ ਯਾਦ ਕਰਾਂ ਨਾਲੇ ਰੋਵਾਂ’ ਦੀ ਜੂਨ, ਸਲਾਬੀ ਹੋਈ ‘ਵਾ।
ਵਿਛੋੜਾ, ਵਿਹਲੇ ਪਲਾਂ ਦੀ ਤਲੀ ‘ਤੇ ਸੂਖਮ ਸੋਚ ਦੀ ਅੰਬਰੀਂ ਉਡਾਣ ਦਾ ਸਿਰਨਾਵਾਂ, ਵਿਛੋੜਾ ਆਤਮ ਚਿੰਤਨ ਦਾ ਸਬੱਬ, ਆਪਣੇ ਨਾਲ ਰਚਾਇਆ ਸੰਵਾਦ, ਚੇਤੇ ‘ਚ ਸੰਗੀਤ ਘੋਲਦੀ ਮਨ ਦੀ ਰਬਾਬ, ਯਾਦ ‘ਚ ਅੰਗੜਾਈਆਂ ਲੈਂਦੀ ਨਿੱਘੀ ਯਾਦ ਅਤੇ ਉਡੀਕ ਦੀ ਤੰਦੀ ‘ਤੇ ਪੁਨਰ ਮਿਲਣ ਦਾ ਵਿਸਮਾਦ।
ਵਿਛੋੜਾ ਜੇ ਨਵੀਆਂ ਪੈੜਾਂ ਦੀ ਰਹਿਤਲ ਹੋਵੇ, ਕਿਸੇ ਦੀਆਂ ਭਾਵਨਾਵਾਂ ਦੇ ਦਰੀਂ ਤੇਲ ਚੋਵੇ, ਕਿਸੇ ਦੇ ਸਾਥ ਦੀ ਸੁੱਚਮਤਾ ਜੱਗ-ਜ਼ਾਹਰ ਹੋਵੇ, ਚਮਨ ਦੇ ਵਿਹੜੇ ਬਹਾਰਾਂ ਦਾ ਨਿਉਂਦਾ ਹੋਵੇ, ਕਿਸੇ ਦੀ ਪੀੜਾ ਧੋਵੇ ਅਤੇ ਨਰੋਈਆਂ ਪ੍ਰਾਪਤੀਆਂ ਦੀ ਕਤਾਰ ‘ਚ ਖਲੋਵੇ ਤਾਂ ਵਿਛੋੜਾ ਸਾਰਥਕ ਪ੍ਰਾਪਤੀ ਦਾ ਹਾਣੀ ਹੋਵੇ।
ਜਦ ਮਸਤਕ ਨਾਲੋਂ ਸੋਚ ਵਿਛੜ ਜਾਵੇ ਤਾਂ ਜਹਾਲਤ ਫੈਲਦੀ ਏ। ਜੇ ਜੀਵਨ ‘ਚੋਂ ਅਦਬ ਦੂਰ ਤੁਰ ਜਾਵੇ ਤਾਂ ਜੀਵਨ-ਜੁਗਤ ਡਗਮਗਾ ਜਾਂਦੀ ਏ। ਜੇ ਸਾਹ ਸਰੀਰ ਤੋਂ ਵਿਛੜ ਜਾਵੇ ਤਾਂ ਮਨੁੱਖ ਮਿੱਟੀ ਹੋ ਜਾਂਦਾ ਏ। ਸਾਰੀ ਧਾਰਮਕ ਵਿਦਿਆ ਪਰਮਾਤਮਾ ਤੋਂ ਵਿਛੜੀ ਆਤਮਾ ਦੀ ਵੇਦਨਾ, ਉਸ ਨੂੰ ਪੁਨਰ ਮਿਲਣ ਦੀ ਪੁਕਾਰ ਅਤੇ ਮਿਲਣ ਚਾਹਤ ਲਈ ਨਵੇਂ ਨਵੇਂ ਰਸਤਿਆਂ ਦੀ ਨਿਸ਼ਾਨਦੇਹੀ। ਸਭ ਧਰਮ ਆਤਮਾ ਦੇ ਪਰਮਾਤਮਾ ਨਾਲ ਮਿਲਣ ਦੇ ਤਰਜਮਾਨ ਅਤੇ ਮਿਲਾਪ ‘ਚੋਂ ਉਪਜਦੇ ਆਤਮਿਕ ਸੁੱਖ ਦੀ ਸੰਵੇਦਨਾ ਦਾ ਆਲੇਖ।
ਵਿਛੋੜਾ ਇਕ ਇਮਤਿਹਾਨ ਏ, ਤੁਹਾਡੇ ਇਤਮਿਨਾਨ ਦਾ, ਗਿਆਨ ਦਾ। ਜੀਵਨ ਦੀਆਂ ਤਲਖ ਹਕੀਕਤਾਂ ਨੂੰ ਇਕੱਲਿਆਂ ਹੰਢਾਉਣਾ ਅਤੇ ਉਨ੍ਹਾਂ ‘ਚੋਂ ਆਪਣਾ ਅਰਘ, ਆਪ ਰੁਸ਼ਨਾਉਣਾ। ਵਿਛੋੜਾ ਇਕ ਵਕਤ ਹੈ, ਤੁਹਾਡੀ ਸ਼ਖਸੀਅਤ ‘ਚ ਆਏ ਨਿਖਾਰ ਦਾ, ਬਦਲਦੇ ਹਾਲਾਤ ‘ਚ ਆਪੇ ਨੂੰ ਢਾਲਣ ਦੀ ਜੁਗਤ ਅਤੇ ਜੀਵਨ ਦੇ ਹਰ ਪਲ ਨੂੰ ਵਰਤਮਾਨ ਵਿਚ ਮਾਣਨ ਦੀ ਜੁਰਅਤ। ਵਿਛੋੜਾ, ਜੀਵਨ ਕਸੁੰਭੜੇ ਨੂੰ ਸਹੀ ਸਰੂਪ ਵਿਚ ਸਮਝਣ, ਸੰਵਾਰਨ ਅਤੇ ਸਤਿਕਾਰਨ ਦਾ ਸਫਲਤਾਪੂਰਵਕ ਵਿਸਥਾਰ।