ਬੂਟਾ ਸਿੰਘ
ਫੋਨ: +91-94634-74342
ਸੰਘ ਬ੍ਰਿਗੇਡ ਦੀ ਫਿਰਕੂ ਪਾਲਾਬੰਦੀ ਦੀ ਸਿਆਸਤ ਇਸ ਵਕਤ ਉਤਰ ਪ੍ਰਦੇਸ਼ ਵਿਚ ਰੰਗ ਦਿਖਾ ਰਹੀ ਹੈ। ਪੱਛਮੀ ਯੂæਪੀæ ਦੇ ਬਾਕੀ ਜ਼ਿਲ੍ਹੇ ਜਦੋਂ ਫਿਰਕੂ ਦੰਗਿਆਂ ਦੇ ਪੱਖ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਸਨ, ਸਹਾਰਨਪੁਰ ਜ਼ਿਲ੍ਹਾ ਮੁਕਾਬਲਤਨ ਸ਼ਾਂਤੀਪੂਰਨ ਮੰਨਿਆ ਜਾਂਦਾ ਸੀ। ਬਾਬਰੀ ਮਸਜਿਦ ਢਾਹੁਣ ਸਮੇਂ ਵੀ ਇਥੇ ਫਿਰਕੂ ਫ਼ਸਾਦ ਨਹੀਂ ਹੋਏ ਸਨ, ਪਰ ਭਗਵੀਂ ਸਿਆਸਤ ਦੀ ਡੂੰਘੀ ਘੁਸਪੈਠ ਨੇ ਹੁਣ ਇਸ ਜ਼ਿਲ੍ਹੇ ਵਿਚ ਵੀ ਖ਼ਤਰਨਾਕ ਸਮਾਜੀ ਤਣਾਓ ਪੈਦਾ ਕਰ ਦਿੱਤਾ ਹੈ।
ਇਨ੍ਹਾਂ ਹਾਲਾਤ ਵਿਚ ਹੀ ਇਥੇ ‘ਭੀਮ ਆਰਮੀ ਭਾਰਤ ਏਕਤਾ ਮਿਸ਼ਨ’ ਵਰਤਾਰੇ ਨੇ ਜ਼ੋਰ ਫੜਿਆ ਹੈ। ਚਾਰ ਸਾਲ ਪਹਿਲਾਂ ਇਹ ਸੈਨਾ ਚੰਦਰਸ਼ੇਖਰ ਨਾਂ ਦੇ ਨੌਜਵਾਨ ਦਲਿਤ ਵਕੀਲ ਨੇ ਬਣਾਈ ਸੀ। ਇਹ ਦਲਿਤਾਂ ਦੇ ਹੱਕਾਂ ਤੇ ਹੋਰ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਹੈ ਜਿਸ ਦੇ ਯੂæਪੀæ ਸਮੇਤ ਸੱਤ ਸੂਬਿਆਂ ਵਿਚ 40000 ਮੈਂਬਰ ਦੱਸੇ ਜਾਂਦੇ ਹਨ।
ਕੇਂਦਰ ਵਿਚ ਸੰਘ ਬ੍ਰਿਗੇਡ ਦੀ ਸਰਕਾਰ ਬਣਨ ਨਾਲ ਅਤੇ ਪੂਰੇ ਮੁਲਕ ਵਿਚ ਸੂਬਿਆਂ ਦੀ ਸੱਤਾ ਉਪਰ ਕਬਜ਼ਾ ਕਰਨ ਦੀ ਆਰæਐਸ਼ਐਸ਼ ਦੀ ਮੁਹਿੰਮ ਦੇ ਜ਼ੋਰ ਫੜਨ ਨਾਲ ਦਲਿਤ ਅਤੇ ਘੱਟ-ਗਿਣਤੀਆਂ ਹੋਰ ਵੀ ਅਸੁਰੱਖਿਅਤ ਹੋ ਗਈਆਂ ਹਨ। ਭੈਅ ਅਤੇ ਅਸੁਰੱਖਿਆ ਦੇ ਇਸ ਮਾਹੌਲ ਵਿਚ ਇਹ ਸੰਸਥਾ ਦਲਿਤਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਸੰਘ ਖ਼ਿਲਾਫ਼ ਜੁੜਨ ਦਾ ਮੰਚ ਮੁਹੱਈਆ ਕਰ ਰਹੀ ਹੈ।
ਮੋਦੀ ਨੇ ਆਪਣੇ ਪ੍ਰੋਜੈਕਟ ਦਾ ਆਗਾਜ਼ ‘ਕਾਂਗਰਸ ਮੁਕਤ ਭਾਰਤ’ ਤੋਂ ਕੀਤਾ ਸੀ, ਭਾਜਪਾ ਮੁਖੀ ਅਮਿਤ ਸ਼ਾਹ ਦਾ ਨਿਸ਼ਾਨਾ ਉਸ ਤੋਂ ਵੀ ਅੱਗੇ ਮੁਲਕ ਨੂੰ ‘ਵਿਰੋਧੀ ਧਿਰ ਤੋਂ ਮੁਕਤ’ ਬਣਾਉਣ ਦਾ ਹੈ। ਸਿਆਸੀ ਸ਼ਰੀਕਾਂ ਨੂੰ ਨੇਸਤੋਨਾਬੂਦ ਕਰਨ ਲਈ ਉਹ ਕੁਝ ਵੀ ਕਰਨ ਲਈ ਤਤਪਰ ਹਨ। ਯੂæਪੀæ ਵਿਚ ਸਮਾਜਵਾਦੀ ਪਾਰਟੀ-ਬਹੁਜਨ ਸਮਾਜ ਪਾਰਟੀ ਦੇ ਵੋਟ ਆਧਾਰ ਨੂੰ ਸੱਟ ਮਾਰਨ ਲਈ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਮੁਸਲਮਾਨਾਂ ਦੇ ਰਵਾਇਤੀ ਚੋਣ ਗੱਠਜੋੜ ਵਿਚ ਸੰਨ੍ਹ ਲਾਈ ਗਈ। ਜਾਟ ਬੇਚੈਨੀ ਨੂੰ ਖ਼ਤਮ ਕਰਨ ਲਈ ਮੁਸਲਮਾਨਾਂ ਖਿਲਾਫ ਨਫ਼ਰਤ ਦਾ ਹਥਿਆਰ ਥੋਕ ਪੈਮਾਨੇ ‘ਤੇ ਵਰਤਿਆ ਗਿਆ। ਅਜਿਹੇ ਹੱਥਕੰਡੇ ਅਪਣਾ ਕੇ ਯੂæਪੀæ ਵਿਚ ਸਰਕਾਰ ਬਣਾ ਲਈ ਗਈ। ਹੁਣ ਸਥਾਨਕ ਸੰਸਥਾਵਾਂ- ਜ਼ਿਲ੍ਹਾ ਪ੍ਰੀਸ਼ਦਾਂ, ਪੰਚਾਇਤ ਸਮਿਤੀਆਂ ਆਦਿ ਉਪਰ ਕਾਬਜ਼ ਹੋਣ ਲਈ ਫਿਰਕੂ ਅਤੇ ਜਾਤਪਾਤੀ ਨਫ਼ਰਤ ਨੂੰ ਭੜਕਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਸੰਘੀਆਂ ਨੂੰ ਡਾæ ਅੰਬੇਡਕਰ ਨਾਲ ਹੇਜ ਜਾਗਿਆ ਹੈ, ਪਰ ਸੰਘ ਦੇ ਘਿਨਾਉਣੇ ਇਤਿਹਾਸ ਤੋਂ ਵਾਕਫ਼ ਲੋਕ ਜਾਣਦੇ ਹਨ ਕਿ ਡਾæ ਅੰਬੇਡਕਰ ਦੇ ਦਿਹਾੜੇ ਮਨਾਉਣ ਪਿੱਛੇ ਸੰਘ ਦੀ ਇਕੋ ਇਕ ਮਨਸ਼ਾ ਦਲਿਤ ਵੋਟ ਬੈਂਕ ਬਟੋਰਨ ਦੀ ਹੈ। ਇਹ ਵੀ ਯਾਦ ਰੱਖਣਾ ਹੋਵੇਗਾ ਕਿ ਮਾਮਲਾ ਮਹਿਜ਼ ਕਿਸੇ ਪਿੰਡ ਜਾਂ ਮੁਹੱਲੇ ਵਿਚੋਂ ਇਨ੍ਹਾਂ ਅਖੌਤੀ ਜਯੰਤੀ ਮਾਰਚਾਂ ਦੇ ਗੁਜ਼ਰਨ ਦਾ ਨਹੀਂ ਹੈ; ਸੰਘ ਦੇ ਭੜਕਾਏ ਹਜੂਮ ਦਲਿਤ ਅਤੇ ਮੁਸਲਿਮ ਮੁਹੱਲਿਆਂ ਨੂੰ ‘ਦੁਸ਼ਮਣ’ ਇਲਾਕੇ ਮੰਨ ਕੇ ਇਥੇ ਜੇਤੂ ਮਾਰਚ ਕੱਢਦੇ ਹਨ ਅਤੇ ਭੜਕਾਹਟ ਪੈਦਾ ਕਰ ਕੇ ਫ਼ਸਾਦ ਖੜ੍ਹੇ ਕਰਦੇ ਹਨ। ਇਹ ਸਹਾਰਨਪੁਰ ਖੇਤਰ ਦੇ ਹਾਲੀਆ ਘਟਨਾਕ੍ਰਮ ਵਿਚ ਉਘੜਵੇਂ ਰੂਪ ਵਿਚ ਸਾਹਮਣੇ ਆਇਆ ਹੈ।
ਭਾਜਪਾ ਦੀ ਜਿੱਤ ਨਾਲ ਯੂæਪੀæ ਦੇ ਠਾਕੁਰ, ਬ੍ਰਾਹਮਣ ਆਗੂਆਂ ਦੀ ਹੈਂਕੜ ਵਧ ਚੁੱਕੀ ਹੈ। ਉਹ ਦਲਿਤਾਂ ਉਪਰ ਪੁਰਾਣਾ ‘ਸੁਨਹਿਰੀ ਯੁਗ’ ਵਾਲਾ ਦਾਬਾ ਮੁੜ ਥੋਪਣਾ ਚਾਹੁੰਦੇ ਹਨ। ਉਹ ਚੋਣਾਂ ਵਿਚ ਦਲਿਤ ਵੋਟ ਵੀ ਚਾਹੁੰਦੇ ਹਨ ਅਤੇ ਦਲਿਤਾਂ ਅੰਦਰ ਖੌਲ਼ ਰਹੀ ਹੱਕਾਂ ਦੀ ਖ਼ਾਹਸ਼ ਨੂੰ ਵੀ ਦਬਾਉਣਾ ਚਾਹੁੰਦੇ ਹਨ, ਪਰ ਬਾਬੂ ਕਾਂਸ਼ੀਰਾਮ ਦੀ ‘ਵੋਟ ਹਮਾਰਾ, ਰਾਜ ਤੁਮਾਰਾ ਨਹੀਂ ਚਲੇਗਾ’ ਦੀ ਚੋਣਵਾਦੀ ਸਿਆਸਤ ਨੇ ਦਲਿਤ ਸਮਾਜ ਵਿਚ ਐਨਾ ਕੁ ਸਵੈਮਾਣ ਤਾਂ ਜਗਾ ਹੀ ਦਿੱਤਾ ਹੈ ਕਿ ਉਹ ਹੁਣ ਉਚ ਜਾਤੀ ਦਾਬੇ ਨੂੰ ਦੜ ਵੱਟ ਕੇ ਸਹਿਣ ਲਈ ਤਿਆਰ ਨਹੀਂ। ਕੁਝ ਮਹੀਨੇ ਪਹਿਲਾਂ ਇਥੇ ਇਕ ਪਿੰਡ ਦੇ ਮੁੱਖ ਦੁਆਰ ਉਪਰ ਦਲਿਤਾਂ ਵਲੋਂ ‘ਦਿ ਗਰੇਟ ਚਮਾਰ’ ਦਾ ਹੋਰਡਿੰਗ ਲਗਾਉਣ ‘ਤੇ ਅਖੌਤੀ ਉਚ ਜਾਤਾਂ ਭੜਕ ਉੱਠੀਆਂ ਸਨ। ਵੋਟ ਸਿਆਸਤ ਦਾ ਵਿਅੰਗ ਦੇਖੋ: ਬ੍ਰਾਹਮਣ, ਠਾਕੁਰ ਆਪਣੀ ਮਰਜ਼ੀ ਨਾਲ ਡਾæ ਅੰਬੇਡਕਰ ਜਯੰਤੀ ਮਨਾਉਂਦੇ ਹਨ, ਪਰ ਡਾæ ਅੰਬੇਡਕਰ ਦੀ ਤਸਵੀਰ ਵਾਲੇ ਹੋਰਡਿੰਗ ਉਪਰ ‘ਦਿ ਗਰੇਟ ਚਮਾਰ’ ਲਿਖਣਾ ਉਨ੍ਹਾਂ ਨੂੰ ਗਵਾਰਾ ਨਹੀਂ।
20 ਅਪਰੈਲ ਨੂੰ ਸਥਾਨਕ ਭਾਜਪਾ ਸੰਸਦ ਮੈਂਬਰ ਰਾਘਵ ਲਖਨਪਾਲ ਦੀ ਅਗਵਾਈ ਹੇਠ ਸੜਕ ਦੂਧਲੀ ਅਤੇ ਹੋਰ ਪਿੰਡਾਂ ਵਿਚ ਧੱਕੇ ਨਾਲ ਅੰਬੇਡਕਰ ਜਯੰਤੀ ਮਾਰਚ ਕੱਢਣ ਦਾ ਦਲਿਤ ਸਮਾਜ ਵਲੋਂ ਵਿਰੋਧ ਕੀਤਾ ਗਿਆ। ਵਜ੍ਹਾ ਸਪਸ਼ਟ ਸੀ: ਉਨ੍ਹਾਂ ਵਲੋਂ ਹਰ ਸਾਲ ਵਾਂਗ 14 ਅਪਰੈਲ ਨੂੰ ਅੰਬੇਡਕਰ ਜਯੰਤੀ ਮਨਾਈ ਜਾ ਚੁੱਕੀ ਸੀ ਅਤੇ ਸੰਘ ਬ੍ਰਿਗੇਡ ਦੀ ਕਾਰਵਾਈ ਤਾਕਤ ਦੇ ਹੋਛੇ ਪ੍ਰਦਰਸ਼ਨ ਤੋਂ ਬਿਨਾ ਕੁਝ ਨਹੀਂ ਸੀ। ਵਿਰੋਧ ਦੇ ਮੱਦੇਨਜ਼ਰ ਪੁਲਿਸ ਵਲੋਂ ਖ਼ਾਸ ਇਲਾਕੇ ਵਿਚ ਸੋਭਾ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ‘ਤੇ ਸੰਘ ਬ੍ਰਿਗੇਡ ਵਲੋਂ ਧੱਕੇ ਨਾਲ ਮਾਰਚ ਕੱਢਿਆ ਗਿਆ ਅਤੇ ਸਥਾਨਕ ਸੰਸਦ ਮੈਂਬਰ ਦੀ ਅਗਵਾਈ ਹੇਠ ਭਗਵੇਂ ਗਰੋਹ ਨੇ ਐਸ਼ਐਸ਼ਪੀæ ਨੂੰ ਸਬਕ ਸਿਖਾਉਣ ਲਈ ਉਸ ਦੇ ਘਰ ਉਪਰ ਹਮਲਾ ਕਰ ਕੇ ਅੜਿੱਕਾ ਬਣਨ ਵਾਲੇ ਹੋਰ ਪੁਲਿਸ ਅਫਸਰਾਂ ਨੂੰ ਵੀ ਸੁਣਾਉਣੀ ਕਰ ਦਿੱਤੀ। ਫਿਰ 5 ਮਈ ਨੂੰ ਮਹਾਰਾਣਾ ਪ੍ਰਤਾਪ ਦੇ ਜਨਮ ਦਿਨ ਉਪਰ ਵੀ ਇਸੇ ਤਰ੍ਹਾਂ ਉਚ ਜਾਤੀ ਤਾਕਤ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਸ਼ਾਮਲ ਹੋਣ ਜਾ ਰਹੇ ਠਾਕੁਰ ਨੌਜਵਾਨਾਂ ਦਾ ਸ਼ਬੀਰਪੁਰ ਪਿੰਡ ਵਿਚ ਦਲਿਤਾਂ ਨਾਲ ਟਕਰਾਓ ਖੜ੍ਹਾ ਹੋ ਗਿਆ। ਦਲਿਤਾਂ ਨੇ ਇਤਰਾਜ਼ ਕੀਤਾ ਕਿ ਜਯੰਤੀ ਮਾਰਚ ਵਾਲੇ ਉਚੀ ਆਵਾਜ਼ ਵਿਚ ਸੰਗੀਤ ਵਜਾਉਂਦੇ ਹੋਏ ਉਨ੍ਹਾਂ ਦੇ ਮੁਹੱਲੇ ਵਿਚੋਂ ਨਾ ਗੁਜ਼ਰਨ। ਇਸ ਤੋਂ ਭੜਕੇ ਠਾਕੁਰਾਂ ਦੇ ਹਜੂਮ ਨੇ ਦਲਿਤਾਂ ਦੇ 55 ਘਰ ਅਤੇ ਬਹੁਤ ਸਾਰੇ ਵਾਹਨ ਅੱਗ ਲਗਾ ਕੇ ਸਾੜ ਦਿੱਤੇ। ਇਸ ਹਮਲੇ ਵਿਚ ਇਕ ਰਾਜਪੂਤ ਨੌਜਵਾਨ ਦੀ ਮੌਤ ਹੋ ਗਈ। ਸੰਘ ਬ੍ਰਿਗੇਡ ਅਤੇ ਅਖੌਤੀ ਉਚ ਜਾਤਾਂ ਦੀ ਧੌਂਸਬਾਜ਼ੀ ਦੇ ਇਸ ਪਿਛੋਕੜ ਵਿਚ ਦਲਿਤਾਂ ਦਾ ‘ਹਿੰਸਕ’ ਪ੍ਰਤੀਕਰਮ ਸਾਹਮਣੇ ਆਇਆ ਹੈ ਜਿਸ ਵਿਚ ਭੀਮ ਸੈਨਾ ਦੀ ਚਰਚਾ ਹੋ ਰਹੀ ਹੈ।
5 ਮਈ ਦੀ ਸਾੜ-ਫੂਕ ਖਿਲਾਫ 9 ਮਈ ਨੂੰ ਭੀਮ ਸੈਨਾ ਵਲੋਂ ਸਹਾਰਨਪੁਰ ਦੇ ਰਵਿਦਾਸ ਹੋਸਟਲ ਵਿਚ ਦਲਿਤ ਮਹਾਂਪੰਚਾਇਤ ਬੁਲਾਈ ਗਈ। ਉਨ੍ਹਾਂ ਮੁਤਾਬਕ ਸ਼ਬੀਰਪੁਰ ਹਿੰਸਾ ਦੇ ਪੀੜਤਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਨਿਆਂ ਵੀ ਨਹੀਂ ਦਿੱਤਾ ਜਾ ਰਿਹਾ। ਦਲਿਤਾਂ ਨੂੰ ਪੁਲਿਸ ਤਾਕਤ ਨਾਲ ਇਸ ਬਹਾਨੇ ਖਿੰਡਾ ਦਿੱਤਾ ਗਿਆ ਕਿ ਉਨ੍ਹਾਂ ਕੋਲ ਪ੍ਰਸ਼ਾਸਨਿਕ ਮਨਜ਼ੂਰੀ ਨਹੀਂ, ਪਰ ਦਲਿਤ ਹਜੂਮ ਖਿੰਡਣ ਦੀ ਬਜਾਏ ਗਾਂਧੀ ਪਾਰਕ ਵਿਚ ਮੁੜ ਜੁੜ ਗਿਆ। ਸੋਸ਼ਲ ਮੀਡੀਆ ‘ਤੇ ਖ਼ਬਰ ਫੈਲਣ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਵੀ ਲੋਕ ਪਹੁੰਚ ਗਏ ਅਤੇ ਉਨ੍ਹਾਂ ਨੇ ਭੰਨਤੋੜ ਕੀਤੀ। ਆਮ ਲੋਕਾਂ ਦੀ ਕੁੱਟਮਾਰ ਦੀਆਂ ਘਟਨਾਵਾਂ ਵੀ ਹੋਈਆਂ। ਇਹ ਅਖੌਤੀ ਉਚ ਜਾਤਾਂ ਦੀਆਂ ਮਨਮਾਨੀਆਂ ਅਤੇ ਸੰਘ ਬ੍ਰਿਗੇਡ ਦੀ ਉਚ ਜਾਤੀ ਧੌਂਸ ਅਤੇ ਉਨ੍ਹਾਂ ਦਾ ਸਾਥ ਦੇ ਰਹੇ ਪੁਲਿਸ-ਪ੍ਰਸ਼ਾਸਨ ਖਿਲਾਫ ਆਪਮੁਹਾਰਾ ਪ੍ਰਤੀਕਰਮ ਸੀ, ਪਰ ਮੁੱਖਧਾਰਾ ਮੀਡੀਆ ਆਦਤ ਅਨੁਸਾਰ ਮਾਮਲੇ ਨੂੰ ਸਨਸਨੀਖੇਜ਼ ਅਤੇ ਹਊਆ ਬਣਾ ਰਿਹਾ ਹੈ। ਐਸਾ ਮਾਹੌਲ ਬਣਾ ਕੇ ਵੱਡੀ ਤਾਦਾਦ ਵਿਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਰਾਜਕੀ ਦਹਿਸ਼ਤ ਨਾਲ ਦਲਿਤ ਲਾਮਬੰਦੀ ਨੂੰ ਕੁਚਲਣ ਦੇ ਯਤਨ ਕੀਤੇ ਗਏ।
ਇਹ ਉਹ ਮੀਡੀਆ ਹੈ ਜਿਸ ਨੂੰ ਪਿਛਲੇ ਤਿੰਨ ਸਾਲਾਂ ਵਿਚ ਯੋਗੀ ਅਦਿਤਿਆਨਾਥ ਦੀ ਹਿੰਦੂ ਯੁਵਾ ਵਾਹਨੀ, ਬਜਰੰਗ ਦਲ ਅਤੇ ਹੋਰ ਹਿੰਦੂਤਵੀ ਗਰੋਹਾਂ ਵਲੋਂ ਫੈਲਾਇਆ ਜਾ ਰਿਹਾ ਯੋਜਨਾਬਧ ਦਹਿਸ਼ਤਵਾਦ ਨਜ਼ਰ ਨਹੀਂ ਆਇਆ, ਪਰ ਭੀਮ ਸੈਨਾ ਪਿੱਛੇ ਸਾਜ਼ਿਸ਼ ਦਿਖਾਈ ਦੇ ਰਹੀ ਹੈ। ਮੀਡੀਆ ਦੇ ਇਕ ਹਿੱਸੇ ਨੇ ਤਾਂ ਇਥੋਂ ਤਕ ਲਿਖ ਦਿੱਤਾ ਹੈ ਕਿ ਭੀਮ ਸੈਨਾ ਵਲੋਂ ਪੂਰੇ ਸ਼ਹਿਰ ਨੂੰ ਅੱਗ ਲਗਾ ਕੇ ਸਾੜ ਦੇਣ ਦੀ ਸਾਜ਼ਿਸ਼ ਘੜੀ ਗਈ ਸੀ ਅਤੇ ਸੈਨਾ ਦੇ ਨਕਸਲੀ ਸਬੰਧਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ! ਦਰਅਸਲ, ਸੰਘ ਬ੍ਰਿਗੇਡ ਅਤੇ ਮੁੱਖਧਾਰਾ ਸਿਆਸਤ ਦੇ ਨਾਂ ਹੇਠ ਜਥੇਬੰਦ ਮੁਜਰਿਮ ਗਰੋਹਾਂ ਦੀ ਜੀ-ਹਜ਼ੂਰੀ ਕਰਨ ਵਾਲੇ ਪੁਲਿਸ-ਪ੍ਰਸ਼ਾਸਨ ਅਤੇ ਮੀਡੀਆ ਨੂੰ ਦਲਿਤਾਂ ਦੇ ਐਸੇ ਤਿੱਖੇ ਪ੍ਰਤੀਕਰਮ ਦੀ ਉਮੀਦ ਨਹੀਂ ਸੀ। ਇਨ੍ਹਾਂ ਨੂੰ ਦਲਿਤ ਸਮਾਜ ਵਲੋਂ ਕੀਤੀ ਭੰਨਤੋੜ ਬਹੁਤ ਚੁਭੀ ਹੈ, ਪਰ ਮੁਜ਼ੱਫ਼ਰ ਨਗਰ ਵਿਚ ਹਿੰਦੂਤਵੀ ਗਰੋਹਾਂ ਵਲੋਂ ਮਚਾਈ ਸਾੜਸਤੀ ਦੌਰਾਨ ਸੱਤ ਮੁਸਲਿਮ ਔਰਤਾਂ ਨਾਲ ਸਮੂਹਿਕ ਬਲਾਤਕਾਰ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ, ਦਾਦਰੀ ਵਿਚ ਗਊ ਮਾਸ ਦੇ ਬਹਾਨੇ ਮੁਹੰਮਦ ਅਖ਼ਲਾਕ ਦਾ ਕਤਲ, ਗਊ ਹੱਤਿਆ-ਲਵ ਜਹਾਦ-ਰਾਸ਼ਟਰਪ੍ਰੇਮ ਦੇ ਨਾਂ ਹੇਠ ਥੋਕ ਪੈਮਾਨੇ ‘ਤੇ ਦਹਿਸ਼ਤਗਰਦ ਜਹਾਦ ਉਨ੍ਹਾਂ ਲਈ ਫ਼ਿਕਰਮੰਦੀ ਦੇ ਸਵਾਲ ਕਦੇ ਨਹੀਂ ਬਣੇ। ਉਨ੍ਹਾਂ ਲਈ ਇਹ ਮਹਿਜ਼ ਘਟਨਾਵਾਂ ਹਨ।
ਇਹ ਟਕਰਾਅ ਵਧਾਉਣ ਵਿਚ ਬਸਪਾ, ਸਮਾਜਵਾਦੀ ਪਾਰਟੀ ਵਰਗੇ ਸਾਬਕਾ ਸੱਤਾਧਾਰੀ ਗੁੱਟਾਂ ਦੇ ਸੌੜੇ ਹਿਤ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ; ਭਵਿਖ ਵਿਚ ਵੀ ਇਹ ਅਜਿਹੀ ਭੂਮਿਕਾ ਨਿਭਾਉਣਗੇ, ਪਰ ਭੀਮ ਸੈਨਾ ਦੇ ਦਲਿਤ ਸਮਾਜ ਵਿਚ ਮਕਬੂਲ ਹੋਣ ਦੀ ਮੂਲ ਵਜ੍ਹਾ ਉਚ ਜਾਤੀ ਹੈਂਕੜਬਾਜ਼ਾਂ ਦੀਆਂ ਧੱਕੇਸ਼ਾਹੀਆਂ ਖਿਲਾਫ ਦਲਿਤ ਸਮਾਜ ਦੀ ਸਵੈਮਾਣ ਹੈ। ਆਉਣ ਵਾਲੇ ਦਿਨਾਂ ਵਿਚ ਇਹ ਟਕਰਾਓ ਤਿੱਖਾ ਹੋਣ ਦੇ ਹਾਲਾਤ ਬਣੇ ਹੋਏ ਹਨ। ਅਦਿਤਿਆਨਾਥ ਦੇ ਰਾਜ ਹੇਠ ਪੁਲਿਸ ਅਤੇ ਪ੍ਰਸ਼ਾਸਨ ਦਾ ਤੇਜ਼ੀ ਨਾਲ ਭਗਵਾਂਕਰਨ ਜੱਗ ਜ਼ਾਹਰ ਹਕੀਕਤ ਹੈ। ਇਹ ਹੈਰਾਨੀਜਨਕ ਨਹੀਂ, ਜੇ ਅੱਜ ਪੁਲਿਸ ਤੇ ਬਾਕੀ ਰਾਜ ਮਸ਼ੀਨਰੀ ਸੰਘ ਬ੍ਰਿਗੇਡ ਲਈ ਕੰਮ ਕਰ ਰਹੀ ਹੈ।
ਇਨ੍ਹਾਂ ਹਾਲਾਤ ਵਿਚ ਮੁਸਲਮਾਨਾਂ, ਪੱਛੜੀਆਂ ਸ਼੍ਰੇਣੀਆਂ ਅਤੇ ਦਲਿਤਾਂ ਉਪਰ ਹਿੰਦੂਤਵੀ ਅਤੇ ਉਚ ਜਾਤੀ ਧੱਕੇਸ਼ਾਹੀਆਂ ਹੋਰ ਵਧਣਗੀਆਂ। ਬੇਗਾਨਗੀ ਅਤੇ ਪੱਖਪਾਤ ਦੇ ਆਲਮ ਵਿਚ ਸਵੈਰਾਖੀ ਦਾ ਸਵਾਲ ਹੋਰ ਵੀ ਸ਼ਿੱਦਤ ਨਾਲ ਉਭਰੇਗਾ। ਪ੍ਰਤੀਕਰਮ ਵਜੋਂ ਦਬਾਏ ਜਾ ਰਹੇ ਇਹ ਹਿੱਸੇ ਜਥੇਬੰਦ ਵਿਰੋਧ ਦਾ ਰਾਹ ਵੀ ਅਖ਼ਤਿਆਰ ਕਰਨਗੇ, ਪਰ ਜੇ ਇਸ ਵਿਰੋਧ ਨੂੰ ਮੰਚ ਮੁਹੱਈਆ ਕਰਨ ਵਾਲੀਆਂ ਸੰਸਥਾਵਾਂ ਅਤੇ ਇਨ੍ਹਾਂ ਦੇ ਆਗੂ ਇਸ ਲੜਾਈ ਨੂੰ ਜਾਤ ਅਤੇ ਫਿਰਕੇ ਦੇ ਸੀਮਤ ਦਾਇਰਿਆਂ ਵਿਚ ਲੜਨ ਦਾ ਯਤਨ ਕਰਨਗੇ ਤਾਂ ਇਹ ਲੜਾਈ ਸੰਘ ਬ੍ਰਿਗੇਡ ਦੀ ਅਗਵਾਈ ਹੇਠ ਮਜ਼ਬੂਤ ਹੋ ਰਹੀਆਂ ਪਿਛਾਂਹਖਿੱਚੂ ਤਾਕਤਾਂ ਨੂੰ ਪ੍ਰਭਾਵਸ਼ਾਲੀ ਟੱਕਰ ਨਹੀਂ ਦੇ ਸਕੇਗੀ। ਇਸ ਦੇ ਉਲਟ ਇਸ ਦੇ ਤੰਗ ਦਾਇਰੇ ਵਾਲੇ ਜਾਤਪਾਤੀ ਟਕਰਾਓ ਵਿਚ ਉਲਝ ਕੇ ਰਹਿ ਜਾਣ ਦਾ ਖ਼ਤਰਾ ਮੌਜੂਦ ਹੈ। ਹੁਣ ਦੇਖਣਾ ਇਹ ਹੈ ਕਿ ਸੰਘਰਸ਼ ਨੂੰ ਅਗਵਾਈ ਦੇਣ ਵਾਲੇ ਇਨ੍ਹਾਂ ਪੇਚੀਦਗੀਆਂ ਨਾਲ ਕਿਵੇਂ ਨਜਿੱਠਦੇ ਹਨ।